ਚਾਦਰ ਹੇਠਲਾ ਬੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਾਦਰ ਹੇਠਲਾ ਬੰਦਾ  
ਲੇਖਕਸੁਖਵੰਤ ਕੌਰ ਮਾਨ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ,(ਪੰਜਾਬੀ ਭਵਨ ਲੁਧਿਆਣਾ)

ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਸੁਖਵੰਤ ਕੌਰ ਮਾਨ ਦੁਆਰਾ ਰਚਿਤ ਹੈੈ। ਸੁਖਵੰਤ ਕੌਰ ਮਾਨ ਇੱਕ ਅਜਿਹੀ ਇਸਤਰੀ ਲੇਖਿਕਾ ਹੈ, ਜੋ ਇਸਤਰੀ ਲੇਖਿਕਾ ਨਹੀਂ ਸਗੋਂ ਇਸ ਤੋਂ ਵਧੇਰੇ ਹੈ। ਇਸ ਲੇਖਿਕਾ ਦੀਆਂ ਰਚਨਾਵਾਂ ਔਰਤਾਂ ਤੱਕ ਹੀ ਸੀਮਿਤ ਨਹੀਂ ਸਗੋਂ ਸਮੁੱਚੀ ਮਾਨਵੀ ਹੋਂਦ ਨੂੰ ਸਨਮੁੱਖ ਹੁੰਦੀਆਂ ਹਨ। ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਇਸ ਦੀ ਪ੍ਰਤੱਖ ਗਵਾਹੀ ਭਰਦਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਮਾਨਵ ਦੇ ਦੁਖਾਂਤ ਦੀਆਂ ਬਾਤਾਂ ਪਾਉਂਦੀਆਂ ਹਨ। "ਚੇਤਨਾ ਪ੍ਰਕਾਸ਼ਨ" ਦੁਆਰਾ 2004 ਈ: 'ਚ ਪਹਿਲੀ ਵਾਰ ਛਾਪਿਆ ਇਹ ਕਹਾਣੀ ਸੰਗ੍ਰਹਿ ਸਮਾਜਿਕ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦਾ ਹੈ। ਕੁਝ ਕਹਾਣੀਆਂ ਲੇਖਿਕਾ ਦੀ ਆਪਦੀ ਤ੍ਰਾਸਦੀ ਨੂੰ ਬਿਆਨਦੀਆਂ ਹਨ। ਜਿਵੇਂ ਕਹਾਣੀ "ਸੱਪ ਤੇ ਸ਼ਹਿਰ" ਅਤੇ "ਦੇਰ ਆਇਤ ਦਰੁਸਤ ਆਇਤ"। 'ਚਾਦਰ ਹੇਠਲਾ ਬੰਦਾ' ਕਹਾਣੀ-ਸ੍ਰੰਗਹਿ ਕਹਾਣੀਕਾਰ ਦੀ ਦੂਰ-ਦ੍ਰਿਸ਼ਟੀ ਦਾ ਪ੍ਰਮਾਣ ਹੈ, ਇਸੇ ਕਰਕੇ "ਸੁਖਵੰਤ ਕੌਰ ਮਾਨ" ਇਸਤਰੀ ਲੇਖਿਕਾ ਤੋਂ ਵਧੇਰੇ ਸਮੁੱਚੀ ਮਾਨਵ-ਜਾਤੀ ਨੂੰ ਸਨਮੁੱਖ ਹੁੰਦੀ ਲੇਖਿਕਾ ਹੈ। ਜਿਸ ਕਰਕੇ ਸੁਖਵੰਤ ਕੌਰ ਮਾਨ ਆਪਣੀ ਸਮਕਾਲੀ ਇਸਤਰੀ ਲੇਖਿਕਾਵਾਂ ਤੋਂ ਕਿਤੇ ਅੱਗੇ ਹੈ।

ਭੂਮਿਕਾ[ਸੋਧੋ]

