ਕਿਸ਼ਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ.ਕਿਸ਼ਨ ਸਿੰਘ ਤੋਂ ਰੀਡਿਰੈਕਟ)
Jump to navigation Jump to search
ਕਿਸ਼ਨ ਸਿੰਘ
ਜਨਮ(1911-08-10)10 ਅਗਸਤ 1911
ਪਿੰਡ ਬਰਵਾਲਾ, (ਜ਼ਿਲ੍ਹਾ ਤਰਨ ਤਾਰਨ)
ਮੌਤ27 ਨਵੰਬਰ 1993(1993-11-27) (ਉਮਰ 82)
ਕੌਮੀਅਤਭਾਰਤੀ
ਸਿੱਖਿਆਬੀ. ਐੱਸਸੀ., ਐੱਮ. ਏ.
ਕਿੱਤਾਸਾਹਿਤ ਆਲੋਚਕ, ਅਧਿਆਪਕ
ਇਨਾਮਕਰਤਾਰ ਸਿੰਘ ਧਾਲੀਵਾਲ ਪੁਰਸਕਾਰ, 1992

ਪ੍ਰੋ. ਕਿਸ਼ਨ ਸਿੰਘ (10 ਅਗਸਤ 1911 – 27 ਨਵੰਬਰ 1993) ਮਾਰਕਸਵਾਦ ਤੋਂ ਪ੍ਰਭਾਵਿਤ ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਸੀ।

ਜੀਵਨ ਵੇਰਵੇ[ਸੋਧੋ]

ਕਿਸ਼ਨ ਸਿੰਘ ਦਾ ਜਨਮ 10 ਅਗਸਤ 1911[1] ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲਾਹੌੌਰ ਦੀ ਪੱਟੀ ਤਹਿਸੀਲ ਦੇ ਪਿੰਡ ਬਰਵਾਲਾ (ਹੁਣ ਜ਼ਿਲ੍ਹਾ ਤਰਨ ਤਾਰਨ) ਵਿਖੇ ਪਿਤਾ ਦੰਮਾਂ ਸਿੰਘ ਅਤੇ ਮਾਤਾ ਬੀਬੀ ਭਾਨੀ ਦੇ ਪਰਿਵਾਰ ਵਿੱਚ ਹੋਇਆ ਸੀ। ਉਸਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋੋਂ ਬੀ. ਐੱੱਸਸੀ. ਤੇ ਫਿਰ 1933 ਵਿੱਚ ਅੰਗਰੇਜ਼ੀ ਵਿੱਚ ਆਪਣੀ ਐੱੱਮ.ਏ. ਕੀਤੀ ਅਤੇ ਪ੍ਰਿੰਸੀਪਲ ਨਿਰੰਜਣ ਸਿੰਘ ਦੇ ਲਾਹੌੌਰ ਵਿੱਚ ਚਲਾਏ ਸਿੱਖ ਨੈਸ਼ਨਲ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕੰਮ ਕਰਨ ਲੱਗਿਆ। ਦੇਸ਼ ਦੀ ਵੰਡ ਪਿੱਛੋੋਂ ਪਹਿਲਾਂ ਕੈਂਪ ਕਾਲਜ ਤੇ ਫਿਰ ਅਗਲੇ 43 ਸਾਲ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਵਿੱਚ ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਵਿਖੇ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕੀਤਾ। ਉਸਨੇ 1950 ਵਿੱਚ ਲਿਖਣਾ ਸ਼ੁਰੂ ਕੀਤਾ ਸੀ।[2] 1992 ਵਿੱਚ ਕਿਸ਼ਨ ਸਿੰਘ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਪ੍ਰਾਪਤ ਹੋਇਆ।

ਰਚਨਾਵਾਂ[ਸੋਧੋ]

  • ਸਾਹਿਤ ਦੇ ਸੋਮੇ (1967)
  • ਗੁਰਬਾਣੀ ਵਿੱਚ ਬਦੀ ਦਾ ਸੰਕਲਪ (1973)
  • ਸਾਹਿਤ ਦੀ ਸਮਝ (1974)
  • ਸਿੱਖ ਇਨਕਲਾਬ ਦਾ ਮੋਢੀ : ਗੁਰੂ ਨਾਨਕ (1974)
  • ਗੁਰਬਾਣੀ ਦਾ ਸੱਚ (1976)
  • ਸਿੱਖ ਲਹਿਰ(1978)
  • ਗੁਰਦਿਆਲ ਸਿੰਘ ਦੀ ਨਾਵਲ ਚੇਤਨਾ (1986)
  • ਆਏ ਇਨਕਲਾਬ ਕੁਰਾਹੇ ਕਿਉਂ? (1986)
  • ਕਲਚਰਲ ਇਨਕਲਾਬ (1987)
  • ਸਚੁ ਪੁਰਾਣਾ ਨਾ ਥੀਐ (1991)[3]

