ਸਮੱਗਰੀ 'ਤੇ ਜਾਓ

ਸਤਲੁਜ ਜਮੁਨਾ ਲਿੰਕ ਨਹਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਜਵੀਜਤ ਨਹਿਰ - ਮਾਰਚ 2016 ਦੀ ਸਥਿਤੀ[1]

ਸਤਲੁਜ ਜਮੁਨਾ ਲਿੰਕ ਨਹਿਰ ਜਿਸ ਨੂੰ ਆਮ ਤੌਰ ਤੇ ਐਸ ਵਾਈ ਐਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੀ ਇੱਕ 214 ਕਿਲੋਮੀਟਰ ਲੰਮੀ ਤਜਵੀਜਤ ਨਹਿਰ ਹੈ ਜੋ ਸਤਲੁਜ ਅਤੇ ਜਮੁਨਾ ਦਰਿਆਂਵਾਂ ਨੂੰ ਜੋੜਨ ਲਈ ਪ੍ਰਸਤਾਵਿਤ ਹੈ।[2] ਹਾਲਾਂਕਿ ਇਸਨੂੰ ਪੂਰਾ ਕਰਨ ਦੀ ਤਜਵੀਜ਼ ਸਿਰੇ ਨਹੀਂ ਲੱਗ ਸਕੀ ਅਤੇ[3] ਅਤੇ ਇਸ ਬਾਰੇ ਭਾਰਤੀ ਸੁਪਰੀਮ ਕੋਰਟ ਵਿੱਚ ਕੇਸ ਚੱਲ ਪਿਆ ਸੀ।[2]

ਪਿਛੋਕੜ

[ਸੋਧੋ]

1966 ਵਿੱਚ ਪੰਜਾਬੀ ਸੂਬਾ ਬਨਣ ਤੋਂ ਬਾਦ ਪੰਜਾਬ ਰਾਜ ਕੋਲ 105 ਲੱਖ ਏਕੜ ਰਕਬਾ ਬਚਿਆ। ਇਸ ਵਿੱਚ ਵਾਹੀ ਜੋਗ ਜ਼ਮੀਨ ਲਈ ਖੇਤੀ ਮਾਹਰਾਂ ਮੁਤਾਬਕ ਲਗਭਗ 52.5 ਮਿਲੀਅਨ ਏਕੜ ਫੁੱਟ (MAF) ਪਾਣੀ ਦੀ ਲੋੜ ਹੈ। ਵੰਡ ਸਮੇਂ ਪੰਜਾਬ ਦੇ ਦਰਿਆਵਾਂ ਕੋਲ 32.5 ਮਿਲੀਅਨ ਏਕੜ ਫੁੱਟ ਪਾਣੀ ਸੀ। ਬਾਕੀ ਰਹਿੰਦੇ 22 ਮਿਲੀਅਨ ਏਕੜ ਫੁੱਟ ਵਿਚੋਂ ਕੇਂਦਰੀ ਵੰਡ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਕੇਵਲ 5 ਮਿਲੀਅਨ ਏਕੜ ਫੁੱਟ ਨਿਰਧਾਰਿਤ ਕੀਤਾ ਹੈ। ਬਾਕੀ ਦਾ ਪਾਣੀ ਨਾਨ ਰਿਪੇਰੀਅਨ ਪ੍ਰਾਂਤ ਰਾਜਸਥਾਨ, ਹਰਿਆਣਾ, ਦਿੱਲੀ ਆਦਿ ਨੂੰ ਅਲਾਟਮੈਂਟ ਕੀਤਾ ਗਿਆ ਹੈ, ਜੋ ਕਿ ਜਮੁਨਾ ਦੇ ਬੇਸਿਨ ਜਾਂ ਰਾਜਸਥਾਨ ਦੇ ਮਾਰੂਥਲ ਵਿੱਚ ਵਰਤਿਆ ਜਾਣਾ ਹੈ। ਸਿੰਚਾਈ ਤੇ ਬਿਜਲੀ ਉਤਪਾਦਨ ਰਾਜ ਸਰਕਾਰਾਂ ਦੇ ਅਧਿਕਾਰ ਅਧੀਨ ਆਂਉਦਾ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 162 ਤੇ 246 (3) ਰਾਜਾਂ ਨੂੰ ਸਿੰਚਾਈ ਤੇ ਬਿਜਲੀ ਉਤਪਾਦਨ ਸੰਬੰਧੀ ਕਨੂੰਨ ਬਣਾਉਣ ਦੇ ਪੂਰਨ ਅਧਿਕਾਰ ਦੇਂਦੇ ਹਨ। ਪੰਜਾਬ ਰਾਜ ਪੁਨਰ ਗਠਨ ਸੈਕਟਰ ਵਿੱਚ ਆਰਟੀਕਲ 78, 79, 80 ਐਸੇ ਆਰਟੀਕਲ ਹਨ ਜੋ ਮੁੱਖ ਤੌਰ ਤੇ ਇਹ ਅਧਿਕਾਰ ਕੇਂਦਰ ਵੱਲ ਪਰਿਵਰਤਿਤ ਕਰ ਦੇਂਦੇ ਹਨ। ਪੂਰੇ ਭਾਰਤ ਵਿੱਚ ਪੰਜਾਬ ਹੀ ਇੱਕ ਅਜਿਹਾ ਰਾਜ ਹੈ ਜਿਸ ਦੇ ਅਧਿਕਾਰ ਇਸ ਤਰਾਂ ਪਰਿਵਰਤਿਤ ਕੀਤੇ ਗਏ ਹਨ।1966 ਤੋਂ ਹੀ ਪੰਜਾਬ ਰਾਜ ਦਾ ਇਹ ਮੁੱਦਾ ਰਿਹਾ ਹੈ ਕਿ ਆਰਟੀਕਲ 78 ਤੋਂ 80 ਸੁਧਾਰੇ ਜਾਣ ਤਾਂ ਜੋ ਰਾਜ ਦੇ ਇਸ ਸੰਬੰਧੀ ਅਧਿਕਾਰ ਦੁਬਾਰਾ ਸਥਾਪਿਤ ਕੀਤੇ ਜਾਣ। ਪੰਜਾਬ ਰਾਜ ਪੁਨਰਗਠਨ ਐਕਟ 1966 ਮੁਤਾਬਕ ਹਰਿਆਣਾ, ਪੰਜਾਬ ਦੇ ਤਿੰਨਾਂ ਦਰਿਆਵਾਂ ਰਾਵੀ, ਬਿਆਸ ਤੇ ਸਤਲੁਜ ਲਈ ਉਵੇਂ ਹੀ ਨਾਨ ਰਿਪੇਰੀਅਨ ਰਾਜ ਬਣ ਗਿਆ ਹੈ ਜਿਵੇਂ ਪੰਜਾਬ ਜਮੁਨਾ ਲਈ ਨਾਨ ਰਿਪੇਰੀਅਨ ਹੈ। ਭੂਗੋਲਿਕ ਤੌਰ ਤੇ ਤਿੰਨਾਂ ਦਰਿਆਵਾਂ ਦਾ ਕੋਈ ਵੀ ਕਿਨਾਰਾ ਹਰਿਆਣਾ ਰਾਜ ਦੀਆਂ ਹੱਦਾਂ ਵਿੱਚ ਨਹੀਂ ਤੇ ਨਾ ਹੀ ਛੁੰਹਦਾ ਹੈ। ਲੇਕਿਨ ਇਨ੍ਹਾਂ ਦਰਿਆਵਾਂ ਦੇ ਵਿਕਾਸ ਦਾ ਪੂਰਾ ਨਿਯੰਤਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਸੌਂਪ ਕੇ ਕੇਂਦਰ ਨੇ ਆਪਣੇ ਅਧਿਕਾਰ ਵਿੱਚ ਲੈ ਲਿਆ ਹੈ।

ਸਤਲੁਜ-ਜਮੁਨਾ ਲਿੰਕ ਨਹਿਰ

[ਸੋਧੋ]

ਇਸ ਪ੍ਰਸਤਾਵਿਤ ਯੋਜਨਾ ਤਹਿਤ ਹਰਿਆਣਾ ਰਾਜ ਨੇ ਪੰਜਾਬ ਰਾਜ ਨੂੰ ਭਰੋਸੇ ਵਿੱਚ ਲਏ ਬਗੈਰ ਇੱਕ ਸਕੀਮ ਬਣਾ ਕੇ 4 ਤੋਂ 5 ਮਿਲੀਅਨ ਏਕੜ ਫੁੱਟ ਪਾਣੀ ਵਰਤਣ ਦੀ ਸਤਲੁਜ-ਜਮੁਨਾ ਨਹਿਰ ਦੇ ਨਾਂ ਨਾਲ ਜਾਣੀ ਜਾਂਦੀ ਸਕੀਮ ਦਿੱਲੀ ਤੋਂ ਮਨਜ਼ੂਰ ਕਰਵਾ ਲਈ।ਜਦੋਂ ਹਰਿਆਣਾ ਨੇ ਪੰਜਾਬ ਦੇ ਪਾਣੀਆਂ ਤੇ ਆਪਣਾ ਦਾਅਵਾ ਪੇਸ਼ ਕੀਤਾ ਤਾਂ ਪੰਜਾਬ ਨੇ ਆਪਣਾ ਇਤਰਾਜ਼ ਜਤਾਇਆ।ਸਕੀਮ ਕਿਉਂਕਿ ਬਿਆਸ ਪ੍ਰਾਜੈਕਟ ਦੇ ਅਧਿਕਾਰ ਖੇਤਰ ਤੋਂ ਹੱਟ ਕੇ ਸੀ ਇਸ ਲਈ ਸੈਕਸ਼ਨ 78 ਦੇ ਅਧਿਕਾਰ ਖੇਤਰ(ਜੋ ਕੇਵਲ ਭਾਖੜਾ ਤੇ ਬਿਆਸ ਪ੍ਰਾਜੈਕਟਾਂ ਲੱਗੀ ਹੈ) ਤੋਂ ਵੀ ਬਾਹਰ ਸੀ।ਇਸ ਤਰਾਂ ਹਰਿਆਣਾ ਨੇ ਇੱਕ ਵਿਵਾਦ ਖੜਾ ਕਰ ਦਿੱਤਾ ਤੇ ਕੇਂਦਰ ਨੂੰ ਦਖ਼ਲ ਦੇ ਕੇ ਸੈਕਸ਼ਨ 78 ਅਧੀਨ ਸਾਲਸ ਬਨਣ ਲਈ ਪ੍ਰੇਰਿਆ।

ਇੰਦਰਾ ਗਾਂਧੀ ਫੈਸਲਾ

[ਸੋਧੋ]

1976 ਵਿੱਚ ਵਕਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੈਸਲਾ ਸੁਣਾ ਦਿੱਤਾ ਜਿਸ ਰਾਹੀਂ ਉਸ ਨੇ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣਾ ਪੰਜਾਬ ਦੋਵਾਂ ਨੂੰ, .2 ਮਿਲੀਅਨ ਏਕੜਫੁੱਟ ਦਿੱਲੀ ਨੂੰ, 8 ਮਿਲੀਅਨ ਏਕੜਫੁੱਟ ਰਾਜਸਥਾਨ ਇੱਕ ਹੋਰ ਨਾਨ ਰਿਪੇਰੀਅਨ ਰਾਜ ਨੂੰ ਵੰਡ ਦਿੱਤਾ[4]।ਇਹ ਦੱਸਣਾ ਵੀ ਯੋਗ ਹੋਵੇਗਾ ਕਿ ਉਸੇ ਰਾਜਸਥਾਨ ਦੇ, ਨਰਬਦਾ ਟਰਿਬੂਅਨਲ ਨੇ, ਨਰਬਦਾ ਵਿਚੋਂ ਪਾਣੀ ਲੈਣ ਦੇ ਅਧਿਕਾਰ ਨੂੰ, ਨਰਬਦਾ ਦੇ ਨਾਨ-ਰਿਪੇਰੀਅਨ ਹੋਣ ਕਾਰਨ ਰੱਦ ਕਰ ਦਿੱਤਾ ਸੀ।[5] ਇਹ ਸਭ ਜਾਣਦੇ ਹੋਏ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਨੇ ਨਾਨ ਰਿਪੇਰੀਅਨ ਰਾਜਸਥਾਨ ਨੂੰ 15.2 ਵਿਚੋਂ ਅੱਧਾ ਪਾਣੀ ਵੰਡ ਦਿੱਤਾ ਤੇ ਪੰਜਾਬ ਕੋਲ ਕੇਵਲ 25% ਹਿੱਸਾ ਰਹਿਣ ਦਿੱਤਾ। 1978 ਵਿੱਚ ਪੰਜਾਬ ਦੀ ਅਕਾਲੀ ਵਜ਼ਾਰਤ ਨੇ ਪੁਨਰ ਗਠਨ ਐਕਟ ਦੀ ਧਾਰਾ 78-80 ਦੇ ਅਸੰਵਿਧਾਨਕ ਹੋਣ ਬਾਰੇ ਸੁਪਰੀਮ ਕੋਰਟ ਵਿੱਚ ਮੁਕੱਦਮਾ ਕਰ ਦਿੱਤਾ।ਸੰਵਿਧਾਨ ਮੁਤਾਬਕ ਫ਼ੈਸਲੇ ਨੂੰ ਰੋਕਣ ਖ਼ਾਤਰ ਜਦੋਂ 1980 ਵਿੱਚ ਈਦਰਾ ਗਾਂਧੀ ਨੇ ਦਿੱਲੀ ਗੱਦੀ ਸੰਭਾਲ਼ੀ ਤਾਂ ਪੰਜਾਬ ਦੀ ਅਕਾਲੀ ਵਜ਼ਾਰਤ ਬਰਖਾਸਤ ਕਰ ਦਿੱਤੀ। ਰਾਸ਼ਟਰਪਤੀ ਰਾਜ ਬਾਦ ਕਾਂਗਰਸ ਦੀ ਦਰਬਾਰਾ ਸਿੰਘ ਵਜ਼ਾਰਤ ਬਣੀ।1981 ਵਿੱਚ ਇੰਦਰਾ ਗਾਂਧੀ ਨੇ ਹਰਿਆਣਾ ਪੰਜਾਬ ਦੇ ਕਾਂਗਰਸ ਮੁੱਖ ਮੰਤਰੀਆਂ ਵਿੱਚ ਸਮਝੌਤਾ ਕਰਵਾ ਕੇ ਆਪਣੇ ਪਾਣੀਆਂ ਦੇ ਫ਼ੈਸਲੇ ਤੇ ਮੁਹਰ ਲਵਾ ਲਈ ਤੇ ਪੰਜਾਬ ਰਾਜ ਦਾ ਸੁਪਰੀਮ ਕੋਰਟ ਦਾ ਮੁਕੱਦਮਾ ਵਾਪਸ ਹੋ ਗਿਆ।

ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਨੂੰ ਨਹਿਰ ਉਸਾਰੀ ਦਾ ਉਦਘਾਟਨ ਪੰਜਾਬ ਹਰਿਆਣਾ ਦੇ ਸਰਹੱਦੀ ਪਿੰਡ ਕਪੂਰੀ ਤੇ ਟੱਕ ਲਾ ਕੇ ਕੀਤਾ।ਅਕਾਲੀਆਂ ਨੇ ਇਸ ਉਸਾਰੀ ਨੂੰ ਰੋਕਣ ਲਈ ਕਪੂਰੀ ਪਿੰਡ ਤੋਂ ਹੀ ਮੋਰਚੇ ਦੀ ਸ਼ੁਰੂਆਤ ਕੀਤੀ ਜੋ ਬਾਦ ਵਿੱਚ ਅਨੰਦਪੁਰ ਮਤਾ ਤੇ ਧਰਮ-ਯੁੱਧ ਮੋਰਚੇ ਵਿੱਚ ਬਦਲ ਗਈ।ਵਿਵਾਦ ਦਾ ਅਸਲੀ ਮੁੱਦਾ ਧਾਰਾ 78-80 ਅਨੁਸਾਰ ਪਾਣੀ-ਪਾਣੀ ਦੀ ਵੰਡ ਦਾ ਨਹੀਂ ਬਲਕਿ ਮੁੱਦਾ ਹੈ ਕਿ ਕੀ ਨਾਨ ਰਿਪੇਰੀਅਨ ਰਾਜਸਥਾਨ ਕੋਲ ਪਾਣੀ ਦਾ ਹਿੱਸਾ ਪ੍ਰਾਪਤ ਕਰਨ ਦਾ ਕੋਈ ਸੰਵਿਧਾਨਿਕ ਅਧਿਕਾਰ ਹੈ ਕਿ ਨਹੀਂ। ਇਸ ਸੰਬੰਧ ਵਿੱਚ ਨਰਬਦਾ ਟਰਿਬੂਅਨਲ ਦਾ ਫੈਸਲਾ ਸਾਫ਼ ਉਦਾਹਰਨ ਹੈ ਜਿਸ ਵਿੱਚ ਰਾਜਸਥਾਨ ਨੂੰ ਨਾਨ-ਰਿਪੇਰੀਅਨ ਹੋਣ ਕਾਰਨ ਕੁਝ ਹਿੱਸਾ ਨਹੀਂ ਮਿਲਿਆ।[5]

ਰਾਜੀਵ ਲੋਂਗੋਵਾਲ ਸਮਝੌਤਾ

[ਸੋਧੋ]

ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਮਾਰੇ ਜਾਣ ਬਾਦ ਅਕਾਲੀ ਪ੍ਰਧਾਨ ਹਰਚਰਨ ਸਿੰਘ ਲੋਂਗੋਵਾਲ ਤੇ ਰਾਜੀਵ ਗਾਂਧੀ ਵਿੱਚ 24 ਜੁਲਾਈ 1985 ਨੂੰ ਸਮਝੌਤਾ ਹੋਇਆ।ਇਸ ਸਮਝੌਤੇ ਦੇ ਹੋਰ ਰਾਜਨੀਤਕ ਮਸਲਿਆਂ ਵੱਲ ਨਾਂ ਜਾਂਦੇ ਹੋਏ ਪਾਣੀਆਂ ਸੰਬੰਧੀ ਹੇਠ ਲਿਖੇ ਪਹਿਲੂ ਹਨ:

  • ਪੰਜਾਬ ਤੇ ਹਰਿਆਣਾ ਦੇ ਕਿਰਸਾਨ 1.7.1985 ਵਾਂਗ ਪਾਣੀ ਵਰਤਦੇ ਰਹਿਣਗੇ।
  • ਇੱਕ ਟਰਿਬੂਅਨਲ ਬਣਾ ਕੇ ਪਾਣੀਆਂ ਦੇ ਹੱਕਾਂ ਦੀ ਪੜਤਾਲ ਕੀਤੀ ਜਾਵੇਗੀ
  • ਬਾਕੀ ਬਚਦੇ ਪਾਣੀ ਦੀ ਵੰਡ ਟਰਿਬੂਅਨਲ ਦੁਆਰਾ ਕੀਤੀ ਜਾਵੇਗੀ ਜਿਸ ਦਾ ਮੁਖੀ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਹੋਵੇਗਾ।ਟਰਿਬੂਅਨਲ 6 ਮਹੀਨੇ ਵਿੱਚ ਫੈਸਲਾ ਲਵੇਗਾ।ਦਿਸ ਦੌਰਾਨ ਨਹਿਰ ਉਸਾਰਨ ਦਾ ਕੰਮ ਜਾਰੀ ਰੱਖਿਆ ਜਾਵੇਗਾ ਤੇ 15 ਅਗਸਤ 1986 ਤੱਕ ਮੁਕਾ ਦਿੱਤਾ ਜਾਵੇਗਾ।
  • ਇਹ ਸਮਝੌਤਾ ਅਮਲ ਵਿੱਚ ਨਹੀਂ ਆਇਆ ਕਿਉਂਕਿ ਇਸ ਰਾਹੀਂ ਚੰਡੀਗੜ੍ਹ ਤੇ ਕੁਝ ਹੋਰ ਇਲਾਕਿਆਂ ਦੀ ਮੁੜ ਵੰਡ ਹੋਣੀ ਸੀ ਜੋ ਅਮਲ ਵਿੱਚ ਨਹੀਂ ਆਈ।

ਬਿਲ ਪਾਸ

[ਸੋਧੋ]

4 ਜੂਨ, 2004 ਨੂੰ ਸੁਪਰੀਮ ਕੋਰਟ ਵੀ ਹਰਿਆਣਾ ਦੇ ਹੱਕ ਵਿੱਚ ਭੁਗਤ ਗਈ ਅਤੇ ਪੰਜਾਬ ਨੂੰ ਸਤਲੁਜ ਜਮੁਨਾ ਲਿੰਕ ਨਹਿਰ ਬਣਾ ਕੇ ਦੇਣ ਦਾ ਹੁਕਮ ਜਾਰੀ ਕੀਤਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਖ਼ੁਫ਼ੀਆ ਤਰੀਕੇ ਨਾਲ ਰਾਤੋ-ਰਾਤ ਇੱਕ ਕਾਨੂੰਨ ਦਾ ਮਸੌਦਾ ਤਿਆਰ ਕਰਵਾ ਕੇ 12 ਜੁਲਾਈ, 2004 ਦੇ ਦਿਨ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਬਿਲ ਪਾਸ ਕਰ ਦਿਤਾ ਤੇ ਉਸੇ ਦਿਨ ਗਵਰਨਰ ਦੇ ਦਸਤਖ਼ਤ ਕਰਵਾ ਕੇ ਕਾਨੂੰਨ ਬਣਾ ਦਿਤਾ। 1960 ਵਿੱਚ ਜਿਸ 15.8 ਮਿਲੀਅਨ ਏਕੜ ਫ਼ੀਲਡ (ਐਮ.ਏ.ਐਫ਼.) ਪਾਣੀ ‘ਤੇ ਪੰਜਾਬ ਦਾ ਹੱਕ ਸੀ, ਉਸ ਵਿਚੋਂ 8 ਐਮ.ਏ.ਐਫ਼. ਰਾਜਸਥਾਨ ਅਤੇ 1966 ਵਿੱਚ 3.5 ਐਮ.ਏ.ਐਫ਼. ਹਰਿਆਣੇ ਨੂੰ, ਕੁੱਝ ਚੰਡੀਗੜ੍ਹ ਨੂੰ ਤੇ ਪੰਜਾਬ ਨੂੰ ਸਿਰਫ਼ 3.5 ਐਮ.ਏ.ਐਫ਼. ਰਹਿ ਗਿਆ ਸੀ। ਹਰਿਆਣਾ, ਜਮਨਾ ਦਾ ਸਾਰਾ ਪਾਣੀ ਵੀ ਲੈ ਰਿਹਾ ਸੀ ਤੇ ਪੰਜਾਬ ਦੇ ਦਰਿਆਵਾਂ ਤੋਂ ਪੰਜਾਬ ਦੇ ਬਰਾਬਰ ਦਾ ਪਾਣੀ ਵੀ ਲੈ ਰਿਹਾ ਸੀ ਅਤੇ ਰਾਜਸਥਾਨ ਵੀ, ਬਿਨਾਂ ਹੱਕ ਤੋਂ ਅੱਧੇ ਤੋਂ ਵੱਧ ਪਾਣੀ ਮੁਫ਼ਤ ਲੈ ਰਿਹਾ ਸੀ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Sutlej, Beas, Ravi and main canal network". CWC, India. Retrieved 1 March 2020.
  2. 2.0 2.1 "ਪੁਰਾਲੇਖ ਕੀਤੀ ਕਾਪੀ". Archived from the original on 2009-02-07. Retrieved 2016-09-17. {{cite web}}: Unknown parameter |dead-url= ignored (|url-status= suggested) (help)
  3. http://pib.nic.in/archieve/lreleng/lyr2003/rmar2003/04032003/r040320035.html
  4. http://www.tribuneindia.com/2014/20140716/main7.htm
  5. 5.0 5.1 http://sikhsiyasat.net/wp-content/uploads/2016/03/Punjab-Water-Crisis.pdf ਕਿਤਾਬਚਾ_ਜਲ_ਬਿਨੁ_ਸਾਖ_ਕੁਮਲਾਵਤੀ