'ਚਾਦਰ ਹੇਠਲਾ ਬੰਦਾ' ਕਹਾਣੀ-ਸੰਗ੍ਰਹਿ ਵਿੰਚ ਕਈ ਕਹਾਣੀਆਂ ਹਨ, ਇਸ ਸੰਗ੍ਰਹਿ ਦੀਆਂ ਕਹਾਣੀਆਂ ਮਨੂੱਖੀ ਦਰਦ ਦੀ ਪਛਾਣ ਦੀਆਂ ਕਹਾਣੀਆਂ ਹਨ। ਇਹ ਦਰਦ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਸਮੁੱਚੀ ਮਨੁੱਖਤਾ ਦੇ ਦਰਦ ਦੇ ਰੂਪ ਵਿੱਚ ਪੇਸ਼ ਹੁੰਦਾ ਹੈ। ਮਾਨਵੀ ਸਰੋਕਾਰਾਂ ਨੂੰ ਸਮਾਜ ਵਿੱਚ ਕਾਰਜਸ਼ੀਲ ਕਰਦੀਆਂ ਮਾਨ ਦੀਆਂ ਇਹ ਕਹਾਣੀਆਂ ਮਨੁੱਖ ਦੀਆਂ ਨਿੱਕੀਆਂ-ਨਿੱਕੀਆਂ ਮੰਗਾਂ, ਇਛਾਵਾਂ, ਲੌੜਾਂ-ਥੁੜਾਂ, ਗਰਜਾਂ, ਬਾਤਾਂ ਨੂੰ ਪੂੰਜੀਵਾਦੀ ਵਰਤਾਰੇ ਅਤੇ ਸੰਕਟਾਂ ਵਿੱਚ ਪ੍ਰਸਾਰਿਤ ਕਰਦੀਆਂ ਪੇਂਡੂ ਮਾਨਸਿਕਤਾ ਦੀ ਸਫ਼ਲ ਪੇਸ਼ਕਾਰੀ ਨੂੰ ਪ੍ਰਮਾਣਿਤ ਕਰਦੀਆਂ ਹਨ।[1] ਸੁਖਵੰਤ ਕੌਰ ਮਾਨ ਨੇ ਆਪਣੀਆਂ ਕਹਾਣੀਆਂ ਵਿੱਚ ਵਿਭਿੰਨ ਵਿਸ਼ਿਆਂ ਨੂੰ ਸਾਕਾਰ ਕੀਤਾ ਹੈ। ਉਸ ਦੀਆਂ ਕਹਾਣੀਆਂ ਦੀ ਖੂਬ਼ਸੂਰਤੀ ਵਿਸ਼ਿਆਂ ਦੇ ਨਾਲ-ਨਾਲ ਕਲਾਤਮਕ ਸੰਗਠਨ ਵਿੱਚ ਵੀ ਹੈ।...ਕਹਾਣੀ ਦੀ ਚਾਲ ਵਿਚਲੀ ਸਪੇਸ, ਠਹਿਰਾਓ, ਕਿਤੇ ਅਤੀਤ ਵੱਲ ਕਦੇ ਵਰਤਮਾਨ ਵੱਲ ਝੁਕਾਓ ਉਸਦੀਆਂ ਕਹਾਣੀਆਂ ਦੀ ਇੱਕ ਖ਼ਾਸ ਵਿਸ਼ੇਸ਼ਤਾ ਹੈ।[2]

ਕਹਾਣੀਆਂ[ਸੋਧੋ]

ਇਸ ਸੰਗ੍ਰਹਿ ਵਿੱਚ ਵੱਖ -ਵੱਖ ਸਰੋਕਾਰਾਂ ਨਾਲ ਸੰਬੰਧਿਤ ਦਸ ਕਹਾਣੀਆਂ ਹਨ। ਇਹ ਸਮਾਜ ਦੇ ਹਰ ਵਰਗ ਦੇ ਜੀਵਨ ਨੂੰ ਸਪਰਸ਼ ਕਰਦੀਆਂ ਹਨ। ਇਹ ਕਹਾਣੀਆਂ ਇਸ ਪ੍ਰਕਾਰ ਹਨ,

ਸੱਪ ਤੇ ਸ਼ਹਿਰ[ਸੋਧੋ]

"ਸੱਪ ਤੇ ਸ਼ਹਿਰ" ਕਹਾਣੀ ਦੇਸ਼-ਵੰਡ ਦੇ ਦੌਰਾਨ ਫੈਲੀ ਅੰਨ੍ਹੀ ਧਾਰਮਿਕ ਕੱਟੜਤਾ ਨੂੰ ਬਿਆਨ ਕਰਦੀ ਹੈ, ਜੋ ਲੇਖਿਕਾ ਦੀ ਆਪਣੀ ਹੋਂਣੀ ਵੀ ਹੈ। ਕਿਉਂਕਿ ਜੋ ਵਿਅਕਤੀ ਸਿੱਖ ਹੋਣ ਦੇ ਬਾਵਜੂਦ ਆਪਣੇ ਹੀ ਸਿੱਖ ਭਰਾਵਾਂ ਵੱਲੋਂ ਮੁਸਲਮਾਨ ਸਮਝ ਕੇ ਮਾਰ ਦਿੱਤਾ ਜਾਂਦਾ ਹੈ, ਉਹ ਲੇਖਿਕਾ ਦਾ "ਪਿਤਾ" ਹੀ ਸੀ। ਇਸ ਤਰ੍ਹਾ ਕਹਾਣੀ ਸੁਝਾਉਂਦੀ ਹੈ ਕਿ ਅਜੋਕੇ ਸਮਿਆਂ ਵਿੱਚ ਮਨੁੱਖ(ਸ਼ਹਿਰ) ਸੱਪ ਨਾਲੋਂ ਵਧੇਰੇ ਖਤਰਨਾਕ ਹੈ।

ਚਾਦਰ ਹੇਠਲਾ ਬੰਦਾ[ਸੋਧੋ]

ਇਹ ਕਹਾਣੀ ਪੰਜਾਬ ਸੰਕਟ ਨਾਲ ਸੰਬੰਧਿਤ ਹੈ ਕਿ ਜਿਵੇਂ ਜਾਦੂਗਰ ਦੇ ਜਾਦੂ ਦੌਰਾਨ ਚਾਦਰ ਹੇਠਲਾ ਬੰਦਾ ਵੱਢੇ ਜਾਣ ਉਪਰੰਤ ਵੀ ਪੈਂਦਾ ਉੱਠ ਪੈਂਦਾ ਹੈ। ਬਿਲਕੁੱਲ ਉਸੇ ਤਰ੍ਹਾਂ ਮਨੁੱਖ ਵੀ ਸੰਘਰਸ਼ਸ਼ੀਲ ਹੋਣ ਕਰਕੇ ਫਿਰ ਆਪਣੇ ਹਾਲਾਤਾਂ ਵਿੱਚੋਂ ਉੱਭਰ ਪੈਂਦਾ ਹੈ। ਇਸ ਦਾਸਤਾਨ ਦੀ ਗਵਾਹੀ ਇਸ ਕਹਾਣੀ ਦਾ ਪਾਤਰ "ਮਾਸਟਰ ਸਤਿਨਾਮ" ਭਰਦਾ ਹੈ। ਜੋ ਪੰਜਾਬ ਸੰਕਟ ਸਮੇਂ ਦਿੱਲੀ ਵਿੱਚ ਪੀੜਤ ਹੁੰਦਾ ਹੈ। ਬਿਤਤਾਂਤਕਾਰ ਅਨੁਸਾਰ ਉਸਨੂੰ ਇਹਨਾਂ ਸਤਰਾਂ 'ਤੇ ਹੈਰਾਨੀ ਹੁੰਦੀ ਹੈ ਕਿ,

"ਹਿੰਦੂ ਮੁਸਲਿਮ ਸਿੱਖ ਈਸਾਈ,
ਅਸੀਂ ਹਾਂ ਸਾਰੇ ਭਾਈ ਭਾਈ।"[3]

ਜ਼ਿੰਦਗਾਨੀ[ਸੋਧੋ]

'ਜ਼ਿੰਦਗਾਨੀ' ਕਹਾਣੀ ਨਿਮਨ ਵਰਗ ਦੀ ਲੁੱਟ ਨੂੰ ਦਰਸਾਉਂਦੀ ਹੈ ਅਤੇ ਇਹ ਦੱਸਦੀ ਹੈ ਕਿ ਕਿਵੇਂ ਆਰਥਿਕ ਤੰਗੀਆਂ ਤੋਂ ਮਜ਼ਬੂਰ ਹੋ ਕਿ ਇੱਕ ਵਿਅਕਤੀ ਗਲ਼ਤ ਰਾਸਤਾ ਫੜ੍ਹਦਾ ਹੈ। ਇਸ ਤਰ੍ਹਾ ਨਿਮਨ ਵਰਗ ਜ਼ਿੰਦਗਾਨੀ ਬਦਤਰ ਹੈ ਪਰ ਅਮੀਰ ਘਰਾਂ ਦੇ ਕੋਝੇ-ਕਮਲੇ ਵਿਅਕਤੀਆਂ ਨਾਲ ਵੀ ਇਹਨਾਂ ਗਰੀਬ ਦੀ ਤਰ੍ਹਾਂ ਹੀ ਹੁੰਦਾ ਹੈ। ਜਿਸ ਦੀ ਗਵਾਹੀ ਕਹਾਣੀ ਦਾ ਪਾਤਰ 'ਲੱਲ੍ਹਾ' ਭਰਦਾ ਹੈ।