ਇਹਨਾਂ ਪੁਸਤਕਾਂ ਵਿਚੋਂ ਸਾਹਿਤ ਦੇ ਸੋਮੇ, ਸਿੱਖ ਇਨਕਲਾਬ ਦਾ ਮੋਢੀ ਗੁਰੂ ਨਾਨਕ,  ਸਾਹਿਤ ਦੀ ਸਮਝ, ਗੁਰਬਾਣੀ ਦਾ ਸੱਚ, ਗੁਰਦਿਆਲ ਸਿੰਘ ਦੀ ਨਾਵਲ ਚੇਤਨਾ ਅਤੇ ਸੱਚ ਪੁਰਾਣਾ ਨਾ ਥੀਐ ਸਾਹਿਤ ਆਲੋਚਨਾ ਨਾਲ ਸੰਬੰਧਿਤ ਹਨ।

ਸਾਹਿਤ ਆਲੋਚਨਾ ’ਚ ਥਾਂ[ਸੋਧੋ]

ਕਿਸ਼ਨ ਸਿੰਘ ਦਾ ਨਾਂ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਪਹਿਲੇ ਪ੍ਰਮਾਣਿਕ ਆਲੋਚਕਾਂ ਵਿੱਚ ਸ਼ੁਮਾਰ ਹੈ ਜਿਸਨੇ ਮਾਰਕਸਵਾਦ ਨੂੰ ਆਪਣੀ ਆਲੋਚਨਾ ਦਾ ਸਿਧਾਂਤਕ ਆਧਾਰ ਬਣਾਇਆ। ਉਹ ਉਸ ਦੌਰ ਦਾ ਆਲੋਚਕ ਹੈ ਜਿਸ ਵਿੱਚ ਪੰਜਾਬੀ ਸਾਹਿਤ ਆਲੋਚਨਾ ਨਿਰੀ ਤਾਰੀਫ਼ ਤੇ ਵਿਆਖਿਆ ਵਿਚੋਂ ਨਿਕਲ ਕੇ ਪੱਕੇ ਪੈਰੀਂ ਹੋ ਰਹੀ ਸੀ। ਪੰਜਾਬੀ ਸਾਹਿਤ ਆਲੋਚਨਾ ਨੇ ਪੱਕੇ ਪੈਰੀਂ ਹੋਣਾ ਸੰਤ ਸਿੰਘ ਸੇਖੋਂ ਤੋਂ ਆਰੰਭ ਕੀਤਾ। ਕਿਸ਼ਨ ਸਿੰਘ ਨੂੰ ਇਸ ਮਾਮਲੇ ਵਿੱਚ ਸੰਤ ਸਿੰਘ ਸੇਖੋਂ ਤੋਂ ਅਗਲਾ ਆਲੋਚਕ ਮੰਨਿਆ ਜਾਂਦਾ ਹੈ। ਪ੍ਰੋ. ਕਿਸ਼ਨ ਸਿੰਘ ਮਾਰਕਸਵਾਦੀ ਸਾਹਿਤ ਆਲੋਚਨਾ ਨੂੰ ਨਿਰੰਤਰਤਾ ਵੀ ਪ੍ਰਦਾਨ ਕਰਦਾ ਹੈ, ਸੇਖੋਂ ਨਾਲ ਤਿੱਖਾ ਸੰਵਾਦ ਵੀ ਛੇੜਦਾ ਹੈ ਅਤੇ ਆਪਣੀ ਆਲੋਚਨਾ ਦੇ ਨਿਵੇਕਲੇ ਨਕਸ਼ ਵੀ ਸਥਾਪਿਤ ਕਰਦਾ ਹੈ।[4]

ਸਾਹਿਤ ਆਲੋਚਨਾ[ਸੋਧੋ]

ਕਿਸ਼ਨ ਸਿੰਘ ਦੀ ਸਾਹਿਤ ਆਲੋਚਨਾ ਤੇ ਸਿਧਾਂਤਕਾਰੀ ਵਿੱਚ ਪਹਿਲਾ ਮੁੱਲਵਾਨ ਨੁਕਤਾ ਮਨੁੱਖ ਦੀ ਜੱਦੋ-ਜਹਿਦ ਵਿਚੋਂ ਨਿਕਲਦਾ ਹੈ। ਕਿਸ਼ਨ ਸਿੰਘ ਅਨੁਸਾਰ ਮਨੁੱਖ ਦੀ ਲਗਾਤਾਰ ਦੋ ਤਰ੍ਹਾਂ ਦੀ ਦੁਵੱਲੀ ਜੱਦੋ-ਜਹਿਦ ਚੱਲਦੀ ਰਹਿੰਦੀ ਹੈ। ਮਨੁੱਖ ਦੀ ਪਹਿਲੀ ਜੱਦੋ-ਜਹਿਦ ਕੁਦਰਤ ਨਾਲ ਹੈ ਅਤੇ ਦੂਜੀ ਜੱਦੋ-ਜਹਿਦ ਸਮਾਜ ਨਾਲ। ਪਹਿਲੀ ਜੱਦੋ-ਜਹਿਦ ਵਿਚੋਂ ਵਿਗਿਆਨ ਦਾ ਜਨਮ ਹੁੰਦਾ ਹੈ। ਦੂਜੀ ਜੱਦੋ-ਜਹਿਦ ਵਿਚੋਂ ਮਨੁੱਖੀ ਕਦਰਾਂ-ਕੀਮਤਾਂ ਜਨਮ ਲੈਂਦੀਆਂ ਹਨ। ਦੋਵਾਂ ਦੇ ਸੱਚ ਵੱਖੋ-ਵੱਖਰੇ ਹਨ। ਪਹਿਲਾ ਵਿਗਿਆਨ ਦਾ ਸੱਚ ਹੈ ਤੇ ਦੂਜਾ ਜਜ਼ਬੇ ਦਾ ਸੱਚ। ਸਾਹਿਤ ਦਾ ਸੰਬੰਧ ਜਜ਼ਬੇ ਦੇ ਸੱਚ ਨਾਲ ਹੈ, ਇਸ ਨੂੰ ਉਹ ਮਨੁੱਖੀ ਚਿੱਤਰ ਕਹਿੰਦਾ ਹੈ। ਉਹ ਵਿਗਿਆਨ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਦਵੰਦਾਤਮਕ ਸੰਬੰਧ ਨੂੰ ਵੀ ਸਵੀਕਾਰਦਾ ਹੈ।

