ਸਮੱਗਰੀ 'ਤੇ ਜਾਓ

ਧੁਨੀ ਸੰਪਰਦਾਇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਧੁਨੀ ਸੰਪਰਦਾਇ ( ਸੋਧ) ਤੋਂ ਮੋੜਿਆ ਗਿਆ)

'ਧੁਨੀ ਸੰਪਰਦਾਇ[1] ਧੁਨੀ ਸਿਧਾਂਤ ਦੇ ਮੋਢੀ ਆਚਾਰੀਆ ਆਨੰਦ ਵਰਧਨ ਹਨ। ਉਹਨਾਂ ਦੁਆਰਾ ਲਿਖੇ ਗ੍ਰੰਥ ‘ਧਵਨਯਲੋਕ’ ਨਾਲ ਇਸ ਸੰਪਰਦਾਇ ਦੀ ਸਥਾਪਨਾ ਹੋਈ ਮੰਨੀ ਜਾਂਦੀ ਹੈ ਜੋ ਕਿ 9ਵੀਂ ਸਦੀ ਵਿੱਚ ਲਿਖਿਆ ਗਿਆ। ਇਸ ਸੰਪਰਦਾਇ ਬਾਰੇ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ।ਭਾਰਤੀ ਸੀਮਿਖਿਆ ਵਿੱਚ ਛੇ ਕਾਵਿ ਸਿਧਾਂਤਾਂ ਦੀ ਸਥਾਪਨਾ ਕੀਤੀ ਗਈ ਹੈ। ਇਹਨਾਂ ਸਿਧਾਂਤਾਂ ਨੂੰ ਸ੍ਰੰਪਰਦਾਇ, ਵਿਚਾਰਧਾਰਾ ਜਾਂ ਸਕੂਲ ਕਿਹਾ ਜਾਂਦਾ ਹੈ, ਕਿਉੰਕਿ ਇਹਨਾਂ ਵਿੱਚ ਇੱਕ ਤੋਂ ਵੱਧ ਸਮੀਖਿਆਕਾਰ ਇਹਨਾਂ ਸਿਧਾਂਤਾਂ ਦੇ ਸਮਰਥਕ ਹਨ। ਇਸ ਲਈ ਇਹਨਾਂ ਸਮੀਖਿਆਕਾਰਾਂ ਦੇ ਵਰਗ ਨੂੰ ਸ੍ਰੰਪਰਦਾਇ ਕਿਹਾ ਜਾਂਦਾ ਹੈ। ਇਹ ਛੇ ਸਿਧਾਂਤ ਹਨ:-

ਕਾਵਿ ਦੀ ਆਤਮਾ ਧੁਨੀ:ਧੁਨੀਕਾਰ ਨੇ ਧੁਨੀ ਨੂੰ ਹੀ ਕਾਵਿ ਦੀ ਆਤਮਾ ਕਿਹਾ ਹੈ ਅਰਥਾਤ ਧੁਨੀ ਨੂੰ ਹੀ ਕਾਵਿ ਪੁਰਖ ਦੇ ਸਰੀਰ ਦੀ ਪ੍ਰਾਣ ਤੇ ਜ਼ਿੰਦ ਜਾਨ ਹੈ। ਏਸੇ ਲਈ ਧੁਨੀਕਾਰ ਕਾਵਿ ਦੇ ਪ੍ਰਭਾਵਿਤ ਤੱਤਾਂ ਨੂੰ ਧੁਨੀ ਰੂਪੀ ਆਤਮਾ ਦੇ ਹੀ ਸਹਾਇਕ ਤੱਤ ਮੰਨਦੇ ਹਨ। ਓਹਨਾਂ ਦਾ ਖੰਡਨ ਨਹੀਂ ਕੀਤਾ। ਕਾਵਿ ਨੂੰ ਇੱਕ ਪਰਖ ਸਮਝ ਕੇ ਧੁਨੀ ਉਸਦੀ ਆਤਮਾ ਦੱਸੀ ਹੈ। ਸ਼ਬਦ ਤੇ ਅਰਥ ਉਸਦਾ ਦਾ ਸਰੀਰ ਹੈ, ਰੀਤੀ ਸ਼ੈਲੀ ਅੰਗ- ਗਠਨ ਤੇ ਗੁਣ ਸੂਰਬੀਰਤਾ ਵਾਂਗ ਆਤਮਾ ਦੇ ਧਰਮ ਹਨ। ਅਲੰਕਾਰ ਲੌਂਗ, ਤਵੀਤੀ ਵਾਂਗ ਸਰੀਰ ਦੇ ਗਹਿਣੇ ਹਨ। ਵਿਆਕਰਣੀਆਂ ਦੇ ਅਨੁਸਾਰ ਕੰਨਾਂ ਨੂੰ ਜੋ ਸ਼ਬਦ ਸੁਣਾਈ ਦਿੰਦਾ ਹੈ ਉਹ ਅਨੰਤ,ਅਸਥਿਰ ਤੇ ਨਾਸ਼ਵਾਨ ਹੈ।ਉਸ ਤੋਂ ਕਿਸੇ ਅਰਥ ਨੂੰ ਨਹੀਂ ਜਾਣਿਆ ਜਾ ਸਕਦਾ। ਸੰਸਕ੍ਰਿਤ ਸਮੀਖਿਆ ਵਿੱਚ ਇਸ ਪ੍ਰਸ਼ਨ ਨੂੰ ਬੜੇ ਗਹੁ ਨਾਲ ਵਿਚਾਰਿਆ ਗਿਆ ਹੈ ਕਿ ਕਾਵਿ ਦੀ ਆਤਮਾ ਕਿਹੜਾ ਤੱਤ ਹੈ। ਇਸ ਤੱਤ ਨੂੰ ਲੈ ਕੇ ਆਲੋਚਕਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਹਨ। ਕਿਸੇ ਨੇ ਅਲੰਕਾਰ ਨੂੰ,ਕਿਸੇ ਨੇ ਰਸ ਨੂੰ, ਹਰ ਆਚਾਰੀਆਂ ਆਪੋ-ਆਪਣੇ ਸਿਧਾਂਤ ਨੂੰ ਕਾਵਿ ਸੁਹਜ ਦੇ ਬੁਨਿਆਦੀ ਤੱਤ ਮੰਨਦਾ ਹੈ। ਧੁਨੀਵਾਦੀਆਂ ਨੇ ਧੁਨੀ ਨੂੰ ਕਵਿਤਾ ਦਾ ਸ੍ਰੋਮਣੀ ਤੱਤ ਸਵੀਕਾਰ ਕੀਤਾ ਹੈ, ਜਿਸ ਤੋਂ ਬਿਨ੍ਹਾਂ ਕਾਵਿ ਸਿਰਜਣਾ ਕੀਤੀ ਵਿੱਚ ਸੌਂਦਰਯ ਪੈਂਦਾ ਨਹੀਂ ਹੋ ਸਕਦਾ। ਅਨੰਦਵਰਧਨ ਦਾ ਗ੍ਰੰਥ ਧਵਨਿਆਲੋਕ ਧੁਨੀਕਾਰ ਸਿਧਾਂਤ ਦਾ ਸ਼ਾਹਕਾਰ ਹੈ। ਅਨੰਦਵਰਧਨ ਹੀ ਧੁਨੀ ਸਿਧਾਂਤ ਦੇ ਹਰ ਅੰਗ ਤੇ ਉਪਅੰਗ ਉੱਤੇ ਸਾਫ਼ ਸਪੱਸ਼ਟ ਆਲੋਚਨਾ ਕਰਦੇ ਕਾਵਿ-ਸਮੀਖਿਆ ਵਿੱਚ ਇਸ ਦਾ ਸਥਾਈ ਸਥਾਨ ਸਥਾਪਿਤ ਕਰ ਦਿੱਤਾ ਹੈ। ਉਹ ਧੁਨੀ ਦੇ ਭਾਵ ਅਰਥ : ਧੁਨੀ ਸ਼ਬਦ ਦੇ ਕਈ ਅਰਥ ਪ੍ਰਚਿਲਤ ਹਨ ਜਿਵੇਂ ਧੁਨੀ ਇੱਕ ਸੰਗੀਤਕ ਲੈ ਹੈ , ਆਮ ਤੌਰ ' ਤੇ ਇਸ ਨੂੰ ਧੁਨੀ ਕਿਹਾ ਜਾਂਦਾ ਹੈ । ਭਾਸ਼ਾ ਵਿਗਿਆਨ ਅਨੁਸਾਰ , ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ । ਆਮ ਅਵਾਜ਼ ਨੂੰ ਵੀ ਧੁਨੀ ਕਿਹਾ ਜਾਂਦਾ ਹੈ , ਧੁਨੀ ਇੱਕ ਗੂੰਜ ਹੈ , ਇੱਕ ਰਮਜ਼ ਹੈ , ਇੱਕ ਸੁਝਾਓ ਹੈ । ਕਾਵਿ ਪ੍ਰਸੰਗ ਵਿੱਚ ਧੁਨੀ ਕਾਵਿ ਦਾ ਇੱਕ ਭੇਦ ਹੈ ਜਿਸ ਨੂੰ ਭਾਰਤੀ ਸਮੀਖਿਆਕਾਰ ਧੁਨੀ - ਕਾਵਿ ਕਹਿੰਦੇ ਹਨ। ਇਸ ਪ੍ਰਕਰਣ ਵਿੱਚ ਧੁਨੀ ਇੱਕ ਤਕਨੀਕੀ ਸ਼ਬਦ ਹੈ। ਜਿਸਦੀ ਵਰਤੋਂ ਭਾਰਤੀ ਅਲਚੋਕਾਂ ਕਾਵਿ ਦੇ ਸੰਦਰਭ ਵਿੱਚ ਕੀਤੀ ਹੈ। ਇਸ ਤਰਾਂ ਧੁਨੀ ਰਮਜ਼ੀਆ ਕਾਵਿ,ਸੁਝਾਊ ਕਵਿਤਾ,ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ ਜਾਂਦਾ ਹੈ।

ਧੁਨੀ ਸਿਧਾਂਤ ਦੇ ਬਾਨੀ:ਆਨੰਦਵਰਧਨ ਧੁਨੀ ਸਿਧਾਂਤ ਦੇ ਸੰਸਥਾਪਕ ਅਤੇ ਸੰਚਾਲਕ ਹਨ । ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸਬਦ ਅਤੇ ਅਰਥ ਆਪੋ-ਆਪਣੇ ਖੇਤਰ ਤੋਂ ਉਤਾਂਹ ਉੱਠ ਕੇ ਸ਼ਬਦ ਸ਼ਕਤੀ ਦੇ ਰਾਹੀਂ ਕਿਸੇ ਅਨੋਖੇ ਵਿਅੰਗ ਅਰਥ ਨੂੰ ਜਾਹਰ ਕਰਦੇ ਹੋਣ ਉਹ ਕਾਵਿ ਧੁਨੀ ਕਾਵਿ ਹੈ, ਇਸਦਾ ਭਾਵ ਇਹ ਹੈ ਕਿ ਆਮ ਬੋਲ-ਚਾਲ ਦੇ ਸ਼ਬਦ ਜਦੋਂ ਕਵਿਤਾ ਵਿੱਚ ਸਜਾਏ ਜਾਂਦੇ ਹਨ ਤਾਂ ਸ਼ਬਦਾਂ ਵਿੱਚੋਂ ਨਵੇਂ-ਨਵੇਂ ਅਰਥ ਨਵੇਂ-ਨਵੇਂ ਇਸ਼ਾਰੇ ਮਹਿਸੂਸ ਕੀਤੇ ਜਾਂਦੇ ਹਨ ਜਦੋਂਕਿ ਆਮ ਅਤੇ ਸਥੂਲ ਅਰਥ ਗੁੰਮ ਹੋ ਜਾਂਦੇ ਹਨ । ਭਾਵੁਕ ਪਾਠਕ ਕਵਿਤਾ ਵਿੱਚ ਪਰੋਏ ਲਫ਼ਜ਼ਾਂ ਵਿੱਚੋਂ ਇਕ ਅਦਭੁਤ ਅਤੇ ਵਿਲੱਖਣ ਭਾਵ ਢੂੰਡ ਲੈਂਦਾ ਹੈ । ਨਵੇਂ ਅਤੇ ਵਿਅੰਗਮਈ ਅਰਥਾਂ ਦੀ ਅਨੁਭੂਤੀ ਹੀ ਕਵਿਤਾ ਦੀ ਧੁਨੀ ਹੈ | 'ਰਾਮ ਚੁਕੰਨਾ ਹੈ ' ਵਾਕ ਵਿਚ ਚੁਕੰਨਾ ਸ਼ਬਦ ਦਾ ਆਮ ਅਤੇ ਪ੍ਰਚਲਿਤ ਅਰਥ ਹੋਰ ਹੈ ਪਰ ਇਸ ਵਿੱਚ ਜਿਹੜੀ ਧੁਨੀ ਨਿਕਲਦੀ ਹੈ ਉਹ ਹੋਰ ਹੈ । ਚੁਕੰਨਾ ਦਾ ਮੁੱਢਲਾ ਅਤੇ ਆਮ ਅਰਥ ਹੈ ਚਾਰ ਕੰਨਾਂ ਵਾਲਾ ਪਰੰਤੂ ਅਸੀਂ ਕਾਵਿ ਖੇਤਰ ਵਿੱਚ ਇਸ ਸ਼ਬਦ ਦਾ ਪ੍ਰਯੋਗ ਉਸ ਵਿਆਕਤੀ ਲਈ ਕਰਦੇ ਹਾਂ ਜਿਹੜਾ ਬੜਾ ਹੁਸ਼ਿਆਰ ਹੈ, ਚਾਲਾਕ ਜਾਂ ਜਾਗਰੂਕ ਹੈ। ' ਚੁਕੰਨਾ ਸ਼ਬਦ ਦੀ ਧੁਨੀ ਅਰਥਾਤ ਰਮਜ਼ ਹੁਸ਼ਿਆਰ ਹੈ। ਇਸਨੂੰ ਹੀ ਧੁਨੀਵਾਦੀ ਆਲੋਚਕ ਕਵਿਤਾ ਦੀ ਬੁਨਿਆਦੀ ਖੂਬਸੂਰਤੀ ਕਹਿੰਦੇ ਹਨ ਅਤੇ ਸਭ ਤੋਂ ਵਧੀਆ ਕਾਵਿ ਦੱਸਦੇ ਹਨ।

ਧੁਨੀ ਸਿਧਾਂਤ ਦਾ ਖੇਤਰ ਅਤੇ ਸਰੂਪ

[ਸੋਧੋ]

