ਘੜਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Historical village,Gharram,Patiala,Punjab,india
ਘੜਾਮ
ਘੜਾਮ
ਪਿੰਡ

ਘੜਾਮ ਪੰਜਾਬ ਦੇ ਪਟਿਆਲਾ ਜਿਲ੍ਹੇ ਦਾ ਇੱਕ ਪਿੰਡ ਹੈ। ਘੜਾਮ ਪਿੰਡ ਭੁਨਰਹੇੜੀ ਬਲਾਕ ਵਿੱਚ ਪੈਂਦਾ ਹੈ । [1] ਇਹ ਇੱਕ ਵੱਡਾ ਅਤੇ ਕਈ ਧਰਮਾਂ ਦੇ ਸੁਮੇਲ ਵਾਲਾ ਇੱਕ ਇਤਿਹਾਸਕ ਪਿੰਡ ਹੈ। ਇਥੇ ਲਗਪਗ ਹਰ ਧਰਮ ਦੇ ਇਤਿਹਾਸਕ ਸਥਾਨ ਹਨ। 2011 ਦੀ ਜਾਂ ਗਣਨਾ ਅਨੁਸਾਰ ਇਸ ਪਿੰਡ ਦੀ ਆਬਾਦੀ ਲਗਭਗ 7 ਹਜ਼ਾਰ ਹੈ। ਇਥੇ ਇੱਕ ਬਹੁਤ ਪੁਰਾਣਾ ਥੇਹ ਹੈ, ਜਿਸ ਦੇ ਉਪਰ ਬਣੇ ਕਿਲ੍ਹੇ ਦੀਆਂ ਅਜੇ ਵੀ ਕੁਝ ਦੀਵਾਰਾਂ ਦਿਖਾਈ ਦਿੰਦਿਆਂ ਹਨ । ਕਿਸੇ ਸਮੇਂ ਇੱਕ ਵੱਡੇ ਸ਼ਹਿਰ ਦੇ ਰੂਪ ਵਿਚ ਵੱਸਿਆ ਹੋਇਆ ਸੀ।

ਇਸ ਇਤਿਹਾਸਕ ਕਿਲ੍ਹੇ ਦਾ ਕੰਟਰੋਲ ਪੁਰਾਤੱਤਵ ਵਿਭਾਗ ਪੰਜਾਬ ਕੋਲ ਹੈ। ਥੇਹ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਤਬਾਹ ਕਰ ਦਿੱਤਾ ਸੀ। ਇਸ ਪਿੰਡ ਬਾਰੇ ਇਹ ਵੀ ਦੰਦ ਕਥਾ ਹੈ ਕਿ ਪਿੰਡ ਭਗਵਾਨ ਰਾਮ ਚੰਦਰ ਦੇ ਨਾਨਕਿਆਂ ਦਾ ਪਿੰਡ ਸੀ ਅਤੇ ਮਾਤਾ ਕੁਸ਼ੱਲਿਆ ਇਥੇ ਹੀ ਰਹਿੰਦੇ ਸਨ। ਰਾਜਾ ਦਸ਼ਰਥ ਮਾਤਾ ਕੁਸ਼ੱਲਿਆ ਨੂੰ ਇਥੋਂ ਵਿਆਹੁਣ ਆਇਆ ਸੀ।

