ਗੁਰਦੁਆਰਾ ਨਾਨਕ ਪਿਆਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਨਾਨਕ ਪਿਆਓ ਭਾਰਤ ਦੀ ਰਾਜਧਾਨੀ ਦਿੱਲੀ ਦੇ ਉੱਤਰ ਵਿੱਚ ਸਥਿਤ ਇੱਕ ਇਤਿਹਾਸਕ ਗੁਰਦੁਆਰਾ ਹੈ। ਇਹ ਗੁਰਦੁਆਰਾ ਸਾਹਿਬ ਸਿੱਖੀ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ।[1]

ਗੁਰਦੁਆਰਾ ਨਾਨਕ ਪਿਆਓ ਸਾਹਿਬ

ਗੁਰਦੁਆਰਾ ਨਾਨਕ ਪਿਆਓ ਸਾਹਿਬ ਕਰਨਾਲ ਜੀਟੀ ਰੋਡ (NH1) ’ਤੇ ਸੁਲਤਾਨ ਪੁਰੀ (ਗੁਜਰਾਂਵਾਲਾ ਟਾਊਨ) ਵਿਚ ਸਥਿਤ ਹੈ।

ਇਤਿਹਾਸ[ਸੋਧੋ]

ਗੁਰਦੁਆਰੇ ਦਾ ਇਤਿਹਾਸ ਦੱਸਦੇ ਬੋਰਡ

ਦਿੱਲੀ ਸਲਤਨਤ ਦੇ ਸੁਲਤਾਨ ਸਿਕੰਦਰ ਲੋਧੀ ਦੇ ਰਾਜ ਦੌਰਾਨ 1505 ਵਿੱਚ ਗੁਰੂ ਨਾਨਕ ਦੇਵ ਜੀ ਨੇ ਦਿੱਲੀ ਦਾ ਦੌਰਾ ਕੀਤਾ ਸੀ। ਇਸ ਦੌਰੇ ਵਕਤ ਗੁਰੂ ਨਾਨਕ ਦੇਵ ਜੀ ਨੇ ਜਿਸ ਬਾਗ਼ ਵਿੱਚ ਡੇਰਾ ਲਾਇਆ ਸੀ, ਉਸ ਜਗ੍ਹਾ 'ਤੇ ਇਹ ਗੁਰਦੁਆਰਾ ਬਣਾਇਆ ਗਿਆ ਸੀ। ਲੋਕ ਸਤਿਕਾਰ ਵਜੋਂ ਗੁਰੂ ਨਾਨਕ ਸਾਹਿਬ ਕੋਲ ਆਉਂਦੇ ਸਨ ਅਤੇ ਉਨ੍ਹਾਂ ਨੂੰ ਅਤੇ ਭਾਈ ਮਰਦਾਨਾ ਨੂੰ ਕੀਮਤੀ ਤੋਹਫ਼ੇ ਅਤੇ ਭੇਟਾ ਚੜ੍ਹਾਉਂਦੇ ਸਨ। ਗੁਰੂ ਨਾਨਕ ਦੇਵ ਜੀ ਇਹ ਸਾਰੀਆਂ ਭੇਟਾਂ ਗਰੀਬਾਂ ਅਤੇ ਲੋੜਵੰਦਾਂ ਨੂੰ ਵੰਡਦੇ ਸਨ। ਇਸ ਤੋਂ ਇਲਾਵਾ, ਉਹ ਭੁੱਖੇ-ਪਿਆਸੇ ਨੂੰ ਭੋਜਨ ਅਤੇ ਪਾਣੀ ਦੀ ਪੇਸ਼ਕਸ਼ ਕਰਦੇ ਸਨ। ਜਿਸ ਖੂਹ ਤੋਂ ਗੁਰੂ ਸਾਹਿਬ ਨੇ ਪਾਣੀ ਛਕਾਇਆ, ਉਸ ਖੂਹ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਗੁਰਦੁਆਰੇ ਦੇ ਅੰਦਰ ਦਰਬਾਰ ਸਾਹਿਬ ਤੋਂ ਖੱਬੇ ਹੱਥ, ਸਰੋਵਰ ਤੋਂ ਪਹਿਲਾਂ ਇਹ ਖੂਹ ਮੌਜੂਦ ਹੈ। "ਪਿਆਓ" ਸ਼ਬਦ ਦਾ ਅਰਥ ਹੈ "ਪੀਣ ਲਈ ਤਰਲ ਦੀ ਪੇਸ਼ਕਸ਼" ਅਤੇ ਇਹ ਇਸ ਅਸਥਾਨ ਦੇ ਦਰਸ਼ਨ ਕਰਨ ਵਾਲੇ ਸਾਰੇ ਪਿਆਸੇ ਲੋਕਾਂ ਨੂੰ ਪਾਣੀ ਦੀ ਪੇਸ਼ਕਸ਼ ਦਾ ਹਵਾਲਾ ਦਿੰਦਾ ਹੈ। ਸਮੇਂ ਦੇ ਨਾਲ ਗੁਰਦੁਆਰਾ ਨਾਨਕ ਪਿਆਓ ਇੱਕ ਪਵਿੱਤਰ ਅਤੇ ਸਤਿਕਾਰਤ ਇਤਿਹਾਸਕ ਅਸਥਾਨ ਦਾ ਦਰਜਾ ਪ੍ਰਾਪਤ ਕਰ ਗਿਆ। ਗੁਰਦੁਆਰੇ ਦੇ ਆਲੇ-ਦੁਆਲੇ ਦਾ ਬਾਗ ਦਿੱਲੀ ਭਰ ਦੇ ਲੋਕਾਂ ਲਈ ਤੀਰਥ ਸਥਾਨ ਬਣ ਗਿਆ। ਇਹ ਉਹ ਥਾਂ ਹੈ ਜਿੱਥੇ ਉਨ੍ਹਾਂ ਨੂੰ ਅਧਿਆਤਮਿਕ ਮੁਕਤੀ ਦਾ ਸੰਦੇਸ਼ ਮਿਲਿਆ। ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਭਾਈਚਾਰੇ, ਅਹਿੰਸਾ ਅਤੇ ਸਦਭਾਵਨਾ ਦੇ ਉਪਦੇਸ਼ਾਂ ਨੇ ਲੋਕਾਂ 'ਤੇ ਬਹੁਤ ਉਤਸ਼ਾਹਜਨਕ ਅਤੇ ਸਿਹਤਮੰਦ ਪ੍ਰਭਾਵ ਪਾਇਆ।

