ਲੋਕ ਦਾਇਰੇ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਲੋਕ ਦਾਇਰੇ
[ਸੋਧੋ]ਅਕਸਰ ਲੋਕ-ਧਾਰਾ ਨੂੰ ਪਰੰਪਰਕ ਗਿਆਨ ਮੰਨਿਆ ਜਾਂਦਾ ਹੈ। ਲੋਕ-ਧਾਰਾ ਦੇ ਕੁੱਝ ਹਿੱਸੇ ਖ਼ਤਮ ਹੋ ਜਾਂਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਲੋਕ-ਧਾਰਾ ਖ਼ਤਮ ਹੋ ਜਾਂਦੀ ਹੈ। ਲੋਕ-ਧਾਰਾ ਦੀ ਵਰਤੋਂ ਘੱਟ ਜਾਂਦੀ ਹੈ। ਜਿਵੇਂ ਸਿੱਠਣੀਆਂ, ਸੁਹਾਗ ਬਹੁਤ ਘੱਟ ਗਾਏ ਜਾਣ ਲੱਗੇ ਹਨ। ਲੋਕ-ਧਾਰਾ ਵਿੱਚ ਬਹੁਤ ਸਾਰੀਆਂ ਵੰਨਗੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਲੋਕ-ਧਾਰਾ ਪੈਦਾ ਹੁੰਦੀ ਰਹਿੰਦੀ ਹੈ ਜਿਸ ਕਰ ਕੇ ਇਹ ਕੋਈ ਖ਼ਤਮ ਹੋਣ ਵਾਲ਼ੀ ਚੀਜ਼ ਨਹੀਂ ਹੈ। ਜਦੋਂ ਵੀ ਸਮੂਹਕ ਵਿਹਾਰ ਦੇ ਪੈਟਰਨ ਅਵਚੇਤਨ ਤੌਰ ਤੇ ਪੈਦਾ ਹੋਣਗੇ,ਉਹ ਲੋਕ-ਧਾਰਾ ਹੈ। ਲੋਕ-ਬਿਰਤਾਂਤ ਅਕਸਰ ਹੀ ਪੈਦਾ ਹੁੰਦੇ ਰਹਿੰਦੇ ਹਨ। ਐਲਨ ਡੰਡਜ਼ ਅਨੁਸਾਰ ਵਿਗਿਆਨ ਨਾਲ਼ ਲੋਕ-ਧਾਰਾ ਖ਼ਤਮ ਨਹੀਂ ਹੋ ਜਾਵੇਗੀ। ਕਿਉਂਕਿ ਜਿੰਨੇ ਵੀ ਵਿਗਿਆਨੀ ਹਨ ਸਭ ਦੀ ਆਪਣੀ ਆਪਣੀ ਲੋਕ-ਧਾਰਾ ਹੈ। ਪਰ ਕੁੱਝ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਕਿ ਵਿਗਿਆਨਕ ਸੋਚ ਨਾਲ਼ ਲੋਕ-ਧਾਰਾ ਖ਼ਤਮ ਹੋ ਜਾਵੇਗੀ। ਲੋਕ-ਧਾਰਾ ਦੀ ਸਿਰਜਣਾ ਲੋਕ ਦਾਇਰੇ ਵਿੱਚ ਹੁੰਦੀ ਰਹਿੰਦੀ ਹੈ। ਪਹਿਲਾਂ ਲੋਕ ਦਾਇਰੇ ਜਾਤਾਂ ਜਾਂ ਖਿੱਤਿਆਂ ਮੁਤਾਬਕ ਮੰਨੇ ਜਾਂਦੇ ਸਨ। ਜਿਵੇਂ – ਮਾਲਵੇ ਦੀ ਲੋਕ-ਧਾਰਾ, ਮਾਝੇ ਦੀ ਲੋਕ-ਧਾਰਾ, ਦੁਆਬੇ ਦੀ ਲੋਕ-ਧਾਰਾ, ਜਾਂ ਕਿਸਾਨੀ ਦੀ ਲੋਕ-ਧਾਰਾ, ਬਾਹਮਣਾਂ ਦੀ ਲੋਕ-ਧਾਰਾ ਆਦਿ। ਪਰ ਲੋਕ-ਧਾਰਾ ਦਾ ਦਾਇਰਾ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ। ਜਿਵੇਂ 1984 ਦੀ ਘਟਨਾ ਸਾਰੇ ਪੰਜਾਬ ਦਾ ਸਾਂਝਾ ਦਾਇਰਾ ਹੈ। ਇਸ ਦੇ ਮੁਕਾਬਲੇ ਲੋਕ-ਧਾਰਾ ਇੱਕ ਛੋਟੇ ਦਾਇਰੇ ਵਿੱਚ ਵੀ ਹੋ ਸਕਦੀ ਹੈ। ਜਿੱਥੇ ਵੀ ਕੋਈ ਲੋਕ ਸਮੂਹ ਲੰਬੇ ਸਮੇਂ ਲਈ ਜੁੜਿਆ ਰਹਿੰਦਾ ਹੈ, ਉਨ੍ਹਾਂ ਦੀ ਆਪਣੀ ਲੋਕ-ਧਾਰਾ ਹੁੰਦੀ ਹੈ ਅਤੇ ਆਪਣਾ ਲੋਕ ਦਾਇਰਾ ਹੁੰਦਾ ਹੈ। ਲੋਕ ਦਾਇਰੇ ਆਕਾਰ ਦੋ ਵਿਅਕਤੀਆਂ ਤੋਂ ਲੈ ਕੇ ਦੋ ਕਰੋੜ ਜਾਂ ਇਸ ਤੋਂ ਵੀ ਜ਼ਿਆਦਾ ਵਿਅਕਤੀਆਂ ਦਾ ਹੋ ਸਕਦਾ ਹੈ। ਲੋਕ-ਧਾਰਾ ਦਾ ਹਰ ਸਮੇਂ ਸੰਚਾਰ ਹੁੰਦਾ ਰਹਿੰਦਾ ਹੈ। ਇਹ ਲਗਾਤਾਰ ਚੱਲਦੀ ਰਹਿੰਦੀ ਹੈ। ਲੋਕ-ਧਾਰਾ ਵਿਗਿਆਨੀਆਂ ਵਿੱਚੋਂ ਅਮਰੀਕੀ ਵਿਦਵਾਨ ਐਲਨ ਡੰਡੀਜ਼ ਦਾ ਮੱਤ ਹੈ ਕਿ “ ਕੋਈ ਵੀ ਸਮੂਹ ਜਿਸ ਵਿੱਚ ਦੋ ਜਾਂ ਦੋ ਵੱਧ ਬੰਦੇ ਹੋਣ ਤੇ ਜਿਹਨਾਂ ਵਿੱਚ ਭਾਸ਼ਾ ਕਿੱਤੇ ਜਾਂ ਧਰਮ ਆਦਿ ਵਿੱਚੋਂ ਕਿਸੇ ਇੱਕ ਦੀ ਵੀ ਸਾਂਝ ਹੋਵੇ ਇਨ੍ਹਾਂ ਵਿਚਲੀ ਸਾਂਝੀ ਪਰੰਪਰਾ ਦੀ ਸਾਂਝ ਇਨ੍ਹਾਂ ਨੂੰ ਇੱਕ ਗਰੁੱਪ ਭਾਵਨਾ ਵਿੱਚ ਬੰਨ੍ਹੀ ਰੱਖੇ, ਉਹੀ ਲੋਕ ਸਮੂਹ ਅੜਵਾ ਸਕਦਾ ਹੈ। ” [[ ‘ਲੋਕ’]] ਦਾ ਅਰਥ ਸਮੂਹਿਕ ਭਾਵਨਾ ਵਿੱਚ ਬੱਝਾ, ਭਾਸ਼ਾਈ, ਖੇਤਰੀ, ਨਸਲੀ ਕਿੱਤਾਗਤ ਧਾਰਮਿਕ ਆਧਾਰ ਤੇ ਬਣਿਆ ਅਜਿਹਾ ਗੁੱਟ ਹੈ ਜਿਸ ਕੋਲ਼ ਆਪਣੀ ਸਾਂਝੀ ਵਿਰਾਸਤ ਹੈ। ਇਹ ਗੁੱਟ ਸਹਿਰੀਆਂ ਦਾ ਵੀ ਹੋ ਸਕਦਾ, ਪੇਂਡੂਆਂ ਦਾ ਵੀ ਹੋ ਸਕਦਾ ਹੈ, ਪੜ੍ਹੇ ਲਿਖੇ ਬੁੱਧੀਜੀਵੀਆਂ ਦਾ ਵੀ ਅਤੇ ਅਨਪੜ੍ਹ ਵਾਗੀਆਂ ਹਲ ਵਾਹਕਾਂ ਦਾ ਵੀ, ਧਨੀਆਂ ਦਾ ਵੀ ਤੇ ਝੁੱਗੀਆਂ ਵਿੱਚ ਵਿਚਰਦੇ ਮਜ਼ਦੂਰਾਂ ਦਾ ਵੀ। ਲੋਕ ਦੇ ਦਾਇਰੇ ਦਾ ਆਧਾਰ ਭੂਗੋਲਿਕ/ਸਾਂਸਕ੍ਰਤਿਕ ਵੰਡ ਹੈ। ਕਿਸੇ ਦੇਸ਼ ਦੀ ਵਸੋਂ ਦਾ ਉਹ ਦਾਇਰਾ ਜਿਸ ਕੋਲ਼ ਆਪਣੀ ਨਿੜੜਵੀਂ ਲੋਕਧਾਰਾ ਹੈ, ਉਹ ਲੋਕ ਦੀ ਇਕਾਈ ਹੈ। ਐਲਨ ਡੰਡੀਜ਼ ਅਨੁਸਾਰ, “ ਲੋਕ ਦੀ ਛੋਟੀ ਤੋਂ ਛੋਟੀ ਇਕਾਈ ਤੇ ਵੱਡੀ ਤੋਂ ਵੱਡੀ ਇਕਾਈ ਸਮੁੱਚੀ ਕੌਮੀਅਤ ਵੀ ਹੋ ਸਕਦੀ ਹੈ। ” ਲੋਕ ਦੀ ਧਾਰਨਾ ਨੂੰ ਕਦੇ ਵੀ ਸਰਬ ਸਾਧਾਰਨ ਤੇ ਦਾਇਰਿਆਂ ਤੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ ਅਤੇ ਲੋਕਧਰਾ ਦੇ ਹਰ ਅੰਗ ਦਾ ਅਧਿਐਨ ਉਸ ਦੇ ਆਪਣੇ ਦਾਇਰੇ ਦੇ ਸੰਦਰਭ ਵਿੱਚ ਹੋਣਾ ਲਾਜ਼ਮੀ ਹੈ। ਹਰ ਦਾਇਰੇ ਦੀ ਲੋਕਧਾਰਾ ਦੇ ਵਿੱਚ ਉਸ ਦਾਇਰੇ ਦੀ ਸਮੁੱਚੀ ਭਾਵਨਾ ਸਮਾਈ ਹੁੰਦੀ ਹੈ। ਜੀਵਨ ਸਥਿਤੀ ਵਿੱਚ ਪਰਿਵਰਤਨ ਆਉਣ ਨਾਲ਼ ਪਹਿਲੇ ਦਾਇਰੇ ਅਲੋਪ ਹੋ ਜਾਂਦੇ ਹਨ ਅਤੇ ਨਵੇਂ ਹੋਂਦ ਵਿੱਚ ਆਉਂਦੇ ਹਨ। ਨਵੇਂ ਕਿੱਤੇ ਨਵੇਂ ਦਾਇਰਿਆਂ ਨੂੰ ਜਨਮ ਦਿੰਦੇ ਹਨ। ਜਿਵੇਂ ਪੰਜਾਬ ਵਿੱਚ ਕਾਲਜੀਏਟਾਂ,ਪਾੜ੍ਹਿਆਂ, ਪੰਜਾਬੀ ਬੁੱਧੀਜੀਵੀਆਂ, ਸਾਹਿਤਕਾਰਾਂ, ਰਾਜਨੀਤਕ ਪਾਰਟੀਆਂ, ਡਰਾਇਵਰਾਂ ਤੇ ਕੰਡਕਟਰਾਂ, ਦੇ ਨਵੇਂ ਨਵੇਂ ਦਾਇਰੇ ਹੋਂਦ ਵਿੱਚ ਆਉਣ ਨਾਲ਼ ਉਹ ਆਪੋ ਆਪਣੀ ਲੋਕਧਾਰਾ ਸਿਰਜ ਰਹੇ ਹਨ। ਨਵੇਂ ਗਰੁੱਪਾਂ ਦੇ ਬਣਨ ਤੇ ਪੁਰਾਣਿਆਂ ਦੇ ਮਿਟਣ ਵਿੱਚੋਂ ਹੀ ਲੋਕਧਾਰਾ ਦੇ ਗੁਆਚਦੇ ਜਾਣ ਦੀ ਸਮੱਸਿਆ ਦਾ ਉੱਤਰ ਮਿਲਦਾ ਹੈ। ਕਿਉਂਕਿ ਲੋਕਧਾਰਾ ਦੀ ਹੋਂਦ ਉਸ ਨਾਲ਼ ਸੰਬੰਧਿਤ ਦਾਇਰੇ ਦੀ ਹੋਂਦ ਵਿਧੀ ਹੈ। ਲੋਕ ਦਾਇਰਿਆਂ ਦੀ ਹੋਂਦ ਨੂੰ ਪ੍ਨ੍ਰਵਾਨ ਕਰਦਿਆਂ ਸਦਾ ਚੇਤੇ ਰੱਖਣਾ ਪਵੇਗਾ ਕਿ ਦਾਇਰਿਆਂ ਦੀ ਇਹ ਵੰਡ ਲਾਲ ਲਕੀਰ ਖਿੱਚ ਕੇ ਨਹੀਂ ਕੀਤੀ ਜਾ ਸਕਦੀ। ਲੋਕ ਦੇ ਇੱਕ ਦਾਇਰੇ ਦਾ ਵਿਅਕਤੀ ਸਹਿਜੇ ਹੀ ਦੂਜੇ ਦਾਇਰੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਇੱਕੋ ਬੰਦਾ ਵੱਖ ਵੱਖ ਸਮਿਆਂ ਵਿੱਚ ਵੱਖ ਵੱਖ ਦਾਇਰਿਆਂ ਨਾਲ਼ ਸੰਬੰਧਿਤ ਹੋ ਸਕਦਾ ਹੈ। ਇੱਕੋ ਸੁਭਾਅ ਵਾਲ਼ੇ ਲੋਕ ਦੇ ਕਈ ਦਾਇਰੇ ਇੱਕ ਦੂਜੇ ਵਿੱਚ ਸਮਾ ਜਾਂਦੇ ਹਨ।
