ਰਿਪੁਦਮਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਰਾਜਾ ਰਿਪੁਦਮਨ ਸਿੰਘ (4 ਮਾਰਚ 1883 – 12 ਦਸੰਬਰ 1942),ਬਾਅਦ ਨੂੰ ਮਹਾਰਾਜਾ ਗੁਰਚਰਨ ਸਿੰਘ ਅਤੇ ਸਰਦਾਰ ਗੁਰਚਰਨ ਸਿੰਘ ਦੇ ਤੌਰ ’ਤੇ ਜਾਣੇ ਗਏ, 1911 ਤੋਂ 1923 ਤੱਕ ਨਾਭਾ ਦੇ ਮਹਾਰਾਜਾ ਰਹੇ। 1923 ਵਿੱਚ ਉਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੇ ਗੱਦੀ ਤੋਂ ਲਾਹ ਦਿੱਤਾ ਸੀ। ਬਾਅਦ ਵਿੱਚ ਉਹ ਇੱਕ ਸਿੱਖ ਇਨਕਲਾਬੀ ਬਣ ਗਏ।

ਮੁੱਢਲੀ ਜ਼ਿੰਦਗੀ[ਸੋਧੋ]

ਰਿਪੁਦਮਨ ਸਿੰਘ ਨਾਭਾ ਦਾ ਜਨਮ 4 ਮਾਰਚ ਨੂੰ 1883 ਨੂੰ ਹੋਇਆ ਸੀ। ਜਿਸ ਵੇਲੇ ਗੁਰਦਵਾਰਾ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ਼ੀ ਸਰਕਾਰ ਨੇ ਮਹੰਤਾਂ ਦਾ ਸਾਥ ਦਿੱਤਾ ਪਰ ਦੂਜੇ ਪਾਸੇ ਸਿੱਖ ਰਾਜਿਆਂ ਨੇ ਵੀ ਅਕਾਲੀਆਂ ਦਾ ਬਿਲਕੁਲ ਸਾਥ ਨਾ ਦਿੱਤਾ। ਸਿਰਫ਼ ਨਾਭਾ ਦੇ ਮਹਾਰਾਜੇ ਰਿਪੁਦਮਨ ਸਿੰਘ ਨੇ ਅਕਾਲੀ ਲਹਿਰ ਦੀ ਪੁਰਜ਼ੋਰ ਹਮਾਇਤ ਕੀਤੀ। ਜਦੋਂ ਨਨਕਾਣਾ ਸਾਹਿਬ ਕਤਲੇਆਮ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਰੋਸ ਦਿਨ ਮਨਾਉਣ ਹਿੱਤ ਕਾਲੀਆਂ ਦਸਤਾਰਾਂ ਸਜਾਉਣ ਦੀ ਅਪੀਲ ਜਾਰੀ ਕੀਤੀ ਤਾਂ ਮਹਾਰਾਜਾ ਨਾਭਾ ਨੇ ਤਾਂ ਆਪ ਵੀ ਕਾਲ਼ੀ ਦਸਤਾਰ ਸਜਾਈ ਅਤੇ ਨਨਕਾਣਾ ਸਾਹਿਬ ਸੰਬੰਧੀ ‘ਅਰਦਾਸ ਦਿਨ’ ਦੇ ਮੌਕੇ ’ਤੇ ਸਰਕਾਰੀ ਛੁੱਟੀ ਵੀ ਕੀਤੀ। ਅੰਗਰੇਜ਼ੀ ਸਰਕਾਰ ਨੂੰ ਇਸ ਨਾਲ ਬੜੀ ਤਕਲੀਫ਼ ਹੋਈ ਕਿਉਂਕਿ ਸਰਕਾਰ ਤਾਂ ਕਾਲ਼ੇ ਰੰਗ ਦੀਆਂ ਪੱਗਾਂ ਬੰਨ੍ਹਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦੇ ਰਹੀ ਸੀ। ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਸੰਬੰਧ ਅੰਗਰੇਜ਼ਾਂ ਨਾਲ ਬੜੇ ਡੂੰਘੇ ਸਨ। ਓਹਨੀਂ ਦਿਨੀਂ ਦੋਹਾਂ ਰਿਆਸਤਾਂ ਵਿਚ ਝਗੜੇ ਵਾਲੇ ਨੁਕਤਿਆਂ ਬਾਰੇ ਪੜਤਾਲ ਕਰਨ ਵਾਸਤੇ ਬਰਤਾਨਵੀ ਹਕੂਮਤ ਨੇ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੂੰ ਤਾਇਨਾਤ ਕੀਤਾ ਹੋਇਆ ਸੀ। ਇਸ ਜੱਜ ਨੇ ਚਾਰ ਮਹੀਨੇ (ਜਨਵਰੀ ਤੋਂ ਅਪਰੈਲ, 1923) ਪੜਤਾਲ ਕੀਤੀ ਅਤੇ ਜੂਨ ਦੇ ਪਹਿਲੇ ਹਫ਼ਤੇ ਅਪਣੀ ਰੀਪੋਰਟ ਗਵਰਨਰ ਜਨਰਲ ਕੋਲ ਪੇਸ਼ ਕਰ ਦਿਤੀ। ਮਗਰੋਂ ਸਰਕਾਰ ਦੇ ਸਿਆਸੀ ਏਜੰਟ ਕਰਨਲ ਮਿੰਚਨ ਨੇ ਇਸ ‘ਤੇ ਵਿਚਾਰ ਕਰਨ ਵਾਸਤੇ ਮਹਾਰਾਜਾ ਨਾਭਾ ਨੂੰ ਕਸੌਲੀ ਬੁਲਾਇਆ। ਦੋਵੇਂ ਜਣੇ 5 ਜੂਨ, 1923 ਦੇ ਦਿਨ ਕਸੌਲੀ ਵਿੱਚ ਮਿਲੇ। ਕਰਨਲ ਮਿੰਚਨ ਨੇ ਮਹਾਰਾਜਾ ਨਾਭਾ ਨੂੰ ਸਲਾਹ ਦਿਤੀ ਕਿ ਰੀਪੋਰਟ ਨੂੰ ਮੱਦੇਨਜ਼ਰ ਰਖਦਿਆਂ ਉਸ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਤਖ਼ਤ ਛੱਡ ਕੇ ਰਿਆਸਤ ਨੂੰ ਅਪਣੇ ਨਾਬਾਲਗ਼ ਪੁੱਤਰ ਦੇ ਹਵਾਲੇ ਕਰ ਦੇਵੇ। ਕਸੌਲੀ ਤੋਂ ਮੁੜਨ ਮਗਰੋਂ ਮਹਾਰਾਜਾ ਨਾਭਾ, ਤੇਜਾ ਸਿੰਘ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਨੂੰ ਮਿਲੇ ਅਤੇ ਸਾਰੀ ਹਾਲਤ ਦੱਸੀ। ਉਨ੍ਹਾਂ ਦੋਹਾਂ ਨੇ ਮਹਾਰਾਜੇ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਅਤੇ ਸ਼੍ਰੋਮਣੀ ਕਮੇਟੀ ਵਲੋਂ ਪੂਰੀ ਮਦਦ ਦਾ ਵਾਅਦਾ ਕੀਤਾ। ਪਰ ਕਰਨਲ ਮਿੰਚਨ ਬਹੁਤ ਚਾਲਾਕ ਸ਼ਖ਼ਸ ਸੀ। ਉਸ ਨੇ ਫਿਰ ਮਹਾਰਾਜੇ ਨੂੰ ਬੁਲਾ ਕੇ ਉਸ ਨਾਲ ਮੀਟਿੰਗ ਕੀਤੀ ਅਤੇ ਅਖ਼ੀਰ 7 ਜੁਲਾਈ, 1923 ਦੇ ਦਿਨ ਮਹਾਰਾਜੇ ਕੋਲੋਂ ਤਖ਼ਤ ਛੱਡਣ ਦੇ ਕਾਗ਼ਜ਼ ਉੱਤੇ ਦਸਤਖ਼ਤ ਕਰਵਾ ਲਏ। ਅਗਲੇ ਦਿਨ ਹੀ ਮਿੰਚਨ, ਅੰਗਰੇਜ਼ ਫ਼ੌਜਾਂ ਅਤੇ ਪੂਰਾ ਫ਼ੌਜੀ ਅਮਲਾ ਅਤੇ ਗੱਡੀਆਂ ਲੈ ਕੇ ਨਾਭੇ ਪਹੁੰਚ ਗਿਆ ਤੇ ਰਿਆਸਤ ਦਾ ਨਿਜ਼ਾਮ ਸੰਭਾਲ ਲਿਆ। ਮਹਾਰਾਜਾ ਰਿਪੁਦਮਨ ਸਿੰਘ ਨੂੰ ਦੇਹਰਾਦੂਨ ਭੇਜ ਦਿਤਾ ਗਿਆ। ਦੋਹਾਂ ਰਾਜਿਆਂ ਦੇ ਝਗੜੇ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਇੱਕ ਵਫ਼ਦ ਵੀ ਭੇਜਿਆ ਸੀ ਜਿਸ ਨੇ ਮਹਾਰਾਜਾ ਪਟਿਆਲਾ ਨਾਲ ਮੁਲਾਕਾਤ ਕੀਤੀ ਪਰ ਨਾਭਾ ਰਾਜੇ ਨੇ ‘ਬੀਮਾਰ’ ਹੋਣ ਕਾਰਨ ਮਿਲਣ ਤੋਂ ਇਨਕਾਰ ਕਰ ਦਿਤਾ।[1] ਇਸ ਦੀ ਖ਼ਬਰ 9 ਜੁਲਾਈ, 1923 ਦੇ ਦਿਨ ਅੰਮ੍ਰਿਤਸਰ ਪੁੱਜੀ ਸੀ।

ਹਵਾਲੇ[ਸੋਧੋ]

  1. ਹਫ਼ਤਾਵਾਰ ਅਖ਼ਬਾਰ ‘ਪੰਜਾਬ ਦਰਪਣ’, ਤਾਰੀਖ਼ 22-29 ਜੂਨ, 1923 ਮੁਤਾਬਕ