ਪ੍ਰਚਲਿਤ ਕਥਾ[ਸੋਧੋ]

ਇਕ ਕਥਾ ਲੋਕਾਂ ਵਿਚ ਪ੍ਰਚਲਿਤ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਿੱਲੀ ਵਿੱਚ ਠਹਿਰਾਅ ਦੌਰਾਨ ਇਹ ਗੱਲ ਫੈਲ ਗਈ ਕਿ ਉਨ੍ਹਾਂ ਨੇ ਰੱਬ ਦੀ ਕਿਰਪਾ ਨਾਲ ਇੱਕ ਮਰੇ ਹੋਏ ਹਾਥੀ ਨੂੰ ਜਿਉਂਦਾ ਕਰ ਦਿੱਤਾ। ਬਾਦਸ਼ਾਹ ਸਿਕੰਦਰ ਸ਼ਾਹ ਲੋਧੀ ਕੋਲ ਵੀ ਇਹ ਗੱਲ ਪਹੁੰਚ ਗਈ। ਜਦੋਂ ਉਸਦਾ ਇੱਕ ਮਨਪਸੰਦ ਸ਼ਾਹੀ ਹਾਥੀ ਮਰ ਗਿਆ, ਉਸਨੇ ਗੁਰੂ ਜੀ ਨੂੰ ਬੁਲਾਇਆ ਅਤੇ ਆਪਣੇ ਹਾਥੀ ਨੂੰ ਵੀ ਮੁੜ ਸੁਰਜੀਤ ਕਰਨ ਲਈ ਬੇਨਤੀ ਕੀਤੀ। ਪਰ ਗੁਰੂ ਜੀ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਗੁਰੂ ਜੀ ਨੂੰ ਤੁਰੰਤ ਕੈਦ ਕਰ ਲਿਆ ਗਿਆ। ਕੈਦਖਾਨੇ ਵਿੱਚ ਕੈਦੀਆਂ ਪ੍ਰਤੀ ਉਨ੍ਹਾਂ ਦੀ ਡੂੰਘੀ ਹਮਦਰਦੀ ਦਾ ਜੇਲ੍ਹ ਅਧਿਕਾਰੀਆਂ ਉੱਤੇ ਨੈਤਿਕ ਅਤੇ ਅਧਿਆਤਮਿਕ ਪ੍ਰਭਾਵ ਪਿਆ। ਉਹਨਾਂ ਨੇ ਇਹ ਪ੍ਰਭਾਵ ਬਾਦਸ਼ਾਹ ਨਾਲ ਵੀ ਸਾਂਝੇ ਕੀਤੇ। ਗੁਰੂ ਨਾਨਕ ਦੇਵ ਜੀ ਦੀ ਕੈਦ ਦੌਰਾਨ ਇੱਕ ਅਜੀਬ ਘਟਨਾ ਵਾਪਰੀ। ਇੱਕ ਵੱਡੇ ਭੂਚਾਲ ਨੇ ਰਾਜਧਾਨੀ ਨੂੰ ਹਿਲਾ ਦਿੱਤਾ। ਇਸ ਘਟਨਾ ਦੀ ਤਰੀਕ 3 ਜੁਲਾਈ 1505 ਦੱਸੀ ਜਾਂਦੀ ਹੈ ਇੱਕ ਇਤਿਹਾਸਕਾਰ ਨੇ ਤਾਂ ਇਸ ਬਾਰੇ ਇੱਥੋਂ ਤੱਕ ਲਿਖਿਆ ਹੈ ਕਿ ਪਹਾੜ ਉਲਟ ਗਏ ਅਤੇ ਉੱਚੀਆਂ ਇਮਾਰਤਾਂ ਜ਼ਮੀਨ 'ਚ ਧਸ ਗਈਆਂ। ਜਿਉਂਦਿਆਂ ਨੇ ਸੋਚਿਆ ਕਿ ਕਿਆਮਤ ਦਾ ਦਿਨ ਆ ਗਿਆ ਹੈ, ਮਰੇ ਹੋਏ ਲੋਕਾਂ ਲਈ ਜਿਉਂ ਉੱਠਣ ਦਾ ਦਿਨ। ਕਈਆਂ ਨੇ ਸੋਚਿਆ ਕਿ ਬਾਦਸ਼ਾਹ ਦੁਆਰਾ ਕੈਦ ਕੀਤੇ ਗਏ ਫ਼ਕੀਰ ਨਾਨਕ ਨੇ ਬਾਦਸ਼ਾਹ ਅਤੇ ਸਲਤਨਤ ਨੂੰ ਬਦ-ਦੁਆ/ਸਰਾਪ ਦਿੱਤਾ ਸੀ। ਚਿਸ਼ਤੀ ਸੂਫ਼ੀ ਸੰਤਾਂ ਦੇ ਮਜ਼ਬੂਤ ਦਖ਼ਲ ਤੇ ਪ੍ਰਭਾਵ ਨੇ ਬਾਦਸ਼ਾਹ ਦਾ ਮਨ ਬਦਲ ਦਿੱਤਾ ਅਤੇ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਰਿਹਾਈ ਦਾ ਹੁਕਮ ਦਿੱਤਾ। ਉਨ੍ਹਾਂ ਦੇ ਕਹਿਣ 'ਤੇ ਗੁਰੂ ਜੀ ਦੇ ਨਾਲ ਕਈ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ।[2]

ਤਸਵੀਰਾਂ[ਸੋਧੋ]

ਦਰਬਾਰ ਸਾਹਿਬ (ਗੁਰਦੁਆਰਾ ਨਾਨਕ ਪਿਆਓ ਸਾਹਿਬ)
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਾਨਕ ਪਿਆਓ ਸਾਹਿਬ ਦਾ ਮੇਨ ਹਾਲ ਸਜਾਇਆ ਗਿਆ।
ਸਰੋਵਰ ਦਾ ਦ੍ਰਿਸ਼

ਹਵਾਲੇ[ਸੋਧੋ]

  1. "Delhi Sikh Gurdwara Management Committee". www.dsgmc.in. Retrieved 2022-05-06.
  2. Admin. "ਗੁਰਦੁਆਰਾ ਨਾਨਕ ਪਿਆਓ ਸਾਹਿਬ ਜੀ ਦਾ ਇਤਿਹਾਸ – PunjabiDharti.Com" (in ਅੰਗਰੇਜ਼ੀ (ਅਮਰੀਕੀ)). Retrieved 2022-05-06.