ਕਾਣਾ ਦਿਓ[ਸੋਧੋ]

'ਕਾਣਾ ਦਿਓ' ਕਹਾਣੀ ਅਧੂਰੀ ਅਜ਼ਾਦੀ ਦੀ ਵਾਰਤਾ ਦੱਸਦੀ ਹੈ, ਜਿਸ ਰਾਹੀਂ ਇੱਕ ਬੱਚੇ ਦੇ ਨਜ਼ਰੀਏ ਤੋਂ ਅਜ਼ਾਦੀ ਦੇ ਯੋਧਿਆਂ ਨੂੰ ਵਰਤਮਾਨ ਸਮੇਂ ਤੱਕ ਵੀ ਸੰਘਰਸ਼ ਕਰਦੇ ਦਿਖਾਇਆ ਹੈ। ਕਹਾਣੀ 'ਚ 'ਕਾਣਾ ਦਿਓ' ਅਧੂਰੀ ਅਜ਼ਾਦੀ ਨੂੰ ਕਿਹਾ ਹੈ। ਕਿੳਂਕਿ ਇਹ ਅਜ਼ਾਦੀ ਹਾਲੇ ਵੀ ਸੰਪੂਰਨ ਰੂਪ 'ਚ ਹਰ ਤਬਕੇ ਤੱਕ ਨਹੀਂ ਅਪੜੀ, ਜਦਕਿ ਅਜ਼ਾਦੀ ਪ੍ਰਵਾਨਿਆ ਦਾ ਸੁਪਨਾ 'ਅਜ਼ਾਦੀ ਪੂਰਨ' ਅਜ਼ਾਦੀ ਸੀ।

ਅਜੰਡਾ[ਸੋਧੋ]

'ਅਜੰਡਾ' ਦੇਸ਼ ਦੀ ਅਜ਼ਾਦੀ ਤੋਂ ਬਾਅਦ ਵੀ ਨਿਮਨ ਵਰਗਾਂ ਦੀ ਸਿੱਧੇ-ਅਸਿੱਧੇ ਤਰੀਕੇ ਨਾਲ ਹੋ ਰਹੀ ਲੁੱਟ ਨੂੰ ਬਿਆਨ ਕਰਦੀ ਕਹਾਣੀ ਹੈ। ਪਿੰਡ ਦੇ ਪੰਚ-ਸਰਪੰਚ ਤੋਂ ਲੈ ਕੇ ਅਫ਼ਸਰਸ਼ਾਹੀ ਤੱਕ ਹਰ ਸ਼ੈਅ ਵੱਲੋਂ ਇਸ ਨਿਮਨ ਵਰਗ ਦਾ ਸ਼ੋਸ਼ਣ ਜਾਰੀ ਹੈ। ਇਹ ਕਹਾਣੀ ਸ਼ਾਸਕ ਧਿਰ ਵੱਲੋਂ ਅਖੌਤੀ 'ਅਜੰਡੇ' ਬਣਾ ਕੇ ਹੋ ਰਹੀ ਲੁੱਟ ਨੂੰ ਬਿਆਨਦੀ ਹੈ, ਇਸ ਲੁੱਟ ਨਾਲ ਜਮਾਤੀ ਵਰਗ 'ਚ ਪਾੜਾ ਵਧਦਾ ਜਾ ਰਿਹਾ ਹੈ।

ਕੱਛੂ ਕੁੰਮਾ[ਸੋਧੋ]

'ਕੱਛੂ-ਕੁੰਮਾ' ਕਹਾਣੀ ਮਿਹਨਤਕਸ਼ ਵਰਗ ਦੇ ਧੀਮੀ ਚਾਲ ਨਾਲ ਆਰਥਿਕ ਪੱਖੋਂ ਸੁਤੰਤਰ ਹੋਣ ਦੀ ਗਾਥਾ ਹੈ। ਜਿਸ ਵਿੱਚ ਕਾਮਾ ਵਰਗ ਪੈਟੀ-ਬੁਰਜੂਆ ਧਿਰ ਵੱਲੋਂ ਅਜ਼ਾਦ ਹੁੰਦਾ ਹੈ ਤੇ ਨਾਲ ਹੀ ਕਹਾਣੀ ਵਿੱਚ ਪੈਟੀ-ਬੁਰਜੂਆ ਧਿਰ ਦੀ ਡਿਗ ਰਹੀ ਹਾਲਤ ਨੂੰ ਬਿਆਨਿਆ ਹੈ।

ਡੁੱਬਦੇ ਸੂਰਜ ਨਾਲ[ਸੋਧੋ]

