ਸਮੱਗਰੀ 'ਤੇ ਜਾਓ

ਪੰਜਾਬ ਦੇ ਲੋਕ-ਨਾਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜਾਬ ਦੇ ਲੋਕ ਨਾਚ ਤੋਂ ਮੋੜਿਆ ਗਿਆ)
ਕਿੱਕਲੀ
ਪੰਜਾਬੀ ਨਾਚ
ਪੰਜਾਬੀ ਨਾਚ
ਪੰਜਾਬੀ ਲੋਕ ਨਾਚ

"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ।[1] ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"[2]ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:

  • (ੳ) ਇਸਤਰੀਆਂ ਦੇ ਲੋਕ-ਨਾਚ
  • (ਅ) ਮਰਦਾਂ ਦੇ ਲੋਕ-ਨਾਚ

ਪੰਜਾਬ ਵਿੱਚ ਇਸਤਰੀਆਂ ਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਚ ਲੋਕ-ਨਾਚ ਨੱਚਣ ਦੀ ਪ੍ਰੰਪਰਾ, ਪ੍ਰਾਚੀਨ ਕਾਲ ਤੋਂ ਹੀ ਰਹੀ ਹੈ। ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਅਸਲ ਵਿੱਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜ੍ਹੀਆਂ ਹੋਰ ਮੁਟਿਆਰਾਂ ਤਾਲੀ ਮਾਰਦੀਆਂ ਹਨ। ਪੰਜਾਬਣਾ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿੱਚੋ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਇਸ ਤਰ੍ਹਾਂ ਮੁਟਿਅਰਾਂ ਕੋਲ ਨਾ ਬੋਲੀਆਂ ਮੁੱਕਦੀਆਂ ਹਨ, ਨਾ ਥਕਾਣ ਹੁੰਦੀ ਹੈ। ਇਸੇ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ-ਨਾਚ ਮੰਨਿਆਂ ਗਿਆ ਹੈ। ਗਿੱਧਾ, ਸੰਮੀ ਅਤੇ ਕਿੱਕਲੀ ਜਿਹੇ ਪ੍ਰਸਿੱਧ ਲੋਕ-ਨਾਚਾਂ ਤੋਂ ਇਲਾਵਾ ਪੰਜਾਬ ਵਿੱਚ ਇਸਤਰੀਆਂ ਦੇ ਹੋਰ ਲੋਕ-ਨਾਚ ਪ੍ਰਚਲਿਤ ਰਹੇ ਹਨ।

ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਸ ਵਿੱਚ ਤਕੜੇ ਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਅਲਬੇਲੇਪਨ ਵਿੱਚ, ਜ਼ੋਸ਼, ਵੀਰਤਾ ਅਤੇ ਹੌਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਲੋਕ-ਨਾਚ ਭੰਗੜਾ, ਲੋਕ-ਦਿਲਾਂ ਦੀ ਧੜਕਣ ਦੇ ਪ੍ਰਮਾਣਿਕ ਲੋਕ-ਸਾਜ਼ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ। ਭੰਗੜੇ ਦੇ ਆਰੰਭ ਸਮੇਂ ਇਹ ਤਾਲ ਧੀਮੀ ਧੀਮੀ ਵੱਜਦੀ ਹੈ। ਨਚਾਰ ਭੰਗੜੇ ਦੇ ਤਾਲ ਦੇ ਅਨੁਕੂਲ ਪੈਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਲੂਣਦੇ ਹੋਏ, ਇੱਕ ਰੂਪ, ਕਈ ਪ੍ਰਕਾਰ ਦੀਆਂ ਮੁਦਰਾਵਾਂ ਦਾ ਪ੍ਰਗਟਾਵਾ ਕਰਦੇ ਹਨ | ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਅਤੇ ਨਾਂ ਹੀ ਵਿਸ਼ੇਸ਼ ਸਾਜ਼ਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਇੱਥੋਂ ਦੇ ਲੋਕ-ਨਾਚਾਂ ਵਿੱਚ ਵੀ ਕਾਫ਼ੀ ਬਦਲਾਵ ਲਿਆਂਦਾ ਹੈ।

ਪੰਜਾਬ ਦੇ ਲੋਕ ਨਾਚਾਂ ਦੀ ਵਿਲੱਖਣਤਾ

[ਸੋਧੋ]

ਪੰਜਾਬ ਦੇ ਲੋਕ ਨਾਚਾਂ ਦੀ ਇਹ ਵਿਲੱਖਣਤਾ ਰਹੀ ਹੈ ਕਿ ਇਹ ਨਾਚ ਪੰਜਾਬੀਆਂ ਨੂੰ ਲੋਕ ਗੀਤਾਂ ਵਾਂਗ ਵਿਰਸੇ ਵਿੱਚੋਂ ਪ੍ਰਾਪਤ ਹੋਏ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਲੋਕ ਗੀਤ ਅਤੇ ਲੋਕ ਨਾਚ ਵਿਚ ਅੰਤਰ ਨਿਖੇੜਾ ਕਰਨਾ ਮੁਸ਼ਕਿਲ ਹੈ। ਇਹ ਸਮਝਿਆ ਜਾਂਦਾ ਹੈ ਕਿ ਪੰਜਾਬੀਆਂ ਦੇ ਹਰ ਇਕ ਲੋਕ ਗੀਤ ਵਿਚ ਲੋਕ ਨਾਚ ਅਤੇ ਹਰ ਇਕ ਲੋਕ ਨਾਚ ਅੰਦਰ ਲੋਕ ਗੀਤ ਛੁਪਿਆ ਹੁੰਦਾ ਹੈ।

ਪੰਜਾਬ ਦੇ ਲੋਕ ਨਾਚ ਪੰਜਾਬ ਦੇ ਪੇਂਡੂ ਗੱਭਰੂਆਂ ਤੇ ਮੁਟਿਆਰਾਂ ਦੇ ਮਾਣ-ਮੱਤੇ ਜਜ਼ਬਿਆਂ ਦੇ ਪ੍ਰਗਟਾਅ ਨਾਲ ਜੁੜੇ ਰਹੇ ਹਨ। ਪੇਂਡੂ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੁੰਦਾ ਹੈ। ਜਿਸ ਲਈ ਤਕੜੇ ਨਰੋਏ ਜੁੱਸੇ ਦੀ ਲੋੜ ਹੁੰਦੀ ਹੈ। ਜਦੋਂ ਕੰਨ ਉੱਤੇ ਹੱਥ ਧਰ ਕੇ ਪੰਜਾਬੀ ਗੱਭਰੂ ਗੀਤ ਨੁਮਾ ਬੋਲ ਕੱਢਦਾ ਹੈ ਤਾਂ ਚਾਰੇ ਪਾਸੇ ਸੰਨਾਟਾ ਛਾ ਜਾਂਦਾ ਹੈ। ਇਸ ਪੱਖ ਤੋਂ ਪੰਜਾਬੀ ਮੁਟਿਆਰਾਂ ਵੀ ਘੱਟ ਨਹੀਂ। ਫੱਗਣ-ਚੇਤ ਦੀਆਂ ਚਾਨਣੀਆਂ ਰਾਤਾਂ ਹੋਣ ਜਾਂ ਸਾਵਨ ਮਹੀਨੇ ਦੀਆਂ ਤਰਕਾਲਾਂ, ਵਿਆਹ ਸਮੇਂ ਬਰਾਤ ਚੜੀ ਹੋਵੇ ਜਾਂ ਡੋਲੀ ਵਿਦਾ ਹੋਈ ਹੋਵੇ, ਮੁਟਿਆਰਾਂ ਦੇ ਜਜ਼ਬਿਆਂ ਦਾ ਹੜ੍ਹ ਵਗ ਤੁਰਦਾ ਹੈ। ਪੰਜਾਬ ਦੀ ਲੋਕਧਾਰਾ ਸ਼ਾਸਤਰੀ ਡਾ. ਸੋਹਿੰਦਰ ਸਿੰਘ ਬੇਦੀ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਨਾਚ ਪੰਜਾਬੀ ਚਰਿੱਤਰ ਤੇ ਸੰਸਕ੍ਰਿਤੀ ਦਾ ਦਰਪਣ ਹਨ। ਪੰਜਾਬੀ ਲੋਕਾਂ ਦੇ ਸੁਭਾਵ ਜੇ ਕੁਝ ਖਾਸ ਗੁਣ ਲੱਛਣ ਜਿਵੇਂ ਇਕ ਵੀਰਤਾ, ਸਾਹਸ ,ਅਣਖ ਤੇ ਉਨ੍ਹਾਂ ਦੀ ਨਿਡਤਾ ਦੀ ਝਲਕ ਇਨ੍ਹਾਂ ਅੰ ਸਾਫ ਝਲਕਦੀ ਹੈ।[3]

ਪੰਜਾਬੀ ਲੋਕ ਨਾਚ ਵੰਨਗੀਆਂ

[ਸੋਧੋ]

ਨਾਚ ਦਾ ਮਨੁੁੱਖੀ ਜੀਵਨ ਨਾਲ ਅਨਿੱਖੜ ਸੰਬੰਧ ਹੈ। ਮਨੁੱਖ ਮਾਤਰ ਦਾ ਮੁੱਢਲਾ ਸੰਸਾਰ ਮਾਧਿਅਮ ਨਾਚ ਸੀ |ਇਸ ਦੀ ਪ੍ਰੰਪਰਾ ਮਨੁੱਖੀ ਜੀਵਨ ਦੇ ਇਤਿਹਾਸ ਜਿੰਨੀ ਪ੍ਰਾਚੀਨ ਹੈ | ਪ੍ਰਾਰੰਭਕ ਮਨੁੱਖ ਆਪਣੇ ਭਾਵਾਂ ਅਤੇ ਜਜ਼ਬਿਆਂ ਦਾ ਪ੍ਰਗਟਾਵਾ ਸਰੀਰਿਕ ਮੁਦਰਾਵਾਂ ਜਿਹੀ ਸੰਚਾਰ ਵਿਧੀ ਰਾਹੀਂ ਕਰਦਾ ਸੀ। ਇਸ ਤਰਾਂ ਇਹ ਮਨੁੱਖ ਦੀ ਮੁੱਢਲੀ ਪ੍ਰਦਰਸ਼ਨੀ ਹੋ ਨਿਬੱੜੀ।‘ਨਾਚ’ ਸ਼ਬਦ ਨੂੰ ਵਿਆਕਰਣਕ ਸ਼ਬਦ ਸ਼੍ਰੇਣੀ ਦੇ ਅੰਤਰਗਤ ਨਾਂਵ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ‘ਨਾਚਕ’ ਇਸ ਦਾ ਕਿਰਿਆਵੀ ਰੂਪ ਹੈ, ਜਿਸ ਦਾ ਅਰਥ ‘ਲੈਅ' ਤਾਲ ਨਾਲ ਸਰੀਰ ਦੇ ਅੰਗਾਂ ਦੀ ਹਰਕਤ ਕਰਨੀ ਹੈ।

ਇਨਸਾਈਕਲੋਪੀਡੀਆ ਬ੍ਰਿਟੇਨਿਕਾ ਵਿੱਚ ਅੰਕਿਤ ਇੰਦਰਾਜ ਅਨੁਸਾਰ "ਨਾਚ ਕਲਾ ਸਰੀਰ ਨੂੰ ਤਾਲਮਈ ਤਰੀਕੇ ਨਾਲ ਹਰਕਤ ਵਿੱਚ ਲਿਆਉਣ ਦੀ ਕਲਾ ਹੈ। ਜੋ ਵਧੇਰੇ ਕਰਕੇ ਸੰਗੀਤ,ਸਹਿਤ ਕਿਸੇ ਜਜ਼ਬੇ, ਵਿਚਾਰ ਜਾਂ ਕਿਸੇ ਕਥਾ ਨੂੰ ਦਰਸਾਉਣ ਵਾਲੀ ਕਿਸੇ ਮੁਦਰਾ ਰਾਹੀਂ ਮਨੁੱਖ ਦੁਆਰਾ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਪ੍ਰਸਤੁਤ ਕੀਤੀ ਜਾਂਦੀ ਹੈ।”[4]

ਨਾਚ ਵੰਨਗੀਆਂ ਨਾਚ ਸਧਾਰਨ ਪੱਧਰ ਦੀ ਕਲਾ ਤੋਂ ਸ਼ੁਰੂ ਹੋਕੇ ਅਜੋਕੇ ਸਮੇਂ ਤੱਕ ਜਟਿਲ ਅਤੇ ਹੁਨਰੀ ਕਲਾਵਾਂ ਵਾਲੇ ਗੁਣਾਂ ਦੇ ਧਾਰਨੀ ਹੋਣ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਹੈ। ਸੰਸਾਰ ਦੇ ਵਿਭਿੰਨ ਦੇਸ਼ਾਂ, ਕੌਮਾਂ ਜਾਂ ਖਿੱਤਿਆਂ ਦੀ ਆਪੋ ਆਪਣੀ ਵਿਲੱਖਣ ਨਾਚ ਪਰੰਪਰਾ ਹੈ। ਇਸ ਨਾਚ ਪਰੰਪਰਾ ਦੇ ਅੰਤਰਗਤ ਨਾਚ ਦੀਆਂ ਅਨੇਕਾਂ ਵੰਨਗੀਆਂ ਹੋਂਦ ਵਿੱਚ ਆ ਚੁੱਕੀਆਂ ਹਨ। ਨਾਚ ਦੀ ਵਰਗਵੰਡ ਇਸ ਪ੍ਰਕਾਰ ਹੈ:

  1. ਆਰੰਭਕ ਨਾਚ
  2. ਕਬੀਲਾ ਨਾਚ
  3. ਲੋਕ ਨਾਚ
  4. ਸ਼ਾਸਤਰੀ ਨਾਚ
  5. ਆਧੁਨਿਕ ਰਲਗੱਡ ਨਾਚ

ਨਾਚ ਦਾ ਇਹ ਵਰਗੀਕਰਨ ਨਾਚ ਕਲਾ ਦੀ ਪ੍ਰੰਪਰਾ ਵਿੱਚ ਜਿੱਥੇ ਹੁਣ ਤੱਕ ਦੀ ਖੋਜ ਅਨੁਸਾਰ ਵਿਗਿਆਨਕ ਦ੍ਰਿਸ਼ਟੀ ਦਾ ਧਾਰਨੀ ਆਖਿਆ ਜਾ ਸਕਦਾ ਹੈ, ਉੱਥੇ ਇਹ ਸਭਿਆਚਰਕ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੀ ਨਾਚ ਕਲਾ ਦੇ ਅਧਿਐਨ ਵਾਸਤੇ ਉਪਯੋਗੀ ਹੈ, ਹੁਣ ਅਸੀਂ ਲੋਕ ਨਾਚ ਵੰਨਗੀ ਦਾ ਅਧਿਐਨ ਕਰਾਂਗੇ”

(2) ਲੋਕ ਨਾਚ ਦਾ ਪ੍ਰਾਚੀਨ ਕਾਲ ਤੋਂ ਮਨੁੱਖ ਦਾ ਨਾਚ ਨਾਲ ਸਬੰਧ ਰਿਹਾ ਹੈ।ਮਨੁੱਖੀ ਦੇ ਮਨ ਦੇ ਚਾਉ ਤੇ ਭਾਵਾਂ ਦਾ ਸਰੀਰਕ ਅੰਗਾਂ ਦੀਆਂ ਹਰਕਤਾਂ ਦੁਆਰਾ ਕੀਤਾ ਪ੍ਗਟਾਵਾ ਲੋਕ ਨਾਚ ਦਾ ਰੂਪ ਹੈ।

