ਘੜਾ
ਘੜਾ (ਹਿੰਦੀ: मटका, ਉਰਦੂ: مٹکا, ਅੰਗਰੇਜ਼ੀ: Earthern Pot) ਮਿੱਟੀ ਦਾ ਬਣਿਆ ਇੱਕ ਭਾਂਡਾ ਹੈ, ਜਿਸ ਨੂੰ ਸਦੀਆਂ ਤੋਂ ਭਾਰਤੀ ਉਪਮਹਾਂਦੀਪ ਵਿੱਚ ਪਾਣੀ ਅਤੇ ਹੋਰ ਪਦਾਰਥ ਭਰਕੇ ਰੱਖਣ ਲਈ ਵਰਤਿਆ ਜਾਂਦਾ ਹੈ। ਮਿੱਟੀ ਤੇ ਮਨੁੱਖ ਦਾ ਰਿਸ਼ਤਾ ਬੜਾ ਗੂੜ੍ਹਾ ਰਿਹਾ ਹੈ। ਸ਼ਾਸਤਰਾਂ ਦੇ ਸਿਧਾਂਤ ਅਨੁਸਾਰ ਮਨੁੱਖ ਮਿੱਟੀ ਵਿੱਚੋਂ ਪੈਦਾ ਹੁੰਦਾ ਹੈ, ਮਿੱਟੀ ਵਿੱਚ ਖੇਡਦਾ, ਵਿਗਸਦਾ ਹੈ ਅਤੇ ਅੰਤ ‘ਮਾਟੀ ਮਾਟੀ ਹੋਈ ਏਕ’ ਵਾਂਗ ਮਿੱਟੀ ਵਿੱਚ ਹੀ ਸਮਾ ਜਾਂਦਾ ਹੈ। ਘੜੇ ਤੋਂ ਬਿਨਾਂ ਮਟਕਾ, ਮੱਟੀ, ਝਾਰੀ, ਘੜੋਲੀ ਵੀ ਪਾਣੀ ਸਾਂਭਣ ਵਾਲ਼ੇ ਬਰਤਨ ਰਹੇ ਹਨ। ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਪਿੱਤਲ ਦੀ ਟੋਕਣੀ ਤੇ ਗਾਗਰ ਵੀ ਇਸ ਕੰਮ ਲਈ ਵਰਤੇ ਜਾਂਦੇ ਰਹੇ ਹਨ। ਇਸ ਦੀ ਸੁਆਦਲੀ ਸੁਗੰਧੀ ਨਾਲ ਪਿਆਸ ਵੀ ਬੁਝਦੀ ਹੈ ਅਤੇ ਮਨ ਵੀ ਤ੍ਰਿਪਤ ਹੁੰਦਾ ਹੈ। ਘੜਿਆਂ ਦਾ ਕਰਤਾ ਘੁਮਿਆਰ, ਜੋ ਕਿ ਬੜੇ ਸਹਿਜ ਪਿਆਰ ਨਾਲ ਮਿੱਟੀ ਗੁੰਨ੍ਹ ਕੇ ਸਿਰਜਣ ਤ੍ਰਿਪਤੀ ਦਾ ਅਨੂਠਾ ਸੁਆਦ ਮਾਣਦਾ ਹੋਇਆ ਘੁੰਮਦੇ ਚੱਕ ਉੱਪਰ ਘੜੇ ਘੜਦਾ ਹੈ।
5/6 ਕੁ ਇੰਚ ਵਿਆਸ ਦੀ ਗੁਲਾਈਦਾਰ ਮੂੰਹ ਵਾਲਾ ਤੇ ਕੰਢੇ ਥੋੜੇ ਜਿਹੇ ਮੁੜੇ ਹੋਏ ਤੇ ਥੋੜੀ ਗੋਲ ਜਿਹੀ ਲੰਬੂਤਰੀ ਬਣਤਰ ਵਾਲੇ ਮਿੱਟੀ ਦੇ ਬਰਤਨ ਨੂੰ, ਜਿਸ ਵਿਚ ਪਾਣੀ ਭਰਿਆ ਜਾਂਦਾ ਹੈ, ਘੜਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਘੜੇ ਨੂੰ ਤੌੜਾ ਵੀ ਕਹਿੰਦੇ ਹਨ।
