ਸਮੱਗਰੀ 'ਤੇ ਜਾਓ

ਹਰੀ ਸਿੰਘ ਨਲੂਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹਰੀ ਸਿੰਘ ਨਲਵਾ ਤੋਂ ਮੋੜਿਆ ਗਿਆ)

ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।[1]

ਸਰਦਾਰ ਹਰੀ ਸਿੰਘ ਨਲੂਆ
ਇੱਕ ਅੰਗ੍ਰੇਜ ਕਲਾਕਾਰ ਵੱਲੋ ੧੮੬੫ ਵਿਚ ਬਣਾਇਆ ਗਿਆ ਚਿੱਤਰ।
ਜਨਮ1791
ਗੁਜਰਾਂਵਾਲਾ, ਸ਼ੁਕਰਚਕੀਆ ਮਿਸਲ[2]
ਮੌਤ੩੦ ਅਪ੍ਰੈਲ ੧੮੩੭
ਜਮਰੌਦ, ਸਿੱਖ ਸਾਮਰਾਜ
ਵਫ਼ਾਦਾਰੀ ਸਿੱਖ ਖਾਲਸਾ ਫੌਜ
ਸੇਵਾ ਦੇ ਸਾਲ੧੮੦੪-੧੮੩੭
ਇਨਾਮਇਜ਼ਾਜ਼ੀ-ਇ-ਸਰਦਾਰੀ
ਜੀਵਨ ਸਾਥੀਬੀਬੀ ਰਾਜ ਕੌਰ
ਮਾਈ ਦੇਸਾਂ ਕੌਰ
ਰਿਸ਼ਤੇਦਾਰਗੁਰਦਿਆਲ ਸਿੰਘ(ਪਿਤਾ)
ਧਰਮ ਕੌਰ(ਮਾਤਾ)
ਜਵਾਹਰ ਸਿੰਘ ਨਲੂਆ(ਪੁੱਤਰ)
ਗੁਰਦਿੱਤ ਸਿੰਘ ਨਲੂਆ(ਪੁੱਤਰ)
ਅਰਜਨ ਸਿੰਘ,ਪੰਜਾਬ ਸਿੰਘ(ਪੁੱਤਰ)
ਚੰਦ ਕੌਰ(ਧੀ)
ਨੰਦ ਕੌਰ(ਧੀ)
ਹੋਰ ਕੰਮਗੁਰਦੁਆਰਾ ਪੰਜਾ ਸਾਹਿਬ ਦਾ ਨਿਰਮਾਣ
ਜਮਰੌਦ ਦੇ ਕਿਲ੍ਹੇ ਨੂੰ ਬਣਵਾਇਆ
ਦਸਤਖ਼ਤ

1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।
2) ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।

ਜਨਮ

[ਸੋਧੋ]
ਹਰੀ ਸਿੰਘ ਨਲਵਾ ਦਾ ਪਰਿਵਾਰ

ਇਸ ਮਹਾਨ ਜਰਨੈਲ ਦਾ ਜਨਮ ਸੰਨ 1791 ਈ. ਵਿੱਚ ਉਪਲ ਜੱਟ ਪਰਿਵਾਰ ਵਿੱਚ ਗੁਜਰਾਂਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਸੀ। ਇਹ ਹੋਣਹਾਰ ਬਾਲਕ ਸਿਰਫ ਸੱਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਇਸ ਕਰਕੇ ਇਸ ਦੇ ਬਚਪਨ ਦੇ ਦਿਨ ਇਸ ਦੇ ਮਾਮੇ ਦੇ ਘਰ ਗੁਜ਼ਰੇ। ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਿਆ। ਪਰਮਾਤਮਾ ਵੱਲੋਂ ਹੀ ਉਨ੍ਹਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇੱਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿੱਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿੱਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿੱਚ ਪ੍ਰਵੀਣਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਫ਼ਾਰਸੀ ਅਤੇ ਗੁਰਮੁਖੀ ਦੀ ਲਿਖਤ-ਪੜ੍ਹਤ ਵਿੱਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ।

ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ਤੇ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਹ ਮੁਕਾਬਲਾ ਸਾਲ ਵਿੱਚ ਇੱਕ ਵਾਰੀ ਹੁੰਦਾ ਸੀ ਤਾਂ ਕਿ ਨੌਜਵਾਨਾਂ ਦੇ ਹੌਸਲੇ ਬੁਲੰਦ ਹੋ ਸਕਣ। ਈਸਵੀ ਸੰਨ 1805 ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਾਇਆ ਸੀ। ਇਸ ਵਿੱਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ[3]। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿੱਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ।[4]

ਸਰਦਾਰੀ ਦਾ ਸਮਾਂ

[ਸੋਧੋ]