ਸਟੈ੍ਵਡਰਡ ਡਿਕਸ਼ਨਰੀ ਆਫ ਫੋਕਲੋਰ

ਲੋਕ ਨਾਚ ਜੀਵਨ ਦੀ ਸੰਕਟੀ ਅਵਸਰਾਂ ਤੇ ਹਰਕਤਾਂ ਦੇ ਰੂਪ ਵਿੱਚ ਸਮੂਹਿਕ ਪ੍ਰਤੀਕਰਮ ਹੈ, ਜਿਨ੍ਹਾਂ ਵਿੱਚ ਸਮੂਹ ਸ਼ਾਮਲ ਹੋ ਕੇ ਜਾਤੀ ਦੀਆਂ ਭਾਵਨਾਵਾਂ ਅਤੇ ਵਿਸ਼ਵਾਸਾਂ ਦੀ ਤਰਜਮਾਨੀ ਹੈ।

ਡਾ. ਵਣਜਾਰਾ ਬੇਦੀ ਦੇ ਅਨੁਸਾਰ "ਲੋਕ ਨਾਚ ਜਾਤੀ ਦੇ ਚਰਿਤ੍ਰ ਤੇ ਸਾਮੂਹਿਕ ਜਜ਼ਬਿਆਂ ਦਾ ਅੰਗਾਂ ਦੇ ਤਾਲ ਬੱਧ ਲਹਿਰਾੳ ਤੇ ਹਾਵਾਂ ਭਾਵਾਂ ਰਾਹੀਂ ਪ੍ਰਗਟਾੳ ਹੈ”

(3) ਅਸੀਂ ਕਹਿ ਸਕਦੇ ਹਾਂ ਕਿ ਪ੍ਰੰਪਰਾ ਨੂੰ ਲੈ ਕੇ ਅਜੋਕੇ ਨਾਚ ਜੋ ਪੀੜ੍ਹੀ ਦਰ ਪੀੜ੍ਹੀ ਲੋਕ ਸਮੁੱਚ ਦੁਆਰਾ ਪ੍ਰਵਾਨਗੀ ਦੇ ਕੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਦਿੱਤੇ ਜਾਂਦੇ ਹਨ ਜਾਂ ਗ੍ਰਹਿਣ ਕਰਦੇ ਹਨ, ਜਿਸ ਵਿੱਚ ਲੋਕ ਮਨ ਦਾ ਪ੍ਰਗਟਾਵਾ ਹੁੰਦਾ ਹੈ,ਜਿਨ੍ਹਾਂ ਦੇ ਨੱਚਣ ਨਾਲ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ, ਜਿਸ ਵਿੱਚ ਮੁੰਡੇ, ਕੁੜੀਆਂ ਹਰ ਉਮਰ ਦੇ ਵਿਅਕਤੀ ਸ਼ਾਮਿਲ ਹੋ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ, ਨੂੰ ਲੋਕ ਨਾਚ ਦਾ ਨਾਮ ਦਿੱਤਾ ਜਾਂਦਾ ਹੈ।

(4) ਪੰਜਾਬੀ ਲੋਕ ਨਾਚ ਦੀਆਂ ਪ੍ਰਮੁੱBਖੀਆ ਵੰਨਗੀਆਂ

ਭੰਗੜਾ

[ਸੋਧੋ]

ਭੰਗੜਾ ਪੰਜਾਬੀਆਂ ਦਾ ਕੌਮੀ ਨਾਚ ਹੋਣ ਦਾ ਮਾਣ ਰੱਖਦਾ ਹੈ। ਇਹ ਪੁਰਸ਼ਾਂ ਦਾ ਇਕੋ-ਇਕ ਅਜਿਹਾ ਨਾਚ ਹੈ ਜਿਸ ਨੂੰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੇ ਮੰਚਾ ਉੱਤੇ ਪੰਜਾਬ ਦੇ ਪੁਰਸ਼ਾਂ ਦੇ ਨਾਚ ਵਜੋਂ ਪ੍ਰਵਾਨ ਕੀਤਾ ਗਿਆ। ਭੰਗੜੇ ਦੇ ਆਰੰਭ ਵਿੱਚ ਢੋਲੀ ਵਿਸ਼ੇਸ਼ ਕਿਸਮ ਦੀ ਤਾਲ ਨਾਲ ਭਾਂਗੜਿਆ ਨੂੰ ਸੱਦਦਾ ਹੈ। ਉਨ੍ਹਾਂ ਦੇ ਆਉਣ ਤੱਕ ਧਮਾਲ ਨਾਲ ਵੱਜਦੀ ਰਹਿੰਦੀ ਹੈ ਜਿਹੜੀ ਪਹਿਲਵਾਨਾਂ ਦੇ ਅਖਾੜੇ ਦੀ ਤਾਲ ਹੈ। ਪਿੜ ਵਿੱਚ ਪਹੁੰਚ ਕੇ ਪਹਿਲਾ ਹਰ ਨਚਾਰ ਪਿੰਡ ਦੀ ਮਿੱਟੀ ਤੇ ਢੋਲ ਨੂੰ ਅਦਾਬ ਪੇਸ਼ ਕਰਦਾ ਹੈ। ਨਾਚਿਆ ਦਾ ਇਕੱਠ ਹੋਣ ਤੇ ਇਕ ਗਭਰੂ ਢੋਲੇ ਦੀ ਸੱਦ ਲਾਉਂਦਾ ਹੈ। ਬੋਲ ਸ਼ੁਰੂ ਹੁੰਦੇ ਹਨ ਅਤੇ ਉਨ੍ਹਾਂ ਦੇ ਖਤਮ ਹੁੰਦੇ ਹੀ ਤੋੜ ਵਜਦਾ ਹੈ ਤੇ ਹਰ ਤੋੜੇ ਉੱਤੇ ਇੱਕ ਇੱਕ ਛਾਲ ਮਾਰਨ ਨਾਲ ਭੰਗੜਾ ਆਰੰਭ ਹੋ ਜਾਂਦਾ ਹੈ। ਇਸ ਲਈ ਭੰਗੜਾ ਪਹਿਲਵਾਨੀ ਦੇ ਵੀ ਵਧੇਰੇ ਨੇੜੇ ਰਿਹਾ ਹੈ।[5]

ਇਹ Punjab da prasidh ਦਾ ਨਾਚ ਹੈ, ਜਿਸ ਸੰਬੰਧੀ ਇੱਕ ਧਾਰਨਾ ਇਹ ਵੀ ਹੈ ਕਿ ਜਦ ਮੱਧ ਏਸ਼ੀਆ ਤੋਂ ਆਰੀਆ ਲੋਕਾਂ ਨੇ ਭਾਰਤ ਵਿੱਚ ਪ੍ਰਵੇਸ਼ ਕੀਤਾ ਤਾਂ ਕੁਝ ਕਬੀਲੇ ਪੱਕੇ ਤੌਰ ਤੇ ਪੰਜਾਬ ਦੇ ਵਾਸੀ ਬਣ ਗਏ ‘ਭੰਗੜਾ’ ਲੋਕ ਨਾਚ ਉਨ੍ਹਾਂ ਦੀ ਦੇਣ ਹੈ। ਇਸ ਦੇ ਨਾਂ ਸਬੰਧੀ ਵੀ ਕਿਆਸ ਕੀਤਾ ਜਾਂਦਾ ਹੈ ਕਿ ਆਰੰਭ ਵਿੱਚ ਇਸ ਨਾਚ ਨੂੰ ਨੱਚਣ ਵਾਲੇ ਭੰਗ ਪੀਣ ਉਪਰੰਤ ਮਸਤ ਹੋਕੇ ਨੱਚਦੇ ਪਰ। ਇਸ ਤਰਾਂ ਭੰਗ ਤੋਂ ਭੰਗੜਾ ਨਾਮ ਪੈ ਗਿਆ।ਪਰ ਇਸ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਦਾ ਸਬੰਧ ਬਿਕਰਮੀ ਸੰਮਤ ਦੇ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਾਰੇ ਪੰਜਾਬ ਵਿੱਚ ਮਨਾਈ ਜਾਂਦੀ ਵਿਸਾਖੀ ਨਾਲ ਹੈ। ਬੋਲੀਆਂ ਬਿਨਾ ਭੰਗੜਾ ਅਧੂਰਾ ਸਮਝਿਆ ਜਾਂਦਾ ਹੈ। ਇਨ੍ਹਾਂ ਬੋਲੀਆਂ ਵਿੱਚ ਪੰਜਾਬ ਦੀ ਧਰਤੀ, ਪੰਜਾਬ ਦੇ ਗੱਭਰੂਆਂ ਦਾ ਜੋ਼ਸ਼ੀਲਾਪਣ, ਉਨ੍ਹਾਂ ਦੀ ਜਵਾਨੀ ਤੇ ਜਿੰਦਗੀ ਦੀਆਂ ਤਲਖ ਹਕੀਕਤਾਂ ਦਾ ਵਰਣਨ ਮਿਲਦਾ ਹੈ, ਇਸ ਵਿਚ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਜੋਸ਼,ੀਰਤਾ ਤੇ ਹੌਸਲੇ ਭਰਪੂਰ ਨਾਚ ਮੁਦਰਾਵਾ ਰਾਹੀਂ ਕੀਤਾ ਜਾਂਦਾ ਹੈ।

ਗਿੱਧਾ

[ਸੋਧੋ]

ਜਦੋਂ ਪੰਜਾਬ ਦੇ ਲੋਕ ਨਾਚ ਦੀ ਗੱਲ ਚੱਲਦੀ ਹੈ ਤਾਂ ਭੰਗੜੇ ਦੇ ਨਾਲ ਜੋ ਨਾਂ ਹੋਠਾਂ ਤੇ ਆਉਂਦਾ ਹੈ , ਉਹ ਗਿੱਧਾ ਹੈ। ਗਿੱਧਾ ਸਮੁੱਚੇ ਪੰਜਾਬ ਦਾ ਮੁੱਖ ਲੋਕ ਨਾਚ ਹੈ, ਲੋਕ ਮਾਨਸ ਨੇ ਇਸ ਦੇ ਨਾ ਸਬੰਧੀ ਇੱਕ ਦੰਤ ਕਥਾ ਜੋੜੀ ਹੋਈ ਹੈ "ਪੰਜਾਬ ਦੇ ਕਿਸੇ ਪਿੰਡ ਦੇ ਛੱਪੜ ਦੇ ਕੰਢੇ ਹਰ ਪੂਰਨਮਾਸੀ ਦੀ ਰਾਤ ਨੂੰ ਪਰੀਆਂ ਅਸਮਾਨ ਤੋਂ ਉੱਤਰ ਕੇ ਨਾਚ ਕਰਦੀਆਂ, ਗਿੱਧੇ ਤੇ ਸੰਮੀ ਨਾਂ ਦੀਆਂ ਦੋ ਕੁੜੀਆਂ ਨੂੰ ਇਸ ਦੀ ਤਿਣਕ ਪੈ ਗਈ, ਉਨ੍ਹਾਂ ਨੇ ਗਿੱਧਾ ਪਾਉਂਦੀਆਂ ਪਰੀਆਂ ਦੇ ਕਿਨਾਰੇ ਤੇ ਰੱਖੇ ਕੱਪੜੇ ਚੁਰਾ ਲਏ ਅਤੇ ਇਸ ਸ਼ਰਤ ਤੇ ਵਾਪਿਸ ਕੀਤੇ ਕਿ ਪਰੀਆਂ ਉਨ੍ਹਾਂ ਨੂੰ ਨਾਚ ਸਿਖਾ ਦੇਣ, ਇਨ੍ਹਾਂ ਕੁੜੀਆਂ ਦੇ ਨਾਵਾਂ ਤੇ ਗਿੱਧਾ ਤੇ ਸੰਮੀ ਨਾਂ ਦੇ ਨਾਚ ਪ੍ਰਚਲਿੱਤ ਹੋ ਗਏ।" ਪਰ ਅਸਲ ਵਿੱਚ ਗਿੱਧੇ ਤੋਂ ਭਾਵ ਹੱਥ ਨਾਲ ਵੱਜਣ ਵਾਲੀ ਤਾਲੀ ਹੈ, ਕਿਉੰਕਿ ਹੱਥਾਂ ਨਾਲ ਤਾਲੀਆਂ ਵਜਾ ਕੇ ਤਾਲ ਕਾਇਮ ਕੀਤਾ ਜਾਂਦਾ ਹੈ, ਇਸ ਲਈ ਲੋਕ ਨਾਚ ਨੂੰ ਗਿੱਧਾ ਕਿਹਾ ਜਾਂਦਾ, ਗਿੱਧਾ ਮੂਲ ਰੂਪ ਵਿੱਚ ਮੁਟਿਆਰਾਂ ਜਾਂ ਔਰਤਾਂ ਦਾ ਨਾਚ ਹੈ, ਪਰ ਮਾਲਵੇ ਵਿੱਚ ਮਰਦਾ ਦਾ ਗਿੱਧਾ ਵੀ ਪ੍ਰਚਲਿਤ ਰਿਹਾ ਹੈ। ਇਸ ਲੋਕ ਨਾਚ ਦੀ ਤਕਨੀਕ ਬਹੁਤ ਹੀ ਸਾਦੀ ਹੈ। ਕੁੱਝ ਕੁੜੀਆਂ ਇੱਕ ਦਾਇਰੇ ਵਿੱਚ ਖਲੋ ਕੇ ਹੱਥਾਂ ਨਾਲ ਗਿੱਧਾ ਪਾਉਂਦੀਆਂ ਹਨ, ਕੋਈ ਕੁੜੀ ਘੜਾ ਜਾਂ ਢੋਲਕੀ ਲੈ ਕੇ ਘੇਰੇ ਵਿੱਚ ਬੈਠ ਜਾਂਦੀ ਹੈ। ਇੱਕ ਜਾਂ ਦੋ ਕੁੜੀਆਂ ਬੋਲੀ ਪਾਉਂਦੀਆਂ ਹਨ, ਜਦ ਕਿ ਬਾਕੀ ਹੁੰਗਾਰਾ ਭਰਦੀਆਂ ਹਨ। ਗਿੱਧੇ ਦੇ ਵਿੱਚ ਬੋਲੀਆਂ ਆਮ ਤੌਰ ਤੇ ਘਰੇਲੂ ਮਸਲਿਆਂ, ਘੁੱਟੀਆਂ, ਨੂੰਹ ਸੱਸ ਦੀ ਟੱਕਰ, ਦਿਓਰ ਭਰਜਾਈ ਦਾ ਰੁਮਾਂਸ, ਚੰਗੇ ਵਰ ਦੀ ਚੋਣ, ਅੰਮੜੀ ਦਾ ਵਿਹੜਾ ਆਦਿ ਨਾਲ ਜੁੁੜੇ ਹੁੰਦੇ ਹਨ। ਮੁਟਿਆਰਾਂ ਦੇ ਗਿੱਧੇ ਨੂੰ ਇਸਤਰਿਆਂ ਦਾ ਪਰੰਪਰਾਗਤ ਗਿੱਧਾ ਕਿਹਾ ਜਾਂਦਾ ਹੈ ਜਿਸ ਦਾ ਕਾਰਨ ਇਹ ਹੈ ਕਿ ਵਰਤਮਾਨ ਸਮੇਂ ਅੰਦਰ ਲੋਕ ਨਾਚਾਂ ਦੀ ਸਟੇਜ ਅਤੇ ਹੋਰ ਜਨਤਕ ਥਾਵਾਂ 'ਤੇ ਪੇਸ਼ਕਾਰੀ ਦੇ ਰੁਝਾਨ ਨੇ ਇਸ ਨਾਚ ਦੇ ਬੁਨਿਆਦੀ ਸੁਭਾਅ ਵਿਚ ਤਬਦੀਲੀ ਲਿਆਂਦੀ ਹੈ। ਇਸ ਲਈ ਸ਼ੁੱਧ ਰੂਪ ਵਿੱਚ ਗਿੱਧਾ ਲੋਕ ਨਾਚ ਇਸਤਰੀਆਂ ਦਾ ਪਰੰਪਰਾਗਤ ਗਿੱਧਾ ਹੀ ਮੰਨਿਆ ਜਾ ਸਕਦਾ ਹੈ। ਭਾਵੇਂ ਵਿਆਹ ਸ਼ਾਦੀ ਹੋਵੇ, ਮੁੰਡਾ ਜੰਮਣ ਦੀ ਖੁਸ਼ੀ ਹੋਵੇ ਜਾਂ ਨਾਮ ਸੰਸਕਾਰ ਤੇ ਸਾਵਣ ਦੀਆਂ ਝੜੀਆਂ ਆਦਿ ਵੇਲੇ ਪਰੰਪਰਾਗਤ ਗਿੱਧੇ ਦਾ ਜਲਵਾ ਦੇਖਣ ਵਾਲਾ ਧੰਨ ਧੰਨ ਕਰ ਉੱਠਦਾ ਹੈ।[6]

