ਕਹਾਵਤਾਂ
ਕਹਾਵਤਾਂ(ਅਖਾਣ/ਅਹਾਣ/ਅਖੌਤਾਂ/ਅਖਾਉਤ/ਕਹੌਤਾਂ/ਲਕੋਕਤੀ/ਜ਼ਰਬ-ਅਲ-ਮਿਸਾਲ/ਇਮਸਾਲ) ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਗੱਲਾਂ ਜੋ ਸਹਿਜੇ ਹੀ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਾਨ੍ਹ ਸਿੰਘ ਨਾਭਾ ਆਪਣੀ ਮਹਾਨ ਕ੍ਰਿਤ ਮਹਾਨ ਕੋਸ਼[1] ਵਿੱਚ ਅਖਾਣ ਨੂੰ ਦਰਸਾਉਦੇ ਹਨ ਕਿ ਲੋਕਾਂ ਦੀ ਉਕਤਿ (ਕਹਾਵਤ), ਇੱਕ ਅਰਥਾਲੰਕਾਰ, ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ਪੁਰ ਕਹਿਣਾ ਅਖਾਣ ਜਾਂ ਲੋਕੋਕਤੀ (ਲੋਕਉਕਤੀ) ਹੈ।[2]
ਕਹਾਵਤਾਂ ਲੋਕ ਸਾਹਿਤ ਜਾਂ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਵਿੱਚੋਂ ਆਪਣੀ ਵਿਕੋਲਿਤ੍ਰੀ ਪ੍ਰਕਿਰਤੀ, ਪ੍ਰਗਟਾਓ ਪ੍ਰਸੰਗ ਅਤੇ ਰੂਪ ਸਦਕਾ ਇੱਕ ਸੁਤੰਤਰ ਵਿਧਾ ਹੈ, ਜੋ ਲੋਕ ਦੀ ਸਿਆਣਪ ਅਤੇ ਅਨੁਭਵ ਦਾ ਨਿਚੋੜ ਹੁੰਦੀਆਂ ਹਨ। ਪ੍ਰਕਿਰਤੀ ਦੀ ਹਰੇਕ ਵਸਤੂ, ਕ਼ੁਦਰਤ ਦੇ ਨਿਯਮਾਂ, ਮਨੁੱਖਾਂ ਤੇ ਪਸ਼ੂ ਜਾਤੀ ਦੀਆਂ ਆਦਤਾਂ ਤੇ ਸੁਭਾਅ ਬਾਰੇ ਲੋਕਾਂ ਦੇ ਕੀ ਤਜਰਬੇ ਹਨ, ਉਹ ਅਖਾਣਾਂ/ਕਹਾਵਤਾਂ ਵਿੱਚ ਸੰਗਠਿਤ ਹੋਏ ਮਿਲਦੇ ਹਨ।
ਪੰਜਾਬੀ ਅਖਾਣ ਪੰਜਾਬੀ ਲੋਕਾਂ ਦੇ ਸਮੁੱਚੇ ਸੱਭਿਆਚਾਰ ਦੀ ਮੂਰਤ ਸਾਕਾਰ ਕਰਨ ਦੇ ਸਮਰੱਥ ਹਨ। ਇਹਨਾਂ ਵਿੱਚ ਮਾਨਵੀ ਜੀਵਨ ਦੇ ਅਤੀਤ-ਮੁਖੀ, ਵਰਤਮਾਨ-ਮੁਖੀ ਤੇ ਭਵਿੱਖ-ਮੁਖੀ ਤਿੰਨਾਂ ਦ੍ਰਿਸ਼ਟੀਆਂ ਤੋਂ ਹੀ ਉਸ ਦੀ ਅਭਿਲਾਸ਼ਾ, ਆਦਰਸ਼ਕਤਾ ਤੇ ਯਥਾਰਥਕਤਾ ਦਾ ਸਮਾਨਵੈ ਗੁੰਦਵੇਂ ਰੂਪ 'ਚ ਨਿਹਿਤ ਹੁੰਦਾ ਹੈ।[3] ਪੰਜਾਬੀ ਰਿਸ਼ਤਾ-ਪ੍ਰਣਾਲੀ ਵਿਚਲੀ ਦੁਅੰਦਾਤਮਕਤਾ, ਜਿਸ ਦੀ ਹੋਂਦ/ਸਥਿਤੀ ਰਿਸ਼ਤਿਆਂ ਵਿੱਚੋਂ ਉਦੈਮਾਨ ਹੁੰਦੀ ਹੈ, ਦੀਆਂ ਵਿਭਿੰਨ ਪਰਤਾਂ ਨੂੰ ਅਖਾਣਾਂ ਵਿੱਚੋਂ ਭਲੀ-ਭਾਂਤ ਪਛਾਣਿਆ ਜਾ ਸਕਦਾ ਹੈ। ਅਖਾਣਾਂ ਹੀ ਪੰਜਾਬ ਦੀਆਂ ਭੁਗੋਲਿਕ,ਪ੍ਰਕਿਰਤਕ ਤੇ ਸਮਾਜਿਕ ਨੁਹਾਰ ਨੂੰ ਹਜ਼ਮ ਕਰੀ ਬੈਠੀਆਂ ਹਨ।[4] ਇਸੇ ਕਰਕੇ 'ਰਾਬਰਟ ਕਾਫ਼ਮੈਨ(Robert P. Tristrain Coffman)' ਅਖਾਣਾਂ ਨੂੰ ਹੀ ਸਾਹਿਤ ਦਾ ਮੁੱਢ ਦੱਸਦਾ ਹੈ। ਉਸਦੇ ਖ਼ਿਆਲ ਅਨੁਸਾਰ ਦੁਨੀਆਂ ਦੀ ਪਹਿਲੀ ਕਵਿਤਾ ਅਖਾਣ ਸਨ।[5] ਯੂਨਾਨੀ ਚਿੰਤਕਾਂ-ਅਫ਼ਲਾਤੂਨ(ਪਲੈਟੋ) ਅਰਸਤੂ ਨੇ ਵੀ ਆਪਣੇ ਜ਼ਮਾਨੇ ਦੇ ਬਹੁਤ ਸਾਰੇ ਅਖਾਣ ਇਕੱਤ੍ਰ ਕੀਤੇ। ਯਹੂਦੀਆਂ ਦੀ ਧਾਰਮਿਕ ਪੁਸਤਕ "ਸੁਲੇਮਾਨ ਦਾ ਗ੍ਰੰਥ"' ਅਤੇ ਈਸਾਈਆਂ ਦੀ ਧਾਰਮਿਕ ਪੁਸਤਕ ਬਾਈਬਲ 'ਚ ਵੀ ਅਨੇਕਾਂ ਅਖਾਣ ਮਿਲਦੇ ਹਨ।
ਪਰਿਭਾਸ਼ਾ
[ਸੋਧੋ]'ਕਹਾਵਤ' ਲਈ ਪੰਜਾਬੀ ਵਿੱਚ 'ਅਖਾਉਤ' ਅਤੇ 'ਕਹਾਉਤ' ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਇੱਕ ਅਜਿਹੀ ਸੁਤ੍ਰਿਕ ਲੋਕ ਉਕਤੀ ਦਾ ਰੂਪ ਹੈ। ਜਿਸ ਵਿੱਚ ਜ਼ਿੰਦਗੀ ਦੇ ਅਨੁਭਵ ਸੱਚ ਨੂੰ ਬਿਆਨ ਕੀਤਾ ਜਾਂਦਾ ਹੈ। ਇਹਨਾਂ ਰਾਹੀਂ ਕਿਸੇ ਸਭਿਆਚਾਰਕ, ਸਾਹਿਤਕ ਅਤੇ ਭਾਸ਼ਾਈ ਵਿਸ਼ੇਸਤਾ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਹੈ। ਇਹਨਾਂ ਦਾ ਅਕਾਰ ਨਿੱਕਾ, ਚੁਸਤ ਪ੍ਰਗਟਾਵਾ, ਅਮੂਰਤ ਭਾਵ, ਸੋਚ ਦੇ ਸਮੂਰਤ ਰੂਪਕੀ ਸੰਚਾਰ, ਪ੍ਰਸੰਗਕ ਉਚਾਰ ਆਦਿ ਲੋਕ ਸੂਝ ਦਾ ਪ੍ਰਮਾਣਿਕ ਸਰੂਪ ਅਖਾਣਾਂ ਤੋਂ ਪਤਾ ਲੱਗ ਜਾਂਦਾ ਹੈ, ਲਗਭਗ ਹਰ ਸਭਿਆਚਾਰ ਵਿੱਚ 'ਅਖਾਣ' ਮੋਜੂਦ ਹੁੰਦੇ ਹਨ। ਪੰਜਾਬੀ ਵਿੱਚ ਕਈ ਅਖਾਣ ਫ਼ਾਰਸੀ ਅਤੇ ਅੰਗਰੇਜ਼ੀ ਤੋਂ ਪ੍ਰਭਾਵਿਤ ਹੋ ਕੇ ਸਿਰਜੇ ਗਏ ਲੋਕ ਸਾਹਿਤ ਵਾਂਗ ਇਹਨਾਂ ਦਾ ਸਿਰਜਿਕ ਵੀ ਲੋਕ ਸਮੂਹ ਹੁੰਦਾ ਹੈ।