ਸੁੰਦਰੀ
ਲੇਖਕ | ਭਾਈ ਵੀਰ ਸਿੰਘ |
---|---|
ਮੂਲ ਸਿਰਲੇਖ | ਸੁੰਦਰੀ |
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਖਾਲਸਾ ਸਮਾਚਾਰ ਅੰਮ੍ਰਿਤਸਰ (1898) ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ (2003) |
ਮੀਡੀਆ ਕਿਸਮ | ਪ੍ਰਿੰਟ |
ਸੁੰਦਰੀ ਪੰਜਾਬੀ ਨਾਵਲਕਾਰ ਭਾਈ ਵੀਰ ਸਿੰਘ ਦਾ ਨਾਵਲ ਹੈ। ਇਹ ਪੰਜਾਬੀ ਭਾਸ਼ਾ ਦਾ ਪਹਿਲਾ ਮੌਲਿਕ ਨਾਵਲ ਹੈ ਜੋ 1898 ਈ.[1][2] ਵਿੱਚ ਪ੍ਰਕਾਸ਼ਿਤ ਹੋਇਆ। ਹਾਲਾਂਕਿ ਇਹ ਮਤ ਵੀ ਪ੍ਰਚੱਲਿਤ ਹੈ ਕਿ ਪੰਜਾਬੀ ਨਾਵਲਕਾਰੀ ਦੀ ਪਹਿਲੀ ਰਚਨਾ ਜਯੋਤਿਰੁਦਯ[3] ਹੈ। ਇਹ ਰਚਨਾ ਬੇਸ਼ੱਕ ਪੰਜਾਬੀ ਵਿੱਚ ਲਿਖੀ ਮਿਲਦੀ ਹੈ ਤੇ ਸੁੰਦਰੀ ਨਾਵਲ ਦੇ ਰਚਣ ਤੋਂ ਪਹਿਲਾਂ ਮਿਲਦੀ ਹੈ ਪਰ ਇਹ ਅਸਲ ਵਿੱਚ ਬੰਗਾਲੀ ਭਾਸ਼ਾ ਤੋਂ ਅਨੁਵਾਦਿਤ[4] ਪੰਜਾਬੀ ਨਾਵਲ ਹੈ। ਇਸ ਲਿਹਾਜ਼ ਨਾਲ ਸੁੰਦਰੀ ਨਾਵਲ ਨੂੰ ਹੀ ਪੰਜਾਬੀ ਦਾ ਪਹਿਲਾ ਨਾਵਲ ਸਵੀਕਾਰਿਆ ਜਾਂਦਾ ਹੈ। ਨਾਵਲ ਦੀ ਮੁੱਖ ਪਾਤਰ ਸੁੰਦਰੀ ਇੱਕ ਆਦਰਸ਼ਕ ਸਿੱਖ ਪਾਤਰ ਹੈ ਜੋ ਆਪਣਾ ਜੀਵਨ ਸਿੱਖ ਕੌਮ ਤੇ ਸੰਘਰਸ਼ ਨੂੰ ਸਮਰਪਿਤ ਕਰ ਦਿੰਦੀ ਹੈ। ਇਸ ਨਾਵਲ ਵਿੱਚ ਭਾਈ ਵੀਰ ਸਿੰਘ ਨੇ ਸਿੱਖ ਕੌਮ ਤੇ ਤਤਕਾਲੀ ਮੁਗ਼ਲ ਪ੍ਰਬੰਧ ਦਾ ਸੰਘਰਸ਼ ਦਿਖਾਇਆ ਹੈ। ਭਾਵ ਮੁਗ਼ਲ ਜਮਾਤ ਜ਼ਾਲਮ ਤੇ ਮੰਦੇ ਕਰਮ ਕਰਨ ਵਾਲੀ ਸੀ। ਉਹ ਗੈਰ-ਮੁਸਲਿਮ ਔਰਤਾਂ ਨੂੰ ਜ਼ਬਰਨ ਚੁੱਕ ਕੇ ਲੈ ਜਾਂਦੇ ਸਨ ਤੇ ਉਨ੍ਹਾਂ ਉੱਪਰ ਜ਼ੁਲਮ ਕਰਕੇ ਗੈਰ-ਮੁਸਲਿਮ ਲੋਕਾਂ ਵਿੱਚ ਆਪਣਾ ਡਰ ਸਥਾਪਿਤ ਕਰਦੇ ਸਨ। ਪਰ ਇਸ ਦੇ ਉਲਟ ਭਾਈ ਵੀਰ ਸਿੰਘ ਵਲੋਂ ਸਿੱਖ ਯੋਧਿਆਂ ਨੂੰ ਸਦਾਚਾਰੀ ਤੇ ਸਰਬ ਗੁਣ ਭਰਪੂਰ ਪੇਸ਼ ਕੀਤਾ ਹੈ। ਉਹ ਦਇਆਵਾਨ ਤੇ ਬਹਾਦਰ ਸਨ। ਜ਼ੁਲਮ ਨਾਲ ਟੱਕਰ ਲੈਂਦਿਆਂ ਉਹ ਕਿਸੇ ਵੀ ਪੱਖੋਂ ਪਿੱਛੇ ਨਹੀਂ ਸੀ ਹਟਦੇ। ਸੰਖਿਪਤ ਵਿਚ, ਇਸ ਨਾਵਲ ਵਿੱਚ ਸਿੱਖ ਆਦਰਸ਼ਵਾਦੀ ਸੁਭਾਅ ਨੂੰ ਪੇਸ਼ ਕੀਤਾ ਗਿਆ ਹੈ।