'ਦਿਲ ਦੀਆਂ ਸਾਂਝਾ ਦਾ ਪਿੜ'

ਗਿੱਧੇ ਦਾ ਜਨਮ ਸਾਂਝੇ ਵਲਵਲਿਆਂ ਨੂੰ ਇੱਕ ਲੜੀ ਵਿੱਚ ਪ੍ਰੋਣ ਲਈ ਹੋਇਆ। ਨੱਚਣ ਕੁੱਦਣ ਦੇ ਜਿਓਂਦੇ ਹੁਲਾਰੇ ਪਿਤਾ ਪੁਰਖੀ ਭਾਈਵਾਲ ਦੀਆਂ ਪ੍ਰੀਤ ਰੱਜੀਆਂ ਸੁਰਾਂ ਨਾਲ ਮੌਜ ਮੇਲਿਆਂ ਦੀ ਇੱਕ ਮਿੱਠੀ ਦੁਨੀਆ ਵਸਾ ਵਸਾ ਦੇਂਦੇ ਹਨ। ਗਿੱਧਾ ਕੀ ਹੈ, ਦਿਲਾਂ ਦਾ ਸਾਂਝਾ ਪਿੜ ਹੈ। ਇੱਥੇ ਆਕੇ ਦਿਲਾਂ ਦੇ ਵਿਚਕਾਰ ਬਹੁਤੀਆਂ ਵਿੱਥਾਂ ਨਹੀਂ ਰਹਿੰਦੀਆਂ। ਮਜ਼ਹਬਾਂ ਦਾ ਫ਼ਰਕ ਇੱਥੇ ਕਿਸੇ ਤਰ੍ਹਾਂ ਦੀ ਫਿੱਕ ਨਹਾਈ ਪਾ ਸਕਦਾ। ਖੁਦਾ ਦੇ ਨਿਰਮਲੇ ਬੰਦਿਆਂ ਦਾ ਨਿਰੋਲ ਸੱਭਿਆਚਾਰ ਮਨੁੱਖਤਾ ਤੇ ਸਰਬ ਸਾਂਝ ਦੀ ਪ੍ਰੇਰਣਾ ਨਾਲ ਇਕ-ਮਿੱਕ ਹੋ ਜਾਂਦਾ ਹੈ, ਰਾਮ ਤੇ ਰਹੀਮ ਵਿੱਚ ਕੁੱਝ ਫ਼ਰਕ ਪੈ ਜਾਂਦਾ ਹੈ। ਗਿੱਧੇ ਦੇ ਮੰਗਲਾਚਰਨ ਵਿੱਚ ਦੇਵੀ ਮਾਤਾ ਅੱਲਾ ਤੇ ਗੁਰੂ ਟੇ ਪੀਰ ਦੀ ਅਰਾਧਨਾ ਇਕੋ ਵਲਵਲੇ ਹੇਠ ਕੀਤੀ ਜਾਂਦੀ ਹੈ। ਦੇਵੀ ਮਾਤਾ ਗੌਣ ਬਖਸ਼ਦੀ ਨਾਮ ਲਏ ਜੱਗ ਤਰਦਾ। ਬੋਲੀਆਂ ਪੌਣ ਦੀ ਹੋ ਗਈ ਮਨਸ਼ਾ ਆ ਕੇ ਗਿੱਧੇ ਵਿੱਚ ਵੜਦਾ, ਗਿੱਧੇ ਦੇ ਸਾਂਝੇ ਪਿੜ ਵਿੱਚ ਦਿਲਾਂ ਦਾ ਮੇਲ ਜੋਲ ਹੁੰਦਾ ਹੈ ਤਾਂ ਜੀਵਨ ਵਿੱਚ ਆਪਾ ਪ੍ਰਗਟ ਕਰਨ ਦੀ ਰੀਝ ਜਾਗ ਉੱਠਦੀ ਹੈ। ਗਿੱਧਾ ਪਾਉਣ ਵਾਲੇ ਕਿਸੇ ਅਜਿਹੀ ਵਿਸਮਾਦੀ ਅਵਸਥਾ ਵਿੱਚ ਪੁਹੰਚਣਾ ਨਹੀਂ ਲੋਚਦੇ ਜਿੱਥੇ ਉਹ ਆਪਣੀ ਧਰਤੀ ਦੇ ਨਜ਼ਾਰਿਆਂ ਨੂੰ ਹੀ ਭੁੱਲ ਜਾਣ। ਨੱਚਦੇ ਨੱਚਦੇ ਗਲਵੱਕੜੀਆਂ ਪਾਉਂਦੇ ਰਹਿੰਦੇ ਹਨ ਤੇ ਆਪਣੇ ਗੀਤਾਂ ਵਿੱਚ ਇਹਨਾਂ ਦੇ ਸ਼ਬਦ ਚਿਤ੍ਰ ਖਿੱਚ ਵਖਾਉਂਦੇ ਹਨ।[7]

ਮਲਵਈ ਗਿੱਧਾ

[ਸੋਧੋ]

ਪੰਜਾਬ ਦੇ ਮਾਲਵੇ ਖੇਤਰ ਅੰਦਰ ਮਰਦਾਂ ਦੇ ਗਿੱਧੇ ਦੀ ਇੱਕ ਗੌਰਵਮਈ ਵਿਲੱਖਣ ਪਰੰਪਰਾ ਰਹੀ ਹੈ। ਪੰਜਾਬ ਦੇ ਮਾਲਵੇ ਖੇਤਰ ਵਿੱਚ ਪ੍ਰਚੱਲਿਤ ਹੋਣ ਕਾਰਨ ਇਸ ਨੂੰ ਮਲਵਈ ਗਿੱਧਾ, ਇਸ ਦੇ ਬਚੇ-ਖੁਚੇ ਅੰਸ਼ਾਂ ਨੂੰ ਪੁਰਾਣੀ ਪੀੜ੍ਹੀ ਦੇ ਲੋਕਾਂ ਵੱਲੋਂ ਪੇਸ਼ ਕੀਤੇ ਜਾਣ ਕਾਰਨ ਬਾਬਿਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਕੁੱਝ ਵਿਦਵਾਨ ਪੁਰਸ਼ਾਂ ਦੇ ਗਿੱਧੇ ਨੇ ਔਰਤ ਮਰਦਾਂ ਵਿਚਕਾਰ ਕਾਵਿਕ ਸੰਵਾਦ ਦੇ ਰੂਪ ਵਿੱਚ ਦੇਖਦੇ ਹਨ। ਮਲਵਈ ਗਿੱਧੇ ਦਾ ਆਰੰਭ ਉਸ ਸਮਾਜਿਕ ਲੋੜ ਵਿੱਚ ਹੋਇਆ ਸੀ ਜਦੋਂ ਮੁੰਡੇ ਦੇ ਵਿਆਹ ਸਮੇਂ ਜੰਝ ਚੜ ਜਾਂਦੀ ਸੀ। ਉਹ ਧੀ ਵਾਲੇ ਘਰ ਦੇ ਤਿੰਨ ਦਿਨ ਰਹਿੰਦੀ ਸੀ। ਵਿਆਹ ਵੇਲੇ ਸੱਖਣੇ ਘਰ ਚੋਰਾਂ, ਡਾਕੂਲਾਂ ਦਾ ਡਰ ਬਣਿਆ ਰਹਿੰਦਾ ਸੀ। ਇਸ ਲਈ ਮੁੰਡੇ ਦੀ ਬਰਾਤ ਜਾਣ ਮਗਰੋਂ ਪਰਿਵਾਰ ਕਿਸੇ ਨਾ ਕਿਸੇ ਤਰ੍ਹਾਂ ਜਗਰਾਤਾ ਕੱਟਦਾ ਸੀ। ਕਈ ਵਾਰ ਵਿਆਹ ਦੇ ਚਾਅ ਵਿੱਚ ਨਾਨਕੇ ਮੇਲ ਵਿੱਚ ਆਈਆਂ ਮਸਤੀਆਂ ਹੋਈਆਂ ਮਲਵੈਣਾ ਮਰਦਾਂ ਨੂੰ ਗਿੱਧੇ ਵਿੱਚ ਬੋਲੀ ਪਾਉਣ ਦੀ ਚੁਣੋਤੀ ਦੇ ਦਿੰਦੀਆਂ ਸਨ ਜਾਂ ਕਈ ਵਾਰ ਗਿੱਧਾ ਪਾ ਰਹੀਆਂ ਸੁਟਿਆਰਾਂ ਵਿੱਚ ਚੋਬਰ ਖੁਨ ਸ਼ਾਮਲ ਹੋ ਜਾਂਦੇ ਸਨ। ਪੁਰਸ਼ਾਂ ਦੇ ਗਿੱਧੇ ਵਿੱਚ ਪ੍ਰਸ਼ੋਨੋਤਰੀ ਜਾਂ ਸੰਪਾਦਕੀ ਲਹਿਜੇ ਦੀਆ ਬੋਲੀਆਂ ਪਾਈਆਂ ਜਾਂਦੀਆਂ ਸਨ। ਬੋਲੀਕਾਰ ਕਿਸੇ ਰਿਸ਼ਤੇ ਵਿਸ਼ੇਸ਼ ਨੂੰ ਨਹੀਂ ਸਗੋਂ ਮੇਲਣ ਨੂੰ ਮਖਾਤਿਬ ਹੁੰਦਾ ਸੀ ਜਿਵੇਂ:- ਸੁਣ ਨੀ ਮੇਲਣ ਨੱਚਣ, ਆਈਏ, ਮੈਂ ਤੇਰੇ ਜਸ ਗਾਵਾਂ, ਮੰਦਾ ਬੋਲ ਨਾ ਬੋਲਾ ਗਿੱਧੇ, ਵਿੱਚ ਵਧ ਕੇ ਬੋਲੀ ਪਾਵਾਂ, ਪਾਲਾ ਸਿੰਘ ਮੇਰਾ ਨਾਂ ਸੋਹਣੀਏ, ਮੈਂ ਪਿੰਡ ਚਰ ਖਾੜੇ ਲਾਵਾਂ ਪਿੰਡ ਤਾਂ ਸਾਡਾ ਖਾਸ ਚੋਡੀਕੇ ਸਭ ਗੱਲ ਖੋਲ ਸੂਣਾਵਾਂ, ਬਾਰਾ ਚ ਫੁੱਲ ਖਿੜਿਆ ਕਹੇ ਤਾਂ ਤੋੜ ਲਿਆਵਾਂ...