ਇਸੇ ਤਰ੍ਹਾਂ 1807 ਈਸਵੀ ਵਿੱਚ ਕਸੂਰ ਦੀ ਫ਼ਤਹਿ ਸਮੇਂ ਸਰਦਾਰ ਹਰੀ ਸਿੰਘ ਨੇ ਮਹਾਨ ਬੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ। ਮਹਾਰਾਜਾ ਨੇ 1810 ਵਿੱਚ ਮੁਲਤਾਨ ਉਂਤੇ ਚੜ੍ਹਾਈ ਕਰਨ ਲਈ ਖ਼ਾਲਸਾ ਫੌਜ ਨੂੰ ਹੁਕਮ ਦਿੱਤਾ। ਅੱਗੋਂ ਉਥੋਂ ਦਾ ਨਵਾਬ ਮਜੱਫਰ ਖ਼ਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲ੍ਹੇ ਦੇ ਭਰੋਸੇ ਤੇ ਖ਼ਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰ-ਏ-ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲ੍ਹੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ ਮੰਗ ਕੀਤੀ। ਇਸ ਸਮੇਂ ਸ. ਹਰੀ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ। ਇਹ ਮਹਾਨ ਅਤੇ ਭਿਆਨਕ ਕੰਮ ਸ. ਹਰੀ ਸਿੰਘ ਅਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨਿਡਰਤਾ ਤੇ ਦਲੇਰੀ ਨਾਲ ਸਿਰੇ ਚਾੜ੍ਹਿਆ। ਇਸ ਜੰਗ ਵਿੱਚ ਸ. ਹਰੀ ਸਿੰਘ ਨੇ ਜ਼ਖ਼ਮੀ ਹੁੰਦਿਆਂ ਵੀ ਹੌਸਲਾ ਨਾ ਹਾਰਿਆ।

ਇਸ ਤੋਂ ਛੁੱਟ 1818 ਈਸਵੀ ਵਿੱਚ ਮੁਲਤਾਨ ਦੀ ਅਖ਼ੀਰਲੀ ਫ਼ਤਹਿ ਅਤੇ ਫਿਰ ਕਸ਼ਮੀਰ ਜਿੱਤਣ ਵਿੱਚ ਆਪ ਨੇ ਵੱਡੇ ਕਾਰਨਾਮੇ ਕੀਤੇ। ਕਸ਼ਮੀਰ ਦੇ ਵਿਗੜ ਚੁਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਲਈ ਆਪ ਦੀ ਡਿਊਟੀ ਲਾਈ ਗਈ ਸੀ। ਆਪ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਆਪ ਨੇ ਹੀ ਵੱਡੀਆਂ ਘਾਲਾਂ ਘਾਲ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿੱਚ ਮਿਲਾ ਕੇ ਲਾਹੇਵੰਦ ਸੂਬਾ ਬਣਾ ਲਿਆ। ਆਪ ਦੇ ਰਾਜ ਪ੍ਰਬੰਧ ਤੇ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰ ਖ਼ਾਲਸਾ ਰਾਜ ਵਿੱਚ ਕੇਵਲ ਆਪ ਜੀ ਨੂੰ ਹੀ ਮਿਲਿਆ।

ਇਸ ਤੋਂ ਇਲਾਵਾ ਨੁਸ਼ਹਿਰੇ ਤੇ ਜਹਾਂਗੀਰ ਦੀ ਜੰਗ ਵਿੱਚ ਬੜੀ ਨਿਡਰਤਾ ਤੇ ਜੰਗੀ ਹੁਨਰ ਨਾਲ ਸ. ਹਰੀ ਸਿੰਘ ਨੇ ਫ਼ਤਹਿ ਪਾਈ। ਇਸ ਦੇ ਬਾਰੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ। ਸੰਨ 1834 ਈ. ਵਿੱਚ ਸ਼ੇਰ-ਏ-ਪੰਜਾਬ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਫੈਸਲਾ ਕੀਤਾ ਕਿ ਪਿਸ਼ਾਵਰ ਤੇ ਸਰਹੱਦੀ ਸੂਬੇ ਜਿੰਨੀ ਦੇਰ ਤਕ ਖ਼ਾਲਸਾ ਰਾਜ ਵਿੱਚ ਨਹੀਂ ਮਿਲ ਜਾਂਦੇ ਓਨੀ ਦੇਰ ਤਕ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਧਾਵਿਆਂ ਤੋਂ ਛੁਟਕਾਰਾ ਨਹੀਂ ਦਿਵਾਇਆ ਜਾ ਸਕਦਾ। ਭਾਵ ਸੂਬਾ ਪਿਸ਼ਾਵਰ ਨੂੰ ਅਫਗਾਨਿਸਤਾਨ ਨਾਲੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਵੇ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ਤੇ ਹੱਲਾ ਬੋਲਣ ਲਈ ਆਖਿਆ। 27 ਅਪ੍ਰੈਲ ਸੰਨ 1834 ਈ. ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਰਾਹੀਂ ਖ਼ਾਲਸਾ ਫੌਜ ਪਾਰ ਕਰਵਾਈ। ਓਧਰ ਪਿਸ਼ਾਵਰ ਦੇ ਹਾਕਮਾਂ ਨੇ ਵੀ ਤੁਰਤ-ਫੁਰਤ ਖ਼ਾਲਸਾ ਫੌਜ ਨੂੰ ਰੋਕਣ ਲਈ ਚਮਕਨੀ ਦੀ ਹੱਦ ਤੇ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪਿਸ਼ਾਵਰ ਦੇ ਰਾਹ ਨੂੰ ਕਾਬੂ ਵਿੱਚ ਕਰ ਲਿਆ।