ਧਾਰਨਾਵਾਂ[ਸੋਧੋ]

ਟੀ. ਆਰ. ਵਿਨੋਦ ਦੀ ਕਿਸ਼ਨ ਸਿੰਘ ਬਾਰੇ ਟਿੱਪਣੀ ਹੈ, “ਪ੍ਰੋਫ਼ੈਸਰ ਕਿਸ਼ਨ ਸਿੰਘ ਦੀ ਵਿਆਖਿਆ ਮੁੱਲਮੂਲਕ ਹੈ ਅਤੇ ਇਸੇ ਕਰਕੇ ਮੁੱਲਵਾਨ ਵੀ।”[5] ਭਾਵ ਕਿਸ਼ਨ ਸਿੰਘ ਆਲੋਚਨਾ ਕਰਦਿਆਂ ਕਿਸੇ ਸਾਹਿਤਿਕ ਕਿਰਤ ਦੇ ਸਮਾਜਿਕ ਮੁੱਲ ਦੀ ਵੀ ਪਰਖ ਪੜਚੋਲ ਕਰਦਾ ਹੈ। ਇਸੇ ’ਤੇ ਅਧਾਰਿਤ ਸਾਹਿਤ ਚਿੰਤਨ ਵਿੱਚ ਕਿਸ਼ਨ ਸਿੰਘ ਦੀਆਂ ਤਿੰਨ ਧਾਰਨਾਵਾਂ ਪ੍ਰਮੁੱਖ ਹਨ :

  1. ਸਾਹਿਤ ਇੱਕ ਸਮਾਜਿਕ ਪੈਦਾਵਾਰ ਹੈ ਭਾਵ ਸਾਹਿਤ-ਸੰਸਥਾ ਸਮਾਜ-ਸੰਸਥਾ ਦਾ ਇੱਕ ਅੰਗ ਹੈ।
  2. ਸਾਹਿਤ ਦੀ ਪ੍ਰਕਿਰਤੀ ਹੈ ਮਨੁੱਖ ਦੀ ਸਮਾਜ ਨਾਲ ਜੱਦੋ-ਜਹਿਦ ’ਚੋਂ ਉਪਜੇ ਜਜ਼ਬੇ ਦੇ ਸੱਚ ਦਾ ਸਾਹਿਤਿਕ ਚਿੱਤਰ ਖਿੱਚਣਾ।
  3. ਸਾਹਿਤ ਦਾ ਪ੍ਰਯੋਜਨ ਹੈ ਮਨੁੱਖ ਦੀ ਆਜ਼ਾਦੀ, ਸੁਤੰਤਰਤਾ ਤੇ ਇਨਸਾਨੀਅਤ ਭਾਵ ਲੋਕ ਹਿੱਤਾਂ ਤੇ ਮਾਨਵਵਾਦੀ ਕੀਮਤਾਂ ਦਾ ਪੱਖ ਪੂਰਨਾ।

ਕਿਸ਼ਨ ਸਿੰਘ ਜਿਹੜੇ ‘ਮਨੁੱਖੀ ਚਿੱਤਰ’ ਦੀ ਗੱਲ ਕਰਦਾ ਹੈ, ਉਸਦੇ ਅਰਥਾਂ ਨੂੰ ਉਹ ਪੰਜ ਤੱਤਾਂ ਨਾਲ ਜੋੜਦਾ ਹੈ :

  • ਖ਼ਿਆਲ
  • ਜਜ਼ਬਾ
  • ਬੋਲੀ
  • ਸ਼ੈਲੀ
  • ਡਿਜ਼ਾਈਨ।

ਇਹਨਾਂ ਤੱਤਾਂ ਨੂੰ ਗਹੁ ਨਾਲ ਵਾਚੀਏ ਤਾਂ ਉਹ ਖ਼ਿਆਲ ਅਤੇ ਜਜ਼ਬੇ ਨੂੰ ਸਮਕਾਲੀ ਸਮਾਜਿਕ ਗਿਆਨ/ਸੰਵੇਦਨਾ ਨਾਲ ਜੋੜਦਾ ਹੋਇਆ ਵਸਤੂ ਪੱਖ ਵੱਲ ਅਤੇ ਬੋਲੀ, ਸ਼ੈਲੀ ਤੇ ਡਿਜ਼ਾਈਨ ਨੂੰ ਸਾਹਿਤ ਪਰੰਪਰਾ ਨਾਲ ਜੋੜਦਾ ਹੋਇਆ ਰੂਪ ਪੱਖ ਵੱਲ ਧਿਆਨ ਕੇਂਦਰਿਤ ਕਰਦਾ ਹੈ। ਇਸ ਤਰ੍ਹਾਂ ਕਰਦਿਆਂ ਉਹ ਵਸਤੂ ਅਤੇ ਰੂਪ ਦੇ ਦ੍ਵੈਤੀ ਸਿਧਾਂਤ ਨੂੰ ਉਜਾਗਰ ਕਰਦਾ ਹੈ।

