ਇਬਨ ਤੁਫ਼ੈਲ
ਇਬਨ ਤੁਫ਼ੈਲ (ਸੀ. 1105 – 1185) (ਪੂਰਾ ਅਰਬੀ ਨਾਮ : أبو بكر محمد بن عبد الملك بن محمد بن طفيل القيسي الأندلسي ਅਬੂ ਬਕਰ ਮੁਹੰਮਦ ਇਬਨ ਅਲ-ਮਲਿਕ ਇਬਨ ਮੁਹੰਮਦ ਇਬਨ ਤੂਫ਼ੈਲ ਅਲ-ਕਾਇਸੀ ਅਲ- ਅੰਦਾਲੂਸੀ; ਲਾਤੀਨੀਆਈ ਰੂਪ: Abubacer Aben Tofail ; ਅੰਗਰੇਜ਼ੀਕ੍ਰਿਤ ਰੂਪ: Abubekar ਜਾਂ Abu Jaafar Ebn Tophail) ਇੱਕ ਸੀ ਅਰਬ ਆਂਦਾਲੂਸੀਅਨ ਮੁਸਲਿਮ ਪੋਲੀਮੈਥ:[1] ਇੱਕ ਲੇਖਕ, ਨਾਵਲਕਾਰ, ਇਸਲਾਮੀ ਦਾਰਸ਼ਨਿਕ, ਇਸਲਾਮੀ ਧਰਮਸ਼ਾਸਤਰੀ, ਵੈਦ, ਖਗੋਲਵਿਗਿਆਨੀ, ਵਜੀਰ, ਅਤੇ ਅਦਾਲਤੀ ਅਧਿਕਾਰੀ ਸੀ।
ਇਕ ਦਾਰਸ਼ਨਿਕ ਅਤੇ ਨਾਵਲਕਾਰ ਹੋਣ ਦੇ ਨਾਤੇ, ਉਹ ਸਭ ਤੋਂ ਪਹਿਲਾਂ ਦਾਰਸ਼ਨਿਕ ਨਾਵਲ, ਹੇਯ ਇਬਨ ਯਕਜ਼ਾਨ ਲਿਖਣ ਲਈ ਮਸ਼ਹੂਰ ਹੈ। ਇੱਕ ਡਾਕਟਰ ਵਜੋਂ, ਉਹ ਚੀਰਫਾੜ ਅਤੇ ਪੋਸਟਮਾਰਟਮ ਦਾ ਅਰੰਭਕ ਸਮਰਥਕ ਸੀ, ਜਿਸਦਾ ਪ੍ਰਗਟਾਵਾ ਉਸਦੇ ਨਾਵਲ ਵਿੱਚ ਕੀਤਾ ਗਿਆ ਸੀ।
ਜ਼ਿੰਦਗੀ
[ਸੋਧੋ]ਗ੍ਰੇਨਾਦਾ ਦੇ ਨਜ਼ਦੀਕ ਗੁਆਡਿਕਸ ਵਿੱਚ ਉਸ ਦਾ ਜਨਮ ਹੋਇਆ, ਅਤੇ ਇਬਨ ਬਜਾਹ ਤੋਂ ਉਸ ਨੇ ਸਿੱਖਿਆ ਹਾਸਲ ਕੀਤੀ। ਉਸਨੇ ਗ੍ਰੇਨਾਡਾ ਦੇ ਬਾਦਸ਼ਾਹ ਦੇ ਸਕੱਤਰ ਵਜੋਂ ਅਤੇ ਬਾਅਦ ਵਿੱਚ ਅਲਮੋਹਾਦ ਖ਼ਲੀਫ਼ਾ ਅਬੂ ਯਾਕੂਬ ਯੂਸਫ਼ ਦੇ ਵਜ਼ੀਰ ਅਤੇ ਵੈਦ ਦੇ ਤੌਰ ਤੇ ਕੰਮ ਕੀਤਾ, ਜਿਸਨੂੰ ਉਸਨੇ 1169 ਵਿੱਚ ਆਪਣੇ ਭਵਿੱਖ ਦੇ ਉੱਤਰਾਧਿਕਾਰੀ ਵਜੋਂ ਇਬਨ ਰਸ਼ਦ ਦੀ ਸਿਫਾਰਸ਼ ਕੀਤੀ। ਇਬਨ ਰਸ਼ਦ ਨੇ ਬਾਅਦ ਵਿੱਚ ਇਸ ਘਟਨਾ ਬਾਰੇ ਦੱਸਿਆ ਕਿ ਕਿਵੇਂ ਇਬਨ ਤੁਫੈਲ ਨੇ ਉਸਨੂੰ ਆਪਣੀ ਪ੍ਰਸਿੱਧ ਅਰਸਤੂਲੀ ਟਿੱਪਣੀਆਂ ਲਿਖਣ ਲਈ ਪ੍ਰੇਰਿਆ:
ਅਬੂ ਬਕਰ ਇਬਨ ਤੂਫ਼ੈਲ ਨੇ ਮੈਨੂੰ ਇੱਕ ਦਿਨ ਬੁਲਾਇਆ ਅਤੇ ਮੈਨੂੰ ਦੱਸਿਆ ਕਿ ਉਸਨੇ ਮੋਮਿਨਾਂ ਦੇ ਮੁਖੀ ਨੂੰ ਅਰਸਤੂ ਦੇ ਪ੍ਰਗਟਾਓ ਢੰਗ ਦੀਆਂ - ਜਾਂ ਅਨੁਵਾਦਕਾਂ ਦੀਆਂ ਉਕਤਾਈਆਂ - ਅਤੇ ਨਤੀਜੇ ਵਜੋਂ - ਉਸਦੇ ਇਰਾਦਿਆਂ ਦੀ ਅਸਪਸ਼ਟਤਾ ਬਾਰੇ ਸ਼ਿਕਾਇਤ ਕਰਦੇ ਸੁਣਿਆ ਹੈ। ਉਸਨੇ ਕਿਹਾ ਕਿ ਜੇ ਕੋਈ ਇਨ੍ਹਾਂ ਕਿਤਾਬਾਂ ਨੂੰ ਆਪ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਉਨ੍ਹਾਂ ਨੂੰ ਸੰਖੇਪ ਰੂਪ ਵਿੱਚ ਦੱਸ ਸਕੇ ਅਤੇ ਉਨ੍ਹਾਂ ਦੇ ਉਦੇਸ਼ਾਂ ਨੂੰ ਸਪਸ਼ਟ ਕਰ ਸਕੇ, ਤਾਂ ਲੋਕਾਂ ਨੂੰ ਉਨ੍ਹਾਂ ਨੂੰ ਸਮਝਣ ਵਿੱਚ ਸੌਖ ਰਹੇਗੀ। “ਜੇ ਤੁਹਾਡੇ ਕੋਲ ਤਾਕਤ ਹੈ,” ਇਬਨ ਤੁਫ਼ੈਲ ਨੇ ਮੈਨੂੰ ਕਿਹਾ, “ਤੁਸੀਂ ਇਹ ਕਰੋ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਕਰ ਸਕਦੇ ਹੋ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡਾ ਮਨ ਅਤੇ ਸਮਰਪਿਤ ਕਿਰਦਾਰ ਕਿੰਨਾ ਚੰਗਾ ਹੈ, ਅਤੇ ਤੁਸੀਂ ਕਲਾ ਪ੍ਰਤੀ ਕਿੰਨੇ ਸਮਰਪਿਤ ਹੋ। ਤੁਸੀਂ ਸਮਝ ਸਕਦੇ ਹੋ ਕਿ ਸਿਰਫ ਮੇਰੀ ਵੱਡੀ ਉਮਰ, ਮੇਰੇ ਅਹੁਦੇ ਦੀਆਂ ਜ਼ਿੰਮੇਵਾਰੀਆਂ - ਅਤੇ ਇੱਕ ਹੋਰ ਕਾਰਜ, ਜਿਸਨੂੰ ਮੈਂ ਹੋਰ ਵੀ ਮਹੱਤਵਪੂਰਣ ਸਮਝਦਾ ਹਾਂ ਪ੍ਰਤੀ ਮੇਰੀ ਵਚਨਬੱਧਤਾ ਹੀ ਹੈ- ਕਿ ਮੈਂ ਆਪ ਇਹ ਨਹੀਂ ਕਰ ਸਕਦਾ।"