ਪਹਿਲੇ ਸਮਿਆਂ ਵਿਚ ਜਦ ਘਰਾਂ ਵਿਚ ਬਹੁਤੇ ਬਰਤਨ ਮਿੱਟੀ ਦੇ ਵਰਤੇ ਜਾਂਦੇ ਸਨ, ਉਸ ਸਮੇਂ ਖੂਹਾਂ, ਖੂਹੀਆਂ ਤੋਂ ਘੜਿਆਂ ਰਾਹੀਂ ਹੀ ਪਾਣੀ ਘਰੀਂ ਢੋਇਆ ਜਾਂਦਾ ਸੀ। ਪਿੰਡ ਦੀ ਝਿਉਰ ਜਾਤੀ ਦੇ ਪਰਿਵਾਰ ਘਰੀਂ ਪਾਣੀ ਢੋਣ ਦਾ ਕੰਮ ਕਰਦੇ ਸਨ।
ਪੁਰਸ਼ ਵਹਿੰਗੀ ਵਿਚ ਘੜੇ ਰੱਖ ਕੇ ਤੇ ਇਸਤਰੀਆਂ ਸਿਰ ਉਪਰ ਘੜੇ ਰੱਖ ਕੇ ਪਾਣੀ ਢੋਂਹਦੀਆਂ ਸਨ। ਘੜਿਆਂ ਵਿਚ ਪਾਣੀ ਗਰਮ ਵੀ ਕੀਤਾ ਜਾਂਦਾ ਸੀ। ਬੱਚੇ ਦੇ ਜਨਮ ਸਮੇਂ ਗਰਭਵਤੀ ਇਸਤਰੀ ਕੋਲ ਪਾਣੀ ਦਾ ਭਰਿਆ ਕੋਰਾ ਘੜਾ ਤੇ ਜੋਤ ਜਗਾ ਕੇ ਰੱਖੀ ਜਾਣ ਨੂੰ ਸ਼ੁਭ ਮੰਨਿਆ ਜਾਂਦਾ ਸੀ। ਨਵੇਂ ਬਣੇ ਘਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੋਰੇ ਘੜੇ ਵਿਚ ਪਾਣੀ ਭਰ ਕੇ ਰੱਖਣਾ, ਉਪਰ ਨਵੀਂ ਛੂਹਣ ਰੱਖਣਾ ਤੇ ਘਿਉ ਦੀ ਜੋਤ ਜਗਾਉਣ ਨੂੰ ਚੰਗਾ ਮੰਨਿਆ ਜਾਂਦਾ ਸੀ। ਗਾਉਣ ਵਾਲੇ ਘੜੇ ਤੋਂ ਸਾਜ਼ ਦਾ ਕੰਮ ਲੈਂਦੇ ਹਨ। ਸੋਹਣੀ-ਮਹੀਂਵਾਲ ਦਾ ਕਿੱਸਾ ਤਾਂ ਗਾਇਆ ਹੀ ਘੜੇ ਦੇ ਸਾਜ਼ ਨਾਲ ਜਾਂਦਾ ਹੈ।
ਘੜੇ ਕਾਲੀ ਚਿਉਂਕਣੀ ਮਿੱਟੀ ਦੇ ਬਣਾਏ ਜਾਂਦੇ ਸਨ। ਘੁਮਿਆਰ ਘੜਾ ਬਣਾਉਣ ਜੋਗੀ ਗੋਈ ਮਿੱਟੀ ਨੂੰ ਲੈ ਕੇ ਘੜੇ ਨੂੰ ਚੱਕ (ਘੁਮਿਆਰ ਦਾ ਭਾਂਡੇ ਬਣਾਉਣ ਵਾਲਾ ਪਹੀਆ) ਉਪਰ ਵਿਉਂਤਦਾ ਸੀ। ਫੇਰ ਘੜੇ ਨੂੰ ਸੁਕਾਇਆ ਜਾਂਦਾ ਸੀ।