ਪਰੰਪਰਾ[ਸੋਧੋ]

ਕਿਸ਼ਨ ਸਿੰਘ ਸਾਹਿਤ ਸਿਰਜਣਾ ਵਿੱਚ ਪਰੰਪਰਾ ਦੇ ਮਹੱਤਵ ਨੂੰ ਸੰਤ ਸਿੰਘ ਸੇਖੋਂ ਵਾਂਗ ਛੁਟਿਆਉਂਦਾ ਨਹੀਂ ਬਲਕਿ ਸਵੀਕਾਰਦਾ ਹੈ। ਉਸ ਅਨੁਸਾਰ ਪਰੰਪਰਾ ਕੋਈ ਵਾਧੂ ਬੋਝ ਜਾਂ ਸਾਹਿਤਕਾਰ ਦੀਆਂ ਨਵੀਆਂ ਪਰਖਾਂ ਦੀ ਵੈਰਨ ਨਹੀਂ। ਇਸਦੀ ਘੋਖ ਵਿਚੋਂ ਸਾਹਿਤਕਾਰ ਨੇ ਆਪਣਾ ਸਾਹਿਤਕ ਚਿੱਤਰ ਖਿੱਚਣਾ ਹੁੰਦਾ ਹੈ। ਪਰੰਪਰਾ ਵਿਚੋਂ ਸੂਖਮ ਸੂਝ ਅਤੇ ਅੰਤਰਦ੍ਰਿਸ਼ਟੀਆਂ ਪ੍ਰਾਪਤ ਕਰਨੀਆਂ ਹੁੰਦੀਆਂ ਹਨ। ਇਸ ਤਰ੍ਹਾਂ ਕਰਦਿਆਂ ਪਰੰਪਰਾ ਨੂੰ ਇੰਨ-ਬਿੰਨ ਗ੍ਰਹਿਣ ਕਰਨ ਦੀ ਬਜਾਇ ਲੇਖਕ ਆਪਣੀ ‘ਚੋਣ ਬਿਰਤੀ' ਦੇ ਆਧਾਰ ’ਤੇ ਪਰੰਪਰਾ ਵਿੱਚ ਲੋੜੀਂਦੇ ਬਦਲਾਅ ਕਰਦਾ ਹੈ ਤੇ ਨਿਰੰਤਰਤਾ ਵਿੱਚ ਵੀ ਯੋਗਦਾਨ ਪਾਉਂਦਾ ਹੈ। ਕਿਸ਼ਨ ਸਿੰਘ ਅਨੁਸਾਰ ਲੇਖਕ ਨੇ ਉਸ ਫ਼ਲਦਾਇਕ ਮੁਹਾਵਰੇ ਦੀ ਭਾਲ ਕਰਨੀ ਹੁੰਦੀ ਹੈ ਜੋ ਮਨੁੱਖ ਦੇ ਤਮਾਮ ਜਜ਼ਬਾਤ ਨੂੰ ਫੜ੍ਹ ਸਕਣ ਦੇ ਸਮਰੱਥ ਹੋਵੇ। ਪਰੰਪਰਾ ਸੰਬੰਧੀ ਇਹਨਾਂ ਵਿਚਾਰਾਂ ਤੋਂ ਪਰੰਪਰਾ ਅਤੇ ਵਿਅਕਤੀਗਤ ਯੋਗਤਾ ਦੇ ਡਾਇਲੈਕਟੀਕਲ ਸੰਬੰਧਾਂ ਦੀ ਟੋਹ ਪ੍ਰਾਪਤ ਹੁੰਦੀ ਹੈ।[6] ਕਿਸ਼ਨ ਸਿੰਘ ਸਾਹਿਤ ਸਿਰਜਣਾ ਨਾਲ ਸੰਬੰਧਿਤ ਹਰ ਜੁਗਤ ਨੂੰ ਲੋਕਹਿੱਤਾਂ ਨਾਲ ਜੋੜਦਾ ਹੈ। ਇਸੇ ਕਰਕੇ ਉਸ ਲਈ ਮੱਧਕਾਲੀ ਪੰਜਾਬੀ ਸਾਹਿਤ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ ਕਿਉਂ ਜੋ ਉਸ ਵਿਚਲਾ ਪੇਸ਼ ਜਜ਼ਬਾ ਲੋਕ ਹਿੱਤ ਵਿੱਚ ਹੈ ਤੇ ਸਥਾਪਤੀ ਵਿਰੋਧੀ ਹੈ। ਮੱਧਕਾਲੀ ਸਾਹਿਤ ਨੂੰ ਉਹ ਜਜ਼ਬੇ ਦੀ ਪੇਸ਼ਕਾਰੀ ਦੇ ਬਿਨਾਹ ’ਤੇ ਮਹੱਤਤਾ ਦਿੰਦਾ ਹੈ। ਉਸ ਅਨੁਸਾਰ ਹਰੇਕ ਸਮੇਂ ਤੇ ਸਥਾਨ ਦਾ ਸਾਹਿਤ ਸਮਕਾਲੀ ਸਮਾਜਕ ਚੇਤਨਤਾ ਅਨੁਸਾਰੀ ਵਿਗਿਆਨਕ ਹੁੰਦਾ ਹੈ, ਆਪਣੇ ਸਮੇਂ ਦਾ ਚਿੱਤਰ ਹੁੰਦਾ ਹੈ। ਸਮਾਜਕ ਚੇਤਨਤਾ ਦੀ ਤਬਦੀਲੀ ਸਦਕਾ ਸਾਹਿਤ ਵਿੱਚ ਵਸਤੂ ਤੇ ਰੂਪ ਦੋਹਾਂ ਪੱਖਾਂ ਤੋਂ ਤਬਦੀਲੀ ਵਾਪਰਦੀ ਹੈ। ਕਿਸੇ ਵੇਲੇ ਦੇ ਸਾਹਿਤ ਦਾ ਰੈਸ਼ਨੇਲ ਬੇਸ਼ੱਕ ਗ਼ੈਰ-ਵਿਗਿਆਨਿਕ ਸਾਬਤ ਹੋ ਚੁੱਕਿਆ ਹੋਵੇ ਪਰ ਸਾਹਿਤਕ ਕਿਰਤ ਦੀ ਵੁੱਕਤ ਇਸ ਵਿੱਚ ਪੇਸ਼ ਲੁਕਵੀਂ ਵਸਤ ਜਾਣੀਂ ਜਜ਼ਬੇ ਸਦਕਾ ਹੈ। ਜੇਕਰ ਕਿਸੇ ਕਵੀ ਦੁਆਰਾ ਪੇਸ਼ ਸਾਹਿਤਕ ਚਿੱਤਰ ਦੀ ਲੁਕਵੀਂ ਵਸਤੂ ਨਵੇਂ ਦੀ ਥਾਹ ਪਾਉਣ ਵਾਲੀ ਹੈ, ਜਮਾਤੀ ਡਾਇਲੈਕਟਿਕਸ ਵਿੱਚ ਲੋਕ ਹਿਤ ਵਿੱਚ ਖਲੋਂਦੀ ਹੈ ਤਾਂ ਉਹ ਰਚਨਾ ਮਹਾਨ ਹੈ।