[6] ਵੱਖ ਵੱਖ ਵਿਦਵਾਨਾਂ ਵੱਲੋਂ ਦਿੱਤੀਆਂ ਪਰਿਭਾਸ਼ਾਵਾਂ-
- ਅੰਗਰੇਜ਼ੀ ਵਿੱਚ 'Proverb', ਫਰਾਂਸੀਸੀ ਵਿੱਚ 'Proverbe' ਅਤੇ ਲਾਤੀਨੀ ਵਿੱਚ 'Proverbium ਸ਼ਬਦ ਅਖਾਣ ਦੇ ਪਰਿਆਇਵਾਚੀ ਹਨ। ਇਹਨਾਂ ਸੰਖਿਪਤ ਬਚਨਾਂ ਵਿੱਚ ਜੀਬਨ ਦੀ ਅਟੱਲ ਤੇ ਵਿਆਪਕ ਸਚਾਈ ਅੰਕਿਤ ਹੁੰਦੀ ਹੈ।[7]
- Raymond firth, A Proverb is a saying concise in form but pregnant in meaning, often witty and figurative nature,embodying some piece of wisdom employed in common use.[8]
- ਅਖਾਣ ਸੰਜਮ ਤੇ ਲੈਅ ਭਰਪੂਰ ਉਹ ਵਾਕ ਹਨ, ਜਿਹਨਾਂ ਵਿੱਚ ਜੀਵਨ ਬਾਰੇ ਕੋਈ ਤੱਥ, ਵਿਹਾਰ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ਼ ਸਮੋਇਆ ਹੋਵੇ। ਅਖਾਣ ਵੈਦਿਕ ਭਾਸ਼ਾ ਦੇ ਸ਼ਬਦ 'ਆਖਿਆਨ' ਦਾ ਹੀ ਪੰਜਾਬੀ ਰੂਪ ਹੈ।[9]
- ਜੀਵਨ ਸੱਚ ਅਤੇ ਲੋਕ ਬੁੱਧੀ ਦੇ ਭਰਪੂਰ ਅਤੇ ਸ਼ੁੱਧ ਰੂਪ ਦੇ ਪ੍ਰਗਟਾਓ ਕਾਰਨ ਹੀ ਇਹਨਾਂ ਨੂੰ ਜਨਤਾ ਦਾ 'ਨੀਤੀ ਸ਼ਾਸਤ੍ਰ' ਕਿਹਾ ਜਾਂਦਾ ਹੈ ਅਤੇ ਸੰਸਾਰ ਦੇ 'ਨੀਤੀ ਸਾਹਿੱਤ' ਦਾ ਪ੍ਰਮੁੱਖ ਅੰਗ ਵੀ ਮੰਨਿਆ ਜਾਂਦਾ ਹੈ।[10]
- 'ਰਸਲ' ਨੇ ਇਸ ਨੂੰ "ਇੱਕ ਦੀ ਕਾਟ(wit) ਤੇ ਕਈਆਂ ਦੀ ਸਿਆਣਪ", "ਕਰਵੈਨਟੇਜ਼' ਨੇ ਲੰਮੇ ਤਜਰਬੇ 'ਚੋ ਨਿਕਲੇ ਵਾਕ" ਅਤੇ ਡੀ .ਵਲੇਰਾ ਨੇ "ਆਮ ਰਜ਼ਾਮੰਦੀ ਨਾਲ਼ ਚਿਰਾਂ ਤੋਂ ਮੰਨੇ ਹੋਏ ਛੋਟੇ-ਛੋਟੇ ਵਾਕਾਂ ਵਿੱਚ 'ਸੱਚ ਭਰੇ ਬਚਨ' ਕਿਹਾ ਹੈ।"[11]
- ਚੈਬਰਜ਼ ਵਿਸ਼ਵਕੋਸ਼ ਅਨੁਸਾਰ, 'ਜੋ ਕੁਝ ਮਨੁੱਖ ਸੋਚਦਾ ਹੈ, ਉਹੀ ਅਖਾਣ ਹੈ। ਸਭਨਾਂ ਭਾਸ਼ਾਵਾਂ ਵਿੱਚ ਉਪਲੱਬਧ ਇਹ ਸੰਖੇਪ ਤੇ ਬੀਜਕ ਬਚਨ ਮਨੁੱਖ ਦੇ ਬੁਨਿਆਦੀ ਦੇ ਸਰਵ-ਵਿਆਪਕ ਤਜਰਬੇ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਹਰੇਕ ਅਖਾਣ ਦੀ ਮੂਲ ਜੜ੍ਹ ਸਹਿਜੇ ਹੀ ਲੱਭੀ ਜਾ ਸਕਦੀ ਹੈ, ਪਰ ਅਸੂਲਨ ਅਖਾਣ ਪਿਤਾ-ਹੀਣ ਕਾਟ ਜਾਂ ਬੁੱਧੀ ਦਾ ਇੱਕ ਟੋਟਾ ਹੁੰਦਾ ਹੈ। ਜਿਹੜਾ ਮਨੁੱਖੀ ਨਸਲ ਨਾਲ਼ ਨਿਰਵਿਘਨ ਵਧ ਰਿਹਾ ਹੁੰਦਾ ਹੈ।[12]
- ਅਖਾਣ ਲੋਕ ਸਾਹਿਤ ਦਾ ਅਜਿਹਾ ਰੂਪ ਹਨ, ਜਿਨਾਂ ਵਿੱਚ ਲੋਕ ਜੀਵਨ ਦੇ ਲੰਮੇ ਤਜ਼ਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਦੁਆਰਾ ਬਹੁਤ ਹੀ ਸੰਖੇਪ ਪਰੰਤੂ ਢੁਕਵੀਂ ਸ਼ੈਲੀ ਰਾਹੀਂ ਵਾਕਾਂ, ਤੁਕਾਂ ਦੇ ਰੂਪ ਵਿੱਚ ਪ੍ਗਟਾਇਆ ਗਿਆ ਹੁੰਦਾ ਹੈ। ਲੋਕ ਸਮੂਹ ਇਨ੍ਹਾਂ ਨੂੰ ਪਰਵਾਨਗੀ ਦੇ ਕੇ,ਪਰੰਪਰਾਗਤ ਰੂਪ ਵਿੱਚ ਲੋਕ ਕੰਠ ਦੁਆਰਾ ਅੱਗੇ ਤੋਰਦਾ ਆਇਆ ਹੈ।[13]
ਲੱਛਣ
