ਸਮੱਗਰੀ 'ਤੇ ਜਾਓ

ਸਿਕੰਦਰ ਮਿਰਜ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਕੰਦਰ ਮਿਰਜ਼ਾ

ਸਿਕੰਦਰ ਅਲੀ ਮਿਰਜ਼ਾ (13 ਨਵੰਬਰ 1899 – 13 ਨਵੰਬਰ 1969) ਪਾਕਿਸਤਾਨ ਦਾ ਪਹਿਲਾ ਰਾਸ਼ਟਰਪਤੀ ਸੀ, ਜਿਸਦਾ ਕਾਰਜਕਾਲ 1956 ਤੋਂ 1958 ਤੱਕ ਸੀ। ਇਸ ਤੋਂ ਪਹਿਲਾਂ ਉਹ 1955 ਤੋਂ 1956 ਤੱਕ ਪਾਕਿਸਤਾਨ ਦਾ ਗਵਰਨਰ-ਜਨਰਲ ਰਿਹਾ। ਉਹ ਬਰਤਾਨਵੀ ਭਾਰਤ ਦੀ ਫ਼ੌਜ ਵਿੱਚ ਅਫ਼ਸਰ ਸੀ, ਅਤੇ ਪਾਕਿਸਤਾਨੀ ਫ਼ੌਜ ਵਿੱਚ ਮੇਜਰ-ਜਨਰਲ ਸੀ।

ਪਿਛੋਕੜ

[ਸੋਧੋ]

ਉਹ ਮੀਰ ਜਾਫ਼ਰ ਦਾ ਪੜਪੋਤਾ ਸੀ, ਜਿਸਨੇ ਬੰਗਾਲ ਦੇ ਸਿਰਾਜੁਦੌਲਾ ਨਾਲ ਗੱਦਾਰੀ ਕਰਕੇ ਈਸਟ ਇੰਡੀਆ ਕੰਪਨੀ ਦਾ ਅਧਿਕਾਰ ਜਮਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। [1]

ਪੜ੍ਹਾਈ ਅਤੇ ਫ਼ੌਜ ਦੀ ਨੌਕਰੀ

[ਸੋਧੋ]
ਸੈਕਿੰਡ ਲੈਫ਼ਟੀਨੈਂਟ ਸਿਕੰਦਰ ਮਿਰਜ਼ਾ, 1920

ਉਸਦਾ ਜਨਮ ਮੁੰਬਈ ਵਿੱਚ ਹੋਇਆ ਅਤੇ ਉਹ ਐਲਫ਼ਿੰਸਟਨ ਕਾਲਜ ਅਤੇ ਮੁੰਬਈ ਯੂਨੀਵਰਸਟੀ ਵਿਖੇ ਪੜ੍ਹਿਆ।[2] ਇਸ ਤੋਂ ਬਾਅਦ ਉਹ ਬਰਤਾਨਵੀ ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਰੌਇਲ ਮਿਲਟਰੀ ਕਾਲਜ, ਸੈਂਡਹਰਸਟ ਵਿਖੇ ਪੜ੍ਹਾਈ ਕੀਤੀ, ਜਿੱਥੇ ਪੜ੍ਹਨ ਵਾਲਾ ਉਹ ਪਹਿਲਾ ਭਾਰਤੀ ਸੀ। ਉਹ ਬਰਤਾਨਵੀ ਭਾਰਤ ਦੀ ਫ਼ੌਜ ਵਿੱਚ ਸੈਕਿੰਡ ਲੈਫ਼ਟੀਨੈਂਟ ਬਣਿਆ,[3] ਅਤੇ 16 ਜੁਲਾਈ 1921 ਨੂੰ ਤਰੱਕੀ ਕਰਕੇ ਉਸਨੂੰ ਲੈਫ਼ਟੀਨੈਂਟ ਦਾ ਦਰਜਾ ਮਿਲ ਗਿਆ।[4]

ਰੱਖਿਆ ਸਕੱਤਰ

[ਸੋਧੋ]

ਪਾਕਿਸਤਾਨ ਬਣਨ ਵੇਲੇ ਉਹ ਫ਼ੌਜ ਦੇ ਸਭ ਤੋਂ ਵੱਡੇ ਅਫ਼ਸਰਾਂ ਵਿੱਚੋਂ ਇੱਕ ਸੀ। 1951 ਵਿੱਚ ਉਸਨੂੰ ਕਸ਼ਮੀਰ ਅਤੇ ਅਫ਼ਗ਼ਾਨਿਸਤਾਨ ਦੇ ਮਾਮਲਿਆਂ ਦੇ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ। ਥੋੜ੍ਹੇ ਸਮੇਂ ਵਿੱਚ ਹੀ ਫ਼ੌਜ ਦਾ ਪ੍ਰਭਾਵ ਕਾਫ਼ੀ ਵਧ ਗਿਆ ਅਤੇ ਫ਼ੌਜ ਦੇ ਵੱਡੇ ਅਫ਼ਸਰ ਮਿਰਜ਼ਾ ਅੱਗੇ ਜਵਾਬਦੇਹ ਸਨ। 

ਪੂਰਬੀ ਪਾਕਿਸਤਾਨ ਦਾ ਰਾਜਪਾਲ

[ਸੋਧੋ]

1954 ਵਿੱਚ ਯੁਨਾਈਟਡ ਫ੍ਰੰਟ ਦੀ ਸਰਕਾਰ ਡਿਗਣ ਤੋਂ ਬਾਅਦ ਪ੍ਰਧਾਨ ਮੰਤਰੀ ਮੁਹੰਮਦ ਅਲੀ ਬੋਗਰਾ ਨੇ ਨਵੀਂ ਸਰਕਾਰ ਨੂੰ ਸਹੁੰ ਚੁਕਾ ਦਿੱਤੀ ਅਤੇ ਉਸਨੂੰ ਪੂਰਬੀ ਪਾਕਿਸਤਾਨ ਦਾ ਰਾਜਪਾਲ ਨਿਯੁਕਤ ਕਰ ਦਿੱਤਾ। ਢਾਕਾ ਪਹੁੰਚਦੇ ਹੀ ਮਿਰਜ਼ਾ ਨੇ ਸਾਫ਼ ਕਰ ਦਿੱਤਾ ਕਿ ਉਹ ਸ਼ਾਂਤੀ ਸਥਾਪਤ ਕਰਨ ਲਈ ਸਖ਼ਤਾਈ ਦੀ ਵਰਤੋਂ ਕਰਨੋਂ ਗੁਰੇਜ਼ ਨਹੀਂ ਕਰੇਗਾ। ਪਹਿਲੇ ਦਿਨ ਹੀ ਉਸਨੇ ਸ਼ੇਖ਼ ਮੁਜੀਬੁਰ ਰਹਿਮਾਨ ਸਮੇਤ 319 ਲੋਕਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਜੂਨ 1954 ਤੱਕ ਤਕਰੀਬਨ 1,051 ਲੋਕ ਗ੍ਰਿਫ਼ਤਾਰ ਕਰ ਲਏ ਗਏ। ਸ਼ਾਂਤੀ ਸਥਾਪਤ ਹੋਣ ਦੇ ਬਾਵਜੂਦ ਪਾਕਿਸਤਾਨ ਖ਼ਿਲਾਫ਼ ਨਫ਼ਰਤ ਦੇ ਬੀਜ ਬੀਜੇ ਗਏ ਸਨ। ਇਸ ਤੋਂ ਬਾਅਦ ਕੇਂਦਰੀ ਸਰਕਾਰ ਨੇ ਮਿਰਜ਼ਾ ਨੂੰ ਵਾਪਿਸ ਬੁਲਾ ਲਿਆ।[5][6]

ਗਵਰਨਰ ਜਨਰਲ

[ਸੋਧੋ]

7 ਅਗਸਤ 1955 ਨੂੰ ਮਿਰਜ਼ਾ ਨੇ ਗਵਰਨਰ ਜਨਰਲ ਵੱਜੋਂ ਸਹੁੰ ਚੁੱਕੀ ਅਤੇ ਰਾਸ਼ਟਰ ਨੂੰ ਰੇਡੀਓ ਰਾਹੀਂ ਮੁਖ਼ਾਤਬ ਹੋਇਆ। ਸਿਆਸੀ ਅਸਥਿਰਤਾ ਦੇ ਚਲਦੇ ਉਸਨੇ ਪ੍ਰਧਾਨ ਮੰਤਰੀ ਬੋਗਰਾ ਤੋਂ ਅਸਤੀਫ਼ਾ ਦਵਾ ਦਿੱਤਾ। 12 ਅਗਸਤ ਨੂੰ ਉਸਨੇ ਚੌਧਰੀ ਮੁਹੰਮਦ ਅਲੀ ਨੂੰ ਅੰਤਰਮ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁਕਵਾਈ। ਇਸ ਤੋਂ ਬਾਅਦ ਹੁਸੈਨ ਸ਼ਹੀਦ ਸੁਹਰਾਵਰਦੀ ਪਾਕਿਸਤਾਨ ਦਾ ਪੰਜਵਾਂ ਪ੍ਰਧਾਨ ਮੰਤਰੀ ਬਣਿਆ।

ਰਾਸ਼ਟਰਪਤੀ

[ਸੋਧੋ]