ਭਾਈ ਵੀਰ ਸਿੰਘ ਦੀ ਇਹੀ ਪੇਸ਼ਕਾਰੀ ਸਦਕਾ ਪੰਜਾਬੀ ਨਾਵਲ ਵਿੱਚ ਸਿੱਖ ਆਦਰਸ਼ਵਾਦ ਅਤੇ ਧਾਰਮਿਕ ਆਦਰਸ਼ਵਾਦ ਦੀ ਪ੍ਰਵਿਰਤੀ ਦਾ ਮੁੱਢ ਬੱਝਦਾ ਹੈ। ਇਹ ਨਾਵਲ ਇਤਿਹਾਸਕ ਨਾਵਲਾਂ ਦੀ ਸ਼੍ਰੇਣੀ ਵਿੱਚ ਵੀ ਆਉਂਦਾ ਹੈ। ਇਸ ਦਾ ਕਾਰਨ ਇਸ ਦੀ ਮੁੱਖ ਪਾਤਰ ਸੁੰਦਰੀ ਇੱਕ ਇਤਿਹਾਸਕ ਪਾਤਰ ਹੈ। ਅਹਿਮਦ ਸ਼ਾਹ ਦੁੱਰਾਨੀ ਦੇ ਹਮਲੇ ਵੇਲੇ ਉਹ ਮੀਰ ਮੰਨੂ ਵਲੋਂ ਦੁੱਰਾਨੀ ਖ਼ਿਲਾਫ਼ ਲੜੀ ਸੀ। ਇਹ ਨਾਵਲ ਪਹਿਲੀ ਵਾਰ 1898 ਵਿੱਚ ਖਾਲਸਾ ਸਮਾਚਾਰ ਅੰਮ੍ਰਿਤਸਰ ਵਲੋਂ ਛਪਿਆ ਤੇ 2003 ਵਿੱਚ ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ ਵਲੋਂ ਇਸ ਨੂੰ ਮੁੜ ਪ੍ਰਕਾਸ਼ਿਤ ਕੀਤਾ ਗਿਆ। ਪੰਜਾਬੀ ਨਾਟ-ਕਰਮੀ ਤੇ ਨਿਰਦੇਸ਼ਕ ਲੱਖਾ ਲਹਿਰੀ ਨੇ ਇਸ ਨਾਵਲ ਉੱਪਰ ਇਸੇ ਨਾਂ ਦਾ ਨਾਟਕ[5] ਤਿਆਰ ਕੀਤਾ ਹੈ।
ਨਾਵਲ ਦਾ ਪਲਾਟ
[ਸੋਧੋ]ਇਹ ਨਾਵਲ ਅਠਾਰਵ੍ਹੀਂ ਸਦੀ ਦੇ ਪੰਜਾਬੀ ਸਮਾਜ ਨੂੰ ਪੇਸ਼ ਕਰਦਾ ਹੈ। ਇਸ ਦੀ ਮੁੱਖ ਪਾਤਰ ਸੁੰਦਰੀ ਨਾਂ ਦੀ ਇੱਕ ਕੁੜੀ ਹੈ ਜੋ ਪੰਜਾਬੀ ਖੱਤਰੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਮੁਗ਼ਲ ਪ੍ਰਬੰਧ ਦਾ ਸਥਾਨਕ ਅਧਿਕਾਰੀ ਇੱਕ ਦਿਨ ਸ਼ਿਕਾਰ ਖੇਡਦਾ ਹੋਇਆ ਸੁੰਦਰੀ ਦੇ ਪਿੰਡ ਵਿਚੋਂ ਦੀ ਲੰਘਦਾ ਹੈ। ਸੁੰਦਰੀ ਦੇ ਸੁਹੱਪਣ ਨੂੰ ਦੇਖ ਉਸ ਦੀ ਅੱਖ ਮੈਲੀ ਹੋ ਜਾਂਦੀ ਹੈ। ਉਹ ਸੁੰਦਰੀ ਨੂੰ ਅਗਵਾ ਕਰ ਕੇ ਆਪਣੇ ਨਾਲ ਲੈ ਜਾਂਦਾ ਹੈ। ਸੁੰਦਰੀ ਆਪਣੇ ਆਪ ਨੂੰ ਛੁਡਾਉਣ ਦੀ ਕਾਫੀ ਕੋਸ਼ਿਸ਼ ਕਰਦੀ ਹੈ ਪਰ ਉਹ ਕਾਮਯਾਬ ਨਹੀਂ ਹੋ ਪਾਉਂਦੀ। ਇਤਫ਼ਾਕ ਨਾਲ ਉਸੇ ਸਮੇਂ ਉਸ ਦਾ ਵੱਡਾ ਭਰਾ ਬਲਵੰਤ ਸਿੰਘ ਉੱਥੇ ਪਹੁੰਚਦਾ ਹੈ। ਬਲਵੰਤ ਸਿੰਘ ਵਰ੍ਹਿਆਂ ਪਹਿਲਾਂ ਪਰਿਵਾਰ ਨਾਲ ਲੜ ਕੇ ਸਿੱਖ ਫੌਜ ਵਿੱਚ ਜਾ ਰਲਿਆ ਸੀ। ਪਿੰਡ ਪਹੁੰਚ ਕੇ ਉਸ ਨੂੰ ਪਰਿਵਾਰ ਤੇ ਸੁੰਦਰੀ ਨਾਲ ਵਾਪਰੇ ਹਾਦਸੇ ਦਾ ਪਤਾ ਚੱਲਦਾ ਹੈ।