[ਸੋਧੋ]ਸਭ ਪ੍ਰਕਾਰ ਦੀਆਂ ਅਖਾਣਾਂ ਦੇ ਚਾਰ ਮੁੱਖ ਲੱਛਣ ਹਨ। ਜਿਵੇਂ,
- ਸੰਖੇਪਤਾ, ਸੰਜਮ ਤੇ ਭਾਵ-ਪੂਰਨਤਾ।
- ਢੁੱਕਵੀਂ ਤੇ ਢੁੱਕਵੀਂ ਸ਼ੈਲੀ।
- ਲੋਕਪ੍ਰਿਯਤਾ ਤੇ ਲੋਕ ਪ੍ਰਵਾਨਗੀ।
- ਮਨੁੱਖ ਜੀਵਨ ਨਾਲ਼ ਸੰਬੰਧਿਤ ਕੋਈ ਅਨੁਭਵ।[14]
ਅਖਾਣ ਵਰ੍ਹਿਆਂ ਦਾ ਨਿਚੋੜ ਹੁੰਦੀਆਂ ਹਨ, ਇਹ ਘੜੀ ਦੀ ਘੜੀ ਸੁੱਝੀ ਕੋਈ ਅਚਾਨਕ ਗੱਲ ਨਹੀਂ। ਇਹ ਤਾਂ ਅਨੁਭਵ ਦੇ ਸਾਗਰ ਵਿੱਚੋਂ ਉੱਠੀਆਂ ਅਨੇਕ ਲਹਿਰਾਂ ਵਿੱਚੋਂ ਕੋਈ ਇੱਕ 'ਅਮੋਲਕ ਕਣੀ' ਹੈ, ਜੋ ਸ਼ਬਦਾਂ ਦੀ ਸਿੱਪੀ ਵਿੱਚ ਢਲ਼ ਕੇ ਸੁੱਚਾ ਮੋਤੀ ਬਣ ਜਾਂਦੀ ਹੈ।
ਕਿਸਮਾਂ
[ਸੋਧੋ]ਕਈ ਅਖਾਣ/ਕਹਾਵਤਾਂ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿੱਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ।
ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ਼ ਲਬਰੇਜ਼ ਹੁੰਦਾ ਹੈ। ਇਸ ਲਈ ਉਹ ਹਰ ਕੰਮ ਨਵੇਂ ਸਿਰਿਓ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਅਨੁਭਵਾਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ। ਪੰਜਾਬੀ ਅਖਾਣ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗ਼ੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ। ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਗਿਆਨ 'ਕੁੱਜੇ ਵਿੱਚ ਸਮੁੰਦਰ ਬੰਦ ਕਰਨਾ' ਦੇ ਬਰਾਬਰ ਹੈ। ਹਰੇਕ ਪੜ੍ਹਿਆਂ, ਅੱਧ-ਪੜ੍ਹਿਆ ਅਤੇ ਅਨਪੜ੍ਹਿਆ ਮਨੁੱਖ ਆਪਣੀ ਰੋਜ਼ਮੱਰਾ ਦੀ ਬੋਲਬਾਣੀ ਵਿੱਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ।
ਡਾ. ਵਣਜਾਰਾ ਬੇਦੀ ਨੇ ਪੰਜਾਬੀ ਅਖਾਣਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ। ਜਿਵੇਂ-
- ਪ੍ਰਤੱਖਵਾਚੀ ਅਖਾਣ- ਪ੍ਰਤੱਖਵਾਚੀ ਅਖਾਣਾਂ ਦਾ ਅੰਤਰੀਵ ਭਾਵ ਕੋਈ ਨਹੀਂ ਹੁੰਦਾ, ਸਗੋਂ ਇਸ ਵਿਚਲੇ ਸ਼ਬਦ ਆਪਣੇ ਆਪ ਵਿੱਚ ਸਪਸ਼ਟ ਹੁੰਦੇ ਹਨ। ਜਿਵੇਂ:
ਸੌਂਕਣ ਕੋਈ ਸਹੇਲੀ ਨਹੀਂ, ਦੁਸ਼ਮਣ ਕੋਈ ਬੇਲੀ ਨਹੀਂ।
ਆਉਣ ਪਰਾਈਆਂ ਜਾਈਆਂ, ਨਿਖੇੜਨ ਸਕਿਆਂ ਭਾਈਆਂ।।[15]
- ਪ੍ਰਮਾਣਵਾਚੀ ਅਖਾਣ- ਪ੍ਰਮਾਣਵਾਚੀ ਅਖਾਣਾਂ ਵਿੱਚ ਭਾਵਾਂ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਜਿਵੇਂ ਲੋਕ ਆਖਦੇ ਹਨ ਪੁਸਤਕ 'ਚ ਹਵਾਲਾ ਹੈ ਕਿ
ਜ਼ਾਤ ਦੀ ਕਿਰਲੀ, ਸ਼ਤੀਰਾਂ ਨੂੰ ਜੱਫੇ।
ਛਾਣਣੀ ਕੀ ਆਖਸੀ ਛੱਜੇ ਆਂ, ਜਿਸ ਦੇ ਨੌ ਸੌ ਵੇਧ।[16]
ਦਾਖੇ ਹੱਥ ਨਾ ਅਪੜੇ ਆਖੇ ਥੂਹ ਕੋੜੀ।[16]
- ਪ੍ਰਤੱਖ ਪ੍ਰਮਾਣਵਾਚੀ ਅਖਾਣ- ਇਸ ਵਿੱਚ ਉਪਰ ਵਾਲੀਆਂ ਦੋਨੋਂ ਕਿਸਮਾਂ ਦੇ ਗੁਣ ਮਿਲਦੇ ਹਨ। ਜਿਵੇ:
ਜਿਨਾਂ ਗੁੜ ਪਾਈਏ ਉਨ੍ਹਾਂ ਹੀ ਮਿੱਠਾ ਹੁੰਦਾ ਹੈ।[17]
ਭਿੜਨ ਸਾਨ੍ਹ, ਪਟੀਜਣ ਬੂਟੇ।।[18]
"ਡਾ. ਸਹਿਬਾਜ਼ ਮਲਿਕ" ਨੇ ਅਖਾਣਾ ਦੀਆਂ ਦੋ ਕਿਸਮਾਂ ਦਾ ਜ਼ਿਕਰ ਕੀਤਾ ਹੈ।ਜਿਵੇਂ-
- ਤਾਲੀਮੀ- ਤਾਲੀਮੀ ਤੋਂ ਉਨ੍ਹਾਂ ਦਾ ਭਾਵ ਪ੍ਤੱਖਵਾਚੀ ਤੋਂ ਹੈ।
- ਤਮਸੀਲੀ-ਇਸ ਤੋਂ ਭਾਵ ਪ੍ਮਾਣਵਾਚੀ ਤੋਂ ਹੈ।[19]
