ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/17 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਰਹਿੰਦ ਪੰਜਾਬ ਦਾ ਇਕ ਪ੍ਰਾਚੀਨ ਇਤਿਹਾਸਕ ਸ਼ਹਿਰ ਹੈ ਜੋ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੈ। ਇਹ ਨਗਰ ਪਟਿਆਲਾ ਤੋਂ ਉੱਤਰ ਵੱਲ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਤਿਹਾਸਕਾਰਾ ਦਾ ਮੰਨਣਾ ਹੈ ਕਿ ਇਹ ਸ਼ਹਿਰ ਆਰੀਆ ਲੋਕਾਂ ਨੇ ਵਸਾਇਆ। ਇਸ ਨਗਰ ਨੂੰ ਤਿੰਨ ਵਾਰੀ ਤਬਾਹ ਕਿਤਾ ਗਿਆ। ਸੰਨ 1011 ਵਿੱਚ ਮਹਿਮੂਦ ਗਜ਼ਨਵੀ ਨੇ ਸਰਹਿੰਦ ਤੋਂ ਥਾਨੇਸਰ ਤੱਕ ਸਾਰਾ ਤਬਾਹ ਕਰ ਦਿਤਾ। ਦੂਜੀ ਵਾਰ ਸੰਨ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਦੀ ਇੱਟ ਨਾਲ ਇੱਟ ਖੜਕਾ ਦਿਤੀ। ਤੀਜੀ ਵਾਰ 1763 ਵਿੱਚ ਖ਼ਾਲਸਾ ਦਲ ਨੇ ਸਰਹਿੰਦ ਦੇ ਨਵਾਬ ਜ਼ੈਨ ਖ਼ਾਨ ਨੂੰ ਹਾਰ ਦੇ ਕੇ ਨਗਰ ਨੂੰ ਖ਼ੂਬ ਲੁਟਿਆ ਅਤੇ ਕਈ ਗੁਰਦੁਆਰੇ ਬਣਵਾਏ।ਸਰਹਿੰਦ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਕਿਸੇ ਸਮੇਂ ਲਾਹੌਰ ਅਤੇ ਦਿੱਲੀ ਵਿਚਕਾਰ ਸੱਤਾ ਦੇ ਕੇਂਦਰ ਰਹੇ ਇਸ ਨਗਰ ਵਿੱਚ 360 ਮਸਜਿਦਾਂ, ਮਕਬਰੇ, ਸਰਾਵਾਂ ਤੇ ਖੂਹ ਸਨ। ਅਕਬਰ ਦੇ ਸਮੇਂ ਪ੍ਰਸਿੱਧ ਹੋਏ ਸਰਹਿੰਦ ਦੇ ਕਵੀ ਨਾਸਿਰ ਅਲੀ ਸਰਹਿੰਦੀ ਵੱਲੋਂ ਫ਼ਾਰਸੀ ਵਿੱਚ ਲਿਖੀ ਇੱਕ ਪੁਸਤਕ ਮੁਤਾਬਕ ਹੰਸਲਾ ਨਦੀ ਦੇ ਕਿਨਾਰੇ ’ਤੇ ਇਹ ਨਗਰ ਤਿੰਨ ਕੋਹ ਤੱਕ ਵਸਿਆ ਹੋਇਆ ਸੀ। ਉੱਚੀਆਂ ਕੰਧਾਂ ਨਾਲ ਘਿਰੇ ਇਸ ਨਗਰ ਦੇ ਚਾਰ ਵੱਡੇ ਅਤੇ ਚਾਰ ਛੋਟੇ ਦਰਵਾਜ਼ੇ ਸਨ। ਦਰਿਆ ਦੇ ਕਿਨਾਰੇ ਬਣਿਆ ਕਿਲ੍ਹਾ ਸ਼ਹਿਰ ਦੇ ਬਿਲਕੁਲ ਵਿਚਕਾਰ ਸੀ ਜੋ ਸੁਰੰਗ ਨਾਲ ਸ਼ਾਹੀ ਬਾਗ਼ ਨਾਲ ਜੁੜਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਗਰੋਂ ਇੱਥੋਂ ਦੇ ਮਗਰੂਰ ਹੁਕਮਰਾਨਾਂ ਨੂੰ ਸਬਕ ਸਿਖਾਉਣ ਲਈ ਸੰਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ’ਤੇ ਹਮਲਾ ਕੀਤਾ। 12 ਮਈ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਇੱਥੋਂ ਦੇ ਸੂਬੇਦਾਰ ਵਜ਼ੀਰ ਖ਼ਾਂ ਨੂੰ ਮਾਰਨ ਮਗਰੋਂ 14 ਮਈ ਨੂੰ ਸਿੰਘਾਂ ਨੇ ਸਰਹਿੰਦ ’ਤੇ ਕਬਜ਼ਾ ਕਰ ਲਿਆ ਅਤੇ ਬਾਜ਼ ਸਿੰਘ ਨੂੰ ਇੱਥੋਂ ਦਾ ਹੁਕਮਰਾਨ ਥਾਪ ਦਿੱਤਾ। ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ 14 ਜਨਵਰੀ 1764 ਨੂੰ ਸਰਹਿੰਦ ’ਤੇ ਹਮਲਾ ਕੀਤਾ। ਨੇੜੇ ਦੇ ਪਿੰਡ ਮਨਹੇੜਾ ਵਿੱਚ ਇੱਥੋਂ ਦੇ ਸੂਬੇਦਾਰ ਜੈਨ ਖ਼ਾਂ ਨੂੰ ਮਾਰ ਕੇ ਉਨ੍ਹਾਂ ਸਰਹਿੰਦ ’ਤੇ ਕਬਜ਼ਾ ਕਰ ਲਿਆ। ਫ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਨੂੰ ਸੱਚ ਕਰ ਵਿਖਾਉਂਦਿਆਂ ਇੱਥੋਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਕਾਫ਼ੀ ਦੇਰ ਤੱਕ ਸਿੱਖ ਇੱਥੋਂ ਦੀਆਂ ਇੱਟਾਂ ਲਿਜਾ ਕੇ ਸਤਲੁਜ ਅਤੇ ਯਮੁਨਾ ਦਰਿਆਵਾਂ ਵਿੱਚ ਸੁੱਟਣਾ ਆਪਣਾ ਪਰਮ ਧਰਮ ਸਮਝਦੇ ਰਹੇ ਪਰ ਇਹ ਸਿੱਖਾਂ ਦੀ ਫ਼ਰਾਖਦਿਲੀ ਸੀ ਕਿ ਉਨ੍ਹਾਂ ਨੇ ਧਾਰਮਿਕ ਸਥਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਨ੍ਹਾਂ ਵਿੱਚੋਂ ਕਈ ਧਾਰਮਿਕ ਸਥਾਨ ਅੱਜ ਵੀ ਸਰਹਿੰਦ ਨੇੜੇ ਵੇਖੇ ਜਾ ਸਕਦੇ ਹਨ।