ਜਦੋਂ ਖ਼ਾਲਸਾ ਫੌਜ ਉਨ੍ਹਾਂ ਦੇ ਮੋਰਚਿਆਂ ਤੇ ਪਹੁੰਚਣ ਵਾਲੀ ਸੀ ਤਾਂ ਅੱਗੋਂ ਧੂੰਆਂਧਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ। ਤੋਪਾਂ ਦੀ ਗੋਲਾਬਾਰੀ ਨਾਲ ਆਕਾਸ਼ ਕੰਬ ਉਠਿਆ। ਇਸੇ ਸਮੇਂ ਹਾਜੀ ਖਾਨ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ ਹਸਨਵਾਲੀਏ ਦੀ ਤਲਵਾਰ ਨਾਲ ਸਖ਼ਤ ਫੱਟੜ ਹੋ ਗਿਆ। ਅਫ਼ਗਾਨ ਦਲੇਰੀ ਨਾਲ ਲੜੇ ਪਰ ਖ਼ਾਲਸੇ ਦੇ ਜ਼ੋਰ ਅੱਗੇ ਟਿਕ ਨਾ ਸਕੇ। ਮਈ 1834 ਈਸਵੀ ਨੂੰ ਬਾਅਦ ਦੁਪਹਿਰ ਤਕ ਜਿੱਤ ਦਾ ਬਿਗਲ ਵੱਜ ਚੁਕਾ ਸੀ ਅਤੇ ਪਿਸ਼ਾਵਰ ਉਂਤੇ ਸਿੰਘਾਂ ਦਾ ਅਧਿਕਾਰ ਹੋ ਗਿਆ। ਹੁਣ ਸਾਰਾ ਸਰਹੱਦੀ ਇਲਾਕਾ ਖ਼ਾਲਸੇ ਦੇ ਅਧੀਨ ਹੋ ਗਿਆ ਸੀ। ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੁੜ ਗਿਆ। ਖ਼ਾਲਸੇ ਦੇ ਇਸ ਮਹਾਨ ਕਰਤਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਂ ਦਿੱਤਾ ਹੈ। ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿੱਚ ਪਿਸ਼ਾਵਰ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ, ਕਿਉਂਕਿ ਉਨ੍ਹਾਂ ਨੇ ਬਾਰਕਜਈਆਂ ਹੱਥੋਂ ਛੁਟਕਾਰਾ ਪਾਇਆ ਸੀ।

ਪਿਸ਼ਾਵਰ ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਉਪਰ ਔਰੰਗਜ਼ੇਬ ਨੇ ਜੋ ਪ੍ਰਤੀ ਸਿਰ ਇੱਕ ਦੀਨਾਰ (ਚਾਰ ਮਾਸੇ ਦਾ ਸੋਨੇ ਦਾ ਸਿੱਕਾ) ਜਜ਼ੀਆ ਲਾਇਆ ਹੋਇਆ ਸੀ, ਪੂਰੀ ਤਰ੍ਹਾਂ ਹਟਾ ਦਿੱਤਾ। ਇਸ ਤਰ੍ਹਾਂ ਇਸ ਬਿਖੜੇ ਇਲਾਕੇ ਦਾ ਫੌਜੀ ਮੁਲਕੀ ਰਾਜ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਇਸ ਵਧੀਆ ਰਾਜ ਪ੍ਰਬੰਧ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦੇ ਸੂਬੇ ਵਿੱਚ ਵੀ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ। ਇਹ ਵਡਿਆਈ ਸ. ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਮਿਲੀ।

ਨਾਵਲੀ ਕੌਮ ਲੜਾਈ

[ਸੋਧੋ]

ਨਵੰਬਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨੇ ਮੁੰਗੇਰ ਅਤੇ ਡੇਰਾ ਜਾਤ ਤੇ ਕਬਜ਼ੇ ਵਾਸਤੇ ਚੜ੍ਹਾਈ ਕੀਤੀ। ਉਧਰ ਮਹਾਰਾਜੇ ਨਾਲ ਸ਼ਾਮਲ ਹੋਣ ਵਾਸਤੇ ਹਰੀ ਸਿੰਘ ਨਲਵਾ ਦੀ ਫ਼ੌਜ ਵੀ ਕਸ਼ਮੀਰ ਤੋਂ ਚਲ ਪਈ। ਰਾਹ ਵਿੱਚ 9 ਨਵੰਬਰ, 1821 ਦੇ ਦਿਨ, ਮੰਗਲੀ ਘਾਟੀ ਵਿਚ, ਪੱਖਲੀ ਪਿੰਡ ਦੀ ਜੂਹ ਵਿਚ, 30000 ਤਨਾਵਲੀ ਕੌਮ ਦੇ ਲੋਕਾਂ ਦੇ ਲਸ਼ਕਰ ਨੇ ਰਾਹ ਰੋਕ ਲਿਆ। ਨਲਵਾ ਨੇ ਇਸਮਾਈਲ, ਇਕਬਾਲ ਬੱਟ ਅਤੇ ਧੰਨਾ ਸਿੰਘ ਮਲਵਈ ਨੂੰ ਭੇਜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਉਨ੍ਹਾਂ ਰਾਹ ਦੇਣ ਤੋਂ ਕੋਰੀ ਨਾਂਹ ਕਰ ਦਿਤੀ ਤਾਂ ਸਿੱਖ ਫ਼ੌਜਾਂ ਨੇ ਹਮਲਾ ਕਰ ਦਿਤਾ। ਮੇਘ ਸਿੰਘ ਰੂਸਾ ਦੇ ਜੱਥੇ ਨੇ ਤਨਾਵਲੀਆਂ ਦੀਆਂ ਸਫ਼ਾਂ ਤੋੜ ਦਿਤੀਆਂ ਅਤੇ ਉਨ੍ਹਾਂ ਦੀਆਂ ਸਫ਼ਾਂ ਦੇ ਵਿਚਕਾਰ ਜਾ ਕੇ ਜੰਗ ਕਰਨ ਲੱਗ ਪਿਆ। ਅਖ਼ੀਰ ਤਨਾਵਲੀਆਂ ਦਾ ਮੁਖੀ ਤੇ ਉਸ ਦੇ ਸਾਰੇ ਸਾਥੀ ਮਾਰੇ ਗਏ। ਦੋ ਪਹਿਰ (6 ਘੰਟੇ) ਦੀ ਜੰਗ ਵਿੱਚ 2000 ਦੇ ਕਰੀਬ ਤਨਾਵਲੀ ਮਾਰੇ ਗਏ (ਇਸ ਦੌਰਾਨ ਕੁੱਝ ਸਿੱਖ ਵੀ ਸ਼ਹੀਦ ਹੋਏ)। ਅਖ਼ੀਰ ਉਹ ਮੈਦਾਨ ਛੱਡ ਕੇ ਭੱਜ ਗਏ। ਉਨ੍ਹਾਂ ਦੇ ਮੁਖੀ, ਚਿੱਟੇ ਝੰਡੇ ਲੈ ਕੇ ਆ ਪੇਸ਼ ਹੋਏ। ਨਲਵਾ ਨੇ ਘਾਟੀ ਦੇ ਹਰ ਘਰ ਨੂੰ 5 ਰੁਪਏ ਜੁਰਮਾਨਾ ਕੀਤਾ ਅਤੇ ਜਾਨ ਦੀ ਮੁਆਫ਼ੀ ਦੇ ਦਿਤੀ। ਇੱਕ ਵਾਰੀ ਸ. ਹਰੀ ਸਿੰਘ ਮੁਜੱਫਰਾਬਾਦ ਦੇ ਰਾਹ ਕਸ਼ਮੀਰ ਤੋਂ ਆਉਂਦੇ ਹੋਏ ਮਾਂਗਲੀ ਦੇ ਨੇੜੇ ਪਹੁੰਚੇ। ਉਨ੍ਹਾਂ ਦਾ ਰਾਹ ਮਾਂਗਲੀ ਦੇ ਦਰ੍ਹਾ ਹਜ਼ਾਰੇ ਦੇ ਭਾਰੀ ਲਸ਼ਕਰ ਨੇ ਰੋਕ ਲਿਆ। ਇਹ ਸਰਦਾਰ ਦਾ ਸਾਮਾਨ ਲੁੱਟਣਾ ਚਾਹੁੰਦੇ ਸਨ। ਸਰਦਾਰ ਨੇ ਇਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੇ ਰਾਹ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਦਿਨ ਰੱਬ ਦਾ ਭਾਣਾ ਐਸਾ ਵਰਤਿਆ ਕਿ ਮੀਂਹ ਪੈਣ ਲੱਗ ਪਿਆ। ਜਦ ਮੀਂਹ ਹਟਿਆ ਤਾਂ ਲੋਕਾਂ ਨੇ ਆਪਣੇ ਕੋਠਿਆਂ ਦੀਆਂ ਛੱਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁੱਛਣ ਤੇ ਪਤਾ ਲੱਗਾ ਕਿ ਇਹ ਲੋਕ ਛੱਤਾਂ ਇਸ ਲਈ ਕੁੱਟ ਰਹੇ ਹਨ ਕਿ ਇਥੇ ਦੀ ਮਿੱਟੀ ਨੂੰ ਕੁੱਟਣ-ਮਿੱਟੀ ਆਖਦੇ ਹਨ, ਜੇ ਇਸ ਨੂੰ ਕੁੱਟਿਆ ਨਾ ਜਾਵੇ ਤਾਂ ਠੀਕ ਨਹੀਂ ਬੈਠਦੀ।