ਇਹ ਕਹਾਣੀ ਵੱਖਰੇ ਵਿਸ਼ੇ-ਸਰੋਕਾਰਾਂ ਵਾਲੀ ਹੈ। ਕਹਾਣੀ ਵਿੱਚ ਇੱਕ ਬਜ਼ੁਰਗ ਜੋੜਾਂ, ਜੋ ਤੰਗੀ ਤੁਰਸੀਆਂ ਤੇ ਵਿਛੋੜੇ 'ਚ ਜੀਵਨ ਕੱਟ ਰਿਹਾ ਹੈ, ਨੂੰ ਜ਼ਿੰਦਗੀ ਦੇ ਡੁੱਬ ਰਹੇ ਸੂਰਜ ਨਾਲ ਦੋ-ਚਾਰ ਹੁੰਦੇ ਦਿਖਾਇਆ ਹੈ। ਜਿਸ 'ਚ ਜੀਵਨ ਦੇ ਅੰਤਲੇ ਸਮੇਂ ਵੀ ਆਸ਼ਾਵਾਦੀ ਤੇ ਸਕਾਰਾਤਮਕ ਸੋਚ ਅਪਣਾਉਂਦੇ ਹਨ।

ਦੇਰ ਆਇਤ ਦਰੁਸਤ ਆਇਤ[ਸੋਧੋ]

'ਦੇਰ ਅਇਤ ਦਰੁਸਤ ਆਇਤ' ਕਹਾਣੀ ਗਲਤਫ਼ਹਿਮੀਆਂ ਉਪਰੰਤ ਸਹੀ ਤੱਥ ਸਾਹਮਣੇ ਆਉਂਣ ਆਪਸ 'ਚ ਰਹੇ ਵਿਰੋਧ ਉਪਰੰਤ ਸਾਂਝ ਦੀ ਕਹਾਣੀ ਹੈ। ਕਹਾਣੀ 'ਚ "ਮੈਂ" ਪਾਤਰ ਦੇ ਆਪਣੀ ਮਤਰੇਈ ਮਾਂ ਨਾਲ ਸੰਬੰਧਾਂ 'ਚ ਤਣਾਅ ਤੇ ਖਟਾਸ ਦੂਰ ਹੁੰਦੀ ਹੈ।

ਤੁਰਨਾ[ਸੋਧੋ]

ਇਹ ਕਹਾਣੀ ਅਜੋਕੀ ਵਰਤਮਾਨ ਪੀੜ੍ਹੀ ਦੇ ਗਲਤ ਰਸਤਿਆ 'ਤੇ ਤੁਰਨ ਅਤੇ ਉਸਦੇ ਜੀਵਨ 'ਤੇ ਪਏ ਪ੍ਰਭਾਵਾਂ ਨੂੰ ਦਰਸਾਉਂਦੀ ਹੈ। ਕਹਾਣੀ ਵਿੱਚ ਇਹ ਵਿਸ਼ਾ-ਸਰੋਕਾਰ ਹੈ ਕਿ ਵਿਚਾਰਾਂ 'ਚ ਵੱਖਰੇਪਣ ਕਰਕੇ "ਘਰ" ਕਿਵੇਂ "ਮਕਾਨਾਂ" 'ਚ ਬਦਲ ਰਹੇ ਹਨ। ਜਿਵੇਂ ਕਹਾਣੀ ਵਿੱਚ ਬਿਤਤਾਂਤਕਾਰ ਕਹਿੰਦੀ ਹੈ ਕਿ,

"ਕਈ ਵੇਰ ਤਿੱਖਾ ਜਿਹਾ ਅਹਿਸਾਸ ਜ਼ੋਰ ਫੜ੍ਹ ਜਾਂਦਾ ਹੈ ਕਿ ਭਰਾ ਸਵੇਰ ਦਾ ਗਿਆ ਵਾਪਿਸ ਨਹੀਂ ਪਰਤੇਗਾ......ਤੇ ਬੰਟੀ ਵਾਂਙ ਘਰ ਉਹਦਾ ਜ਼ਿਕਰ ਵੀ..."[4]

ਬੋਲ ਮੇਰੀ ਮੱਛਲੀ[ਸੋਧੋ]