ਦੂਜੇ ਪਾਸੇ ਮਲਵੈਣਾਂ ਵੀ ਘੱਟ ਹੁੰਦੀਆਂ। ਉਹ ਮੋੜੀ ਰੂਪ ਵਿੱਚ ਬੋਲੀ ਪਾ ਕੇ ਅਖਾੜਾ ਮਘਾ ਦਿੰਦੀਆਂ ਸੀ ਤੇ ਟੇਢੇ ਢੰਗ ਨਾਲ ਬੋਲੀਕਾਰ ਨੂੰ ਘੇਰਨ ਦਾ ਯਤਨ ਕਰਦੀਆਂ ਹਨ:- ਦਾੜੀ ਆਲਿਆ ਪਾਊਨੇ ਬੋਲੀਆਂ, ਆਹ ਤੇਰਾ ਕੰਮ ਮਾੜਾ, ਤੇਰੇ ਵਰਗੇ ਪੜਨ ਪੋਥੀਆਂ ਤੜਕੇ ਫੇਰਦੇ ਮਾਲਾ, ਮੇਰੀ ਬੋਲੀ ਦਾ ਮੋੜ ਕਰੀ ਸਰਦਾਰਾ।1 ਹਾੜ-ਸਾਉਣ ਦੇ ਮਹੀਨੇ ਮੀਂਹ ਪੈਣ ਤੇ ਕਿਸਾਨ ਪਾਉਣੀ ਦੀਆਂ ਫਸਲਾਂ ਬੀਜ ਕੇ ਵਿਹਲੇ ਹੋ ਜਾਂਦੇ ਹਨ। ਮੀਂਹ ਪੈਣ ਕਾਰਨ ਗਰਮੀ ਦੀ ਤਾਪਸ ਘਟ ਜਾਂਦੀ ਹੈ। ਰਾਤ ਨੂੰ ਰੋਟੀ ਟੁੱਕ ਖਾ ਕੇ ਗਿੱਧੇ ਦੀ ਢਾਣੀ ਦੇ ਪੱਕੇ ਮੈਂਬਰ ਆਪਣੇ ਲੋਕ ਸਾਜ ਲੈ ਕੇ ਪਿੰਡ ਦੇ ਬਾਹਰ ਖੱਲ੍ਹੀ ਥਾਂ ਤੇ ਇੱਕਠੇ ਹੁੰਦੇ ਹਨ। ਢੋਲਕੀ ਦੀ ਤਾਲ ਨਾਲ ਤਾਲ ਮਿਲਾ ਕੇ ਗਿੱਧਾ ਪਾਉਣਾ ਸ਼ੁਰੂ ਕਰਦੇ ਹਨ। ਗਿੱਧੇ ਦੇ ਸਾਜਾਂ ਲੈ ਦੀ ਆਵਾਜ ਸੁਣ ਕੇ ਗਿੱਧੇ ਦੇ ਸ਼ੋਕੀਨ ਆਪੋ-ਆਪਣੇ ਸਾਜ਼ ਲੈ ਕੇ ਗਿੱਧੇ ਦੇ ਪਿੜ ਵਿੱਚ ਪਹੁੰਚਣਾ ਸ਼ੁਰੂ ਕਰ ਦਿੰਦੇ ਹਨ। ਭਾਂਦੋ ਦੀ ਚਾਨਣੀ ਨੂੰ ਲੱਗਣ ਵਾਲੇ ਛਪਾਰ ਦੇ ਮੇਲੇ ਤੋਂ ਲੈ ਕੇ ਅੱਗੇ ਚੇਤ ਮਹੀਨੇ ਮਾਤਾ ਰਾਣੀ ਦੇ ਮੇਲਿਆਂ ਤੱਕ ਗਿੱਧੇ ਦਾ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਮਰਦਾਂ ਦਾ ਗਿੱਧਾ ਮਾਲਵੇ ਦੇ ਮੇਲਿਆਂ ਮਹੱਤਵਪੂਰਨ ਵੰਨਗੀ ਹੈ। ਇਨ੍ਹਾਂ ਵਿੱਚ ਕੁੱਝ ਮੇਲੇ ਤਿਉਹਾਰਾਂ ਨਾਲ ਸੰਬੰਧਤ ਹਨ ਜਿਵੇ:- ਵਿਸਾਖੀ, ਦੁਸਹਿਰਾ ਹੋਲੀ ਮਰਦਾਂ ਦੇ ਗਿੱਧੇ ਵਿੱਚ ਪੰਜਾਬ ਦੇ ਸਾਰੇ ਲੋਕ ਸਾਜ ਵਜਾਏ ਜਾ ਸਕਦੇ ਹਨ। ਇਸ ਵਿੱਚ ਪ੍ਰਧਾਨ ਥਾਂ ਢੋਲਕੀ ਦੀ ਹੁੰਦੀ ਹੈ। ਬਾਕੀ ਸਾਜ ਉਸਦੀ ਤਾਲ ਨੂੰ ਰੰਗਣ ਦਿੰਦੇ ਹਨ। ਆਮ ਕਰਕੇ ਗਿੱਧੇ ਦੀ ਇੱਕ ਘੜੇ ਵਾਲਾ ਦੋ ਤਿੰਨ ਬੁਘਦੂਆਂ (ਤੂੰਬਿਆ) ਵਾਲੇ ਦੋ ਚਿੰਮਟਿਆਂ ਵਾਲੇ ਸੱਤ ਅੱਠ ਸੱਪਾਂ ਵਾਲੇ ਇੱਕ-ਦੋ ਬੋਲੀਆਂ ਪਾਉਣ ਵਾਲੇ ਹੁੰਦੇ ਹਨ। ਇਹਨਾਂ ਵਿੱਚੋਂ ਬਹੁਤੇ ਛੜੇ-ਛਡਾਂਗ ਹੁੰਦੇ ਹਨ ਅਤੇ ਗਿੱਧੇ ਦੇ ਪੱਕੇ ਮੈਂਬਰ ਹੁੰਦੇ ਹਨ। ਇਸ ਤੋਂ ਬਿਨਾਂ ....., ਇੱਕ ਤਾਰਾ ਅਤੇ ਸਾਰੰਗੀ ਵੀ ਕਈ ਵਾਰੀ ਗਿੱਧੇ ਵਿੱਚ ਸ਼ਾਮਲ ਕਰ ਲਏ ਜਾਂਦੇ ਹਨ। ਕਲਾਕਾਰਾਂ ਦੇ ਲੋਕ ਜਾਂ ਪੱਟਾਂ ਨੂੰ ਮੋਟੇ-ਮੋਟੇ ਘੁੰਗਰੂਆਂ ਵਾਲੀਆਂ ..... ਵੀ ਬੰਨਿਆਂ ਹੁੰਦੀਆਂ ਹਨ। ਮਰਦਾਂ ਦੇ ਗਿੱਧੇ ਵਿੱਚ ਆਮ ਕਰਕੇ ਇੱਕ ਗੰਭਰੂ ਬੋਲੀ ਪਾਉਂਦਾ ਹੈ ਬਾਕੀ ਸਾਰੇ .... ਤੇ ਸਾਜਿੰਦੇ ਚੁੱਪ ਖਲੌਤੇ ਰਹਿੰਦੇ ਹਨ। ਬੋਲੀ ਦੀਆਂ ਅੰਤਿਮ ਸਤਰਾਂ ਦੇ ਅੱਧ ਤੱਕ ਪਹੁੰਚਦੇ ਹੀ ਇੱਕ ਪਲ ਲਈ ਰੁਕ ਕੇ ਇੱਕ ਜਣਾ ਸੀਟੀ ਮਾਰਦਾ ਹੈ ਤੇ ਨਾਲ ਹੀ ਸਾਰੇ ਸਾਜ ਵੱਜਣ ਲੱਗ ਪੈਂਦੇ ਹਨ। ਬੋਲੀ ਦੀਆਂ ਅੰਤਿਮ ਸਤਰਾਂ ਸਾਰੇ ਨ੍ਰਿਤਕ ਰਲ ਕੇ ਦੁਹਾਰਾਉਂਦੇ ਹਨ। ਦੋ ਗੱਭਰੂ ਅੱਗੇ ਆ ਕੇ ਤਾੜੀਆ ਨਾਲ ਘੁੰਗਰੂਆਂ ਲੈ ਕੇ ਜਾ ਝੁਕ ਕੇ ਅਤੇ ਕਿਸੇ ਸਮੇਂ ਥਾਏ .... ਕੇ ਵੀ ਨੱਚ ਦੇ ਹਨ। ਇਸ ਤਰ੍ਹਾਂ ਬੋਲੀ ਚੁੱਕ ਲਈ ਜਾਂਦੀ ਹੈ। ਫਿਰ ਗੱਭਰੂਆਂ ਦਾ ਦੂਜਾ ਜੋੜਾ ਆਕੇ ਇੰਝ ਕਰਦਾ ਹੈ ਕਿ ਫਿਰ ਤੀਜਾ ਜੋੜਾ। ਬੋਲੀ ਖਤਰਾ ਕਰ ਕੇ ਸਾਰੇ ਗੱਭਰੂ ਤਿੰਨ ਵਾਰ ਆਪਣੇ ਖਾਲੀ ਹੱਥ ਉਤਾਂਹ ਨੂੰ ਚੁੱਕ ਕੇ ਛਾਲਾਂ ਮਾਰਦੇ ਹਨ। ਇਸ ਤਰ੍ਹਾਂ ਇੱਕ ਪਿੱਛੋ ਦੂਜੀ ਤੇ ਫਿਰ ਤੀਜੀ ਬੋਲੀ ਪਾਈ ਜਾਂਦੀ ਹੈ। ਆਮ ਤੌਰ ਤੇ ਟੋਲੀਆਂ ਵਿੱਚ ਗੱਭਰੂ ਗਿੱਧੇ ਦੀ ਤਾਲ ਨੂੰ ਚੁੱਕਦੇ ਹਨ। ਇਸ ਵਿੱਚ ਗੱਭਰੂ ਵਧੇਰੇ ਕਰਕੇ ਸਫੈਦ ਕੱਪੜੇ ਪਾਉਂਦੇ ਹਨ। ਮੇਲਿਆਂ ਵਿੱਚ ਲੜੀ ਦੀਆਂ ਬੋਲੀਆਂ ਅਤੇ ਟੋਟੇ ਪਾਏ ਜਾਂਦੇ ਹਨ। ਆਮ ਕਰਕੇ ਜਦੋਂ ਦੋ ਬੋਲੀਕਾਰ ਜਿਦ ਕੇ ਬੋਲੀਆਂ ਪਾਉਂਦੇ ਹਨ ਤਾਂ ਇੱਕ ਦੂਜੇ ਦੀ ਬੋਲੀ ਦਾ ਜਨਾਬ ਦੇਣ ਲਈ ਤੁਰੰਤ ਟੋਟਾ ਰਚ ਲੈਂਦੇ ਹਨ। ਇਨ੍ਹਾਂ ਬੋਲੀਆਂ ਦ ਵਿਸ਼ੇ ਘਰੇਲੂ, ਅਤੇ ਸਮਾਜਿਕ ਮਸਲੇ, ਸਮਕਾਲੀਨ ਲਹਿਰਾਂ, ਛੜਿਆਂ ਦੇ ਦੁਖੜੇ ਦਿਉਰ-ਭਾਬੀ ਦੇ ਮਸਲੇ, ਆਸ਼ਕ-ਮਾਸ਼ੂਕਾਂ ਦੇ ਤਾਹਨੇ ਆਦਿ ਹੁੰਦੇ ਹਨ। ਇਸ ਤੋਂ ਬਿਨਾਂ ਬੋਗੋ-ਨਾਰ, ਪੂਰਨ-ਭਗਤ, ਹੀਰ-ਰਾਂਝਾ, ਮਿਰਜਾ-ਸਹਿਬਾਂ ਆਦਿ ਕਿੱਸਿਆ ਦੀਆਂ ਬੋਲੀਆ ਵੀ ਪਾਈਆਂ ਜਾਂਦੀਆਂ ਹਨ। ਬੋਲੀਆਂ ਰੱਬ ਦਾ ਨਾਂ ਐ ਕੇ ਸ਼ੁਰੂ ਕੀਤੀਆਂ ਜਾਂਦੀਆਂ ਹਨ। ਪਰ ਛੇਤੀ ਹੀ ਸਾਹਿਤਕ ਭਾਸ਼ਾ ਵਿੱਚ ਅਸ਼ਲੀਲ ਕਹੀਆ ਜਾਣ ਵਾਲੀਆਂ ਬੋਲੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਲੋਕੀ ਆਪਣੇ ਮਨ ਦੇ ਗੁੱਭ-ਗੁਭਾਰ ਕੱਦ ਲੈਂਦੇ ਹਨ। ਫਿਰ ਮੇਲੇ ਵਿੱਚ ਹੋਰ ਢਾਣੀਆਂ ਤੋਂ ਥੋੜਾ ਫਰਕ ਰੱਖ ਕੇ ਹਰੇਕ ਢਾਣੀ ਆਪਣਾ ਅਖਾੜਾ ਰਚਾ ਲੈਂਦੀ ਹੈ। ਸਾਰਾ ਦਿਨ ਅਤੇ ਸਾਰੀ ਰਾਤ ਗਿੱਧਾ ਪੈਂਦਾ ਰਹਿੰਦਾ ਹੈ। ਹਵਾਲੇ 'ਦਿਲ ਦੀਆਂ ਸਾਂਝਾ ਦਾ ਪਿੜ ਗਿੱਧੇ ਦਾ ਜਨਮ ਸਾਂਝੇ ਵਲਵਲਿਆਂ ਨੂੰ ਇੱਕ ਲੜੀ ਵਿੱਚ ਪ੍ਰੋਣ ਲਈ ਹੋਇਆ। ਨੱਚਣ ਕੁੱਦਣ ਦੇ ਜਿਓੰਦੇ ਹੁਲਾਰੇ ਪਿਤਾ ਪੁਰਖੀ ਭਾਈਵਾਲ ਦੀਆਂ ਪ੍ਰੀਤ ਰੱਜੀਆਂ ਸੁਰਾਂ ਨਾਲ ਮੌਜ ਮੇਲਿਆਂ ਦੀ ਇੱਕ ਮਿੱਠੀ ਦੁਨੀਆ ਵਸਾ ਵਸਾ ਦੇਂਦੇ ਹਨ। ਗਿੱਧਾ ਕੀ ਹੈ, ਦਿਲਾਂ ਦਾ ਸਾਂਝਾ ਪਿੜ ਹੈ। ਇੱਥੇ ਆਕੇ ਦਿਲਾਂ ਦੇ ਵਿਚਕਾਰ ਬਹੁਤੀਆਂ ਵਿੱਥਾਂ ਨਹੀਂ ਰਹਿੰਦੀਆਂ। ਮਜ਼ਹਬਾਂ ਦਾ ਫ਼ਰਕ ਇੱਥੇ ਕਿਸੇ ਤਰ੍ਹਾਂ ਦੀ ਫਿੱਕ ਨਹਾਈ ਪਾ ਸਕਦਾ। ਖੁਦਾ ਦੇ ਨਿਰਮਲੇ ਬੰਦਿਆਂ ਦਾ ਨਿਰੋਲ ਸੱਭਿਆਚਾਰ ਮਨੁੱਖਤਾ ਤੇ ਸਰਬ ਸਾਂਝ ਦੀ ਪ੍ਰੇਰਣਾ ਨਾਲ ਇਕ4 ਮਿੱਕ ਹੋ ਜਾਂਦਾ ਹੈ, ਰਾਮ ਤੇ ਰਹੀਮ ਵਿੱਚ ਕੁੱਝ ਫ਼ਰਕ ਪੈ ਜਾਂਦਾ ਹੈ। ਗਿੱਧੇ ਦੇ ਮੰਗਲਾਚਰਨ ਵਿੱਚ ਦੇਵੀ ਮਾਤਾ ਅੱਲਾ ਤੇ ਗੁਰੂ ਟੇ ਪੀਰ ਦੀ ਅਰਾਧਨਾ ਇਕੋ ਵਲਵਲੇ ਹੇਠ ਕੀਤੀ ਜਾਂਦੀ ਹੈ।

ਦੇਵੀ ਮਾਤਾ ਗੌਣ ਬਖਸ਼ਦੀ ਨਾਮ ਲਏ ਜੱਗ ਤਰਦਾ। ਬੋਲੀਆਂ ਪੌਣ ਦੀ ਹੋ ਗਈ ਮਨਸ਼ਾ ਆ ਕੇ ਗਿੱਧੇ ਵਿੱਚ ਵੜਦਾ, ਗਿੱਧੇ ਦੇ ਸਾਂਝੇ ਪਿੜ ਵਿੱਚ ਦਿਲਾਂ ਦਾ ਮੇਲ ਜੋਲ ਹੁੰਦਾ ਹੈ ਤਾਂ ਜੀਵਨ ਵਿੱਚ ਆਪਾ ਪ੍ਰਗਟ ਕਰਨ ਦੀ ਰੀਝ ਜਾਗ ਉੱਠਦੀ ਹੈ। ਗਿੱਧਾ ਪਾਉਣ ਵਾਲੇ ਕਿਸੇ ਅਜਿਹੀ ਵਿਸਮਾਦੀ ਅਵਸਥਾ ਵਿੱਚ ਪੁਹੰਚਣਾ ਨਹੀਂ ਲੋਚਦੇ ਜਿੱਥੇ ਉਹ ਆਪਣੀ ਧਰਤੀ ਦੇ ਨਜ਼ਾਰਿਆਂ ਨੂੰ ਹੀ ਭੁੱਲ ਜਾਣ। ਨੱਚਦੇ ਨੱਚਦੇ ਗਲਵੱਕੜੀਆਂ ਪਾਉਂਦੇ ਰਹਿੰਦੇ ਹਨ ਤੇ ਆਪਣੇ ਗੀਤਾਂ ਵਿੱਚ ਇਹਨਾਂ ਦੇ ਸ਼ਬਦ ਚਿਤ੍ਰ ਖਿੱਚ ਵਖਾਉਂਦੇ ਹਨ। [7]

ਕਿੱਕਲੀ

[ਸੋਧੋ]

ਪੰਜਾਬ ਦੇ ਲੋਕ ਨਾਚਾਂ ਦੀ ਲੜੀ ਵਿੱਚ ਪੰਜਾਬੀ ਸਮਾਜ ਦੀਆਂ ਨਿੱਕੀਆਂ-ਨਿੱਕੀਆਂ ਬਾਲੜੀਆਂ ਦਾ ਇਕ ਅਨੋਖਾ ਲੋਕ ਨਾਚ ਕਿੱਕਲੀ ਮੰਨਿਆ ਜਾਂਦਾ ਹੈ। ਕਿਕਲੀ ਛੋਟੀ ਉਮਰ ਦੀਆਂ ਕੁੜੀਆਂ ਦਾ ਅਜਿਹਾ ਲੋਕ ਨਾਚ ਹੈ ਜੋ ਬੱਚੀਆਂ ਦੀਆਂ ਖੇਡਂ ਨਾਲ ਜੁੜਿਆ ਹੋਇਆ ਹੈ। ਇਸ ਨਾਚ ਲਈ ਕੋਈ ਸਮਾਂ ਜਾਂ ਥਾਂ ਨਿਸ਼ਚਿਤ ਨਹੀਂ , ਘਰ ਵਿਹੜੇ ਵਿੱਚ ਜਾਂ ਨੇੜੇ ਤੇੜੇ ਕਿਸੇ ਵੀ ਖੁੱਲੀ ਥਾਂ ਤੇ ਜਦ ਕੁੜੀਆਂ ਖੇਨੂੰ ਗੀਟੇ ਜਾਂ ਹੋਰ ਖੇਡਾਂ ਖੇਡਦੀਆਂ ਅੱਕ ਜਾਂਦੀਆਂ ਹਨ ਤਾਂ ਸਹਿਵਣ ਦੀ ਕਿਕਲੀ ਪਾਉਣੀ ਸ਼ੁਰੂ ਕਰ ਦਿੰਦੀਆਂ ਹਨ। ਬੱਚੀਆਂ ਦੇ ਇਸ ਖੇਡ ਨਾਚ ਦੇ ਨਾ ਬਾਰੇ ਆਮ ਧਾਰਨਾ ਇਹ ਹੈ ਕਿ ਕਿਉ ਜੋ ਇਸ ਨੂੰ ਨੱਚਣ ਵਾਲੀਆਂ ਕੁੜੀਆਂ ਆਪੋ ਵਿੱਚ ਹੱਥਾਂ ਦੀ ਕਰਿੰਗਲੀ ਜਾਂ ਕੁੜਿੰਗੜੀ ਪਾ ਕੇ ਨੱਚਦੀਆਂ ਹਨ। ਇਸ ਲਈ ਇਸ ਨਾਚ ਦਾ ਨਾਮ ਕਿਕਲੀ ਪੈ ਗਿਆ। ਇਹ ਨਾਚ ਕੁੜੀਆਂ ਵੱਲੋਂ ਦੋ-ਦੋ ਜੋਟਿਆ ਵਿਚ ਨੱਚਿਆ ਜਾਂਦਾ ਹੈ। ਇਸ ਨਾਚ ਅਨੁਸਾਰ ਕੁੜੀਆਂ ਆਹਮੋ-ਸਾਹਮਣੇ ਖਲੋ ਕੇ ਇਕ ਦੂਜੇ ਦਾ ਹੱਥ ਇੰਜ ਪਕੜਦੀਆਂ ਹਨ ਕਿ ਬਾਹਵਾਂ ਦੀ ਸੰਗਲੀ ਜਿਹੀ ਬਣ ਜਾਵੇ। ਪੈਰਾਂ ਦੀਆਂ ਅਗਲੀਆਂ ਤਲੀਆਂ ਉੱਤੇ ਭਾਰ ਪਾ ਕੇ ਜ਼ੋਰ ਨਾਲ ਭੰਬੀਰੀ ਵਾਂਗ ਘੁੰਮਦਿਆਂ ਗਾਉਂਦੀਆਂ ਹਨ: -

ਕਿੱਕਲੀ ਕਲੀਰ ਦੀ

ਪੱਗ ਮੇਰੇ ਵੀਰ ਦੀ

ਦੁਪੱਟਾ ਭਰਜਾਈ ਦਾ

ਫਿਟੇ ਮੂੰਹ ਜਵਾਈ ਦਾ।[8]

ਝੂੰਮਰ

[ਸੋਧੋ]

ਝੂੰਮਰ ਬੁਨਿਆਦੀ ਤੌਰ ਤੇ ਮਰਦਾਂ ਦਾ ਲੋਕ ਨਾਚ ਹੈ। ਪਰ ਕੁਝ ਥਾਵਾਂ ਉੱਪਰ ਔਰਤਾਂ ਵੀ ਝੂੰਮਰ ਪਾਉਂਦੀਆਂ ਹਨ।ਪਾਕਿਸਤਾਨ ਦੀ ਮੁਸਲੀ ਜਾਤ ਵਿੱਚ ਝੂੰਮਰ ਔਰਤਾਂ ਅਤੇ ਮਰਦ ਰਲ ਕੇ ਪਾਉਂਦੇ ਹਨ। ਝੂੰਮਰ ਨੂੰ ਬਲੋਚਾਂ ਦੇ ਨਾਚ ਕਰਕੇ ਵੀ ਜਾਣਿਆ ਜਾਂਦਾ ਹੈ। ਝੂੰਮਰ ਪਾਉਣ ਵਾਲੇ ਝੂੰਮਰੀ ਨੱਚਣ ਸਮੇਂ ਝੂੰਮਦੇ ਹਨ ਇਸੇ ਕਰਕੇ ਇਸ ਨੂੰ ਝੂੰਮਰ ਕਿਹਾ ਜਾਂਦਾ ਹੈ।ਦਾਇਰੇ ਵਿੱਚ ਘੁੰਮਣ ਕਾਰਨ ਕਈ ਲੋਕ ਇਸ ਨੂੰ ਘੂੰਮਰ ਵੀ ਕਹਿੰਦੇ ਹਨ। ਘੁੰਮਣਾ ਇਸ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦਾ ਹੈ। ਝੂੰਮਰ ਦਾ ਪ੍ਰਤੀਨਿਧ ਖੇਤਰ ਸਾਂਦਲਬਾਰ ਦਾ ਇਲਾਕਾ ਹੈ। ਇਸ ਖੇਤਰ ਵਿੱਚ ਮੰਟਗੁਮਰੀ, ਸ਼ੇਖੂਪੁਰਾ, ਫੈਸਲਾਬਾਦ, ਟੋਭਾਟੇਕ ਸਿੰਘ, ਗੁਜਰਾਂਵਾਲਾ, ਝੰਗ ਅਤੇ ਸਰਗੋਧਾ ਆਦਿ ਜ਼ਿਲੇ੍ਹ ਸ਼ਾਮਿਲ ਹਨ। ਇਸ ਖੇਤਰ ਦੇ ਲੋਕਾਂ ਨੂੰ ਜੰਗਲੀ/ਜਾਂਗਲੀ ਕਿਹਾ ਜਾਂਦਾ ਸੀ। ਇਹ ਲੋਕ ਆਪ ਵੀ ਨੱਚਦੇ ਸਨ ਅਤੇ ਆਪਣੇ ਊਠਾਂ ਨੂੰ ਵੀ ਨਚਾਉਂਦੇ ਸਨ। ਜੋਗਿੰਦਰ ਸਿੰਘ ਅਨੁਸਾਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਝੂੰਮਰ ਨਾਮ ਦੇ ਲੋਕ ਨਾਚ ਮਿਲਦੇ ਹਨ ਪਰ ਉਹਨਾਂ ਦੀ ਤਕਨੀਕ ਪੰਜਾਬ ਦੇ ਝੂੰਮਰ ਤੋਂ ਵੱਖਰੀ ਹੈ। ਝੂੰਮਰ ਲਈ ਵਿਸ਼ੇਸ਼ ਸਾਜ ਢੋਲ ਹੈ। ਪੇਸ਼ੇਵਰ ਟੋਲੀਆਂ ਢੋਲ ਦੇ ਨਾਲ ਨਾਲ ਚਮਟੇ, ਖੜਤਾਲਾਂ, ਤੂਤੀਆਂ, ਡਾਂਡੀਆਂ ਅਤੇ ਸ਼ਹਿਨਾਈਆਂ ਦੀ ਵਰਤੋਂ ਵੀ ਕਰਦੀਆਂ ਹਨ। ਝੂੰਮਰ ਪਾਉਣ ਵਾਲਿਆਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ। ਝੂੰਮਰੀ ਢੋਲ ਦੇ ਦੁਆਲੇ ਦਾਇਰੇ ਵਿੱਚ ਖਲੋ ਜਾਂਦੇ ਹਨ। ਇੱਕ ਕਦਮ ਦਾਇਰੇ ਵੱਲ ਵਧਾ ਕੇ ਖੱਬਿਓਂ ਸੱਜੇ ਸੱਜਿਓਂ ਖੱਬੇ ਪਿਛਾਂਹ ਵੱਲ ਘੁੰਮਾਉਂਦੇ ਹਨ। ਉਪਰੰਤ ਪੂਰਾ ਘੁੰਮ ਜਾਂਦੇ ਹਨ। ਨਾਲ-ਨਾਲ ਛੂਹ ਛਾਹ ਦੀਆਂ ਆਵਾਜ਼ਾਂ ਕੱਢਦੇ ਹਨ ਅਤੇ ਐਕਟਿੰਗ ਵੀ ਕਰਦੇ ਹਨ। ਹੱਥਾਂ ਦੀਆਂ ਦੋਨੋਂ ਮੁੱਠੀਆਂ ਮੀਟ ਕੇ ਛਾਤੀ ਅੱਗੇ ਰੱਖ ਕੇ ਝਟਕਾ ਮਾਰਦੇ ਹਨ ਨਾਲ-ਨਾਲ ਗੀਤ ਵੀ ਗਾਉਂਦੇ ਹਨ। ਢੋਲਚੀ ਦੇ ਬਦਲਦੇ ਤਾਲਾਂ ਨਾਲ ਝੂੰਮਰੀਆਂ ਦੇ ਨਾਚ ਦੀ ਗਤੀ ਵੀ ਬਦਲਦੀ ਰਹਿੰਦੀ ਹੈ। ਇਹ ਤਾਲ ਸ਼ੁਰੂ ਵਿੱਚ ਧੀਮਾ ਫਿਰ ਤੇਜ਼ ਤੇ ਅਖੀਰ ਵਿੱਚ ਬਹੁਤ ਤੇਜ਼ ਹੋ ਜਾਂਦਾ ਹੈ। ਝੂੰਮਰ ਪਾਉਂਦਿਆਂ ਗਾਏ ਜਾਣ ਵਾਲੇ ਢੋਲਿਆਂ/ਗੀਤਾਂ ਦੇ ਮੁੱਢਲੇ ਬੋਲ ਇਸ ਪ੍ਰਕਾਰ ਹਨ:-

  • ਇੱਕ ਫੁੱਲ ਮੋਤੀਏ ਦਾ, ਮਾਰ ਕੇ ਜਗਾ ਸੋਹਣੀਏ।
  • ਭਾਂਵੇ ਜਾਣੇ, ਭਾਂਵੇ ਨਾ ਜਾਣੇ, ਤੇ ਮੇਰਾ ਢੋਲ ਜਵਾਨੀਆਂ ਮਾਣੇ।
  • ਵੇ ਮੈਂ ਪਾਣੀ ਭਰੇਨੀਆਂ ਚਿੱਕ ਦਾ, ਮੇਰਾ ਢੋਲ ਪਰਦੇਸੀ ਨਿੱਤ ਦਾ।

‘ਝੂੰਮਰ ਪੱਛਮੀ ਪੰਜਾਬ ਦੇ ਸਾਂਦਲਬਾਰ ਦੇ ਮਰਦਾਂ ਦਾ ਲੋਕ ਨਾਚ ਹੈ। ਇਸ ਵਿੱਚ ਸ਼ੇਖੂਪੁਰਾ, ਲਾਇਲਪੁਰ, ਮਿੰਟਗੁਮਰੀ ਅਤੇ ਝੰਗ ਦੇ ਇਲਾਕੇ ਸ਼ਾਮਿਲ ਹਨ। ਇਸ ਇਲਾਕੇ ਦੇ ਜਾਂਗਲੀ ਲੋਕ ਅਜੀਬ ਤਰ੍ਹਾਂ ਦਾ ਜੀਵਨ ਗੁਜ਼ਾਰਦੇ ਹਨ। ਇਹਨਾਂ ਲੋਕਾਂ ਦੇ ਖੁਸ਼ੀ ਤੇ ਮਲ੍ਹਾਰ ਦੇ ਆਪ ਮੁਹਾਰੇ ਐਕਸ਼ਨ ਹੀ ਝੂੰਮਰ ਨਾਚ ਦਾ ਮੁਹਾਂਦਰਾ ਸਾਕਾਰ ਕਰਦੇ ਹਨ। ਇਸ ਨਾਚ ਦੀਆਂ ਹਰਕਤਾਂ ਭੰਗੜੇ ਵਾਲੀਆਂ ਨਹੀਂ ਪਰ ਭੰਗੜੇ ਵਾਂਗ ਢੋਲ ਇਸ ਦਾ ਲਾਜ਼ਮੀ ਸਾਜ਼ ਹੁੰਦਾ ਹੈ। ਇਸ ਦੇ ਗੀਤ ਲੰਮੇ ਹੁੰਦੇ ਹਨ:- ਲੰਘ ਆ ਜਾ ਪੱਤਣ ਝਨਾਅ ਦਾ ਓ ਯਾਰ ਸਿਰ ਸਦਕਾ ਤੇਰੇ ਨਾਂ ਦਾ ਓ ਯਾਰੁ।` 2 ‘ਪ੍ਰਸਿੱਧ ਲੋਕ ਨਾਚ ਝੂੰਮਰ ਪੱਛਮੀ ਪੰਜਾਬ ਦੇ ਸਾਂਦਲਬਾਰ ਦੇ ਚਾਵਾਂ ਤੇ ਮਲ੍ਹਾਰਾਂ ਨੂੰ ਪ੍ਰਗਟ ਕਰਦਾ ਹੈ। ਝੂੰਮ-ਝੂੰਮ ਕੇ ਨੱਚਣ ਸਦਕਾ ਇਸ ਦਾ ਨਾਮ ਝੂੰਮਰ ਪੈ ਗਿਆ। ਇਹ ਨਾਚ ਤਿੰਨ ਪੜਾਵਾਂ ਤਹਿਤ ਨੱਚਿਆ ਜਾਂਦਾ ਹੈ ਜਿਸ ਨੂੰ ਤਿੰਨ ਤਾਲਾ ਮੱਠੀ ਤਾਲ, ਤੇਜ਼ ਤਾਲ, ਬਹੁਤ ਹੀ ਤੇਜ਼ ਤਾਲ ਦਾ ਨਾਮ ਵੀ ਦਿੱਤਾ ਜਾਂਦਾ ਹੈ। ਕਈ ਵਿਦਵਾਨਾਂ ਨੇ ਇਸਨੂੰ ਕ੍ਰਮਵਾਰ ਝੂੰਮਰ ਦੀ ਤਾਲ, ਚੀਣਾ ਛੜਨਾ ਅਤੇ ਧਮਾਲ ਵੀ ਆਖਿਆ ਹੈ। ਇਸ ਨਾਚ ਦੇ ਅੰਤਿਮ ਪੜਾਅ ਤੱਕ ਸਮੂਹ ਵਿੱਚੋਂ ਕੇਵਲ ਕੁਝ ਕੁ ਨਚਾਰ ਹੀ ਨੱਚਦੇ ਰਹਿ ਜਾਂਦੇ ਹਨ ਬਾਕੀ ਹਫ਼ ਕੇ ਖਲੋ ਜਾਂਦੇ ਹਨ।`3 ‘ਢੋਲੀ ਦਾ ਢੋਲ ਵਜਾਉਣ ਦਾ ਤਰੀਕਾ ਇਓਂ ਹੈ ਕਿ ਢੋਲੀ ਸੱਜੇ ਹੱਥ ਦੀ ਮੋਟੀ ਛੜੀ ਨਾਲ ਪਹਿਲਾਂ ਦੋ ਡਗੇ ਮਾਰਦਾ ਹੈ ਤੇ ਦੂਜੇ ਹੱਥ ਦੀ ਜਾਣੀਕੇ ਖੱਬੇ ਹੱਥ ਦੀ ਪਤਲੀ ਛੜੀ ਨੂੰ ਤਿੰਨ ਵਾਰ ਬੜਕਾਉਂਦਾ ਹੈ। ਝੂੰਮਰ ਦੀ ਤਾਲ ਤਨਕ-ਦਿਨ-ਤਾ--ਤਨਕ-ਦਿਨ-ਤਾ, ਤਨਕ-ਦਿਨ-ਤਾ -- ਦਨਕ-ਦਿਨ-ਦਿਨ ਹੈ।`4 ‘ਝੂੰਮਰ ਦੀ ਸੱਦ ਵਾਲੀ ਇੱਕ ਵਿਸ਼ੇਸ਼ ਨੀਯਤ ਤਾਲ ਹੈ ਜਿਸ ਨੂੰ ਸੁਣ ਕੇ ਦੂਰੋਂ ਨੇੜਿਓਂ ਜਾਂਗਲੀ ਆ ਕੇ ਝੂੰਮਰ ਦੇ ਪਿੜ ਵਿੱਚ ਇਕੱਠੇ ਹੁੰਦੇ ਹਨ। ਢੋਲੀ ਝੂੰਮਰ ਦੀ ਵਿਸ਼ੇਸ਼ ਤਾਲ ਆਰੰਭਦਾ ਹੈ। ਇਹ ਤਾਲ ਹੈ ਸੱਜੇ ਹੱਥ ਦੇ ਦੋ ਡਗੇ ਲਗਾਤਾਰ ਮਾਰ ਕੇ ਖੱਬੇ ਹੱਥ ਦੀ ਤੀਲ੍ਹੀ ਦੇ ਛੇ ਮਾਤਰੇ ਪੀਸ ਧੀਮੇ ਵਕਫੇ ਨਾਲ ਵਜਾਏ ਜਾਂਦੇ ਹਨ। ਦੋ ਡਗਿਆਂ ਵਿਚਕਾਰ ਅਤੇ ਛੇ ਤੀਲ੍ਹੀਆਂ ਵਿਚਕਾਰ ਨਿਸ਼ਚਿਤ ਵਕਫ਼ਾ ਏਨਾ ਹੁੰਦਾ ਹੈ ਕਿ ਇਸ ਵਿੱਚ ਬਾਹਵਾਂ-ਲੱਤਾਂ ਇੱਕ ਖਾਸ ਤਰ੍ਹਾਂ ਦਾ ਹੁਲਾਰਾ ਮਾਰ ਸਕਣ। ਕਈ ਵਾਰ ਢੋਲੀ ਨਾਚ ਨੂੰ ਹੋਰ ਮਟਕਦਾਰ ਬਣਾਉਣ ਲਈ ਸੱਜੇ ਹੱਥ ਦੀ ਖੂੰਡੀ ਨੂੰ ਉਂਗਲਾਂ ਵਿੱਚ ਟੁੰੰਗ ਕੇ ਇੱਕ ਪਾਸੇ ਦਾ ਤਾਲ ਕੇਵਲ ਹਥੇਲੀ ਨਾਲ ਦੇਂਦਾ ਹੈ।`5

ਸੰਮੀ

[ਸੋਧੋ]

ਸੰਮੀ ਨਾਚ ਸਮਤਾ ਵਿਚ ਨੱਚਿਆ ਜਾਣ ਵਾਲਾ ਨਾਚ ਹੈ। ਗੀਤ ਦੇ ਬੋਲ, ਤਾੜੀ ਅਤੇ ਚੁਟਕੀ ਨਾਚ ਦੀ ਸਮਤਾ ਨੂੰ ਬਣਾਉਣ ਵਿੱਚ ਸਹਾਈ ਹੁੰਦੇ ਹਨ। ਲਹਿੰਦੇ ਪੰਜਾਬ ਵਿੱਚ ਸੰਮੀ ਦਾ ਸੰਬੰਧ ਹੈ ਸਾਂਦਲਬਾਰ ਦੇ ਇਲਾਕੇ ਨਾਲ ਹੈ। ਡਾ ਵਣਜਾਰਾ ਬੇਦੀ ਨੇ ਸੰਮੀ ਨੂੰ ਅਤਿ ਪੁਰਾਣਾ ਨਾਚ ਮੰਨਿਆ ਹੈ ਜਿਸ ਨੂੰ ਔਰਤਾਂ ਅੱਗ ਦੁਆਲੇ ਨੱਚਦੀਆਂ ਸਨ।ਭਾਂਵੇ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਇਸ ਨਾਚ ਦਾ ਨਾਮ ਸੰਮੀ ਨਾਮ ਦੀ ਮੁਟਿਆਰ ਦੇ ਇਸੇ ਨਾਮ ਤੋਂ ਪਿਆ ਹੈ ਪਰ ਇਹ ਨਾਂ ਕਿਵੇਂ ਪਿਆ ਇਸ ਬਾਰੇ ਕੁਝ ਦੰਤ ਕਥਾਵਾਂ ਪ੍ਰਚੱਲਿਤ ਹਨ। ਇਸ ਨਾਂ ਬਾਰੇ ਇੱਕ ਧਾਰਨਾ ਇਹ ਵੀ ਹੈ ਕਿ ਜਦ ਸੰਮੀ ਨਾਂ ਦੀ ਮੁਟਿਆਰ ਦਾ ਪ੍ਰਮੀ ਉਸ ਨੂੰ ਛੱਡ ਕੇ ਚਲਾ ਗਿਆ ਤਾਂ ਬਿਰਹਨ ਦੇ ਰੂਪ ਵਿੱਚ ਸੰਮੀ ਨੱਚਦੀ ਤੇ ਗਾਉਂਦੀ ਸੀ। ਇਸ ਦੇ ਪ੍ਰੇਮੀ ਦੇ ਨਾਂ ਢੋਲ ਜਾਂ ਢੋਲਾ ਸੀ। ਇੱਕ ਹੋਰ ਦੰਤ ਕਥਾ ਅਨੂਸਾਰ ਸੰਮੀ ਤੇ ਢੋਲਾ ਦੋਨੋਂ ਨੇੜੇ ਵਸਦੇ ਰਈਸਾਂ ਜਾਂ ਜਾਗੀਰਦਾਰਾਂ ਦੇ ਧੀ-ਪੁੱਤਰ ਸਨ। ਢੋਲਾ ਸ਼ਿਕਾਰ ਖੇਡਦਾ ਸੰਮੀ ਦੇ ਬਾਗ਼ ਵਿੱਚ ਪੁੱਜਦਾ ਹੈ। ਪਹਿਲੀ ਨਜ਼ਰੇ ਦੋਨੋਂ ਇੱਕ ਦੂਜੇ ਦੇ ਦੀਵਾਨੇ ਹੋ ਜਾਂਦੇ ਹਨ। ਇਸ ਕਹਾਣੀ ਵਿੱਚ ਵੀ ਜਦ ਢੋਲਾ ਸੰਮੀ ਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਉਹ ਉਸਦੇ ਵਿਛੋੜੇ ਵਿੱਚ ਨੱਚਦੀ-ਗਾਉਂਦੀ ਹੈ। ਅਜੋਕੇ ਸਮੇਂ ਵਿੱਚ ਇਸ ਨਾਚ ਵਿੱਚ ਵੀ ਗਿੱਧੇ ਵਾਂਗ ਕੁੜੀਆਂ/ਔਰਤਾਂ ਘੇਰੇ ਵਿੱਚ ਖਲੋ ਜਾਂਦੀਆਂ ਹਨ। ਇੱਕ ਦੂਜੇ ਦੇ ਬਾਹਾਂ ਵਿੱਚ ਬਾਹਾਂ ਪਾ ਕੇ ਨੱਚਣਾ ਆਰੰਭ ਕਰ ਦਿੰਦੀਆਂ ਹਨ। ਹੱਥਾਂ ਨਾਲ ਤਾਲੀਆਂ ਅਤੇ ਉਂਗਲਾਂ ਨਾਲ ਚੁਟਕੀਆਂ ਵਜਾਉਂਦੀਆਂ ਹਨ। ਪੈਰਾਂ ਦੀ ਧਮਕ ਨਾਲ ਤਾਲ ਪੈਦਾ ਕਰਦੀਆਂ ਹਨ ਅਤੇ ਨਾਲ ਹੀ ਸੰਮੀ ਬਾਰੇ ਪ੍ਰਚੱਲਿਤ ਗੀਤ ਉਚਾਰਦੀਆਂ ਹਨ। ਗਿੱਧੇ ਨਾਲ ਮਿਲਦੀ ਸੰਮੀ ਤੋਂ ਬਿਨਾਂ ਦੂਜੀ ਸੰਮੀ ਦੀ ਵੰਨਗੀ ‘ਸਲਾਮ ਸੰਮੀ` ਵਜੋਂ ਜਾਣੀ ਜਾਂਦੀ ਹੈ। ਇਸ ਸੰਮੀ ਵਿੱਚ ਨੱਚਣ ਵਾਲੀਆਂ ਔਰਤਾਂ ਵੱਲੋਂ ਸੱਜਾ ਹੱਥ ਲੱਕ ਉੱਤੇ ਅਤੇ ਖੱਬਾ ਹੱਥ ਮੱਥੇ ਉੱਤੇ ਰੱਖ ਕੇ ਸਲਾਮ ਕਰਨ ਦੀ ਐਕਟਿੰਗ ਕੀਤੀ ਜਾਂਦੀ ਹੈ। ਫਿਰ ਦੋਹਾਂ ਹੱਥਾਂ ਨੂੰ ਮੱਥੇ ਉੱਤੇ ਰੱਖ ਕੇ ਲੱਕ ਨੂੰ ਅਗਲੇ ਪਾਸੇ ਝੁਕਾਅ ਕੇ ਸਲਾਮ ਕੀਤੀ ਜਾਂਦੀ ਹੈ। ਅਫ਼ਜ਼ਲ ਪਰਵੇਜ਼ ਨੇ ‘ਬਨ ਫੁਲਵਾੜੀ` ਨਾਂ ਦੀ ਆਪਣੀ ਪੁਸਤਕ ਵਿੱਚ ਸੰਮੀ ਨੂੰ ਪੋਠੋਹਾਰ ਦਾ ਬਹੁਤ ਹੀ ਹਰਮਨ ਪਿਆਰਾ ਮਰਦਾਂ ਦਾ ਨਾਚ ਲਿਖਿਆ ਹੈ। ਪਰ ਇਹ ਵਧੇਰੇ ਕਰਕੇ ਭੰਗੜੇ ਨਾਲ ਮੇਲ ਖਾਂਦਾ ਹੈ।‘ਸੰਮੀ ਮੁਟਿਆਰਾਂ ਦਾ ਨਾਚ ਹੈ ਅਤੇ ਇਹ ਸਾਂਦਲਬਾਰ ਦੀ ਧਰਤੀ ਤੇ ਨੱਚਿਆ ਜਾਂਦਾ ਹੈ। ਇਸ ਨਾਚ ਦਾ ਨਾਮ ਕੁੜੀ ਸੰਮੀ ਦੇ ਨਾਮ ਉੱਪਰ ਪਿਆ ਦੱਸਿਆ ਜਾਂਦਾ ਹੈ। ਜਦੋਂ ਉਸ ਦਾ ਮਾਹੀ ਉਸ ਨੂੰ ਛੱਡ ਕੇ ਦੂਰ ਚਲਿਆ ਗਿਆ ਤਾਂ ਉਹ ਉਸਦੀ ਯਾਦ ਵਿੱਚ ਨੱਚਿਆ ਗਾਇਆ ਕਰਦੀ ਸੀ। ਬਾਅਦ ਵਿੱਚ ਇਹ ਲੋਕ ਕਲਾ ਦੇ ਖੇਤਰ ਵਿੱਚ ਸ਼ਾਮਿਲ ਹੋ ਗਿਆ। ਇਹ ਅਸਲ ਵਿੱਚ ਮੁਟਿਆਰਾਂ ਦੇ ਜਜ਼ਬਿਆਂ ਦਾ ਗੀਤ ਹੈ। ਇਸ ਨਾਚ ਵਿੱਚ ਗਾਏ ਜਾਣ ਗੀਤ ਦੇ ਬੋਲ ਹੁੰਦੇ ਹਨ:- ਸੰਮੀ ਮੇਰੀ ਬਣ, ਊਠ ਲੱਦੇ ਕਚੂਰ ਦੇ ਸੰਮੀਏ ਸੰਮੀ ਮੇਰੀ ਬਣ, ਗਿਣ-ਗਿਣ ਲਾਹਵਾਂ ਰੋਟੀਆਂ ਨੀ ਸੰਮੀਏ ਬਣ ਸੰਮੀਆਂ, ਸੰਮੀ ਮੇਰੀ ਬਣ ਖਾਵਣ ਵਾਲੇ ਦੂਰ ਬਣ ਸੰਮੀਏ। ਸੰਮੀ ਨਾਚ ਬਾਰੇ ਇਹ ਵੀ ਕਿਹਾ ਜਾਂਦਾ ਹੈ ਕੀ ਇਹ ਨਾਚ ਭਾਵੇਂ ਮੁਹੱਬਤ ਦੇ ਗੀਤਾਂ 'ਤੇ ਚਲਦਾ ਹੈ ਪਰ ਕਿਤੇ-ਕਿਤੇ ਇਸ ਨਾਚ ਨਾਲ ਜੁੜੇ ਬੋਲ ਪੀਰਾਂ ਫ਼ਕੀਰਾਂ ਦੀ ਸ਼ਰਧਾ ਰੱਖਣ ਵਾਲੇ ਵੀ ਸੰਕੇਤ ਕਰਦੇ ਹਨ। ਇਸ ਸਦਕਾ ਨਾਚ ਅੰਦਰ ਵੀ ਸ਼ਰਧਾਮਈ ਭਾਵਾਂ ਵਾਲੀਆਂ ਅਦਾਵਾਂ ਸ਼ਾਮਿਲ ਰਹੀਆਂ ਹਨ। ਇੰਜ ਲੱਗਦਾ ਹੈ ਜਿਵੇਂ ਜੰਗਲੀ ਔਰਤ ਕਿਸੇ ਇਸ਼ਟ ਦੀ ਆਰਾਧਨਾ ਕਰ ਰਹੀਆਂ ਹੋਣ :

ਮੇਰੇ ਪੀਰ ਪਵਾਏ ਕੋਠੇ

ਵਿੱਚ ਬੋਲਣ ਤੋਤੇ

ਉਹ ਗੱਡੀ ਬੰਨ੍ਹ ਖਲੋਤੇ

ਮੈਂ ਕੁਰਬਾਨ ਜਾਨੀਂ ਆਂ।

ਆਇਆ ਕੁਤਬ ਦਾ ਫ਼ਰੀਦ

ਮੈਂ ਫ਼ਰਸ਼ਾਨ ਜਾਨੀ ਆਂ।

ਇਸ ਲੋਕ ਨਾਚ ਦੀਆਂ ਰੂੜੀਆਂ ਇਸ ਨੂੰ ਪ੍ਰਾਚੀਨ ਸਮੇਂ ਤਕ ਲੈ ਜਾਂਦੀਆਂ ਹਨ। ਪਰੰਤੂ ਇਹ ਗੱਲ ਤਾਂ ਨਿਰਵਿਵਾਦ ਹੈ ਕਿ ਸੰਮੀ ਨਾਚ ਪੂਰਨ ਰੂਪ ਵਿਚ ਮੁਹੱਬਤ ਦਾ ਨਾਚ ਹੈ। ਬਿਰਹੋਂ ਕੁੱਠੀ ਮੁਟਿਆਰ ਦੀਆਂ ਸੋਖ ਅਦਾਵਾਂ ਦੀ ਖੂਬਸੂਰਤ ਪੇਸ਼ਕਾਰੀ ਹੈ।[9]

