ਸਮੱਗਰੀ 'ਤੇ ਜਾਓ

ਯਥਾਰਥਵਾਦ (ਸਾਹਿਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਾਹਿਤਕ ਯਥਾਰਥਵਾਦ ਤੋਂ ਮੋੜਿਆ ਗਿਆ)

ਯਥਾਰਥਵਾਦ ਉਨੀਵੀਂ ਸਦੀ ਦੇ ਫਰਾਂਸ ਵਿੱਚ ਪਨਪੀ ਅਤੇ ਵੀਹਵੀਂ ਸਦੀ ਪਹਿਲੇ ਅਰਸੇ ਤੱਕ ਫੈਲੀ ਗਲਪ ਦੀ ਇੱਕ ਸੁਹਜਾਤਮਕ ਸੈਲੀ ਜਾਂ ਵਿਧਾ ਜਾਂ ਸਾਹਿਤਕ ਅੰਦੋਲਨ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ ਉਨ੍ਹਾਂ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸਨੇ ਰੋਮਾਂਸਵਾਦ ਦੇ ਨਾਇਕਵਾਦੀ ਵਿਸ਼ਿਆਂ ਦੇ ਉਲਟ ਆਮ ਜਨ-ਜੀਵਨ ਨੂੰ ਉਹਦੀ ਕੁੱਲ ਸਾਧਾਰਨਤਾ ਸਮੇਤ ਆਪਣਾ ਵਿਸ਼ਾ ਬਣਾਇਆ। ਯਥਾਰਥਵਾਦੀ ਲੇਖਣੀ "ਦੇ ਕਲਾਮਈ ਸਧਾਰਨੀਕਰਨ ਵੱਖ-ਵੱਖ ਯੁੱਗਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਅਤੇ ਗਤੀਸ਼ੀਲ ਜੀਵਨ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ। ਯਥਾਰਥ ਦੇ ਬਾਹਰੀ ਚਿੱਤਰਣ ਨਾਲ਼ ਅਤੇ ਨਕਲ ਨਾਲ਼ ਅਜਿਹੇ ਪਰਿਣਾਮ ਹਾਸਲ ਨਹੀਂ ਕੀਤੇ ਜਾ ਸਕਦੇ”।[1] ਯਥਾਰਥ ਦਰਸ਼ਨ ਦਾ ਪ੍ਰਵਰਗ ਹੈ। ਦਰਸ਼ਨ ਅਨੁਸਾਰ ਯਥਾਰਥ ਉਹ ਹੈ ਜੋ ਕਿ ਅਨਾਦਿ ਅੰਤ ਹੋਵੇ ਅਤੇ ਜੋ ਹਰ ਹੋਂਦ ਦਾ ਆਦਿ ਵੀ ਹੋਵੇ ਤੇ ਅੰਤ ਵੀ। ਇਸ ਪ੍ਰਕਾਰ ਦਰਸ਼ਨ ਵਿੱਚ ਅਜਿਹੀ ਵਸਤੂ ਨੂੰ ਯਥਾਰਥ ਹੋਂਦ ਦੀ ਧਾਰਣੀ ਆਖਿਆ ਜਾਂਦਾ ਹੈ ਜਿਸ ਦਾ ਮੂਲ ਕੋਈ ਨਾ ਹੋਵੇ ਜੋ ਖੁਦ-ਮੁਖਤਿਆਰ ਹੋਂਦ ਰੱਖਦੀ ਹੋਵੇ ਅਤੇ ਜੋ ਬ੍ਰਹਿਮੰਡ ਦੇ ਅਨੇਕ ਰੂਪਾਂ ਦੀ ਜਨਮਦਾਤੀ ਹੋਣ ਦੇ ਨਾਲ ਨਾਲ ਉਹਨਾਂ ਦੀ ਸਰਵ-ਵਿਆਪੀ ਸਾਂਝੀ ਖਾਸੀਅਤ ਵੀ ਹੋਵੇ। ਦਰਸ਼ਨ ਵਿੱਚ ਯਥਾਰਥ ਦੀ ਇਹ ਪਰਿਭਾਸ਼ਾ ਪ੍ਰਵਾਨੀ ਗਈ ਹੈ ਪਰ ਇਸ ਦੇ ਸਰੂਪ ਬਾਰੇ ਚਿੰਤਕਾਂ ਵਿੱਚ ਉਦੋਂ ਤੋਂ ਹੀ ਮੱਤ ਭੇਦ ਤੁਰਿਆ ਆ ਰਿਹਾ ਹੈ ਜਦੋਂ ਤੋਂ ਚਿੰਤਨ ਦੀ ਪ੍ਰਕ੍ਰਿਆ ਦਾ ਆਰੰਭ ਹੋਇਆ ਹੈ।

ਇਤਿਹਾਸ

[ਸੋਧੋ]

ਉਨੀਵੀਂ ਸਦੀ ਦਾ ਇੱਕ ਚਿੰਤਕ ਐਂਗਲਸ ਸੰਸਾਰ ਦੇ ਸੱਮੁਚੇ ਦਰਸ਼ਨ ਨੂੰ ਇਸ ਮਤ ਭੇਦ ਦੇ ਅਧਾਰ ਤੇ ਦੋ ਵਰਗਾਂ ਵਿੱਚ ਵੰਡਦਾ ਹੈ- ਆਦਰਸ਼ਵਾਦ ਅਤੇ ਪਦਾਰਥਵਾਦ। ਆਦਰਸ਼ਵਾਦ ਦ੍ਰਿਸ਼ਟਮਾਨ ਜਗਤ ਨੂੰ ਕਿਸੇ ਪ੍ਰਕ੍ਰਿਤਕ ਸ਼ਕਤੀ ਜਾਂ ਨਿਰਪੇਕ ਵਿਚਾਰ ਦੀ ਸਿਰਜਣਾ ਪ੍ਰਵਾਨ ਕਰਦਾ ਹੈ। ਇਸ ਦੇ ਉਲਟ ਪਦਾਰਥਵਾਦੀ ਦਰਸ਼ਨ ਸਮੁੱਚੇ ਦ੍ਰਿਸ਼ਟਮਾਨ ਜਗਤ ਅਤੇ ਇਸ ਵਿੱਚ ਪ੍ਰਾਪਤ ਸਮੂਹ ਵਿਚਾਰਾਂ, ਸਕੰਲਪਾਂ ਅਤੇ ਅਮੂਰਤ ਚਿੰਤਨ ਨੂੰ ਪਦਾਰਥ ਉੱਪਰ ਹੀ ਅਧਾਰਿਤ ਸਵੀਕਾਰ ਕਰਦਾ ਹੈ। ਇਸ ਦ੍ਰਿਸ਼ਟੀਕੋਣ ਅਨੁਸਾਰ ਪਦਾਰਥ ਅਨਾਦਿ ਅਤੇ ਅਵਿਨਾਸ਼ੀ ਹੈ। ਇਹ ਬੇਜਾਨ ਹੋਣ ਦੀ ਥਾਂ ਨਿਰੰਤਰ ਵਿਕਾਸ ਕਰ ਰਿਹਾ ਹੈ ਅਤੇ ਗਤੀਸ਼ੀਲ ਹੈ। ਇਸ ਦੀ ਸਮੁੱਚੀ ਗਤੀ ਦੇ ਕੁੱਝ ਬਾਹਰਮੁਖੀ ਨਿਅਮ ਹਨ ਜੋ ਮਨੁੱਖੀ ਚਿੰਤਨ ਤੋ ਸੁਤੰਤਰ ਹਨ ਅਤੇ ਇਹਨਾਂ ਨੂੰ ਮਨੁੱਖ ਜਾਣ ਸਕਦਾ ਹੈ ਕਿਉਂਕਿ ਬਾਹਰੀ ਯਥਾਰਥ ਸਥਿਰ ਅਤੇ ਗਤੀਹੀਣ ਹੋਣ ਦੀ ਥਾਂ ਗਤੀਸ਼ੀਲ ਹੈ ਅਤੇ ਹਮੇਸ਼ਾ ਉਚੇਰੀ ਅਵਸਥਾ ਵੱਲ ਨੂੰ ਨਿਰਤੰਰ ਵਿਕਾਸ ਕਰ ਰਿਹਾ ਹੁੰਦਾ ਹੈ। ਇਸ ਕਾਰਨ ਇਸ ਦੇ ਰੂਪ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ। ਇਉਂ ਇਹ ਦ੍ਰਿਸ਼ਟੀਕੋਣ ਮਨੁੱਖ ਨੂੰ ਕਿਸੇ ਪ੍ਰਚਾਰ ਦੀ ਦੈਵੀ ਮੁਕਤੀ ਉਪਰ ਟੇਕ ਰੱਖਣ ਦੀ ਥਾਂ ਆਪਣੇ ਸਮਾਜਿਕ ਚੌਗਿਰਦੇ ਭਾਵ ਵਾਸਤਵਿਕ ਸਮਾਜ ਯਥਾਰਥ ਨੂੰ ਦੇਖਣ, ਘੋਖਣ ਅਤੇ ਬਦਲਣ ਦੀ ਪ੍ਰੇਰਨਾ ਦਿੰਦਾ ਹੈ।