ਇਹ ਕਹਾਣੀ ਵਰਤਮਾਨ ਪੀੜ੍ਹੀ ਦੇ ਵਿਦੇਸ਼ ਜਾਣ ਦੀ ਲੱਗੀ ਹੋੜ ਤੇ ਉਸਦੇ ਬੁਰੇ ਪ੍ਰਭਾਵਾਂ ਨੂੰ ਬਿਆਨਦੀ ਹੈ। ਜਿਵੇਂ ਘੱਟ ਪਾਣੀ ਕਰਕੇ ਮੱਛਲੀ ਦਾ ਜਿਉਂਣਾ ਮੁਹਾਲ ਹੋ ਜਾਂਦਾ ਹੈ, ਉਵੇਂ ਹੀ ਅਜੋਕੀ ਪੀੜ੍ਹੀ ਦਾ ਹਾਲ ਹੈ। ਭਾਵੇਂ ਕਿ ਇਹ ਪੀੜ੍ਹੀ ਵਿਦੇਸ਼ਾਂ ਦੀਆਂ ਮੁਸ਼ਕਿਲਾਂ ਤੋਂ ਅਣਜਾਣ ਹੈ।

ਕਹਾਣੀਆਂ ਦੇ ਵਿਸ਼ੇ-ਸਰੋਕਾਰ[ਸੋਧੋ]

ਇਹ ਦਸ ਕਹਾਣੀਆਂ ਸਮਾਜ ਦੇ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਪਾਠਕਾਂ ਦੇ ਅੱਗੇ ਪੇਸ਼ ਕਰਦੀਆਂ ਹਨ, ਜੋ ਸਮਾਜਿਕ ਜੀਵਨ 'ਤੇ ਸਦਾ ਪ੍ਰਭਾਵ ਪਾਉਂਦੇ ਰਹੇ। ਇਹ ਵਿਸ਼ੇ ਹੇਠ ਲਿਖੇ ਹਨ। ਜਿਵੇਂ,

 1. ਦੇਸ਼-ਵੰਡ।
 2. ਅੰਨ੍ਹੀ ਧਾਰਮਿਕ ਕੱਟੜਤਾ।
 3. ਸਮਾਜਿਕ ਭੇਦ-ਭਾਵ ਅਤੇ ਨਿਮਨ ਵਰਗ ਦੀ ਲੁੱਟ।
 4. ਅਜ਼ਾਦੀ ਦੀ ਅਸਮਾਨ ਵੰਡ।
 5. ਸਰਕਾਰਾਂ ਤੇ ਉਸਦੇ ਨੁਮਾਇੰਦੁਆਂ ਦੁਆਰਾ ਲੁੱਟ ਤੇ ਭੇਦ-ਭਾਵ।
 6. ਪਰੋਲੋਤਾਰੀ(ਨਿਮਨ ਕਾਮਾ ਵਰਗ) ਦੇ ਮਿਹਨਤਕਸ਼ ਕਰਕੇ ਹਾਲਾਤਾਂ'ਚ ਸੁਧਾਰ।
 7. ਵਿਦੇਸ਼ਾਂ ਜਾਣ ਕਰਕੇ ਦੁੱਖ ਅਤੇ ਇਕਲਾਪਾਪਣ।
 8. ਇਨਸਾਨੀਅਤ ਦੀ ਹੋਂਦ।
 9. ਰਿਸ਼ਤਿਆਂ 'ਚ ਆਈ ਗਿਰਾਵਟ।
 10. ਉਚ-ਨੀਚ ਦਾ ਭੇਦ ਭਾਵ

ਕਹਾਣੀਆਂ ਅਤੇ ਮਿੱਥ[ਸੋਧੋ]

"ਚਾਦਰ ਹੇਠਲਾ ਬੰਦਾ" ਕਹਾਣੀ-ਸੰਗ੍ਰਹਿ ਦੀਆਂ ਅੰਧ ਤੋਂ ਵੱਧ ਕਹਾਣੀਆਂ ਕਿਸੇ ਨਾ ਕਿਸੇ ਮਿੱਥ ਨੂੰ ਲੈ ਕੇ ਬੁਣੀਆਂ ਗਈਆਂ ਹਨ। ਇਹ ਕਿਸੇ ਨਾ ਕਿਸੇ ਮਿੱਥ ਨੂੰ ਪੁਨਰ ਪ੍ਰਭਾਸਿਤ ਕਰਦੀਆਂ ਹਨ। ਕੁਝ ਹੇਠ ਲਿਖੀਆਂ ਕਹਾਣੀਆਂ ਮਿੱਥ ਨੂੰ ਪੁਨਰ-ਪ੍ਰਭਾਸਿਤ ਕਰਦੀਆਂ ਹਨ। ਜਿਵੇਂ,

