ਕੁਲਦੀਪ ਪਾਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਲਦੀਪ ਪਾਰਸ
ਜਨਮ(1962-01-06)6 ਜਨਵਰੀ 1962
ਪਿੰਡ ਰੌਲੂਮਾਜਰਾ, ਰੂਪਨਗਰ ਜ਼ਿਲ੍ਹਾ
ਮੌਤਦਸੰਬਰ 17, 2009(2009-12-17) (ਉਮਰ 47)
ਵੰਨਗੀ(ਆਂ)ਗਾਇਕ
ਕਿੱਤਾਗਾਇਕ
ਸਾਲ ਸਰਗਰਮ1980 (1980)–2009 (2009)

ਕੁਲਦੀਪ ਪਾਰਸ (6 ਜਨਵਰੀ, 1962-17 ਦਸੰਬਰ 2009) ਪੰਜਾਬੀ ਗਾਇਕ ਦਾ ਜਨਮ ਰੂਪਨਗਰ ਜ਼ਿਲ੍ਹਾ ਦੇ ਪਿੰਡ ਰੌਲੂਮਾਜਰਾ ਵਿੱਚ ਪਿਤਾ ਬਲਵੀਰ ਸਿੰਘ ਅਤੇ ਮਾਤਾ ਲੱਛਮੀ ਦੇਵੀ ਦੇ ਘਰ ਹੋਇਆ। ਬਚਪਨ ਵਿੱਚ ਹੀ ਗਾਇਕੀ ਦਾ ਸ਼ੌਕ ਪਾਲ ਬੈਠਾ ਪਾਰਸ 1979 ਵਿੱਚ ਲੁਧਿਆਣੇ ਆ ਗਿਆ ਤੇ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਆਪਣਾ ਉਸਤਾਦ ਧਾਰ ਲਿਆ। ਆਪ ਨੇ ਪਰਮਜੀਤ ਕੌਰ ਨਾਲ ਵਿਆਹ ਕਰਵਾਇਆ ਤੇ ਆਪ ਦਾ ਇੱਕ ਪੁੱਤਰ ਸੁਖਦੀਪ ਪਾਰਸ ਅਤੇ ਧੀ ਗੁਰਪ੍ਰੀਤ ਕੌਰ ਹੈ।

ਗਾਇਕੀ[ਸੋਧੋ]

