ਸਮੱਗਰੀ 'ਤੇ ਜਾਓ

ਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀ ਕਹਾਣੀ ਦਾ ਇਤਿਹਾਸ
ਲੇਖਕਡਾ.ਬਲਦੇਵ ਸਿੰਘ ਧਾਲੀਵਾਲ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਕਸਾਹਿਤ ਅਕਾਦਮੀ ਦਿੱਲੀ

'ਪੰਜਾਬੀ ਕਹਾਣੀ ਦਾ ਇਤਿਹਾਸ' ਡਾ. ਬਲਦੇਵ ਸਿੰਘ ਧਾਲੀਵਾਲ ਵਲੋਂ ਿਦੱਲੀ ਸਾਹਿਤ ਅਕਾਦਮੀ ਦੇ ਖੋਜ ਪ੍ਰੋਜੈਕਟ 'ਪੰਜਾਬੀ ਸਾਿਹਤ ਦੀ ਇਤਹਾਸਕਾਰੀ' ਅਧੀਨ ਲਿਖਿਆ ਗਿਆ ਹੈ। ਪੰਜਾਬੀ ਕਹਾਣੀ ਦੇ ਇਤਿਹਾਸ ਲਿਖਣ ਵੇਲੇ ਉਹਨਾਂ ਨੇ ਕਹਾਣੀਕਾਰਾਂ ਦੇ ਵੇਰਵੇ ਦਿੱਤੇ ਹਨ,ਜਿਹਨਾਂ ਬਾਰੇ ਉਹਨਾਂ ਆਪ ਲਿਖਿਆ ਹੈ।"ਮੈਂ ਸਮਝਦਾ ਹਾਂ ਕਿ ਇਤਿਹਾਸ ਵਿੱਚ ਲੇਖਕ ਬਾਰੇ ਪ੍ਰਮਾਣਕ ਵੇਰਵੇ ਦਰਜ ਕਰਨ ਨੂੰ ਸਭ ਤੋਂ ਵਧੇਰੇ ਮਹੱਤਵ ਮਿਲਣਾ ਚਾਹਿਦਾ ਹੈ।ਇਸ ਲਈ ਮੈਂ ਕਹਾਣੀਕਾਰਾਂ ਦੇ ਜੀਵਨ,ਰਚਨਾ ਅਤੇ ਉਹਨਾਂ ਸਬੰਧੀ ਹੋਏ ਖੋਜ-ਕਾਰਜ ਦੇ ਵੇਰਵੇ ਦੇਣ ਉਤੇ ਸਭ ਤੋਂ ਵਧ ਬਲ ਦਿੱਤਾ ਹੈ।"[1] ਉਹਨਾਂ ਨੇ ਅਗਲੇਰੀ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਉਨ੍ਹਾਂ ਸਮੂਹ ਸਰੋਤਾਂ ਦੀ ਸੂਚੀ ਵੀ ਉਪਲਭਦ ਕਰਾਈ ਹੈ ਜਿਹੜੇ ਪੰਜਾਬੀ ਕਹਾਣੀ ਦਾ ਮੁਕੰਮਲ ਅਤੇ ਪ੍ਰਮਾਣਕ ਇਤਿਹਾਸ ਲਿਖਣ ਲਈ ਸਹਾਈ ਹੋ ਸਕਦੇ ਹਨ।ਡਾ.ਬਲਦੇਵ ਸਿੰਘ ਨੇ ਆਧੁਨਿਕ ਪੰਜਾਬੀ ਕਹਾਣੀ ਦੀ ਸ਼ੁਰੂਆਤ ਸੰਤ ਸਿੰਘ ਸੇਖੋਂ ਤੋਂ ਨਹੀਂ ਬਲਕਿ ਮੋਹਨ ਸਿੰਘ ਵੈਦ ਤੋਂ ਮੰਨਿਆ ਹੈ।[2] ਕਹਾਣੀ ਦੇ ਇਤਿਹਾਸ ਨੂੰ ਉਹਨਾਂ ਨੇ ਚਾਰ ਪੜਾਵਾਂ ਵਿੱਚ ਵੰਡਿਆ ਹੈ ਤੇ ਉਹਨਾਂ ਦਾ ਨਾਮਕਰਨ ਮੂਲ ਰੂਪ ਵਿੱਚ ਯਥਾਰਥਵਾਦੀ ਵਿਸ਼ਵ-ਦ੍ਰਿਸ਼ਟੀ ਤੋਂ ਪ੍ਰੇਰਿਤ ਹੈ।

