ਸਮੱਗਰੀ 'ਤੇ ਜਾਓ

ਲੰਗਰ (ਸਿੱਖ ਧਰਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲੰਗਰ ਤੋਂ ਮੋੜਿਆ ਗਿਆ)

ਲੰਗਰ ਸਿੱਖੀ ਜਾਂ ਪੰਜਾਬ ਵਿੱਚ ਸਾਂਝੀ ਰਸੋਈ ਲਈ ਵਰਤਿਆ ਜਾਂਦਾ ਸ਼ਬਦ ਹੈ, ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਲੰਗਰ ਵਿੱਚ ਆਮ ਤੌਰ ਉੱਤੇ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ ਤਾਂ ਜੋ ਸਾਰੇ ਲੋਕ ਆਪਣੇ ਪਿਛੋਕੜ ਦੇ ਵਿਤਕਰੇ ਬਗ਼ੈਰ ਲੰਗਰ ਛਕ ਸਕਣ। ਇਹ ਸਾਰੇ ਸਿੱਖਾਂ ਅਤੇ ਗ਼ੈਰ-ਸਿੱਖਾਂ ਲਈ ਖੁੱਲ੍ਹਾ ਹੁੰਦਾ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜਿਸਨੇ ਮਨੁੱਖੀ ਕਰੋਪੀਆਂ ਸਮੇਂ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਉਦਰ ਲੋਕਮੁਖੀ ਰੂਪ ਸਿੱਧ ਕੀਤਾ ਹੈ। ਗੁਜਰਾਤ ਵਿੱਚ ਭੁਚਾਲ, ਉੜੀਸਾ ਵਿੱਚ ਹੜ੍ਹ ਅਤੇ ਦੱਖਣੀ ਭਾਰਤ ਵਿੱਚ ਸੁਨਾਮੀ ਸਮੇਂ ਇਸ ਸੰਸਥਾ ਦੀ ਗੌਰਵਮਈ ਭੂਮਿਕਾ ਖ਼ਾਸ ਤੌਰ ਤੇ ਉਲੇਖਣੀ ਹੈ। ਇਨ੍ਹਾਂ ਮੌਕਿਆਂ ਤੇ ਮੰਦੇਹਾਲ ਅਤੇ ਭੁੱਖੇ ਲੋਕਾਂ ਨੂੰ ਪੰਗਤ ਵਿੱਚ ਬਿਠਾ ਕੇ ਬਿਨਾਂ ਕਿਸੇ ਭੇਦ ਭਾਵ ਤੋਂ ਮੁਫ਼ਤ ਲੰਗਰ ਛਕਾਇਆ ਜਾਣਾ ਸਿੱਖਾਂ ਵਿੱਚ ਮਿਲਦੀ ਵਿਲੱਖਣ ਰਵਾਇਤ ਦੀ ਮੂੰਹ ਬੋਲਦੀ ਤਸਵੀਰ ਸੀ।[1] ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਏਕਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਸੇਵਾ ਕਰਨ ਨਾਲ ਹਉਂ ਦੀ ਨਵਿਰਤੀ ਹੁੰਦੀ ਹੈ। ਲੰਗਰ ਦੀ ਸੇਵਾ ਅਸਲ ’ਚ ਗੁਰੂ ਦੀ ਸੇਵਾ ਹੈ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨਾ ਹੈ। ਰਸਮੀ ਤੌਰ ਤੇ ਲੰਗਰ ਪ੍ਰਥਾ ਦੀ ਸ਼ੁਰੂਆਤ ਤੀਜੇ ਗੁਰੂ ਅਮਰਦਾਸ ਜੀ ਦੇ ਦੌਰ ਵਿੱਚ ਹੋਈ। ਰਲ਼ ਮਿਲ਼ ਕੇ ਪੰਗਤ ਵਿੱਚ ਇਕੱਠੇ ਬੈਠ ਕੇ ਲੰਗਰ ਛੱਕਣਾ