'ਇਸ ਤੋਂ ਇਲਾਵਾ ਅਖਾਣਾ ਨੂੰ ਜੀਵਨ ਦੇ ਭਿੰਨ ਭਿੰਨ ਪੱਖਾਂ ਅਨੁਸਾਰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ।'
1)ਅਖਾਣਾ ਦਾ ਵਡੇਰਾ ਭਾਗ ਖੇਤੀਬਾੜੀ ਤੇ ਕਿਸਾਨੀ ਜੀਵਨ ਨਾਲ ਸਬੰਧਿਤ ਹੈ। ਜਿਵੇਂ-
- ਖੇਤੀ ਖਸਮਾਂ ਸੇਤੀ।
- ਜੱਟ ਦੀ ਜੂਨ ਬੁਰੀ,
- ਹਲ਼ ਵਾਹ ਪੱਠਿਆਂ ਨੂੰ ਜਾਣ।
2)ਲੋਕ ਗੀਤਾਂ ਦੀਆਂ ਤੁਕਾਂ, ਲੋਕ ਕਹਾਣੀਆਂ ਦੇ ਅੰਤ ਵਿੱਚ ਪ੍ਰਗਟ ਕੀਤੀਆਂ ਗਈਆਂ ਨੀਤਿਆਂ ਅਤੇ ਬੁਝਾਰਤਾਂ ਨੇ ਵੀ ਅਖਾਣਾਂ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਹੈ।
3)ਜਿੱਥੇ ਪੰਜਾਬੀ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿੱਚ ਅਖਾਣਾਂ ਦੀ ਖੁੱਲ ਕੇ ਵਰਤੋਂ ਕੀਤੀ ਹੈ, ਉੱਥੇ ਗੁਰੂ ਸਾਹਿਬਾਨ, ਸੂਫ਼ੀ ਕਵੀਆਂ ਦੀਆਂ ਤੁਕਾਂ ਨੇ ਅਖਾਣਾਂ ਦਾ ਰੂਪ ਧਾਰਨ ਕਰ ਲਿਆ ਹੈ। ਜਿਵੇਂ-
- ਫ਼ਰੀਦਾ ਅਮਲ ਜੋ ਕੀਤੇ ਦੁਨੀ ਵਿੱਚ ਦਰਗਾਹਿ ਆਇ ਕੰਮ।
- ਮਨ ਜੀਤੇ ਜਗ ਜੀਤ।
4)18ਵੀਂ ਸਦੀ ਪੰਜਾਬ ਦੇ ਇਤਿਹਾਸ ਵਿੱਚ ਯੁੱਗ ਗਰਦੀ ਦੀ ਸਦੀ ਸੀ। ਇਸ ਇਤਿਹਾਸਕ ਸਥਿਤੀ ਨੂੰ ਪ੍ਰਗਟਾਉਂਦੇ ਕੁਝ ਅਖਾਣ। ਜਿਵੇ-
- ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।
5)ਕੁਝ ਅਖਾਣ ਸਾਡੇ ਲੋਕ ਜੀਵਨ ਵਿੱਚ ਪ੍ਰਚਲਿਤ ਵਹਿਮਾਂ-ਭਰਮਾਂ ਬਾਰੇ ਵੀ ਹਨ। ਇਹ ਪਸ਼ੂ ਪੰਛੀਆ, ਦਿਨ ਦਿਹਾਰਾਂ, ਟੂਣ ਟੋਟਕਿਆਂ ਆਦਿ ਨਾਲ ਜੁੜੇ ਹੋਏ ਹਨ। ਜਿਵੇਂ-
- ਬੁੱਧ ਕੰਮ ਸ਼ੁੱਧ।
6)ਪੰਜਾਬ ਵਿੱਚ ਵੱਖ ਵੱਖ ਬਰਾਦਰੀਆਂ ਬਾਰੇ ਵੀ ਕਾਫ਼ੀ ਅਖਾਣਾਂ ਮਿਲਦੀਆਂ ਹਨ। ਜਿਵੇਂ-
- ਜੱਟ ਦਾ ਹਾਸਾ ਭੰਨ ਸੁੱਟੇ ਪਾਸਾ।
- ਵਣਜ ਕਰੇਂਦੇ ਬਾਣੀਏ, ਹੋਰ ਕਰੇਂਦੇ ਰੀਸ।
ਨਵੇਂ ਤਰੀਕੇ ਨਾਲ਼ ਤਕਸੀਮ
[ਸੋਧੋ]ਪੰਜਾਬੀ ਵਿੱਚ ਇਸ ਤੋਂ ਬਿਨਾਂ ਇਸ ਪ੍ਰਕਾਰ ਵੀ ਅਖਾਣਾਂ ਦੀ ਤਕ਼ਸੀਮ ਕੀਤੀ ਜਾਂਦੀ ਹੈ, ਜਿਵੇਂ- ====ਪੰਜਾਬ ਤੇ ਪੰਜਾਬੀ ਬਾਰੇ ਅਖਾਣਾਂ====ਪੰਜਾਬ ਵਿੱਚ ਜੰਮਣਾ ਸੁਆਬ
- ਪੰਜਾਬ ਦੀ ਭੋਇੰ ਤੇ ਬੋਲੀ ਬਾਰੇ
- ਦੇਸ਼ ਪ੍ਰਦੇਸ ਬਾਰੇ
ਭੂਗੋਲਿਕ ਅਖਾਣਾਂ
[ਸੋਧੋ]- ਇਲਾਕਿਆਂ ਬਾਰੇ
- ਵਸਨੀਕਾਂ ਬਾਰੇ
ਇਤਿਹਾਸਕ ਆਖਾਣਾਂ
[ਸੋਧੋ]- ਮੁਗ਼ਲ-ਰਾਜ ਨਾਲ਼ ਸੰਬੰਧਿਤ।
- ਸਿੱਖ-ਰਾਜ ਨਾਲ਼ ਸੰਬੰਧਿਤ।
- ਦੇਸ਼-ਵੰਡ ਨਾਲ਼ ਸੰਬੰਧਿਤ।
- ਹੋਰ ਇਤਿਹਾਸਪੱਖੀ ਅਖਾਣ।
ਅੰਤਰ: ਅਖਾਣ ਤੇ ਮੁਹਾਵਰਾ
[ਸੋਧੋ]ਅਖਾਣ ਤੇ ਮੁਹਾਵਰੇ 'ਚ ਹੇਠ ਲਿਖਿਆ ਅੰਤਰ ਹੈ। ਜਿਵੇਂ-
- ਅਖਾਣ-ਮੁਹਾਵਰੇ ਸ਼ਬਦ ਭਾਵੇਂ ਇਕੱਠਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਦੋਵਾਂ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ। ਅਖਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦਾ ਹੈ, ਜਿਸ ਵਿੱਚ ਕੋਈ ਸਾਬਤ ਹੋ ਚੁੱਕੀ ਸੱਚਾਈ ਪੇਸ਼ ਹੁੰਦੀ ਹੈ। ਜਦੋਂ ਕਿ ਮੁਹਾਵਰਾ ਲਫ਼ਜਾਂ ਦਾ ਅਜਿਹਾ ਜੋੜ ਹੁੰਦਾ ਹੈ, ਜਿਸ ਦੇ ਅਰਥ ਕਿਸੇ ਵਿਸ਼ੇਸ਼ ਕਿਸਮ ਦੇ ਸਮਾਜਕ ਵਰਤਰਾਰੇ ਵੱਲ ਸੰਕੇਤ ਕਰਦੇ ਹਨ।