ਲੁੱਡੀ

[ਸੋਧੋ]

‘ਲੁੱਡੀ ਪਾਉਣਾ ਪੰਜਾਬ ਵਿੱਚ ਪ੍ਰਚਲਿਤ ਮੁਹਾਵਰਾ ਹੈ। ਜਿਸ ਦਾ ਭਾਵ ਹੈ ਖੁਸ਼ੀ ਨੂੰ ਪ੍ਰਗਟ ਕਰਨਾ ਜਾਂ ਕਿਸੇ ਢੰਗ ਨਾਲ ਖੁਸ਼ੀ ਮਨਾਉਣੀ। ਪਾਕਿਸਤਾਨ ਵਿੱਚ ਪੰਜਾਬ ਦੇ ਲੋਕ ਨਾਚਾਂ ਦੇ ਮਾਹਿਰ ਤੇ ਨਚਾਰ ਸਾਗਾ ਦਾ ਵਿਚਾਰ ਹੈ ਕਿ ਲੁੱਡੀ ਲਫ਼ਜ਼ ਪੰਜਾਬੀ ਵਿੱਚ ਯੂਨਾਨੀ ਜ਼ੁਬਾਨ ਰਾਹੀਂ ਆਇਆ ਹੈ। ਜਿਸ ਦੇ ਅਰਥ ਹਨ ਖੇਡ-ਕੂਦ। ਪਿੱਛੋਂ ਇਹ ਸ਼ਬਦ ਨਾਚ ਨਾਲ ਜੁੜ ਗਿਆ। ਜਦ ਫੌਜ ਜੰਗ ਜਿੱਤ ਕੇ ਪਰਤਦੀ ਤਾਂ ਲੁੱਡੀ ਪਾ ਕੇ ਜਵਾਨਾਂ ਦਾ ਸਵਾਗਤ ਕੀਤਾ ਜਾਂਦਾ ਸੀ। ਹੌਲੀ-ਹੌਲੀ ਖੇਡਾਂ ਵਿੱਚ ਜਿੱਤੀ ਟੀਮ ਦੀ ਖੁਸ਼ੀ ਜਾਂ ਮੁਕੱਦਮਾ ਜਿੱਤਣ ਦੀ ਖੁਸ਼ੀ ਸਾਂਝੀ ਕਰਨ ਲਈ ਲੁੱਡੀ ਨਾਚ ਨੱਚਿਆ ਜਾਣ ਲੱਗਾ। ਜਿਵੇਂ ਮਾਲਵੇ ਵਿੱਚ ਔਰਤਾਂ ਦੇ ਗਿੱਧੇ ਪਿੱਛੋਂ ਮਰਦਾਂ ਦੇ ਗਿੱਧੇ ਦਾ ਰਿਵਾਜ਼ ਪੈ ਗਿਆ ਸੀ ਇਸੇ ਤਰ੍ਹਾਂ ਵਿਆਹ ਦੀਆਂ ਰਸਮਾਂ ਜਿਵੇਂ ਖਾਰੇ ਚੜ੍ਹਨਾ, ਘੋੜੀ ਚੜ੍ਹਨਾ ਅਤੇ ਡੋਲੀ ਆਦਿ ਦੀ ਵਿਦਾਇਗੀ ਮੌਕੇ ਔਰਤਾਂ ਨੇ ਵੀ ਲੁੱਡੀ ਪਾਉਣੀ ਸ਼ੁਰੂ ਕਰ ਦਿੱਤੀ। ਪਰ ਇਹ ਵਧੇਰੇ ਕਰਕੇ ਪਾਕਿਸਤਾਨੀ ਪੰਜਾਬ ਤੱਕ ਹੀ ਸੀਮਿਤ ਰਿਹਾ। ਅਫ਼ਜ਼ਲ ਪਰਵੇਜ਼ ਦੀ ਧਾਰਨਾ ਹੈ ਕਿ ਸੰਮੀ ਅਤੇ ਲੁੱਡੀ ਵਿੱਚ ਕੇਵਲ ਇਹ ਫ਼ਰਕ ਹੈ ਕਿ ਸੰਮੀ ਨਾਚ ਦੇ ਨਾਲ-ਨਾਲ ਗੀਤ ਵੀ ਗਾਏ ਜਾਂਦੇ ਹਨ ਜਦਕਿ ਲੁੱਡੀ ਦੇ ਨੱਚਣ ਸਮੇਂ ਅਜਿਹੀ ਕੋਈ ਵਿਵਸਥਾ ਨਹੀਂ। ਜਦ ਢੋਲੀ ਢੋਲ ਉੱਪਰ ਡਗਾ ਮਾਰਦਾ ਹੈ ਤਾਂ ਉਸ ਦੇ ਤਾਲ ਨਾਲ ਨੱਚਣ ਵਾਲੇ ਛਾਤੀ ਅੱਗੇ ਤਾਲੀ ਮਾਰਦੇ ਹਨ, ਮੋਢੇ ਹਿਲਾਉਂਦੇ ਹਨ ਅਤੇ ਅੱਖਾਂ ਮਚਕਾਉਂਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਢੋਲ ਦੀ ਲੈਅ ਅਨੁਸਾਰ ਲੁੱਡੀ ਦੇ ਨਚਾਰ ਫੁੰਮਣੀਆਂ ਪਾਉਂਦੇ ਹਨ। ਇਸ ਨਾਚ ਵਿੱਚ ਨੱਚਣ ਵਾਲਿਆਂ ਦੀ ਗਿਣਤੀ ਨਿਸ਼ਚਿਤ ਨਹੀਂ। ਢੋਲੀ ਦੇ ਨਾਲ-ਨਾਲ ਉਹ ਅੱਗੇ ਵਧੀ ਜਾਂਦੇ ਹਨ ਅਤੇ ਐਕਸ਼ਨਾਂ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਕੋਈ ਗੱਭਰੂ ਡੰਡਿਆਂ ਨਾਲ ਘੁੰਗਰੂ ਬੰਨ ਕੇ ਹਿਲਾਉਂਦਾ ਹੈ ਅਤੇ ਯਾ-ਅਲ੍ਹੀ ਦੀ ਆਵਾਜ਼ ਕੱਢਦਾ ਹੈ।`6 ‘ਲੁੱਡੀ ਪੰਜਾਬ ਦਾ ਇੱਕ ਖੁਸ਼ੀ ਭਰਿਆ ਨਾਚ ਹੈ। ਜਦੋਂ ਕਿਸੇ ਵਿਅਕਤੀ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਹ ਖੁਸ਼ੀ ਵਿੱਚ ਲੁੱਡੀ ਪਾਉਂਦਾ ਹੈ। ਲੁੱਡੀ ਪਾਉਣ ਲਈ ਵੀ ਢੋਲੀ ਨੂੰ ਸੱਦਿਆ ਜਾਂਦਾ ਹੈ। ਉਹ ਲੁੱਡੀ ਤਾਲ ਵਜਾਉਂਦਾ ਹੈ, ਫਿਰ ਉਸੇ ਤਾਲ ਵਿੱਚ ਲੋਕੀ ਖੁਸ਼ੀ ਵਿੱਚ ਲੁੱਡੀ ਪਾਉਣ ਲੱਗਦੇ ਹਨ। ਉਹ ਤਾੜੀਆਂ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਲਚਕਾਉਂਦੇ ਹਨ।ਫਿਰ ਢੋਲੀ ਦੇ ਇਸ਼ਾਰੇ ਤੇ ਨਾਚ ਬਦਲਦਾ ਹੈ। ਫਿਰ ਉਹ ਬੋਲਦੇ ਹਨ ਓਇ-ਓਇ, ਏਲੀ-ਏਲੀ ਆਦਿ। ਇਸੇ ਤਰ੍ਹਾਂ ਉਹ ਆਪਣੀ ਜਿੱਤ ਦੀ ਖੁਸ਼ੀ ਮਨਾਉਂਦੇ ਹਨ। ਲੁੱਡੀ ਤੀਵੀਆਂ ਦਾ ਨਾਚ ਵੀ ਹੈ ਪਰ ਉਸਦਾ ਮਰਦਾਂ ਦੇ ਨਾਚ ਨਾਲ ਕੋਈ ਸੰਬੰਧ ਨਹੀਂ।`7 ‘ਲੁੱਡੀ ਨਾਚ ਦੀ ਇੱਕੋ ਤਾਲ ਹੈ, ਤੋੜਾ ਮਾਰ ਕੇ ਕਦੇ ਤੇਜ਼, ਕਦੇ ਹੌਲੀ। ਇਸ ਵਿੱਚ ਢੋਲ ਮੱਧਮ ਸੁਰ ਵਿੱਚ ਤੇਜ਼ ਗਤੀ ਨਾਲ ਇੱਕ ਸਾਰ ਵੱਜਦਾ ਹੈ। ਢੋਲੀਆਂ ਅਨੁਸਾਰ ਲੁੱਡੀ ਨਾਚ ਉੱਤੇ ਚਾਰ ਮਾਤਰੇ ਦੀ ਕਹਿਰਵਾ ਤਾਲ ਵੱਜਦੀ ਹੈ। ਇਹ ਹੈ ਦਾਗੇ-ਨਾ-ਦਨਕ-ਦਿਨ। ਪਰ ਅਜੋਕੇ ਭੰਗੜੇ ਵਿੱਚ ਅੱਠ ਮਾਤਰੇ ਦੀ ਕਹਿਰਵਾ ਤਾਲ ਵੱਜਦੀ ਹੈ। ਇਸ ਤਾਲ ਉੱਤੇ ਬਹੁਤੀਆਂ ਅਦਾਵਾਂ ਭੰਗੜਾ ਨਾਚ ਦੀਆਂ ਨਿਭਾਈਆਂP ਜਾਂਦੀਆਂ ਹਨ।8

ਧਮਾਲ

[ਸੋਧੋ]

ਪੰਜਾਬ ਦੇ ਲਹਿੰਦੇ ਖੇਤਰ ਵਿੱਚ ਬਹੁਤ ਲੋਕਪ੍ਰਿਯ ਰਹੇ ਲੋਕ ਨਾਚ ਦਾ ਨਾਮ ਧਮਾਲ ਹੈ। ਮੁਸਲਮਾਨ ਫ਼ਕੀਰਾਂ ਵਿੱਚ ਇਹ ਨਾਚ ਬੇਹੱਦ ਲੋਕਪ੍ਰਿਯ ਰਿਹਾ ਹੈ। ਉਹ ਇਸ ਨਾਚ ਨੂੰ ਬੜੇ ਚਾਅ ਨਾਲ ਨੱਚਿਆ ਕਰਦੇ ਸਨ। ਇਹ ਨਾਚ ਦੋਵੇਂ ਬਾਹਵਾਂ ਉੱਪਰ ਵੱਲ ਫੈਲਾ ਕੇ ਨੱਚਿਆ ਜਾਂਦਾ ਹੈ। ਉਂਝ ਇਸ ਨਾਚ ਦੀ ਕੋਈ ਬੱਝਵੀਂ ਸ਼ੈਲੀ ਨਹੀਂ ਹੈ। ਇਸ ਨਾਚ ਰਾਹੀਂ ਅੰਦਰ ਦੀ ਖ਼ੁਸ਼ੀ ਨੂੰ ਨੱਚ-ਕੁੱਦ ਕੇ ਪ੍ਰਗਟ ਕੀਤਾ ਜਾਂਦਾ ਹੈ। ਧਾਰਮਿਕ ਖੇਤਰ ਨਾਲ ਜੁੜੇ ਹੋਣ ਕਾਰਨ ਧਮਾਲ ਨਾਚ ਲੋਕ ਜੀਵਨ ਵਿੱਚ ਪ੍ਰਚਲਿਤ ਨਹੀਂ ਹੋ ਸਕਿਆ। ਉਂਜ ਕਿਤੇ-ਕਿਤੇ ਨਮਾਜ਼ ਸ਼ਬਦ ਨਾਚ ਦੇ ਅਰਥਾਂ ਵਿੱਚ ਪ੍ਰਯੋਗ ਹੋਇਆ ਮਿਲਦਾ ਹੈ : -

ਗਿੱਧੇ ਵਿੱਚ ਜਾ ਕੇ ਨੀ

ਮੈਂ ਪਾਵਾਂ ਨੱਚ ਧਮਾਲਾਂ।


ਇਸ ਲਈ ਪਾਰਖੂਆਂਆਂ ਨੇ ਧਮਾਲ ਨੂੰ ਪੰਜਾਬ ਦੇ ਲੋਕ ਨਾਚਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਹੈਇਹ ਰ ਮੂਲ ਰੁਪ ਵਿੱਚ ਇਹ ਧਾਰਮਿਕ ਭਾਵਨਾ ਵਾਲਾ ਨਾਚ ,ਹੈਇਸਨੂੰਿੰ ਮੁਸਲਮਾਸ਼ਨ ਰਧਾਲੂ ਮਰਦ ਅਤੇ ਔਰਤਾਂ, ਪਹੁੰਚੇ ਹੋਏ ਫ਼ਕੀਰਾਂ ਦੇ ਮਗ਼ਾਰਾਂ ਉਪਰ ਲੱਗਨ ਵਾਲੇ ਮੇਲਿਆਂ ਜਾਂ ਉਰਸਾਂ ਦੇ ਮੌਕੇ ਅਕੀਦਤ ਜਾਂ ਰਧਾ ਭੇਟ ਕਰਨ ਲਈ ਨੱਚਦੇ ਹਨ। ਇਨ੍ਹਾਂ ਧਾਰਮਿਕ ਖੀਅਤਾਂ ਵਿੱਚ ਹਜਰਤ ਦਾਤਾ ਗੰਜ ਬਖ, ਬਾਬਾ ਫਰੀਦ ਕਰਗੰਜ, ਹਜਰਤ ਮੀਆ ਧੀਰ, ਮਾਧੋ ਲਾਲ ਹੁਸੈਨ, ਸਾਈ ਬੁੱਲੇ ਸ਼ਾਹ ਅਤੇ ਸੱਯਦ ਵਾਰਿਸਾਹ ਆਦਿ ਸ਼ਾਮਿਲ ਹਨ।" ↵ਧਮਾਲ ਨੂੰ ਮੁਸਲਮਾਨ ਮਲੰਗਾਂ, ਮਸਤਾਨਿਆਂ ਅਤੇ ਕਲੰਦਰਾਂ ਦਾ ਧਾਰਮਿਕ ਨਾਚ ਕਿਹਾ ਜਾ ਸਕਦਾ ਹੈ ਇਹ ਦੀਵਾਨੇ ਢੋਲ ਜਾਂ ਨਗਾਰੇ ਦੀ ਤਾਲ ਉਪਰ ਮਸਤ ਹੋ ਪੈਰਾਂ ਦੀ ਧਮਕ ਦੀ ਆਵਾਜ ਕੱਢਦੇ ਹਨ, ਇਸੇ ਕਾਰਨ ਇਸ ਨੂੰ ਧਮਾਲ ਦਾ ਨਾ ਦਿੱਤਾ ਗਿਆ ਹੈ *

ਧੀਰਸ

[ਸੋਧੋ]

