ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/31 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਿੰਦ ਮਹਾਂਸਾਗਰ
ਹਿੰਦ ਮਹਾਂਸਾਗਰ

ਹਿੰਦ ਮਹਾਂਸਾਗਰ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਮੁੰਦਰੀ-ਖੰਡ (ਮਹਾਂਸਾਗਰ) ਹੈ ਜਿਸ ਵਿੱਚ ਧਰਤੀ ਦੇ ਤਲ ਉਤਲੇ ਪਾਣੀ ਦਾ 20% ਹਿੱਸਾ ਮੌਜੂਦ ਹੈ। ਇਸਦੀਆਂ ਹੱਦਾਂ ਉੱਤਰ ਵੱਲ ਏਸ਼ੀਆ— ਭਾਰਤ ਸਮੇਤ, ਜਿੱਥੋਂ ਇਸਦਾ ਨਾਮ ਆਇਆ ਹੈ ਨਾਲ, ਪੱਛਮ ਵੱਲ ਅਫ਼ਰੀਕਾ ਨਾਲ, ਪੂਰਬ ਵੱਲ ਆਸਟ੍ਰੇਲੀਆ ਨਾਲ ਅਤੇ ਦੱਖਣ ਵੱਲ ਦੱਖਣੀ ਮਹਾਂਸਾਗਰ (ਜਾਂ, ਪਰਿਭਾਸ਼ਾ ਮੁਤਾਬਕ, ਅੰਟਾਰਕਟਿਕਾ) ਨਾਲ ਲੱਗਦੀਆਂ ਹਨ। ਜਗਤ ਮਹਾਂਸਾਗਰ ਦੇ ਇੱਕ ਅੰਗ ਵਜੋਂ, ਹਿੰਦ ਮਹਾਂਸਾਗਰ ਨੂੰ ਅੰਧ ਮਹਾਂਸਾਗਰ ਨਾਲੋਂ 20° ਪੂਰਬ ਦੁਪਹਿਰ-ਰੇਖਾ, ਜੋ ਅਗੁਲਹਾਸ ਅੰਤਰੀਪ ਤੋਂ ਦੱਖਣ ਵੱਲ ਨੂੰ ਜਾਂਦੀ ਹੈ, ਅਤੇ ਪ੍ਰਸ਼ਾਂਤ ਮਹਾਂਸਾਗਰ ਨਾਲੋਂ 146°55' ਪੂਰਬ ਦੁਪਹਿਰ-ਰੇਖਾ ਦੀ ਮੱਦਦ ਨਾਲ ਰੇਖਾਂਕਤ ਕੀਤਾ ਗਿਆ ਹੈ। ਇਸਦੀ ਸਭ ਤੋਂ ਉੱਤਰੀ ਪਹੁੰਚ ਫ਼ਾਰਸੀ ਖਾੜੀ ਵਿੱਚ ਤਕਰੀਬਨ ੩੦° ਉੱਤਰ ਅਕਸ਼ਾਂਸ਼ ਤੱਕ ਹੈ। ਅਫ਼ਰੀਕਾ ਅਤੇ ਆਸਟ੍ਰੇਲੀਆ ਦੀਆਂ ਸਭ ਤੋਂ ਹੇਠਲੀਆਂ ਨੋਕਾਂ ਵਿਚਕਾਰ ਇਸ ਮਹਾਂਸਾਗਰ ਦੀ ਚੌੜਾਈ ਲਗਭਗ 10,000 ਕਿ.ਮੀ. ਹੈ ਅਤੇ ਇਸਦਾ ਖੇਤਰਫਲ ਫ਼ਾਰਸੀ ਖਾੜੀ ਅਤੇ ਲਾਲ ਸਾਗਰ ਸਮੇਤ 73,556,000 ਵਰਗ ਕਿ.ਮੀ. ਹੈ। ਅੰਦਾਜ਼ੇ ਮੁਤਾਬਕ ਇਸਦਾ ਘਣ-ਫ਼ਲ 292,131,000 ਘਣ ਕਿ.ਮੀ. ਮੰਨਿਆ ਜਾਂਦਾ ਹੈ। ਮਹਾਂਦੀਪੀ ਕਿਨਾਰਿਆਂ 'ਤੇ ਬਹੁਤ ਸਾਰੇ ਟਾਪੂ ਜੜੇ ਹੋਏ ਹਨ। ਇਸ ਮਹਾਂਸਾਗਰ ਵਿਚਲੇ ਟਾਪੂਨੁਮਾ ਦੇਸ਼ ਹਨ: ਮੈਡਾਗਾਸਕਰ (ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਟਾਪੂ), ਕਾਮਾਰੋਸ, ਸੇਸ਼ੈੱਲ, ਮਾਲਦੀਵ, ਮਾਰੀਸ਼ਸ ਅਤੇ ਸ੍ਰੀਲੰਕਾਇੰਡੋਨੇਸ਼ੀਆ ਦਾ ਟਾਪੂ-ਸਮੂਹ ਇਸਦੀਆਂ ਪੂਰਬੀ ਸਰਹੱਦਾ ਨੂੰ ਛੋਂਹਦਾ ਹੈ।