ਲੇਖਕ ਅਤੇ ਪਾਠਕ[ਸੋਧੋ]

ਕਿਸ਼ਨ ਸਿੰਘ ਸਾਹਿਤ ਸਿਰਜਣਾ ਤੋਂ ਪਹਿਲਾਂ ਸਾਹਿਤਕਾਰ ਨੂੰ ਹਦਾਇਤਾਂ ਦਿੰਦਾ ਪ੍ਰਤੀਤ ਹੁੰਦਾ ਹੈ। ਉਸ ਅਨੁਸਾਰ ਸਾਹਿਤਕਾਰ ਨੂੰ ਸਮਾਜਿਕ ਤਬਦੀਲੀ/ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਉਸਦੇ ਚਿੰਤਨ ਮੁਤਾਬਿਕ ਜੋ ਸਮੱਗਰੀ ਜਾਂ ਵੇਰਵੇ ਸਮਾਜਿਕ ਤਬਦੀਲੀ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੇ, ਫਾਲਤੂ ਹਨ। ਇਸ ਲਈ ਲੇਖਕ ਨੂੰ ਜ਼ਰੂਰੀ ਅਤੇ ਗ਼ੈਰ ਜ਼ਰੂਰੀ ਦਾ ਨਿਖੇੜਾ ਕਰਕੇ ਜ਼ਰੂਰੀ ਦੀ ਚੋਣ ਕਰਨੀ ਚਾਹੀਦੀ ਹੈ। ਇਥੇ ਉਹ ਸਾਹਿਤਕਾਰ ਦਾ ਪ੍ਰਯੋਜਨ ਨਿਸ਼ਚਿਤ ਕਰ ਦਿੰਦਾ ਹੈ। ਉਸ ਅਨੁਸਾਰ ਲੇਖਕ ਜਿਸ ਧਿਰ ਦੇ ਹੱਕ/ਵਿਰੋਧ ਵਿੱਚ ਖੜ੍ਹਦਾ ਹੈ, ਪਾਠਕ ਨੂੰ ਵੀ ਉਸੇ ਧਿਰ ਦੇ ਹੱਕ/ਵਿਰੋਧ ਵਿੱਚ ਖੜ੍ਹਨਾ ਚਾਹੀਦਾ ਹੈ। ਪਾਠਕ ਸੰਸਾਰ ਪ੍ਰਤੀ ਉਸੇ ਕਿਸਮ ਦਾ ਹੁੰਗਾਰਾ ਭਰੇ ਜਿਸ ਕਿਸਮ ਦਾ ਹੁੰਗਾਰਾ ਲੇਖਕ ਨੇ ਭਰਿਆ ਹੈ। ਉਹ ਪਾਠਕ ਨੂੰ ਲੇਖਕ ਦੀ ਪੈੜ ਉਪਰ ਤੋਰਦਾ ਹੈ।[7] ਇਸ ਤਰ੍ਹਾਂ ਕਰਦਿਆਂ ਉਹ ਪਾਠਕ ਅਤੇ ਉਸਦੀ ਅਸਹਿਮਤੀ ਦੀ ਸਪੇਸ ਨੂੰ ਖ਼ਤਮ ਕਰ ਦਿੰਦਾ ਹੈ। ਕਿਉਂਕਿ ਸਾਹਿਤ, ਚਿੰਤਨ ਦੇ ਕਾਰਜ ਨੂੰ ਕਿਸ਼ਨ ਸਿੰਘ ਸਮਾਜਿਕ ਪਰਿਵਰਤਨ ਦਾ ਸਾਧਨ ਮੰਨਦਾ ਹੈ, ਇਸੇ ਲਈ ਉਹ ਪਾਠਕ ਤੋਂ ਅੱਗੇ ਸ੍ਰੋਤੇ ਦੀ ਕਲਪਨਾ ਕਰਦਾ ਹੈ। ਪ੍ਰਵਚਨੀ ਪੱਧਰ ’ਤੇ ਉਹ ਲਿਖਤ ਸ਼ਕਤੀ ਤੋਂ ਅੱਗੇ ਬੋਲ ਸ਼ਕਤੀ ਦੇ ਸਕਾਰਾਤਮਕ ਪੱਖ ਨੂੰ ਕਿਰਿਆਸ਼ੀਲ ਕਰਨ ਦਾ ਸੁਝਾਅ ਦਿੰਦਾ ਹੈ ਅਤੇ ਘੱਟ ਗਿਣਤੀ ਦੇ ਪਾਠਕਾਂ ਤੋਂ ਆਮ ਜਨਤਾ ਤੱਕ ਪਹੁੰਚ ਕਰਨ ਨੂੰ ਲੇਖਕ ਦਾ ਕਰਤੱਵ ਥਾਪਦਾ ਹੈ। ਉਹ ਮਹਾਨ ਸਾਹਿਤ ਅਤੇ ਮਹਾਨ ਸਾਹਿਤਕਾਰ ਦੀ ਕਲਪਨਾ ਕਰਦਾ ਹੈ।