ਧੁਨੀ ਸਿਧਾਂਤ ਦੇ ਖੇਤਰ ਅਤੇ ਸਰੂਪ ਸੰਬੰਧੀ ਵੱਖ-ਵੱਖ ਵਿਦਵਾਨਾਂ ਦੁਆਰਾ ਦਿੱਤੀਆਂ ਪਰਿਭਾਸ਼ਾ ਇਸ ਪ੍ਰਕਾਰ ਹਨ -

  • ਡਾ. ਰਾਮ ਸਾਗਰ ਤ੍ਰਿਪਾਠੀ ਅਨੁਸਾਰ - ਇਹ ਉਹ ਸਿਧਾਂਤ ਹੈ ਜਿਸਨੇ ਇੱਕ ਪਾਸੇ ਪਰੰਪਰਾਗਤ ਕਾਵਿ ਸਿਧਾਂਤਾਂ ਦੀ ਪਰਖ ਕਰਕੇ ਇਹ ਨਿਰਣਾ ਕਰਨ ਦੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਕਾਵਿ ਸਿਧਾਂਤਾਂ ਦਾ ਕਾਵਿ ਵਿੱਚ ਸਥਾਨ ਕੀ ਹੈ? ਅਤੇ ਉਹਨਾਂ ਦੀ ਵਰਤੋਂ ਕਾਵਿ ਵਿੱਚ ਕੀਤੀ ਜਾਣੀ ਚਾਹੀਦੀ ਹੈ? ਦੂਜੇ ਪਾਸੇ ਇਹ ਵੀ ਨਿਰਣਾ ਕਰਨ ਦਾ ਯਤਨ ਕੀਤਾ ਹੈ ਕਿ ਕਾਵਿ ਦਾ ਮੂਲ ਤੱਤ ਕੀ ਹੈ ਅਤੇ ਉਸਦੀ ਦ੍ਰਿਸ਼ਟੀ ਤੋਂ ਵੱਖ-ਵੱਖ ਕਾਵਿ ਸਿਧਾਂਤਾਂ ਨੂੰ ਕਿਸ ਤਰ੍ਹਾਂ ਵਿਸਥਾਪਿਤ ਕੀਤਾ ਜਾ ਸਕਦਾ ਹੈ[2]
  • ਡਾ. ਉਮ ਪ੍ਰਕਾਸ਼ ਸ਼ਰਮਾ ਲਿਖਦੇ ਹਨ - ਕਿਸੇ ਸ਼ਬਦ ਦੇ ਵਿਸ਼ੇਸ਼ ਅਰਥ ਦਾ ਬੋਧ ਹੋਣ ਤੋਂ ਬਾਅਦ ਜਦ ਅਸੀਂ ਉਸ ਉੱਤੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਤਾਂ ਸਾਨੂੰ ਇੱਕ ਤੋਂ ਬਾਅਦ ਇੱਕ ਨਵਾਂ, ਸੁੰਦਰ ਅਤੇ ਦਿਲ ਟੰੁਬਣ ਵਾਲੇ ਅਨੁਭਵ ਦਾ ਸਾਖਿਆਤਕਾਰ ਹੁੰਦਾ ਹੈ। ਅਰਥ ਦੀ ਡੂੰਘਾਈ ਅਤੇ ਉਸ ਰਾਹੀਂ ਪ੍ਰਾਪਤ ਹੋਣ ਵਾਲੀ ਵਿਸ਼ੇਸ਼ ਅਨੁਭੂਤੀ ਹੀ ਅਸਲ ਵਿੱਚ ਧੁਨੀ ਹੈ। ਇਹ ਧੁਨੀ ਕਾਵਿ ਨੂੰ ਰਮਣੀਕ, ਰਸਾਤਮਕ ਅਤੇ ਹਿਰਦੇ ਨੂੰ ਆਨੰਦ ਪ੍ਰਾਪਤ ਕਰਨ ਵਾਲਾ ਬਣਾਉਂਦੀ ਹੈ। ਇਸ ਕਰਕੇ ਆਚਾਰੀਆ ਆਨੰਦ ਵਰਧਨ ਨੇ ਧੁਨੀ ਨੂੰ ‘ਕਾਵਿ ਦੀ ਆਤਮਾ’ ਮੰਨ ਕੇ ਧੁਨੀ ਸੰਪਰਦਾਇ ਦੀ ਸਥਾਪਨਾ ਕੀਤੀ।[2]
  • ਪੰਡਿਤ ਬਲਦੇਵ ਸਿੰਘ ਉਪਾਧਿਆਇ ਦੇ ਕਥਨ ਅਨੁਸਾਰ - ਧੁਨੀ ਦੀ ਵਰਤੋਂ ਕਾਵਿ ਦੀ ਸਿਰਜਣਾ ਵਿੱਚ ਬਹੁਤ ਹੀ ਅਧਿਕ ਹੈ। ਧੁਨੀ ਦੀ ਸੱਤਾ ਬਹੁਤ ਹੀ ਪ੍ਰਾਚੀਨ ਹੈ। ਇਹ ਉਤਨੀ ਹੀ ਪ੍ਰਾਚੀਨ ਹੈ ਜਿਤਨੀ ਕਿ ਕਾਵਿ ਕਲਾ। ਧੁਨੀ ਦਾ ਆਸਰਾ ਲੈਣ ਨਾਲ ਕਵੀਆਂ ਦੀ ਪ੍ਰਤਿਭਾ ਅੰਨਤ ਰੂਪ ਵਿੱਚ ਵਿਕਸਿਤ ਹੁੰਦੀ ਹੈ। ਪ੍ਰਾਚੀਨ ਅਰਥ ਨੂੰ ਗ੍ਰਹਿਣ ਕਰਕੇ ਲਿਖੀ ਗਈ ਕਵਿਤਾ ਧੁਨੀ ਨਾਲ ਸੰਪੰਨ ਹੋਣ `ਤੇ ਨਵੀਨ ਚਮਤਕਾਰ ਉਤਪੰਨ ਕਰਦੀ ਹੈ। ਕਾਵਿ ਵਿੱਚ ਕਥਨ ਦੇ ਢੰਗ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ। ਵਰਣਿਤ ਵਸਤੂ ਦੀ ਏਕਤਾ ਹੋਣ `ਤੇ ਵੀ ਜੇ ਉਸ ਦੇ ਵਰਣਨ ਢੰਗ ਵਿੱਚ ਵੱਖਰਤਾ ਅਤੇ ਨਵੀਨਤਾ ਹੈ ਤਾਂ ਉਹ ਵਸਤੂ ਸਾਡੇ ਲਈ ਨਵੀਂ ਅਤੇ ਚਮਤਕਾਰਯੁਕਤ ਪ੍ਰਤੀਤ ਹੁੰਦੀ ਹੈ।... ਅਰਥ ਦੀ ਪ੍ਰਾਚੀਨਤਾ ਹੋਣ `ਤੇ ਵੀ ਧੁਨੀ ਦਾ ਸੰਯੋਗ ਉਸ ਵਿੱਚ ਨਵਾਂ ਜੀਵਨ ਭਰ ਦਿੰਦਾ ਹੈ ਅਤੇ ਨਵੀਂ ਸ਼ਕਤੀ ਪ੍ਰਦਾਨ ਕਰਦਾ ਹੈ।[2]

ਉਪਰੋਕਤ ਪਰਿਭਾਸ਼ਾਵਾਂ ਦੇ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਧੁਨੀ ਸਿਧਾਂਤ ਦਾ ਖੇਤਰ ਅਤੇ ਸਰੂਪ ਬਹੁਤ ਵਿਆਪਕ ਹੈ। ਜੇਕਰ ਸਾਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਧੁਨੀ ਕਾਵਿ ਦੀ ਜਾਨ ਹੈ ਜਿਸ ਦੀ ਉਪਸਥਿਤੀ ਵਿੱਚ ਕਾਵਿ ਨਵੇਂ ਅਰਥ ਗ੍ਰਹਿਣ ਕਰਦਾ ਹੈ ਅਤੇ ਉਸ ਵਿੱਚ ਚਮਤਕਾਰ ਪੈਦਾ ਹੁੰਦੇ ਹਨ।

ਧੁਨੀ ਸ਼ਬਦ ਦਾ ਅਰਥ

[ਸੋਧੋ]

ਧੁਨੀ ਸ਼ਬਦ ਦੇ ਕੋਸ਼ਗਤ ਅਰਥ ਆਵਾਜ਼, ਸ਼ਬਦ, ਸੁਰ, ਗੂੰਜ ਜਾਂ ਨਾਦ ਹਨ। ਆਮ ਤੌਰ `ਤੇ ਧੁਨੀ ਸ਼ਬਦ ਦੇ ਦੋ ਅਰਥ ਪ੍ਰਚਲਿਤ ਹਨ - ਇੱਕ ਸਾਧਾਰਨ, ਜਿਸ ਤੋਂ ਭਾਵ ਹੈ ਕੰਨਾਂ ਵਿੱਚ ਪੈਣ ਵਾਲੀ ਆਵਾਜ਼ ਅਤੇ ਦੂਜਾ ਪਰਿਭਾਸ਼ਿਕ ਜਾਂ ਕਾਵਿ-ਸ਼ਾਸਤ੍ਰੀ ਅਰਥ। ਧੁਨੀ ਸ਼ਬਦ ਦੇ ਇਹਨਾਂ ਅਰਥਾਂ ਸੰਬੰਧੀ ਓਮਾ ਸ਼ੰਕਰ ਸ਼ੁਕਲ ਦੀ ਸਥਾਪਨਾ ਨਿਮਨਲਿਖਿਤ ਅਨੁਸਾਰ ਹੈ:-

  1. ਸਾਧਾਰਨ ਵਿਵਹਾਰ ਵਿੱਚ ਕੰਨਾਂ ਨੂੰ ਸੁਣਾਈ ਦੇਣ ਵਾਲੇ ਨਾਦ ਨੂੰ ਧੁਨੀ ਕਿਹਾ ਜਾਂਦਾ ਹੈ।
  2. ਪਰਿਭਾਸ਼ਿਕ ਜਾਂ ਵਿਉਂਤਪਤੀ ਪੱਖ ਤੋਂ ਧੁਨੀ ਦੇ ਅਰਥ ਇਸ ਪ੍ਰਕਾਰ ਹਨ-

ਉਹ (ਵਿਅੰਜਕ) ਸ਼ਬਦ, ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਏ।

ਜਿਵੇਂ - ਸਾਵਧਾਨ ਇਸ ਸ਼ਬਦ ਵਿੱਚ ਸੁਝਾਅ ਵੀ ਹੈ ਅਤੇ ਰਮਜ਼ ਵੀ ਕਿਉਂਕਿ ਇਸ ਸ਼ਬਦ ਦੇ ਉਚਾਰਨ ਨਾਲ ਚੁਕੰਨੇ ਹੋਣ ਲਈ ਕਿਹਾ ਜਾ ਰਿਹਾ ਹੈ।

ਉਹ (ਵਿਅੰਜਕ) ਅਰਥ, ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਵੇ।

ਹਾਥੀ ਲੰਘ ਜਾਂਦਾ ਹੈ।
ਕੁੱਤੇ ਭੌਂਕਦੇ ਰਹਿੰਦੇ ਹਨ।

ਉਪਰੋਕਤ ਅਖਾਣ ਵਿੱਚ ਇਸ ਦੇ ਅਰਥ ਰਾਹੀਂ ਇਹ ਸੁਝਾਅ ਦਿੱਤਾ ਗਿਆ ਹੈ ਕਿ ਜਦੋਂ ਤੁਸੀਂ ਆਪਣਾ ਕੰਮ ਠੀਕ ਤਰੀਕੇ ਨਾਲ ਕਰ ਰਹੇ ਹੋ ਤਾਂ ਤੁਹਾਨੂੰ ਕਿਸੇ ਦੀ ਵੀ ਪਰਵਾਹ ਕਰਨ ਦੀ ਕੋਈ ਜਰੂਰਤ ਨਹੀਂ ਬਸ਼ਰਤੇ ਕਿ ਉਹ ਕੰਮ ਲੋਕ ਭਲਾਈ ਦੇ ਹਿੱਤ ਵਿੱਚ ਹੋਵੇ। ਇਸ ਅਖਾਣ ਵਿੱਚ ਰਮਜ਼ ਇਹ ਹੈ ਕਿ ਬਹੁਗਿਣਤੀ ਅਕਸਰ ਘੱਟ-ਗਿਣਤੀ ਨੂੰ ਨੀਵਾਂ ਦਿਖਾਉਂਦੀ ਹੋਈ ਉਸ ਦਾ ਵਿਰੋਧ ਕਰਦੀ ਹੈ।

ਜਿਸ (ਵਸਤੂ, ਅਲੰਕਾਰ, ਰਸ ਆਦਿ) ਦੁਆਰਾ ਸੁਝਾਅ ਜਾਂ ਰਮਜ਼ ਦਿਖਾਈ ਜਾਵੇ। ਜਿਵੇਂ:-

ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ

ਉਹ ਕਾਵਿ, ਜਿਸ ਵਿੱਚ (ਵਿਅੰਜਨਾਂ ਸ਼ਕਤੀ ਦੁਆਰਾ) ਸੁਝਾਅ ਜਾਂ ਰਮਜ਼ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਤੌਰ `ਤੇ ਅਸੀਂ ਪਾਸ਼ ਦੀ ਕਵਿਤਾ ਦੀਆਂ ਕੁੱਝ ਤੁਕਾਂ ਦੇਖ ਸਕਦੇ ਹਾਂ ਜਿਵੇਂ: ਵਿਦਿਆ ਮਨੁੱਖ ਦਾ ਤੀਜਾ ਨੇਤਰ ਨਹੀਂ ਦੋਵੇਂ ਅੱਖਾਂ ਦਾ ਟੀਰ ਹੈ

ਇਸ ਪੰਕਤੀ ਰਾਹੀਂ ਸਿੱਖਿਆ ਪ੍ਰਣਾਲੀ `ਤੇ ਵਿਅੰਗ ਕੀਤਾ ਗਿਆ ਹੈ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਜਦੋਂ ਸਿੱਖਿਆ ਪ੍ਰਣਾਲੀ ਵਿੱਚ ਵਿਗਾੜ ਆ ਜਾਵੇ ਤਾਂ ਉਹ ਮਨੁੱਖ ਦਾ ਤੀਜਾ ਨੇਤਰ ਹੋਣ ਦੀ ਬਜਾਇ ਦੋਵਾਂ ਅੱਖਾਂ ਦਾ ਟੀਰ ਭਾਵ ਧੋਖਾ ਹੋ ਨਿੱਬੜਦਾ ਹੈ।

