ਸੁਰਿੰਦਰ ਛਿੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਰਿੰਦਰ ਛਿੰਦਾ

ਸੁਰਿੰਦਰ ਛਿੰਦਾ (ਅਸਲ ਨਾਮ: ਸੁਰਿੰਦਰ ਸਿੰਘ ਹੂੰਝਣ) ਉਘੇ ਭਾਰਤੀ ਲੋਕ ਗਾਇਕ ਹੈ ਜਿਸ ਦੀਆਂ ਜੜ੍ਹਾਂ ਪਰੰਪਰਾਗਤ ਪੰਜਾਬੀ ਸਭਿਆਚਾਰ ਵਿੱਚ ਹਨ।[1] ਜਿਸਨੂੰ ਆਧੁਨਿਕ ਪੰਜਾਬੀ ਸੰਗੀਤ ਦਾ ਪਿਤਾਮਾ ਸਮਝਿਆ ਜਾਂਦਾ ਹੈ।",[2] ਸੁਰਿੰਦਰ ਛਿੰਦਾ ਦਾ ਜਨਮ ਮਾਤਾ ਸ੍ਰੀਮਤੀ ਵਿਦਿਆਵਤੀ ਤੇ ਸ੍ਰੀ ਬਚਨ ਰਾਮ ਦੇ ਗ੍ਰਹਿ ਵਿਖੇ ਹੋਇਆ ਅਤੇ ਗਾਇਕੀ ਵਿਰਸੇ ’ਚੋਂ ਮਿਲੀ। ਉਨ੍ਹਾਂ ਨੂੰ ਵੇਖ ਕੇ ਸੁਰਿੰਦਰ ਛਿੰਦਾ ਵੀ ਗਾਉਣ ਲੱਗ ਪਿਆ। 1972-73 ਵਿੱਚ ਸੁਰਿੰਦਰ ਉਸਤਾਦ ਜਸਵੰਤ ਭੰਵਰਾ ਦੇ ਲੜ ਲੱਗ ਗਏ ਅਤੇ ਸੰਗੀਤਕ ਤਾਲੀਮ ਦਾ ਦੌਰ ਸ਼ੁਰੂ ਹੋਇਆ। ਸੁਰਿੰਦਰ ਛਿੰਦਾ ਨੇ ਬਹੁਤ ਸੰਘਰਸ਼ ਕੀਤਾ। ਪ੍ਰਸਿੱਧ ਕੰਪਨੀ ਐਚਐਮਵੀ ਨੇ ਉਨ੍ਹਾਂ ਦਾ ਪਹਿਲਾ ਰਿਕਾਰਡ, ‘ਘੱਗਰਾ ਸੂਫ ਦਾ’ ਤਿਆਰ ਕੀਤਾ ਅਤੇ ਫਿਰ ਹੌਲੀ-ਹੌਲੀ ਉਸ ਤੋਂ ਬਾਅਦ ਚਰਚਾ ਦਾ ਦੌਰ ਸ਼ੁਰੂ ਹੋਇਆ।

ਸੰਗੀਤ ਸਫ਼ਰ[ਸੋਧੋ]