  1. ਆਦਰਸ਼ਵਾਦੀ ਯਥਾਰਥਵਾਦ(1913 ਤੋਂ 1935 ਤੱਕ)
  2. ਪ੍ਰਗਤੀਵਾਦੀ ਯਥਾਰਥਵਾਦ(1936 ਤੋਂ 1965 ਤੱਕ)
  3. ਵਸਤੂਮੁਖੀ ਯਥਾਰਥਵਾਦ(1966 ਤੋਂ 1990 ਤੱਕ)
  4. ਉਤਰ-ਯਥਾਰਥਵਾਦ(1990 ਤੋਂ ਹੁਣ ਤੱਕ ਜਾਰੀ)

ਆਦਰਸ਼ਵਾਦੀ ਯਥਾਰਥਵਾਦ(1913 ਤੋਂ 1999 ਤੱਕ)

[ਸੋਧੋ]

ਮੱਧਕਾਲੀ ਚੇਤਨਾ ਮੂਲ ਰੂਪ ਵਿੱਚ ਮਨੁੱਖ ਦੀ ਅਧਿਆਤਮਕ ਚੇਤਨਾ ਨੂੰ ਕੇਂਦਰ ਵਿੱਚ ਰਖਦੀ ਹੈ।ਇਸ ਅਨੁਸਾਰ ਇਸ ਦ੍ਰਿਸ਼ਟਮਾਨ ਸ੍ਰਿਸ਼ਟੀ ਦੀ ਸੰਚਾਲਕ ਇੱਕ ਪਾਰਲੌਕਿਕ ਸ਼ਕਤੀ ਹੈ ਜੋ ਸਵੈਸਿਰਜਤ,ਸਰਵਸ਼ਕਤੀਮਾਨ,ਸਰਵਵਿਆਪਕ ਅਤੇ ਸਰਵਕਲਾ-ਸੰਪੰਨ ਸਰੂਪ ਵਾਲੀ ਹੈ।ਇਸ ਮਨੋਰਥ ਲਈ ਬਿਰਤਾਂਤਕਾਰ ਆਪਣੀ ਬਿਰਤਾਂਤਕ ਰਚਨਾ ਦਾ ਆਰੰਭ ਉਸ ਪਰਮਸ਼ਕਤੀ ਦੇ ਮਹਾਤਮ ਨਾਲ ਕਰਦਾ ਹੈ।ਘਟਨਾਵਾਂ ਨੂੰ ਕੁਦਰਤੀ ਕਾਲ ਅਨੁਸਾਰ ਲਕੀਰੀ ਪਾਸਾਰ ਵਿੱਚ ਜੋੜਦਾ-ਬਿੜਦਾ ਹੈ,ਪਾਤਰਾਂ ਨੂੰ ਅਛਾਈ ਅਤੇ ਬੁਰਾਈ ਦੇ ਪ੍ਰਤੀਨਿਧਾਂ,ਕਾਲੇ-ਚਿੱਟੇ ਵਰਗਾਂ ਵਿੱਚ ਵੰਡ ਲੈਂਦਾ ਹੈ ਅਤੇਬਦੀ ਉਤੇ ਨੇਕੀ ਦੀ ਜਿੱਤ ਦਾ ਕਾਵਿਕ-ਨਿਆ ਸਿਰਜਦਾ ਹੈ।ਆਧੁਨਿਕ ਚੇਤਨਾ ਦੇ ਉਦੇ ਨਾਲ ਬਿਰਤਾਂਤਚੇਤਨਾ ਵਿੱਚ ਵੀ ਗੁਣਾਤਮਕ ਪਰਿਵਰਤਨ ਵਾਪਰਦੇ ਹਨ।ਸਿਟੇ ਵਜੋਂ ਆਧੁਨਿਕ ਬਿਰਤਾਂਤ ਸਾਹਿਤ ਦੀ ਸਿਰਜਣਾ ਲਈ ਨੀਂਹ ਰੱਖੀ ਜਾਂਦੀ ਹੈ।ਭਾਰਤ/ਪੰਜਾਬ ਵਿੱਚ ਪੱਛਮੀ ਵਿਗਿਆਨਕ ਚੇਤਨਾ ਅਤੇ ਪੂੰਜੀਵਾਦ ਸੰਵੇਦਨਾ ਦੇ ਦਖਲ ਨਾਲ ਅਜਿਹਾ ਪਰਿਵਰਤਨ ਹੋਣ ਲਗਦਾ ਹੈ।ਇਸ ਆਧੁਨਿਕ ਚੇਤਨਾ ਦੀ ਬੁਨਿਆਦ ਮੱਧਕਾਲੀ ਅਧਿਆਤਮਕ ਚੇਤਨਾ ਦੇ ਉਲਟ ਲੌਕਿਕ ਚੇਤਨਾ ਉਤੇ ਟਿਕੀ ਮੂਰਤੀਮਾਨ ਹੁੰਦੀ ਹੈ।ਨਿਰਸੰਦੇਹ,ਇਸ ਆਧੁਨਿਕ ਚੇਤਨਾ ਦੀ ਅਧਾਰਸ਼ਿਲਾ ਪੱਛਮੀ ਗਿਆਨ-ਵਿਗਿਆਨ ਅਤੇ ਪੂੰਜੀਵਾਦ ਬਣਦਾ ਹੈ ਪਰ ਇਸ ਵਿੱਚ ਉਸ ਭਾਰਤੀ ਲੌਕਿਕ ਚੇਤਨਾ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਹੜੀ ਮੱਧਕਾਲ ਵਿੱਚ ਅਧਿਆਤਮਵਾਦੀ ਆਦਰਸ਼ਵਾਦੀ ਮਹਾਂਪਰੰਪਰਾ ਦੇ ਸਮਵਿੱਥ ਪਦਾਰਥਵਾਦੀ ਲਘੂ- ਪਰੰਪਰਾ(ਸਾਂਖ,ਬੁੱਧਮਤ,ਭਗਤੀ ਲਹਿਰ) ਦੇ ਰੂਪ ਵਿੱਚ ਪ੍ਰਵਾਹਮਾਨ ਰਹੀ।ਮੋਹਨ ਸਿੰਘ ਵੈਦ,ਹੀਰਾ ਸਿੰਘ ਦਰਦ,ਚਰਨ ਸਿੰਘ ਸ਼ਹੀਦ,ਬਲਵੰਤ ਸਿੰਘ ਚਤਰਥ,ਅਭੈ ਸਿੰਘ,ਨਾਨਕ ਸਿੰਘ ਆਦਿ ਇਸ ਦੌਰ ਦੇ ਕਹਾਣੀਕਾਰ ਹਨ।