ਜਿਸ ਕਾਵਿ ਵਿੱਚ ਕਾਵਿ-ਸ਼ੈਲੀ ਦੁਆਰਾ ਸੁਝਾਅ ਜਾਂ ਰਮਜ਼ ਮਿਲਦੀ ਹੋਵੇ, ਉਹ ਧੁਨੀ ਹੈ।ਉਦਾਹਰਣ-

ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏਂ
ਤੇਰੇ ਪੰਡਤ, ਕਾਜ਼ੀ ਦੀ ਤੇ ਮੁੱਲਾਂ ਦੀ।

ਉਪਰੋਕਤ ਕਾਵਿ ਪੰਕਤੀਆਂ ਵਿੱਚ ਧਰਮ ਦੇ ਠੇਕੇਦਾਰਾਂ ਦੇ ਕੁਕਰਮਾਂ `ਤੇ ਪਰਦਾ ਚੁੱਕਿਆ ਗਿਆ ਹੈ ਅਤੇ ਉਹਨਾਂ ਨੂੰ ਕਵੀ ਨੇ ਆਪਣੀ ਕਵਿਤਾ ਦੀਆਂ ਉਪਰੋਕਤ ਸਤਰਾਂ ਵਿੱਚ ਗਾਲੱ ਸਿੱਧੇ ਤੌਰ `ਤੇ ਕੱਢੀ ਹੈ ਪਰ ਉਹ ਆਪਣੀ ਕਾਵਿ-ਸ਼ੈਲੀ ਦੁਆਰਾ ਇਸ ਰਮਜ਼ ਨੂੰ ਲੁਕੋ ਲੈਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧੁਨੀ ਸ਼ਬਦ ਵਿਅੰਜਕ ਸ਼ਬਦ, ਵਿਅੰਜਕ ਅਰਥ, ਵਿਅੰਜ, ਵਿਅੰਜਨਾਂ ਅਤੇ ਵਿਅੰਗ ਕਾਵਿ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਸਾਹਿਤ ਵਿੱਚ ਧੁਨੀ, ਉਸ ਚਮਤਕਾਰਪੂਰਨ ਵਿਸ਼ੇਸ਼ਤਾ ਨੂੰ ਕਿਹਾ ਗਿਆ ਹੈ ਜਿਹੜੀ ਕਾਵਿ ਵਿੱਚ ਵਰਤੇ ਗਏ ਸ਼ਬਦਾਂ ਦੇ ਨਿਸ਼ਚਿਤ ਅਰਥਾਂ ਦੀ ਥਾਂ ਪ੍ਰਸੰਗ ਅਨੁਸਾਰ ਇੱਕ ਅਲੋਕਾਰੀ ਰਮਜ਼ ਜਾਂ ਵਿਅੰਜ ਵਿੱਚ ਸਮੋਈ ਹੁੰਦੀ ਹੈ ਜਿਵੇਂ ਘੰਟੀ ਉੱਤੇ ਵੱਜੀ ਸੱਟ ਨਾਲ ਪੈਦਾ ਹੋਈ ‘ਟੰਨ’ਨਨਨ ਦੀ ਧੁਨੀ ਸੁਣਾਈ ਦਿੰਦੀ ਹੈ। ਇਵੇਂ ਹੀ ਮਹਾਨ ਲੇਖਕਾਂ ਦੀਆਂ ਰਚਨਾਵਾਂ ਵਿੱਚ ਸ਼ਾਬਦਿਕ ਅਰਥ ਤੋਂ ਬਿਨਾਂ ਵੀ ਇੱਕ ਹੋਰ ਗੂੜ੍ਹੀ ਰਮਜ਼ ਵਿਦਮਾਨ ਹੰੁਦੀ ਹੈ ਜੋ ਮਾਲਕ ਦੇ ਮਨ ਵਿੱਚ ਪੜ੍ਹਨ ਤੋਂ ਬਹੁਤ ਰਾਗਾਂ ਬਾਅਦ ਤੱਕ ਵੀ ਗੂੰਜਦੀ ਰਹਿੰਦੀ ਹੈ, ਇਸ ਗੂੜ੍ਹੀ ਰਮਜ਼ ਨੂੰ ਹੀ ਧੁਨੀ ਕਹਿੰਦੇ ਹਨ। ਇਸ ਨੂੰ ਹੀ ਕਾਵਿ ਦੀ ਆਤਮਾ ਵੀ ਕਿਹਾ ਜਾਂਦਾ ਹੈ। ਕਾਵਿ ਦੇ ਹੋਰ ਪ੍ਰਵਾਨਿਤ ਤੱਤਾਂ ਜਿਵੇਂ ਰਗ, ਅਲੰਕਾਰ, ਗੁਣ, ਰੀਤੀ ਆਦਿ ਨੂੰ ਧੁਨੀ ਰੂਪੀ ਆਤਮਾ ਦੇ ਪੋਸ਼ਕ (ਸਹਾਇਕ) ਤੱਤ ਮੰਨਿਆ ਗਿਆ ਹੈ।

ਸੰਸਕ੍ਰਿਤ ਵਿੱਚ ਧੁਨੀ ਸ਼ਬਦ ਦੀ ਵਰਤੋਂ

  1. ਜਿਹੜਾ ਸ਼ਬਦ ਸੁਝਾ ਜਾਂ ਰਮਜ਼ ਦੇਵੇ ਜਾਂ ਦਵਾਏ ( ਸ਼ਬਦ ਧੁਨੀ)
  2. ਜਿਹੜਾ ਅਰਥ ਸੁਝਾ ਦੇਵੇ ( ਅਰਥ ਧੁਨੀ)
  3. ਜਿਸ ਦੇ ਰਾਹੀਂ ਸੁਝਾ ਦਿੱਤਾ ਜਾਵੇ ( ਧੁਨੀ)
  4. ਜਿਸ ਕਾਵਿ ਵਿੱਚ ਸੁਝਾ ਹੋਵੇ,ਰਮਜ਼ ਹੋਵੇ (ਕਾਵਿ ਧੁਨੀ)
  5. ਧੁਨੀ ਇਕ ਕਾਵਿਕ ਸ਼ੈਲੀ ਹੈ (ਧੁਨੀ ਸ਼ੈਲੀ)

ਇਸ ਨਿਰੁਕਤੀ ਤੋਂ 'ਧੁਨੀ' ਸ਼ਬਦ ਦਾ ਭਾਵ ਜਾਂ ਅੱਖਰੀ ਅਰਥ ਹੈ ਸੁਝਾਉ, ਸੰਕੇਤਕ, ਰਮਜ਼ੀ ਜਾਂ ਪ੍ਰਤੀਤੀਮਾਨ ਅਰਥ, ਸ਼ਬਦ ਜਾਂ ਕਾਵਿ। ਆਮ ਤੌਰ ਤੇ ਧੁਨੀ ਸ਼ਬਦ ਦਾ ਕੋਸ਼ਗਤ ਅਰਥ ਹੈ- ਸੁਰ, ਗੂੰਜ



੩. ਸਬਦ, ਅਰਥ ਤੇ ਸ਼ਬਦਾਰਥ ਸੰਬੰਧ

ਕਾਵਿ-ਕਲਾ ਵਾਸਤਵ ਵਿਚ ਸ਼ਬਦ-ਕਲਾ ਹੈ । ਸੰਗੀਤ-ਕਲਾ, ਚਿਤ੍ਰਕਲਾ ਆਦਿਕਾਂ ਦੇ ਜਿਥੇ ਲੈ, ਸੁਰ, ਰੰਗ ਆਦਿ ਆਧਾਰ ਹੁੰਦੇ ਹਨ ਉਥੇ ਕਾਵਿ ਜਾਂ ਸਾਹਿਤ ਦਾ ਆਧਾਰ ਸ਼ਬਦ ਹਨ ਜਿਹੜੇ ਕੰਨ ਦੀਆਂ ਵਿਸ਼ੇਸ਼ ਤੰਦਾਂ ਨਾਲ ਉੱਚਰਿਤ ਹੁੰਦੇ ਹਨ ਅਤੇ ਜਿਹੜੇ ਚਿੰਨ੍ਹਾਂ ਦੁਆਰਾ ਅੱਖਰਾਂ ਤੇ ਅੱਖਰ-ਸਮੂਹਾਂ ਦਾ ਰੂਪ ਧਾਰਣ ਕਰਕੇ ਲਿਖਿਤ ਰੂਪ ਵਿਚ ਸਥਾਈ ਬਣਾਏ ਜਾਂਦੇ ਹਨ । ਕਾਵਿ ਵਿਚ ਇਕ ਇਕ ਸਾਧਨ ਭਾਸ਼ਾ ਜਾਂ ਸ਼ਬਦ ਹਨ ਜਿਹੜੇ ਕਲਾਕਾਰ ਜਾਂ ਕਵੀ ਦੀ ਕਲਾ ਦਾ ਪਰਿਚਯ ਦੇ ਸਕਦੇ ਹਨ।" ਇਸ ਲਈ ਸ਼ਬਦ ਦੀ ਉਤਪੱਤੀ, ਉਸ ਦੀ ਮਹੱਤਤਾ, ਸ਼ਬਦ ਤੇ ਅਰਥ ਦਾ ਅਤੇ ਅਰਥ ਤੇ ਭਾਵ ਦਾ ਸੰਬੰਧ - ਅਜਿਹੇ ਵਿਸ਼ੇ ਕਾਵਿ ਦੇ ਵਿਦਿਆਰਥੀਆਂ ਲਈ ਏਨੇ ਹੀ ਜ਼ਰੂਰੀ ਹਨ ਜਿੰਨੇ ਇਹ ਵਿਆਕਰਣ, ਦਰਸ਼ਨ ਜਾਂ ਭਾਸ਼ਾ-ਵਿਗਿਆਨ ਦੇ ਵਿਦਿਆਰਥੀਆਂ ਲਈ

ਪਰੰਤੂ ਇਹ ਇਕ ਵਰਣਨ-ਯੋਗ ਗੱਲ ਹੈ ਕਿ ਕਾਵਿ ਵਿਚ ਇਕੋ ਹੀ ਸ਼ਬਦ ਦੁਆਰਾ ਇਕੋ ਹੀ ਖਾਸ ਭਾਵ ਦਾ ਗਿਆਨ ਨ ਹੋ ਕੇ ਕਈਆਂ ਭਾਵਾਂ ਦਾ ਗਿਆਨ ਹੁੰਦਾ ਹੈ।ਇਸ ਲਈ ਇਕ ਸ਼ਬਦ ਦੇ ਅਨੇਕ ਅਰਥ ਉਜਾਗਰ ਹੁੰਦੇ ਵੇਖੇ ਜਾਂਦੇ ਹਨ । ਸ਼ਬਦ ਦੇ ਇਸ ਅਨੁਕ-ਅਰਥੀ ਸੁਭਾ (ਅਨੇਕਾਰਥਕਤਾ) ਨੂੰ ਰਖਦਿਆਂ ਸੰਸ ਦੇ ਵਿਦਵਾਨਾਂ ਨੇ ਸ਼ਬਦ ਦੀਆਂ ਇਕ ਤੋਂ ਵਧੀਕ ਸ਼ਕਤੀਆਂ ਮੰਨੀਆਂ ਹਨ ਜਿਨ੍ਹਾਂ ਸ਼ਕਤੀਆਂ ਦੇ ਰਾਹੀਂ ਉਹ ਸ਼ਬਦ ਭਿੰਨ ਭਿੰਨ ਅਰਥਾਂ ਦੇ ਗਿਆਨ ਦੇਣ ਵਿਚ ਸਮਰਥ ਹੁੰਦੇ ਹਨ । ਇਕੋ ਗਧਾ" ਸ਼ਬਦ ਹੀ ਸਿੰਗਾਂ ਤੋਂ ਰਹਿਤ ਚੁਟੰਗਾ ਪਸ਼ੂ" ਫੇਰ "ਖਾਸ ਵਿਅਕਤੀ" ਅਤੇ ਫੇਰ “ਮੂਰਖਤਾ” ਜਿਹੇ ਅਰਥਾਂ ਦੀ ਵਾਕਫ਼ੀਅਤ ਕਰਾ ਸਕਦਾ ਹੈ। ਇਨ੍ਹਾਂ ਅਰਥਾਂ ਨੂੰ ਜਾਨਣ ਲਈ ਹਰ ਸੂਰਤ ਵਿਚ ਇਕ ਵਖਰੀ ਸ਼ਬਦ-ਸ਼ਕਤੀ ਹੋਵੇਗੀ । ਇਕ ਸੂਰਤ ਵਿਚ ਸ਼ਬਦ ਦਾ ਸਿਧਾ ਅਰਬ ਸੂਚਿਤ ਹੁੰਦਾ ਹੈ ਤੇ ਬਾਕੀ ਦੋ ਸੂਰਤਾਂ ਵਿਚ ਵਿੰਗਾ-ਟੇਢਾ। ਇਨ੍ਹਾਂ ਸ਼ਕਤੀਆਂ ਨੂੰ ਹੀ ਸੰਸਕ੍ਰਿਤ ਵਿਚ ਤਰਤੀਬਵਾਰ 'ਅਭਿਧਾ’ ‘ਲੱਖਣਾ ਜਾਂ ਲਕਸ਼ਣਾਂ ਤੇ ਵਿਅੰਜਨਾਂ ਸ਼ਕਤੀਆਂ ਆਖਿਆ ਜਾਂਦਾ ਹੈ ।


ਸ਼ਕਤੀ ਮੰਨਦੇ ਹਨ ਜਿਹੜੀ ਅਸਲ ਵਿਚ 'ਸ਼ਬਦ' ਦੀ ਸ਼ਕਤੀ ਨ ਹੋ ਕੇ ਵਾਕ ਦੀ ਹੀ ਸ਼ਕਤੀ ਹੈ। ਏਥੇ ਇਨ੍ਹਾਂ ਸ਼ਕਤੀਆਂ ਦਾ ਹੀ ਵਰਣਨ ਕੀਤਾ ਜਾ ਰਿਹਾ ਹੈ :