ਯਥਾਰਥਵਾਦੀ ਸਾਹਿਤ ਦੇ ਪਛਾਣ-ਚਿੰੰਨ੍ਹ[ਸੋਧੋ]

ਪ੍ਰੋ. ਕਿਸ਼ਨ ਸਿੰਘ ਨੇ ਯਥਾਰਥਵਾਦੀ ਸਾਹਿਤ ਦੇ ਪਛਾਣ-ਚਿੰਨ੍ਹਾਂ ਪ੍ਰਤੀ ਨਿੱਠ ਕੇ ਚਰਚਾ ਕੀਤੀ ਹੈ। ਉਸਦਾ ਯਥਾਰਥ ਦੀ ਪੇਸ਼ਕਾਰੀ ਸੰਬੰਧੀ ਮੰਨਣਾ ਹੈ ਕਿ ਇਤਿਹਾਸਕ ਯਥਾਰਥ ਅਤੇ ਸਾਹਿਤਿਕ ਯਥਾਰਥ ਵਿੱਚ ਅੰਤਰ ਹੁੰਦਾ ਹੈ ਪਰੰਤੂ ਇਹ ਦੋਵੇਂ ਦਵੰਦਾਤਮਕ ਸੰਬੰਧ ਵਿੱਚ ਬੱਝੇ ਹੁੰਦੇ ਹਨ। ਇਤਿਹਾਸਕ ਯਥਾਰਥ ਨੂੰ ਸਾਹਿਤਿਕ ਯਥਾਰਥ ਵਿੱਚ ਢਲਣ ਜਾਂ ਦਾਖ਼ਲ ਹੋਣ ਲਈ ਸਾਹਿਤਿਕ ਪੈਮਾਨਿਆਂ ਦਾ ਅਨੁਸਾਰੀ ਹੋਣਾ ਪੈਂਦਾ ਹੈ। ਯਥਾਰਥਵਾਦੀ ਸਾਹਿਤ ਦੇ ਪਛਾਣ-ਚਿੰਨ੍ਹਾਂ ਨੂੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ :

  • ਸਮਾਜਿਕ ਤੌਰ ’ਤੇ ਸੱਚ ਦੀ ਪੇਸ਼ਕਾਰੀ
  • ਸਮਾਜਿਕ ਜੀਵਨ ਦੇ ਪ੍ਰਤੀਨਿਧ ਅੰਗਾਂ ਦਾ ਵਰਣਨ
  • ਵਾਰਤਾਲਾਪ ਦੀ ਸਹੀ ਦ੍ਰਿਸ਼ਟੀਕੋਣ ਤੋਂ ਪੇਸ਼ਕਾਰੀ
  • ਸਮਾਜਿਕ ਵਿਚਾਰਧਾਰਾ ਨੂੰ ਪੇਸ਼ ਕਰਨਾ
  • ਜਿਉਂਦੇ ਜਾਗਦੇ ਪਾਤਰਾਂ ਨੂੰ ਪ੍ਰਸਤੁਤ ਕਰਨਾ
  • ਸਮਾਜਿਕ ਚਿੱਤਰ ਨੂੰ ਚਿਤਵਣਾ
  • ਠੋਸ ਤੇ ਖ਼ਾਸ ਅਨੁਭਵ ’ਤੇ ਅਧਾਰਿਤ
  • ਭਾਸ਼ਾ ਦਾ ਲੋਕ ਚੇਤਨਾ ਵਾਲਾ ਤੇ ਪ੍ਰਤੀਨਿਧ ਮੁਹਾਵਰਾ
  • ਵਸਤੂ ਤੇ ਰੂਪ ਦਾ ਦਵੰਦਾਤਮਕ ਰਿਸ਼ਤਾ
  • ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਦੀ ਪੇਸ਼ਕਾਰੀ।