- ਅਖਾਣ ਨੂੰ ਵਾਕ ਵਿੱਚ ਪ੍ਰਯੋਗ ਕਰਨ ਸਮੇਂ ਉਸ ਦਾ ਕਾਲ, ਪੁਰਖ ਜਾਂ ਵਚਨ ਬਦਲਿਆ ਜਾ ਸਕਦਾ, ਜਿਵੇਂ '‘ਬੁੱਢੀ ਘੋੜੀ ਲਾਲ ਲਗਾਮ’' ਅਖਾਣ ਜਿਸ ਅਰਥ ਲਈ ਸਿਰਜਿਆ ਗਿਆ ਅਖਾਣ ਹੈ, ਉਸੇ ਹੀ ਅਰਥ ਵਿੱਚ ਪ੍ਰਯੋਗ ਹੋਵੇਗਾ। ਇਹ ਗੱਲ ਹੈ ਕਿ ਭਾਵ ਅਰਥ ਦੇ ਪੱਧਰ ਤੇ ਇਸ ਨੂੰ ਔਰਤ-ਮਰਦ ਵਿਚੋਂ ਕਿਸੇ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਪਰ ਮੁਹਾਵਰੇ ਦੇ ਸੰਬੰਧ ਵਿੱਚ ਅਜਿਹੀ ਕੋਈ ਤਬਦੀਲੀ ਦੀ ਪਾਬੰਦੀ ਨਹੀਂ ਹੈ। ਜਿਵੇਂ ਮੁਹਾਵਰੇ ‘ਪਾਪੜ ਵੇਲਣਾ’ ਹੈ। ਉਹ ਬਥੇਰੇ ਪਾਪੜ ਵੇਲਦਾ ਰਿਹਾ, ਉਸ ਨੂੰ ਹਾਲੇ ਖਬਰ ਕਿੰਨੇ ਕੁ ਪਾਪੜ ਵੇਲਣੇ ਪੈਣਗੇ, ਆਦਿ ਹਾਲਤਾਂ ਵਿੱਚ ਉਸ ਦੇ ਲਿੰਗ, ਵਚਨ ਜਾਂ ਪੁਰਖ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਜਦੋਂ ਕਿ ਅਖਾਣ ਲਈ ਅਜਿਹੀ ਤਬਦੀਲੀ ਸੰਭਵ ਨਹੀਂ ਹੈ।”
- ਮੁਹਾਵਰੇ ਦੀ ਉਤਪੱਤੀ ਅਖਾਣ ਨਾਲੋਂ ਵਧੇਰੇ ਸਹਿਜਤਾ ਨਾਲ ਹੋ ਜਾਂਦੀ ਹੈ। ਮੁਹਾਵਰੇ ਨੂੰ ਅਖਾਣ ਵਾਂਗ ਲੰਬੀ-ਚੌੜੀ ਪਰੰਪਰਾ ਦੀ ਕਸਵੱਟੀ ਵਿੱਚ ਨਹੀਂ ਲੰਘਦਾ ਪੈਂਦਾ।[20]
- ਮੁਹਾਵਰੇ ਦੇ ਵਿਪਰੀਤ ਅਖਾਣ ਦਾ ਅਰਥ ਖੇਤਰ ਵਧੇਰੇ ਵਿਸ਼ਾਲ ਹੁੰਦਾ ਹੈ। ਅਖਾਣ ਕਿਸੇ ਨਿਸ਼ਚਿਤ ਵਰਤਾਰੇ ਅੰਦਰਲੀ ਪ੍ਰਮੁੱਖ ਤੇ ਠੋਸ ਸੱਚਾਈ ਨੂੰ ਪੇਸ਼ ਕਰਦੇ ਹਨ। ਇਹ ਸੱਚ ਲੰਬੇ ਤਜ਼ਰਬੇ ਵਿੱਚੋਂ ਲੰਘਿਆ ਤੇ ਲੋਕਾਂ ਦੁਆਰਾ ਪ੍ਰਵਾਨਿਤ ਸੱਚ ਹੁੰਦਾ ਹੈ।[21]
ਬਣਤਰ
[ਸੋਧੋ]ਪੰਜਾਬੀ ਵਿੱਚ ਹਜ਼ਾਰਾਂ ਦੀ ਸੰਖਿਆਂ ਵਿੱਚ ਅਖਾਣ ਮਿਲਦੇ ਹਨ, ਪਰ ਬਣਤਰ ਦੀ ਦਿਸ਼ਟੀ ਤੋਂ ਕੋਈ ਵੀ ਇੱਕ ਵਿਸ਼ੇਸ਼ ਰੂਪ ਨਿਸ਼ਚਿਤ ਨਹੀਂ ਹੈ। ਦੋ ਸ਼ਬਦੇ, ਤਿੰਨ ਸ਼ਬਦੇ, ਚਾਰ ਸ਼ਬਦੇ ਅਖਾਣਾਂ ਤੋਂ ਲੈ ਕੇ ਇੱਕ ਤੁਕੇ, ਦੋ ਤੁਕੇ, ਅੱਠ ਜਾਂ ਦਸ ਤੁਕੇ ਅਖਾਣ ਵੀ ਮਿਲਦੇ ਹਨ।
- ਦੋ ਸ਼ਬਦੇ ਅਖਾਣ ਜਿਵੇਂ: ਵਾਹੀ ਪਾਤਸ਼ਾਹੀ,
- ਤਿੰਨ ਸ਼ਬਦੇ ਅਖਾਣ ਜਿਵੇਂ: ਮਾਵਾਂ ਠੰਢੀਆਂ ਛਾਵਾਂ,
- ਦੋ ਤੁਕੇ ਅਖਾਣ ਜਿਵੇਂ: ਜੋ ਸੁੱਖ ਛੱਜੂ ਦੇ ਚੁਬਾਰੇ,ਉਹ ਬਲਖ ਨਾ ਬਖਾਰੇ।
ਪੰਜਾਬੀ ਆਖਾਣ
[ਸੋਧੋ]ਪੰਜਾਬੀ ਦੀਆਂ ਕੁਝ ਅਖਾਣਾਂ/ਕਹਾਉਤਾਂ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ। ਜਿਵੇਂ-
- ਕਾਂ, ਕੁੱਕੜ, ਕਰਿਆੜ, ਕਬੀਲਾ ਪਾਲ਼ਦੇ/ਜੱਟ, ਮਹਿਆਂ, ਸੰਸਾਰ, ਕਬੀਲਾ ਗਾਲ਼ਦੇ
- ਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ : ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੁੰਦਾ ਹੈ।
- ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ : ਜੇਕਰ ਘਰ ਦੇ ਵੱਡ-ਵਡੇਰੇ ਹੀ ਨਿਕੰਮੇ ਹੋਣ ਤਾਂ ਉਨ੍ਹਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰਦਾ ਹੀ ਹੁੰਦਾ ਹੈ।
- ਉਠ ਨੀ ਨੂੰ ਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ : ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ।
- ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ :ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।
- ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ : ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਪ ਦਿੱਤਾ ਜਾਵੇ।
- ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ : ਜਦੋਂ ਕਿਸੇ ਦਾ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਉਹ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕਰ ਸਕਦਾ ਹੈ।
- ਆਪਣੀ ਅੱਖ ਪਰਾਇਆ ਡੇਲਾ : ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰੀਨ ਬਿਆਨ ਕਰੀ ਜਾਵੇ।
- ਆਪਣੇ ਘਰ ਪਕਾਈ ਨਾ ਸਾਡੇ ਘਰ ਆਈ ਨਾ : ਇਹ ਅਖਾਣ ਲਾਰਾ-ਲੱਪਾ ਲਾਉਣ ਵਾਲੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ।
- ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ : ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ 'ਤੇ ਕੋਈ ਵਸਤੂ ਖਤਮ ਹੋ ਜਾਵੇ।
- ਅਮੀਰ ਦੇ ਸਾਲੇ ਬਹੁਤ ਪਰ ਗ਼ਰੀਬ ਦਾ ਭਣਵਈਆ ਕੋਈ ਨਹੀਂ : ਗ਼ਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ।
- ਆਬ ਆਬ ਕਰ ਮੋਇਓ ਬੱਚਾ ਫ਼ਾਰਸੀਆਂ ਘਰ ਗਾਲ਼ੇ : ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ।
- ਔਤਰ ਨਖੱਤਰ ਨਾ ਮੂਲੀ ਨਾ ਪੱਤਰ : ਇਹ ਆਖਣ ਸੰਤਾਨਹੀਣ ਮਨੁੱਖਾਂ ਲਈ ਵਰਤ ਲਿਆ ਜਾਂਦਾ ਹੈ।
- ਇਸ਼ਕ ਪ੍ਰਹੇਜ਼ ਮੁਹੰਮਦ ਬਖ਼ਸ਼ਾ ਕਦੇ ਨਹੀਂ ਰਲ ਬਹਿੰਦੇ : ਪਿਆਰ-ਮੁਹੱਬਤ ਵਿੱਚ ਸੰਗ-ਸੰਕੋਚ ਦਾ ਕੋਈ ਸਥਾਨ ਨਹੀਂ ਹੁੰਦਾ।
- ਇੱਲ ਦਾ ਨਨਾਣਵਈਆ ਕਾਂ : ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ (ਮਾੜੇ) ਹੀ ਹੁੰਦੇ ਹਨ।
- "ਉਹ ਜ਼ਮੀਨ ਰਾਣੀ ਜਿਸ ਦੇ ਸਿਰ ‘ਤੇ ਪਾਣੀ।” ਜਿਸ ਜ਼ਮੀਨ ਨੂੰ ਪਾਣੀ ਨਾ ਲੱਗਦਾ ਹੋਵੇ ਉਹ ਉਪਜਾਊ ਨਹੀਂ ਹੋ ਸਕਦੀ।
- "ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ।”
- ‘ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਣ ਨਾ ਕਰੀਂ।’
- ’ਅੱਡ ਖਾਏ ਹੱਡ ਖਾਏ, ਵੰਡ ਖਾਏ ਖੰਡ ਖਾਏ।’
- ‘ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ’ ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ।’
- ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ।’
- ‘ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਨੇ ਪੁੱਛੀ, ਗ਼ਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾਂ।
- ਮਾਇਆ ਤੇਰੇ ਤਿੰਨ ਨਾਮ-ਪਰਸੂ, ਪਰਸਾ, ਪਰਸ ਰਾਮ।
- ਇਕ ਅਤੇ ਇੱਕ ਗਿਆਰਾਂ।
- ਇਕ ਹੱਥ ਨਾਲ ਤਾੜੀ ਨਹੀਂ ਵੱਜਦੀ।
- ਇਕ ਦਰ ਬੰਦ ਸੌ ਦਰ ਖੁੱਲ੍ਹਾ।
- ਸੱਚ ਆਖਣਾ ਅੱਧੀ ਲੜਾਈ।