 1. ਇਸ ਸੰਗ੍ਰਹਿ ਦੀ ਪਹਿਲੀ ਕਹਾਣੀ "ਸੱਪ ਤੇ ਸ਼ਹਿਰ" ਦਾ ਸਿਰਲੇਖ ਹੀ ਮਿੱਥ ਅਧਾਰਿਤ ਹੈ। ਇਸ ਕਹਾਣੀ ਵਿੱਚ "ਮੈਂ" ਪਾਤਰ ਦੇ ਪਿਤਾ ਨੂੰ ਸੱਪ ਕੱਟ ਲੈਂਦਾ ਹੈ, ਉਸ ਤੋਂ ਤਾਂ ਉਹ ਬਚ ਜਾਂਦਾ ਹੈ ਪਰ ਸ਼ਹਿਰ ਵਿੱਚ ਦੰਗਾਕਾਰੀਆਂ ਹੱਥੋਂ ਉਹ ਮਾਰਿਆ ਜਾਦਾਂ ਹੈ। ਇਸ ਤਰ੍ਹਾਂ ਸੱਪ ਨਾਲੋਂ ਮੌਜੂਦਾ ਦੌਰ 'ਚ ਬੰਦੇ ਵੱਧ ਖਤਰਨਾਕ ਹੋ ਗਏ ਹਨ। ਇਹ ਹੀ ਬਿਆਨ ਇਹ ਕਹਾਣੀ ਕਰਦੀ ਹੈ।
 2. ਦੂਸਰੀ ਕਹਾਣੀ, "ਚਾਦਰ ਹੇਠਲਾ ਬੰਦਾ", ਜੋ ਸੰਗ੍ਰਹਿ ਦੀ ਮੁੱਖ ਕਹਾਣੀ ਹੈ, ਵੀ ਇੱਕ ਮਿੱਥ ਦੁਆਲੇ ਬੁਣੀ ਗਈ ਹੈ। ਪਹਿਲਾਂ ਇੱਕ ਜਾਦੂਗਰ ਜਾਦੂ ਵਿੱਚ ਵਿਅਕਤੀ ਉੱਪਰ ਚਾਦਰ ਪਾ ਕੇ ਤੇ ਫਿਰ ਉਸਨੂੰ ਵੱਢ ਦਿੰਦਾ ਸੀ। ਕੁਝ ਪਲਾਂ ਲਈ ਉਹ ਮੋਇਆ ਲਗਦਾ ਸੀ, ਪਰ ਫਿਰ ਚਾਦਰ ਚੁਕਣ ਉਪਰੰਤ ਉਹ ਜ਼ਿਉਂਦਾ ਨਿਕਲ ਆਉਂਦਾ ਸੀ। ਬਿਲਕੁੱਲ ਇਸੇ ਤਰ੍ਹਾਂ ਹੀ ਪੰਜਾਬ ਸੰਕਟ ਪਿੱਛੋਂ ਇਸ ਕਹਾਣੀ ਦਾ ਮੁੱਖ ਪਾਤਰ ਉਭਰਦਾ ਹੈ, ਜਿਸਦੀ ਤੁਲਨਾ ਕਹਾਣੀਕਾਰ 'ਚਾਦਰ ਬੇਠਲੇ ਬੰਦੇ' ਨਾਲ ਕਰਦੀ ਹੈ।
 3. ਸੰਗ੍ਰਹਿ ਦੀ ਚੌਥੀ ਕਹਾਣੀ "ਕਾਣਾ ਦਿਓ" ਵੀ ਇੱਕ ਪੁਰਾਤਨ ਮਿੱਥ ਨਸਲ ਜੁੜਦੀ ਹੈ, ਜਿਸ 'ਚ ਇੱਕ ਅੱਖੋਂ ਕਾਣਾ ਦਿਓ ਸਭ ਪਾਸੇ ਉਜਾੜਾ ਕਰੀ ਜਾ ਰਿਹਾ ਸੀ ਤੇ ਇਸ ਨਾਲ ਹੀ ਕਾਣੀ ਵੰਡ ਹੋ ਰਹੀ ਸੀ। ਇਸ ਕਹਾਣੀ 'ਚ 'ਕਾਣਾ ਦਿਓ' ਅਜ਼ਾਦੀ ਨੂੰ ਕਿਹਾ ਹੈ ਜੋ ਅਮੀਰਾਂ ਲਈ ਅਲੱਗ ਅਤੇ ਗਰੀਬਾਂ ਲਈ ਅਲੱਗ-ਅਲੱਗ ਆਈ ਹੈ ਤੇ ਅਰਥ ਵੀ ਵੱਖਰੇ-ਵੱਖਰੇ ਰਖਦੀ ਹੈ।
 4. ਕਹਾਣੀ ਸੰਗ੍ਹਹਿ ਦੀ ਛੇਵੀ ਕਹਾਣੀ "ਕੱਛੂ ਕੁੰਮਾ" ਵੀ ਪਰੋਲੋਤਾਰੀ ਅਤੇ ਮਿਹਤਕਸ਼ ਵਰਗ ਦੇ ਕੱਛੂ ਕੁੰਮੇ ਦੀ ਚਾਲ ਦੀ ਰਫ਼ਤਾਰ ਨਾਲ ਆਪਣੇ ਹਾਲਾਤ ਸੁਧਾਰਨ ਬਾਰੇ ਹੈ ਕਿ ਕਿਵੇਂ ਨਿਮਨ ਵਰਗ ਮਿਹਨਤ ਕਰਕੇ ਉੱਪਰ ਉੱਠਦਾ ਹੈ। ਇਹ ਕਹਾਣੀ ਕੱਛੂ-ਕੁੰਮੇੇ ਦੀ ਦੌੜ ਨਾਲ ਜੋੜੀ ਗਈ ਹੈ। ਜਿਸ ਵਿੱਚ ਕੱਛੂ-ਕੁੰਮਾ ਸਹਿਜਤਾ ਅਤੇ ਦ੍ਰਿੜ ਇਰਾਦੇ ਕਰਕੇ ਜਿੱਤ ਜਾਂਦਾ ਹੈ।
 5. ਕਹਾਣੀ ਸੰਗ੍ਰਹਿ ਦੀ ਆਖਰੀ ਭਾਵ ਦਸਵੀ ਕਹਾਣੀ "ਬੋਲ ਮੇਰੀ ਮੱਛਲੀ" ਵੀ ਉਸ ਮਿੱਥ ਨਾਲ ਹੈ, ਜਿਸ ਨੂੰ ਬੱਚੇ ਗਾਉਂਦੇ ਹਨ ਕਿ,
"ਬੋਲ ਮੇਰੀ ਮੱਛਲੀ 
ਕਿੰਨਾਂ ਕਿਨਾਂ ਪਾਣੀ,
ਥੋੜਾਂ-ਥੋੜਾਂ ਪਾਣੀ।...."[5]