ਸੁੰਦਰੀ ਚਲਾਕੀ ਨਾਲ ਕਿਸੇ ਤਰ੍ਹਾਂ ਮੁਗ਼ਲ ਸੈਨਿਕਾਂ ਦਾ ਧਿਆਨ ਭਟਕਾਉਣ ਵਿੱਚ ਸਫ਼ਲ ਹੋ ਜਾਂਦੀ ਹੈ ਤੇ ਬਲਵੰਤ ਸਿੰਘ ਆਪਣੇ ਸਾਥੀਆਂ ਨਾਲ ਰਲ਼ ਸੁੰਦਰੀ ਨੂੰ ਬਚਾ ਲੈਂਦਾ ਹੈ। ਪਿੰਡ ਪਹੁੰਚਦਿਆਂ ਹੀ ਸੁੰਦਰੀ ਦੇ ਮਾਤਾ-ਪਿਤਾ ਉਸ ਨੂੰ ਅਪਨਾਉਣ ਤੋਂ ਮਨਾਂ ਕਰ ਦਿੰਦੇ ਹਨ। ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਇਸ ਨਾਲ ਸਿੱਧੇ-ਸਿੱਧੇ ਮੁਗ਼ਲ ਹਾਕਮ ਦੇ ਗੁੱਸੇ ਦਾ ਸ਼ਿਕਾਰ ਬਣ ਜਾਣਗੇ। ਬਲਵੰਤ ਸਿੰਘ ਸੁੰਦਰੀ ਨੂੰ ਲੈ ਕੇ ਲਾਗਲੇ ਜੰਗਲ ਵਿੱਚ ਆਪਣੇ ਸਾਥੀਆਂ ਕੋਲ ਲੈ ਜਾਂਦਾ ਹੈ। ਮੁਗ਼ਲ ਹਾਕਮ ਤੇ ਉਸ ਦੇ ਸੈਨਿਕ ਮੌਕਾ ਦੇਖ ਕੇ ਜੱਥੇ 'ਤੇ ਹਮਲਾ ਕਰ ਦਿੰਦੇ ਹਨ। ਇੱਕ ਜ਼ਖ਼ਮੀ ਸਿੱਖ ਸਾਥੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਬਲਵੰਤ ਤੇ ਸੁੰਦਰੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੁਗ਼ਲ ਹਾਕਮ ਸੁੰਦਰੀ ਨਾਲ ਵਿਆਹ ਕਰਵਾਉਣ ਦੀ ਤਾਕ ਵਿੱਚ ਹੈ। ਉਹ ਬਲਵੰਤ ਨੂੰ ਇਸਲਾਮ ਕਬੂਲ ਕਰਨ ਦਾ ਲਾਲਚ ਦਿੰਦਾ ਹੈ ਤਾਂ ਜੋ ਉਹ ਉਸ ਦੀ ਜਾਨ ਬਖ਼ਸ਼ ਦੇਵੇ। ਇਨਕਾਰ ਕਰਨ 'ਤੇ ਉਹ ਬਲਵੰਤ ਨੂੰ ਤਸੀਹੇ ਵੀ ਦਿੰਦਾ ਹੈ। ਇਸਲਾਮ ਕਬੂਲ ਕਰਨ ਲਈ ਜਦੋਂ ਸੁੰਦਰੀ ਤੇ ਬਲਵੰਤ ਨੂੰ ਮਸੀਤ ਵਿੱਚ ਲਿਆਂਦਾ ਗਿਆ ਤੇ ਉੱਥੇ ਬਲਵੰਤ ਦਾ ਸਾਥੀ ਸਰਦਾਰ ਸ਼ਾਮ ਸਿੰਘ ਉਨ੍ਹਾਂ ਨੂੰ ਬਚਾ ਲੈਂਦਾ ਹੈ।
ਸਿੱਖ ਸਿਦਕ, ਜੋਸ਼ ਤੇ ਬਹਾਦਰੀ ਤੋਂ ਪ੍ਰਭਾਵਿਤ ਹੋ ਸੁੰਦਰੀ ਅੰਮ੍ਰਿਤ ਛਕ ਕੇ ਖ਼ਾਲਸਾ ਰੂਪ ਧਾਰਨ ਕਰ ਲੈਂਦੀ ਹੈ ਤੇ ਨਾਲ ਹੀ ਅਹਿਦ ਵੀ ਕਰਦੀ ਹੈ ਕਿ ਸਿੱਖ ਸੰਗਤ ਤੇ ਫੌਜ ਦੀ ਸੇਵਾ ਲਈ ਉਹ ਕਦੇ ਵੀ ਵਿਆਹ ਨਹੀਂ ਕਰਵਾਵੇਗੀ। ਸਿੱਖ ਫੌਜ ਵਾਂਗ ਉਹ ਵੀ ਜੰਗਲ-ਜੰਗਲ ਭਟਕਦੀ ਹੈ। ਲੰਗਰ ਦੀ ਸੇਵਾ ਕਰਦੀ ਹੈ ਤੇ ਬਿਮਾਰ-ਜ਼ਖ਼ਮੀਆਂ ਦਾ ਮਰਹਮ-ਪੱਟੀ ਵੀ ਕਰਦੀ ਹੈ। ਇੱਕ ਵਾਰ ਲੰਗਰ ਦੀ ਰਸਦ ਜੰਗਲ ਵਿੱਚ ਇਕੱਠਾ ਕਰਨ ਲੱਗਿਆਂ ਉਸ ਨੂੰ ਇੱਕ ਖੱਤਰੀ ਪਰਿਵਾਰ ਮਿਲਦਾ ਹੈ ਜਿਨ੍ਹਾਂ ਦੀ ਔਰਤ ਨੂੰ ਮੁਗ਼ਲਾਂ ਦੁਆਰਾ ਅਗਵਾ ਕਰ ਲਿਆ ਗਿਆ ਹੈ। ਸੁੰਦਰੀ ਇਹ ਖ਼ਬਰ ਜੱਥੇ ਨੂੰ ਦੱਸਦੀ ਹੈ। ਜੱਥਾ ਆਪਣੀ ਕੋਸ਼ਿਸ਼ ਨਾਲ ਉਸ ਖੱਤਰੀ ਔਰਤ ਨੂੰ ਬਚਾ ਕੇ ਲੈ ਆਉਂਦਾ ਹੈ। ਸਥਾਨਕ ਹਿੰਦੂ ਪੁਜਾਰੀ ਉਸ ਔਰਤ ਦਾ ਮੁਗ਼ਲਾਂ ਕੋਲੋਂ ਆਇਆਂ ਹੋਣ ਕਰਕੇ ਉਸ ਨੂੰ ਮੁੜ ਹਿੰਦੂ ਧਰਮ ਵਿੱਚ ਆਉਣ ਤੋਂ ਇਨਕਾਰ ਕਰ ਦਿੰਦੇ ਹਨ। ਇਸ ਤੋਂ ਬਾਅਦ ਉਹ ਦੰਪਤੀ ਸਿੱਖ ਧਰਮ ਧਾਰਨ ਕਰ ਲੈਂਦਾ ਹੈ ਤੇ ਉਨ੍ਹਾਂ ਦੇ ਨਾਂ ਧਰਮ ਸਿੰਘ ਤੇ ਧਰਮ ਕੌਰ ਰੱਖ ਦਿੱਤੇ ਜਾਂਦੇ ਹਨ।
ਇਕ ਵਾਰ ਪਿੰਡ ਆਉਂਦਿਆਂ ਸੁੰਦਰੀ ਰਾਹ ਵਿੱਚ ਇੱਕ ਜ਼ਖ਼ਮੀ ਪਿਆ ਮੁਗ਼ਲ ਸਿਪਾਹੀ ਦੇਖਦੀ ਹੈ। ਸੁੰਦਰੀ ਤੇ ਧਰਮ ਕੌਰ ਉਸ ਦੀ ਮਰਹਮ ਪੱਟੀ ਕਰਦੀਆਂ ਹਨ ਤੇ ਠੀਕ ਹੋ ਜਾਣ ਤੱਕ ਉਸ ਦਾ ਪੂਰਾ ਖਿਆਲ ਰੱਖਦੀਆਂ ਹਨ। ਇਹ ਮੁਗ਼ਲ ਸਿਪਾਹੀ ਨਾਵਲ ਦੇ ਸ਼ੁਰੂ ਵਿੱਚ ਸੁੰਦਰੀ ਨੂੰ ਚੁੱਕ ਲਿਜਾਣ ਵਾਲੇ ਹਾਕਮ ਦਾ ਅਰਦਲੀ ਸੀ। ਕੁਝ ਦਿਨਾਂ ਪਿੱਛੋਂ ਇੱਕ ਸਾਜਿਸ਼ ਦੇ ਤਹਿਤ ਸੁੰਦਰੀ ਨੂੰ ਮੁੜ ਅਗਵਾ ਕਰ ਲਿਆ ਜਾਂਦਾ ਹੈ। ਸੁੰਦਰੀ ਦੀ ਭਾਲ ਲਈ ਬਿਜਲਾ ਸਿੰਘ ਰਮਤੇ ਦੀ ਮਦਦ ਲਈ ਜਾਂਦੀ ਹੈ। ਉਹ ਸੂਫ਼ੀ ਫ਼ਕੀਰਾਂ ਦੇ ਭੇਸ ਵਿੱਚ ਫਿਰਨ ਵਾਲਾ ਇੱਕ ਸਿੱਖ ਜਾਸੂਸ ਸੀ। ਪੈਰਾਂ ਦੀ ਪੈੜ ਦਾ ਪਿੱਛਾ ਕਰਦਿਆਂ ਉਹ ਮੁਗ਼ਲ ਟਿਕਾਣੇ ਤੇ ਸੁੰਦਰੀ ਦਾ ਪਤਾ ਲੱਭ ਲੈਂਦਾ ਹੈ। ਬਿਜਲਾ ਸਿੰਘ ਦੇ ਦੱਸੇ ਰਸਤੇ ਨਾਲ ਬਲਵੰਤ ਤੇ ਉਸ ਦੇ ਸਾਥੀ ਸੁੰਦਰੀ ਨੂੰ ਭਾਲ ਲੈਂਦੇ ਹਨ। ਬਦਕਿਸਮਤੀ ਨਾਲ ਬੱਤਖਾਂ ਦੇ ਸ਼ਿਕਾਰ 'ਤੇ ਨਿਕਲਿਆ ਮੁਗ਼ਲ ਹਾਕਮ ਤੀਜੀ ਵਾਰ ਫਿਰ ਸੁੰਦਰੀ ਨੂੰ ਅਗਵਾ ਕਰ ਲੈਂਦਾ ਹੈ ਪਰ ਖ਼ਾਲਸਾ ਫੌਜ ਨੂੰ ਉਸ ਨੂੰ ਇੱਕ ਵਾਰ ਫਿਰ ਬਚਾ ਲੈਂਦੀ ਹੈ।
1752 ਈ. ਵਿੱਚ ਅਹਿਮਦ ਸ਼ਾਹ ਦੁੱਰਾਨੀ ਦੇ ਤੀਜੇ ਹਮਲੇ ਦੌਰਾਨ ਇੱਕ ਸਿੱਖ ਜੱਥਾ ਲਾਹੌਰ ਦੇ ਗਵਰਨਰ ਮੀਰ ਮੰਨੂ ਵਲੋਂ ਉਸ ਨਾਲ ਲੜਿਆ। ਕਰੀਬ ਤੀਹ ਹਜ਼ਾਰ ਦੀ ਗਿਣਤੀ ਵਾਲੇ ਇਸ ਜੱਥੇ ਵਿੱਚ ਸੁੰਦਰੀ ਵੀ ਸ਼ਾਮਿਲ ਸੀ। ਇਹ ਤੱਥ ਇਸ ਨਾਵਲ ਨੂੰ ਇਤਿਹਾਸਕ ਨਾਵਲ ਬਣਾ ਦਿੰਦਾ ਹੈ। ਆਪਣੇ ਘੋੜੇ ਦੇ ਜ਼ਖ਼ਮੀ ਹੋਣ ਕਾਰਨ ਉਹ ਧਰਮ ਸਿੰਘ, ਧਰਮ ਕੌਰ ਤੇ ਹੋਰ ਸਾਥੀਆਂ ਤੋਂ ਵਿਛੜ ਜਾਂਦੀ ਹੈ। ਰਾਹ ਵਿੱਚ ਇੱਕ ਜ਼ਖ਼ਮੀ ਮੁਗ਼ਲ ਸੈਨਿਕ ਦੀ ਮਰਹਮ ਪੱਟੀ ਕਰਨ ਲਈ ਉਹ ਘੋੜੇ ਤੋਂ ਉੱਤਰ ਜਾਂਦੀ ਹੈ। ਠੀਕ ਹੋਣ ਮਗਰੋਂ ਉਹ ਸਿਪਾਹੀ ਸੁੰਦਰੀ ਨੂੰ ਪਛਾਣ ਲੈਂਦਾ ਹੈ ਤੇ ਸੁੰਦਰੀ ਉੱਪਰ ਵਾਰ ਕਰਦਾ ਹੈ। ਸੁੰਦਰੀ ਜ਼ਖ਼ਮੀ ਹੋ ਜਾਂਦੀ ਹੈ। ਮੁਗ਼ਲ ਹਾਕਮ ਜੋ ਪਹਿਲਾਂ ਵੀ ਉਸ ਨੂੰ ਅਗਵਾ ਕਰਕੇ ਲਿਜਾ ਚੁੱਕਿਆ ਹੁੰਦਾ ਹੈ, ਉਹ ਜ਼ਖ਼ਮੀ ਹਾਲਤ ਵਿੱਚ ਸੁੰਦਰੀ ਨੂੰ ਦੇਖ ਲੈਂਦਾ ਹੈ। ਉਹ ਸੁੰਦਰੀ ਨੂੰ ਆਪਣੇ ਟਿਕਾਣੇ 'ਤੇ ਲੈ ਜਾਂਦਾ ਹੈ ਤੇ ਉਸ ਦੀ ਬਿਮਾਰਦਾਰੀ ਲਈ ਰਾਧਾ ਨਾਂ ਦੀ ਹਿੰਦੂ ਨੌਕਰਾਣੀ ਰੱਖ ਲੈਂਦਾ ਹੈ। ਇਹ ਰਾਧਾ ਅਸਲ ਵਿੱਚ ਧਰਮ ਕੌਰ ਹੀ ਹੈ। ਰਾਧਾ ਸੁੰਦਰੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸੁੰਦਰੀ ਦੇ ਜ਼ਖ਼ਮ ਕਿਸੇ ਸੂਰਤ-ਏ-ਹਾਲ ਵਿੱਚ ਠੀਕ ਹੋਣ 'ਤੇ ਨਹੀਂ ਆ ਰਹੇ ਹੁੰਦੇ। ਅਖੀਰ ਰਾਧਾ ਇੱਕ ਜੁਗਤ ਲੜਾ ਕੇ ਸੁੰਦਰੀ ਨੂੰ ਉੱਥੋਂ ਲੈ ਜਾਂਦੀ ਹੈ।
ਸੁੰਦਰੀ ਦਾ ਇੱਕ ਵਾਰ ਫਿਰ ਆਪਣੇ ਭਰਾ ਤੇ ਸਿੱਖ ਜੱਥੇ ਨਾਲ ਮੇਲ ਹੁੰਦਾ ਹੈ। ਪਰ ਹੁਣ ਉਸ ਦੀ ਸਿਹਤ ਹੋਰ ਸੰਘਰਸ਼ ਕਰਨ ਜੋਗੀ ਨਹੀਂ ਬਚੀ। ਆਪਣੀ ਮੌਤ ਨੂੰ ਨਜ਼ਦੀਕ ਖੜੀ ਮਹਿਸੂਸ ਕਰਕੇ ਉਹ ਤੁਰੰਤ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਵਾਉਣ ਨੂੰ ਕਹਿੰਦੀ ਹੈ। ਨਾਵਲ ਦੇ ਅੰਤ ਵਿੱਚ ਸੁੰਦਰੀ ਦੀ ਮੌਤ ਹੋ ਜਾਂਦੀ ਹੈ ਜਿਸ ਨਾਲ ਸਾਰੇ ਸਿੱਖਾਂ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ।
ਨਾਵਲ ਦੀ ਆਲੋਚਨਾ
[ਸੋਧੋ]ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਪਾਦਿਤ ਸਿੱਖ ਧਰਮ ਵਿਸ਼ਵਕੋਸ਼ (ਜਿਲਦ ਪਹਿਲੀ) ਵਿੱਚ ਇਸ ਨੂੰ ਇਤਿਹਾਸਕ ਰੁਮਾਂਸ ਦਾ ਨਾਵਲ[6] ਕਿਹਾ ਗਿਆ ਹੈ। ਇਸ ਦਾ ਤਰਕ ਇਹ ਪੇਸ਼ ਕੀਤਾ ਗਿਆ ਹੈ ਕਿ ਨਾਵਲ ਵਿੱਚ ਤਤਕਾਲੀ ਸਮਾਜ ਦਾ ਜਿਹੜਾ ਵਰਨਣ ਕੀਤਾ ਗਿਆ ਹੈ, ਉਹ ਯਥਾਰਥਕ ਤਾਂ ਹੈ ਹੀ ਪਰ ਨਾਲ ਹੀ ਸੰਵੇਦਨਸ਼ੀਲ ਤੇ ਡੂੰਘੀ ਕਲਪਨਾ ਵਾਲਾ ਵੀ ਹੈ। ਇਸ ਦਾ ਦੂਜਾ ਤਰਕ ਮੁੱਖ ਪਾਤਰ ਤੇ ਸਹਾਇਕ ਪਾਤਰਾਂ (ਸਿਰਫ਼ ਸਿੱਖ) ਦਾ ਆਦਰਸ਼ਕ ਹੋਣਾ ਹੈ। ਭਾਵ ਉਹ ਕਿਸੇ ਵੀ ਮੁਸੀਬਤ ਜਾਂ ਔਂਕੜ ਸਮੇਂ ਆਪਣੇ ਸਿਧਾਂਤਾਂ ਨੂੰ ਨਹੀਂ ਭੁੱਲਦੇ ਅਤੇ ਉਨ੍ਹਾਂ ਉੱਪਰ ਅਡੋਲ ਰਹਿੰਦੇ ਹਨ। ਜਿਸ ਤਰ੍ਹਾਂ ਇਸ ਨਾਵਲ ਵਿੱਚ ਸੁੰਦਰੀ ਤੇ ਬਲਵੰਤ ਸਿੰਘ ਨੇ ਜਾਨ ਬਚਾਉਣ ਲਈ ਆਪਣਾ ਧਰਮ ਨਹੀਂ ਛੱਡਿਆ ਤੇ ਉਨ੍ਹਾਂ ਆਪਣੇ ਨਿਜੀ ਭਾਵਾਂ ਦੀ ਕੁਰਬਾਨੀ ਕਰਕੇ ਕੌਮ ਦੇ ਫ਼ਿਕਰ ਨੂੰ ਤਰਜੀਹ ਦਿੱਤੀ। ਨਾਵਲ ਵਿੱਚ ਮੌਕਾ ਮੇਲ ਦੀ ਜੁਗਤ ਬਹੁਤ ਵਾਰ ਵਰਤੀ ਗਈ ਹੈ। ਜਿਸ ਤਰ੍ਹਾਂ ਹਰ ਵਾਰ ਸੁੰਦਰੀ ਦਾ ਕਿਸੇ ਤਰ੍ਹਾਂ ਮੁਗ਼ਲਾਂ ਹੱਥ ਆ ਜਾਣਾ ਤੇ ਹਰ ਵਾਰ ਉਸ ਨੂੰ ਸਿੱਖ ਭਰਾਵਾਂ ਦੁਆਰਾ ਬਚਾ ਲਿਆ ਜਾਣਾ। ਸੰਖਿਪਤ ਵਿਚ, ਇਹ ਨਾਵਲ ਰਾਹੀਂ ਭਾਈ ਵੀਰ ਸਿੰਘ ਆਪਣੇ ਆਦਰਸ਼ਵਾਦੀ ਸੁਭਾਅ ਵਾਲੇ ਨਾਵਲੀ ਸੰਸਾਰ ਦੀ ਸ਼ੁਰੂਆਤ ਕਰਦਾ ਹੈ ਜੋ ਉਸ ਦੇ ਅਗਲੇ ਨਾਵਲਾਂ ਵਿੱਚ ਵੀ ਜਾਰੀ ਰਹਿੰਦੀ ਹੈ।
ਨਾਵਲ ਨਾਲ ਸੰਬੰਧਿਤ ਖੋਜ ਸਮੱਗਰੀ
[ਸੋਧੋ]- ਬੱਲ, ਗੁਰਪ੍ਰੀਤ (2003), 'ਅ 19th ਸੈਂਚਰੀ ਵੂਮਨ ਪੋਇਟ ਆਫ ਪੰਜਾਬ : ਪੀਰੋ' (‘A 19th Century Woman Poet of Punjab: Peero’), ਇੰਡੀਅਨ ਜਰਨਲ ਆਫ ਜੈਂਡਰ ਸਟਡੀਜ਼, ਪੰਨਾ 183-200
- ਚੈਟਰਜੀ, ਪ੍ਰਥਾ (1993), ਦ ਨੇਸ਼ਨ ਐਂਡ ਇਟਸ ਫਰੈਗਮੈਂਟਸ : ਕਲੋਨੀਅਲ ਐਂਡ ਪੋਸਟ ਕਲੋਨੀਅਲ ਹਿਸਟਰੀਜ਼ (The Nation and Its Fragments: Colonial and Post Colonial Histories), ਪ੍ਰਿੰਸਟਨ ਯੂਨੀਵਰਸਿਟੀ, ਪ੍ਰਿੰਸਟਨ
- ਜੈਕੋਬਸ਼, ਡੋਸਰਿਸ ਆਰ (2003), ਰਿਲੋਕੇਟਿੰਗ ਜੈਂਡਰ ਇਨ ਸਿੱਖ ਹਿਸਟਰੀ : ਟਰਾਂਸਫਾਰਮੇਸ਼ਨ, ਮੀਨਿੰਗ ਐਂਡ ਆਈਡੈਂਟਿਟੀ (Relocating Gender in Sikh History: Transformation,Meaning and Identity, ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ
- ਜੱਜ, ਪਰਮਜੀਤ (2005), ਰਿਲੀਜਨ, ਆਈਡੈਂਟਿਟੀ ਐਂਡ ਨੈਸ਼ਨਹੁੱਡ (Religion, Identity and Nationhood), ਰਾਵਤ ਪਬਲੀਕੇਸ਼ਨਜ਼, ਜੈਪੁਰ
- ਕੌਰ, ਕੰਵਲਜੀਤ (1994), ਮੁੱਢਲੇ ਪੰਜਾਬੀ ਨਾਵਲ ਦਾ ਰਾਜਨੀਤਕ ਅਵਚੇਤਨ (ਪੀਐਚ.ਡੀ. ਖੋਜ ਪ੍ਰਬੰਧ), ਗੁਰੂ ਨਾਨਕ ਦੇਵ ਯੂਨੀਵਰਸਿਟੀ
- ਖਾਹਰਾ, ਐਸ.ਐਸ. (1999), ਪੰਜਾਬੀ ਦਾ ਪ੍ਰਥਮ ਨਾਵਲ : ਸੁੰਦਰੀ, ਖੋਜ ਦਰਪਣ, ਸਾਲ 22 ਅੰਕ 2, ਪੰਨਾ 25-46
- ਮਲਹੋਤਰਾ, ਅੰਸ਼ੂ (2002), ਜੈਂਡਰ, ਕਾਸਟ ਐਂਡ ਰਿਲੀਜੀਅਸ ਆਈਡੈਂਟਿਟੀ : ਰਿਸਟਕਰਚਰਿੰਡ ਕਲਾਸ ਇਨ ਕਲੋਨੀਅਲ ਪੰਜਾਬ (Gender, Caste, and Religious Identities: Restructuring Class in Colonial Punjab), ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ
- ਮੈਕਲਾਡ, ਡਬਲਿਊ.ਐਚ. (1995), ਹਿਸਟੋਰੀਕਲ ਡਿਕਸ਼ਨਰੀ ਆਫ ਸਿੱਖਿਜ਼ਮ (Historical Dictionary of Sikhism), ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ
- ਓਬਰਾਇ, ਹਰਜੋਤ, ਦ ਕਸਟਰੰਕਸ਼ਨ ਆਫ ਰਿਲੀਜੀਅਸ ਬਾਊਂਡਰੀਜ਼ : ਆਈਡੈਂਟਿਟੀ ਐਂਡ ਡਾਇਵਰਸਿਟੀਜ਼ ਇਨ ਦ ਸਿੱਖ ਟਰੇਡੀਸ਼ਨ (The Construction of Religious Boundaries: Identity and Diversity in the Sikh Tradition), ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ
- ਸਿੰਘ, ਭਗਤ, ਸਿੱਖ ਪੋਲਿਟੀ ਇਨ ਦ 18th ਐਂਡ 19th ਸੈਂਚਰੀਜ਼ (Sikh Polity in the 18th and 19th Centuries), ਓਰੀਅੰਟਲ ਪਬਲੀਸ਼ਰਸ ਐਂਡ ਡਿਸਟ੍ਰਿਬਿਊਟਰਸ, ਨਵੀਂ ਦਿੱਲੀ
- ਸਿੰਘ, ਪਸ਼ੌਰਾ (2004), ਸਿੱਖ ਆਈਡੈਂਟਟੀ ਇਨ ਦ ਲਾਈਟ ਆਫ ਹਿਸਟਰੀ (Sikh Identity in the Light of History: A Dynamic Perspective), ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ, ਪੰਨਾ. 77-110