ਕਈ ਘੜਿਆਂ ਦੇ ਗਲ ਦੇ ਹੇਠਾਂ ਕਾਲੇ ਰੰਗ ਨਾਲ ਕਈ ਕਿਸਮ ਦੇ ਡਿਜ਼ਾਈਨ ਵੀ ਬਣਾ ਦਿੰਦੇ ਸਨ। ਘੜੇ ਨੂੰ ਫੇਰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ। ਘੜੇ ਦਾ ਪਾਣੀ ਠੰਢਾ ਰੱਖਣ ਲਈ ਕਈ ਪਰਿਵਾਰ ਘੜੇ ਦੇ ਗਲ ਵਿਚ ਪਟਸਨ ਦੀ ਬੋਰੀ ਦਾ ਟੋਟਾ ਗਿੱਲਾ ਕਰਕੇ ਪਾ ਰੱਖਦੇ ਸਨ। ਕਈ ਘੜੇ ਹੇਠਾਂ ਗਿੱਲਾ ਰੇਤਾ ਪਾ ਦਿੰਦੇ ਸਨ।
ਹੁਣ ਹਰ ਘਰ ਨਲਕੇ ਹਨ। ਬਹੁਤੇ ਪਿੰਡਾਂ ਵਿਚ ਜਲ ਘਰ ਹਨ। ਇਸ ਲਈ ਘੜੇ ਦੀ ਵਰਤੋਂ ਨਹੀਂ ਦੇ ਬਰਾਬਰ ਰਹਿ ਗਈ ਹੈ।
ਮਨੁੱਖ ਨਾਲ ਸਬੰਧ
[ਸੋਧੋ]ਪਾਣੀ ਦਾ ਘੜਾ ਮਨੁੱਖ ਦੇ ਜਨਮ ਤੋਂ ਮਰਨ ਤਕ ਦਾ ਸਾਥੀ ਰਿਹਾ ਹੈ। ਬੱਚੇ ਦੇ ਜਨਮ ਸਮੇਂ ਜੱਚਾ-ਬੱਚਾ ਦੀ ਖ਼ੈਰ ਸਲਾਮਤੀ ਲਈ ਉਸ ਦੇ ਸਿਰਹਾਣੇ ਪਾਣੀ ਦਾ ਘੜਾ ਰੱਖਿਆ ਜਾਂਦਾ ਹੈ। ਵਿਆਹ ਸਮੇਂ ‘ਘੜੋਲੀ ਭਰਨਾ’ ਇੱਕ ਵਿਆਹ ਦੀ ਰਸਮ ਹੈ। ਧਾਰਮਿਕ ਸਮਾਗਮਾਂ ਵਿੱਚ ਪਾਣੀ ਦਾ ਘੜਾ (ਕੁੰਭ) ਰੱਖਣਾ ਇੱਕ ਧਾਰਮਿਕ ਵਿਸ਼ਵਾਸ ਹੈ। ਸਸਕਾਰ ਸਮੇਂ ‘ਘੜੀ ਭੰਨਣਾ’ ਅੰਤਿਮ ਰਸਮ ਮੰਨੀ ਜਾਂਦੀ ਹੈ। ਮੁਰਦਾ ਸਰੀਰ ਦੇ ਸਿਰ ਕੋਲ ਪਾਣੀ ਦਾ ਭਰਿਆ ਘੜਾ ਭੰਨਿਆ ਜਾਂਦਾ ਹੈ। ਪੁਰਾਤਨ ਸਮੇਂ ਆਧੁਨਿਕ ਭਰੂਣ ਟੈਸਟਾਂ ਦੀ ਅਣਹੋਂਦ ਕਾਰਨ ਕੰਨਿਆ ਨੂੰ ਜੰਮਦਿਆਂ ਹੀ ਘੜੇ ਵਿੱਚ ਪਾ ਕੇ ਦੱਬ ਦਿੱਤਾ ਜਾਂਦਾ ਸੀ।
ਘੜੇ ਦਾ ਲੋਕ ਵਿਗਿਆਨ
[ਸੋਧੋ]ਮਿੱਟੀ ਦੀ ਸੁਰਾਹੀ ਅਤੇ ਘੜੇ ਦਾ ਪਾਣੀ ਸਦੀਆਂ ਤੋਂ ਭਾਰਤ ਦੇਸ਼ ਦੀ ਸਿਹਤ ਅਤੇ ਸੰਸਕ੍ਰਿਤੀ ਵਿੱਚ ਯੋਗਦਾਨ ਕਰਦਾ ਰਿਹਾ ਹੈ। ਜਦੋਂ ਮਿੱਟੀ ਪਾਣੀ ਦੇ ਸੰਪਰਕ ਵਿੱਚ ਆਉਂਦੀ ਹੈ, ਤਾਂ ਜੈਵ-ਰਸਾਇਣਕ ਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਪ੍ਰਦੂਸ਼ਿਤ ਪਾਣੀ ਦੇ ਅੰਦਰਲੇ ਨਾਇਟਰੇਟ ਅੱਡ ਹੋ ਜਾਂਦੇ ਹਨ ਅਤੇ ਹੇਠਾਂ ਬੈਠ ਜਾਂਦੇ ਹਨ। ਜਦੋਂ ਘੜੇ ਨੂੰ ਧੋਤਾ ਜਾਂਦਾ ਹੈ, ਤਾਂ ਸੁੱਟੋ ਗਏ ਪਾਣੀ ਦੇ ਨਾਲ ਉਹ ਬਾਹਰ ਚਲੇ ਜਾਂਦੇ ਹਨ। ਇਹ ਕਿਰਿਆ ਕੁਦਰਤੀ ਤੌਰ ਉੱਤੇ ਫਰਿਜ, ਪਿਊਰੀਫਾਇਰ ਜਾਂ ਆਰ ਓ ਵਿੱਚ ਨਹੀਂ ਹੁੰਦੀ। ਬਾਜਾਰੂ ਮਿਨਰਲ ਵਾਟਰ ਦੀ ਗੁਣਵੱਤਾ ਵੀ ਇਸ ਨਾਇਟਰੇਟ ਮੁਕਤੀ ਦੀ ਗਾਰੰਟੀ ਨਹੀਂ ਦਿੰਦੀ। ਅਲਬਤਾ ਉਸ ਵਿੱਚ ਮੌਜੂਦ ਕੀਟਨਾਸ਼ਕ ਅਤੇ ਪ੍ਰੀਜਰਵੇਟਰ ਲਗਾਤਾਰ ਵਰਤਦੇ ਰਹਿਣ ਉੱਤੇ ਲਿਵਰ, ਕਿਡਨੀ ਅਤੇ ਹੋਰ ਅੰਗਾਂ ਦੇ ਬੀਮਾਰ ਹੋਣ ਦਾ ਡਰ ਰਹਿੰਦਾ ਹੈ।[1]
ਪੰਜਾਬੀ ਸੱਭਿਆਚਾਰ ਵਿੱਚ ਘੜਾ
[ਸੋਧੋ]ਪੰਜਾਬੀ ਸੱਭਿਆਚਾਰ ਵਿੱਚ ਘੜੇ ਦੀ ਅਹਿਮੀਅਤ ਬਹੁਤ ਬੜੀ ਹੈ। ਸੋਹਣੀ ਮਹੀਵਾਲ ਦੇ ਕਿੱਸੇ ਵਿੱਚ ਤਾਂ ਘੜਾ ਸਮੁੱਚੇ ਬਿਰਤਾਂਤ ਦੀ ਚੂਲ ਬਣਿਆ ਨਜਰ ਆਉਂਦਾ ਹੈ। ਸਾਡੀ ਪ੍ਰੀਤ ਗਾਥਾ ‘ਸੋਹਣੀ ਮਹੀਂਵਾਲ’ ਵਿੱਚ ਉਹਨਾਂ ਦੀ ਪ੍ਰੀਤ ਵੀ ਘੜੇ ਸਹਾਰੇ ਤੋੜ ਚੜ੍ਹਦੀ ਰਹੀ। ਸੋਹਣੀ ਅੰਤਿਮ ਸਮੇਂ ਤਕ ਘੜੇ ਦੀਆਂ ਮਿੰਨਤਾਂ ਕਰਦੀ ਰਹੀ। ਮਹੀਂਵਾਲ ਨੂੰ ਮਿਲਣ ਜਾਂਦੀ ਸੋਹਣੀ ਕਾਲ਼ੀ-ਬੋਲ਼ੀ ਰਾਤ ਵਿੱਚ ਵੀ ਘੜਾ ਚੁੱਕ ਕੇ ਝਨਾਂ ਵਿੱਚ ਠਿੱਲ੍ਹ ਪੈਂਦੀ ਸੀ:
ਰਾਤ ਹਨੇਰੀ ਸਾਂ-ਸਾਂ ਕਰਦੀ,
ਸੋਹਣੀ ਕਦੇ ਨਾ ਡਰਦੀ।
ਚੁੱਕਿਆ ਘੜਾ ਓਹਨੇ ਧਰ ਲਿਆ ਢਾਕ ‘ਤੇ,
ਜਾਵੇ ਝਨਾਂ ਵਿੱਚ ਤਰਦੀ,
ਡੋਬੀ ਤੈਂ ਨਣਦੇ ਘੜਾ ਵਟਾ ਕੇ ਧਰਗੀ।
ਰਾਤ ਹਨੇਰੀ ਲਿਸ਼ਕਣ ਤਾਰੇ,
ਕੱਚੇ ਘੜੇ ਤੇ ਮੈਂ ਤਰਦੀ।