ਲੋਕ ਦਾਇਰੇ ਦੀਆਂ ਵਿਸ਼ੇਸ਼ਤਾਵਾਂ
[ਸੋਧੋ]1. ਲੋਕ ਦਾਇਰਾ ਬਹੁਤ ਵੱਡਾ ਵੀ ਹੋ ਸਕਦਾ ਹੈ ਅਤੇ ਬਹੁਤ ਛੋਟਾ ਵੀ। 2. ਲੋਕ ਦਾਇਰੇ Exclusive ਨਹੀਂ ਹੁੰਦੇ। ਜਿੱਥੇ ਸਿਰਫ਼ ਇੱਕ ਕਿਸਮ ਦੀ ਸਮੱਗਰੀ ਮਿਲਦੀ ਹੋਵੇ, ਉਹ Exclusive ਦਾਇਰੇ ਹੁੰਦੇ ਹਨ। ਜਿਵੇਂ – ਅੱਜ ਕੱਲ੍ਹ ਮਾਰਕੀਟ ਵਿੱਚ ਅਲੱਗ ਅਲੱਗ ਬਰਾਂਡ ਦੇ ਸ਼ੋਅ ਰੂਮ ਹੁੰਦੇ ਹਨ।ਜਿਹਨਾਂ ਵਿੱਚ ਉਸੇ ਬਰਾਂਡ ਦਾ ਸਮਾਨ ਮਿਲਦਾ ਹੈ ਜਿਸ ਬਰਾਂਡ ਦੇ ਉਹ ਹੁੰਦੇ ਹਨ। ਇਹ Exclusive ਹੁੰਦੇ ਹਨ। ਪਰ ਲੋਕ-ਧਾਰਾ Exclusive ਕਿਸਮ ਦੀ ਚੀਜ਼ ਨਹੀਂ ਹੁੰਦੀ। ਇਸ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ। ਇਸ ਵਿੱਚ ਕੋਈ ਇੱਕ ਖ਼ਾਸ ਚੀਜ਼ ਨਹੀਂ ਹੁੰਦੀ। ਲੋਕ ਦਾਇਰੇ ਇੱਕ ਦੂਸਰੇ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਹਨ। ਲੋਕ ਦਾਇਰੇ ਬਹੁਤ ਸਾਰੇ ਹੁੰਦੇ ਹਨ ਪਰ ਉਹ ਮੁਕੰਮਲ ਰੂਪ ਵਿੱਚ ਸ਼ੁੱਧ ਨਹੀਂ ਹੁੰਦੇ। 3. ਲੋਕ ਦਾਇਰਿਆਂ ਵਿੱਚ ਸਥਾਈ ਤੌਰ ਤੇ ਲੰਬੇ ਸਮੇਂ ਦੇ ਲੋਕਾਂ ਦੇ ਸੰਬੰਧ ਹੁੰਦੇ ਹਨ। ਜਦ ਤੱਕ ਲੋਕ ਦਾਇਰਿਆਂ ਵਿੱਚ ਦੋ ਤੋਂ ਉੱਪਰ ਗਿਣਤੀ ਦੇ ਲੋਕਾਂ ਦੇ ਸੰਬੰਧ ਲੰਬੇ ਸਮੇਂ ਤੱਕ ਨਹੀਂ ਹੋਣਗੇ, ਉਦੋਂ ਤੱਕ ਲੋਕ ਦਾਇਰੇ ਨਹੀਂ ਬਣਦੇ। ਜਦ ਉਨ੍ਹਾਂ ਦਾ ਸਥਾਈਤਵ ਹੋਵੇਗਾ ਤਾਂ ਉਨ੍ਹਾਂ ਦੀ ਇੱਕ ਸਾਂਝੀ ਵਿਰਾਸਤ ਹੋਵੇਗੀ। ਜੋ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਜਾਵੇਗੀ।
ਲੋਕ ਦਾਇਰੇ ਦੀਆਂ ਵੰਨਗੀਆਂ
[ਸੋਧੋ]ਲੋਕ ਦੇ ਦਾਇਰੇ ਦਾ ਨਿਰਨਾ ਹੇਠ ਲਿਖੇ ਇੱਕ ਜਾਂ ਇੱਕ ਤੋਂ ਵਧੀਕ ਤੱਤਾਂ ਦੀ ਸਾਂਝ ਦੇ ਆਧਰ ਤੇ ਹੋ ਸਕਦਾ ਹੈ। ਇਹ ਤੱਤ ਹਨ:
1. ਭੂਗੋਲਿਕ ਜਾਂ ਭਾਸ਼ਾਈ
2. ਧਰਮ ਜਾਂ ਫ਼ਿਰਕਾ
3. ਜਾਤ ਜਾਂ ਕਿੱਤਾ
4. ਲਿੰਗ ਜਾਂ ਉਮਰ
4. ਨਿਭਾਉ ਸੰਦਰਭ ਜਾਂ ਸਮਾਜਿਕ ਮੌਕਾ
ਭੂਗੋਲਿਕ ਜਾਂ ਭਾਸ਼ਾਈ ਆਧਾਰ ਤੇ
[ਸੋਧੋ]ਕਿਸੇ ਖਿੱਤੇ ਦੀ ਭੂਗੇਲਿਕ ਸਥਿਤੀ ਜਿੱਥੇ ਉਸ ਦੀਆਂ ਭਾਸ਼ਾਈ ਸੀਮਾਵਾਂ ਨੂੰ ਨਿਰਧਾਰਿਤ ਰਕਦੀ ਹੈ ਉੱਥੇ ਉਸ ਖਿੱਤੇ ਦੀ ਸਾਂਸਕ੍ਰਿਤਿਕ ਵਿਲੱਖਣਤਾ ਦਾ ਕਾਰਨ ਵੀ ਬਣਦੀ ਹੈ। ਸਾਂਸਕ੍ਰਿਤਿਕ ਵੱਖਰਤਾ, ਵੱਖਰੇ ਥੀਮ, ਉਪ-ਭਾਸ਼ਾਈ ਵੱਖਰਤਾ, ਵੱਖਰੇ ਲੈਅ ਅਤੇ ਸੁਰ ਪ੍ਰਬੰਧ, ਨੂੰ ਜਨਮ ਦਿੰਦੀ ਹੈ। ਉਦਾਹਰਨ ਵਜੋਂ ਲੰਮੇ ਮਲਵਈ ਲੋਕ ਗੀਤ ਆਪਣੀਆਂ ਲੰਮੀਆਂ ਹੇਕਾਂ ਅਤੇ ਸੰਬੋਧਨੀ ਸੁਰਾਂ ਦੇ ਆਧਾਰ ਤੇ ਸਹਿਜ ਹੀ ਦੁਆਬੇ ਤੇ ਪੁਆਧ ਦੇ ਲੋਕ ਗੀਤਾਂ ਤੋਂ ਨਿਖੇੜੇ ਜਾ ਸਕਦੇ ਹਨ।
ਧਰਮ ਜਾਂ ਫ਼ਿਰਕੇ ਦੇ ਆਧਾਰ ਤੇ