ਇਸ ਤਰ੍ਹਾਂ ਉਹ ਮੱਛਲੀ ਘੱਟ ਪਾਣੀ ਕਰਕੇ ਮਾਰੀ ਜਾਂਦੀ ਹੈ। ਪੰਜਾਬ ਦੇ ਧਰਾਤਲ ਦੀ ਕਾਫ਼ੀ ਸਾਰੀ ਲੋਕਾਈ ਦੀ ਵਿਦੇਸ਼ ਜਾਣ ਦੀ ਦੌੜ ਕਰਕੇ ਉਸ ਮੱਛਲੀ ਵਾਲੀ ਹਾਲਤ ਵਿੱਚ ਹੋਈ ਪਈ ਹੈ।

ਹਵਾਲੇ[ਸੋਧੋ]

 1. ਡਾ. ਗੁਰਇਕਬਾਲ ਸਿੰਘ, ਭੂਮਿਕਾ(ਕਵਰਪੇਜ਼), ਚਾਦਰ ਹੇਠਲਾ ਬੰਦਾ,ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁ਼ਧਿਆਣਾ,ਐਡੀਸ਼ਨ-ਤੀਜਾ(2015)
 2. ਬਲਵੰਤ ਸਿੰਘ ਸੰਧੂ, ਭੂਮਿਕਾ(ਕਵਰਪੇਜ਼),ਚਾਦਰ ਹੇਠਲਾ ਬੰਦਾ,ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁ਼ਧਿਆਣਾ,ਐਡੀਸ਼ਨ-ਤੀਜਾ(2015)
 3. ਚਾਦਰ ਹੇਠਲਾ ਬੰਦਾ,ਸੁਖਵੰਤ ਕੌਰ ਮਾਨ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ(ਪੰਜਾਬੀ ਭਵਨ, ਲੁਧਿਆਣਾ),2004, ਪੰਨਾ-21
 4. ਚਾਦਰ ਹੇਠਲਾ ਬੰਦਾ,ਸੁਖਵੰਤ ਕੌਰ ਮਾਨ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ(ਪੰਜਾਬੀ ਭਵਨ, ਲੁਧਿਆਣਾ),2004, ਪੰਨਾ-97
 5. ਪੰਜਾਬੀ ਲੋਕ ਗੀਤ।