ਵੇਖੀਂ ਰੱਬਾ ਖ਼ੈਰ ਕਰੀਂ,
ਤੇਰੀ ਆਸ ਤੇ ਮੂਲ ਨਾ ਡਰਦੀ।
ਸਿਰ ਫੁਲਕਾਰੀਆਂ ਤੇ ਰੰਗ-ਬਰੰਗੇ ਘੱਗਰੇ ਪਾ ਕੇ ਲੱਕ ਲਚਕਾਉਂਦੀਆਂ ਖੂਹੇ ਤੋਂ ਪਾਣੀ ਭਰ ਕੇ ਮੁੜਦੀਆਂ ਪੰਜਾਬਣਾਂ ਕੂੰਜਾਂ ਦੀਆਂ ਡਾਰਾਂ ਪ੍ਰਤੀਤ ਹੁੰਦੀਆਂ ਸਨ। ਜਿਵੇਂ
ਦੇਸ਼ ਮੇਰੇ ਦੀਆਂ ਕੁੜੀਆਂ ਵੇਖ ਲਓ,
ਅੱਲ੍ਹੜ ਤੇ ਮੁਟਿਆਰਾਂ।
ਚੁੱਕ ਲੈ ਘੜੇ ਉਹ ਪਾਣੀ ਲੈਣ ਚੱਲੀਆਂ,
ਜਿਉਂ ਕੂੰਜਾਂ ਦੀਆਂ ਡਾਰਾਂ।
ਦੇਸ਼ ਪੰਜਾਬ ਦੀਆਂ ਖਿੜੀਆਂ ਰਹਿਣ ਬਹਾਰਾਂ।
ਘੜੇ ਉੱਪਰ ਦਿੱਤੇ ਜਾਣ ਵਾਲੇ ਢੱਕਣ ਨੂੰ ‘ਚੱਪਣ’ ਕਿਹਾ ਜਾਂਦਾ ਹੈ। ਪਤੀ-ਪਤਨੀ ਦੀ ਲੜਾਈ ਵਿੱਚ ਚੱਪਣ ਨੂੰ ਮਾਰਨ ਲਈ ਵੀ ਵਰਤ ਲਿਆ ਜਾਂਦਾ ਸੀ, ਜਿਵੇਂ ਕਿ ਬੋਲੀ ਹੈ:
ਬਾਹਰੋਂ ਤਾਂ ਆਇਆ ਹੱਸਦਾ ਖੇਡਦਾ,
ਘੜਿਆਂ ਕੋਲੇ ਬਹਿ ਗਿਆ ਨੀਂ
ਮੈਨੂੰ ਚੱਪਣੀ ਚੱਪਣੀ ਡਹਿ ਗਿਆ ਨੀਂ।
ਨਾਜ਼ੁਕ ਜਿਹੇ ਸਰੀਰ ਵਾਲੀ ਖੂਹ ਤੋਂ ਪਾਣੀ ਦਾ ਘੜਾ ਭਰੀ ਖਲੋਤੀ ਮੁਟਿਆਰ ਜਾਂਦੇ ਰਾਹੀ ਨੂੰ ਘੜਾ ਚੁਕਾਉਣ ਲਈ ਇੰਜ ਤਰਲਾ ਕਰਦੀ ਹੈ:
ਮੇਰੀ ਵੀਣੀ ਕਮਜ਼ੋਰ,
ਕਿਤੇ ਆ ਜੇ ਨਾ ਮਰੋੜ।
ਜ਼ਰਾ ਆਈਂ ਮੁੰਡਿਆ।
ਘੜਾ ਚੁੱਕਿਆ ਨੀਂ ਜਾਵੇ,
ਵੇ ਚੁਕਾਈਂ ਮੁੰਡਿਆ।
ਨੌਜਵਾਨ ਸਮਾਜ ਦੀਆਂ ਨਜ਼ਰਾਂ ਤੋਂ ਡਰਦਾ ਹੋਇਆ ਕੁੜੀ ਨੂੰ ਘੜਾ ਚੁਕਾਉਣ ਤੋਂ ਨਾਂਹ ਕਰ ਦਿੰਦਾ ਹੈ। ਜਾਂਦਾ-ਜਾਂਦਾ ਉਸ ਨੂੰ ਦੰਦਾਂ ਦੇ ਭਾਰ ਘੜਾ ਚੁੱਕਣ ਦੀ ਸਲਾਹ ਦੇ ਜਾਂਦਾ ਹੈ:
ਘੋੜਾ ਆਰ ਸੋਹਣੀਏ,
ਘੋੜਾ ਪਾਰ ਸੋਹਣੀਏ,
ਘੜਾ ਚੁੱਕ ਲੈ,
ਦੰਦਾਂ ਦੇ ਭਾਰ ਸੋਹਣੀਏ।