1956 ਦੇ ਸੰਵਿਧਾਨ ਰਾਹੀਂ ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਨੇ ਲੈ ਲਈ।[7] ਪਾਕਿਸਤਾਨੀ ਸੰਸਦ ਨੇ ਸਰਬਸੰਮਤੀ ਨਾਲ ਸਿਕੰਦਰ ਮਿਰਜ਼ਾ ਨੂੰ ਪਾਕਿਸਤਾਨ ਦਾ ਪਹਿਲਾ ਰਾਸ਼ਟਰਪਤੀ ਚੁਣਿਆ। ਉਸਦੇ ਕਾਰਜਕਾਲ ਦੌਰਾਨ ਸਿਆਸੀ ਅਸਥਿਰਤਾ, ਆਮ ਗੜਬੜ ਅਤੇ ਆਵਾਸ ਦੀਆਂ ਸਮੱਸਿਆਵਾਂ ਪ੍ਰਮੁੱਖ ਰਹੀਆਂ। ਪ੍ਰਧਾਨ ਮੰਤਰੀ ਸੁਹਰਾਵਰਦੀ ਨੇ ਬਿਜਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਮਾਣੂ ਤਾਕਤ ਲਈ ਰਾਸ਼ਟਰੀ ਪਲਾਨ ਬਣਾਉਣ ਦਾ ਨਿਹਚਾ ਕੀਤਾ। ਇਸਦੇ ਨਾਲ ਹੀ ਅਮਰੀਕਾ ਅਤੇ ਸੋਵੀਅਤ ਯੂਨੀਅਨ ਨਾਲ ਰਿਸ਼ਤੇ ਖਟਾਈ ਵਿੱਚ ਪੈ ਗਏ, ਅਤੇ ਭਾਰਤ ਨਾਲ ਵੀ ਦੁਸ਼ਮਣੀ ਵਧਦੀ ਗਈ।

ਮਿਰਜ਼ਾ ਨੇ ਚੁਣੇ ਹੋਏ ਪ੍ਰਧਾਨ ਮੰਤਰੀ ਸੁਹਰਾਵਰਦੀ ਨੂੰ ਹਟਾ ਦਿੱਤਾ।

ਫ਼ੌਜੀ ਹਕੂਮਤ

[ਸੋਧੋ]

1954 ਦੀਆਂ ਚੋਣਾਂ ਤੋਂ ਬਾਅਦ ਅਵਾਮੀ ਲੀਗ ਨੇ ਮੁਸਲਿਮ ਲੀਗ ਨਾਲ ਗਠਜੋੜ ਕਰਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ। ਇਸ ਵਿੱਚ ਮਿਰਜ਼ਾ ਨੂੰ ਆਪਣੇ ਸਿਆਸੀ ਪ੍ਰਭਾਵ ਲਈ ਖ਼ਤਰਾ ਦਿਸਿਆ, ਇਸ ਲਈ ਉਸਨੇ 7 ਅਕਤੂਬਰ 1958 ਨੂੰ 1956 ਦੇ ਸੰਵਿਧਾਨ ਨੂੰ ਰੱਦ ਕਰ ਦਿੱਤਾ।[8] ਇਸਦੇ ਨਾਲ ਹੀ ਸੰਸਦ ਅਤੇ ਸੂਬਾਈ ਅਸੈਂਬਲੀਆਂ ਭੰਗ ਕਰ ਦਿੱਤੀਆਂ ਗਈਆਂ।

ਇਸ ਤੋਂ ਬਾਅਦ ਮਿਰਜ਼ਾ ਨੇ ਉਦੋਂ ਦੇ ਫ਼ੌਜੀ ਕਮਾਂਡਰ ਜਨਰਲ ਅਯੂਬ ਖ਼ਾਨ ਨੂੰ ਫ਼ੌਜੀ ਹਕੂਮਤ ਦਾ ਸੰਚਾਲਕ ਨਿਯੁਕਤ ਕਰ ਦਿੱਤਾ ਜਿਸਦੇ ਤਿੰਨ ਹਫ਼ਤੇ ਬਾਅਦ ਹੀ ਅਯੂਬ ਖ਼ਾਨ ਨੇ ਉਸਦਾ ਤਖ਼ਤਾ ਪਲਟ ਕਰ ਦਿੱਤਾ।

ਤਖ਼ਤਾ-ਪਲਟ ਤੋਂ ਬਾਅਦ ਮਿਰਜ਼ਾ ਨੇ ਦੁਬਾਰਾ ਹਕੂਮਤ ਹਥਿਆਉਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਉਸਨੂੰ ਜਲਾਵਤਨ ਕਰਕੇ ਲੰਡਨ ਭੇਜ ਦਿੱਤਾ ਗਿਆ।

ਹਵਾਲੇ

[ਸੋਧੋ]
  1. Iskandar Mirza, Ayub Khan, and October 1958 Archived 2007-08-19 at the Wayback Machine., by Syed Badrul Ahsan, The New Age, Bangladesh, 30 October 2005.
  2. Story of Pakistan Press. "Teething Years: Iskander Mirza". Story of Pakistan (Part-I). Retrieved 1 February 2012.
  3. ਫਰਮਾ:LondonGazette
  4. ਫਰਮਾ:LondonGazette
  5. "BANGABHABAN - The President House of Bangladesh". bangabhaban.gov.bd. Retrieved 2016-11-16.
  6. "Ellis, Sir Thomas Hobart - Banglapedia". en.banglapedia.org. Retrieved 2016-11-16.
  7. Story of Pakistan. "Iskander Mirza Becomes President [1956]". Story of Pakistan. Story of Pakistan (Mirza Becomes President). Retrieved 2 February 2012.
  8. Story of Pakistan. "Martial Law". Story of Pakistan (Martial Law). Retrieved 2 February 2012.