ਪ੍ਰਗਤੀਵਾਦੀ ਯਥਾਰਥਵਾਦੀ(1936 ਤੋਂ 1965 ਤੱਕ)

[ਸੋਧੋ]

ਪੰਜਾਬੀ ਕਹਾਣੀ ਵਿੱਚ ਚੌਥੇ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਪੰਜਾਬੀ ਕਹਾਣੀ ਦੀ ਰਚਨਾ- ਦ੍ਰਸ਼ਟੀ ਵਿੱਚ ਅਜਿਹਾ ਗੁਣਨਾਤਮਕ ਪਰਿਵਰਤਨ ਵੇਖਣ ਨੂੰ ਮਿਲਦਾ ਹੈ ਜਿਸ ਨਾਲ ਇਹ ਮੱਧਕਾਲੀ ਅਧਿਆਤਮਵਾਦੀ ਆਦਰਸ਼ਵਾਦ ਅਤੇ ਰੁਮਾਂਚਕਾਰੀ ਸੁਧਾਰਵਾਦ ਦੀ ਰਹਿੰਦ-ਖੂੰਹਦ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਵਿਚਰਨ ਲਗਦੀ ਹੈ।ਇਹ ਪਰਿਵਰਤਨ ਕਥਾ-ਚੇਤਨਾ ਨੂੰ ਸਿਖਰ ਤੇ ਪਹੁੰਚੇ ਸੁਤੰਤਰਤਾ ਸੰਗਰਾਮ,ਦੂਜੇ ਿਵਸ਼ਵ ਯੁੱਧਨਾਲ,ਪੂੰਜੀਵਾਦੀ ਚੇਤਨਾ ਨਾਲ ਵਰੋਸਾਏ ਮਧਵਰਗੀ ਵਿਅਕਤੀਵਾਦ,ਲੋਕਤੰਤਰੀ ਸੰਕਲਪਾਂ ਤੋਂ ਪ੍ਰੇਰਿਤ ਬਰਾਬਰੀਵਾਦ ਅਤੇ ਵਿਗਿਆਨ ਦੇ ਦਰਸ਼ਨ ਦੇ ਖੇਤਰ ਦੀਆਂ ਵਿਭਿੰਨ ਲੱਭਤਾਂ ਨੇ ਠੋਸ ਧਰਾਤਲ ਪ੍ਰਦਾਨ ਕੀਤਾ।ਨਿਊਟਨ ਦੇ ਗਤੀ ਸਿਧਾਂਤ, ਡਾਰਵਿਨ ਦੇ ਵਿਕਾਸ ਸਿਧਾਂਤ,ਮਾਰਕਸ ਦੇ ਦਵੰਦਵਾਦੀ ਇਤਿਹਾਸਕ ਭੌਤਿਕਵਾਦ ਅਤੇ ਫਰਾਇਡ ਦੇ ਮਨੋਵਿਸ਼ਲੇਸ਼ਣ ਦੇ ਸਿਧਾਂਤ ਨੇ ਬ੍ਰਹਿਮੰਡ, ਸਮਾਜ,ਵਿਅਕਤੀ ਅਤੇ ਮਨ ਨੂੰ ਸਮਝਣ ਦੇ ਨਵੇਂ ਕੌਣ ਸਾਹਮਣੇ ਲਿਆਂਦੇ। ਅਜਿਹੇ ਪਰਿਵਰਤਨ ਦੀ ਕਨਸੋਆਂ ਪਹਿਲਾਂ ਨਾਨਕ ਸਿੰਘ, ਸ਼ਹੀਦ,ਦਰਦ,ਪ੍ਰੀਤਲੜੀ ਅਤੇ ਮੁਸਾਫਿਰ ਦੀਆਂ ਕੁਝ ਕਹਾਣੀਆਂ ਰਾਹੀਂ ਵੀ ਮਿਲਨੀ ਆਰੰਭ ਹੋ ਗਈ ਸੀ ਪਰ ਸੰਤ ਸਿੰਘ ਸੇਖੋਂ(ਸਮਾਚਾਰ),ਮੋਹਨ ਸਿੰਘ(ਨਿੱਕੀ ਨਿੱਕੀ ਵਾਸਨਾ),ਦੇਵਿੰਦਰ ਸਤਿਆਰਥੀ(ਕੁੰਗ ਪੋਸ਼),ਕਰਤਾਰ ਸਿੰਘ ਦੁਗਲ(ਸਵੇਰ ਸਾਰ)ਅਤੇ ਸੁਜਾਨ ਸਿੰਘ(ਦੁੱਖ ਸੁੱਖ) ਦੀਆਂ ਕਹਾਣੀਆਂ ਇਸੇ ਪਰਿਵਰਤਨ ਦੀ ਤਕੜੀ ਅਧਾਰਸ਼ਿਲਾ ਹੋ ਨਿਬੜੀਆਂ।

ਵਸਤੂਮੁਖੀ ਯਥਾਰਥਵਾਦ(1966 ਤੋਂ 1990 ਤੱਕ)

[ਸੋਧੋ]