ਕਦੇ-ਕਦੇ ਖੂਹੇ ਤੋਂ ਪਾਣੀ ਲੈ ਜਾਂਦੀ ਮੁਟਿਆਰ ਆਪਣੇ ਮੁਕਲਾਵੇ ਦੇ ਸੁਪਨਿਆਂ ਵਿੱਚ ਖੋ ਜਾਂਦੀ ਹੈ ਤੇ ਉਹ ਪਾਣੀ ਦੇ ਭੁਲੇਖੇ ਲੱਕੜੀ ਦੇ ਬੂਰ ਦਾ ਘੜਾ ਭਰ ਲਿਆਉਂਦੀ ਹੈ:
ਚੁੱਕਿਆ ਘੜਾ ਕੁੜੀ ਪਾਣੀ ਲੈਣ ਚੱਲੀ ਆ,
ਘੜਾ ਤਾਂ ਭਰ ਲਿਆਈ ਬੂਰ ਦਾ ਨੀਂ,
ਜਿੰਦ ਗਈ ਮੁਕਲਾਵਾ ਦੂਰ ਦਾ ਨੀਂ।
ਜਦੋਂ ਵਿਆਹ ਰਸਮ ਪਹਿਲਾਂ ਹੋ ਜਾਂਦੀ ਸੀ ਪਰ ਵਹੁਟੀ ਨੂੰ ਮੁਕਲਾਵਾ ਦੇ ਕੇ ਕਈ ਸਾਲ ਪਿੱਛੋਂ ਤੋਰਿਆ ਜਾਂਦਾ ਸੀ। ਉਸ ਸਮੇਂ ਮੁਕਲਾਵਾ ਲਿਆਉਣ ਤੋਂ ਪਹਿਲਾਂ ਵਹੁਟੀ ਨਾਲ ਬੋਲ-ਚਾਲ ਨੂੰ ਵੀ ਮਿਹਣਾ ਮੰਨਿਆ ਜਾਂਦਾ ਸੀ, ਜਿਸ ਦੀ ਸ਼ਾਅਦੀ ਲੋਕ-ਕਾਵਿ ਵੀ ਭਰਦਾ ਹੈ:
ਘੜਾ ਘੜੇ ਦੇ ਉੱਤੇ ਡੋਲ ਪਿਆ,
ਮੁੰਡਾ ਬਿਨ ਮੁਕਲਾਈ ਨਾਲ ਬੋਲ ਪਿਆ।
ਕਦੇ ਖੂਹ ਤੋਂ ਪਾਣੀ ਭਰਦੀ ਸੱਜ ਵਿਆਹ ਮੁਟਿਆਰ ਆਪਣੇ ਗਹਿਣੇ ਖੂਹ ਵਿੱਚ ਡਿੱਗਣ ਤੋਂ ਡਰਦੀ ਬੜਾ ਬੋਚ-ਬੋਚ ਕੇ ਪਾਣੀ ਭਰਦੀ ਹੈ ਕਿਉਂਕਿ ਘਰ ਉਸ ਨੂੰ ਸੱਸ ਦੀਆਂ ਝਿੜਕਾਂ ਦਾ ਵੀ ਡਰ ਹੈ ਕਿ ਦੇਰੀ ਨਾ ਹੋ ਜਾਵੇ। ਇਸ ਕਰ ਕੇ ਉਹ ਸਖ਼ੀਆਂ ਨੂੰ ਇੱਕੋ ਘੜਾ ਭਰਨ ਦਾ
ਤਰਲਾ ਕਰਦੀ ਹੈ:
ਮੱਥੇ ਮੇਰੇ ਟਿੱਕਾ ਨੀਂ,
ਮੈਂ ਟਿੱਕਾ ਡਿੱਗਣ ਤੋਂ ਡਰਦੀ ਨੀਂ,
ਘਰ ਸੱਸ ਕੁਪੱਤੜੀ ਲੜਦੀ ਨੀਂ।
ਮੈਨੂੰ ਇੱਕੋ ਹੀ ਘੜਾ ਭਰ ਲੈਣ ਦਿਓ ਨੀਂ।
ਕੀਮਾ-ਮਲਕੀ ਲੋਕ-ਗਾਥਾ ਦਾ ਸਬੰਧ ਵੀ ਘੜੇ ਨਾਲ ਜਾ ਜੁੜਦਾ ਹੈ। ਜਦੋਂ ਮਲਕੀ ਓਪਰਾ ਮਰਦ ਜਾਣ ਕੇ ਉਸ ਨੂੰ ਪਾਣੀ ਪਿਲਾਉਣ ਤੋਂ ਨਾਂਹ ਕਰ ਦਿੰਦੀ ਹੈ ਤਾਂ ਆਪਣਾ ਹੱਕ ਜਤਾਉਂਦਾ ਕੀਮਾ ਗੁੱਸੇ ਵਿੱਚ ਉਸ ਦਾ ਘੜਾ ਭੰਨਣ ਦੀ ਧਮਕੀ ਦਿੰਦਾ ਹੈ:
ਘੜਾ ਵੀ ਤੇਰਾ ਭੰਨ ਦਿਆਂ ਮੁਟਿਆਰੇ ਨੀਂ,
ਲੱਜ ਕਰਾਂ ਟੋਟੇ ਚਾਰ ਬਾਂਕੀਏ ਨਾਰੇ ਨੀਂ।
ਪੁਰਾਤਨ ਸਮਿਆਂ ਵਿੱਚ ਬਹੁਤਾ ਨਿੱਕ-ਸੁੱਕ ਜਿਵੇਂ ਦਾਲ਼ਾਂ, ਮਸਾਲੇ, ਆਚਾਰ, ਅਨਾਜ ਅਤੇ ਰੂੰ ਵਗ਼ੈਰਾ ਘੜਿਆਂ ਜਾਂ ਕੁੱਜਿਆਂ ਵਿੱਚ ਹੀ ਸਾਂਭਿਆ ਜਾਂਦਾ ਸੀ, ਜਿਸ ਦਾ ਸਬੂਤ ਸਾਨੂੰ ਇਸ ਲੋਕ-ਬੋਲੀ ਤੋਂ ਮਿਲਦਾ ਹੈ:
ਇੱਕ ਘੜੇ ਵਿੱਚ ਮੋਠ-ਬਾਜਰਾ,
ਇੱਕ ਘੜੇ ਵਿੱਚ ਰੂੰ।
ਵੇ ਥੋੜ੍ਹੀ-ਥੋੜ੍ਹੀ ਮੈਂ ਵਿਗੜੀ,
ਬਹੁਤਾ ਵਿਗੜ ਗਿਆ ਤੂੰ।
ਇਸੇ ਤਰ੍ਹਾਂ ਉਹ ਸੱਸ ਤੇ ਜੇਠਾਣੀ ਦੀ ਲੜਾਈ ਨੂੰ ਘੜੇ ਤੇ ਘੜੋਲੀ ਨਾਲ ਮੇਲਦੀ ਹੈ ਅਤੇ ਆਪਣੀ ਲੜਾਈ ਨੂੰ ਪੱਕੀ ਗਾਗਰ ਨਾਲ
ਤਸ਼ਬੀਹ ਦਿੰਦੀ ਕਹਿੰਦੀ ਹੈ:
ਘੜਾ ਵੱਜਦਾ ਘੜੋਲੀ ਵੱਜਦੀ,
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ।
ਸੱਸ ਲੜਦੀ ਜੇਠਾਣੀ ਲੜਦੀ,
ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ।
ਕਿਤੇ ਮੁਟਿਆਰ ਦੋ-ਦੋ ਘੜੇ ਚੁੱਕੀ ਜਾਂਦੀਆਂ ਦੂਜੀਆਂ ਮੁਟਿਆਰਾਂ ਵੱਲ ਵੇਖ ਕੇ ਆਪਣੇ ਇੱਕੋ-ਇੱਕ ਡੋਲਦੇ ਘੜੇ ਦਾ ਫ਼ਿਕਰ ਇੰਜ ਕਰਦੀ ਹੈ:
ਹੋਰ ਕੁੜੀਆਂ ਤਾਂ ਦੋ-ਦੋ ਘੜੇ ਚੁੱਕਦੀਆਂ,
ਮੇਰਾ ਘੜਾ ਕਿਉਂ ਡੋਲਦਾ ਨੀਂ।
ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨੀਂ।