ਸੰਗੀਤ ਸਮਰਾਟ ਚਰਨਜੀਤ ਆਹੂਜਾ ਨੇ ਪਹਿਲਾਂ ਸੁਰਿੰਦਰ ਛਿੰਦੇ ਦਾ ਰਿਕਾਰਡ ‘ਨੈਣਾਂ ਦੇ ਵਣਜਾਰੇ’ ਐਚਐਮਵੀ ਲਈ ਰਿਕਾਰਡ ਕੀਤਾ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ ਦੇ ਫ਼ਨ ਦਾ ਵੱਖਰਾ ਮੁਜ਼ਾਹਰਾ ਕੀਤਾ ਅਤੇ ਇੱਕ ਵੱਡਾ ਸਰੋਤਾ ਵਰਗ ਆਪਣੇ ਨਾਲ ਜੋੜਿਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਛਿੰਦੇ ਦਾ ਕੋਈ ਵੀ ਰਿਕਾਰਡ ਆਉਂਦਾ ਸੀ ਤਾਂ ਉਸ ਸਮੇਂ ਦੇ ਹੋਰ ਚਰਚਿਤ ਗਾਇਕਾਂ ਨੂੰ ਆਪਣਾ ਫ਼ਿਕਰ ਪੈ ਜਾਂਦਾ ਸੀ। ਉਸ ਦੀ ਗਾਇਕੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਭਾਵੇਂ ਉਸ ਨੇ ਲੋਕ-ਗਾਥਾਵਾਂ ਗਾਈਆਂ ਜਾਂ ਦੋਗਾਣੇ ਗਾਏ ਪਰ ਉਨ੍ਹਾਂ ’ਚ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਸੁਰਿੰਦਰ ਛਿੰਦੇ ਦੇ ਕਈ ਗੀਤ ਐਨੇ ਮਕਬੂਲ ਹੋਏ ਕਿ ਉਨ੍ਹਾਂ ਨੇ ਸਫ਼ਲਤਾ ਦੇ ਨਵੇਂ ਮਾਪਦੰਡ ਕਾਇਮ ਕੀਤੇ ਅਤੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹੇ। ਇਨ੍ਹਾਂ ਗੀਤਾਂ ਵਿੱਚੋਂ ‘ਦੋ ਊਠਾਂ ਵਾਲੇ ਨੀਂ’, ‘ਜੰਞ ਚੜ੍ਹੀ ਅਮਲੀ ਦੀ’, ‘ਬੱਦਲਾਂ ਨੂੰ ਪੁੱਛ ਗੋਰੀਏ’, ‘ਜਿਊਣਾ ਮੋੜ’, ‘ਉੱਚਾ ਬੁਰਜ ਲਾਹੌਰ ਦਾ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਸੁੱਚਾ ਸੂਰਮਾ’, ‘ਤਾਰਾ ਰੋਂਦੀ ਤੇ ਕਰਲਾਉਂਦੀ’, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਮਾਲਵੇ ਦੇ ਜੱਟ’, ‘ਮੈਂ ਕਿਹੜੀ ਖੁਦਾਈ ਮੰਗ ਲਈ’, ‘ਦਿੱਲੀ ਸ਼ਹਿਰ ਦੀਆਂ ਕੁੜੀਆਂ’ ਆਦਿ ਜ਼ਿਕਰਯੋਗ ਹਨ। ਛਿੰਦਾ ਨੇ ਅਨੇਕਾਂ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਅਤੇ ਸੰਗੀਤ ਵੀ ਦਿੱਤਾ ਅਤੇ ਇੱਕ ਹਿੰਦੀ ਫ਼ਿਲਮ ਵਿੱਚ ਵੀ ਗੀਤ ਗਾਉਣ ਦਾ ਮਾਣ ਮਿਲਿਆ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ ਵਿੱਚ ਨਵੇਂ ਤਜਰਬੇ ਵੀ ਕੀਤੇ ਜੋ ਸਫ਼ਲ ਰਹੇ, ਜਿਵੇਂ ‘ਜਿਊਣਾ ਮੋੜ’ ਰਿਕਾਰਡ ਵਿੱਚ ਉਸ ਨੇ ਕੁਮੈਂਟਰੀ ਕਰਦਿਆਂ, ਜਿਊਣਾ ਅਤੇ ਇਸ ਗਾਥਾ ਦੇ ਹੋਰਨਾਂ ਪਾਤਰਾਂ ਨੂੰ ਗੀਤ ਦੇ ਨਾਲ ਆਪਣੀ ਆਵਾਜ਼ ਵਿੱਚ ਬਾਖ਼ੂਬੀ ਪੇਸ਼ ਕੀਤਾ। ਇਸ ਤੋਂ ਇਲਾਵਾ ‘ਉੱਚਾ ਬੁਰਜ ਲਾਹੌਰ ਦਾ’, ‘ਤੀਆਂ ਲੌਂਗੋਵਾਲ ਦੀਆਂ’, ‘ਮੈਂ ਡਿੱਗੀ ਤਿਲਕ ਕੇ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਰੱਖ ਲੈ ਕਲੰਡਰ ਯਾਰਾ’, ‘ਜੰਞ ਚੜੀ ਅਮਲੀ ਦੀ’, ‘ਤਲਾਕ ਅਮਲੀ ਦਾ’, ‘ਘੁੱਢ ਚੱਕ ਮਾਰਦੇ ਸਲੂਟ ’, ‘ਗੱਲਾਂ ਸੋਹਣੇ ਯਾਰ ਦੀਆਂ’, ‘ਮੈਂ ਨਾ ਅੰਗਰੇਜ਼ੀ ਜਾਣਦੀ’, ‘ਦਿਲ ਪੇਂਡੂ ਜੱਟ ਲੈ ਗਿਆ’, ‘ਤੋਹਫ਼ੇ’ ਆਦਿ ਰਿਕਾਰਡਾਂ ਤੇ ਕੈਸਿਟਾਂ ਨੇ ਸਮੇਂ-ਸਮੇਂ ਜੋ ਪ੍ਰਸਿੱਧੀ ਹਾਸਲ ਕੀਤੀ, ਉਹ ਕਿਸੇ ਕੋਲੋਂ ਛੁਪੀ ਨਹੀਂ। ਉਸ ਨੇ ਚਰਚਿਤ ਗਾਇਕਾਵਾਂ ਅਨੁਰਾਧਾ ਪੌਡੋਂਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ, ਰੁਪਿੰਦਰ ਰੰਜਨਾ, ਕੁਲਦੀਪ ਕੌਰ, ਪਰਮਿੰਦਰ ਸੰਧੂ ਅਤੇ ਸੁਦੇਸ਼ ਕੁਮਾਰੀ ਆਦਿ ਨਾਲ ਵੀ ਦੋਗਾਣੇ ਗਾਏ। ਉਸ ਦੇ ਅਨੇਕਾਂ ਸ਼ਗਿਰਦਾਂ ਨੇ ਵੀ ਗਾਇਕੀ ਵਿੱਚ ਨਾਮਣਾ ਖੱਟਿਆ, ਜਿਨ੍ਹਾਂ ਵਿੱਚੋਂ ਮਰਹੂਮ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਨ ਸਿਕੰਦਰ ਆਦਿ ਸ਼ਾਮਲ ਸਨ।

ਹਵਾਲੇ[ਸੋਧੋ]

  1. Broughton, Simon (1999). World Music: Latin and North America, Caribbean, India, Asia and Pacific. Rough Guides. p. 88. ISBN 978-1-85828-635-8. {{cite book}}: Unknown parameter |coauthors= ignored (help)
  2. Jana, Reena (3 August 2003). "His Is Not Quite the Career His Parents Had in Mind". The New York Times.