[ਸੋਧੋ]ਵੱਖੋ ਵੱਖਰੇ ਧਰਮ ਤੇ ਫ਼ਿਰਕਿਆਂ ਦੀਆਂ ਆਪੋ ਆਪਣੀਆਂ ਰਹੁ ਰੀਤਾਂ ਹੁੰਦੀਆਂ ਹਨ। ਉਨ੍ਹਾਂ ਦੇ ਅਨੁਸਾਰ ਹੀ ਲੋਕ ਗੀਤਾਂ ਦੀ ਸਿਰਜਣਾ ਹੁੰਦੀ ਹੈ। ਉਦਾਹਰਨ ਵਜੋਂ ਫੇਰਿਆਂ ਸਮੇਂ ਗਾਏ ਜਾਂਦੇ ‘ਬੇਦੀ ਦੇ ਗੀਤ’ ਆਨੰਦ ਕਾਰਜ ਸਮੇਂ ਨਹੀਂ ਗਾਏ ਜਾਂਦੇ। ਇਸੇ ਤਰ੍ਹਾਂ ਜਗਰਾਤੇ ਤੇ ਬੈਠੇ ਸ਼ਰਧਾਲੂਆਂ, ਵੈਸ਼ਨੋ ਦੇਵੀ ਦੇ ਸੰਗ ਲਈ ਜੁੜੀਆਂ ਸੰਗਤਾਂ, ਗੁੱਗੇ ਦੀ ਮਿੱਟੀ ਕੱਢਣ ਆਏ ਗੁੱਗੇ ਦੇ ਭਗਤਾਂ ਆਦਿ ਸਭਨਾਂ ਦੇ ਆਪੋ ਆਪਣੇ ਦਾਇਰੇ ਹਨ।
ਜਾਤ ਜਾਂ ਕਿੱਤੇ ਦੇ ਆਧਾਰ ਤੇ
[ਸੋਧੋ]ਆਦਿ ਕਾਲ ਤੋਂ ਹੀ ਲੋਕਧਾਰਾ ਕਬੀਲਿਆਂ, ਜਾਤਾਂ, ਕਿੱਤਿਆਂ ਦੇ ਆਧਾਰ ਤੇ ਵਿਗਸਦੀ ਆਈ ਹੈ। ਜਿਵੇਂ ਮਿਰਾਸੀਆਂ, ਕੰਜਰਾਂ, ਭੱਟਾਂ, ਮਜ੍ਹਬੀਆਂ ਜੱਟਾਂ ਅਤੇ ਬਾਹਮਣਾਂ ਦੀ ਆਪੋ ਆਪਣੀ ਲੋਕਧਾਰਾ ਹੈ। ਨਵੇਂ ਕਿੱਤਿਆਂ ਨੇ ਨਵਿਆਂ ਦਾਇਰਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ, ਅਧਿਆਪਕਾਂ, ਡਰਾਇਵਰਾਂ, ਕੰਡਕਟਰਾਂ, ਮਿੱਲ ਮਜ਼ਦੂਰਾਂ ਆਦਿ ਵਿੱਚ ਆਪੇ ਆਪਣੀ ਪ੍ਰਕਾਰ ਦੀ ਲੋਕਧਾਰਾ ਦੇ ਕਈ ਰੂਪਾਂ ਦੀ ਨਵੀਂ ਪਰੰਪਰਾ ਕਾਇਮ ਹੋ ਰਹੀ ਹੈ।
ਲਿੰਗ ਜਾਂ ਉਮਰ ਦੇ ਆਧਾਰ ਤੇ
[ਸੋਧੋ]ਲਿੰਗ ਤੇ ਉਮਰ ਦੀ ਸਾਂਝ ਦਾ ਆਧਾਰ ਵਿਸ਼ੇਸ਼ ਪ੍ਰਕਾਰ ਦੀ ਮਾਨਸਿਕਤਾ ਦੀ ਸਾਂਝ ਨੂੰ ਜਨਮ ਨੂੰ ਦਿੰਦਾ ਹੈ। ਇੱਕੋ ਪ੍ਰਕਾਰ ਦੀਆਂ ਪਸੰਦਾਂ ਇੱਕੋ ਪ੍ਰਕਾਰ ਦੀ ਲੋਕਧਾਰਾ ਨੂੰ ਇਨ੍ਹਾਂ ਦਾਇਰਿਆਂ ਵਿੱਚ ਪ੍ਰਵਾਨ ਕਰਵਾਉਂਦੀਆਂ ਹਨ। ਜਿਵੇਂ ਬੱਚਿਆਂ ਦੀਆਂ ਖੇਡਾਂ ਦੇ ਖੇਡ ਗੀਤ, ਮੁਟਿਆਰਾਂ ਦੇ ਤ੍ਰਿਂਞਣ ਤੇ ਤੀਆਂ ਆਦਿ ਸਭੋ ਲਿੰਗ ਦੇ ਆਧਾਰ ਤੇ ਹੀ ਬਣੇ ਹਨ।