ਕਿਲਾ ਜਮਰੌਦ

[ਸੋਧੋ]

ਸਰਦਾਰ ਹਰੀ ਸਿੰਘ ਨੇ 30 ਅਪ੍ਰੈਲ ਨੂੰ ਜਮਰੌਦ ਦੇ ਜੰਗੀ ਮੈਦਾਨ ਵਿੱਚ ਪਹੁੰਚ ਕੇ ਅਫ਼ਗਾਨਾਂ ਉਂਪਰ ਹਮਲਾ ਕਰ ਦਿੱਤਾ। ਅਫ਼ਗਾਨ ਇਸ ਗੱਲ ਤੋਂ ਅਵੇਸਲੇ ਸਨ ਕਿ ਇਸ ਹਮਲੇ ਵਿੱਚ ਨਲਵਾ ਵੀ ਹੈ। ਪਹਿਲਾਂ ਤਾਂ ਉਹ ਇਸ ਹਮਲੇ ਨੂੰ ਜੋਸ਼ ਨਾਲ ਰੋਕਦੇ ਰਹੇ। ਪਰ ਜਦੋਂ ਸ. ਹਰੀ ਸਿੰਘ ਨਲਵੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੌਸਲੇ ਟੁੱਟ ਗਏ। ਅਫਗਾਨਾਂ ਨੂੰ ਭਾਜੜ ਪੈ ਗਈ। ਇਸ ਤਰ੍ਹਾਂ ਅਫ਼ਗਾਨਾਂ ਪਾਸੋਂ ਸ. ਹਰੀ ਸਿੰਘ ਨਲਵੇ ਨੇ 14 ਤੋਪਾਂ ਵੀ ਖੋਹ ਲਈਆਂ, ਜਦੋਂ ਸਾਰੇ ਅਫਗਾਨ ਦੌੜ ਕੇ ਛਿਪ ਗਏ ਤਾਂ ਸ. ਹਰੀ ਸਿੰਘ ਨਲਵੇ ਨੇ ਸੋਚਿਆ ਕਿ ਹੁਣ ਖ਼ਾਲਸਾ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ਵਿੱਚ ਲਿਜਾ ਕੇ ਆਰਾਮ ਦਿਵਾਇਆ ਜਾਏ। ਪਰ ਸ. ਨਿਧਾਨ ਸਿੰਘ ਪੰਜ ਹੱਥਾ, ਜਿੱਤ ਦੇ ਜੋਸ਼ ਵਿੱਚ ਵੈਰੀਆਂ ਦੇ ਸਿਰ ਹੋਇਆ ਦੱਰ੍ਹੇ ਦੇ ਅੰਦਰ ਚਲਾ ਗਿਆ। ਜਦੋਂ ਸ. ਹਰੀ ਸਿੰਘ ਨੇ ਸ. ਨਿਧਾਨ ਸਿੰਘ ਨੂੰ ਗੁਫ਼ਾ ਦੇ ਅੰਦਰ ਜਾਂਦੇ ਵੇਖਿਆ ਤਾਂ ਝੱਟ ਉਸ ਨੂੰ ਬੁਲਾਉਣ ਲਈ ਗੁਫ਼ਾ ਵੱਲ ਵਧਿਆ। ਸ. ਹਰੀ ਸਿੰਘ ਨਲਵੇ ਦਾ ਬਾਡੀਗਾਰਡ ਸਰਦਾਰ ਅਜਾਇਬ ਸਿੰਘ ਗੁਫ਼ਾ ਵੱਲ ਵਧਿਆ ਤਾਂ ਗੁਫ਼ਾ ਵਿੱਚ ਛੁਪੇ ਅਫਗਾਨ ਨੇ ਅਜਾਇਬ ਸਿੰਘ ਦੇ ਗੋਲੀ ਮਾਰੀ। ਬਾਡੀਗਾਰਡ ਉਥੇ ਹੀ ਢੇਰੀ ਹੋ ਗਿਆ। ਇਸੇ ਸਮੇਂ ਸ. ਹਰੀ ਸਿੰਘ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਗੁਫ਼ਾ ਵਿਚੋਂ ਹੋਰ ਗੋਲੀਆਂ ਚੱਲੀਆਂ ਜਿਸ ਵਿਚੋਂ ਦੋ ਗੋਲੀਆਂ ਨਲਵੇ ਦੇ ਲੱਗੀਆਂ। ਇੰਨੇ ਨੂੰ ਬਾਕੀ ਸਵਾਰ ਵੀ ਉਥੇ ਪਹੁੰਚੇ ਅਤੇ ਵੈਰੀਆਂ ਨੂੰ ਚੁਣ-ਚੁਣ ਮਾਰਿਆ ਪਰ ਜਿਹੜਾ ਭਾਣਾ ਵਰਤਣਾ ਸੀ, ਵਰਤ ਚੁਕਾ ਸੀ।

ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਇਆ ਅਤੇ ਘੋੜੇ ਦੀ ਧੌਣ ਤੇ ਜਾ ਡਿੱਗਾ ਅਪਣੇ ਮਾਲਕ ਦਾ ਸੰਤੂਲਣ ਦੇਖ ਘੋੜੇ ਨੇ ਆਪਣੀਆਂ ਵਾਗਾਂ ਕਿੱਲ੍ਹੇ ਵੱਲ ਨੂੰ ਕੀਤੀਆਂ ਅਤੇ ਸਿੱਧੇ ਕਿਲ੍ਹੇ ਵਿੱਚ ਪਹੁੰਚ ਗਏ। ਸਰਦਾਰ ਮਹਾਂ ਸਿੰਘ ਨੇ ਧਿਆਨ ਪੂਰਬਕ ਨਲਵੇ ਨੂੰ ਘੋੜੇ ਤੋਂ ਉਤਾਰਿਆ। ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ, ਇਨ੍ਹਾਂ ਕਾਲੇ ਪਰਬਤਾਂ ਵਿੱਚ ਖ਼ਾਲਸਾਈ ਝੰਡੇ ਦੀ ਇੱਜ਼ਤ-ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤਕ ਡਟੇ ਰਹਿਣ ਦੀ ਪ੍ਰੇਰਨਾ ਕੀਤੀ। ਇਹ ਵੀ ਆਖਿਆ ਕਿ ਮੇਰੀ ਮੌਤ ਦੀ ਖ਼ਬਰ ਗੁਪਤ ਰੱਖਣੀ, ਇਸ ਨਾਲ ਖ਼ਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ। ਅੱਗੇ ਹੋਰ ਵੀ ਕਈ ਕੁਝ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ ਅਤੇ ਭੌਰ ਉਡਾਰੀ ਮਾਰ ਗਿਆ। ਇਹ ਸਮਾਂ 30 ਅਪ੍ਰੈਲ 1837 ਦੀ ਰਾਤ ਦਾ ਸੀ। ਸ. ਮਹਾਂ ਸਿੰਘ ਨੇ ਸਰਦਾਰ ਨਲਵਾ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ।

ਪ੍ਰਸਿੱਧ ਸੱਭਿਆਚਾਰ

[ਸੋਧੋ]

ਹਰੀ ਸਿੰਘ ਨਲੂਆ ਦਾ ਜੀਵਨ ਮਾਰਸ਼ਲ ਗੀਤਾਂ ਲਈ ਇੱਕ ਪ੍ਰਸਿੱਧ ਵਿਸ਼ਾ ਬਣ ਗਿਆ। ਉਸ ਦੇ ਸਭ ਤੋਂ ਪਹਿਲੇ ਜੀਵਨੀਕਾਰ ਕਵੀ, ਜਿਨ੍ਹਾਂ ਵਿੱਚ ਕਾਦਿਰ ਬਖ਼ਸ਼ ਉਰਫ਼ ਕਾਦਰਯਾਰ,[5] ਮਿਸਰ ਹਰੀ ਚੰਦ ਉਰਫ਼ ਕਾਦਰਯਾਰ[6] ਅਤੇ ਰਾਮ ਦਿਆਲ,[7] ਸਾਰੇ 19ਵੀਂ ਸਦੀ ਵਿੱਚ ਸ਼ਾਮਿਲ ਸਨ।

20ਵੀਂ ਸਦੀ ਵਿੱਚ, 1967 ਦੀ ਬਾਲੀਵੁੱਡ ਫਿਲਮ ਉਪਕਾਰ ਦਾ ਗੀਤ ਮੇਰੇ ਦੇਸ਼ ਕੀ ਧਰਤੀ ਨੇ ਉਸ ਦੀ ਸ਼ਲਾਘਾ ਕੀਤੀ। ਅਮਰ ਚਿੱਤਰ ਕਥਾ ਨੇ ਪਹਿਲੀ ਵਾਰ 1978 ਵਿੱਚ ਹਰੀ ਸਿੰਘ ਨਲੂਆ ਦੀ ਜੀਵਨੀ ਪ੍ਰਕਾਸ਼ਿਤ ਕੀਤੀ (ਅਮਰ ਚਿੱਤਰ ਕਥਾ ਕਾਮਿਕਸ ਦੀ ਸੂਚੀ ਦੇਖੋ)।