[2]
1182 ਵਿੱਚ ਇਬਨ ਤੁਫ਼ੈਲ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਬਨ ਰਸ਼ਦ ਉਸ ਦਾ ਉੱਤਰਾਧਿਕਾਰੀ ਬਣਿਆ; ਕਈ ਸਾਲਾਂ ਬਾਅਦ 1185 ਵਿੱਚ ਇਬਨ ਤੁਫ਼ੈਲ ਦੀ ਮੋਰਾਕੋ ਵਿੱਚ ਮੌਤ ਹੋ ਗਈ। ਖਗੋਲ ਵਿਗਿਆਨੀ ਨੂਰ ਉਦ-ਦੀਨ ਅਲ-ਬਿਤਰੂਜੀ ਵੀ ਇਬਨ ਤੁਫ਼ੈਲ ਦਾ ਚੇਲਾ ਸੀ।
ਹੇਯ ਇਬਨ ਯਕਜ਼ਾਨ
[ਸੋਧੋ]ਇਬਨ ਤੁਫ਼ੈਲ ਹੇਯ ਇਬਨ ਯਕਜ਼ਾਨ ( حي بن يقظان ) ਦਾ ਲੇਖਕ ਸੀ , ਜਿਸ ਨੂੰ ਵੀ ਲਾਤੀਨੀ ਵਿੱਚ Philosophus Autodidactus, ਕਹਿੰਦੇ ਹਨ। ਇਹ ਇੱਕ ਦਾਰਸ਼ਨਿਕ ਰੁਮਾਂਸ ਨਾਵਲ ਹੈ ਅਤੇ ਐਵੇਸਿਨਿਜ਼ਮ ਅਤੇ ਸੂਫ਼ੀਵਾਦ, ਤੋਂ ਪ੍ਰੇਰਿਤ ਦ੍ਰਿਸ਼ਟਾਂਤ ਵਿੱਚ ਇੱਕ ਆਪੇ ਸਿੱਖੇ ਬੱਚੇ ਦੀ ਕਹਾਣੀ ਦੱਸਦੀ ਹੈ। ਉਹ ਇੱਕ ਅਜਿਹੇ ਜਜ਼ੀਰੇ ਦਾ ਜ਼ਿਕਰ ਕਰਦਾ ਹੈ ਜੋ ਹਿੰਦ ਮਹਾਸਾਗਰ ਵਿੱਚ ਭੂ ਮੱਧ ਰੇਖਾ ਦੇ ਕ਼ਰੀਬ ਹੈ। ਆਮ ਤੌਰ ਤੇ ਖ਼ਿਆਲ ਹੈ ਕਿ ਉਸ ਦੇ ਜ਼ਹਨ ਵਿੱਚ ਸ਼ਿਰੀਲੰਕਾ ਸੀ। ਉਸ ਜਜ਼ੀਰੇ ਵਿੱਚ ਮੌਸਮ, ਸੂਰਜ ਦੀ ਰੋਸ਼ਨੀ, ਤਾਪਮਾਨ ਅਤੇ ਨਮੀ ਦਾ ਇੱਕ ਅਜਿਹਾ ਸੁਮੇਲ ਹੈ ਜਿਸਦੀ ਵਜ੍ਹਾ ਨਾਲ ਮਾਂ ਬਾਪ ਦੇ ਬਗੈਰ ਇਨਸਾਨ ਦਾ ਜਨਮ ਹੋ ਜਾਂਦਾ ਹੈ। ਇਬਨ ਤੁਫ਼ੈਲ ਚਾਹੁੰਦਾ ਸੀ ਕਿ ਉਸ ਦਾ ਹੀਰੋ ਕਿਸੇ ਜੀਨਆਈ ਸਿਲਸਿਲੇ ਦਾ ਨੁਮਾਇੰਦਾ ਨਾ ਹੋਵੇ, ਉੱਕਾ ਆਜ਼ਾਦ ਵਜੂਦ ਹੋਵੇ, ਪਰ ਉਸਨੂੰ ਖ਼ਦਸ਼ਾ ਸੀ ਕਿ ਕਿਤੇ ਇਸ ਉੱਤੇ ਧਾਰਮਿਕ ਲੋਕ ਇਤਰਾਜ਼ ਨਾ ਕਰਨ। ਇਸ ਲਈ ਨਾਵਲ ਵਿੱਚ ਹੇਯ ਦਾ ਇੱਕ ਪਿਛੋਕੜ ਬਿਆਨ ਕੀਤਾ ਗਿਆ ਹੈ:ਇੱਕ ਨਜ਼ਦੀਕੀ ਟਾਪੂ ਤੇ ਇੱਕ ਹੰਕਾਰੀ, ਜ਼ਾਲਮ ਅਤੇ ਈਰਖਾਲੂ ਸੁਭਾਅ ਦੇ ਰਾਜੇ ਦਾ ਰਾਜ ਸੀ। ਉਸਦੀ ਇੱਕ ਬੇਅੰਤ ਸੁੰਦਰ ਭੈਣ ਸੀ, ਜਿਸ ਨੂੰ ਉਸਨੇ ਪਹਿਰੇਦਾਰੀ ਵਿੱਚ ਰੱਖਿਆ ਹੋਇਆ ਸੀ ਅਤੇ ਉਸਨੂੰ ਵਿਆਹ ਦੀ ਇਜਾਜ਼ਤ ਨਹੀਂ ਸੀ; ਕਿਉਂਕਿ ਉਸ ਅਨੁਸਾਰ ਉਸਦੇ ਸੂਰਬੀਰਾਂ ਵਿੱਚ ਇੱਕ ਵੀ ਅਜਿਹਾ ਨਹੀਂ ਸੀ ਜੋ ਉਸਦੇ ਯੋਗ ਹੋਵੇ। ਫਿਰ ਵੀ ਉਸਦਾ ਨਜ਼ਦੀਕੀ ਰਿਸ਼ਤੇਦਾਰ, ਯਕਜ਼ਾਨ, ਰਾਜਕੁਮਾਰੀ ਦਾ ਪਿਆਰ ਜਿੱਤਣ ਵਿੱਚ ਸਫਲ ਹੋ ਗਿਆ ਅਤੇ ਉਸ ਸਮੇਂ ਆਮ ਤੌਰ ਤੇ ਜਾਣੇ ਜਾਂਦੇ ਰੀਤੀ ਰਿਵਾਜਾਂ ਅਨੁਸਾਰ ਉਸ ਨਾਲ ਚੋਰੀ ਛੁਪੇ ਵਿਆਹ ਕਰਵਾ ਲਿਆ ਅਤੇ ਕੁਝ ਦੇਰ ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਫਿਰ ਉਸ ਦੀ ਜਾਨ ਬਚਾਉਣ ਦੀ ਖਾਤਰ ਉਸਨੇ ਉਸ ਨੂੰ ਦੁੱਧ ਚੁੰਘਾਉਣ ਤੋਂ ਬਾਦ ਇੱਕ ਛੋਟੀ ਜਿਹੇ ਸੰਦੂਕ ਵਿੱਚ ਪਾ ਕੇ ਬਹੁਤ ਭਰੋਸੇਮੰਦ ਸੇਵਕਾਂ ਦੇ ਰਾਹੀਂ ਰਾਤ ਨੂੰ ਸਮੁੰਦਰ ਦੇ ਕੰਢੇ ਲੈ ਗਈ ਅਤੇ ਰੱਬ ਦਾ ਨਾਂ ਲੈ ਕੇ ਪਾਣੀ ਵਿੱਚ ਠੇਲ੍ਹ ਦਿੱਤਾ। ਇਹ ਸੰਦੂਕ ਕਥਿਤ ਟਾਪੂ ਦੇ ਤੱਟ ਨਾਲ ਜਾ ਲੱਗਿਆ, ਜਿੱਥੇ ਇੱਕ ਇੱਕ ਹਿਰਨੀ ਉਸਨੂੰ ਟੋਕਰੀ ਵਿੱਚੋਂ ਕੱਢ ਕੇ ਆਪਣੇ ਬੱਚੇ ਦੇ ਤੌਰ ਉੱਤੇ ਪਾਲਦੀ ਹੈ, ਆਪਣਾ ਦੁੱਧ ਪਿਲਾਂਦੀ ਹੈ। ਇਹ ਬੱਚਾ ਜੰਗਲ ਦੇ ਜਾਨਵਰਾਂ ਦੀ ਤਰ੍ਹਾਂ ਆਪਣੇ ਬਦਨ ਨਾਲ ਖੰਭ ਜੋੜ ਲੈਂਦਾ ਹੈ ਅਤੇ ਸਿਰ ਉੱਤੇ ਲੱਕੜੀ ਦੇ ਸਿੰਗ ਲਗਾ ਕੇ ਜਾਨਵਰ ਬਣ ਜਾਂਦਾ ਹੈ। ਜਦੋਂ ਉਹ ਸੱਤ ਸਾਲ ਦਾ ਹੁੰਦਾ ਹੈ ਤਾਂ ਹਿਰਨੀ ਦੀ ਮੌਤ ਹੋ ਜਾਂਦੀ ਹੈ। ਉਸਨੂੰ ਹੈਰਾਨੀ ਹੁੰਦੀ ਹੈ ਕਿ ਇਹ ਮੌਤ ਕੀ ਹੈ, ਇਹ ਮਰ ਕਿਉਂ ਗਈ ਹੈ, ਉਹ ਉਸਨੂੰ ਜ਼ਿੰਦਾ ਕਰਣ ਲਈ ਉਸ ਦੀ ਦੇਹ ਦੀ ਚੀਰਫਾੜ ਕਰਨ ਰਾਹੀਂ ਅਨਾਟਮੀ ਦਾ ਇਲਮ ਹਾਸਲ ਕਰਦਾ ਹੈ। ਵਾਕਿਫ ਹੁੰਦਾ ਹੈ ਕਿ ਸਾਹ ਪ੍ਰਣਾਲੀ ਕੀ ਹੁੰਦੀ ਹੈ। ਦਿਲ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ ਅਤੇ ਜਦੋਂ ਉਹ ਇਹ ਦੇਖਦਾ ਹੈ ਕਿ ਉਸ ਦੇ ਦਿਲ ਦੇ ਇੱਕ ਖਾਨੇ ਵਿੱਚ ਖ਼ੂਨ ਦਾ ਲੋਥੜਾ ਹੈ ਜਦੋਂ ਕਿ ਦੂਜਾ ਖਾਨਾ ਬਿਲਕੁਲ ਖ਼ਾਲੀ ਹੈ ਤਾਂ ਉਹ ਇਸ ਨਤੀਜੇ ਉੱਤੇ ਪੁੱਜਦਾ ਹੈ ਕਿ ਇੱਥੇ ਕੋਈ ਚੀਜ਼ ਸੀ ਜੋ ਉਸਨੂੰ ਜ਼ਿੰਦਾ ਰੱਖਦੀ ਸੀ ਜੋ ਰੁਖ਼ਸਤ ਹੋ ਗਈ ਹੈ ਯਾਨੀ ਰੂਹ ਦੀ ਨੁਮਾਇੰਦਗੀ ਕਰਦੀ ਸੀ। ਫਿਰ ਉਹ ਫਿਜ਼ਿਕਸ ਸਿੱਖਣ ਲਈ ਦੇਖਦਾ ਹੈ ਕਿ ਕਿਵੇਂ ਪਾਣੀ ਭਾਫ ਵਿੱਚ ਬਦਲਦਾ ਹੈ, ਚੀਜ਼ਾਂ ਜ਼ਮੀਨ ਉੱਤੇ ਡਿੱਗਦੀਆਂ ਹਨ, ਅੱਗ ਦੀ ਰੋਸ਼ਨੀ ਉੱਪਰ ਆਸਮਾਨ ਵੱਲ ਸਫ਼ਰ ਕਰਦੀ ਹੈ ਜਿਸਦਾ ਮਤਲਬ ਹੈ ਕਿ ਉਨ੍ਹਾਂ ਦਾ ਸਿਰਜਨਹਾਰ ਉੱਥੇ ਹੈ। ਉਹ ਸਿਤਾਰਿਆਂ ਦੀ ਗਰਦਸ਼ ਦਾ ਹਿਸਾਬ ਕਰਦਾ ਹੈ। ਇੱਕ ਗੁਫਾ ਵਿੱਚ ਬੈਠ ਕਰ ਗ਼ੌਰ ਕਰਦਾ ਹੈ ਕਿ ਕੀ ਇਹ ਸਭ ਕੁੱਝ ਇੱਕਦਮ ਬੇਵਜਾਹ ਵਜੂਦ ਵਿੱਚ ਆ ਗਿਆ ਜਾਂ ਇਹ ਹਮੇਸ਼ਾ ਤੋਂ ਇੱਥੇ ਮੌਜੂਦ ਸੀ।
ਹੇਯ ਕਿਸੇ ਹੋਰ ਮਨੁੱਖ ਨਾਲ ਸੰਪਰਕ ਤੋਂ ਬਿਨਾਂ, ਤਰਕਪੂਰਣ ਜਾਂਚ ਦੀ ਇੱਕ ਵਿਧੀਵਤ ਪ੍ਰਕਿਰਿਆ ਆਪਣਾ ਕੇ ਅੰਤਮ ਸੱਚ ਨੂੰ ਖੋਜਦਾ ਹੈ। ਉਹ ਆਖ਼ਰਕਾਰ ਸਭਿਅਤਾ ਅਤੇ ਧਰਮ ਦੇ ਸੰਪਰਕ ਵਿੱਚ ਆਉਂਦਾ ਹੈ ਜਦੋਂ ਉਸ ਦੀ ਮੁਲਾਕਾਤ ਅਬਸਾਲ ਨਾਮ ਦੇ ਇੱਕ ਬੰਦੇ ਨਾਲ ਹੁੰਦੀ ਹੈ। ਉਹ ਨਿਰਧਾਰਤ ਕਰਦਾ ਹੈ ਕਿ ਧਰਮ ਦੇ ਕੁਝ ਜਾਲ, ਭਾਵ ਕਲਪਨਾ ਅਤੇ ਪਦਾਰਥਕ ਚੀਜ਼ਾਂ ਉੱਤੇ ਨਿਰਭਰਤਾ, ਬਹੁਤ ਸਾਰੇ ਲੋਕਾਂ ਲਈ ਜ਼ਰੂਰੀ ਹਨ ਤਾਂ ਜੋ ਉਨ੍ਹਾਂ ਦੀ ਚੰਗਾ ਜ਼ਿੰਦਗੀ ਬਤੀਤ ਕਰ ਸਕਣ। ਐਪਰ, ਕਲਪਨਾ ਅਤੇ ਪਦਾਰਥਕ ਚੀਜ਼ਾਂ ਸੱਚਾਈ ਤੋਂ ਭਟਕਾਉਂਦੀਆਂ ਹਨ ਅਤੇ ਜਿਨ੍ਹਾਂ ਦੀ ਬੁੱਧੀ ਇਹ ਗੱਲ ਸਮਝ ਲੈਂਦੀ ਹੈ ਉਨ੍ਹਾਂ ਨੂੰ ਇਹ ਠੁੰਮਣੇ ਛੱਡ ਦੇਣੇ ਚਾਹੀਦੇ ਹਨ।
ਇਬਨ ਤੁਫ਼ੈਲ ਦਾ ਇਹ ਫ਼ਿਲਾਸਫ਼ਸ ਆਟੋਡਿਡੈਕਟਸ ਅਲ ਗਜ਼ਾਲੀ ਦੇ ਇਨਕੋਹੇਰੈਂਸ ਆਫ਼ ਦ ਫਿਲਾਸਫਰ ਦੇ ਜਵਾਬ ਵਜੋਂ ਲਿਖਿਆ ਗਿਆ ਸੀ। 13 ਵੀਂ ਸਦੀ ਵਿਚ, ਇਬਨ-ਅਲ-ਨਫੀਸ ਨੇ ਬਾਅਦ ਵਿੱਚ ਅਲ-ਰਿਸਾਲਹ-ਅਲ-ਕਮਿਲਿਯਹ ਫਿਲ ਸੀਰਾ ਅਲ-ਨਬਾਵਿਆਹ (ਜਿਸ ਨੂੰ ਪੱਛਮ ਵਿੱਚ ਥੀਲੋਸ ਆਟੋਡਿਡੈਕਟਸ ਵਜੋਂ ਜਾਣਿਆ ਜਾਂਦਾ ਹੈ) ਇਬਨ ਤੁਫੈਲ ਦੇ ਫ਼ਿਲਾਸਫ਼ਸ ਆਟੋਡੀਡੈਕਟਸ ਦੇ ਜਵਾਬ ਵਜੋਂ ਲਿਖਿਆ।