ਸੀਮਾਵਾਂ[ਸੋਧੋ]

ਕਿਸ਼ਨ ਸਿੰਘ ਦੀ ਸਿਧਾਂਤਕ ਸਮਝ ਉੱਪਰ ਤਾਂ ਸੁਆਲ ਉੱਠਣੇ ਮੁਸ਼ਕਿਲ ਹਨ ਪਰੰਤੂ ਸਮੱਸਿਆ ਉੱਥੇ ਖੜ੍ਹੀ ਹੁੰਦੀ ਹੈ ਜਦੋਂ ਉਹ ਆਪਣੀ ਸਿਧਾਂਤਕ ਸਮਝ ਨੂੰ ਵਿਹਾਰ ਵਿੱਚ ਲਾਗੂ ਕਰਦਾ ਹੈ। ਇੱਥੇ ਉਹ ਟਪਲਾ ਖਾ ਜਾਂਦਾ ਹੈ। ਉਸਦਾ ਚਿੰਤਨ ਨਿਸ਼ਚਿਤਤਾ ਦਾ ਸ਼ਿਕਾਰ ਹੈ। ਉਹ ਸਾਹਿਤ ਦੇ ਵਿਆਖਿਆ ਵਿਸ਼ਲੇਸ਼ਣ ਵੇਲ਼ੇ ਉਸ ਵਿੱਚ ਮਨਪਸੰਦ ਦੇ ਅਰਥ ਭਰਨ ਦੀ ਕੋਸ਼ਿਸ਼ ਕਰਦਾ ਹੈ, ਆਪਹੁਦਰੀ ਵਿਆਖਿਆ ਕਰਦਾ ਹੈ ਅਤੇ ਨਿਸ਼ਚਿਤ ਤੇ ਲਕੀਰੀ ਸਿੱਟੇ ਕੱਢਦਾ ਹੈ। ਉਸਦੇ ਚਿੰਤਨ ਪ੍ਰਤੀ ਡਾ. ਹਰਿਭਜਨ ਸਿੰਘ ਭਾਟੀਆ ਸੁਆਲ ਖੜ੍ਹੇ ਕਰਦੇ ਹਨ ਕਿ ਇਸਦਾ ਸੰਬੰਧ ਮਾਰਕਸਵਾਦੀ ਰਾਜਨੀਤੀ ਸ਼ਾਸਤਰ ਨਾਲ ਹੈ ਜਾਂ ਮਾਰਕਸਵਾਦੀ ਸੁਹਜ ਸ਼ਾਸਤਰ ਨਾਲ ? ਉਹ ਵਿਹਾਰਿਕ ਅਧਿਐਨ ਸਮੇਂ ਮਾਰਕਸਵਾਦ ਅਤੇ ਧਰਮ ਨੂੰ ਇੱਕ ਰੰਗ ਜਾਂ ਇੱਕ ਰੂਪ ਕਿਉਂ ਕਰ ਦੇਂਦਾ ਹੈ ?[8] ਡਾ. ਰਵਿੰਦਰ ਸਿੰਘ ਰਵੀ ਅਤੇ ਗੁਰਬਖ਼ਸ਼ ਸਿੰਘ ਫ਼ਰੈਂਕ ਦਾ ਉਸਦੇ ਚਿੰਤਨ ਪ੍ਰਤੀ ਮੁੱਖ ਇਤਰਾਜ਼ ਇਹ ਹੈ ਕਿ ਉਸਦੇ ਚਿੰਤਨ ਦਾ ਮੁਹਾਵਰਾ ਹੀ ਅਗਾਂਹਵਧੂ ਹੈ। ਇਹ ਮਾਰਕਸਵਾਦੀ ਸ਼ਬਦਾਵਲੀ ਦੇ ਪ੍ਰਯੋਗ ਤੱਕ ਹੀ ਸੀਮਿਤ ਹੈ। ਕਿਸ਼ਨ ਸਿੰਘ ਦਾ ਮੱਧਕਾਲੀ ਸਾਹਿਤ ਨਾਲ ਨਾਤਾ ਉਪਭਾਵੁਕਤਾ ਦੀ ਪੱਧਰ ਦਾ ਹੈ। ਉਹ ਆਧੁਨਿਕ ਸਾਹਿਤ ਨੂੰ ਉਪਭਾਵੁਕਤਾ ਦੀ ਪੱਧਰ ’ਤੇ ਛੁਟਿਆਉਂਦਾ ਹੈ। ਗੁਰਦਿਆਲ ਸਿੰਘ ਜ਼ਰੂਰ ਇੱਕ ਅਪਵਾਦ ਵਜੋਂ ਨਜ਼ਰ ਆਉਂਦਾ ਹੈ। ਇਹ ਸੰਤ ਸਿੰਘ ਸੇਖੋਂ ਤੋਂ ਉਲਟ ਦਿਸਦੀ ਪਰ ਉਸੇ ਕਿਸਮ ਦੀ ਦ੍ਰਿਸ਼ਟੀ ਹੈ। ਸੰਤ ਸਿੰਘ ਸੇਖੋਂ ਮੱਧਕਾਲੀ ਸਾਹਿਤ ਨੂੰ ਪਰਾ-ਸਾਹਿਤ, ਲੋਕ ਸਾਹਿਤ ਨੂੰ ਨਿਮਨ-ਸਾਹਿਤ ਕਹਿੰਦਾ ਹੋਇਆ ਆਧੁਨਿਕ ਸਾਹਿਤ ਦਾ ਮਹਿਮਾ ਗਾਣ ਕਰਦਾ ਹੈ। ਕਿਸ਼ਨ ਸਿੰਘ ਮੱਧਕਾਲੀ ਸਾਹਿਤ ਵਿਚੋਂ ਜਮਾਤੀ ਪੈਂਤੜੇ ਦੀ ਪਛਾਣ ਕਰਦਾ ਕਰਦਾ ਗੁਰਬਾਣੀ ਦੇ ਗੁਰਮੁਖ, ਕਿੱਸੇ ਵਿਚਲੀ ਹੀਰ ਤੇ ਸੂਫ਼ੀ ਕਵਿਤਾ ਵਿਚਲੇ ਦਰਵੇਸ਼ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ। ਉਹ ਅਧਿਆਤਮਕ ਚਿੰਤਨ ਦੇ ਤਮਾਮ ਸੰਕਲਪਾਂ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਖੋਲ੍ਹਦਾ ਹੋਇਆ ਮਜ਼ਹਬ ਦੀਆਂ ਕਦਰਾਂ-ਕੀਮਤਾਂ ਨੂੰ ਜਮਾਤੀ ਕੀਮਤਾਂ ਨਾਲ ਰਲ਼ਾ ਦਿੰਦਾ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਲਿਖਤਾਂ ਵਿੱਚ ਬਹੁਤ ਸਾਰੇ ਸੰਕਲਪਾਂ ਦਾ ਦੁਹਰਾਅ ਬਹੁਤ ਕਰਦਾ ਹੈ ਤੇ ਇਸ ਦੁਹਰਾਅ ਕਰਕੇ ਲਿਖਤ ਲੋੜ ਤੋਂ ਵਧੇਰੇ ਲੰਮੀ ਹੋ ਜਾਂਦੀ ਹੈ ਤੇ ਇਸਨੂੰ ਪੜ੍ਹਦਿਆਂ ਪਾਠਕ ਨੂੰ ਅਕੇਵਾਂ ਮਹਿਸੂਸ ਹੁੰਦਾ ਹੈ।