ਉਪਰ ਅਸੀਂ ਦੱਸ ਆਏ ਹਾਂ ਕਿ ਕਾਵਿ ਵਿਚ ਸ਼ਬਦ ਦੀ ਪ੍ਰਮੁਖਤਾ ਹੈ । ਇਸ 'ਸ਼ਬਦ' ਦੀ ਪਰਿਭਾਸ਼ਾ ਤੇ ਪ੍ਰਕ੍ਰਿਤੀ ਬਾਰੇ ਸੰਸਕ੍ਰਿਤ-ਵੰਤਿਆਂ ਨੇ ਭਲੀ ਭਾਂਤ ਵਿਚਾਰ ਪੇਸ਼ ਕੀਤੇ ਹਨ । 'ਸ਼ਬਦ' ਦਾ ਧਾਤੂ ਸਬੰਧੀ ਅਰਥ ਹੈ ਕਾਢ ਕੱਢਣਾ, ਅਤੇ ਸ਼ਬਦ ਕਰਨਾ। ਹੈਮ ਦੇ ਅਨੁਸਾਰ ਸ਼ਬਦ ਦਾ ਅਰਥ ਅੱਖਰ, ਵਾਕ, ਧੁਨੀ (ਆਵਾਜ਼) ਤੇ ਸ੍ਵਣ ਵੀ ਹੈ । ਡਾਕਟਰ ਵਯਾਸ ਦੇ ਅਨੁਸਾਰ 'ਸ਼ਬਦ' ਤੋਂ ਭਾਵ ਉਸ ਧੁਨੀ-ਸਮੂਹ ਤੋਂ ਹੈ ਜਿਸ ਵਿਚ ਅਰਥ ਦੇ ਧਾਰਣ ਕਰਨ ਦੀ ਤੇ ਅਰਬ ਦੇ ਗਿਆਨ ਕਰਵਾਉਣ ਦੀ ਸ਼ਕਤੀ ਹੈ ।” ਕੁੰਤਕ ਨੇ ਲਿਖਿਆ ਹੈ ਕਿ “ਹੋਰ ਕਈ ਸ਼ਬਦਾਂ ਦੇ ਹੁੰਦਿਆਂ ਹੋਇਆਂ ਵੀ ਜਿਹੜਾ ਇੱਛਿਤ (desired) ਅਰਬ ਦਾ ਇਕਮਾਤ੍ਰ ਸੂਚਕ ਹੁੰਦਾ ਹੈ ਉਹ ਹੀ ਸ਼ਬਦ ਹੈ। ਪਤੰਜਲੀ ਨੇ 'ਮਹਾਭਾਸ਼ਯ' ਵਿਚ ਸ਼ਬਦ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਹੈ ਕਿ ਇਕੋ ਹੀ ਸ਼ਬਦ ਦਾ ਜੋ ਭਲੀ ਭਾਂਤ ਗਿਆਨ ਹੋ ਜਾਵੇ ਅਤੇ ਸੋਹਣੀ ਤਰ੍ਹਾਂ ਉਸਦੀ ਸ਼ੁਧ ਵਰਤੋਂ (ਯੋਗ) ਹੋ ਜਾਵੇ ਤਾਂ ਉਹ ਸਬਦ ਲੋਕ-ਪਰਲੋਕ ਦੋਹਾਂ ਵਿਚ ਮਨਚਾਹੇ ਫਲ ਦਾ ਦਾਤਾ ਹੁੰਦਾ ਹੈ। ਪੰਡਿਤ ਰਾਮ ਦਹਿਮ ਮਿਸ਼੍ਰ ਨੇ ਦਸਿਆਂ ਹੈ ਕਿ "ਆਵਾਜ਼ (ਧੁਨੀ) ਤੇ ਅਰਥ (Sense) ਦੋਹਾਂ ਦੇ ਸੁਮੇਲ (ਸੰਯੋਗ) ਤੋਂ ਹੀ ਸ਼ਬਦ ਦੀ ਉਪਜ ਹੁੰਦੀ ਹੈ । ਇਸ ਲਈ ਜਿਥੇ ਸ਼ਬਦ ਹੈ ਉਥੇ ਕੋਈ ਨਾ ਕੋਈ ਸੰਕੇਤਿਤ ਅਰਥ ਜ਼ਰੂਰ ਹੁੰਦਾ ਹੈ ਅਤੇ ਜਿਥੇ ਕੋਈ ਅਰਥ ਰਹਿੰਦਾ ਹੈ ਉਸ ਦਾ ਸੂਚਕ (ਬੋਧਕ) ਕੋਈ ਨ ਕੋਈ ਪ੍ਰਚਲਿਤ ਸ਼ਬਦ ਅਵਸ਼ ਰਹਿੰਦਾ ਹੈ।

ਸ਼ਬਦ ਨਿੱਤ (ਅਮਰ) ਹੈ ਜਾਂ ਅਨਿੱਤ (ਨਾਸ਼ਮਾਨ) ਹੈ ? ਇਸ ਸਵਾਲ ਉਤੇ ਵੀ ਭਾਰਤ ਵਿਚ ਕਾਫ਼ੀ ਬਹਿਸ ਹੋਈ ਹੈ । ਮੀਮਾਂਸਾ ਸ਼ਾਸਤ੍ਰਕਾਰਾਂ (ਮੀਮਾਂਸਕਾਂ) ਨੇ ਸ਼ਬਦ ਨੂੰ ਨਿੱਤ (ਨਿਤਯ) ਮੰਨਿਆ ਹੈ, ਇਸ ਦੀ ਉਤਪੱਤੀ ਤੇ ਨਾਸ਼ ਨਹੀਂ ਹੁੰਦਾ। ਨਿਆਇ ਸ਼ਾਸਤ੍ਕਾਰਾਂ (ਨਿਆਇਕਾਂ) ਨੇ ਇਸ ਨੂੰ ਅਨਿੱਤ ਦਸਿਆ ਹੈ । ਸ਼ਬਦ, ਧੁਨੀ-ਤੰਤਰੀਆਂ, ਮੂੰਹ ਆਦਿ ਕਾਰਣਾਂ (reasons) ਤੋਂ ਪੈਦਾ ਹੁੰਦਾ ਹੈ ਇਸ ਲਈ ਇਹ 'ਕਾਰਯ' (effect) ਹੈ ਅਤੇ ਇਹ ਕਾਰਯ-ਰੂਪ ਸ਼ਬਦ ਸੰਸਾਰ ਦੇ ਬਾਕੀ ਕਾਰਯ ਵਾਂਗ ਅਨਿੱਤ ਤੇ ਅਸਥਾਈ ਹੈ । ਵਿਆਕਰਣਕਾਰਾਂ ਨੇ ਸ਼ਬਦ ਨੂੰ ਧੁਨੀਆਤਮਕ (ਧੁਨੀ ਯਾਨੀ ਆਵਾਜ਼ ਵਾਲਾ ਰੂਪ) ਤੇ ਵਰਣਾਤਮਕ ਦੋ ਰੂਪਾਂ (ਕੋਟੀਆਂ) ਵਿਚ ਵੰਡ ਕੇ ਪਹਿਲੇ ਨੂੰ ਨਿੱਤ ਤੇ ਦੂਜੇ ਨੂੰ ਅਨਿੱਤ ਮੰਨਿਆ ਹੈ । ਵਿਆਕਰਣੀਏ ਪਹਿਲੇ ਨੂੰ ਅਰਥਾਤ ਧੁਨਿਆਤਮਕ ਰੂਪ ਨੂੰ ‘ਸਫੱਟ' ਕਹਿੰਦੇ ਹਨ ।

  1. ਭਾਰਤੀ ਕਾਵਿ ਸ਼ਾਸਤਰ 1998(ਡਾ: ਪ੍ਰੇਮ ਪ੍ਰਕਾਸ)

ਧੁਨੀ ਦੀ ਪਰਿਭਾਸ਼ਾ

[ਸੋਧੋ]
ਵੱਖ-ਵੱਖ ਆਚਾਰੀਆਂ ਅਤੇ ਵਿਦਵਾਨਾਂ ਨੇ ਹੇਠ ਲਿਖੇ ਅਨੁਸਾਰ ਕੀਤੀ ਹੈ

ਆਚਾਰੀਆ ਆਨੰਦਵਰਧਨ ਅਨੁਸਾਰ

  • ਜਿੱਥੇ ਅਰਥ ਆਪਣੇ ਆਪ ਨੂੰ ਅਤੇ ਸ਼ਬਦ ਆਪਣੇ ਅਭਿਧਾਮੂਲਕ ਅਰਸ਼ (ਵਾਚਯ ਅਰਥ) ਨੂੰ ਗੌਣ ਕਰਕੇ ਕਿਸੇ ਵਿਸ਼ੇਸ਼ ਅਰਥ ਨੂੰ ਵਿਅਕਤ ਕਰੇ ਤਇਸ ਪ੍ਰਕਾਰ ਦਾ ਵਿਸ਼ੇਸ਼ ਕਾਵਿ ‘ਧੁਨੀ ਕਾਵਿ’ ਹੈ।”
  • ਮਹਾਨ ਕਵੀਆਂ ਦੀ ਬਾਣੀ ਵਿੱਚ ਧੁਨੀ ਇਸ ਪ੍ਰਕਾਰ ਸਮਾਈ ਹੁੰਦੀ ਹੈ ਜਿਵੇਂ ਕਿਸੇ ਜਵਾਨ ਸੁਨੱਖੀ ਔਰਤ ਦੇ ਵੱਖ-ਵੱਖ ਸੋਹਣੇ ਸਰੀਰਕ ਅੰਗਾਂ ਤੋਂ ਵੀ ਵੱਖਰੀ ਕੋਈ ਸੁੰਦਰਤਾ ਦੀ ਸ਼ੋਭਾ ਰਹਿੰਦੀ ਹੈ।”
  • ਧੁਨੀ ਯੁਕਤ ਹੋ ਕੇ ਮਹਾਂਕਵੀਆਂ ਦੀ ਬਾਈ (ਰਚਨਾ) ਧੰਨ ਹੋ ਜਾਂਦੀ ਹੈ ਅਤੇ ਉਸ ਤੋਂ ਅਲੌਕਿਕ ਸੋਂਦਰਯ ਦੀ ਅਭਿਵਿਅਕਤੀ ਹੁੰਦੀ ਹੈ। ਉਸ ਸੁਆਦੀ (ਰਸ ਭਾਵ ਰੂਪ) ਅਰਥ ਤੱਤ ਨੂੰ ਪ੍ਰਵਾਹਿਤ ਕਰਨ ਵਾਲੀ ਮਹਾਂਕਵੀਆਂ ਦੀ ਬਾਣੀ ਉਹਨਾਂ ਦੀ ਵਿਸ਼ੇਸ਼ ਅਲੌਕਿਕ ਪ੍ਰਤਿਭਾ ਨੂੰ ਪ੍ਰਗਟ ਕਰਦੀ ਹੈ।’’[3]
  • ਅਨੰਦਵਰਧਨ ਨੇ ਧੁਨੀ ਦੀ ਪਰਿਭਾਸ਼ਾ ਉਲਕੀਦਿਆ ਲਿਖਿਆ ਹੈ ਕਿ "ਜਿੱਥੇ ਸ਼ਬਦ ਤੇ ਅਰਥ ਦੋਵੇਂ ਆਪਣੇ ਆਪ ਨੂੰ ਅਪ੍ਰਧਾਨ ਬਣਾ ਕੇ ਵਿਅੰਜਨਾਂ ਸ਼ਕਤੀ ਦੇ ਜ਼ੋਰ ਨਾਲ ਵਿਅੰਗਾਰਥ ਨੂੰ ਪ੍ਰਗਟਾਉਂਦੇ ਹਨ। ਉਸ ਕਾਵਿ ਨੂੰ ਧੁਨੀ ਕਿਹਾ ਜਾਂਦਾ ਹੈ।[4]

ਉਪਰੋਕਤ ਪਰਿਭਾਸ਼ਾ # ਦੇ ਸੰਦਰਭ ਵਿੱਚ ਹੇਠ ਲਿਖੀ ਉਦਾਹਰਣ ਦੇਖ ਸਕਦੇ ਹਾਂ।

ਤੂੰ ਏਨਾਂ ਪਾਰਦਰਸ਼ੀ ਏ ਕਿ ਧੋਖਾ ਜਿਹਾ ਲੱਗਦਾ ਹੈ
 ਮੈਂ ਤੇਰਾ ਸੱਚ ਤੱਕਣਾ ਹੈ, ਜ਼ਰਾ ਤੂੰ ਧੁੰਧਲਕਾ ਦੇਦੇ

ਇਹਨਾਂ ਕਾਵਿ ਸਤਰਾਂ ਨੂੰ ਪੜ੍ਹ ਕੇ ਕਵਿਤਾ ਵਿੱਚ ਇਹ ਅਲੰਕਾਰੀ ਜਾਪਦੀਆਂ ਹਨ। ਇਸ ਪ੍ਰਕਾਰ ਉਪਰੋਕਤ ਧੁਨੀ ਸੰਬੰਧੀ ਪਰਿਭਾਸ਼ਾ ਤੋਂ ਇੱਕ ਅਰਥ ਇਹ ਵੀ ਸਪਸ਼ਟ ਹੁੰਦਾ ਹੈ ਕਿ ਧੁਨੀ ਵਿਅੰਗ ਅਰਥ ਤੋਂ ਵੀ ਵੱਧ ਕੇ ‘ਕੁੱਝ ਹੋਰ’ ਹੁੰਦੀ ਹੈ। ਆਚਾਰੀਆ ਆਨੰਦ ਵਰਧਨ ਦੀ ਧੁਨੀ ਸੰਬੰਧੀ ਧਾਰਣਾ ਦੇ ਵਿਸ਼ਲੇਸ਼ਣ ਦੇ ਆਧਾਰ `ਤੇ ਕਿਹਾ ਜਾ ਸਕਦਾ ਹੈ ਕਿ ਧੁਨੀ ਸਿਧਾਂਤ ਕਾਫ਼ੀ ਵਿਆਪਕ ਸਿਧਾਂਤ ਹਨ। ਇਸਦੇ ਸੰਚਾਲਕਾਂ ਨੇ ਹੋਰ ਸਿਧਾਂਤਾਂ ਦੀ ਸਮਾਈ ਵੀ ਇਸ ਵਿੱਚ ਕਰਨ ਦਾ ਯਤਨ ਕੀਤਾ ਹੈ। ਇਸ ਸਿਧਾਂਤ ਅਨੁਸਾਰ ਵਾਚਕ ਸ਼ਬਦ ਅਤੇ ਵਾਚੁਯ ਅਰਥ ਆਪਣੀ-ਆਪਣੀ ਹੋਂਦ ਨੂੰ ਗੌਣ ਕਰਕੇ ਜਿਸ ਅਰਥ ਨੂੰ ਪ੍ਰਕਾਸ਼ਿਤ ਕਰਦੇ ਹਨ, ਉਹ ਧੁਨੀ ਜਾਂ ਵਿਅੰਗ ਅਰਥ ਅਖਵਾਉਂਦੇ ਹਨ।

ਮੰਮਟ ਅਨੁਸਾਰ

ਜਿੱਥੇ ਮੁੱਖ ਅਰਥ ਨਾਲੋਂ ਵਿਅੰਗਾਰਥ ਵਿੱਚ ਵਧੇਰੇ ਚਮਤਕਾਰ ਤੇ ਕਾਵਿਕ ਸੁਹਜ ਹੋਵੇ ਉਸਨੂੰ ਧੁਨੀ ਕਿਹਾ ਜਾਂਦਾ ਹੈ।