ਹੇਯ ਇਬਨ ਯਕਜ਼ਾਨ ਦਾ ਅਰਬੀ ਸਾਹਿਤ ਅਤੇ ਯੂਰਪੀਅਨ ਸਾਹਿਤ ਦੋਵਾਂ ਉੱਤੇ ਮਹੱਤਵਪੂਰਣ ਪ੍ਰਭਾਵ ਸੀ,[3] ਅਤੇ ਇਹ 17 ਵੀਂ ਅਤੇ 18 ਵੀਂ ਸਦੀ ਵਿੱਚ ਪੱਛਮੀ ਯੂਰਪ ਵਿੱਚ ਇੱਕ ਪ੍ਰਭਾਵਸ਼ਾਲੀ ਸਭ ਤੋਂ ਵੱਧ ਵਿਕਣ ਵਾਲੀ ਬਣ ਬਣ ਗਿਆ। ਕਲਾਸਿਕ ਇਸਲਾਮਿਕ ਫ਼ਲਸਫ਼ੇ ਅਤੇ ਆਧੁਨਿਕ ਪੱਛਮੀ ਫ਼ਲਸਫ਼ੇ ਦੋਵਾਂ ਉੱਤੇ ਇਸ ਕੰਮ ਦਾ “ਡੂੰਘਾ ਪ੍ਰਭਾਵ” ਸੀ। ਇਹ " ਵਿਗਿਆਨਕ ਇਨਕਲਾਬ ਅਤੇ ਯੂਰਪ ਦੇ ਗਿਆਨ ਦੇ ਯੁਗ ਦੀਆਂ ਸਿਰਮੌਰ ਮਹੱਤਵਪੂਰਣ ਕਿਤਾਬਾਂ ਵਿੱਚੋਂ ਇੱਕ" ਬਣ ਗਿਆ ਅਤੇ ਨਾਵਲ ਵਿੱਚ ਪ੍ਰਗਟ ਕੀਤੇ ਵਿਚਾਰ "ਵੱਖ ਵੱਖ ਰੂਪਾਂ ਅਤੇ ਵੱਖ-ਵੱਖ ਡਿਗਰੀਆਂ ਵਿੱਚ ਥੌਮਸ ਹੋਬਜ਼, ਜੌਨ ਲੌਕ, ਆਈਜ਼ੈਕ ਨਿਊਟਨ ਅਤੇ ਇਮੈਨੁਅਲ ਕਾਂਤ ਦੀਆਂ ਕਿਤਾਬਾਂ ਵਿੱਚ ਮਿਲ ਸਕਦੇ ਹਨ।"
ਹਵਾਲੇ
[ਸੋਧੋ]- ↑ Avempace, Encyclopædia Britannica, 2007.
- ↑ Seyyed Hossein Nasr and Oliver Leaman (1996), History of Islamic Philosophy, p. 314, Routledge, ISBN 0-415-13159-6.
- ↑ Martin Wainwright, Desert island scripts, The Guardian, 22 March 2003.