ਆਧੁਨਿਕ ਘਰਾਂ ਵਿੱਚ ਫਰਿੱਜਾਂ-ਕੈਂਪਰਾਂ ਵਿੱਚ ਪਾਣੀ ਹੋ ਸਕਦਾ ਹੈ ਪਰ ਘੜਿਆਂ ਦੀ ਅਣਹੋਂਦ ਹੈ। ‘ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ’ ਦੀ ਕਹਾਵਤ ਵਾਂਗ ਕਦੇ ਘੜਾ ਵਸਦੇ-ਰਸਦੇ ਘਰਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ਪਰ ਜਿਉਂ-ਜਿਉਂ ਅਸੀਂ ਆਧੁਨਿਕ ਹੋ ਰਹੇ ਹਾਂ ਕੁਦਰਤੀ ਜੀਵਨ ਤੋਂ ਦੂਰ ਹੋ ਕੇ ਬੀਮਾਰੀਆਂ ਸਹੇੜ ਰਹੇ ਹਾਂ। ਹੁਣ ਘਰ ਆਏ ਮਹਿਮਾਨ ਨੂੰ ਵੀ ਫਰਿੱਜ ਵਿੱਚੋਂ ਕੱਢ ਕੇ ਪਾਣੀ ਦਾ ਗਿਲਾਸ ਦੇ ਦਿੱਤਾ ਜਾਂਦਾ ਹੈ। ਕੋਈ ਮੁਟਿਆਰ ਹੁਣ ਇਹ ਨਹੀਂ ਕਹਿੰਦੀ:
ਓਕ ਲਾ ਕੇ ਓਕ ਲਾ ਕੇ ਪੀ ਲੈ ਹਾਣੀਆਂ,
ਵੇ ਠੰਢਾ ਠਾਰ ਘੜੇ ਦਾ ਪਾਣੀ।
ਪੰਜਾਬ ਦੇ ਗੀਤਕਾਰ ਦਾ ਗੀਤ " ਮੈਂ ਕੱਲ੍ਹ ਤੱਕ ਨਹੀਂ ਰਹਿਣਾ_____ਜਿਵੇਂ ਤਿੜਕੇ ਘੜੇ ਦਾ ਪਾਣੀ "
ਬੋਲੀ
[ਸੋਧੋ]'ਘੜੇ ਦਾ ਘਿਉ, ਕੁੜੀ ਦਾ ਪਿਉ, ਜਟਕਾ ਸ਼ਾਹ, ਇਨ੍ਹਾਂ ਤਿੰਨਾਂ ਦਾ ਨਾ ਵਸਾਹ।</poem>
ਲੱਛੀ ਕੁੜੀ ਮਹਿਰਿਆਂ ਦੀ,
ਘੜਾ ਚੁੱਕਦੀ ਨਾਗਵਲ਼ ਪਾ ਕੇ।
ਤੇਰੇ ਲੱਕ ਨੂੰ ਜ਼ਰਬ ਨਾ ਆਵੇ,
ਛੋਟਾ ਘੜਾ ਚੁੱਕ ਕੁੜੀਏ।
ਵੇ ਇੱਕ ਦੇ ਮੈਂ ਤਿੰਨ ਚੱਕ ਲਊਂ,
ਮੇਰਾ ਲੱਕ ਪਤਲਾ ਨਾ ਜਾਣੀ
ਘੜੇ ਘੜਵੰਜੀਆਂ ਉੱਤੇ
ਮਾਹੀ ਪ੍ਰਦੇਸ ਗਿਆ
ਹੱਥ ਮਾਰਾਂ ਮੰਜੀਆਂ ਉੱਤੇ।
ਘੜਾ ਖੂਹ ਤੇ ਛੋਡ ਆਈ ਆਂ,
ਅੱਜ ਦਿਲ ਖਫ਼ਾ ਜਿਹਾ,
ਦਿਲ ਜਾਨੀ ਟੋਰ ਆਈ ਆਂ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2012-03-15. Retrieved 2012-11-20.
{{cite web}}
: Unknown parameter|dead-url=
ignored (|url-status=
suggested) (help)