ਭੰਗੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੰਗੂ ਬੰਸ ਦਾ ਮੋਢੀ ਭੰਗੂ ਸੀ। ਭੰਗਾਲ ਅਤੇ ਭਾਗੂ ਵੀ ਇਸੇ ਭਾਈਚਾਰੇ ਵਿਚੋਂ ਹਨ। ਇਹ ਸਿੰਧ ਤੋਂ ਪੰਜਾਬ ਵਿੱਚ ਆਏ ਹਨ। ਇਹ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਵਿੱਚ ਸਨ। ਜਦੋਂ ਅਰਬਾਂ ਨੇ ਸਿੰਧ ਤੇ ਹਮਲਾ ਕੀਤਾ ਤਾਂ ਸਿਵੀਸਤਾਨ ਦੇ ਖੇਤਰ ਵਿੱਚ ਭੰਗੂ ਦਾ ਪੋਤਾ ਕਾਕਾਰਾਜ ਕਰ ਰਿਹਾ ਸੀ। ਕਾਕੇ ਨੇ ਰਾਜੇ ਦਾਹਿਰਦੇ ਵਿਰੁੱਧ ਅਰਬਾਂ ਦਾ ਸਾਥ ਦਿੱਤਾ ਕਿਉਂਕਿ ਬਹੁਤੇ ਜੱਟ ਕਬੀਲੇ ਰਾਜੇ ਦਾਹਿਰ ਦੇ ਸਲੂਕ ਤੋਂ ਤੰਗ ਸਨ। ਮੁਹੰਮਦ ਬਿਨ ਕਾਸਮ ਨੇ ਇਸ ਫੁਟ ਤੋਂ ਫ਼ਾਇਦਾ ਉਠਾ ਕੇ ਕਈ ਜੱਟ ਕਬੀਲਿਆਂ ਦੇ ਮੁਖੀਆਂ ਨੂੰ ਆਪਣੇ ਵੱਲ ਕਰ ਲਿਆ ਸੀ। ਇਸ ਲੜਾਈ ਵਿੱਚ ਮੁਹੰਮਦ ਬਿਨ ਕਾਸਮ ਤੋਂ ਰਾਜਾ ਦਾਹਿਰ ਬੁਰੀ ਤਰ੍ਹਾਂ ਹਾਰ ਗਿਆ ਸੀ। ਉਸ ਦਾ ਲੜਕਾ ਜੈ ਸਿੰਘ ਮੁਸਲਮਾਨ ਬਣ ਗਿਆ ਸੀ। ਉਸ ਦੀ ਰਾਣੀ ਤੇ ਉਸ ਦੀਆਂ ਦੋ ਪੁੱਤਰੀਆਂ ਨੂੰ ਕੈਦ ਕਰ ਲਿਆ ਸੀ। ਪਹਿਲਾਂ ਪਹਿਲ ਭੰਗੂ ਭਾਈਚਾਰੇ ਦੇ ਲੋਕ ਸਿੰਧ ਤੋਂ ਉਠ ਕੇ ਸ਼ੋਰ ਕੋਟ ਤੇ ਝੰਗ ਦੇ ਖੇਤਰ ਵਿੱਚ ਆਏ। ਕੁਝ ਭੰਗੂ ਸਿਆਲਕੋਟ ਤੇ ਮਿੰਟਗੁੰਮਰੀ ਦੇ ਖੇਤਰਾਂ ਵੱਲ ਚਲੇ ਗਏ ਸਨ। ਭੰਗੂ ਗੋਤ ਦਾ ਰਾਜਪੂਤਾਂ ਨਾਲ ਕੋਈ ਸੰਬੰਧ ਨਹੀਂ ਸਗੋਂ ਇਨ੍ਹਾਂ ਦੀਆਂ ਪੰਵਾਰ ਰਾਜਪੂਤਾਂ ਦੀ ਸ਼ਾਖ ਸਿਆਲਾਂ ਨਾਲ ਬਹੁਤ ਲੜਾਈਆਂ ਹੋਈਆਂ। ਸਿਆਲਾਂ ਤੋਂ ਤੰਗ ਆ ਕੇ ਹੀ ਭੰਗੂ ਮਾਝੇ ਤੇ ਮਾਲਵੇ ਵੱਲ ਆ ਗਏ ਸਨ। ਕੁਝ ਘੱਗਰ ਤੋਂ ਪਾਰ ਸਰਸੇ ਦੇ ਖੇਤਰ ਵਿੱਚ ਵੀ ਚਲੇ ਗਏ। ਕੁਝ ਇਤਿਹਾਸਕਾਰ ਭੰਗੂਆਂ ਨੂੰ ਨੇਪਾਲ ਤੋਂ ਆਏ ਹੋਏ ਸਮਝਦੇ ਹਨ। ਇਹ ਵਿਚਾਰ ਗ਼ਲਤ ਹੈ। ਲੁਧਿਆਣੇ ਦੇ ਇਲਾਕੇ ਵਿੱਚ ਵੀ ਭੰਗੂ ਭਾਈਚਾਰੇ ਦੇ ਕਈ ਪਿੰਡ ਹਨ। ਭੰਗੂਆਂ ਦਾ ਪ੍ਰਸਿੱਧ ਪਿੰਡ ਭੜੀ ਲੁਧਿਆਣੇ ਜਿਲ੍ਹੇ ਵਿੱਚ ਖੰਨੇ ਦੇ ਨਜ਼ਦੀਕ ਹੀ ਹੈ। 