ਵਿਕੀਪੀਡੀਆ:ਚੁਣਿਆ ਹੋਇਆ ਲੇਖ/5 ਮਈ
ਕਾਰਲ ਮਾਰਕਸ (5 ਮਈ, 1818 – 14 ਮਾਰਚ, 1883) ਇੱਕ ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਸਟ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਕਾਰਲ ਮਾਰਕਸ ਦਾ ਜਨਮ ਟਰਾਏਰ ਨਾਂ ਦੇ ਸ਼ਹਿਰ ਵਿੱਚ ਹੋਇਆ ਜੋ ਕਿ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ। ਮਾਰਕਸ ਦਾ ਖ਼ਾਨਦਾਨ ਯਹੂਦੀ ਸੀ ਜਿਸ ਨੇ ਉਸ ਵਕਤ ਦੇ ਯਹੂਦੀਆਂ ਖ਼ਿਲਾਫ਼ ਕਾਨੂੰਨਾਂ ਕਰ ਕੇ ਇਸਾਈਅਤ ਕਬੂਲ ਕਰ ਲਈ ਸੀ। ਕਾਰਲ ਮਾਰਕਸ ਦੇ ਬਚਪਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ। 1819 ਵਿੱਚ ਉਸਦੇ ਵੱਡੇ ਭਾਈ ਮੋਰਿਜ਼ ਦੀ ਮੌਤ ਹੋ ਗਈ ਅਤੇ ਉਹ ਹੁਣ ਸਭ ਤੋਂ ਵੱਡਾ ਪੁੱਤਰ ਬਣ ਗਿਆ। ਮਾਰਕਸ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਉਸ ਨੇ ਕਾਨੂੰਨ ਦੀ ਪੜ੍ਹਾਈ ਬਾਨ ਅਤੇ ਬਰਲਿਨ ਨਾਂ ਦੇ ਸ਼ਹਿਰਾਂ ਵਿੱਚ ਕੀਤੀ। ਆਪਾਣੀ ਪੜ੍ਹਾਈ ਪੂਰੀ ਕਰਨ ਲਈ ਮਾਰਕਸ ਨੇ ਇੱਕ ਥੀਸਿਸ ਲਿਖੀ ਜਿਸ ਵਿੱਚ ਉਸ ਨੇ ਡੈਮੋਕ੍ਰੀਤਸ ਅਤੇ ਐਪੀਕੀਉਰਸ ਨਾਂ ਦੇ ਯੂਨਾਨੀ ਦਾਰਸ਼ਨਿਕਾਂ ਦੇ ਫ਼ਲਸਫ਼ਿਆਂ ਦੀ ਆਪਸ ਵਿੱਚ ਤੁਲਨਾ ਕੀਤੀ। 1841 ਵਿੱਚ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਮਾਰਕਸ ਕਿਸੇ ਯੂਨਿਵਰਸਿਟੀ ਵਿੱਚ ਨੌਕਰੀ ਦੀ ਤਲਾਸ਼ ਵਿੱਚ ਸਨ। ਪਰ ਕਿਉਂਕਿ ਉਹ ਇਸ ਵਕਤ ਤਕ ਉਹ ਕਈ ਇਨਕਲਾਬੀ ਵਿਚਾਰਾਂ ਵਾਲੇ ਚਿੰਤਕਾਂ ਦੀ ਟੋਲੀਆਂ ਵਿੱਚ ਸ਼ਾਮਿਲ ਹੋ ਚੁੱਕੇ ਸਨ, ਕਿਸੀ ਵੀ ਯੂਨਿਵਰਸਿਟੀ ਵਿੱਚ ਨੌਕਰੀ ਹਾਸਿਲ ਕਰਨਾ ਹੁਣ ਦੂਰ ਦੀ ਗੱਲ ਬਣ ਚੁੱਕਾ ਸੀ