ਇਥੇ ਪੁਰਾਤਨ ਸਮੇਂ ਦੇ ਪੀਰ ਭੀਖਮ ਸ਼ਾਹ ਦੀ ਵੀ ਦਰਗਾਹ ਹੈ ਜਿਥੇ ਹਰ ਸਾਲ ਮੇਲਾ ਲਗਦਾ ਹੈ। ਪੀਰ ਭੀਖਮ ਸ਼ਾਹ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਸੀ ਤਾਂ ਪੀਰ ਭੀਖਮ ਸ਼ਾਹ ਨੇ ਚੜਦੇ ਵੱਲ ਨੂੰ ਮੂੰਹ ਕਰਕੇ ਸੱਜਦਾ ਕੀਤਾ ਸੀ ਕਿ ਅੱਜ ਕੋਈ ਯੋਧਾ ਪੈਦਾ ਹੋਇਆ ਜੋ ਜ਼ੁਲਮ ਦਾ ਨਾਸ਼ ਕਰੇਗਾ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜਦੋਂ ਪੀਰ ਭੀਖਮ ਸ਼ਾਹ ਨੂੰ ਪਿੰਡ ਘੜਾਮ ਵਿਖੇ ਆਪਣੇ ਪਰਿਵਾਰ ਨਾਲ ਮਿਲਣ ਆਏ ਸਨ ਤਾਂ ਪੀਰ ਭੀਖਮ ਸ਼ਾਹ ਜੀ ਨੇ ਪਿੰਡ ਤੋਂ ਚੜਦੇ ਵੱਲ ਦੋ ਕਿਲੋਮੀਟਰ ਦੂਰ ਜਾ ਕੇ ਗੁਰੂ ਜੀ ਦਾ ਸਵਾਗਤ ਕੀਤਾ ਸੀ। ਇਸ ਥਾਂ ’ਤੇ ਅੱਜ ਵੀ ਗੁਰਦੁਆਰਾ ਬਾਉਲੀ ਸਾਹਿਬ ਸੁਸ਼ੋਭਿਤ ਹੈ। ਇਸ ਨੂੰ ਗੁਰਦੁਆਰਾ ਮਿਲਾਪਸਰ ਵੀ ਕਿਹਾ ਜਾਂਦਾ ਹੈ। ਇਥੇ ਵੀ ਹਰ ਸਾਲ ਜੋੜ ਮੇਲਾ ਲੱਗਦਾ ਹੈ।

ਇਥੇ ਪਿੰਡ ਦੇ ਪੱਛਮ ਵੱਲ ਸ਼ਿਵ ਜੀ ਦਾ ਮੰਦਰ ਹੈ ਅਤੇ ਨਾਲ ਹੀ ਬਾਬਾ ਸ਼ੰਕਰ ਗਿਰ ਔਲੀਆ ਦਾ ਮੰਦਰ ਹੈ, ਜਿਥੇ ਬਹੁਤ ਪੁਰਾਣਾ ਤਲਾਬ ਵੀ ਹੈ। ਇਥੇ ਵੀ ਸ਼ਰਧਾਲੂ ਵੱਡੀ ਗਿਣਤੀ ਵਿਚ ਮੱਥਾ ਟੇਕਣ ਆਉਂਦੇ ਹਨ। ਇਸ ਇਲਾਕੇ ਦੇ ਲੋਕ ਬਾਬਾ ਸ਼ੰਕਰ ਗਿਰ ਔਲੀਆਂ ਦਾ ਬਹੁਤ ਸਤਿਕਾਰ ਕਰਦੇ ਹਨ। ਪਿੰਡ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਜਿੰਨ੍ਹੇ ਵੀ ਧਾਰਮਿਕ ਅਸਥਾਨ ਹਨ, ਉਨ੍ਹਾਂ ਸਾਰਿਆਂ ਦੇ ਨਾਮ ਕੁਝ ਕੁਝ ਏਕੜ ਜ਼ਮੀਨ ਵੀ ਹੈ। ਜਿਥੋਂ ਇਨ੍ਹਾਂ ਸਥਾਨਾਂ ਨੂੰ ਆਮਦਨ ਹੁੰਦੀ ਹੈ। ਪਿੰਡ ਦੇ ਲੋਕ ਜ਼ਿਆਦਾਤਰ ਪਾਕਿਸਤਾਨ ਤੋਂ ਆ ਕੇ ਵੱਸੇ ਹੋਏ ਹਨ ਜਿਹਨਾਂ ਨੂੰ ਰਫਿਊਜੀ ਕਿਹਾ ਜਾਂਦਾ ਹੈ ਅਤੇ ਕੁਝ ਇਥੋਂ ਦੇ ਮੂਲ ਵਾਸਨੀਕ ਹਨ ਜਿਹਨਾਂ ਨੂੰ ਲੋਕਲ ਕਿਹਾ ਜਾਂਦਾ ਹੈ ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]