ਡਾ: ਤ੍ਰਿਗੁਣਾਯਤ

ਵਿਅੰਜਨਾਂ ਸ਼ਕਤੀ ਨਾਲ ਪ੍ਰਾਪਤ ਅਰਥ ਨੂੰ ਧੁਨੀ ਕਿਹਾ ਜਾਂਦਾ ਹੈ।

ਵਿਸ਼ਵਨਾਥ ਆਨੁਸਾਰ,

" ਜਿੱਥੇ ਸ਼ਬਦ ਜਾਂ ਅਰਥ ਖ਼ੁਦ ਸਾਧਨ ਹੋ ਕੇ ਕਿਸੇ ਚਮਤਕਾਰ ਅਰਥ ਨੂੰ ਉਜਾਗਰ ਕਰਨ ਉਹ ਧੁਨੀ ਕਾਵਿ ਹੈ"।

ਪ੍ਰੋ. ਈਸ਼ਰ ਸਿੰਘ ਤਾਂਘ ਅਨੁਸਾਰ

[ਸੋਧੋ]
  • ਸ਼ਬਦ ਯੰਤਰ ਦੇ ਸੰਜੋਗ ਤੇ ਵਿਜੋਗ ਨਾਲ ਜੋ ਸਫੋਟ ਪੈਦਾ ਹੁੰਦਾ ਹੈ, ਉਹ ਧੁਨੀ ਹੈ*

[5] ਇਸ ਪਰਿਭਾਸ਼ਾ ਅਨੁਸਾਰ ਸੰਜੋਗ ਤੇ ਵਿਜੋਗ ਭਾਵ ‘ਲਿਖਦਿਆਂ’ ਤੇ ਲਿਖ ਦਿਆਂ ਆਦਿ ਵਾਕ ਬਣਤਰ ਰਾਹੀਂ ਪੈਦਾ ਹੋਏ ਸਫੋਟ ਨੂੰ ਧੁਨੀ ਕਿਹਾ ਗਿਆ ਹੈ। ਇਸ ਵਿੱਚ ਸ਼ਬਦਾਂ ਦੇ ਸੰਜੋਗ ਤੇ ਵਿਜੋਗ ਤੇ ਵਧੇਰੇ ਫੋਕਸ ਕੀਤਾ ਗਿਆ ਹੈ।

ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਅਨੁਸਾਰ

[ਸੋਧੋ]
  • ਧੁਨੀ ਇੱਕ ਤਕਨੀਕੀ ਸ਼ਬਦ ਹੈ। ਕਾਵਿ ਦੇ ਪ੍ਰਸੰਗ ਵਿੱਚ ਧੁਨੀ ਉਹ ਕਾਵਿ ਹੈ ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ।

[6]

ਉਪਰੋਕਤ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਕਾਵਿ ਦੇ ਸੰਦਰਭ ਵਿੱਚ ਧੁਨੀ, ਰਮਜ਼ੀਆਂ (ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ। ਸੁਝਾਊ ਕਵਿਤਾ, ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ ਜਾ ਸਕਦਾ ਹੇ। ਜਿੱਥੇ ਸੰਕੇਤਿਤ ਜਾਂ ਸਾਧਾਰਣ ਅੱਖਰੀ ਅਰਥ ਵਿਚੋਂ ਇੱਕ ਨਵੇਂ ਚਮਤਕਾਰੀ ਤੇ ਰਮਣੀਕ ਅਰਥ ਦੀ ਝਲਕ ਉੱਭਰਦੀ ਹੋਵੇ ਜਿਹੜੀ ਵਿਅੰਜਨਾਂ ਸ਼ਕਤੀ ਦੁਆਰਾ ਪ੍ਰਗਟ ਹੋਵੇ ਉਸਨੂੰ ਧੁਨੀ ਕਾਵਿ ਕਿਹਾ ਜਾਂਦਾ ਹੈ।

ਧੁਨੀ ਇਕ ਤਕਨੀਕੀ ਸ਼ਬਦ ਹੈ। ਕਾਵਿ ਦੇ ਪ੍ਰਸੰਗ ਵਿੱਚ ਧੁਨੀ ਉਹ ਕਾਵਿ ਹੈ ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਸਬੰਧਤ ਕਾਵਿ ਟੋਟੇ ਦਾ ਸੌਦਰਯ ਅਜਿਹੀ ਰਮਜ਼ ਉੱਤੇ ਹੀ ਆਧਾਰਿਤ ਹੁੰਦਾ ਹੈ।

ਧੁਨੀ ਦੀ ਸਥਿਤੀ ਅਨੁਸਾਰ ਕਾਵਿ-ਭੇਦ

[ਸੋਧੋ]

ਧੁਨੀ ਜਾਂ ਵਿਅੰਗ ਅਰਥ ਦੀ ਸਥਿਤੀ ਅਨੁਸਾਰ ਆਚਾਰੀਆ ਆਨੰਦਵਰਧਨ ਨੇ ਕਾਵਿ ਦੇ ਮੁੱਖ ਤੌਰ `ਤੇ ਤਿੰਨ ਭੇਦ ਮੰਨੇ ਹਨ

ਉਤਮ ਕਾਵਿ

ਇਸ ਵਿੱਚ ਲਕਸ਼ਣਾ ਅਰਥ ਸਪਸ਼ਟ ਹੁੰਦਾ ਹੈ ਅਤੇ ਵਿਅੰਗ ਅਰਥ ਦੀ ਪ੍ਰਧਾਨਤਾ ਹੁੰਦੀ ਹੈ। ਇਸ ਨੂੰ ਧੁਨੀ ਕਾਵਿ ਵੀ ਕਿਹਾ ਜਾਂਦਾ ਹੈ। ਉਦਾਹਰਣ

ਕੱਲ੍ਹ ਵਾਰਿਸ ਸ਼ਾਹ ਨੂੰ ਵੰਡਿਆ ਸੀ
ਅੱਜ ਸ਼ਿਵ ਕੁਮਾਰ ਦੀ ਵਾਰੀ ਏ।
ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ
ਨਵਿਆਂ ਦੀ ਹੋਰ ਤਿਆਰੀ ਏ।

ਮੱਧਮ ਕਾਵਿ

ਇਸ ਵਿੱਚ ਅਭਿਧਾ ਅਰਥ ਤੋਂ ਬਿਨਾਂ ਲਕਸ਼ਣਾ ਅਰਥ ਵੀ ਵਿਅੰਜਿਤ ਹੁੰਦਾ ਹੈ। ਇਸ ਨੂੰ ਗੁਣੀਭੂਤ ਵਿਅੰਗ ਕਾਵਿ ਦਾ ਨਾਂ ਵੀ ਦਿੱਤਾ ਜਾਂਦਾ ਹੈ।

ਅੱਧਮ ਕਾਵਿ

ਇਸ ਵਿੱਚ ਅਭਿਧਾ ਅਰਥ ਦੀ ਪ੍ਰਧਾਨਤਾ ਹੁੰਦੀ ਹੈ। ਇਸ ਨੂੰ ਚਿੱਤਰ ਕਾਵਿ ਵੀ ਕਿਹਾ ਜਾਂਦਾ ਹੈ।

ਧੁਨੀ ਦੇ ਭੇਦ

[ਸੋਧੋ]

ਅਨੰਦਵਰਧਨ ਤੇ ਉਸਦੇ ਅਨੁਯਾਈ ਮੰਮਟ ਧੁਨੀ ਦੇ ਤਿੰਨ ਭੇਦ ਮੰਨਦੇ ਹਨ।

ਵਸਤੂ ਧੁਨੀ

(ਜਿੱਥੇ ਵਿਅੰਗਾਰਥ ਦੀ ਸ਼ਕਲ ਵਿਚ ਕਿਸੇ ਯਥਾਰਥ ਭਾਂਤ ਆਮ ਵਸਤੂ ਦੀ ਗੱਲ ਨੂੰ ਸਮਝਾਇਆ ਜਾਵੇ, ਕੋਈ ਅਲੰਕਾਰ ਜਾਂ ਰਸ ਨਾ ਹੋਵੇ ਉਸਨੂੰ ਵਸਤੂ ਧੁਨੀ ਕਿਹਾ ਜਾਂਦਾ ਹੈ)

ਕਾਵਿ ਵਿੱਚ ਜਿੱਥੇ ਵਸਤੂ ਵਾਦਨ, ਪ੍ਰਕ੍ਰਿਤੀ ਜਾਂ ਸਥਾਨ ਆਦਿ ਦਾ ਚਿਤਰਣ ਹੋਵੇ, ਉਹ ਵਸਤੂ ਧੁਨੀ ਹੈ ਜਿਵੇਂ

ਜੰਗ ਆਜ਼ਾਦੀ ਖੁਲ੍ਹਾ ਲੜਨਾ,
ਫੌਜਾਂ ਨਾਲ ਰਲਾ ਕੇ।
ਇਨਕਲਾਬੀਆਂ ਵਿਉਂਤ ਬਣਾਈ,
ਜਿਸ ਗੱਭਰੂ ਨੂੰ ਪਾ ਕੇ।
ਉਹ ਮਸਫੁਟ ਗੱਭਰੂ ਸਰਾਭੇ ਦਾ,
ਕਰਤਾਰ ਸਿੰਘ ਸੀ ਸੂਰਾ।
ਉਨ੍ਹੀ ਸੌ ਸੋਲ੍ਹਾਂ ਵਿੱਚ ਹੱਸ ਹੱਸ,
ਫਰਜ਼ ਨਿਭਾ ਗਿਆ ਪੂਰਾ।

ਅਲੰਕਾਰ ਧੁਨੀ

(ਅਲੰਕਾਰ ਧੁਨੀ ਨੂੰ ਵਿਅੰਗ ਕਿਸੇ ਅਲੰਕਾਰ ਦਾ ਰੂਪ ਧਾਰਣ ਕਰਦਾ ਹੈ, ਅਰਥਾਤ ਅਲੰਕਾਰ ਨੂੰ ਸੁਲਝਾਉਂਦਾ ਹੈ)

ਜਿਸ ਕਵਿਤਾ ਵਿਚਲੀ ਧੁਨੀ ਦਾ ਆਧਾਰ ਅਲੰਕਾਰਾਂ ਦਾ ਚਮਤਕਾਰ ਹੋਵੇ, ਉਸ ਨੂੰ ਅਲੰਕਾਰ ਮੁਨੀ ਕਿਹਾ ਜਾਂਦਾ ਹੈ ਜਿਵੇਂ,

 
ਸੂਹੇ ਫੁੱਲਾਂ ਦੀ ਅੱਗ ਨੂੰ ਹੱਥ ਲਾਇਆ,
ਜਿਸ ਦੇ ਪੋਟਿਆਂ ਤੇ ਛਾਲੇ ਊਠਦੇ ਸਨ।
ਜਿਸਦੇ ਡਲ੍ਹਹਦੇ ਹੁਸਨ ਦੀ ਸੋਟ ਵੇਲੇ,
ਸੂਰਜ ਚੰਦ ਵਰਗੇ ਨੂਰ ਝੁਲਦੇ ਸਨ।

ਰਸ ਧੁਨੀ

ਜਿੱਥੇ ਵਿਅੰਗਾਰਥ ਕੋਈ ਰਸ ਰੂਪ ਪ੍ਰਗਟ ਹੁੰਦਾ ਹੋਵੇ ਉੱਥੇ ਰਸ ਧੁਨੀ ਹੁੰਦੀ ਹੈ।

ਉਹ ਕਵਿਤਾ ਜਿਸ ਵਿੱਚੋਂ ਰਸ ਅਤੇ ਭਾਵਾਂ ਦੀ ਅਨੁਭੂਤੀ ਹੋਵੇ, ਉਹ ਰਸ ਧੁਨੀ ਹੈ, ਜਿਵੇਂ

ਮੈਂ ਤਾਂ ਚੜ੍ਹ ਕੇ ਕਿਲ੍ਹਾ ਕੰਧਾਰ ਦਾ,
ਸੁਣੇ ਬੁਰਜੀ ਢਾਹਾਂ।
ਏਹ ਸਾੜਾਂ ਬਾਲਾਗਾਹ ਮੈਂ,
ਦੇ ਅੱਗੀਂ ਤਾਹਾਂ।
ਕਾਬਲ ਰੋਣ ਪਠਾਣੀਆਂ,
ਕਰ ਖਲੀਆਂ ਬਾਹਾਂ।

ਵਸਤੂ ਧੁਨੀ ਤੋਂ ਭਾਵ ਕੋਈ ਵਿਚਾਰ ਜਾਂ ਖਿਆਲ ਹੈ । ਜਿਸ ਕਾਵਿ ਵਿੱਚ ਵਿਅੰਜਨਾਂ ਸ਼ਕਤੀ ਦੁਆਰਾ ਕਿਸੇ ਵਿਚਾਰ ਨੂੰ ਸੁਝਾਇਆ ਜਾਵੇ ਉਥੇ ਵਸਤੂ ਧੁਨੀ ਹੁੰਦੀ ਹੈ। ਪਰ ਜਿੱਥੇ ਸੁਝਾਅ ਰੂਪ ਵਿੱਚ ਕੋਈ ਅਲੰਕਾਰ ਵਿਅਕਤ ਹੋਵੇ ਉਹ ਅਲੰਕਾਰ ਧੁਨੀ ਹੈ। ਰਸ ਧੁਨੀ ਤੋਂ ਭਾਵ ਕਾਵਿ ਵਿੱਚ ਰਸ ਦੀ ਉਤਪੱਤੀ ਹੈ,ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮਹਿਸੂਸ ਕੀਤਾ ਜਾਂਦਾ ਹੈ। ਧੁਨੀ ਭੇਦਾਂ ਵਿਚੋਂ ਰਸ ਧੁਨੀ ਨੂੰ ਸ਼੍ਰੇਸ਼ਟ ਮੰਨਿਆ ਗਿਆ ਹੈ, ਉਦਾਹਰਨ:

ਵੇਖ - ਵੇਖ ਸੂਰਜ ਦਾ ਘੇਰਾ

ਚੇਤੇ ਆਵੇ ਖੇਹਨੂੰ ਤੇਰਾ

ਜਿਉਂ- ਜਿਉਂ ਪੈਂਦਾ ਜਾਏ ਹਨੇਰਾ

ਤਿਉਂ-ਤਿਉਂ ਨ੍ਹੇਰ ਮਚਾਵਨ ਜ਼ੁਲਫਾਂ ਤੇਰੀਆਂ

ਇਸ ਬੰਦ ਵਿੱਚ ਰਸ ਧੁਨੀ ਵੀ ਹੈ, ਅਲੰਕਾਰ ਧੁਨੀ ਵੀ । ਵਿਯੋਗ ਰਸ ਦੀ ਵਿਅੰਜਨਾਂ ਅਤੇ 'ਨ੍ਹੇਰ'ਮਚਾਵਣਾ ਮੁਹਾਵਰਾ ਹੈ ਪਰ ਨ੍ਹੇਰ ਦਾ ਅਰਥ ਕਹਿਰ ਢਾਉਣਾ ਵੀ ਹੈ , ਖਾਲੀ ਹਨੇਰਾ ਪਾਉਣਾ ਹੀ ਨਹੀਂ ਇਹ ਅਲੰਕ੍ਹਿਤ ਬਿਆਨ ਹੈ।