- ਸਲਾਹ ਕੰਧਾਂ ਕੋਲੋਂ ਵੀ ਲੈਣੀ ਚਾਹੀਦੀ ਹੈ।
- ਸੋਗ ਦਿਲ ਦਾ ਰੋਗ।
- ਹੱਥ ਕੰਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜੇ ਲਿਖੇ ਨੂੰ ਫ਼ਾਰਸੀ ਕੀ।
- ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ।
- ਕੰਧਾਂ ਦੇ ਵੀ ਕੰਨ ਹੁੰਦੇ ਹਨ।
- ਕਰੋ ਮਨ ਦੀ ਸੁਣੋ ਸਭ ਦੀ।
- ਕੱਲ੍ਹ ਨਾਮ ਕਾਲ ਦਾ।
- ਕਾਹਲੀ ਅੱਗੇ ਟੋਏ।
- ਕਾਗ਼ਜ਼ਾਂ ਦੇ ਘੋੜੇ ਕਦ ਤਕ ਦੌੜੇ।
- ਕਾਵਾਂ ਦੇ ਆਖਿਆਂ ਢੱਗੇ ਨਹੀਂ ਮਰਦੇ।
- ਕੋਠਾ ਉਸਰਿਆ ਤਰਖਾਣ ਵਿਸਰਿਆ।
- ਖੂਹ ਪੱਟਦੇ ਨੂੰ ਖਾਤਾ ਤਿਆਰ।
- ਗਾਹਕ ਤੇ ਮੌਤ ਦਾ ਕੋਈ ਪਤਾ ਨਹੀਂ।
- ਬਿਨਾਂ ਯੋਗ ਕਾਰਨ ਦੇ ਕਟਾਰ ਨਾ ਕੱਢੋ ਪਰ ਜੇ ਕੱਢਣੀ ਪੈ ਜਾਏ ਤਾਂ ਇੰਜ ਚਲਾਓ ਕਿ ਘੋੜੀ ਤੇ ਸਵਾਰ ਦੋਹਾਂ ਨੂੰ ਚਿੱਤ ਕਰ ਦਿਓ।
- ਦਲੇਰੀ ਇਹ ਨਹੀਂ ਪੁੱਛਦੀ ਕਿ ਕੰਧ ਕਿੰਨੀ ਪਥਰੀਲੀ ਹੈ।
- ਉਸ ਨੇ ਲਿਓ ਤਾਲਸਟਾਏ ਦੇ ਟੋਪ ਵਰਗਾ ਟੋਪ ਤਾਂ ਖਰੀਦ ਲਿਆ ਪਰ ਉਸ ਵਰਗਾ ਸਿਰ ਕਿੱਥੋਂ ਖਰੀਦੇਗਾ।
- ਐਸੀ ਕੋਈ ਬਿਮਾਰੀ ਨਹੀਂ ਜਿਸ ਦਾ ਸਾਡੇ ਪਹਾੜਾਂ ਦੀਆਂ ਜੜ੍ਹੀਆਂ-ਬੂਟੀਆਂ ਇਲਾਜ ਨਾ ਕਰ ਸਕਣ।
- ਬਲਦਾਂ ਦੇ ਚੋਰੀ ਹੋਣ ਪਿੱਛੋਂ ਜੰਦਰਾ ਲਾਉਣ ਦਾ ਕੀ ਲਾਭ।
- ਘਟਨਾ ਪਿੱਛੋਂ ਤਾਂ ਸਾਰੇ ਹੀ ਸਿਆਣੇ ਹੋ ਜਾਂਦੇ ਹਨ।
- ਸਿਆਣੇ ਹੱਥਾਂ ਵਿੱਚ ਸੱਪ ਦੀ ਜ਼ਹਿਰ ਕੁਝ ਨਹੀਂ ਕਰ ਸਕਦੀ।
- ਮੂਰਖ ਦੇ ਹੱਥਾਂ ਵਿੱਚ ਸ਼ਹਿਦ ਵੀ ਨੁਕਸਾਨ ਪਹੁੰਚਾ ਸਕਦਾ ਹੈ।
- ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ
- ਅੰਨਿਆਂ ਚ ਕਾਣਾ ਰਾਜਾ।
- ਕਮਲੀ ਕੁੜੀ ਦੁਪਿਹਰੇ ਗਿੱਧਾ।
- ਡਿੱਗੀ ਗਧੇ ਤੋਂ ਗੁੱਸਾ ਘੁਮਿਆਰ 'ਤੇ।
- ਮੁੜ ਘੁੜ ਖੋਤੀ ਬੋਹੜ ਥੱਲੇ।
- ਅੰਨਾ ਵੰਡੇ ਸ਼ੀਰਨੀ, ਮੁੜ ਘੁੜ ਆਪਣਿਆਂ ਨੂੰ ਦੇਵੇ।
- ਉਠਿਆਂ ਜਾਵੇ ਨਾ, ਫਿੱਟੇ ਮੁੰਹ ਗੋਡਿਆਂ ਦੇ।
- ਛੱਜ ਤਾਂ ਬੋਲੇ, ਛਾਣਨੀ ਕਿਉ ਬੋਲੇ।
- ਨਾਤੀ ਧੋਤੀ ਰਹਿ ਗਈ, ਮੂੰਹ 'ਤੇ ਮੱਖੀ ਬਹਿ ਗਈ।
- ਸ਼ਰਮ ਕਰੇਂਦਾ ਅੰਦਰ ਵੜਿਆ ਮੂਰਖ ਆਖੇ ਮੈਥੋਂ ਡਰਿਆ
- ਜਿਹੋ ਜਿਹਾ ਜੱਕਾ,ਓਹੋ ਜਿਹੀਆਂ ਜੱਕੇ ਦੀਆਂ ਸੁਆਰੀਆਂ
ਸਿੱਟਾ
[ਸੋਧੋ]ਸੋ, ਠੇਠ ਪੰਜਾਬੀ ਬੋਲੀ ਪਿੰਡਾਂ ਵਿੱਚ ਬੋਲੀ ਜਾਂਦੀ ਹੈ ਤੇ ਅਖਾਉਤਾਂ ਦੀ ਵਰਤੋਂ ਇਹਨਾਂ ਪੇਂਡੂ ਲੋਕਾਂ ਦੀ ਇੱਕ ਮੂੰਹ-ਚੜੀ ਗੱਲ ਹੈ। ਉਹ ਗੱਲਾਂ ਕਰਨ ਵਿੱਚ ਆਪਣਾ ਭਾਵ ਅਖਾਉਤਾਂ ਰਾਹੀਂ ਅਜਿਹੇ ਸੁਆਦਲੇ ਢੰਗ ਨਾਲ਼ ਪੇਸ਼ ਕਰਦੇ ਹਨ ਕਿ ਸ਼ਹਿਰਾਂ ਵਿੱਚ ਰਹਿਣ ਵਾਲ਼ੇ ਲੋਕ ਉਸ ਰਸ ਨੂੰ ਅਨੁਭਵ ਨਹੀਂ ਕਰ ਸਕਦੇ।[22] ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂਕਿ, 'ਅਖਾਣ ਨਿੱਤ ਬੋਲਚਾਲ ਵਿੱਚ ਵਰਤੀਂਦੇ ਪ੍ਰਵਾਨ ਹੁੰਦੇ ਉਹ ਕਥਨ ਹਨ, ਜਿਹਨਾਂ ਵਿੱਚ ਮਨੁੱਖੀ ਜੀਵਨ ਨਾਲ਼ ਸੰਬੰਧਿਤ ਕੋਈ ਅਨੁਭਵ ਸੂਤ੍ਰ-ਬੱਧ ਕਰਕੇ ਦਿੱਲ-ਖਿੱਚਵੀਂ ਜਾਂ ਅਲੰਕ੍ਰਿਤ ਬੋਲੀ 'ਚ ਪੇਸ਼ ਹੁੰਦਾ ਹੈ।[23]
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2013-02-14. Retrieved 2013-05-27.