ਝੁੰਮਰ ਨਾਲ ਮਿਲਦਾ ਜੁਲਦਾ ਸਾਂਦਲ ਬਾਰ ਦਾ ਇੱਕ ਹੋਰ ਲੋਕ ਨਾਚ ਧੀਰਸ ਹੈ। ਇਹ ਨਾਚ ਵਧੇਰੇ ਕਰਕੇ ਝੰਗ ਦੇ ਇਲਾਕੇ ਤੱਕ ਹੀ ਸੀਮਤ ਹੈ, ਸਾਂਗਾ ਦੇ ਵਿਚਾਰ ਅਨੁਸਾਰ "ਕਿਉ ਜੋ ਇਸ ਨਾਚ ਨੂੰ ਨੱਚਣ ਵਾਲੇ ਬੜੇ ਧੀਰਜ ਨਾਲ ਸਹਿਜੇ ਸਹਿਜੇ ਪੈਰ ਧਰਦੇ ਹਨ, ਇਸ ਲਈ ਧੀਰਜ ਤੋਂ ਇਸਦਾ ਨਾਮ ਧੀਰਸ ਪੈ ਗਿਆ।" ਨਾਚ ਦੇ ਨਾਲ ਗੀਤ ਗਾਉਣ ਸਮੇਤ ਸ਼ੀ ਸ਼ੀ ਦੀ ਆਵਾਜ ਵੀ ਕੱਢਦੇ ਹਨ। ਸਾਗ਼ਾਂ ਵਿੱਚ ਢੋਲ ਦੇ ਨਾਲ ਤੂਤੀ ਅਤੇ ਰਨਾ ਦੀ ਵਰਤੋਂ ਵੀ ਕੀਤੀ ਜਾਂਦੀ ਹੈ | ਆਮ ਤੌਰ ਤੇ ਇਸ ਨੂੰ ਮੇਲਿਆਂ ਤੇ ਸਮਾਗਮਾਂ ਵੇਲੇ ਨੱਚਿਆ ਜਾਂਦਾ ਹੈ। ਇਸ ਨਾਚ ਨਾਲ ਗਾਏ ਜਾਣ ਵਾਲੇ ਗੀਤ ਦੂਜੇ ਨਾਚਾਂ ਵਿੱਚ ਵੀ ਗਾਏ ਜਾਂਦੇ ਹਨ: ਚੰਨਾ ਕਿੱਥੇ ਗੁਜਾਰੀ ਆਈ ਰਾਤ ਵੇ, ਮੇਰਾ ਜੀਅ ਦਲੀਲਾਂ ਦੇ ਵਾਸ ਵੇ”।

ਪ੍ਰੰਤੂ ਵਰਤਮਾਨ ਸਮੇ੍ਵ ਵਿੱਚ ਪੰਜਾਬੀ ਲੋਕ ਨਾਚਾਂ ਨੂੰ ਮਨੁੱਖ ਆਪਣੇ ਮਨ ਚੋ੍ਵ ਵਿਸਾਰ ਰਿਹਾ ਹੈ। ਲੋਕ ਨਾਚ ਕੇਵਲ ਇੱਕ ਲੋਕਧਾਰਾ ਦਾ ਹੀ ਅੰਗ ਬਣ ਕਿ ਰਹਿ ਗਏ ਹਨ, ਅਸਲ ਜੀਵਨ ਵਿੱਚ ਉਹਨਾਂ ਦੀ ਸਾਰਥਕਤਾ ਦੀ ਅਣਹੋ੍ਵਦ ਵੱਧ ਰਹੀ ਹੈ * ਜਿਸ ਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਤਾਂ ਪੱਛਮੀਕਰਨ ਦਾ ਪ੍ਰਭਾਵ ਹੈ, ਪੱਛਮੀਕਰਨ ਅਤੇ ਵਿਵੀਕਰਨ ਵਰਗੀਆਂ ਧਾਰਾਵਾਂ ਨੇ ਕੇਵਲ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਭਾਰਤ ਦੀ ਸੱਭਿਆਰਚਾਰਕ ਲੋਕਧਾਰਾਈ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ। ਮਨੁੱਖ ਆਪਣੇ ਵਿਰਸੇ ਤੋਂ ਹੱਟ ਕੇ ਅੱਜ ਕੱਲ੍ਹ ਆਧੁਨਿਕੀਕਰਨ ਦੀ ਹੋੜ੍ਹ ਵਿੱਚ ਪੱਛਮੀ ਕਲਚਰ ਨੂੰ ਅਪਣਾ ਰਿਹਾ ਹੈ। ਜਿਸ ਦੇ ਨਾਲ ਸਾਡਾ ਪਹਿਰਾਵਾ, ਖਾਣ-ਪੀਣ, ਮਨੋਰੰਜਨ ਆਦਿ ਦੇ ਸਾਧਨਾਂ ਵਿੱਚ ਬਹੁਤ ਵੱਡਾ ਬਦਲਾਵ ਆ ਰਿਹਾ ਹੈ। ਪੈਸੇ ਦੀ ਹੋੜ ਨੇ ਲੋਕ ਨਾਚਾਂ ਦੇ ਅਸਲੀ ਸਰੂਪ ਨੂੰ ਵਿਗਾੜ ਦੇ ਰੱਖ ਦਿੱਤਾ ਹੈ। ਮੀਡੀਆ ਵੀ ਪੰਜਾਬੀ ਲੋਕ ਨਾਚ ਦੇ ਬਦਲਦੇ ਸਰੂਪ ਵਿੱਚ ਪੂਰਾ ਰੋਲ ਨਿਭਾ ਰਿਹਾ ਹੈ। ਖੇਤਰੀ ਚੈਨਲਾਂ ਦੇ ਉਪੱਰ ਬਹੁਤ ਹੀ ਘੱਟ ਅਜਿਹੇ ਪ੍ਰੋਗਰਾਮ ਪ੍ਰਕਾਸ਼ਿਤ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਲੋਕ ਨਾਚਾਂ ਨੂੰ ਦੇਖ ਕੇ ਸਿਖ ਸਕੇ। ਵਰਤਮਾਨ ਸਮੇਤ ਲੋਕ ਨਾਚਾਂ ਦਾ ਪ੍ਰਦਰਨ ਤਾਂ ਸਾਨੂੰ ਸਿਰਫ ਯੁਵਕ ਮੇਲਿਆਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਹਰ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਯੁਵਕ ਮੇਲਿਆਂ ਦਾ ਆਯੋਜਨ ਕਰਦੀਆਂ ਹਨ ਤੇ ਅੰਤਰ ਖੇਤਰੀ ਤੇ ਅੰਤਰ ਯੂਨੀਵਰਸਿਟੀ ਮੁਕਾਬਲੇ ਕਰਵਾਕੇ ਲੋਕ ਨਾਚਾਂ ਨੂੰ ਜਿਊ੍ਵਦਾ ਰੱਖ ਰਹੀਆਂ ਹਨ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੇ ਯੋਗਦਾਨ ਹੈ ਕਿ ਉਹ ਹਰ ਸਾਲ ਯੁਵਕ ਮੇਲੇ ਦੀ ਤਰਜੀਹ ਤੇ ਹੀ ‘ਲੋਕ ਮੇਲਾ’ ਆਯੋਜਿਤ ਕਰਦੀ ਹੈ ਜਿਸ ਵਿੱਚ ਪੰਜਾਬੀ ਲੋਕ ਨਾਚ ਭੰਗੜਾ, ਸੰਮੀ, ਗਿੱਧਾ, ਝੁੰਮਰ ਨੂੰ ਪ੍ਰਦਰਸ਼ੀਤ ਕੀਤਾ ਜਾਂਦਾ ਹੈ ਤੇ ਨਾਲ ਹੀ ਨਾਲ ਲੋਕ-ਕਲਾਵਾਂ, ਲੋਕ-ਖੇਡਾਂ, ਲੋਕ ਗੀਤ ਤੇ ਲੋਕ ਨਾਟ ਵੀ ਸੰਭਾਲ ਲਏ ਹਨ। ਇਸੇ ਤਰਾਂ ਹੀ ਪੰਜਾਬੀ ਅਕਾਦਮੀ, ਦਿੱਲੀ (ਕਲਾ, ਸਭਿਆਚਾਰ ਤੇ ਭਾਾ ਵਿਭਾਗ, ਦਿੱਲੀ ਸਰਕਾਰ) ਪੰਜਾਬੀ ਲੋਕ ਨਾਚ (ਭੰਗੜਾ, ਗਿੱਧਾ) ਦੀ ਸਿਖਲਾਈ ਲਈ ਹਰ ਸਾਲ ਵਰਕਸ਼ਾਪ ਆਯੋਜਿਤ ਕਰਦੀ ਹੈ।

ਪੰਜਾਬ ਦੇ ਲੋਕ ਗੀਤ

[ਸੋਧੋ]

ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰਾਂ ਪੀੜੀ-ਦਰ-ਪੀੜੀ ਅਗੇਰੇ ਪਹੁੰਚਦੇ ਹਨ। ਲੋਕ-ਗੀਤ ਲੋਕ-ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿੰਨੀ ਬਹੁਰੰਗੀ ਤੇ ਵੰਨ-ਸੁਵੰਨੀ ਝਾਕੀ ਲੋਕ-ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ-ਰੂਪ ਵਿੱਚ ਆਪਣਾ ਪ੍ਰਗਟਾਉ ਨਹੀਂ ਲੱਭ ਸਕਦੀ। ਇਤਹਾਸਿਕ ਤੌਰ 'ਤੇ ਲੋਕ-ਗੀਤਾਂ ਦੀ ਸਿਰਜਣਾ, ਉਦੋਂ ਤੋਂ ਆਰੰਭ ਹੋਈ, ਜਦੋਂ ਮਨੁੱਖ ਨੇ 'ਭਾਸ਼ਾ ਬੋਲਦੇ' ਸਮਾਜ ਵਿੱਚ ਰਿਸ਼ਤੇ-ਨਾਤਿਆਂ ਦੇ ਸੰਸਾਰ ਵਿੱਚ ਰਹਿਣ-ਸਹਿਣ ਸ਼ੁਰੂ ਕੀਤਾ। ਲੋਕ ਜੀਵਨ ਨਾਲ ਸੰਬਧਿਤ ਹੋਣ ਕਰਕੇ ਲੋਕ-ਗੀਤ ਆਪਣੇ ਵਿਸ਼ੇ-ਵਸਤੂ ਅਤੇ ਪ੍ਰਗਟਾਉ ਦੇ ਪੱਖ ਤੋਂ ਭਾਵੇਂ ਸਾਰੀ ਸਮਗਰੀ ਆਪਣੇ ਸੱਭਿਆਚਾਰਕ ਪਿਛੋਕੜ ਵਿੱਚੋਂ ਹਾਸਲ ਕਰਕੇ, ਆਪਣੇ ਅਤੀਤ ਨਾਲ ਜੁੜੇ ਰਹਿੰਦੇ ਹਨ। ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੇਹਾਰ ਅਤੇ ਪਹਾੜੀ ਇਲਾਇਆਂ ਵਿੱਚੋਂ ਇੰਨੀ ਵੱਡੀ ਗਿਣਤੀ ਵਿੱਚ ਲੋਕ-ਗੀਤ ਮਿਲਦੇ ਹਨ ਕਿ ਇਹਨਾਂ ਦੇ ਕਈ ਸੰਗ੍ਰਹਿ ਸੰਕਲਿਤ ਕੀਤੇ ਜਾ ਸਕਦੇ ਹਨ। ਪੰਜਾਬੀ ਲੋਕ ਗੀਤ ਸਾਂਝੇ ਤੇ ਅਣਵੰਡੇ ਪੰਜਾਬ ਦੇ ਪੰਜਾਬੀਆਂ ਦਾ ਅਣਵੰਡਿਆ ਮੁੱਲਵਾਨ ਵਿਰਸਾ ਹੈ। ਪੰਜਾਬੀ ਲੋਕ-ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਜਨਮ ਤੋਂ ਲੈ ਕੇ ਮੌਤ ਤੱਕ ਦੀਆ ਅਨੇਕਾ ਘਟਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਲੋਕ- ਗੀਤਾਂ ਵਿੱਚ ਪੰਜਾਬ ਦੇ ਭਾਈਚਾਰਿਕ ਜੀਵਨ ਵਿੱਚਲੀ ਅਤੁੱਟ ਸਾਂਝ ਹੈ। ਲੋਕ-ਗੀਤਾਂ ਵਿੱਚੋਂ ਕਿਰਸਾਣੀ ਸਮਾਜ ਵਿੱਚ ਮਰਦ ਦੀ ਸਰਦਾਰੀ ਅਤੇ ਔਰਤ ਦੀ ਅਧੀਨਗੀ ਦੇ ਅਨੇਕਾਂ ਅਜਿਹੇ ਉਦਾਹਰਨ ਮਿਲਦੇ ਹਨ ਜਿਨ੍ਹਾਂ ਵਿੱਚੋਂ ਲੜਕੀ ਵਾਲੇ ਘਰ ਦੀ ਨਿਮਨ ਸਥਿਤੀ ਦੀ ਝਲਕ ਮਿਲਦੀ ਹੈ। ਲੋਕ-ਗੀਤ ਸਾਡੇ ਸੱਭਿਆਚਾਰਕ ਵਰਤਾਰੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਪੰਜਾਬੀ ਲੋਕ-ਗੀਤਾਂ ਨੇ ਇੱਥੋਂ ਦੇ ਧਰਮ ਅਤੇ ਸਦਾਚਾਰ ਨਾਲ ਵੀ ਆਪਣੀ ਅਤੁੱਟ ਸਾਂਝ ਦਾ ਸਬੂਤ ਦਿੱਤਾ ਹੈ|ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਬੋਲੀਆਂ, ਟੱਪੇ, ਮਾਹੀਆ, ਸਿੱਠਣੀਆਂ, ਛੰਦ ਪਰਾਗੇ ਤੇ ਕੁਝ ਹੋਰ ਨਿੱਕੀਆ-ਨਿੱਕੀਆਂ ਗੀਤ-ਬਣਤਰਾਂ ਵਿੱਚੋਂ ਮਿਲਦਾ ਹੈ। ਅੱਜ ਰਾਂਗਲੀ ਝਾਕੀ ਪੇਸ਼ ਕਰਨ ਵਾਲੇ ਇੰਨਾ ਲੋਕ-ਗੀਤਾਂ ਦੇ ਸ੍ਰੋਤ ਹੌਲੀ-ਹੌਲੀ ਖੁਰਦੇ ਜਾ ਰਹੇ ਹਨ।ਸਾਡੇ ਲੋਕ-ਗੀਤਾਂ ਦੇ ਰਚਣਹਾਰੇ ਤੇ ਬੋਲਣਹਾਰੇ ਸਾਡੇ ਕੋਲੋਂ ਦੂਰ ਜਾ ਰਹੇ ਹਨ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "ਪੰਜਾਬੀ ਸੱਭਿਆਚਾਰ > ਪੰਜਾਬ ਦੇ ਲੋਕ-ਨਾਚ". Archived from the original on 2012-10-31. Retrieved 2012-11-16.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. ਇਨਸਾਈਕਲੋਪੀਡੀਆ ਬ੍ਰਿਟੇਨਿਕਾ
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. 7.0 7.1 "ਗਿੱਧਾ" ਦਵਿੰਦਰ ਸਤਿਆਰਥੀ
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  9. Lua error in ਮੌਡਿਊਲ:Citation/CS1 at line 3162: attempt to call field 'year_check' (a nil value).

ਬਾਹਰੀ ਲਿੰਕ

[ਸੋਧੋ]