ਧੁਨੀ ਦੇ ਉਪਰੋਕਤ ਤਿੰਨ ਭੇਦਾਂ ਤੋਂ ਇਲਾਵਾ ਡਾ. ਗੁਰਸ਼ਰਨ ਕੌਰ ਜੱਗੀ ਨੇ ਆਪਣੀ ਪੁਸਤਕ ‘ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ’ ਵਿਚਲੇ ਅਧਿਆਇ,ਧੁਨੀ ਸੰਪਰਦਾਇ ਵਿੱਚ ਧੁਨੀ ਦੇ ਦੋ ਹੇਠ ਲਿਖੇ ਭੇਦ ਸਪਸ਼ਟ ਕੀਤੇ ਹਨ।

ਡਾ. ਗੁਰਸ਼ਰਨ ਕੌਰ ਜੱਗੀ ਅਨੁਸਾਰ

[ਸੋਧੋ]

ਭਾਵੇਂ ਆਚਾਰੀਆਂ ਨੇ ਧੁਨੀ ਦੇ ਭੇਦਾਂ ਦੀ ਗਿਣਤੀ ਹਜ਼ਾਰਾਂ ਤੱਕ ਕਰਕੇ ਆਪਣੀ ਸੂਖਮ ਪ੍ਰਤਿਭਾ ਦਾ ਸਬੂਤ ਦਿੱਤਾ ਹੈ ਪਰ ਮੁੱਖ ਤੌਰ `ਤੇ ਧੁਨੀ ਦੇ ਦੋ ਭੇਦ ਹੀ ਮੰਨੇ ਗਏ ਹਨ - ਅਵਿਵਕਸ਼ਿਤ ਵਾਚਯ ਧੁਨੀ ਅਤੇ ਵਿਵਕੁਸ਼ਿਤ ਵਾਚਯ ਧੁਨੀ। ਇਹਨਾਂ ਨੂੰ ਕ੍ਰਮਵਾਰ ਲਕਸ਼ਣਾ - ਮੂਲਾ ਧੁਨੀ ਅਤੇ ਅਭਿਧਾ-ਮੂਲਾ ਧੁਨੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਮੂਲ ਵਿੱਚ ਲਕਸ਼ਣਾ ਅਤੇ ਅਭਿਧਾ ਸ਼ਬਦ ਸ਼ਕਤੀਆਂ ਰਹਿੰਦੀਆਂ ਹਨ।

ਧੁਨੀ ਦੇ ਇਹਨਾਂ ਭੇਦਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ

ਅਵਿਵਕੁਸ਼ਿਤ ਵਾਚਯ ਧੁਨੀ

[ਸੋਧੋ]

ਇਸ ਧੁਨੀ ਨੂੰ ਲੱਖਣਾ ਮੂਲਾ ਧੁਨੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦੇ ਮੂਲ ਵਿੱਚ ਲਕਸ਼ਣਾ ਸ਼ਬਦ ਸ਼ਕਤੀ ਹੁੰਦੀ ਹੈ ਅਤੇ ਵਾਚਯ ਅਰਥ ਵੀ ਵਿਵਕਸ਼ਾ ਭਾਵ ਕਹਿਣ ਦੀ ਇੱਛਾ ਨਹੀਂ ਰਹਿੰਦੀ। ਇਸ ਵਿੱਚ ਵਾਚਯ ਅਰਥ ਜਾਂ ਤਾਂ ਦੂਜੇ ਅਰਥ ਵਿੱਚ (ਸੰਕ੍ਰਾਂਤ) ਪ੍ਰਵੇਸ਼ ਕਰ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਤਿਰਸਕ੍ਰਿਤ ਹੋ ਜਾਂਦਾ ਹੈ। ਜਿਵੇਂ

ਸਾਰੇ ਇਸ਼ਕ ਸਰਾਪੇ ਜਾਂਦੇ, ਏਥੇ ਕੋਈ ਹੁਸਨ ਨਾ ਪੁੱਗੇ।
ਸਭੋ ਰਾਤਾਂ ਸਾਖੀ ਹੋਈਆਂ, ਅੱਖੀਆਂ ਬਹਿ ਬਹਿ ਤਾਰੇ ਚੁੱਗੇ।

ਅਵਿਵਕੁਸ਼ਿਤ ਵਾਚਯ੍ ਧੁਨੀ ਦੇ ਅੱਗੋਂ ਦੇ ਪ੍ਰਮੁੱਖ ਭੇਦ ਹਨ

ਅਵਿਵਕੁਸ਼ਿਤ ਵਾਚਯ੍ ਧੁਨੀ

[ਸੋਧੋ]

ਅਰਥਾਂਤਰ ਸੰਕ੍ਰਮਿਤ ਵਾਚਯ੍ ਧੁਨੀ

ਇਸ ਧੁਨੀ ਵਿੱਚ ਵਾਚਯ ਅਰਥ ਕਿਸੇ ਦੂਜੇ ਅਰਥ ਵਿੱਚ ਸੰਕ੍ਰਾਂਤ (ਪ੍ਰਵੇਸ਼) ਕਰ ਜਾਂਦਾ ਹੈ ਜਾਂ ਚਲਾ ਜਾਂਦਾ ਹੈ। ਇਸ ਵਿੱਚ ਸੁੱਖ ਅਰਥ ਵਿੱਚ ਰੁਕਾਵਟ ਪੈਣ `ਤੇ ਉਸ ਦਾ ਮਤਲਬ ਹੋਰ ਅਰਥ ਵਿੱਚ ਬਦਲ ਜਾਂਦਾ ਹੈ।

ਅਤਿਅੰਤ ਤਿਰਸਕ੍ਰਿਤ ਵਾਚਯ੍ ਧੁਨੀ

ਇਸ ਧੁਨੀ ਵਿੱਚ ਵਾਚਯ੍ ਅਰਥ ਵਿਅੰਗ ਅਰਥ ਦੇ ਪ੍ਰਗਟਾਵੇ ਲਈ ਅਤਿਅੰਤ ਤਿਰਸਕ੍ਰਿਤ ਹੋ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਦੱਬ ਜਾਂਦਾ ਹੈ।

ਵਿਵਕੁਸ਼ਿਤ ਵਾਚਯ੍ ਧੁਨੀ

[ਸੋਧੋ]

ਇਸ ਨੂੰ ਅਭਿਧਾ ਸੂਲਕ ਧੁਨੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦੇ ਮੂਲ ਵਿੱਚ ਅਭਿਧਾ ਸ਼ਬਦ ਸ਼ਕਤੀ ਹੁੰਦੀ ਹੈ। ਇਸ ਵਿੱਚ ਮੁੱਖ ਅਰਥ ਨੂੰ ਪ੍ਰਗਟ ਕਰਨ ਦੀ ਇੱਛਾ ਰਹਿੰਦੀ ਤਾਂ ਜਰੂਰ ਹੈ ਪਰ ਉਹ ਹੋਰ ਅਰਥ ਉੱਤੇ ਹੁੰਦੀ ਹੇ। ਕਹਿਣ ਤੋਂ ਭਾਵ ਹੈ ਕਿ ਵਾਚਯ੍ ਅਰਥ ਵਿਅੰਗ ਅਰਥ ਨੂੰ ਪ੍ਰਕਾਸ਼ਿਤ ਕਰਦਾ ਹੈ। ਵਾਚਯ੍ ਅਰਥ ਦਾ ਗਿਆਨ ਹੋਣ `ਤੇ ਹੀ ਵਿਅੰਗ ਅਰਥ ਦੀ ਪ੍ਰਤੀਤੀ ਹੁੰਦੀ ਹੈ। ਜਿਵੇਂ

ਵਸਦੀ ਇਸ ਘਰ ਪੁੰਨਿਆ,
ਹਰ ਦਿਲ ਤੇ ਹਰ ਵਾਰ।
ਅੜੀਏ! ਤੇਰਾ ਮੁੱਖੜਾ,
ਚਾਨਣ ਭਰੀ ਬਹਾਰ।

ਅਵਿਵਕੁਸ਼ਿਤ ਵਾਚਯ੍ ਧੁਨੀ ਦੇ ਅੱਗੋਂ ਦੇ ਪ੍ਰਮੁੱਖ ਭੇਦ ਹਨ:

ਅਸੰਲਕੁਸ਼ਯ ਕ੍ਰਮ ਧੁਨੀ

ਜਿੱਥੇ ਵਿਅੰਗ ਦਾ ਕ੍ਰਮ ਲਕਸ਼ਿਤ ਨਹੀਂ ਹੁੰਦਾ,ਰਥਾਤ ਵਾਚਯ੍ ਅਰਥ ਤੋਂ ਵਿਅੰਗ ਅਰਥ ਦੀ ਪ੍ਰਤੀਤੀ ਇਤਨੀ ਤੇਜ਼ੀ ਨਾਲ ਹੁੰਦੀ ਹੈ ਕਿ ਉਸ ਤੋਂ ਅਗਲ-ਪਿਛਲ ਦਾ ਗਿਆਨ ਨਹੀਂ ਹੁੰਦਾ। ਇਸੇ ਵਿੱਚ ਭਾਵ, ਰਸ ਆਦਿ ਦੀਆਂ ਵਿਅੰਜਨਾਵਾਂ ਸ਼ਾਮਿਲ ਹੁੰਦੀਆਂ ਹਨ। ਇਸ ਨੂੰ ਰਸ ਧੁਨੀ ਦਾ ਨਾਂ ਵੀ ਦਿੱਤਾ ਜਾਂਦਾ ਹੈ।

ਸੰਲਕੁਸ਼ਯ ਕ੍ਰਮ ਧੁਨੀ

ਜਿੱਥੇ ਵਿਅੰਗ ਵਿੱਚ ਵਾਚਯ੍ ਅਰਥ ਤੋਂ ਵਿਅੰਗ ਅਰਥ ਦੇ ਬੋਧ ਦਾ ਕ੍ਰਮ ਪੂਰੀ ਤਰ੍ਹਾਂ ਲਕਸ਼ਿਤ ਹੁੰਦਾ ਹੈ। ਇਸ ਵਿੱਚ ਵਸਤੂ ਅਤੇ ਅਲੰਕਾਰ ਦੀਆਂ ਵਿਅੰਜਨਾਵਾਂ ਸ਼ਾਮਲ ਹੁੰਦੀਆਂ ਹਨ, ਜੋ ਜਾਂ ਤਾਂ ਸ਼ਬਦ ਦੀ ਜਾਂ ਅਰਥ ਦੀ ਜਾਂ ਸ਼ਬਦ ਅਤੇ ਅਰਥ ਦੋਹਾਂ ਦੀਆਂ ਸ਼ਕਤੀਆਂ ਤੋਂ ਉਤਪੰਨ ਹੋਇਆ ਕਰਦੀ ਹੈ।

ਇਸ ਤਰ੍ਹਾਂ ਵਿਵਕੁਸ਼ਿਤ ਵਾਚਯ ਧੁਨੀ ਵਿੱਚ ਰਸ, ਵਸਤੂ ਅਤੇ ਅਲੰਕਾਰ ਦੀਆਂ ਵਿਅੰਜਨਾਵਾਂ ਦਾ ਸਰੂਪ ਸਪਸ਼ਟ ਹੁੰਦਾ ਹੇ। ਇਹਨਾਂ ਤਿੰਨ ਤਰ੍ਹਾਂ ਦੀਆਂ ਵਿਅੰਜਨਾਵਾਂ ਵਿੱਚੋਂ ਆਨੰਦ ਵਰਧਨ ਨੇ ਰਸ ਧੁਨੀ ਨੂੰ ਸਭ ਤੋਂ ਸ੍ਰੇਸ਼ਠ ਸਥਾਨ ਪ੍ਰਧਾਨ ਕੀਤਾ ਹੈ। ਇਸ ਤੋਂ ਸਪਸ਼ਟ ਹੈ ਕਿ ਜੇਕਰ ਧੁਨੀ ਕਾਵਿ ਦੀ ਆਤਮਾ ਹੈ ਤਾਂ ਰਸ ਧੁਨੀ ਦੀ ਆਤਮਾ ਹੈ।

ਧੁਨੀ ਸੰਪਰਦਾਇ ਦੀ ਸਥਾਪਨਾ ਆਚਾਰੀਆ ਆਨੰਦ ਵਰਧਨ ਦੇ ਗ੍ਰੰਥ ‘ਧਵਲਯਾਲੋਕ’ ਨਾਲ ਹੋਈ। ਇਸ ਤੋਂ ਮਗਰੋਂ ਇਸ ਸੰਪਰਦਾਇ ਸੰਬੰਧੀ ਦੋ ਧਾਰਨਾਵਾਂ ਪ੍ਰਚਲਿਤ ਹੋਈਆਂ।

ਧੁਨੀ ਅਤੇ ਸ਼ਬਦ ਸ਼ਕਤੀਆਂ:ਕਵਿਤਾ ਵਿੱਚ ਅਸੀਂ ਜਿਸ ਧੁਨੀ ਦੀ ਚਰਚਾ ਕਰ ਰਹੇ ਹਾਂ ਉਸ ਧੁਨੀ ਦਾ ਮਾਧਿਅਮ ਸ਼ਬਦ ਹੈ । ਸ਼ਬਦ ਵਿੱਚੋ ਹੀ ਵਿਅੰਗ ਅਤੇ ਰਮਜ਼ਾਂ ਫੁੱਟ - ਫੁੱਟ ਨਿਕਲਦੀਆਂ ਹਨ । ਧੁਨੀ ਦਾ ਸਾਰਾ ਦਾਰੋ-ਮਦਾਰ ਸ਼ਬਦਾਂ ਉੱਤੇ ਹੈ ਇਸ ਲਈ ਸ਼ਬਦ ਹੀ ਧੁਨੀ ਦਾ ਅਧਾਰ ਹਨ । ਪਰੰਤੂ ਸਬਦ ਤੋਂ ਧੁਨੀ ਤੱਕ ਦੀ ਯਾਤਰਾ ਕਰਨ ਲਈ ਭਾਰਤੀ ਅਲੋਚਕਾਂ ਨੇ ਸ਼ਬਦ ਸ਼ਕਤੀਆਂ ਦੀ ਕਲਪਨਾ ਕੀਤੀ ਹੈ । ਸ਼ਬਦ ਸ਼ਕਤੀਆਂ ਦੇ ਸਹਾਰੇ ਹੀ ਕੋਈ ਸ਼ਬਦ ਕਾਵਿ ਦੇ ਵਾਤਾਵਰਨ ਵਿੱਚੋਂ ਕੋਈ ਨਵੀਂ ਅਤੇ ਅਨੋਖੀ ਧੁਨੀ ਕੱਢਦਾ ਹੈ , ਕੋਈ ਅਦੁਭਤ ਰਮਜ਼ ਦੇਣ ਦੇ ਸਮਰੱਥ ਹੁੰਦਾ ਹੈ । ਇਸ ਲਈ ਕਾਵਿ ਧੁਨੀ ਤੱਕ ਪੰਹੁਚਨ ਲਈ ਅਰਥ ਨੂੰ ਸ਼ਬਦ ਦੀਆਂ ਭਿੰਨ - ਭਿੰਨ ਸ਼ਕਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਹਨਾਂ ਦੇ ਸਹਾਰੇ ਨਾਲ ਭਿੰਨ - ਭਿੰਨ ਅਰਥ ਪਰਗਟ ਹੁੰਦੇ ਹਨ । ਇਹ ਸ਼ਬਦ ਸ਼ਕਤੀਆਂ ਹੇਠ ਲਿਖੇ ਅਨੁਸਾਰ ਹਨ:

  • .ਅਭਿਧਾ ਸ਼ਕਤੀ
  • ਲਕਸ਼ਣਾ ਸ਼ਕਤੀ
  • ਵਿਅੰਜਨਾ ਸ਼ਕਤੀ

ਅਭਿਧਾ ਸ਼ਕਤੀ :ਜਗਨਨਾਥ ਦੇ ਵਿਚਾਰ ਅਨੁਸਾਰ ਅਭਿਧਾ-ਸ਼ਕਤੀ ਸ਼ਬਦ ਦੀ ਉਸ ਕਿਰਿਆ ਨੂੰ ਕਹਿੰਦੇ ਹਨ ਜਿੱਥੇ ਅਰਥ ਦਾ ਸ਼ਬਦ ਵਿੱਚ ਤੇ ਸ਼ਬਦ ਦਾ ਅਰਥ ਵਿੱਚ ਪ੍ਰਤੱਖ ਸਬੰਧ ਹੋਵੇ। ਇਹਨਾਂ ਸ਼ਬਦ ਸ਼ਕਤੀਆਂ ਵਿੱਚੋਂ ਪਹਿਲੀ ਅਤੇ ਮੁੱਢਲੀ ਸ਼ਬਦ ਸ਼ਕਤੀ, ਅਭਿਧਾ ਸ਼ਕਤੀ ਹੈ। ਅਭਿਧਾ ਸ਼ਕਤੀ ਸ਼ਬਦ ਦੇ ਮੁੱਢਲੇ ਅਰਥ ਦਾ ਬੋਧ ਹੁੰਦਾ ਹੈ। ਅਭਿਧਾ ਸ਼ਕਤੀ ਰਾਹੀਂ ਹੀ ਅਸੀ ਮੁੱਢਲੇ,ਪਹਿਲੇ ਜਾਂ ਆਮ ਪ੍ਰਚੱਲਿਤ ਅਰਥ ਜਾਨਣ ਵਿੱਚ ਸਮਰੱਥ ਹੁੰਦੇ ਹਾਂ । ਆਮ ਬਿਆਨੀਆਂ ਕਾਵਿ ਵਿੱਚ ਅਭਿਧਾ ਸ਼ਕਤੀ ਵਾਲਾ ਕਾਵਿ ਹੀ ਪ੍ਰਧਾਨ ਹੁੰਦਾ ਹੈ, ਜਿਵੇਂ:

ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ,

ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ।

ਕਈ ਉੱਠ ਕੇ ਹਾਲੀ਼ ਤਿਆਰ ਹੋਏ,

ਕਈ ਢੂੰਡਦੇ ਫਿਰਨ ਪਰਾਣੀਆਂ ਨੇ।

ਉਪਰੋਕਤ ਕਾਵਿ ਬੰਦ ਵਿੱਚ ਕਵੀ ਦਾ ਮਨੋਰਥ ਨਾ ਵਿਅੰਗ ਹੈ, ਨਾ ਕੋਈ ਸਦਾਚਾਰਕ ਉਪਦੇਸ਼, ਨਾ ਕੋਈ ਲੁਕਵੀਂ ਜਾਂ ਗੁੱਝੀ ਚੋਟ ਸਪੱਸ਼ਟ ਬਿਆਨ ਹੈ ਜੋ ਪੇਂਡੂ ਜੀਵਨ ਦੀ ਤਸਵੀਰ ਪੇਸ਼ ਕਰ ਰਿਹਾ ਹੈ । ਇਸ ਲਈ ਬੰਦ ਦੇ ਹਰੇਕ ਸ਼ਬਦ -ਚਿੜੀ,ਪਾਂਧੀ, ਮਧਾਣੀ ਆਦਿ ਆਮ ਕੋਸ਼ ਅਰਥ ਹੀ ਪ੍ਰਗਟ ਕਰਦੇ ਹਨ ਜੋ ਅਭਿਧਾ ਸ਼ਕਤੀ ਦੇ ਮਾਧਿਅਮ ਨਾਲ ਉਜਾਗਰ ਹੁੰਦੇ ਹਨ । ਇਸ ਤਰਾਂ ਸ਼ਬਦ ਅਤੇ ਅਰਥ ਦੇ ਦਰਮਿਆਨ ਸੰਧੀ ਸਥਾਪਤ ਕਰਨ ਵਾਲੀ ਅਭਿਧਾ ਸ਼ਕਤੀ ਹੈ।

ਲਕਸ਼ਣਾ ਸ਼ਕਤੀ: ਮੰਮਟ ਅਨੁਸਾਰ ਲਕਸ਼ਣਾ ਸ਼ਕਤੀ- ਮੁੱਖ ਅਰਥ ਦੇ ਰੁਕਣ ਤੇ ਰੂੜੀ (ਰੀਤ) ਜਾਂ ਕਿਸੇ ਮਨਰੋਥ ਨੂੰ ਲੈ ਕੇ ਜਿਸ ਸ਼ਕਤੀ ਦੇ ਦੁਆਰਾ ਮੁੱਖ ਅਰਥ ਨਾਲ ਸਬੰਧ ਰੱਖਣ ਵਾਲਾ ਕੋਈ ਹੋਰ ਅਰਥ ਨਿਕਲਦਾ ਹੋਵੇ ਉੱਥੇ ਲਕਸ਼ਣਾ ਸ਼ਕਤੀ ਹੁੰਦੀ ਹੈ।

ਕਵਿਤਾ ਵਿੱਚ ਕਵੀ ਸ਼ਬਦਾਂ ਦੀ ਵਿਉਂਤ ਬੰਦੀ ਇਸ ਤਰਾਂ ਕਰਦਾ ਹੈ ਕਿ ਉਹਨਾਂ ਵਿੱਚੋਂ ਨਿਕਲਣ ਵਾਲੇ ਅਰਥ ਆਮ ਜਾਂ ਕੋਸ਼ ਨਹੀਂ ਹੁੰਦੇ । ਜਦੋਂ ਸ਼ਬਦ ਦੂਜੈਲੇ ਅਰਥਾਂ ਦੇ ਧਾਰਨੀ ਹੁੰਦੇ ਹਨ ਤਾਂ ਇੱਥੇ ਸ਼ਬਦ ਦੀ ਲਕਸ਼ਣਾ ਸ਼ਕਤੀ ਕੰਮ ਕਰਦੀ ਹੈ । ਲਕਸ਼ਣਾ ਸ਼ਕਤੀ ਸਬਦਾਂ ਦੇ ਖੋਲ ਵਿੱਚ ਨਹੀਂ ਸਗੋਂ ਪ੍ਰਸੰਗ ਵਿੱਚ ਪਈ ਹੁੰਦੀ ਹੈ, ਜਿਵੇਂ:

ਅੱਖਿਓ ਜਾਂਚ ਸਿੱਖੋ ਦੇਖਣ ਦੀ,

ਰੂਪ ਦੁਹਾਈਆਂ ਦੇਦਾਂ ਨੀ।

ਇਹ ਤਾਂ ਲਿਸ਼ਕੰਦੜਾ ਕੰਚ ਦਾ ਪਰਦਾ,

ਸੋਹਣਾ ਪਾਰ ਵਸੇਂਦਾ ਨੀ।

ਉਪਰੋਕਤ ਪੰਕਤੀਆਂ ਵਿੱਚ ਅੱਖੀਆਂ ਨੂੰ ਸੰਬੋਧਨ ਹੋਣਾ ਅਤੇ ਰੂਪ ਅਰਥਾਤ ਹੁਸਨ ਦਾ ਦੁਹਾਈਆਂ ਦੇਣਾ ਨਿਰੀ ਹਾਸੋ-ਹੀਣੀ ਗੱਲ ਜਾਪਦੀ ਹੈ ਕਿਉਂਕਿ ਰੂਪ ਕੋਈ ਇਨਸਾਨ ਨਹੀਂ ਹੱਡ ਮਾਸ ਦਾ ਕੋਈ ਦੇਹ ਧਾਰੀ ਸਥੂਲ ਅਕਾਰ ਨਹੀਂ ਪਰੰਤੂ ਕਵੀ ਦੀ ਅੱਖ ਦੁਹਾਈਆਂ ' ਦਿੰਦੇ ਰੂਪ ਨੂੰ ਦੇਖ ਰਹੀ ਹੈ। ਜੇ ਯਥਾਰਥਵਾਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਇਹ ਸਭ ਕੁਝ ਸਵੈ ਵਿਰੋਧੀ ਹੈ। ਪਰ ਕਵੀ ਦਾ ਮਨੋਰਥ ਹੋਰ ਹੈ ਉਹ ਆਪਣੇ ਨਿਸ਼ਾਨੇ ਲਈ ਇਹ ਕਾਵਿ ਪ੍ਰਯੋਗ ਕਰ ਰਿਹਾ ਹੈ । ਭਾਵੇਂ ਲੋਕਿਕ ਪੱਧਰ ਉੱਤੇ ਇਹ ਕਥਨ ਵਿਰੋਧੀ ਹਨ,ਬੇਅਰਥੇ ਹਨ, ਪਰ ਕਲਾਤਮਕ ਪੱਧਰ ਉੱਤੇ ਇਹਨਾਂ ਦੇ ਖ਼ਾਸ ਅਰਥ ਹਨ । ਇਸ ਲਈ ਜੇਕਰ ਅਸੀਂ ਕਵੀ ਦੇ ਮਨੋਰਥ ਤੋਂ ਜਾਣੂ ਹੋਣਾ ਹੈ ਤਾਂ ਅੱਖੀਆਂ, ਰੂਪ ਆਦਿ ਸ਼ਬਦਾਂ ਦੇ ਅਭਿਧਾ ਸ਼ਕਤੀ ਨਾਲ ਪ੍ਰਾਪਤ ਹੋਏ ਅਰਥਾਂ ਤੋਂ ਅਗਾਂਹ ਲੰਘ ਕੇ ਹੋਰ ਅਰਥ ਲੈਣੇ ਪੈਣਗੇ । ਲਕਸ਼ਣਾ ਸ਼ਕਤੀ ਰਾਹੀਂ ਇਹਨਾਂ ਦੇ ਅਰਥ ਪ੍ਰਾਪਤ ਕੀਤੇ ਜਾ ਸਕਦੇ ਹਨ।

ਸੋ ਉਪਰੋਕਤ ਕਾਵਿ ਟੋਟੇ ਵਿੱਚ 'ਅੱਖੀਓ ' ਤੋਂ ਭਾਵ ਅੱਖਾਂ ਵਾਲੇ ਦੀਨੇ-ਬੀਨੇ ਡੂੰਘੀ ਨੀਝਵਾਲੇ ਵਿਅਕਤੀ ਤੋਂ ਹੈ । ਰੂਪ ਤੋਂ ਭਾਵ ਰੂਪਮਾਨ, ਹੁਸੀਨ, ਮਹਿਬੂਬ ਅਰਥਾਤ ਰੱਬੀ ਰਹੱਸਵਾਦੀ ਪ੍ਰੀਤਮ ਤੋਂ ਹੈ। ਹੁਸਨ ਜਮਾਲ ਹਰ ਥਾਂ ਦਾ ਵਾਸੀ ਹੈ ਪਰੰਤੂ ਸੂਖਮ ਦ੍ਰਿਸ਼ਟੀ ਵਾਲਿਆਂ ਨੂੰ ਲੱਭਣ ਅਤੇ ਦੇਖਣ ਦੀ ਜਾਂਚ ਆਉਣੀ ਚਾਹੀਦੀ ਹੈ । ਇਹ ਅਰਥ ਲਕਸ਼ਣਾ ਸ਼ਕਤੀ ਦੇ ਸਹਾਰੇ ਨਾਲ ਗ੍ਰਹਿਣ ਕੀਤੇ ਜਾ ਸਕਦੇ ਹਨ।

ਵਿਅੰਜਨਾ ਸ਼ਕਤੀ:ਸਾਹਿਤ ਦਰਪਣ ਦੇ ਆਚਾਰੀਆਂ ਵਿਸ਼ਵਨਾਥ ਅਨੁਸਾਰ 'ਜਿਸ ਥਾਂ ਅਭਿਧਾ ਤੇ ਲਕਸ਼ਣਾ ਸ਼ਕਤੀ ਆਪੋ ਆਪਣਾ ਕੰਮ ਕਰ ਸਾਂਤ ਹੋ ਜਾਣ ਉਪਰੰਤ ਕਿਸੇ ਨਾ ਕਿਸੇ ਢੰਗ ਨਾਲ ਹੋਰ ਅਰਥ ਦੀ ਪ੍ਰਤੀਤੀ ਹੁੰਦੀ ਹੈ ਉੱਥੇ ਵਿਅੰਜਨਾਂ ਸ਼ਕਤੀ ਹੀ ਹੁੰਦੀ ਹੈ' ਜਦੋਂ ਅਭਿਧਾ ਸ਼ਕਤੀ ਤੋਂ ਪ੍ਰਾਪਤ ਅਰਥ ਫਿਰ ਲਕਸ਼ਣਾ ਸ਼ਕਤੀ ਤੋਂ ਪ੍ਰਾਪਤ ਅਰਥ ਤੋਂ ਬਾਅਦ ਵੀ ਹੋਰ ਵਿਅੰਗ ਅਰਥ ਪ੍ਰਤੀਤ ਹੁੰਦੇ ਹਨ ਜੋ ਨਾ ਹੀ ਅਭਿਧਾ ਅਤੇ ਨਾ ਹੀ ਵਿਅੰਜਨਾਂ ਦੇ ਵਸ ਹੁੰਦੇ ਹਨ ਇਹਨਾਂ ਦੋਹਾਂ ਖੇਤਰ ਤੋਂ ਪਰ੍ਹੇ ਹੁੰਦੇ ਹਨ । ਅਜਿਹੇ ਥਾਂ ਇੱਕ ਹੋਰ ਸ਼ਬਦ ਸ਼ਕਤੀ ਦਾ ਖੇਤਰ ਸ਼ੁਰੂ ਹੁੰਦਾ ਜਿਸ ਨੂੰ ਵਿਅੰਜਣਾ ਸ਼ਕਤੀ ਕਿਹਾ ਜਾਂਦਾ ਹੈ । " ਜਿੱਥੇ ਅਭਿਧਾ ਅਤੇ ਲਕਸ਼ਣਾ ਆਪੋ - ਆਪਣਾ ਕੰਮ ਮੁਕਾ ਕੇ ਸ਼ਾਂਤ ਹੋ ਜਾਣ ਪਰ ਫਿਰ ਵੀ ਕੋਈ ਨਵਾਂ ਅਧ ਪ੍ਰਾਪਤ ਹੁੰਦਾ ਹੋਵੇ ਉੱਥੇ ਵਿਅੰਜਨਾਂ ਸ਼ਕਤੀ ਕਿਹਾ ਜਾਂਦਾ ਹੈ।

ਇਸ ਸੰਦਰਭ ਵਿੱਚ ਉਪਰੋਕਤ ਕਾਵਿ ਟੋਟੇ ਦੀ ਅਗਲੀ ਪੰਕਤੀ ਦੇਖੀ ਜਾ ਸਕਦੀ ਹੈ:

'ਇਹ ਤਾਂ ਲਿਸ਼ਕੰਦੜਾ ਕੱਚਦਾ ਪਰਦਾ ਸੋਹਣਾ ਪਾਰ ਵਸੇਂਦਾ ਨੀ'

ਇੱਥੇ ਕੱਚ ਦਾ ਪਰਦਾ ਦੇ ਅਭਿਧਾ ਸ਼ਕਤੀ ਰਾਹੀਂ ਅਰਥ ਪ੍ਰਾਪਤ ਅਰਥ ਹੈ, ਗਲਾਸ ਜਾਂ ਸ਼ੀਸ਼ੇ ਦੇ ਲਕਸ਼ਣਾ ਸ਼ਕਤੀ ਅਨੁਸਾਰ ਅਰਥ ਵਿਸ਼ਾਲ ਹਨ ਕੱਚ ਵਰਗਾ ਟੁੱਟਣ ਯੋਗ,ਪਰਦੇ ਵਰਗਾ ਜਿਸਮ ਪਰੰਤੂ ਇਹਨਾਂ ਤੋਂ ਬਿਨਾਂ ਸੁਹਿਰਦ ਪਾਠਕ ਨੂੰ ਹੋਰ ਵੀ ਅਰਥ ਲੱਭਦੇ ਹਨ, ਰੱਬੀ ਹੁਸੀਨ ਪਰਮਾਤਮਾ, ਇਹ ਮਿੱਟੀ ਦਾ ਜਿਸਮ ਕੱਚ ਪਾਰਦਰਸ਼ੀ ਹੈ ਜਿਸ ਤੋਂ ਪਰ੍ਹੇ ਹੁਸਨਾਂ ਦਾ ਬਾਦਸ਼ਾਹ ਰੱਬੀ ਮਹਿਬੂਬ ਨਿਵਾਸ ਕਰਦਾ ਹੈ। ਆਤਮਾ 'ਚੋ ਪਰਮਾਤਮਾ ਦਾ ਸਾਖਿਆਕਾਰ ਕਰਨ ਲਈ ਅੱਖਾਂ ਨੂੰ ਵੇਖਣ ਦੀ ਜਾਂਚ ਆਉਣੀ ਚਾਹੀਦੀ ਹੈ । ਇੱਕ ਹੋਰ ਮਿਸਾਲ ਇਸ ਤਰਾਂ ਹੈ:

ਕੀਹਨੇ ਤੋੜ ਕੇ ਫੁੱਲ ਅਸਾਡੇ ਦਿਲ ਦਾ ਖੂਨ ਹੈ ਕੀਤਾ,

ਟਾਹਣੀ ਦੇ ਗਲ ਲੱਗ-ਲੱਗ ਪੁੱਛਣ ਕੰਡੇ ਹਿਜਰਾਂ ਮਾਰੇ।

ਇੱਥੇ ਫੁੱਲਾਂ ਅਤੇ ਕੰਡਿਆਂ ਦੇ ਸੰਵਾਦ ਰਾਹੀਂ ਨਾਇਕ ਦੇ ਹਿਜਰ ਦੀ ਗਾਥਾ ਬਿਆਨ ਕੀਤੀ ਗਈ ਹੈ । ਵਿਅੰਜਨਾਂ ਸ਼ਕਤੀ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਜਿੱਥੇ ਅਭਿਧਾ ਅਤੇ ਲਕਸ਼ਣਾ ਸ਼ਕਤੀ ਦਾ ਅਧਾਰ ਸ਼ਬਦ ਹਨ ਉੱਥੇ ਵਿਅੰਜਨਾਂ ਸ਼ਕਤੀ ਅਰਥ ਵਿੱਚੋਂ ਪਰਗਟ ਹੁੰਦੀ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਵਿਤਾ ਵਿੱਚ ਕਈ ਵਾਰ ਅਭਿਧਾ ਅਤੇ ਵਿਅੰਜਨਾਂ ਹੀ ਹੁੰਦੀਆਂ ਹਨ।

ਧੁੁੁੁਨੀ ਅਤੇ ਵਿਅੰੰਜਨਾ ਸ਼ਕਤੀ

ਇਸ ਤਰਤੀਬ ਵਿੱਚ ਕਵਿਤਾ ਅੰਦਰ ਅਭਿਧਾ, ਲਕਸ਼ਣਾ ਅਤੇ ਵਿਅੰਜਨਾ ਦੀਆ ਸ਼ਬਦ ਸ਼ਕਤੀਆ ਰੂਪਮਾਨ ਹੁੰਦੀਆ ਹਨ । ਇੰਨਾ ਵਿਚੋ ਵਿਅੰਜਨਾਂ ਸ਼ਕਤੀ ਦੀ ਬੜੀ ਮਹਾਨਤਾ ਹੈ।ਜਿਸ ਕਵਿਤਾ ਵਿੱਚੋ ਵਿਅੰਜਨਾ ਦੀ ਸ਼ਕਤੀ ਨਾਲ ਕਿਸੇ ਵਿਅੰਗ ਅਰਥ, ਕਿਸੇ ਦੂਰਵਰਤੀ ਰਮਜ਼,ਕਿਸੇ ਗੁੱਝ ਇਸ਼ਾਰੇ ਕਿਸੇ ਕਾਵਿ-ਕਟਾਕਸ਼ ਜਾਂ ਕਿਸੇ ਅਨੋਖੇਪਣ ਦੀ ਝਲਕ ਉਭਰਦੀ ਹੋਵੇ ਉਸ ਕਵਿਤਾ ਨੂੰ ਉਚ ਕੋਟੀ ਦੀ ਕਵਿਤਾ ਮੰਨਿਆ ਜਾਂਦਾ ਹੈ।

ਇਸ ਲਈ ਵਿਅੰਜਨਾ ਸ਼ਕਤੀ ਰਾਹੀ ਜਿਸ ਵਿਅੰਗ - ਅਰਥ ਦੀ ਪ੍ਤੀਤੀ ਹੁੰਦੀ ਹੈ ਉਹੋ ਹੀ ਧੁਨੀ ਹੈ। ਵਿਅੰਗ - ਅਰਥ ਦੀ ਤਕਨੀਕੀ ਅਰਥਾ ਵਿੱਚ ਧੁਨੀ ਕਿਹਾ ਜਾਂਦਾ ਹੈ। ਇਹ ਹੀ ਰਸਮੀ ਤੌਰ 'ਤੇ ਧੁਨੀ ਕਾਵਿ ਹੈ । ਪ੍ਰੰਤੂ ਇਹ ਜ਼ਰੂਰੀ ਨਹੀਂ ਕਿ ਜਿੱਥੇ ਵਿਅੰਗ ਹੋਵੇ ਉਹ ਜ਼ਰੂਰ ਧੁਨੀ ਕਾਵਿ ਹੈ। ਧੁਨੀ ਕਾਵਿ ਦੀ ਸ਼ਰਤ ਇਹ ਹੈ ਕਿ ਵਿਅੰਗ - ਚਮਤਕਾਰੀ ਹੋਵੇ , ਅਨੌਖਾ ਹੋਵੇ , ਵਿਸਮਾਦ - ਜਨਕ ਹੋਵੇ ਅਰਥਾਤ ਆਮ ਵਾਂਗ ਸਿੱਧ- ਪੱਧਰਾ ਨਾ ਹੋਵੇ , ਚੁਸਤ ਅਤੇ ਚਕਿਰਤ ਕਰਨ ਵਾਲਾ ਹੋਵੇ। ਇਸ ਸੂਰਤ ਵਿਚ ਹੀ ਵਿਅੰਗ-ਅਰਥ ਧੁਨੀ ਕਾਵਿ ਦੀ ਪਦਵੀ ਦਾ ਅਧਿਕਾਰ ਬਣ ਸਕਦਾ ਹੈ। ਵਿਅੰਗ ਨਾਲ ਜਿੱਥੇ ਕਾਵਿ ਦਾ ਸੂਰਜ ਖਿੜ ਉਠਦਾ ਹੈ , ਉੱਥੇ ਪਾਠਕ ਦੇ ਦਿਲ ਦਿਮਾਗ ਵਿੱਚ ਇਕ ਅਹਿਮ ਰਸ ਸਰੂਰਿਆ ਜਾਦਾ ਹੈ।ਧੁਨੀ ਕਾਵਿ ਦੀ ਇਹੋ ਨਿਸ਼ਾਨੀ ਹੈ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਬਦ ਸ਼ਕਤੀਆਂ ਦਾ ਸੰਕਲਪ ਸੰਸਕ੍ਰਿਤ ਕਾਵਿ ਸਾਸ਼ਤਰ ਵਿੱਚ ਪ੍ਰਚਲਿਤ ਧੁਨੀ ਸੰਪਰਦਾਇ ਦਾ ਪ੍ਰਮੁੱਖ ਅਧਾਰ ਹੈ। ਇਸ ਸੰਪਰਦਾਇ ਅਨੁਸਾਰ ਧੁਨੀ ਨੂੰ ਕਾਵਿ ਦੀ ਆਤਮਾ ਮੰਨਿਆ ਗਿਆ ਹੈ। ਸ਼ਬਦਾਂ ਵਿੱਚ ਵੱਖ-ਵੱਖ ਅਰਥ ਪੈਂਦਾ ਕਰਨ ਦੀ ਸ਼ਕਤੀ ਨੂੰ ਸ਼ਬਦ ਸ਼ਕਤੀ ਕਿਹਾ ਗਿਆ ਹੈ। ਧੁਨੀ ਸੰਪਰਦਾਇ ਅਨੁਸਾਰ ਵਿਅੰਜਨਾਂ ਸ਼ਬਦ ਸ਼ਕਤੀ ਸਭ ਤੋਂ ਮਹਾਨ ਹੈ। ਇਸ ਸ਼ਬਦ ਸ਼ਕਤੀ ਵਿੱਚ ਲਿਖਿਆ ਸਾਹਿਤ ਵੀ ਸਭ ਤੋਂ ਮਹਾਨ ਹੈ। ref>ਸਿੰਘ ਦਿਉਲ First=ਗੁਰਜੀਤ ।year=2021. "ਧੁਨੀ ਸਿਧਾਂਤ, ਜਾਣਕਾਰੀ, ਪਰਿਭਾਸ਼ਾ, ਸ਼ਬਦ ਸ਼ਕਤੀਆਂ, ਭੇਦ volume=": 1 – via ਵਿਦਿਆਰਥੀ ਪੰਜਾਬੀ ਵਿਭਾਗ. {{cite journal}}: Cite journal requires |journal= (help); Missing pipe in: |title= (help); line feed character in |last= at position 11 (help)CS1 maint: numeric names: authors list (link)

ਧੁਨੀ ਸੰਪਰਦਾਇ ਦੇ ਸਮਰਥਕ ਆਚਾਰੀਆ

  • ਆਨੰਦਵਰਧਨ
  • ਭੋਜ ਰਾਜ
  • ਵਿਸ਼ਵਨਾਥ
  • ਮੰਮਟ
  • ਜਯਦੇਵ
  • ਪੰਡਿਤ ਜਗਨਨਾਥ

ਵਿਰੋਧੀ ਆਚਾਰੀਆ

  • ਮੁਕੁਲ ਭੱਟ
  • ਪ੍ਰਤੀਹਾਰ ਹਿੰਦੂ ਰਾਜ
  • ਭੱਟ ਨਾਇਕ
  • ਧਨੰਜਯ ਅਤੇ ਧਨਿਕ
  • ਕੁੰਤਕ
  • ਮਹਿਮ ਭਟ
  1. ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ ਸਿੰਘ (2010). ਭਾਰਤੀ ਕਾਵਿ-ਸ਼ਾਸਤ੍ਰ. ਮਦਾਨ ਪਬਲੀਕੇਸ਼ਨਜ਼ ਪਟਿਆਲਾ.
  2. 2.0 2.1 2.2 ਡਾ. ਗੁਰਸ਼ਰਨ ਕੌਰ ਜੱਗੀ, ‘ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ’, ਪੰਨਾ 109
  3. ਡਾ. ਗੁਰਸ਼ਰਨ ਕੌਰ ਜੱਗੀ, ‘ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ’, ਪੰਨਾ 110
  4. ਧ੍ਵਨਯਾਲੋਕ. ਅਨੰਦਵਰਧਨ. ਕਾਰਿਕਾ 13.ਪਹਿਲਾ ਉਦਯੋਤ
  5. ਪ੍ਰੋ. ਈਸ਼ਰ ਸਿੰਘ ਤਾਂਘ, ‘ਭਾਰਤੀ ਸਮੀਖਿਆ ਅਤੇ ਸਿਧਾਂਤ’, ਪੰਨਾ 105
  6. ਪ੍ਰੇਮ ਪ੍ਰਕਾਸ਼ ਧਾਲੀਵਾਲ, ‘ਭਾਰਤੀ ਕਾਵਿ-ਸ਼ਾਸਤਰ’, ਪੰਨਾ 47