1982 ਵਿੱਚ ਪਾਰਸ ਦੀ ਆਵਾਜ਼ ਵਿੱਚ ਚਾਰ ਕਲੀਆਂ ‘ਕੁੜੀਆਂ ਖੇਡਣ ਆਈਆਂ[1]’, ‘ਤੀਰ ਦਾ ਨਿਸ਼ਾਨਾ’, ‘ਆਰੇ ਨਾਲ ਚੀਰਦੇ’, ‘ਬਹਿ ਗਿਆ ਨੀਂਵੀ ਪਾ ਕੇ’ ਰਿਕਾਰਡ ਹੋਈਆਂ। ਉਸ ਤੋਂ ਬਾਅਦ 1984 ਵਿੱਚ ਸੁਖਵੰਤ ਕੌਰ ਨਾਲ ਉਸ ਦਾ ਰਿਕਾਰਡ ‘ਜੇਠ ਮੇਰਾ ਕੰਮ ਨਾ ਕਰੇ’ ਆਇਆ। 1985 ਵਿੱਚ ਪਾਰਸ ਦਾ ਪਹਿਲਾ ਐਲ.ਪੀ. ਰਿਕਾਰਡ ‘ਮੇਰਾ ਯਾਰ ਸ਼ਰਾਬੀ’ ਆਇਆ। ਇਸ ਵਿਚਲਾ ਹਾਕਮ ਬਖਤੜੀਵਾਲੇ ਦਾ ਲਿਖਿਆ ਗੀਤ ‘ਸਾਧ ਦਾ ਨਾ ਟੈਮ ਲੰਘੇ ਭੰਗ ਤੋਂ ਬਿਨਾਂ’ ਇੰਨਾ ਹਿੱਟ ਹੋਇਆ ਕਿ ਪਾਰਸ ਦੀ ਸਮਕਾਲੀ ਕਲਾਕਾਰਾਂ ਵਿੱਚ ਚੰਗੀ ਪਛਾਣ ਬਣ ਗਈ। ਸੰਗੀਤਕਾਰ ਚਰਨਜੀਤ ਆਹੂੁਜਾ ਦੇ ਸੰਗੀਤ ਹੇਠ ਕੁਲਦੀਪ ਪਾਰਸ ਦੀ ਆਵਾਜ਼ ਵਿੱਚ ਰਿਕਾਰਡ ਕੈਸੇਟ ‘ਗੱਲ ਮੁੱਕਦੀ ਆ ਕੇ ਦਾਰੂ ਤੇ’ ਨੇ ਉਸ ਦੀ ਗਾਇਕੀ ਨੂੰ ਸਿਖਰ ਉੱਤੇ ਪਹੁੰਚਾ ਦਿੱਤਾ। ਇਸ ਮਗਰੋਂ ਆਈਆਂ ਉਸ ਦੀਆਂ ਕਈ ਕੈਸੇਟਾਂ ਮਸ਼ਹੂਰ ਹੋਈਆਂ। ਪਾਰਸ ਦੀ ਆਵਾਜ਼ ਵਿੱਚ ਰਿਕਾਰਡ ਧਾਰਮਿਕ ਟੇਪਾਂ ‘ਖ਼ੂਨ ਸ਼ਹੀਦਾਂ ਦਾ’ ਅਤੇ ‘ਜੰਗਨਾਮਾ ਅੰਮ੍ਰਿਤਸਰ’ ਵੀ ਬਹੁਤ ਹਿੱਟ ਹੋਈਆਂ। ਕੁਲਦੀਪ ਪਾਰਸ ਨੇ ਸੁਖਵੰਤ ਕੌਰ, ਗੁਲਸ਼ਨ ਕੋਮਲ, ਊਸ਼ਾ ਕਿਰਨ, ਰੁਪਿੰਦਰ ਰੂਪੀ ਅਤੇ ਬਲਜਿੰਦਰ ਰਿੰਪੀ ਨਾਲ ਸਟੇਜ ਪ੍ਰੋਗਰਾਮ ਕੀਤੇ ਤੇ ਗੀਤ ਵੀ ਰਿਕਾਰਡ ਕਰਵਾਏ। ਉਹਨਾਂ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕਈ ਹਿੱਟ ਗੀਤ ਗਾਏ। ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ ਵਿੱਚ ਪਾਰਸ ਨੇ ਅਮਰ ਸਿੰਘ ਚਮਕੀਲਾ ਨਾਲ ਕੋਰਸ ਵਿੱਚ ਗਾਇਆ।

ਗੀਤਕਾਰਾਂ ਦੇ ਗੀਤ[ਸੋਧੋ]

