ਹਰਮਨਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਮਨਜੀਤ
ਜਨਮ (1991-06-27) 27 ਜੂਨ 1991 (ਉਮਰ 32)
ਖਿਆਲਾ ਕਲਾਂ, ਮਾਨਸਾ, ਪੰਜਾਬ, ਭਾਰਤ
ਕਿੱਤਾਕਵੀ, ਲੇਖਕ, ਚਿੱਤਰਕਾਰ, ਗੀਤਕਾਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਬੈਚਲਰ ਆਫ਼ ਆਰਟਸ (ਅੰਗਰੇਜ਼ੀ ਸਾਹਿਤ ਨਾਲ)
ਈ.ਟੀ.ਟੀ. ਕੋਰਸ
ਕਾਲ2015-ਵਰਤਮਾਨ
ਪ੍ਰਮੁੱਖ ਕੰਮਰਾਣੀ ਤੱਤ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਯੁਵਾ ਪੁਰਸਕਾਰ
ਜੀਵਨ ਸਾਥੀਅੰਮ੍ਰਿਤ ਕੌਰ

ਹਰਮਨਜੀਤ ਸਿੰਘ (ਅੰਗਰੇਜ਼ੀ:Harman) (ਜਨਮ: 27 ਜੂਨ 1991) ਇੱਕ ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹੈ। ਉਸਨੂੰ 22 ਜੂਨ 2017 ਨੂੰ ਕਿਤਾਬ ਰਾਣੀ ਤੱਤ ਲਈ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਮਿਲਿਆ ਹੈ।

ਜਨਮ ਅਤੇ ਬਚਪਨ[ਸੋਧੋ]

ਹਰਮਨ ਦਾ ਜਨਮ 27 ਜੂਨ, 1991 ਨੂੰ ਪਿੰਡ ਖਿਆਲਾ ਕਲਾਂ ਵਿੱਚ ਹੋਇਆ ਸੀ ਅਤੇ ਇਹ ਪਿੰਡ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਹੈ। ਬਚਪਨ ਵਿੱਚ ਹੀ ਉਸਨੂੰ ਸਾਹਿਤਿਕ ਮਾਹੌਲ ਮਿਲ ਗਿਆ ਸੀ। ਉਸ ਦੇ ਵਡੇਰੇ ਵੀ ਸਾਹਿਤ ਵਿੱਚ ਰੂਚੀ ਰੱਖਦੇ ਸਨ।

ਸਿੱਖਿਆ ਅਤੇ ਕਿੱਤਾ[ਸੋਧੋ]

10ਵੀਂ ਤੱਕ ਹਰਮਨ ਬਾਬਾ ਜੋਗੀ ਪੀਰ ਪਬਲਿਕ ਸਕੂਲ, ਰੱਲਾ ਵਿੱਚ ਪੜ੍ਹਿਆ ਹੈ ਅਤੇ 12ਵੀਂ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਸਨੇ 2 ਸਾਲ ਮਾਡਰਨ ਇੰਸਟੀਚਿਊਟ ਆਫ਼ ਐਜੂਕੇਸ਼ਨ, ਬੀਰ ਕਲਾਂ (ਸੰਗਰੂਰ) ਵਿੱਚ ਈ.ਟੀ.ਟੀ. ਦਾ ਕੋਰਸ ਕੀਤਾ ਹੈ। ਉਸਨੇ ਆਪਣੀ ਗ੍ਰੈਜੂਏਸ਼ਨ ਗੁਰੂ ਨਾਨਕ ਕਾਲਜ ਬੁਢਲਾਢਾ ਤੋਂ ਪੂਰੀ ਕੀਤੀ ਹੈ।[1] ਇਸ ਸਮੇਂ ਉਹ ਬਤੌਰ ਪ੍ਰਾਇਮਰੀ ਸਕੂਲ ਅਧਿਆਪਕ ਆਪਣੀ ਸੇਵਾ ਨਿਭਾ ਰਿਹਾ ਹੈ।

ਰਚਨਾਵਾਂ[ਸੋਧੋ]

'ਰਾਣੀ ਤੱਤ' ਬਾਰੇ ਜਾਣਕਾਰੀ[ਸੋਧੋ]