30 ਅਪ੍ਰੈਲ 2013 ਨੂੰ ਭਾਰਤ ਦੇ ਸੰਚਾਰ ਮੰਤਰੀ ਕਪਿਲ ਸਿੱਬਲ ਨੇ ਹਰੀ ਸਿੰਘ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ।[8]

2013 ਵਿੱਚ ਭਾਰਤੀ ਡਾਕ ਦੀ ਮੋਹਰ

ਹਰੀ ਸਿੰਘ ਨਲੂਆ ਚੈਂਪੀਅਨ ਆਫ਼ ਦਾ ਖਾਲਸਾਜੀ 1791–1837, ਵਨੀਤ ਨਲੂਆ ਦੁਆਰਾ ਇੱਕ ਜੀਵਨੀ - ਇੱਕ ਜਰਨੈਲ ਦੇ ਸਿੱਧੇ ਵੰਸ਼ਜ - 2013 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸਨੂੰ ਆਲਮਾਈਟੀ ਮੋਸ਼ਨ ਪਿਕਚਰ ਦੀ ਪ੍ਰਭਲੀਨ ਕੌਰ ਦੁਆਰਾ ਇੱਕ ਭਾਰਤੀ ਫੀਚਰ ਫਿਲਮ ਵਿੱਚ ਰੂਪਾਂਤਰਿਤ ਕੀਤਾ ਜਾ ਰਿਹਾ ਹੈ।[9]

ਨਲੂਆ ਦੀ ਮੌਤ ਦੀ 176ਵੀਂ ਬਰਸੀ ਦੇ ਮੌਕੇ 'ਤੇ 2013 ਵਿੱਚ ਭਾਰਤ ਸਰਕਾਰ ਦੁਆਰਾ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ ਸੀ।[10]

ਹਰੀ ਸਿੰਘ ਨਲੂਆ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਗੀਤ ਵਾਰ ਦਾ ਵਿਸ਼ਾ ਹੈ। ਇਹ ਗੀਤ 8 ਨਵੰਬਰ, 2022 ਨੂੰ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਸੀ। ਇਸਦੇ ਰਿਲੀਜ਼ ਦੇ ਪਹਿਲੇ 30 ਮਿੰਟਾਂ ਵਿੱਚ 1.5 ਮਿਲੀਅਨ ਯੂਟਿਊਬ ਵਿਊਜ਼ ਪ੍ਰਾਪਤ ਕੀਤੇ।[11]

ਹਵਾਲੇ

[ਸੋਧੋ]
  1. ਸਰਦਾਰ ਹਰੀ ਸਿੰਘ ਨਲੂਆ, ਜੀਵਨ ਅਤੇ ਰਚਨਾ (1934). ਜੀਵਨ ਅਤੇ ਰਚਨਾ ਸਰਦਾਰ ਹਰੀ ਸਿੰਘ ਨਲੂਆ.
  2. "ਸਰਦਾਰ ਹਰੀ ਸਿੰਘ ਨਲੂਆ ਦਾ ਜੀਵਨ ਇਤਿਹਾਸ". Rozana Spokesman. 2019-04-30. Retrieved 2023-02-24.
  3. "ਹਰੀ ਸਿੰਘ ਨਲਵਾ - ਪੰਜਾਬੀ ਪੀਡੀਆ". punjabipedia.org. Retrieved 2023-02-24.
  4. Herrli 2004, pp. 122-123
  5. Tahir 1988
  6. Singh 1965
  7. Singh 1946
  8. Prashant H. Pandya (1 May 2013). Indian Philately Digest. Indian Philatelists' Forum. p. 1.
  9. "Sikh Khalsa Commander Hari Singh Nalwa's Life to be Adapted into Series and Film". India West (in ਅੰਗਰੇਜ਼ੀ). Archived from the original on 2021-01-20. Retrieved 2022-11-23 – via IANS. {{cite web}}: Unknown parameter |dead-url= ignored (|url-status= suggested) (help)
  10. "Hari Singh Nalwa" (PDF). indiapost.gov.in. Retrieved 2020-04-24.
  11. "Sidhu Moosewala's new song 'Vaar' released on Gurpurb lauds Sikh valour; gets 1.5 million hits in 30 minutes". The Tribune. 8 November 2022. Retrieved 9 November 2022.{{cite web}}: CS1 maint: url-status (link)

