ਸਮੱਗਰੀ 'ਤੇ ਜਾਓ

ਚੂਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੂਰੀ ਇੱਕ ਪੰਜਾਬੀ ਭੱਖ(ਖਾਣਯੋਗ) ਪਦਾਰਥ ਹੈ। ਗਰਮ ਰੋਟੀਆਂ ਨੂੰ ਭੋਰਕੇ, ਉਸ ਵਿੱਚ ਘਿਉ ਤੇ ਸ਼ੱਕਰ ਰਲਾ ਲਿਆ ਜਾਂਦਾ ਹੈ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਕੇ ਪਿੰਨੀਆਂ ਬਣਾ ਲਈਆਂ ਜਾਂਦੀਆਂ ਹਨ।[1] ਆਮ ਤੌਰ 'ਤੇ ਇਹ ਖਾਣੇ ਦੇ ਮੌਕੇ ਤੇ ਹੀ ਬਣਾਈ ਜਾਂਦੀ ਹੈ। ਪੰਜਾਬੀ ਲੋਕਧਾਰਾ ਵਿੱਚ ਚੂਰੀ ਦਾ ਭਰਪੂਰ ਜ਼ਿਕਰ ਮਿਲਦਾ ਹੈ।

ਪੰਜਾਬੀ ਸੱਭਿਆਚਾਰ ਵਿੱਚ ਚੂਰੀ

[ਸੋਧੋ]

ਹੀਰ ਰਾਂਝੇ ਦੀ ਕਹਾਣੀ ਵਿੱਚ ਬੇਲੇ ਵਿੱਚ ਰਾਂਝੇ ਲਈ ਹੀਰ ਦਾ ਚੂਰੀ ਕੁੱਟ ਲਿਜਾਣਾ ਅਤੇ ਇਸ ਨਾਲ ਜੁੜੀਆਂ ਕਹਾਣੀ ਦੀਆਂ ਤੰਦਾਂ ਪੰਜਾਬੀ ਸੱਭਿਆਚਾਰ ਵਿੱਚ ਚੂਰੀ ਦੀ ਅਹਿਮੀਅਤ ਨੂੰ ਉਜਾਗਰ ਕਰਦੀਆਂ ਹਨ।

ਪੰਜਾਬੀ ਲੋਕ ਗੀਤਾਂ ਵਿੱਚ ਵੀ ਚੂਰੀ ਦੇ ਅਨੇਕਾਂ ਹਵਾਲੇ ਹਨ।

ਚੁੰਝ ਤੇਰੀ ਵੇ ਕਾਲਿਆ ਕਾਵਾਂ,
ਸੋਨੇ ਨਾਲ ਮੜ੍ਹਾਵਾਂ।
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ,
ਨਿੱਤ ਮੈਂ ਔਂਸੀਆਂ ਪਾਵਾਂ।
ਖ਼ਬਰਾਂ ਲਿਆ ਕਾਵਾਂ,
ਤੈਨੂੰ ਘਿਉ ਦੀ ਚੂਰੀ ਖੁਆਵਾਂ।[2]

ਗਰਮ ਰੋਟੀ ਦੇ ਟੁਕੜੇ ਬਣਾ ਕੇ, ਵਿਚ ਸ਼ੱਕਰ ਘਿਉ ਰਲਾ ਕੇ ਗੁੰਨੇ ਹੋਏ ਪਦਾਰਥ ਨੂੰ ਚੂਰੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਚੂਰੀ ਖ਼ੁਰਾਕ ਦਾ ਆਮ ਹਿੱਸਾ ਹੁੰਦੀ ਸੀ। ਹਰ ਘਰ ਵਿਚ ਕੁੱਟੀ ਜਾਂਦੀ ਸੀ। ਬੱਚਿਆਂ ਦੀ ਮਨਭਾਉਂਦੀ ਖ਼ੁਰਾਕ ਤਾਂ ਹੁੰਦੀ ਹੀ ਚੂਰੀ ਸੀ। ਬੱਚਿਆਂ ਨੂੰ ਤਾਂ ਲੋਰੀਆਂ ਵੀ ਚੂਰੀ ਦੀਆਂ ਦਿੱਤੀਆਂ ਜਾਂਦੀਆਂ ਸਨ।ਸਕੂਲ ਪੜ੍ਹਦੇ ਬੱਚੇ ਦੁਪਹਿਰ ਨੂੰ ਖਾਣ ਲਈ ਜਿਆਦਾ ਚੂਰੀ ਹੀ ਲੈ ਕੇ ਜਾਂਦੇ ਸਨ। ਲੋਕ ਪਹਿਲੇ ਸਮਿਆਂ ਵਿਚ ਪੈਦਲ ਸਫ਼ਰ ਕਰਦੇ ਸਨ। ਰਾਹ ਵਿਚ ਖਾਣ ਲਈ ਆਮ ਤੌਰ ਤੇ ਚੂਰੀ ਹੀ ਲੈ ਕੇ ਜਾਂਦੇ ਸਨ। ਹੋਰ ਤਾਂ ਹੋਰ ਜਦ ਰਾਂਝਾ ਬਲ ਵਿਚ ਮੱਝੀਆਂ ਚਾਰਨ ਜਾਂਦਾ ਸੀ ਤਾਂ ਹੀਰ ਚੂਰੀ ਕੁੱਟ ਕੇ ਹੀ ਰਾਂਝ ਲਈ ਲੈ ਕੇ ਜਾਂਦੀ ਸੀ।

ਚੂਰੀ ਬਣਾਉਣ ਲਈ ਪਹਿਲਾਂ ਗਰਮ ਗਰਮ ਰੋਟੀਆਂ ਦੇ ਛੋਟੇ-ਛੋਟੇ ਟੁਕੜੇ ਕੀਤੇ ਜਾਂਦੇ ਸਨ। ਫੇਰ ਇਨ੍ਹਾਂ ਵਿਚ ਘਿਉ ਤੇ ਸ਼ੱਕਰ ਪਾ ਕੇ ਹੱਥਾਂ ਨਾਲ ਚੰਗੀ ਤਰ੍ਹਾਂ ਮਸਲਿਆ ਜਾਂਦਾ ਸੀ। ਮਸਲਣ ਤੋਂ ਬਾਅਦ ਇਸ ਦੀ ਪਿੰਨੀ ਬਣਾ ਦਿੰਦੇ ਸਨ। ਬੱਸ, ਬਣ ਗਈ ਚੂਰੀ। ਪਹਿਲਾਂ ਜਦ ਬਾਜਰਾ, ਜੰਆਂ ਦੀਆਂ ਫਸਲਾਂ ਹੁੰਦੀਆਂ ਸਨ, ਉਸ ਸਮੇਂ ਬਾਜਰੇ ਤੇ ਜੌਆਂ ਦੀਆਂ ਰੋਟੀਆਂ ਦੀ ਚੂਰੀ ਕੁੱਟੀ ਜਾਂਦੀ ਸੀ। ਜਦ ਕਣਕ ਤੇ ਮੱਕੀ ਦੀਆਂ ਫਸਲਾਂ ਹੋਣ ਲੱਗੀਆਂ, ਫੇਰ ਕਣਕ ਤੇ ਮੱਕੀ ਦੀਆਂ ਰੋਟੀਆਂ ਨਾਲ ਚੂਰੀ ਬਣਾਉਣ ਲੱਗੇ। ਪਹਿਲਾਂ ਚੂਰੀ ਸ਼ੱਕਰ ਪਾ ਕੇ ਕੁੱਟੀ ਜਾਂਦੀ ਸੀ। ਖੰਡ ਆਉਣ ਤੇ ਫਿਰ ਕੋਈ-ਕੋਈ ਖੰਡ ਨਾਲ ਚੂਰੀ ਕੁੱਟਣ ਲੱਗ

ਹੁਣ ਦੀ ਪੀੜ੍ਹੀ ਚੂਰੀ ਖਾ ਕੇ ਰਾਜੀ ਨਹੀਂ। ਇਸ ਲਈ ਚੂਰੀ ਹੁਣ ਸਾਡੀ ਖ਼ੁਰਾਕ ਦਾ ਹਿੱਸਾ ਨਹੀਂ ਰਹੀ। ਇਕ ਸ਼ੁੱਧ ਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਖ਼ੁਰਾਕ ਨੂੰ ਅਸੀਂ ਛੱਡ ਦਿੱਤਾ ਹੈ।[3]

ਹਵਾਲੇ

[ਸੋਧੋ]
  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਜਿਲਦ ਛੇਵੀਂ. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1335. ISBN 81-7116-114-4. {{cite book}}: Check |isbn= value: checksum (help)
  2. ਕਿਤੇ ਬੋਲ ਵੇ ਚੰਦਰਿਆ ਕਾਵਾਂ…|ਪੰਜਾਬੀ ਟ੍ਰਿਬਿਉਨ, 20 ਅਪਰੈਲ 2013
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.