ਸਾਹਿਤਕ ਸੰਦਰਭ ਵਿੱਚ ‘ਯਥਾਰਥਵਾਦ’ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਫਰਾਂਸ ਵਿੱਚ 1835 ਈ. ਵਿੱਚ ਹੋਈ। 1856 ਈ. ਵਿੱਚ ਦੁਰਾਕੀ ਕੇ ‘ਰਿਅਲੀਜ਼ਮ’ ਨਾਂ ਦਾ ਇੱਕ ਪੱਤਰ ਸ਼ੁਰੂ ਕੀਤਾ[2] ਜਿਸ ਵਿੱਚ ਇਸ ਸ਼ਬਦ ਨੂੰ ਸਾਹਿਤ ਸਮੀਖਿਆ ਦੀ ਪਾਰਿਭਾਸ਼ਿਕ ਸ਼ਬਦਾਵਲੀ ਵਿੱਚ ਸ਼ਾਮਿਲ ਕਰ ਲਿਆ ਗਿਆ ਪਰ ਇਸ ਦਾ ਇਹ ਮਤਲਬ ਉੱਕਾ ਹੀ ਨਹੀਂ ਕਿ 1835 ਤੋਂ ਪਹਿਲਾਂ ਯਥਾਰਥਵਾਦੀ ਸਾਹਿਤ ਦੀ ਰਚਨਾ ਨਹੀਂ ਹੋਈ ਸੀ ਜਾਂ ਸਾਹਿਤਕਾਰਾਂ ਨੇ ਇਸ ਸਕੰਲਪ ਦੀਆਂ ਧਾਰਨਾਵਾਂ ਨੂੰ ਸਾਹਿਤ ਸਿਰਜਣ ਪ੍ਰਕ੍ਰਿਆ ਦੌਰਾਨ ਚੇਤੰਨ ਭਾਂਤ ਨਹੀਂ ਵਰਤਿਆ ਸੀ। ਹਕੀਕਤ ਇਹ ਹੈ ਕਿ 18ਵੀਂ ਸਦੀ ਦੇ ਯੂਰਪੀ ਸਾਹਿਤਕਾਰ ਖਾਸ ਇੰਗਲੈਂਡ ਦੇ ਨਾਵਲਕਾਰ ਡੀਫੋ ਫੀਲਡਿੰਗ ਅਤੇ ਰਿਚਰਡਸਨ ਇੱਕ ਨਵੀਂ ਤਰ੍ਹਾਂ ਦੇ ਸਾਹਿਤ ਦਾ ਸੁਚੇਤ ਸਿਰਜਣ ਲੱਗ ਪਏ ਸਨ। ਇਆਨਵਾਟ ਦੇ ਸ਼ਬਦਾਂ ਵਿੱਚ ਇਹ ਸਾਹਿਤ ਪੂਰਵ-ਕਾਲੀ ਸਾਹਿਤ ਨਾਲੋਂ ਨਿੱਤ ਦਿਹਾੜੀਆਂ ਦੇ ਸਧਾਰਨ ਵੇਰਵਿਆਂ ਦੀ ਪੇਸ਼ਕਾਰੀ ਕਰਕੇ ਹੀ ਵੱਖਰਾ ਨਹੀਂ ਸੀ, ਸਗੋਂ ਪੇਸ਼ਕਾਰੀ ਦੀ ਵਿਧੀ ਕਰਕੇ ਵੀ ਵੱਖਰਾ ਸੀ।