ਸਰੋਤ

[ਸੋਧੋ]
  • Allen, Charles (2000), Soldier Sahibs, Abacus, ISBN 0-349-11456-0
  • Caroe, Olaf (1958), The Pathans 550BC-AD1957, London: Macmillan and Co. Ltd.
  • Herrli, Hans (2004), The Coins of the Sikhs (Reprinted ed.), Delhi: Munshiram Manoharlal, ISBN 8121511321
  • Jaffar, S. M. (1945), Peshawar: Past and Present, Peshawar: S. Muhammad Sadiq Khan
  • Kapur, P. S.; Singh, S. (2001), "A Forward Base in the Tribal Areas", in Kapur, P. S.; Dharam, Singh (eds.), Maharaja Ranjit Singh, Patiala: Punjabi University
  • Kaur, Madanjit (2004) [First published 1983], The Golden Temple: Past and Present (Revised ed.), Amritsar: Guru Nanak Dev University
  • Khan, Mohammad Waliullah (1962), Sikh Shrines in West Pakistan, Karachi: Department of Archaeology Ministry of Education and Information, Government of Pakistan, ISBN 978-81-7010-301-1
  • Madan, T. N. (2008), "Kashmir, Kashmiris, Kashmiriyat: An Introductory Essay", in Rao, Aparna (ed.), The Valley of Kashmir: The Making and Unmaking of a Composite Culture?, Delhi: Manohar, ISBN 978-81-7304-751-0
  • Mathews, M. M. (2010), An Ever Present Danger, Kansas: Combat Studies Institute Press, ISBN 978-0-9841-901-3-3
  • Nalwa, Vanit (2009), Hari Singh Nalwa – Champion of the Khalsaji, New Delhi: Manohar, ISBN 81-7304-785-5
  • Nayyar, G. S. (1995), The Campaigns of General Hari Singh Nalwa, Patiala: Punjabi University
  • Sachdeva, Krishan Lal (1993), "Hari Singh Nalwa – A Great Builder", in Kapur, P. S. (ed.), Perspectives on Hari Singh Nalwa, Jalandhar: ABS Publications, ISBN 8170720567
  • Sandhu, Autar Singh (1935), General Hari Singh Nalwa, Lahore: Cunningham Historical Society
  • Schofield, Victoria (2010), Kashmir in conflict: India, Pakistan and the unending war, London: I. B. Tauris, ISBN 978-1-84885-105-4
  • Singh, Ganda (1946), Panjab Dian Waran (Ballads of the Panjab), Amritsar: Author
  • Singh, Ganda (1965), Si-harfian Hari Singh Nalwa by Missar Hari Chand 'Kadiryar', Patiala: Punjabi University
  • Singh, Gulcharan (October 1976), "General Hari Singh Nalwa", The Sikh Review, 24 (274): 36–54
  • Singh, Khushwant (2001) [First published 1962], Ranjit Singh Maharaja of the Punjab, New Delhi: Penguin Books India
  • Singh, Kirpal (1994), Historical Study of Maharaja Ranjit Singh's Times, Delhi: National Book Shop, ISBN 978-81-7116-163-8
  • Singhia, H. S. (2009), The encyclopaedia of Sikhism, New Delhi: Hemkunt Press
  • Sufi, G. M. D. (1974) [First published 1948-1949], Kashir Being a History of Kashmir From the Earliest Times to Our Own, vol. 2 (Reprinted ed.), New Delhi: Life and Light Publishers
  • Tahir, M. Athar (1988), Qadir Yar: a critical introduction, Lahore: Pakistan Punjabi Adabi Board, ISBN 978-81-7010-301-1
  • Waheeduddin, F. S. (2001) [First published 1965], The Real Ranjit Singh (Second ed.), Karachi: Lion Art Press
  • Zutshi, Chitralekha (2003), Language of belonging: Islam, regional identity, and the making of Kashmir, New York, NY: Oxford University Press, ISBN 978-0-19-521939-5

ਹੋਰ ਪੜ੍ਹੋ

[ਸੋਧੋ]
  • Dial, Ram (1946). "Jangnama Sardar Hari Singh". In Singh, Ganda (ed.). Punjab Dian Varan. Amritsar: Author.
  • Hoti Mardan, Prem Singh (1950) [First published 1937]. Jivan-itihas Sardar Hari Singh-ji Nalua – Life of the Sikh General Hari Singh Nalua (Revised, reprinted ed.). Amritsar: Lahore Book Shop.
  • NWFP Gazetteers – Peshawar District. Lahore: Punjab Government. 1931.
  • Singh, Ganda (1966). A Bibliography of the Punjab. Patiala: Punjabi University.
  • Niara, Gurabacana (1995). The Campaigns of Hari Singh Nalwa. Punjabi University. Publication Bureau.

ਬਾਹਰੀ ਲਿੰਕ

[ਸੋਧੋ]