- ਸੇਖੋਂ, ਸੰਤ ਸਿੰਘ (1972), ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ, ਲਾਹੌਰ ਬੁੱਕ ਸ਼ਾਪ, ਲੁਧਿਆਣਾ
- ਸਿੰਘ, ਹਰਬੰਸ (ਸੰਪਾ.) (1998), ਦ ਇਨਸਾਈਕਲੋਪੀਡਿਆ ਆਫ ਸਿੱਖਿਜ਼ਮ (The Encyclopedia of Sikhism), ਵੋਲਿਅਮ 4, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 428-32
- ਸਿੰਘ, ਖੁਸ਼ਵੰਤ (1977), ਅ ਹਿਸਟਰੀ ਆਫ ਸਿਖਜ਼ : 1469-1839 (A History of the Sikhs: 1469-1839), ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ, ਵੋਲਿਅਮ 1, ਪੰਨਾ 120-30
ਹਵਾਲੇ
[ਸੋਧੋ]- ↑ "ਸੁੰਦਰੀ - ਪੰਜਾਬੀ ਪੀਡੀਆ". punjabipedia.org. Retrieved 2021-06-30.
- ↑ Service, Tribune News. "ਭਾਈ ਵੀਰ ਸਿੰਘ". Tribuneindia News Service. Archived from the original on 2021-07-09. Retrieved 2021-07-01.
- ↑ Service, Tribune News. "ਪੰਜਾਬੀ ਦੇ ਮੁੱਢਲੇ ਨਾਵਲ ਦਾ 135 ਵਰ੍ਹਿਆਂ ਬਾਅਦ ਪ੍ਰਕਾਸ਼ਨ". Tribuneindia News Service. Archived from the original on 2021-08-20. Retrieved 2021-08-20.
- ↑ "Construction of Gender and Religious Identities in the First Punjabi Novel Sundari". Economic and Political Weekly (in ਅੰਗਰੇਜ਼ੀ): 7–8. 2015-06-05.
- ↑ Service, Tribune News. "ਭਾਈ ਵੀਰ ਸਿੰਘ ਕ੍ਰਿਤ 'ਸੁੰਦਰੀ' ਦਾ ਸਫ਼ਲ ਮੰਚਨ". Tribuneindia News Service. Archived from the original on 2021-07-09. Retrieved 2021-07-01.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.