ਨਿਭਾਉ ਸੰਦਰਭ ਜਾਂ ਸਮਾਜਿਕ ਮੌਕੇ ਆਧਾਰ ਤੇ
[ਸੋਧੋ]ਵੱਖੋ ਵੱਖਰੀਆਂ ਸਮਾਜਿਕ ਸਥਿਤੀਆਂ, ਸਮਾਜਿਕ ਇਕੱਠਾਂ, ਮੌਕਿਆਂ ਦੇ ਆਧਾਰ ਵੀ ਲੋਕ ਦੇ ਦਾਇਰੇ ਬਣਦੇ ਹਨ। ਇਸ ਦ੍ਰਿਸ਼ਟੀ ਤੋਂ ਵੇਖੀਏ ਤਾਂ ਇੱਕ ਉਚਾਰ ਸੰਦਰਭ ਨਾਲ ਜੁੜੇ ਲੋਕਾਂ ਦਾ ਇੱਕ ਦਾਇਰਾ ਹੁੰਦਾ ਹੈ। ਜਿਵੇਂ ਮਰਗਤ ਸਮੇਂ ਸੋਗ ਦੀਆਂ ਘੜੀਆਂ ਵਿੱਚ ਮਕਾਣ ਅਤੇ ਅਰਥੀ ਦੇ ਪਿੱਛੇ ਤੁਰਦੀਆਂ ਕੀਰਨੇ ਪਾਉਂਦੀਆਂ ਸਵਾਣੀਆਂ, ਗਿੱਧਿਆਂ ਵਿੱਚ ਬੋਲੀਆਂ ਪਾਉਂਦੀਆਂ ਕੁੜੀਆਂ, ਆਦਿ ਸਭੋ ਵਿਸ਼ੇਸ਼ ਮੌਕਿਆਂ ਤੇ ਵਿਸ਼ੇਸ਼ ਰੂਪ-ਰਚਨਾ ਦੇ ਗੀਤ ਗਾਉਣ ਵਾਲ਼ੇ ਨਿਸ਼ਚਿਤ ਦਾਇਰੇ ਹੁੰਦੇ ਹਨ। ਇਹ ਦਾਇਰੇ ਬਣਦੇ ਟੁੱਟਦੇ ਰਹਿੰਦੇ ਹਨ। ਕਿਉਂਕਿ ਲੋਕ ਕੋਈ ਗਤੀਹੀਨ ਜੜ੍ਹ ਵਸਤੂ ਨਹੀਂ। ਸਗੋਂ ਇੱਕ ਜੀਵੰਤ ਵਰਤਾਰਾ ਹੈ। ਇਸ ਧਾਰਾ ਦਾ ਸੁਭਾਅ ਮੂਲ ਰੂਪ ਵਿੱਚ ਸਿਰਜਣਾਤਮਕ ਤੇ ਗਤੀਸ਼ੀਲ ਹੈ। ਇਸ ਤਰ੍ਹਾਂ ਲੋਕ ਦਾ ਹਰ ਦਾਇਰਾ ਆਪੋ ਆਪਣੀਆਂ ਪਰੰਪਰਾਵਾਂ ਤੇ ਰੂੜ੍ਹੀਆਂ ਨੂੰ ਨਿਭਾਉਂਦਾ ਹੋਇਆ ਪੁਨਰ-ਸਿਰਜਣਾ ਦੀ ਨਿਰੰਤਰ ਪ੍ਰਕਿਰਿਆ ਵਿੱਚ ਤੁਰਿਆ ਰਹਿੰਦਾ ਹੈ।
ਸਹਾਇਕ ਸਮੱਗਰੀ:
- ਡਾ. ਨਾਹਰ ਸਿੰਘ – ਲੋਕ-ਕਾਵਿ ਦੀ ਸਿਰਜਣ ਪ੍ਰਕਿਰਿਆ।