ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/16 ਨਵੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰਤਾਰ ਸਿੰਘ ਸਰਾਭਾ (24 ਮਈ 1896 – 16 ਨਵੰਬਰ 1915) ਭਾਰਤ ਦੇ ਇੱਕ ਉੱਘੇ ਅਜ਼ਾਦੀ ਘੁਲਾਟੀਏ ਅਤੇ ਇਨਕਲਾਬੀ ਸਨ। ਉਹ ਗ਼ਦਰ ਪਾਰਟੀ ਦੇ ਸਰਗਰਮ ਕਾਰਕੁੰਨ ਸਨ। ਉਸ ਨੇ ਬਰਕਲੇ ਯੂਨੀਵਰਸਿਟੀ ਵਿੱਚਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਸ ਸਮੇਂ ਅਮਰੀਕਾ ਤੇ ਕੈਨੇਡਾ ਵਿੱਚ ਚੋਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖ਼ਾਸ ਕਰਕੇ ਸਿੱਖ ਪਹੁੰਚ ਚੁੱਕੇ ਸਨ। ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ। ਦੇਸ਼ ਵਿੱਚ ਭਾਰਤੀਆਂ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਉਸ ਦੀ ਰੂਹ ਕੁਰਲਾ ਉੱਠੀ ਤੇ ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਲੈਣ ਲੱਗਾ। ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੇ 1913 ਈ. ਵਿੱਚ ਗ਼ਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਇਸ ਪਾਰਟੀ ਵਿੱਚ ਬਹੁਤ ਜਲਦੀ ਹਰਮਨ-ਪਿਆਰਾ ਹੋ ਗਿਆ। ਇਸ ਪਾਰਟੀ ਦਾ ਕੇਂਦਰ ਸਾਨਫਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ-ਹਿੱਤ (ਉਰਦੂ ਤੇ ਪੰਜਾਬੀ) ਗ਼ਦਰ ਨਾਂਅ ਹੇਠ ਹਫ਼ਤਾਵਾਰ ਅਖ਼ਬਾਰ ਕੱਢਿਆ। ਇਸ ਅਖ਼ਬਾਰ ਨੂੰ ਲਿਖਣ ਤੇ ਪ੍ਰਕਾਸ਼ਤ ਕਰਨ ਲਈ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਬਰ ਦਿਆਲ ਗੁਪਤਾ ਸਨ। ਸਰਾਭਾ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਗ਼ਦਰ ਪਾਰਟੀ ਨੇ ਕੈਲੀਫ਼ੋਰਨੀਆ ਵਿੱਚ ਇੱਕ ਮੀਟਿੰਗ ਕਰਕੇ ਉਸ ਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ। ਅਖੀਰ ਉਹ ਬਰਤਾਨਵੀ ਹਕੂਮਤ ਦੇ ਕਾਬੂ ਆ ਗਏ ਅਤੇ 16 ਨਵੰਬਰ 1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਛੇ ਹੋਰ ਸਾਥੀਆਂ ਫ਼ਾਂਸੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ।