ਅਕਾਲੀ ਫੂਲਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਕਾਲੀ ਫੂਲਾ ਸਿੰਘ
ਸਰਦਾਰ ਫੂਲਾ ਸਿੰਘ
A prominent Nihang Sikh general and Jathedar of the Akal Takht
ਜਨਮ1761
ਦੇਹਲਾ ਸੀਹਾ ਜਿਲਾ ਸੰਗਰੂPunjab[India]]
ਮੌਤ1823
Battle of Naushera, Attock, Punjab, Pakistan
ਪ੍ਰਸਿੱਧੀ Sikh General, Leader of the Nihangs, Adept in kirtan, Extended the boundaries of Sikh Raj, Jathedar of the Akal Takht
ਸਾਥੀਅਵਿਵਾਹਿਤ
ਮਾਤਾ-ਪਿਤਾਪਿਤਾ: ਭਾਈ ਈਸ਼ਰ ਸਿੰਘ, ਮਾਂ: ਅਗਿਆਤ
ਅਕਾਲੀ ਫੂਲਾ ਸਿੰਘ

ਅਕਾਲੀ ਫੂਲਾ ਸਿੰਘ (1761-1823) ਸਿੱਖ ਰਾਜ ਦੇ ਸਮੇਂ ਮਹਾਨ ਜਰਨੈਲ ਹੋਏ ਹਨ।

ਜੀਵਨੀ[ਸੋਧੋ]

ਅੰਮ੍ਰਿਤਸਰ ਦਾ ਜਥੇਦਾਰ[ਸੋਧੋ]

ਅਕਾਲੀ ਫੂਲਾ ਸਿੰਘ ਦਾ ਜਨਮ 14 ਜਨਵਰੀ ਸੰਨ 1761 ਈ. ਤੇ 1818 ਬਿਕ੍ਰਮੀ ਵਿੱਚ ਬਾਂਗਰ ਦੇ ਇਲਾਕੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇਹਲਾ ਸੀਹਾਂ ਪਿਛੋਕੜ ਰਿਆਸਤ ਜੀਂਦ ਅਤੇ ਅਜੋਕੇ ਜਿਲਾ ਸੰਗਰੂਰ ਪੰਜਾਬ ਵਿਖੇ ਹੋਇਆ ਵੱਡੇ ਘੱਲੂਘਾਰੇ ਸਮੇਂ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਨੇ ਸਿੱਖ ਫ਼ੌਜਾਂ ਵਿੱਚ ਸ਼ਾਮਿਲ ਹੋ ਕੇ ਹਿੱਸਾ ਲਿਆ। ਜੰਗ ਦੌਰਾਨ ਉਹ ਕਾਫੀ ਫੱਟੜ ਹੋਏ ਅਤੇ ਆਪਣੇ ਪਿੰਡ ਪਹੁੰਚ ਕੇ ਸਵਰਗਵਾਸ ਹੋ ਗਏ। ਉਸ ਵੇਲੇ ਅਕਾਲੀ ਜੀ ਦੀ ਉਮਰ ਸਵਾ ਕੁ ਸਾਲ ਸੀ। ਸਰਦਾਰ ਨੈਣਾ ਸਿੰਘ, ਜੋ ਅਕਾਲੀ ਜੀ ਦੇ ਪਿਤਾ ਦਾ ਮਿੱਤਰ ਸੀ, ਨੇ ਬਾਲਕ ਫੂਲਾ ਸਿੰਘ ਦੀ ਪਰਵਰਿਸ਼ ਕੀਤੀ। 7 ਕੁ ਸਾਲ ਦੀ ਉਮਰ 'ਚ ਉਹਨਾਂ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ। ਸ. ਨੈਣਾ ਸਿੰਘ, ਫੂਲਾ ਸਿੰਘ ਨੂੰ ਆਪਣੇ ਪਾਸ ਆਨੰਦਪੁਰ ਵਿਖੇ ਆਪਣੇ ਡੇਰੇ 'ਚ ਲੈ ਗਏ।

ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ[ਸੋਧੋ]

10-12 ਸਾਲ ਦੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ ਹੋ ਗਏ। ਤੇਗ ਚਲਾਉਣ ਵਿੱਚ ਉਹ ਬੜੇ ਵੱਡੇ-ਵੱਡੇ ਆਦਮੀਆਂ ਦਾ ਮੁਕਾਬਲਾ ਕਰਨ ਲੱਗੇ ਕਿਉਂਕਿ ਸ. ਨੈਣਾ ਸਿੰਘ ਨਿਹੰਗ ਸਿੰਘਾਂ ਵਾਂਗ ਹੀ ਰਹਿੰਦੇ ਸਨ, ਇਸ ਲਈ ਫੂਲਾ ਸਿੰਘ ਵੀ ਨਿਹੰਗ ਸਜ ਗਏ। ਸ. ਨੈਣਾ ਸਿੰਘ ਜਦ ਬਜ਼ੁਰਗ ਹੋ ਗਏ ਤਾਂ ਉਹਨਾਂ ਨੇ ਅੰਮ੍ਰਿਤਸਰ ਆ ਟਿਕਾਣਾ ਕੀਤਾ। ਉਹਨਾਂ ਦੇ ਨਾਲ ਹੀ ਅਕਾਲੀ ਫੂਲਾ ਸਿੰਘ ਆ ਗਏ। ਨੈਣਾ ਸਿੰਘ ਦੀ ਮੌਤ ਹੋ ਗਈ ਤੇ ਅਕਾਲੀ ਫੂਲਾ ਸਿੰਘ, ਜਿਥੇ ਅੱਜਕਲ ਬੁਰਜ ਅਕਾਲੀ ਫੂਲਾ ਸਿੰਘ ਹੈ, ਉਥੇ ਰਹਿਣ ਲੱਗ ਪਏ। ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੌਂਪ ਦਿੱਤੀ ਤੇ ਉਹਨਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।

ਅਕਾਲ ਦਾ ਮੁਖੀ[ਸੋਧੋ]

ਮਹਾਰਾਜਾ ਰਣਜੀਤ ਸਿੰਘ ਨੇ ਜਦ ਅੰਮ੍ਰਿਤਸਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ ਤਾਂ ਸਿੱਖ ਫ਼ੌਜਾਂ ਆਪਸ ਵਿੱਚ ਲੜਨ ਲੱਗੀਆਂ। ਅਕਾਲੀ ਜੀ ਨੇ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਅਕਾਲੀ ਜੀ ਨਾਲ ਬਹੁਤ ਪਿਆਰ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਤੇ ਉਹਨਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ।

ਖ਼ਤਰਨਾਕ ਮੁਹਿੰਮਾਂ ਵਿੱਚ ਸਹਾਇਤਾ[ਸੋਧੋ]

ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਤੇ ਖ਼ਤਰਨਾਕ ਮੁਹਿੰਮਾਂ ਵਿੱਚ ਹਮੇਸ਼ਾ ਸਹਾਇਤਾ ਕੀਤੀ। ਮੁਲਤਾਨ ਦੀ ਮੁਹਿੰਮ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਕਿਲਾ ਫਤਿਹ ਨਹੀਂ ਸੀ ਹੁੰਦਾ। ਛੇ ਮਹੀਨੇ ਘੇਰਾ ਪਾਈ ਰੱਖਣ ਦੇ ਬਾਵਜੂਦ ਕਿਲਾ ਸਰ ਨਾ ਹੋ ਸਕਿਆ। ਜਦ ਹਰ ਹੀਲਾ ਬੇਅਰਥ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਆਪ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮੁਲਤਾਨ ਦੀ ਮੁਹਿੰਮ ਵਿੱਚ ਉਸ ਦਾ ਸਾਥ ਦੇਣ। ਅਕਾਲੀ ਜੀ ਨੇ ਅਰਦਾਸਾ ਸੋਧਿਆ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜਸਵਾਰਾਂ ਨੂੰ ਲੈ ਕੇ ਮੁਲਤਾਨ 'ਤੇ ਚੜ੍ਹਾਈ ਕਰ ਦਿੱਤੀ। ਤੋਪਾਂ ਨਾਲ ਕਿਲੇ ਦੀ ਕੰਧ ਵਿੱਚ ਪਾੜ ਪਾਇਆ ਗਿਆ ਅਤੇ ਉਸ ਪਾੜ ਵਾਲੀ ਥਾਂ 'ਚੋਂ ਅਕਾਲੀ ਜੀ ਦੇ ਸਿਰਲੱਥ ਘੋੜਸਵਾਰ ਯੋਧਿਆਂ ਨੇ ਬਿਜਲੀ ਦੀ ਤੇਜ਼ੀ ਵਾਂਗ ਕਿਲੇ ਵਿੱਚ ਪ੍ਰਵੇਸ਼ ਕੀਤਾ। ਅੰਦਰ ਜਾ ਕੇ ਉਹਨਾਂ ਉਹ ਤਲਵਾਰ ਚਲਾਈ ਕਿ ਪਰਲੋ ਆ ਗਈ, ਲਾਸ਼ਾਂ ਦੇ ਢੇਰ ਲੱਗ ਗਏ। ਨਵਾਬ ਤੇ ਉਸ ਦੇ ਪੰਜ ਪੁੱਤਰ ਮਾਰੇ ਗਏ, ਕਿਲਾ ਫਤਹਿ ਹੋ ਗਿਆ।

ਕੋੜੇ ਮਾਰਨ ਦੀ ਸਜ਼ਾ[ਸੋਧੋ]

ਅਕਾਲੀ ਫੂਲਾ ਸਿੰਘ ਕਸ਼ਮੀਰ, ਪਿਸ਼ਾਵਰ ਤੇ ਨੁਸ਼ਹਿਰੇ ਦੇ ਯੁੱਧਾਂ ਵਿੱਚ ਸ਼ਾਮਿਲ ਹੋਏ ਤੇ ਸਿੱਖ ਰਾਜ ਦੀ ਉਸਾਰੀ ਵਿੱਚ ਮਹਾਨ ਹਿੱਸਾ ਪਾਇਆ। ਉਹ ਸਿੱਖ ਰਾਜ ਦੇ ਉਸਰੱਈਏ ਤੇ ਵੱਡੇ ਥੰਮ੍ਹ ਗਿਣੇ ਜਾਂਦੇ ਹਨ। ਇਹੀ ਨਹੀਂ, ਉਹ ਨਿਰਭੈ ਤੇ ਨਿਧੜਕ ਜਰਨੈਲ ਸਨ। ਇੱਕ ਵਾਰ ਜਦ ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਰਿਆਦਾ ਦੇ ਉਲਟ ਕੋਈ ਕੰਮ ਕੀਤਾ ਹੈ ਤਾਂ ਉਹਨਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ। ਮਹਾਰਾਜਾ ਨੇ ਇਸ ਹੁਕਮ ਅੱਗੇ ਸਿਰ ਝੁਕਾਇਆ। ਸੱਚੀ ਗੱਲ ਮੂੰਹ 'ਤੇ ਕਹਿ ਦੇਣੀ ਅਕਾਲੀ ਫੂਲਾ ਸਿੰਘ ਦਾ ਕੰਮ ਸੀ।

ਮਹਾਰਾਜਾ ਜੀਂਦ[ਸੋਧੋ]

ਮਹਾਰਾਜਾ ਜੀਂਦ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਨਾਰਾਜ਼ ਸੀ ਤੇ ਉਹ ਵੀ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿੱਚ ਆ ਗਿਆ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਰਾਜਾ ਨਾਭਾ ਪਾਸੋਂ ਅਕਾਲੀ ਜੀ 'ਤੇ ਜ਼ੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ ਪਰ ਸਿਰੜ ਦੇ ਪੱਕੇ ਅਕਾਲੀ ਜੀ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਨਾ ਮੰਨਿਆ। ਅੰਤ ਡੋਗਰੇ ਵਜ਼ੀਰਾਂ ਦੀ ਮਾਰਫ਼ਤ ਮਹਾਰਾਜੇ 'ਤੇ ਜ਼ੋਰ ਪਾਇਆ ਗਿਆ ਕਿ ਉਹ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰ 'ਚੋਂ ਕੱਢ ਕੇ ਆਪਣੇ ਇਲਾਕੇ ਵਿੱਚ ਲੈ ਜਾਣ। ਡੋਗਰਿਆਂ ਦੀ ਸਾਜ਼ਿਸ਼ ਨਾਲ ਫਿਲੌਰ ਦੇ ਹਾਕਮ ਦੀਵਾਨ ਮੋਤੀ ਰਾਮ ਨੂੰ ਹੁਕਮ ਭਿਜਵਾਇਆ ਗਿਆ ਕਿ ਉਹ ਚੜ੍ਹਾਈ ਕਰ ਕੇ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰੋਂ ਮੋੜ ਲਿਆਵੇ। ਜਦ ਦੀਵਾਨ ਮਾਖੋਵਾਲ ਪੁੱਜਾ ਤਾਂ ਸਿੱਖ ਫ਼ੌਜ ਨੇ ਅਕਾਲੀ ਜੀ ਵਿਰੁੱਧ ਲੜਨੋਂ ਨਾਂਹ ਕਰ ਦਿੱਤੀ। ਉਧਰੋਂ ਨਵਾਬ ਮਾਲੇਰਕੋਟਲਾ ਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫ਼ੌਜਾਂ ਵੀ ਅੰਗਰੇਜ਼ਾਂ ਦੇ ਕਹੇ 'ਤੇ ਇਸੇ ਮੰਤਵ ਲਈ ਚੜ੍ਹ ਆਈਆਂ ਪਰ ਉਹਨਾਂ ਵੀ ਅਕਾਲੀ ਜੀ ਵਿਰੁੱਧ ਹਥਿਆਰ ਚਲਾਉਣੋਂ ਨਾਂਹ ਕਰ ਦਿੱਤੀ। ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪ ਅਕਾਲੀ ਹੋਰਾਂ ਪਾਸ ਪਹੁੰਚੇ ਤੇ ਉਹਨਾਂ ਨੂੰ ਪਿਆਰ ਨਾਲ ਵਾਪਿਸ ਅੰਮ੍ਰਿਤਸਰ ਮੋੜ ਲਿਆਏ।

ਅਜ਼ੀਜ਼ ਖਾਂ ਨੇ ਬਗ਼ਾਵਤ[ਸੋਧੋ]

ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿੱਚ ਸੈਨਾ ਇਕੱਠੀ ਕਰ ਕੇ ਉਸ ਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੁੰਭੇ ਦਰਿਆ ਕੋਲ ਉਸ ਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫ਼ੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ, ਫਿਰ ਉਹਨਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਦੀਆਂ ਫ਼ੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ। ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ, ਇਸ ਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਨੇ ਫ਼ੌਜਾਂ ਨੂੰ ਰੁਕਣ ਦਾ ਹੁਕਮ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਕੜਕ ਕੇ ਕਿਹਾ, ਚੜ੍ਹਾਈ ਹੁਣੇ ਹੀ ਹੋਵੇਗੀ।

ਜਰਨੈਲਾਂ ਦੀ ਕਮਾਨ[ਸੋਧੋ]

ਉਹਨਾਂ ਵਲੋਂ ਕਹਿਣ 'ਤੇ ਵੀ ਜਦ ਮਹਾਰਾਜਾ ਨਾ ਮੰਨੇ ਤਾਂ ਉਹਨਾਂ ਨੇ ਆਪਣੇ 1500 ਘੋੜਸਵਾਰਾਂ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ। ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਵੇਖਿਆ ਤਾਂ ਉਹ ਵੀ ਪਿੱਛੇ ਨਾ ਰਹਿ ਸਕੇ ਤੇ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਅੱਗੇ ਵਧਦੇ ਗਏ ਤੇ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਹਨਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ।

ਸ਼ਹੀਦ[ਸੋਧੋ]

ਅਕਾਲੀ ਫੂਲਾ ਸਿੰਘ ਜੋਸ਼ ਵਿੱਚ ਆਏ ਹੋਏ ਦੁਸ਼ਮਣ ਦੀਆਂ ਫ਼ੌਜਾਂ ਵਿੱਚ ਘੁਸ ਗਏ ਸਨ ਤੇ ਹੱਥੋ-ਹੱਥੀ ਜੰਗ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੋਰ ਜਰਨੈਲਾਂ ਤੇ ਸੈਨਿਕਾਂ ਨੂੰ ਅੱਗੇ ਵਧਣ ਲਈ ਲਲਕਾਰਿਆ ਤਾਂ ਜੋ ਅਕਾਲੀ ਜੀ ਦੀ ਸਹਾਇਤਾ ਕੀਤੀ ਜਾ ਸਕੇ। ਸਾਰੀ ਦੀ ਸਾਰੀ ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ 'ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਵੇਲੇ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ। ਇਹ ਮੰਨੀ ਹੋਈ ਗੱਲ ਸੀ ਕਿ ਸਿੱਖ ਰਾਜ ਵਿੱਚ ਇਸ ਤੋਂ ਵੱਧ ਸੂਰਬੀਰ, ਧਾਰਮਿਕ ਤੌਰ 'ਤੇ ਪ੍ਰਪੱਕ ਅਤੇ ਨਿਡਰ ਹੋਰ ਕੋਈ ਜਰਨੈਲ ਨਜ਼ਰ ਨਹੀਂ ਆਉਂਦਾ ਸੀ।ਅੱਜ ਕੱਲ੍ਹ ਹਰ ਸਾਲ ਪਿੰਡ ਦੇਹਲਾ ਸੀਹਾ ਜਿਲਾ ਸੰਗਰੂਰ ਵਿਖੇ 14 ਜਨਵਰੀ ਨੂੰ ਜਨਮ ਦਿਹਾੜਾ ਅਤੇ 10 ਤੋਂ 14 ਮਾਰਚ ਤੱਕ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।।