ਅਠਾਰਵੀਂ ਸਦੀ ਵਿੱਚ ਜਦੋਂ ਗਿਆਨ ਵਿਗਿਆਨ ਦੇ ਖੇਤਰ ਦੀਆਂ ਨਵੀਆਂ ਲੱਭਤਾਂ ਦੇ ਸਮਾਜ ਅਤੇ ਸਮਾਜ ਰਾਹੀਂ ਵਿਅਕਤੀ ਉਪਰ ਅਸਰ ਪਾਉਣਾ ਸ਼ੁਰੂ ਕੀਤਾ ਤਾਂ ਯੂਰਪ ਦੇ ਵਧੇਰੇ ਬੁੱਧੀਮਾਨ ਤਬਕੇ ਨੇ ਇਹ ਵੀ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਸਮਾਜਿਕ ਵਿਕਾਸ ਲਈ ਵਿਕਾਸ ਦੇ ਕਿਸਮਾਂ ਦੀ ਜਾਣਕਾਰੀ ਵੀ ਲੋੜੀਂਦੀ ਹੈ। ਨਿਊਟਨ ਅਤੇ ਡਾਰਵਿਨ ਵਰਗੇ ਵਿਗਿਆਨੀਆਂ ਨੇ ਇਹ ਜਾਣਕਾਰੀ ਕੁਦਰਤ ਦੇ ਖੇਤਰਾਂ ਸੰਬਧੀ ਪ੍ਰਾਪਤ ਕੀਤੀ ਅਤੇ ਦੱਸਿਆ ਕਿ ਨਿਤ ਪਰਿਵਰਤਨਸ਼ੀਲ ਪਦਾਰਥ ਖੁਦ-ਮੁਖਤਾਰ ਹੋਂਦ ਦਾ ਧਾਰਣੀ ਹੈ ਅਤੇ ਕੁਝ ਜੀਵ ਜਾਤੀਆਂ ਤੇ ਮਨੁੱਖ ਦੀ ਉਤਪਤੀ ਕਿਸੇ ਚੇਤੰਨ ਯਤਨ ਦਾ ਸਿੱਟਾ ਨਹੀਂ, ਸਗੋਂ ਪਦਾਰਥ ਦੇ ਹੀ ਸੁਭਾਵਿਕ ਵਿਕਾਸ ਦਾ ਸਿੱਟਾ ਹੈ। ਰਾਜਨੀਤੀ ਦੇ ਖੇਤਰ ਵਿੱਚ ਹੀ ਫਰਾਂਸੀਸੀ ਇਨਕਲਾਬ ਦੇ ਸਮਰਥਕ ਚਿੰਤਕਾਂ ਨੇ ਧਰਮ ਦੀਆਂ ਸਾਮੰਤਵਾਦ ਪੱਖੀ ਮਾਨਤਾਵਾਂ ਨੂੰ ਨਵੇਂ ਵਿਗਿਆਨਕ ਨਿਅਮਾਂ ਦੇ ਵਹਿਣ ਵਿੱਚ ਵਹਿੰਦਿਆਂ ਵੇਖਕੇ ਮਨੁੱਖੀ ਭਾਈਚਾਰੇ ਦੀ ਸੁੰਤਤਰਤਾ, ਸਮਾਨਤਾ ਅਤੇ ਭਰ੍ਰਾਤਰੀਅਤਾ ਅਧਾਰਿਤ ਨਵਾਂ ਸਕੰਲਪ ਦਿੱਤਾ ਸੀ। ਅਠਾਰਵੀਂ ਸਦੀ ਦੇ ਯੂਰਪੀਨ ਸਾਹਿਤਕਾਰ ਇਸ ਸਕੰਲਪ ਤੋਂ ਪ੍ਰਭਾਵਿਤ ਹੋਏ ਅਤੇ ਇਉਂ ਇੱਕ ਨਵੀਂ ਕਿਸਮ ਦੇ ਯਥਾਰਥਵਾਦੀ ਸਾਹਿਤ ਦਾ ਉਦੈ ਹੋਇਆ ਜਿਸ ਵਿੱਚ ਆਮ ਆਦਮੀ ਦੇ ਨਿੱਤ ਦਿਹਾੜੀ ਦੇ ਕਾਰ ਵਿਹਾਰ ਦੇ ਯਥਾਰਥ ਵੇਰਵਿਆਂ ਦੀ ਪੇਸ਼ਕਾਰੀ ਨੂੰ ਅਹਿਮੀਅਤ ਦਿੱਤੀ ਗਈ ਅਤੇ ਨਵੇਂ ਪੈਦਾ ਹੋ ਰਹੇ ਪੂੰਜੀਵਾਦੀ ਮੱਧ ਵਰਗ ਦੀਆਂ ਭਾਵਨਾਵਾਂ ਅਤੇ ਅਕਾਂਖਿਆਵਾਂ ਨੂੰ ਸਮਾਜਵਾਦੀ ਵਿਸ਼ੇਸ਼ ਅਧਿਕਾਰਾਂ ਨਾਲੋਂ ਬਿਹਤਰ ਖਿਆਲ ਕੀਤਾ ਜਾਣ ਲੱਗਿਆ। ਯਰੂਪ ਦੀ ਕਲਾ ਚੇਤਨਾ ਵੀ ਇਸ ਇਨਕਲਾਬ ਦੀਆਂ ਕਦਰਾਂ ਤੋਂ ਪ੍ਰੇਰਿਤ ਹੋਈ। ਇਹ ਚੇਤਨਾ ਆਪਣੇ ਸਮੇਂ ਦੀ ਪ੍ਰਗਤੀਸ਼ੀਲ ਚੇਤਨਾ ਸੀ। ਇਸ ਚੇਤਨਾ ਦੇ ਅਨੁਸਾਰੀ ਸਾਹਿਤ ਨੂੰ ਹੀ ਯਥਾਰਥਵਾਦੀ ਸਾਹਿਤ ਆਖਿਆ ਗਿਆ। ਇਓ, ਯਥਾਰਥਵਾਦ ਦਾ ਸੰਬਧ ਸਦੀਵਤਾ ਨਾਲ ਨਹੀਂ, ਸਮਕਾਲੀਨਤਾ ਨਾਲ ਹੈ।

ਕਿਸਮਾਂ ਜਾਂ ਰੂਪ

[ਸੋਧੋ]