ਇਤਿਹਾਸ

[ਸੋਧੋ]
ਕਿਸਾਨ ਸੰਘਰਸ਼ ਦੌਰਾਨ ਦਿੱਲੀ ਬਾਰਡਰ ਤੇ ਲੰਗਰ ਤਿਆਰ ਕਰਦੇ ਹੋਏ ਕਿਸਾਨ, 2020

ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਪਰ ਲੰਗਰ ਦੀ ਪਰੰਪਰਾ ਚਿਸਤੀ ਸੂਫ਼ੀਆਂ ਵਿੱਚ ਪਹਿਲਾਂ ਤੋਂ ਪ੍ਰਚੱਲਤ ਸੀ ਅਤੇ ਇਹ ਅਸਲ ਵਿੱਚ ਬਾਬਾ ਫ਼ਰੀਦ ਦੁਆਰਾ ਸ਼ੁਰੂ ਕੀਤੀ ਗਈ।[2] ਜਦੋਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਮਗਰੋਂ ਕਰਤਾਰਪੁਰ ਆ ਕੇ ਰਹੇ ਸਨ ਤਾਂ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ। ਸ਼ਰਧਾਲੂਆਂ ਦੇ ਖਾਣ-ਪੀਣ ਅਤੇ ਠਹਿਰਣ ਦਾ ਪ੍ਰਬੰਧ ਕੀਤਾ ਜਾਣ ਲੱਗਿਆ। ਇਹੀ ਲੰਗਰ ਪ੍ਰਥਾ ਦੀ ਸ਼ੁਰੂਆਤ ਸੀ। ਗੁਰੂ ਨਾਨਕ ਦੇਵ ਜੀ ਖੇਤੀ ਦੀ ਉਪਜ ਲੰਗਰ ਵਿੱਚ ਪਾ ਦਿੰਦੇ ਸਨ। ਸ਼ਰਧਾਲੂ ਵੀ ਆਪਣੀ ਸਮਰੱਥਾ ਅਨੁਸਾਰ ਆਪਣੀ ਨੇਕ ਕਮਾਈ ਵਿੱਚੋਂ ਲੰਗਰ ਵਿੱਚ ਹਿੱਸਾ ਪਾਉਣ ਲੱਗੇ। ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਕਿ ਲੋੜਵੰਦ ਹੀ ਲੰਗਰ ਦਾ ਫ਼ਾਇਦਾ ਉਠਾਉਣ। ਨਾਮ ਜਪਣ ਅਤੇ ਧਰਮ ਦੀ ਕਿਰਤ ਕਰਨੀ ਤੇ ਉਸ ਵਿੱਚੋਂ ਦਸਵੰਧ ਦਾਨ ਕਰਨਾ ਹੀ ਲੰਗਰ ਦੀ ਬੁਨਿਆਦ ਹੈ। ਦਾਨ ਤਾਂ ਘਾਲਿ ਕਮਾਈ ਦਾ ਹੀ ਲੇਖੇ ਲੱਗਦਾ ਹੈ। ਦੁਜੇ ਗੁਰੂ ਅੰਗਦ ਦੇਵ ਜੀ ਵੱਲੋਂ ਲੰਗਰ ਦੇ ਨਾਲ ਸ਼ਬਦ ਦਾ ਲੰਗਰ ਵੀ ਸ਼ੁਰੂ ਕੀਤਾ ਗਿਆ। ਗੁਰੂ ਅਮਰ ਦਾਸ ਨੇ ਜਾਤ-ਪਾਤ ਦਾ ਭੇਦ ਮਿਟਾਉਣ ਅਤੇ ਬਰਾਬਰਤਾ ਦਾ ਸੰਦੇਸ਼ ਦੇਣ ਲਈ ਪਹਿਲਾਂ ਪੰਗਤ ਫਿਰ ਸੰਗਤ ਦਾ ਬਚਨ ਕੀਤਾ। ਮੁਗਲ ਬਾਦਸ਼ਾਹ ਅਕਬਰ ਨੇ ਲੰਗਰ ਛਕਣ ਪਿੱਛੋਂ ਹੀ ਗੁਰੂ ਦੇ ਦਰਸ਼ਨ ਕੀਤੇ ਸਨ। ਬਾਦਸ਼ਾਹ ਅਕਬਰ ਨੇ ਬਾਰ੍ਹਾਂ ਪਿੰਡਾਂ ਦਾ ਪਟਾ ਲੰਗਰ ਦੇ ਨਾਮ ਲਵਾ ਦੇਣ ਲਈ ਕਿਹਾ ਤਾਂ ਗੁਰੂ ਜੀ ਨੇ ਕਿਹਾ ਕਿ ਲੰਗਰ ਤਾਂ ਲੋਕਾਂ ਦੀ ਨੇਕ ਅਤੇ ਧਰਮ ਦੀ ਕਮਾਈ ਨਾਲ ਹੀ ਚੱਲਣਾ ਚਾਹੀਦਾ ਹੈ। ਗੁਰੂ ਰਾਮਦਾਸ ਜੀ ਦੇ ਸਮੇਂ ਅਨਾਥਾਂ ਅਤੇ ਕਾਰ ਸੇਵਕਾਂ ਲਈ ਲੰਗਰ ਸਹਾਰਾ ਬਣਿਆ। ਪੰਜਵੇਂ ਗੁਰੂ ਅਰਜਨ ਦੇਵ ਨੇ ਬਿਨਾ ਕਾਰ ਭਗਤੀ ਸੰਪੂਰਨ ਨਹੀਂ ਹੋ ਸਕਦੀ। ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਸਰਧਾਲੂ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਇਕੱਠੀਆਂ ਕਰਕੇ ਲਿਆਉਂਦਾ। ਇਕ ਹਿੱਸਾ ਲੰਗਰ ਵਾਸਤੇ ਦੇ ਦਿੰਦਾ ਅਤੇ ਇਕ ਹਿੱਸਾ ਵੇਚ ਕੇ ਆਪਣਾ ਗੁਜ਼ਾਰਾ ਕਰਨ ਲੱਗਾ। ਗੁਰੂ ਹਰਗੋਬਿੰਦ ਸਾਹਿਬ ਵੱਲੋਂ ਭਾਈ ਗੜ੍ਹੀਆ ਨੂੰ ਕਸ਼ਮੀਰ ਜਾ ਕੇ ਬਾਣੀ ਦਾ ਪ੍ਰਚਾਰ ਕਰਨ ਅਤੇ ਸੰਗਤਾਂ ਤੋਂ ਉਨ੍ਹਾਂ ਦੀ ਨੇਕ ਕਮਾਈ ਵਿੱਚੋਂ ਦਸਵੰਧ ਇਕੱਠਾ ਕਰਕੇ ਲਿਆਉਣ ਦਾ ਹੁਕਮ ਦਿੱਤਾ ਤਾਂ ਉਸ ਨੇ ਇਕੱਠਾ ਕੀਤਾ ਧਨ ਕਾਲ਼ ਪੀੜਤਾਂ ਦੀ ਸਹਾਇਤਾ ਲਈ ਖਰਚ ਕਰ ਦਿੱਤਾ ਅਤੇ ਕੇਵਲ ਸਵਾ ਰੁਪਇਆ ਲਿਆ ਕੇ ਗੁਰੂ ਜੀ ਨੂੰ ਭੇਟ ਕਰ ਦਿੱਤਾ। ਗੁਰੂ ਸਾਹਿਬ ਉਸ ਵੱਲੋਂ ਪੀੜਤਾਂ ਦੀ ਸੇਵਾ ਤੇ ਸਹਾਇਤਾ ਕਰਨ ਦੇ ਕੰਮ ਤੋਂ ਬਹੁਤ ਖੁਸ਼ ਹੋਏ।

ਚਿੱਤਰਸ਼ਾਲਾ

[ਸੋਧੋ]

ਹਵਾਲੇ

[ਸੋਧੋ]
  1. http://www.seerat.ca/july2006/article02.php
  2. "Epilogue". 4 (1): 45. {{cite journal}}: Cite journal requires |journal= (help)

ਬਾਹਰੀ ਕੜੀਆਂ

[ਸੋਧੋ]