{{cite web}}
: Unknown parameter|dead-url=
ignored (|url-status=
suggested) (help) - ↑ http://pa.wikipedia.org/wiki/ਕਾਨ੍ਹ_ਸਿੰਘ_ਨਾਭਾ
- ↑ ਪੰਜਾਬੀ ਅਖਾਣ, ਸੰਪਾਦਕ-ਬਿਕਰਮ ਸਿੰਘ ਘੁੰਮਣ, ਪ੍ਰਕਾਸ਼ਕ-ਰੂਹੀ ਪ੍ਰਕਾਸ਼ਨ, ਖ਼ਾਲਸਾ ਕਾਲਜ ਅੰਮ੍ਰਿਤਸਰ(143002), ਛਾਪਕ-ਚੰਨ ਪ੍ਰਿੰਟਿੰਗ ਪ੍ਰੈਸ-ਗੁਰੂ ਨਾਨਕਪੁਰਾ ਅੰਮ੍ਰਿਤਸਰ, 1995, ਪੰਨਾ-8 ਤੇ 9
- ↑ ਪੰਜਾਬੀ ਅਖਾਣ, ਸੰਪਾਦਕ-ਬਿਕਰਮ ਸਿੰਘ ਘੁੰਮਣ, ਪ੍ਰਕਾਸ਼ਕ-ਰੂਹੀ ਪ੍ਰਕਾਸ਼ਨ, ਖ਼ਾਲਸਾ ਕਾਲਜ ਅੰਮ੍ਰਿਤਸਰ(143002), ਛਾਪਕ-ਚੰਨ ਪ੍ਰਿੰਟਿੰਗ ਪ੍ਰੈਸ-ਗੁਰੂ ਨਾਨਕਪੁਰਾ ਅੰਮ੍ਰਿਤਸਰ, 1995, ਪੰਨਾ-9
- ↑ Studies of Language and Literature, I by Robert P. T. Coffman.
- ↑ ਪੰਜਾਬੀ ਲੋਕ ਸਾਹਿਤ ਸ਼ਾਸਤਰ , ਡਾ.ਜਸਵਿੰਦਰ ਸਿੰਘ, ਪੰਨਾ-102
- ↑ Webster New Twentieth Century Dictionary, William Collins Publishers, 1979, Page-1449
- ↑ Raymond Firth, Proverbs in Native Life, page-23
- ↑ ਪੰਜਾਬੀ ਲੋਕਧਾਰਾ ਵਿਸ਼ਵਕੋਸ਼-I, ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕ ਪ੍ਰਕਾਸ਼ਨ, ਜੇ-11/80, ਰਜੌਰੀ ਗਾਰਡਨ, ਨਵੀਂ ਦਿੱਲੀ, 110027, ਕ੍ਰਮ-ਅੰਕ ਅ-24, ਪੰਨਾ-106, 112
- ↑ ਪੰਜਾਬੀ ਸਾਹਿੱਤ ਕੋਸ਼-ਭਾਗ-1, ਪਰਿਭਾਸ਼ਕ ਸ਼ਬਦਾਵਲੀ, ਪੰਜਾਬੀ ਯੂਨੀਵਰਸਿਟੀ-ਪਟਿਆਲਾ, 1971, ਪੰਨਾ-42-43
- ↑ ਪੰਜਾਬੀ ਅਖਾਣ ਕੋਸ਼, ਸੰਗ੍ਰਹਿਕਾਰ-ਹੈੱਡਮਾਸਟਰ ਮਹਿਤਾਬ ਸਿੰਘ, ਪੰਜਾਬ ਯੂਨੀਵਰਸਿਟੀ-ਚੰਡੀਗੜ੍ਹ-ਪਬਲੀਕੇਸ਼ਨ ਬਿਉਰੋ, ਪੰਨਾ-ੳ
- ↑ Chamber's Encyclopaedia, New Addition-Vol-XI, George Newness Limited London, Page-272
- ↑ ਪੰਜਾਬ ਦਾ ਲੋਕ ਵਿਰਸਾ, ਕਰਨੈਲ ਸਿੰਘ ਥਿੰਦ, ਭਾਗ-1, ਪੰਨਾ-226
- ↑ ਲੋਕਯਾਨਿਕ ਵਿਅੰਗਕਾਰੀ, ਆਤਮਾ ਰਾਮਰਾਹੀ, ਪਬਲੀਕੇਸ਼ਨ ਬਿਊਰੋ-ਪੰਜਾਬੀ ਯੂਨੀ. ਪਟਿਆਲਾ, 1989, ਪੰਨਾ-173
- ↑ [[ਲੋਕ ਆਖਦੇ ਹਨ, ਵਣਜਾਰਾ ਬੇਦੀ, ਆਰਸੀ ਪਲਲਿਸ਼ਰਜ਼, 2006, ਪੰਨਾ-37
- ↑ 16.0 16.1 [[ਲੋਕ ਆਖਦੇ ਹਨ, ਵਣਜਾਰਾ ਬੇਦੀ,ਆਰਸੀ ਪਲਲਿਸ਼ਰਜ਼, 2006, ਪੰਨਾ-38
- ↑ ਲੋਕ ਆਖਦੇ ਹਨ, ਡਾ. ਵਣਜਾਰਾ ਬੇਦੀ, ਪੰਜਾਬੀ ਅਕਾਦਮੀ, ਲੁਧਿਆਣਾ, 1959, ਪੰਨਾ-229
- ↑ ਲੋਕ ਆਖਦੇ ਹਨ, ਡਾ. ਵਣਜਾਰਾ ਬੇਦੀ, ਆਰਸੀ ਪਬਲਿਸ਼ਰਜ਼, 2006, ਪੰਨਾ-40
- ↑ ਸਾਡੇ ਅਖਾਣ, ਸਹਿਬਾਜ਼ ਮਲਿਕ (ਡਾ.), ਪੰਨਾ-230, ਬੁੱਕ ਸੁਸਾਇਟੀ, ਲਾਹੌਰ, 1978
- ↑ "ਡਾ. ਜੀਤ ਸਿੰਘ ਜੋਸ਼ੀ,". ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਪੰਨਾ-285. ਲਾਹੌਰ ਬੁੱਕ ਸ਼ਾਪ, 2 ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ.
{{cite web}}
:|access-date=
requires|url=
(help); Missing or empty|url=
(help) - ↑ "ਡਾ. ਜੀਤ ਸਿੰਘ ਜੋਸ਼ੀ,". ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਪੰਨਾ-284. ਲਾਹੌਰ ਬੁੱਕ ਸ਼ਾਪ, 2 ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ.
{{cite web}}
:|access-date=
requires|url=
(help); Missing or empty|url=
(help) - ↑ ਨਵੀਨ ਪੰਜਾਬੀ ਅਖਾਉਤਾਂ, ਲੇਖਕ-ਸ: ਮਹਿਤਾਬ ਸਿੰਘ, ਪ੍ਰਕਾਸ਼ਕ-ਲਾ: ਦੇਵੀ ਦਾਸ ਜਾਨਕੀ ਦਾਸ-ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਤੇ ਮੋਹਨ ਲਾਲ ਰੋਡ ਲਾਹੌਰ, ਮੁਖਬੰਦ ਵਿੱਚੋਂ
- ↑ ਲੋਕ ਆਖਦੇ ਹਨ, ਵਣਜਾਰਾ ਬੇਦੀ, ਆਰਸੀ ਪਬਲੀਸ਼ਰਜ਼-ਦਿੱਲੀ, ਪੰਨਾ-30