ਆਧੁਨਿਕ ਯੁਗ ਤੋ ਪਹਿਲਾ ਦਾ ਸਾਹਿਤ ਯਥਾਰਥਵਾਦੀ ਨਹੀਂ ਸੀ, ਕਿਓਕਿ ਉਸ ਵਿਚਲਾ ਜੀਵਨ ਆਦਰਸ਼ਵਾਦੀ/ਅਧਿਆਤਮਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਭਾਵੇਂ ਉਸ ਵਿੱਚ ਵੀ ਵਸਤੂ ਜਗਤ ਦੇ ਯਥਾਰਥਕ ਵੇਰਵੇ ਪ੍ਰਾਪਤ ਹਨ ਪਰ ਉਹਨਾਂ ਨੂੰ ਮਾਇਆ ਸਮਝਿਆ ਗਿਆ ਹੈ ਅਤੇ ਕੁਦਰਤੀ ਬਾਹਰੀ ‘ਸੱਤਾ’ ਜਾਂ ਵਿਚਾਰ ਵਿਚੋਂ ਉਪਜਿਆ ਦਰਸਾਇਆ ਗਿਆ ਹੈ। ਦੂਜੀ ਗੱਲ, ਕੁਦਰਤ ਬਾਹਰੀ ਸੱਤਾ ਜਾਂ ਵਿਚਾਰ ਨੂੰ ਸਰਵ ਵਿਆਪੀ, ਅਨਾਦਿ, ਅਨੰਤ, ਸੁਤੰਤਰ, ਸਥਿਰ ਅਤੇ ਵਸਤੂ ਜਗਤ ਦੀ ਉਤਪਾਦਕ ਸੰਚਾਰਕ ਸ਼ਕਤੀ ਵਜੋਂ ਪੇਸ਼ ਕੀਤਾ ਗਿਆ ਹੈ ਜਿਹੜਾ ਸਾਹਿਤ ਨਿਰੋਲ ਸਮਾਜਿਕ ਜੀਵਨ ਦੇ ਵੇਰਵਿਆਂ ਨਾਲ ਸਬੰਧਿਤ ਹੈ, ਉਸ ਵਿੱਚ ਵੀ ਵਿਅਕਤੀ ਚੇਤਨਾ ਨੂੰ ਪਹਿਲ ਦਿੱਤੀ ਗਈ ਹੈ ਅਤੇ ਸਮਾਜ ਦੀ ਸੰਚਾਰਕ ਸ਼ਕਤੀ ‘ਪਰਮ ਮਨੁੱਖ’ ਦੇ ਰੂਪ ਵਿੱਚ ਚਿਤਵੀ ਗਈ ਹੈ। ਸਪਸ਼ਟ ਹੈ ਕਿ ਇਹ ਲੱਛਣ ਸਾਹਿਤ ਦੇ ਲੱਛਣਾਂ ਨਾਲੋਂ ਵੱਖਰੇ ਵੀ ਹਨ ਅਤੇ ਵਿਰੋਧੀ ਵੀ। ਕਈ ਸਾਹਿਤਕਾਰਾਂ(ਜ਼ੋਲਾ ਵਰਗੇ) ਨੇ ਯਥਾਰਥਵਾਦ ਦੇ ਨਾਂ ਤੇ ‘ਪ੍ਰਕਿਰਤੀਵਾਦੀ’ ਸਾਹਿਤ ਦੀ ਰਚਨਾ ਕੀਤੀ ਹੈ।[3] ਯਥਾਰਥਵਾਦ ਦਾ ਬੁਨਿਆਦੀ ਨਿਅਮ ਇਹ ਹੈ ਕਿ ਮਨੱੁਖ ਸਾਂਸਕ੍ਰਿਤਕ ਜੀਵ ਹੈ, ਪਰ ਪ੍ਰਕ੍ਰਿਤੀਵਾਦੀ ਮਨੁੱਖ ਦੀ ਹੋਂਦ ਜੈਵਿਕ ਮੰਨਦੇ ਹਨ। ਉਹਨਾਂ ਅਨੁਸਾਰ ਮਨੁੱਖ ਦਾ ਸਾਰਾ ਵਿਹਾਰ ਉਸ ਦੀਆਂ ਮੂਲ ਪ੍ਰਵਿਰਤੀਆਂ ਨਾਲ ਪ੍ਰੇਰਿਤ ਹੰੁਦਾ ਹੈ ਪਰ ਯਥਾਰਥਵਾਦੀਆਂ ਦਾ ਵਿਚਾਰ ਹੈ ਕਿ ਮੂਲ ਪ੍ਰਵਿਰਤੀਆਂ ਦੇ ਪੱਧਰ ਉੱਤੇ ਕੇਵਲ ਪਸ਼ੂ ਜੀ ਸਕਦੇ ਹਨ, ਮਨੱੁਖ ਨਹੀਂ। ਆਪਣੀ ਹੋਂਦ ਬਣਾਈ ਰੱਖਣ ਲਈ ਮਨੱੁਖ ਨੂੰ ਸਮਾਜਿਕ ਮਰਿਆਦਾ ਵਿੱਚ ਬੱਝਣਾ ਪੈਂਦਾ ਹੈ। ਇਸ ਦਾ ਅਰਥ ਸਪਸ਼ਟ ਹੈ ਕਿ ਪ੍ਰਕਿਰਤੀ ਕੁਦਰਤ ਮਨੁੱਖ ਅਤੇ ਚਿੰਤਨ ਦੀ ਗਤੀਸ਼ੀਲਤਾ ਵਿੱਚ ਆਸਥਾ ਨਹੀਂ ਰੱਖਦੇ। ਸਮਾਜਿਕ ਪ੍ਰਕਿਰਤੀ ਦੇ ਸਿਧਾਂਤ ਨੂੰ ਸਵੀਕਾਰ ਨਾ ਕਰਨ ਕਰਕੇ ਪ੍ਰਕਿਰਤੀਵਾਦੀ ਨਿਰਾਸਤਾ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਉਹਨਾਂ ਨੇ ਜੀਵਨ ਦੀ ਘਿਰਣਾ ਕਰਕੇ ਅਤੇ ਪ੍ਰਗਤੀਸ਼ੀਲ ਪਹਿਲੂ ਨੂੰ ਹੀ ਸਮੁੱਚਾ ਜੀਵਨ ਸਮਝ ਲਿਆ ਅਤੇ ਇਸ ਨੂੰ ਪੇਸ਼ ਕਰਨ ਵਾਲਾ ਸਾਹਿਤ ਹੀ ਉਹਨਾਂ ਦੇ ਕਾਵਿ ਸ਼ਾਸਤਰ ਵਿੱਚ ਯਥਾਰਥਵਾਦੀ ਸਾਹਿਤ ਆਖਿਆ ਗਿਆ ਪਰ ਇਆਨਵਾਟ ਦੇ ਸ਼ਬਦਾਂ ਵਿੱਚ ਇਹ ਰੁਮਾਂਸਵਾਦ ਦਾ ਦੂਜਾ ਪਾਸਾ ਹੈ। ਜੇ ਰੁਮਾਂਸਵਾਦੀ ਵਸਤੂ ਜਗਤ ਤੋਂ ਨਿਰਲੇਪ ਰਹਿ ਕੇ ਕਲਪਿਤ ਸੁੰਦਰ ਜਗਤ ਦੀ ਸਿਰਜਣਾ ਕਰਦੇ ਹਨ ਅਤੇ ਉਸ ਨੂੰ ਹੀ ਯਥਾਰਥਵਾਦੀ ਸੰਸਾਰ ਸਮਝਦੇ ਹਨ ਤਾਂ ਪ੍ਰਕਿਰਤੀਵਾਦੀ ਕੁਹਜਮਈ ਜਗਤ ਦੀ ਸਿਰਜਣਾ ਵਿੱਚ ਉਲਾਰ ਝੁਕਾਅ ਦਾ ਪ੍ਰਮਾਣ ਦਿੰਦੇ ਹਨ।

ਇਓ ਪ੍ਰਕਿਰਤੀਵਾਦੀ ਅਤੇ ਰੁਮਾਂਸਵਾਦੀ ਦੋਵੇਂ ਹੀ ਅਸਲ ਵਿੱਚ ਯਥਾਰਥਵਾਦੀ ਨਹੀਂ ਹਨ। ਵੀਹਵੀਂ ਸਦੀ ਦੇ ਮੁੱਢ ਵਿੱਚ ਮਨੋਵਿਗਿਆਨਕ ਯਥਾਰਥਵਾਦ ਦੀ ਇੱਕ ਹੋਰ ਨਾਮ ਆਰੰਭ ਹੋਇਆ। ਇਸ ਦਾ ਮੂਲ ਸਿਧਾਂਤ ਇਹ ਹੈ ਕਿ ‘ਸੱਚ’ ਅੱਤ ਅਨੁਭਵ ਹੈ, ਕੋਈ ਵਸਤੂ ਦਾ ਵਰਤਾਰਾ ਨਹੀਂ। ਇਹ ਸੰਸਾਰ ਬਾਹਰਮੁਖੀ ਜਗਤ ਤੋਂ ਸੁਤੰਤਰ ਅਤੇ ਬਾਹਰਮੁਖੀ ਜਗਤ ਉਹੀ ਹੈ ਜਿਵੇਂ ਮਨੁੱਖ ਉਸ ਨੂੰ ਮਹਿਸੂਸ ਕਰਦਾ ਹੈ। ਇਸ ਤਰ੍ਹਾਂ, ਯਥਾਰਥਵਾਦ ਦੇ ਮੂਲ ਸਿਧਾਂਤਾ ਉੱਤੇ ਪੂਰੇ ਉਤਰਣ ਵਾਲੇ ਦੋ ਹੀ ਰੂਪ ਰਹਿ ਜਾਂਦੇ ਹਨ-ਆਲੋਚਨਾਤਮਕ ਯਥਾਰਥਵਾਦ ਅਤੇ ਸਮਾਜਵਾਦੀ ਯਥਾਰਥਵਾਦ।[4]

ਆਲੋਚਨਾਤਮਕ ਯਥਾਰਥਵਾਦ

[ਸੋਧੋ]

18ਵੀਂ ਸਦੀ ਯੂਰਪ ਦੇ ਪੂੰਜੀਵਾਦ ਇਨਕਲਾਬ ਦੀ ਸਦੀ ਸੀ ਪਰ 1789 ਦੀ ਫ੍ਰਾਂਸੀਸੀ ਕ੍ਰਾਂਤੀ ਦੇ ਪਿੱਛੇ ਨਾਲ ਹੀ ਵਿਵਸਥਾ ਦੇ ਅੰਤਰ-ਵਿਰੋਧ ਤੇਜੀ ਨਾਲ ਉਜਾਗਰ ਹੋਣ ਲੱਗ ਪਏ ਸੀ। ਪੂੰਜੀਵਾਦ ਨੇ ਜਿਸ ਆਧੁਨਿਕ ਮਨੁੱਖ ਦੀ ਸਿਰਜਣਾ ਕੀਤੀ ਸੀ, ਉਸ ਦੀ ਮੂਲ ਪ੍ਰੇਰਨਾ ਆਜਾਦੀ, ਬਰਾਬਰੀ ਅਤੇ ਭਾਈਚਾਰੇ ਦੀ ਬਜਾਇ ਖੁਦਗਰਜ਼ੀ ਬਣ ਕੇ ਰਹਿ ਗਈ ਸੀ। ਸਮਾਜ ਮਾਲਕ ਅਤੇ ਮਜਦੂਰ ਦੋ ਵਰਗਾਂ ਵਿੱਚ ਵੰਡਿਆ ਗਿਆ ਸੀ। ਮਾਲਕ ਵਰਗ ਸਾਰੇ ਆਰਥਿਕ ਸ੍ਰੋਤਾਂ ਉੱਪਰ ਮਲਕੀਅਤ ਹੋਣ ਕਾਰਨ ਦਿਨੋ-ਦਿਨ ਧਨਵਾਨ ਹੁੰਦਾ ਜਾ ਰਿਹਾ ਸੀ ਤੇ ਦੂਜੇ ਪਾਸੇ ਮਜਦੂਰ ਵਰਗ ਨੂੰ ਜੀਵਨ ਗੁਜਾਰਨਾ ਵੀ ਕਠਿਨ ਹੋ ਗਿਆ ਸੀ। ਸਮੇਂ ਦੇ ਸਾਹਿਤਕਾਰਾਂ ਨੇ ਇਸ ਸਾਰੀ ਸਥਿਤੀ ਵੱਲ ਦੋ ਤਰ੍ਹਾਂ ਦਾ ਪ੍ਰਤੀਕਰਮ ਪੇਸ਼ ਕੀਤਾ।[4] ਪਹਿਲੀ ਭਾਂਤ ਦੇ ਉਹ ਸਾਹਿਤਕਾਰ ਸਨ ਜੋ ਸਮਾਜ ਨੂੰ ਹੀ ਵਿਅਕਤੀ ਦੀ ਆਜਾਦੀ ਦੇ ਰਾਹ ਦਾ ਰੋੜਾ ਸਮਝ ਬੈਠੇ ਅਤੇ ਵਸਤੂ ਸਥਿਤੀ ਨੂੰ ਨਜ਼ਰ-ਅੰਦਾਜ਼ ਕਰਕੇ ਕਲਪਨਾ ਜਗਤ ਦੀ ਸਿਰਜਣਾ ਕਰਨ ਲੱਗ ਪਏ। ਇਹ ਵਰਗ ਰੁਮਾਂਸਵਾਦੀ ਅਖਵਾਇਆ। ਦੂਜੀ ਭਾਂਤ ਦੇ ਉਹ ਸਾਹਿਤਕਾਰ ਸਨ ਜਿਹਨਾਂ ਨੇ ਪੂੰਜੀਵਾਦੀ ਵਿਵਸਥਾ ਦੇ ਯਥਾਰਥ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਰੂਪਮਾਨ ਕੀਤਾ। ਇਸ ਵਰਗ ਨੂੰ ਆਲੋਚਨਾਤਮਕ ਯਥਾਰਥਵਾਦੀ ਸਾਹਿਤਕਾਰਾਂ ਦਾ ਵਰਗ ਕਿਹਾ ਗਿਆ। ਇਹਨਾਂ ਸਾਹਿਤਕਾਰਾਂ ਨੇ ਜੀਵਨ ਦੇ ਹਰੇਕ ਖੇਤਰ ਵਿੱਚ ਪੂੰਜੀਵਾਦੀ ਆਰਥਿਕ ਸਾਂਸਕ੍ਰਿਤਿਕ ਵਿਵਸਥਾ ਦੇ ਅੰਤਰ-ਵਿਰੋਧਾਂ ਵਿਚੋਂ ਪੈਦਾ ਹੋਣ ਵਾਲੇ ਗੈਰ-ਮਾਨਵੀ ਵਿਚਾਰ ਅਤੇ ਕਿਰਦਾਰ ਉੱਪਰ ਵਿਅੰਗ ਕੀਤਾ, ਪੂੰਜੀਵਾਦੀ ਸ਼ੋਸ਼ਣ ਦਾ ਪਰਦਾਫਾਸ਼ ਕੀਤਾ ਪਰ ਉਹ ਇਸੇ ਵਿਵਸਥਾ ਦੀ ਪੈਦਾਵਾਰ ਸ਼ੋਸ਼ਿਤ ਪਰ ਕ੍ਰਾਂਤੀਕਾਰੀ ਮਜਦੂਰ ਵਰਗ ਦੀ ਜਾਂ ਤਾਂ ਪਛਾਣ ਨਹੀਂ ਕਰ ਸਕੇ ਜਾਂ ਫਿਰ ਇਸ ਵਰਗ ਦੀ ਸ਼ਕਤੀ ਅਤੇ ਇਸ ਦੇ ਸਿਧਾਂਤ ‘ਸਮਾਜਵਾਦ’ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਬੱਝ ਸਕਿਆ ਜਿਸ ਕਰਕੇ ਉਹਨਾਂ ਦਾ ਸਾਹਿਤ ਵਰਤਮਾਨ ਵਿੱਚ ਮੌਜੂਦਾ ਭਵਿੱਖ ਦੀਆਂ ਸੰਭਾਵਨਾਵਾਂ ਰੂਪਮਾਨ ਨਹੀਂ ਕਰਦਾ।

ਸਮਾਜਵਾਦੀ ਯਥਾਰਥਵਾਦ

[ਸੋਧੋ]

ਸਾਹਿਤ ਸ਼ਾਸਤਰ ਵਿੱਚ ਇਸ ਸੰਕਲਪ ਦੀ ਪਹਿਲੀ ਵਰਤੋਂ ਮੈਕਸਿਮ ਗੋਰਕੀ ਦੇ ਉਸ ਸਾਹਿਤ ਲਈ ਕੀਤੀ ਜਾਂਦੀ ਹੈ ਜੋ ਵਰਤਮਾਨ ਦੇ ਅੰਤਰ-ਵਿਰੋਧਾਂ ਨੂੰ ਸਮਾਜਵਾਦੀ ਕ੍ਰਾਂਤੀ ਦੇ ਪਰਿਪੇਖ ਤੋਂ ਚਿਤਰਦਾ ਹੈ। ਇਸ ਪ੍ਰਕਾਰ ਦੇ ਸਾਹਿਤ ਸਿਰਜਣ ਦਾ ਆਰੰਭ ਵੀ ਮੈਕਸਿਮ ਗੋਰਕੀ ਦੇ ਨਾਵਲ ਮਾਂ ਨਾਲ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਪਿੱਛੋਂ ਰੂਸ ਦੇ ਸ਼ੋਲਖੋਵ ਵਰਗੇ ਕਈ ਹੋਰ ਸਾਹਿਤਕਾਰਾਂ ਨੇ ਇਸ ਨੂੰ ਅੱਗੇ ਤੋਰਿਆ। 1917 ਈ. ਦੀ ਰੂਸੀ ਕ੍ਰਾਂਤੀ ਦੇ ਪ੍ਰਭਾਵਾਂ ਅਧੀਨ ਇਹ ਵਿਧੀ ਦੂਸਰੇ ਦੇਸ਼ਾਂ ਦੇ ਸਾਹਿਤ ਵਿੱਚ ਵੀ ਅਪਣਾਈ ਜਾ ਰਹੀ ਹੈ। ਸਮਾਜਵਾਦੀ ਯਥਾਰਥਵਾਦੀ ਰਚਨਾ ਵਿਧੀ ਦਾ ਮੂਲ ਸਿਧਾਂਤ ਇਹ ਹੈ ਕਿ ਸਮਾਜਵਾਦੀ ਇਨਕਲਾਬ ਤੋਂ ਬਿਨਾਂ ਕਿਸੇ ਵੀ ਸਮੱਸਿਆ ਦਾ ਹੱਲ ਸੰਭਵ ਨਹੀਂ ਅਤੇ ਸਮਾਜਵਾਦੀ ਇਨਕਲਾਬ ਦੀ ਇਤਿਹਾਸਕ ਸੰਭਾਵਨਾ ਪੈਦਾ ਹੋ ਚੁੱਕੀ ਹੈ। ਇਸ ਇਨਕਲਾਬ ਦਾ ਅਰਥ ਹੈ ਨਿੱਜੀ ਜਾਇਦਾਦ ਦੀ ਸੰਸਥਾ ਅਤੇ ਇਸ ਉੱਪਰ ਅਧਾਰਿਤ ਸੰਸਕ੍ਰਿਤੀ ਦਾ ਸਮੂਹਿਕ ਜਾਇਦਾਦ ਅਤੇ ਸੰਸਕ੍ਰਿਤੀ ਵਿੱਚ ਰੂਪਾਂਤਰਨ। ਸਾਹਿਤਕਾਰ ਦਾ ਫਰਜ਼ ਹੈ ਕਿ ਉਹ ਸ਼ੋਸ਼ਿਤ ਵਰਗਾਂ ਨੂੰ ਇਸ ਇਤਿਹਾਸਕ ਆਵਸ਼ਕਤਾ ਦੀ ਚੇਤਨਾ ਪ੍ਰਦਾਨ ਕਰੇ। ਸਮਾਜਵਾਦੀ ਯਥਾਰਥਵਾਦ ਵਰਤਮਾਨ ਸ਼੍ਰੁਣੀ-ਸਮਾਜ ਅਤੇ ਸ਼੍ਰੇਣੀ-ਰਹਿਤ ਸਮਾਜ ਦੇ ਸਰੂਪ ਦੇ ਦਰੁਸਤ ਚਿੰਤਨ ਦੀ ਮੰਗ ਕਰਦਾ ਹੈ ਅਤੇ ਨਾਲੋ ਨਾਲ ਦੋਹਾਂ ਦੇ ਟਕਰਾਓ ਦੀ ਪ੍ਰਕ੍ਰਿਆ ਦੇ ਵਿਸਤਾਰ ਚਿੱਤਰ ਦੀ ਵੀ ਆਸ ਵੀ ਰੱਖਦਾ ਹੈ। ਸਮਾਜ ਨੂੰ ਉਸਦੇ ਸਮੁੱਚ ਵਿੱਚ ਪੇਸ਼ ਕਰਨ ਦਾ ਸਿਧਾਂਤ ਤਾਂ ਆਲੋਚਨਾਤਮਕ ਯਥਾਰਥਵਾਦੀਆਂ ਨੇ ਵੀ ਅਪਣਾਇਆ ਸੀ ਪਰ ਇਸ ਸਿਧਾਂਤ ਦਾ ਸੰਪੂਰਨ ਨਿਰੂਪਣ ਯਥਾਰਥਵਾਦੀ ਰਚਨਾ ਦ੍ਰਿਸ਼ਟੀ ਰਾਹੀਂ ਹੀ ਸੰਭਵ ਹੈ।

ਯਥਾਰਥਵਾਦੀ ਸਾਹਿਤ ਦੇ ਲੱਛਣ

[ਸੋਧੋ]

1. ਯਥਾਰਥਵਾਦੀ ਸਾਹਿਤ ਵਿਅਕਤੀ ਅਤੇ ਸਮਾਜ ਦੋਹਾਂ ਦੇ ਦੰਵਦਾਤਮਕ ਸੰਬੰਧਾਂ ਅਤੇ ਨਿਰ-ਪਰਿਵਰਤਣਸ਼ੀਲ ਸੁਭਾਅ ਉੱਪਰ ਜ਼ੋਰ ਦਿੰਦਾ ਹੈ।

2. ਯਥਾਰਥਵਾਦੀ ਸਾਹਿਤ ਦਾ ਦੂਸਰਾ ਲੱਛਣ ਸਮਾਜਿਕ ਵਿਸ਼ਲੇਸ਼ਣ ਹੈ। ਯਥਾਰਥਵਾਦ ਮਨੁੱਖ ਦੀਆਂ ਪ੍ਰਤੀਨਿੱਧ ਸਥਿਤੀਆਂ ਵਿੱਚ ਪੇਸ਼ਕਾਰੀ ਦੀ ਮੰਗ ਹੀ ਕਰਦਾ ਹੈ।

3. ਸਮਾਜ ਵਿੱਚ ਹਰੇਕ ਭਾਂਤ ਦੇ ਵਿਅਕਤੀ ਹੁੰਦੇ ਹਨ ਆਦਰਸ਼ਵਾਦੀ ਵੀ, ਅਧਿਆਤਮਵਾਦੀ ਵੀ ਅਤੇ ਵਿਅਕਤੀਵਾਦੀ ਵੀ। ਸਮਾਜਿਕ ਯਥਾਰਥ ਨੂੰ ਉਸ ਦੀ ਸਮੁੱਚਤਾ ਵਿੱਚ ਰੂਪਮਾਨ ਕਰਨ ਲਈ ਸਾਹਿਤ ਵਿੱਚ ਹਰੇਕ ਕਿਸਮ ਦੇ ਮਨੁੱਖ ਦੀ ਪੇਸ਼ਕਾਰੀ ਲਾਜ਼ਮੀ ਹੈ।

4. ਯਥਾਰਥਵਾਦ ਰਚਨਾ ਦ੍ਰਿਸ਼ਟੀ ਵਿਅਕਤੀ ਅਤੇ ਸਮਾਜ ਵਿਚਲੇ ਅੰਤਰ-ਵਿਰੋਧ ਨੂੰ ਅਟਲ ਨਹੀਂ ਮੰਨਦੀ। ਇਹ ਦ੍ਰਿਸ਼ਟੀ ਆਦਮੀ ਦੇ ਜਨਮ-ਜਾਤ ਨਿੱਜ ਕੇਂਦਰਿਤ ਸੁਭਾ ਦੇ ਤੱਥ ਨੂੰ ਤਾਂ ਸਵੀਕਾਰ ਕਰਦੀ ਹੈ ਪਰ ਇਸ ਦੇ ਲਚਕੀਲੇਪਨ ਨੂੰ ਵੀ ਪ੍ਰਵਾਨ ਕਰਦੀ ਹੈ।

5. ਯਥਾਰਥਵਾਦੀ ਸਾਹਿਤ ਵਿੱਚ ਤ੍ਰਾਸਦੀ ਦਾ ਅਹਿਮ ਸਥਾਨ ਹੈ।

6. ਯਥਾਰਥਵਾਦੀ ਸਾਹਿਤਕਾਰ ਦੀ ਪਹੁੰਚ ਅਤੀਤ, ਵਰਤਮਾਨ ਅਤੇ ਭਵਿੱਖ ਪ੍ਰਤੀ ਵਸਤੂਮੁਖੀ ਹੁੰਦੀ ਹੈ।

7. ਯਥਾਰਥਵਾਦੀ ਸਾਹਿਤ ਕਾਰਜ-ਕਾਰਨ ਸੰਬੰਧ ਉੱਪਰ ਅਧਾਰਿਤ ਹੁੰਦਾ ਹੈ।

8. ਯਥਾਰਥਵਾਦੀ ਸਾਹਿਤਕਾਰ ਵਿਅਕਤੀ ਦੇ ਵਿਲੱਖਣ ਵਰਤਾਰਿਆਂ ਨਾਲੋਂ ਸਮਾਜ ਦੇ ਪ੍ਰਤੀਨਿੱਧ ਵਰਤਾਰਿਆਂ ਦੇ ਚਿਤਰਣ ਨੂੰ ਅਹਿਮ ਸਮਝਦਾ ਹੈ ਪਰ ਪ੍ਰਤੀਨਿਧ ਨੂੰ ਵੀ ਵਿਅਕਤੀ ਵਰਤਾਰਿਆਂ ਦੇ ਮਾਧਿਅਮ ਰਾਹੀਂ ਪੇਸ਼ ਕਰਦਾ ਹੈ, ਕਿਉਂਕਿ ਯਥਾਰਥ ਦੀ ਪੇਸ਼ਕਾਰੀ ਦੀ ਸਾਹਿਤਕ ਜੁਗਤ ਇਹੀ ਹੈ।

9. ਯਥਾਰਥਵਾਦ ਵਿਸ਼ੇਸ਼ ਰਚਨਾ ਉੱਤੇ ਅਧਾਰਿਤ ਵਿਸ਼ੇਸ਼ ਰਚਨਾ ਵਿਧੀ ਹੈ ਜਿਸ ਦੀ ਰਚਨਾ ਸਮਗਰੀ ਵਸਤੂ ਜਗਤ ਦੇ ਤੱਥ ਨਹੀਂ, ਸੱਚ ਹਨ।

ਪੰਜਾਬੀ ਸਾਹਿਤ ਵਿੱਚ ਯਥਾਰਥਵਾਦ

[ਸੋਧੋ]

ਪੰਜਾਬ ਉੱਤੇ ਆਧੁਨਿਕ ਪੱਛਮੀ ਸੰਸਕ੍ਰਿਤੀ ਦਾ ਪ੍ਰਭਾਵ ਲਗਭਗ ਦੋ ਸਦੀਆਂ ਪਛੜ ਕੇ ਪੈਦਾ ਹੋਣਾ ਸ਼ੁਰੂ ਹੋਇਆ ਜਿਸ ਕਰਕੇ ਮੁਢਲਾ ਪੰਜਾਬੀ ਸਾਹਿਤ ਆਧੁਨਿਕ ਪੱਛਮੀ ਸਾਹਿਤ ਦੀ ਯਥਾਰਥਵਾਦੀ ਚੇਤਨਾ ਨਾ ਗ੍ਰਹਿਣ ਕਰ ਸਕਿਆ। 1935 ਈ. ਤੱਕ ਇਹ ਸਾਹਿਤ ਧਾਰਮਿਕ ਸੰਪਰਦਾਇ ਭਾਵਨਾਵਾਂ ਦੇ ਪਾਸਾਰ, ਅਤੀਤ ਦੀ ਪੁਨਰ-ਸੁਰਜੀਤੀ ਦੇ ਆਦਰਸ਼ ਅਤੇ ਸੁਧਾਰਵਾਦੀ ਰਚਨਾ ਦ੍ਰਿਸ਼ਟੀ ਦੀਆਂ ਸੀਮਾਵਾਂ ਵਿੱਚ ਬੱਝਿਆ ਰਿਹਾ ਹੈ ਪਰ 1935 ਈ. ਤੋਂ ਬਾਅਦ ਪ੍ਰਗਤੀਵਾਦੀ ਸਾਹਿਤ ਧਾਰਾ ਦੇ ਪ੍ਰਭਾਵਾਂ ਸਦਕਾ ਪੰਜਾਬੀ ਸਾਹਿਤ ਵਿੱਚ ਵੀ ਯਥਾਰਥਵਾਦੀ ਤੱਤਾਂ ਦਾ ਪ੍ਰਵੇਸ਼ ਹੋਣ ਲੱਗ ਪਿਆ। ਕਵਿਤਾ ਦੇ ਖੇਤਰ ਵਿੱਚ ਅੰਮ੍ਰਿਤਾ ਪ੍ਰੀਤਮ ਤੇ ਮੋਹਣ ਸਿੰਘ ਦੇ ਨਾਂ ਉਜਾਗਰ ਹੋਏ ਅਤੇ ਅਜ਼ਾਦੀ ਉੱਪਰ ਇਸ ਪ੍ਰਵਿਰਤੀ ਦੇ ਕਵੀਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੀ ਹੋਇਆ ਹੈ। ਜਿੱਥੋਂ ਤੱਕ ਪੰਜਾਬੀ ਗਲਪ ਸਾਹਿਤ ਜਾਂ ਨਾਟਕ ਦਾ ਸੰਬੰਧ ਹੈ, ਇਹ ਕਵਿਤਾ ਨਾਲੋਂ ਵਧੇਰੇ ਯਥਾਰਥਵਾਦੀ ਰਹੇ ਹਨ। ਇਹਨਾਂ ਵਿਚੋਂ ਯਥਾਰਥਵਾਦੀ ਰਚਨਾ ਦ੍ਰਿਸ਼ਟੀ ਦੇ ਕਈ ਰੂਪ ਉਜਾਗਰ ਹੋਏ ਹਨ। ਨਾਨਕ-ਕੰਵਲ ਪ੍ਰੰਪਰਾ ਦੇ ਨਾਵਲਾਂ ਵਿੱਚ ਯਥਾਰਥ ਦੀ ਪੇਸ਼ਕਾਰੀ ਰੁਮਾਂਟਿਕ ਆਦਰਸ਼ਵਾਦੀ ਦ੍ਰਿਸ਼ਟੀ ਤੋਂ ਹੋਈ ਹੈ ਜਦਕਿ ਨਰੂਲਾ, ਸੇਖੋਂ ਅਤੇ ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਆਲੋਚਨਾਤਮਕ ਯਥਾਰਥਵਾਦ ਦੇ ਦੀਦਾਰ ਹੁੰਦੇ ਹਨ। ਕੁਝ ਨਾਵਲਕਾਰਾਂ ਜਿਵੇਂ ਰਾਮ ਸਰੂਪ ਅਣਖੀ ਅਤੇ ਕਰਮਜੀਤ ਕੁੱਸਾ ਆਦਿ ਨੇ ਸਮਾਜਵਾਦੀ ਯਥਾਰਥਵਾਦ ਦੇ ਕੁਝ ਪਹਿਲੂਆਂ ਨੂੰ ਅਪਣਾਇਆ ਹੈ। ਪੰਜਾਬੀ ਕਹਾਣੀ ਦੇ ਖੇਤਰ ਵਿੱਚ ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਨੂੰ ਰੁਮਾਂਟਿਕ ਯਥਾਰਥਵਾਦ ਦੇ ਮੋਢੀ ਮੰਨਿਆ ਜਾ ਸਕਦਾ ਹੈ ਜਦਕਿ ਸੰਤ ਸਿੰਘ ਸੇਖੋਂ ਤੇ ਸੁਜਾਨ ਸਿੰਘ ਨੂੰ ਆਲੋਚਨਾਤਮਕ ਯਥਾਰਥਵਾਦ ਦੇ ਸੰਸਥਾਪਕ ਕਿਹਾ ਜਾ ਸਕਦਾ ਹੈ। ਸੰਤੋਖ ਸਿੰਘ ਧਰਿ, ਕੁਲਵੰਤ ਸਿੰਘ ਵਿਰਕ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ ਆਦਿ ਪੰਜਾਬੀ ਦੇ ਅਜਿਹੇ ਕਹਾਣੀਕਾਰ ਹਨ ਜਿਹਨਾਂ ਦੀ ਸੰਵੇਦਨਾ ਦਾ ਮੂਲ ਆਧਾਰ ਮਾਨਵਵਾਦ ਹੈ ਅਤੇ ਜਿਹੜਾ ਕਿਤੇ ਕਿਤੇ ਸਮਾਜਵਾਦੀ ਮਾਨਵਵਾਦ ਦੀਆਂ ਹੱਦਾਂ ਛੋਂਹਦਾ ਪ੍ਰਤੀਤ ਹੁੰਦਾ ਹੈ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਸਾਧੂ ਸਿੰਘ ਤੇ ਵਰਿਆਮ ਸਿੰਘ ਦੋ ਅਜਿਹੇ ਕਹਾਣੀਕਾਰ ਹਨ ਜਿਹਨਾਂ ਸਮਾਜਵਾਦੀ ਯਥਾਰਥਵਾਦੀ ਰੁੱਖ ਅਪਣਾਇਆ ਹੈ। ਪੰਜਾਬੀ ਨਾਟਕ ਦੇ ਖੇਤਰ ਵਿੱਚ ਰੁਮਾਂਟਿਕ ਸੁਧਾਰਵਾਦੀ ਯਥਾਰਥ ਤੋਂ ਲੈ ਕੇ ਆਲੋਚਨਾਤਮਕ ਯਥਾਰਥ ਤੱਕ, ਯਥਾਰਥਵਾਦ ਦੇ ਮਿਲਵੇਂ ਜੁਲਵੇਂ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ ਪਰ ਸਮਾਜਵਾਦੀ ਯਥਾਰਥਵਾਦ ਦਾ ਪੰਜਾਬੀ ਨਾਟਕ ਵਿੱਚ ਅਭਾਵ ਰਿਹਾ ਹੈ। ਅੱਠਵੇਂ ਦਹਾਕੇ ਦੇ ਦੋ ਪ੍ਰਸਿੱਧ ਨਾਟਕਕਾਰਾਂ ਅਜਮੇਰ ਸਿੰਘ ਔਲਖ ਤੇ ਆਤਮਜੀਤ ਦੀ ਰਚਨਾ ਦ੍ਰਿਸ਼ਟੀ ਮੁੱਖ ਤੌਰ ’ਤੇ ਆਲੋਚਨਾਤਮਕ ਯਥਾਰਥਵਾਦੀ ਰਹੀ ਹੈ।

ਹਵਾਲੇ

[ਸੋਧੋ]
  1. ਸਾਹਿਤ ਅਤੇ ਸਹੁਜ ਸ਼ਾਸਤਰ, ਵੀਹਵੀਂ ਸਦੀ ਦਾ ਸਾਹਿਤ-1, ਰਦੂਗਾ ਪ੍ਰਕਾਸ਼ਨ, ਵਿੱਚ ਸੰਕਲਿਤ ਲੇਖ ‘ਸਮਕਾਲੀਨ ਸਹੁਜ ਸ਼ਾਸਤਰ ਦੀਆਂ ਸਮੱਸਿਆਵਾਂ’-ਲੇਖਕ ਮਿਖਾਇਲ ਖਰਾਪਚੇਂਕੋ)
  2. ਖੋਜ ਪਤ੍ਰਿਕਾ: ਅੰਕ 32. ਪਟਿਆਲਾ: ਪੰਜਾਬੀ ਯੂਨੀਵਰਸਿਟੀ,ਪਟਿਆਲਾ. 1988. p. (8).
  3. ਖੋਜ ਪਤ੍ਰਿਕਾ: ਅੰਕ 32. ਪਟਿਆਲਾ: ਪੰਜਾਬੀ ਯੂਨੀਵਰਸਿਟੀ,ਪਟਿਆਲਾ. 1988. p. (11).
  4. 4.0 4.1 ਖੋਜ ਪਤ੍ਰਿਕਾ: ਅੰਕ 32. ਪਟਿਆਲਾ: ਪੰਜਾਬੀ ਯੂਨੀਵਰਸਿਟੀ,ਪਟਿਆਲਾ. 1988. p. (13).