ਬਾਹਰੀ ਕੜੀਆਂਂ[ਸੋਧੋ]

ਕਿਸ਼ਨ ਸਿੰਘ (ਪੰਜਾਬੀ ਪੀਡੀਆ)

Remembering a literary don.

ਹਵਾਲੇ[ਸੋਧੋ]

  1. ਡਾ. ਜਸਵਿੰਦਰ ਸਿੰਘ, ਡਾ. ਮਾਨ ਸਿੰਘ ਢੀਂਡਸਾ (2008). ਪੰਜਾਬੀ ਸਾਹਿਤ ਦਾ ਇਤਿਹਾਸ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 158. ISBN 81-7380-414-1. 
  2. https://www.dawn.com/news/1362291/non-fiction-re-reading-guru-nanak
  3. ਪ੍ਰੋ. (ਸੰਪਾ.), ਪ੍ਰੀਤਮ ਸਿੰਘ (2003). ਪੰਜਾਬੀ ਲੇਖਕ ਕੋਸ਼. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 240. 
  4. ਭਾਟੀਆ, ਹਰਿਭਜਨ ਸਿੰਘ (2004). ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ. ਦਿੱਲੀ: ਪੰਜਾਬੀ ਅਕਾਦਮੀ. p. 115. 
  5. ਵਿਨੋਦ, ਟੀ. ਆਰ. (2007). ਪੰਜਾਬੀ ਆਲੋਚਨਾ ਸ਼ਾਸਤਰ. p. 92. 
  6. ਭਾਟੀਆ, ਹਰਿਭਜਨ ਸਿੰਘ (2004). ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ. ਦਿੱਲੀ: ਪੰਜਾਬੀ ਅਕਾਦਮੀ. p. 117. 
  7. ਭਾਟੀਆ, ਹਰਿਭਜਨ ਸਿੰਘ (2004). ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ. ਦਿੱਲੀ: ਪੰਜਾਬੀ ਅਕਾਦਮੀ. p. 118. 
  8. ਭਾਟੀਆ, ਹਰਿਭਜਨ ਸਿੰਘ (2004). ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ. ਦਿੱਲੀ: ਪੰਜਾਬੀ ਅਕਾਦਮੀ. p. 119.