ਇਹੀ ਸਮਾਂ ਹੈ ਜਦੋਂ ਆਜ਼ਾਦੀ ਪ੍ਰਾਪਤ ਨਾਲ ਭਾਰਤੀਆਂ ਦੀ ਸਮੂਹ ਸੱਮਸਿਆਵਾਂ ਦੇ ਚਮਤਕਾਰੀ ਢੰਗ ਨਾਲ ਹੱਲ ਹੋਣ ਦੀ ਭ੍ਰਾਂਤੀ ਟੁੱਟਣੀ ਸ਼ੁਰੂ ਹੁੰਦੀ ਹੈ।ਵਿਸ਼ਵ ਪੂੰਜੀਵਾਦ ਦੇ ਵਿਕਾਸ ਸਾਹਮਣੇ ਭਾਰਤ ਦੇ ਸਰਕਾਰੀ ਸਮਾਜਵਾਦੀ ਸੰਕਲਪ ਦਾ ਜਲਵਾ ਮੱਧਮ ਪੈਣ ਲੱਗਦਾ ਹੈ।ਇਸ ਦੇ ਪ੍ਰਤੀਕਰਮ ਵਜੋਂ ਰੋਹ-ਵਿਦਰੋਹ ਅਤੇ ਬੇਬਸੀ ਦੋਵਾਂ ਰੂਪਾਂ ਰਾਹੀਂ ਹੀ ਅਸੁੰਤਸ਼ਟਤਾ ਪ੍ਰਗਟ ਹੋਣ ਲੱਗਦੀ ਹੈ।ਪੰਜਾਬੀਆਂ ਵਿਚਲਾ ਰੋਹ ਪਹਿਲਾਂ ਪੰਜਾਬ ਦੇ ਪੁਨਰ-ਗਠਨ ਲਈ ਲੱਗੇ ਅਕਾਲੀ ਮੋਰਚੇ,ਫਿਰ ਨਕਸਲਬਾੜੀ ਲਹਿਰ ਅਤੇ ਅੰਤ ਸਿੱਖ ਖਾੜਕੂਵਾਦ ਦੇ ਰੂਪਾਂ ਵਿੱਚ ਸਾਹਮਣੇ ਆਉਂਦੇ ਹਨ।ਇਸ ਪੜਾਅ ਵਿੱਚ ਡਾ.ਬਲਦੇਵ ਸਿੰਘ ਧਾਲੀਵਾਲ ਨੇ ਪਾਕਿਸਤਾਨੀ ਪੰਜਾਬੀ ਕਹਾਣੀ ਅਤੇ ਪਰਵਾਸੀ ਪੰਜਾਬੀ ਕਹਾਣੀ ਬਾਰੇ ਵੀ ਜਾਣਕਾਰੀ ਦਿੱਤੀ ਹੈ।ਇਸ ਪੜਾਅ ਦੇ ਕਹਾਣੀਕਾਰਾਂ ਦੇ ਨਾਲ ਨਾਲ ਭਾਵੇਂ ਦੂਜੇ ਪੜਾਅ ਦੀ ਕਹਾਣੀ ਦੇ ਰਚਨਹਾਰ ਵੀ ਅਜੇ ਕਾਰਜਸ਼ੀਲ ਰਹਿੰਦੇ ਹਨ ਪਰ ਉਹ ਆਪਣੇ ਸਥਾਪਤ ਬਿੰਬ ਨੂੰ ਹੀ ਦਰਸਾਉਂਦੇ ਹਨ।ਇਸ ਪੀੜ੍ਹੀ ਦੇ ਕੁਝ ਕਹਾਣੀਕਾਰ ਪਰੰਪਰਕ ਭਾਂਤ ਦੀ ਕਹਾਣੀ ਲਿਖ ਕੇ ਭਾਵੇਂ ਗੁਣਾਤਮਕ ਤੌਰ 'ਤੇ ਤਾਂ ਤੀਜੇ ਪੜਾਅ ਦੀ ਕਹਾਣੀ ਦੇ ਮੁਕਾਬਲਤਨ ਪਛੜੇਵੇਂ ਦਾ ਸ਼ਿਕਾਰ ਰਹਿੰਦੇ ਹਨ ਪਰ ਵਸਤੂ-ਚੋਣ ਪੱਖੋਂ ਉਹ ਵੀ ਮੂਲੋਂ ਹੀ ਨਵੇਕਲੇ ਅਤੇ ਅਛੋਹ ਵਿਸ਼ਿਆਂ ਨਾਲ ਆਪਣੀ ਪਛਾਣ ਤੀਜਾ ਪੜਾਅ ਦੀ ਕਹਾਣੀ ਵਿੱਚ ਬਣਾ ਲੈਂਦੇ ਹਨ।ਮਿਸਾਲ ਵਜੋਂ ਸ਼ਿਵਦੇਵ ਸੰਧਾਵਾਲੀਆ ਅਤੇ ਮਨਮੋਹਨ ਬਾਵਾ ਅਜਿਹੇ ਕਹਾਣੀਕਾਰ ਹਨ।