1763 ਈਸਵੀਂ ਵਿੱਚ ਜਦੋਂ ਸਿੱਖਾਂ ਨੇ ਸਰਹੰਦ ਦਾ ਇਲਾਕਾ ਫਤਿਹ ਕੀਤਾ ਸੀ ਤਾਂ ਮਹਿਤਾਬ ਸਿੰਘ ਭੰਗੂ ਦੀ ਵੰਡ ਵਿੱਚ ਭੜਤੀ ਤੇ ਕੋਟਲਾ ਆਦਿ ਪਿੰਡ ਆਏ। ਇਸ ਲਈ ਇਸ ਦੀ ਬੰਸ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਇਸ ਪਿੰਡ ਵਿੱਚ ਆ ਗਈ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਰਤਨ ਸਿੰਘ ਭੰਗੂ ਇਸ ਭਾਈਚਾਰੇ ਵਿਚੋਂ ਹੀ ਸੀ। ਕੁਝ ਭੰਗੂ ਪਿੰਡ ਡੱਲਾ ਜਿਲ੍ਹਾ ਰੋਪੜ ਵਿੱਚ ਵੀ ਵੱਸਦੇ ਹਨ। ਭੰਗੂ ਗੋਤ ਤ੍ਰਖਾਣਾਂ ਦਾ ਵੀ ਹੁੰਦਾ ਹੈ। ਸਪਰੇ ਜੱਟ ਵੀ ਰਾਏ ਤੇ ਭੰਗੂ ਆਦਿ ਭਾਈਚਾਰੇ ਦੇ ਵਾਂਗ ਪਹਿਲਾਂ ਸਿੰਧ ਵਿੱਚ ਆਬਾਦ ਸਨ। ਮੁਹੰਮਦ ਬਿਨ ਕਾਸਿਮ ਦੇ ਹਮਲੇ 712 ਈਸਵੀਂ ਤੋਂ ਮਗਰੋਂ ਪੰਜਾਬ ਵਿੱਚ ਆਏ। ਸਪਰੇ ਜੱਟ ਵੀ ਹਨ ਅਤੇ ਅਰੋੜੇ ਖੱਤਰੀ ਵੀ ਹਨ। ਇਹ ਸਿੰਧ ਦੇ ਅਲਰੋੜ ਨਗਰ ਵਿੱਚ ਵੱਸਦੇ ਸਨ। ਪੰਜਾਬ ਵਿੱਚ ਭੰਗੂ ਨਾਮ ਦੇ ਕਈ ਪਿੰਡ ਹਨ। ਸਰਸੇ ਦੇ ਖੇਤਰ ਵਿੱਚ ਵੀ ਇੱਕ ਪਿੰਡ ਦਾ ਨਾਮ ਭੰਗੂ ਹੈ। ਪਟਿਅਆਲਾ, ਸੰਗਰੂਰ, ਲੁਧਿਆਣਾ, ਬਠਿੰਡਾ, ਜਲੰਧਰ ਅਤੇ ਰੋਪੜ ਖੇਤਰਾਂ ਵਿੱਚ ਵੀ ਭੰਗੂ ਗੋਤ ਦੇ ਜੱਟ ਕਾਫ਼ੀ ਆਬਾਦ ਹਨ। ਇਹ ਬਹੁਤੇ ਦੁਆਬੇ ਵਿੱਚ ਹੀ ਹਨ। ਪੱਛਮੀ ਪੰਜਾਬ ਵਿੱਚ ਭੰਗੂ ਝੰਗ ਤੇ ਸ਼ੋਰਕੋਟ ਤੋਂ ਉਜੜ ਕੇ ਪਿੰਡ ਭੱਟੀਆਂ ਜਲਾਲਪੁਰ ਤੇ ਪਰਾਨੇਕੇ ਆਦਿ ਪਿੰਡਾਂ ਵਿੱਚ ਆ ਗਏ ਸਨ। ਪੱਛਮੀ ਪੰਜਾਬ ਵਿੱਚ ਕੁਝ ਭੰਗੂ ਮੁਸਲਮਾਨ ਵੀ ਬਣ ਗਏ ਸਨ। ਪੰਜਾਬ ਵਿੱਚ ਭੰਗੂ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ। ਇਸ ਭਾਈਚਾਰੇ ਦੇ ਬਹੁਤੇ ਲੋਕ ਜੱਟ ਸਿੱਖ ਹੀ ਹਨ। ਜੱਟਾਂ, ਅਰੋੜੇ, ਖੱਤਰੀਆਂ ਤੇ ਤ੍ਰਖਾਣਾਂ ਦੇ ਕਈ ਗੋਤ ਰਲਦੇ ਹਨ। ਸਭ ਦਾ ਪਿਛੋਕੜ ਸਾਂਝਾ ਹੈ। ਸਭ ਮੱਧ ਏਸ਼ੀਆ ਤੋਂ ਆਏ ਹਨ। ਕੈਪਟਨ ਦਲੀਪ ਸਿੰਘ ਅਹਲਾਵਤ ਆਪਣੀ ਪੁਸਤਕ 'ਜਾਟ ਵੀਰੋਂ ਕਾ ਇਤਿਹਾਸ'ਪੰਨਾ 305 ਉਤੇ ਲਿਖਦਾ ਹੈ ਕਿ ਭੰਗੂ ਤੇ ਭਰੰਗਰ ਇਕੋ ਗੋਤ ਹੈ। ਇਹ ਨਾਗਬੰਸੀ ਜੱਟ ਹਨ। ਪੰਜਾਬ ਦੇ ਸਾਰੇ ਭੰਗੂ ਸਿੱਖ ਹਨ। ਉਤਰ ਪ੍ਰਦੇਸ਼ ਦੇ ਮੱਥਰਾ ਖੇਤਰ ਵਿੱਚ ਭੰਗੂ ਅਥਵਾ ਭਰੰਗਰ ਗੋਤ ਦੇ ਹਿੰਦੂ ਜਾਟਾਂ ਦੇ 40 ਪਿੰਡ ਹਨ। ਵੱਖ ਵੱਖ ਖੇਤਰਾਂ ਵਿੱਚ ਭੰਗੂ ਗੋਤ ਦੇ ਉਚਾਰਨ ਵਿੱਚ ਕਾਫ਼ੀ ਅੰਤਰ ਹੈ। ਇਹ ਸਾਰੇ ਇਕੋ ਬੰਸ ਵਿਚੋਂ ਹਨ। ਕਈ ਵਾਰ ਮੂਲ ਸ਼ਬਦ ਤੱਤਭਵ ਵਿੱਚ ਬਦਲ ਕੇ ਕਾਫ਼ੀ ਬਦਲ ਜਾਂਦਾ ਹੈ। ਬੋਧ ਕਾਲ ਵਿੱਚ ਬਹੁਤ ਜੱਟ ਕਬੀਲੇ ਬੋਧੀ ਬਣ ਗਏ ਸਨ। ਜੱਟ, ਹਿੰਦੂ, ਮੁਸਲਿਮ, ਸਿੱਖ, ਇਸਾਈ, ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ ਗਏ ਹਨ। ਪਰ ਖ਼ੂਨ ਦੀ ਸਾਂਝ ਅਜੇ ਵੀ ਹੈ। ਮੱਸੇ ਰੰਘੜ ਦਾ ਸਿਰ ਭੰਗੂ ਜੱਟ ਮਹਿਤਾਬ ਸਿੰਘ ਮੀਰਾਂ ਕੋਟੀਏ ਨੇ ਵੱਢ ਕੇ ਦੁਸ਼ਮਣ ਤੋਂ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ। ਉਹ ਮਹਾਨ ਸੂਰਬੀਰ ਜੋਧਾ ਸੀ। ਭੰਗੂ ਜੱਟਾਂ ਦਾ ਛੋਟਾ ਤੇ ਉਘਾ ਗੋਤ ਹੈ।[1]

  1. http://www.5abi.com/dharavahak/jatt-itihas/bhangu1-U.htm