ਕੁਲਦੀਪ ਪਾਰਸ ਨੇ ਮਿਰਜਾ ਸੰਗੋਵਾਲੀਆ, ਛਿੰਦਾ ਬਸਰਾਵਾਂਵਾਲਾ, ਪਾਲੀ ਦੇਤਵਾਲੀਆ, ਬਲਬੀਰ ਸਿੰਘ ਗਰੇਵਾਲ, ਬੰਤ ਰਾਮਪੁਰੇ ਵਾਲਾ, ਭੁਪਿੰਦਰ ਖੁਰਮੀ, ਜੱਗਾ ਗਿੱਲ, ਹਾਕਮ ਬਖਤੜੀਵਾਲਾ, ਤੇਜਾ ਭੁੱਟੇ ਵਾਲਾ, ਰਣਧੀਰ ਸਿੰਘ ਧੀਰਾ ਤੇ ਕਈ ਹੋਰ ਗੀਤਕਾਰਾਂ ਦੇ ਲਿਖੇ ਗੀਤ ਗਾਏ। ਕੁਲਦੀਪ ਪਾਰਸ ਦੀ ਆਵਾਜ਼ ਇੰਨੀ ਬੁਲੰਦ ਸੀ ਕਿ ਇੱਕ ਵਾਰ ਪ੍ਰੋ. ਮੋਹਨ ਸਿੰਘ ਮੇਲੇ ’ਤੇ ਬਿਜਲੀ ਚਲੀ ਗਈ। ਉਸ ਨੇ ਬਿਨਾਂ ਮਾਈਕ ਤੋਂ ਗੀਤ ਗਾ ਕੇ ਉੱਥੇ ਮੌਜੂਦ ਸਾਰੇ ਕਲਾਕਾਰਾਂ ਤੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। 2002 ਵਿੱਚ ਬਿਮਾਰੀ ਕਰਕੇ ਪਾਰਸ ਨੂੰ ਡਾਕਟਰ ਨੇ ਨਾ ਗਾਉਣ ਦੀ ਸਲਾਹ ਦਿੱਤੀ ਸੀ, ਪਰ ਉਸ ਨੇ ਆਪਣੇ ਦੋਸਤ ਜੱਗੀ ਦੇ ਵਿਆਹ ਮੌਕੇ ਅਖਾੜਾ ਲਾਇਆ ਤੇ ਜਾਂਦੇ ਸਮੇਂ ਪੈਸੇ ਵੀ ਸਾਜ਼ੀਆਂ ਨੂੰ ਦੇ ਗਿਆ। ਅਮਰ ਸਿੰਘ ਚਮਕੀਲੇ ਵਾਂਗ ਕੁਲਦੀਪ ਪਾਰਸ ਨੇ ਵੀ ਕਈ ਗ਼ਰੀਬ ਲੋਕਾਂ ਦੇ ਘਰ ਮੁਫ਼ਤ ਵਿੱਚ ਅਖਾੜੇ ਲਾਏ ਤੇ ਕਈ ਵਾਰ ਸਮੇਂ ਤੋਂ ਵੱਧ ਛੇ ਘੰਟੇ ਤਕ ਅਖਾੜਾ ਵੀ ਲਾਇਆ। ਕੁਲਦੀਪ ਪਾਰਸ ਕ੍ਰਿਕਟ ਮੈਚ ਦੇਖਣ ਦਾ ਬਹੁਤ ਸ਼ੌਕੀਨ ਸੀ। ਉਹ ਅਮਰ ਸਿੰਘ ਚਮਕੀਲਾ, ਕੁਲਦੀਪ ਮਾਣਕ, ਲਤਾ ਮੰਗੇਸ਼ਕਰ ਤੇ ਨੂਰ ਜਹਾਂ ਦੇ ਗੀਤ ਸੁਣਨੇ ਬਹੁਤ ਪਸੰਦ ਕਰਦਾ ਸੀ। ਪਾਰਸ ਦੀ ਚਮਕੀਲੇ ਨਾਲ ਕਾਫ਼ੀ ਨੇੜਤਾ ਸੀ। ਚਮਕੀਲੇ ਨੇ ਪਾਰਸ ਦੇ ਵਿਆਹ ’ਤੇ ਗੁਲਾਬੀ ਪੱਗ ਬੰਨ੍ਹ ਕੇ ਅਖਾੜਾ ਲਾਉਣਾ ਸੀ ਤੇ ਅਮਰਜੋਤ ਨੇ ਪਾਰਸ ਦੇ ਸੁਰਮਾ ਪਾਉਣਾ ਸੀ, ਪਰ ਦੋਵਾਂ ਦੇ ਦੇਹਾਂਤ ਦਾ ਪਾਰਸ ਨੂੰ ਡੂੰਘਾ ਸਦਮਾ ਪੁੱਜਿਆ। ਚਮਕੀਲੇ ਦੇ ਤੁਰ ਜਾਣ ਤੋਂ ਬਾਅਦ ਉਹ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਤੇ ਜਗਦੇਵ ਸਿੰਘ ਜੱਸੋਵਾਲ ਦੇ ਘਰੋਂ ਚਮਕੀਲੇ ਦੀ ਦੁਗਰੀ ਵਿਖੇ ਬਣੀ ਸਮਾਧ ’ਤੇ ਜਾ ਕੇ ਰੋਂਦਾ ਵੀ ਰਿਹਾ।

ਦਿਹਾਂਤ[ਸੋਧੋ]

ਅਖੀਰ ਲੰਮਾ ਸਮਾਂ ਕੈਂਸਰ ਨਾਲ ਨਾਲ ਲੜਨ ਪਿੱਛੋਂ 17 ਦਸੰਬਰ 2009 ਨੂੰ ਮੋਹਨ ਦੇਈ ਕੈਂਸਰ ਹਸਪਤਾਲ, ਲੁਧਿਆਣਾ ਵਿੱਚ ਉਸ ਦਾ ਦੇਹਾਂਤ ਹੋ ਗਿਆ।

ਹਵਾਲੇ[ਸੋਧੋ]