ਉਤਰ-ਯਥਾਰਥਵਾਦੀ(1991 ਤੋਂ ਬਾਅਦ ਹੁਣ ਤੱਕ ਜਾਰੀ)

[ਸੋਧੋ]

6-7 ਨਵੰਬਰ,1993 ਤੇ 23 ਅਗਸਤ,1997 ਨੂੰ ਹੋਇਆਂ ਕਾਨਫਰੰਸਾ ਤੋਂ ਬਾਅਦ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਦੂਜੇ ਅਤੇ ਤੀਜੇ ਪੜਾਅ ਦੇ ਕਹਾਣੀਕਾਰ ਭਾਵੇਂ ਲਗਾਤਾਰ ਲਿਖ ਰਹੇ ਹਨ ਪਰ ਦੋ-ਚਾਰ ਕਹਾਣੀਕਾਰਾਂ ਨੂੰ ਛੱਡ ਕੇ ਬਾਕੀ ਦੇ ਆਪਣੇ ਕਥਾ-ਮਾਡਲ ਨੂੰ ਦੁਹਰਾ ਹੀ ਰਹੇ ਹਨ।ਉਹਨਾਂ ਦੇ ਸਮਾਨੰਤਰ ਚੌਥੇ ਪੜਾਅ ਦੇ ਕੁਝ ਕੁ ਕਹਾਣੀਕਾਰ ਉਸ ਸਥਾਪਤ ਕਹਾਣੀ ਮਾਡਲ ਨੂੰ ਉਲੰਘ ਕੇ ਨਵੇਂ ਕਹਾਣੀ-ਮਾਡਲ ਦੀ ਤਲਾਸ਼ ਲਈ ਯਤਨਸ਼ੀਲ ਹਨ।ਇਸ ਪਰਿਵਰਤਨ ਦੀ ਸਥਿਤੀ ਦੇ ਪਿਛੋਕੜ ਵਿੱਚ ਜਿਹਨਾਂ ਪ੍੍੍ੇਰਕਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਉਹਨਾਂ ਵਿੱਚ ਸਮਾਜਵਾਦੀ ਵਿਵਸਥਾ ਦੇ ਸੁਪਨੇ ਦਾ ਤਹਿਸ਼-ਨਹਿਸ਼ ਹੋਣਾ, ਕੰਪਿਊਟਰ ਯੁੱਗ ਦੀ ਸੰਚਾਰ-ਕ੍ਰਾਂਤੀ,ਗਲੋਬਲਾਈਜੇਸ਼ਨ ਦੇ ਵਰਤਾਰੇ ਦਾ ਪ੍ਰਚੰਡ ਰੂਪ ਵਿੱਚ ਉਭਰਨਾ ਆਦਿ ਅੰਤਰਰਾਸ਼ਟਰੀ ਵਰਤਾਰੇ ਪ੍ਰਮੁੱਖ ਰੂਪ 'ਚ ਮੰਨੇ ਗਏ ਹਨ।ਇਸ ਪੜਾਅ ਦੇ ਕਹਾਣੀਕਾਰਾਂ ਵਿੱਚ ਭਾਵੇਂ ਵਧੇਰੇ ਨਾਂ ਚੌਥੀ ਪੀੜ੍ਹੀ ਦੇ ਹੀ ਸ਼ਾਮਲ ਹਨ ਪਰ ਕੁਝ ਉਹ ਕਹਾਣੀਕਾਰ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਹਨ ਜਿਹਨਾਂ ਨੇ ਆਪਣੀਆਂ ਨਵੀਆਂ ਸਮਰੱਥ ਕਹਾਣੀਆਂ ਰਾਹੀਂ ਤੀਜੇ ਪੜਾਅ ਦੇ ਆਪਣੇ ਪੂਰਵਲੇ ਕਹਾਣੀ-ਮਾਡਲ ਨੂੰ ਪਾਰ ਕੀਤਾ ਜਿਵੇਂ ਮਨਮੋਹਨ ਬਾਵਾ।

ਹਵਾਲੇ

[ਸੋਧੋ]
  1. ਡਾ.ਬਲਦੇਵ ਸਿੰਘ ਧਾਲੀਵਾਲ,ਪੰਜਾਬੀ ਕਹਾਣੀ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,ਪੰਨਾ 9
  2. ਉਹੀ ਪੰਨਾ 16