ਰਾਣੀ ਤੱਤ ਕਿਤਾਬ ਦਾ ਇੱਕ ਦ੍ਰਿਸ਼

ਰਾਣੀ ਤੱਤ ਕਿਤਾਬ ਹਰਮਨ ਦੁਆਰਾ ਲਿਖੀ ਗਈ ਪਹਿਲੀ ਕਿਤਾਬ ਹੈ, ਜੋ ਕਿ 19 ਅਗਸਤ, 2015 ਨੂੰ ਰਿਲੀਜ਼ ਕੀਤੀ ਗਈ ਸੀ। ਇਸ ਵਿੱਚ ਲੇਖਕ ਨੇ ਕੁਦਰਤ, ਪੰਜਾਬ ਦੇ ਜੀਵਨ, ਜਿੰਦਗੀ ਦੀ ਜੱਦੋਜਹਿਦ ਅਤੇ ਪੁਰਾਤਨ ਜੀਵਨ ਬਾਰੇ ਲਿਖਿਆ ਹੈ। ਇਸ ਕਿਤਾਬ ਦਾ ਅੱਧਾ ਭਾਗ ਕਾਵਿ ਹੈ ਅਤੇ ਅੱਧਾ ਭਾਗ ਵਾਰਤਕ ਹੈ। ਇਸ ਕਿਤਾਬ ਦੇ ਸ਼ੁਰੂ ਵਿੱਚ ਲੇਖਕ ਨੇ 'ਸੋਭਾ ਸਗਣ' ਲੜੀ ਅੰਕਿਤ ਕੀਤੀ ਹੈ, ਜਿਸ ਵਿੱਚ ਕਿ ਇਸ ਕਿਤਾਬ ਬਾਰੇ ਲੇਖਕ ਦੇ ਆਪਣੇ ਵਿਚਾਰ ਹਨ। ਇਸ ਕਿਤਾਬ ਵਿੱਚ ਵੱਖਰੀ ਕਿਸਮ ਦੀ ਸ਼ੁੱਧ ਸ਼ਬਦਾਵਲੀ ਵਰਤੀ ਇਸ ਹੈ। ਇਸਕਿਤਾਬ ਬਾਰੇ ਅਨੁਮਾਨ ਲਗਾਇਆ ਗਿਆ ਸੀ ਕਿ ਇਸ ਦੀਆਂ 500 ਕਾਪੀਆਂ ਹੀ ਵਿਕਣਗੀਆਂ ਪਰੰਤੂ ਦਸ ਦਿਨ ਵਿੱਚ ਹੀ ਕਿਤਾਬ ਇਹ ਅੰਕੜਾ ਪਾਰ ਕਰ ਗਈ ਅਤੇ ਹੁਣ ਤੱਕ ਇਸ ਕਿਤਾਬ ਦੀਆਂ 11,000 ਕਾਪੀਆਂ ਛਪ ਚੁੱਕੀਆਂ ਹਨ। ਇਸ ਕਿਤਾਬ ਦੀ ਵਿਕਰੀ ਵਿਦੇਸ਼ਾਂ 'ਚ ਵੀ ਬਹੁਗਿਣਤੀ ਵਿੱਚ ਕੀਤੀ ਗਈ ਹੈ ਅਤੇ ਇਸਨੂੰ 'ਕਲਰਜ਼ ਆਫ਼ ਪੰਜਾਬ' ਪਬਲਿਸ਼ਰਜ਼ ਨੇ ਛਾਪਿਆ ਹੈ। [2]

ਗੀਤਕਾਰ ਵਜੋਂ[ਸੋਧੋ]

ਲੜੀ ਨੰਬਰ ਗੀਤ ਗਾਇਕ
1. ਚੰਨ ਵੇ ਗੁਰਸ਼ਬਦ
2. ਪਾਣੀ ਰਾਵੀ ਦਾ ਅਮਰਿੰਦਰ ਗਿੱਲ
3 ਕਿਸੇ ਦਾ ਪਿਆਰ ਪਾਵਣ ਨੂੰ ਮਨਪ੍ਰੀਤ ਸਿੰਘ
4 ਕਿਤਾਬਾਂ ਵਾਲਾ ਰੱਖਣਾਂ ਮਨਪ੍ਰੀਤ ਸਿੰਘ
5. ਗੁੱਤ ਚ ਲਹੌਰ ਅਮਰਿੰਦਰ ਗਿੱਲ ਅਤੇ ਸੁਨਿਧੀ ਚੌਹਾਨ
6. ਮਿੱਟੀ ਦਾ ਪੁਤਲਾ ਗੁਰਸ਼ਬਦ
7. ਲੌਂਗ ਲਾਚੀ ਮੰਨਤ ਨੂਰ
8. ਰੂਹ ਦੇ ਰੁੱਖ ਪ੍ਰਭ ਗਿੱਲ
9. ਸ਼ੀਸ਼ਾ ਐਮੀ ਵਿਰਕ ਅਤੇ ਮੰਨਤ ਨੂਰ
10. ਚਿੜੀ ਬਲੌਰੀ ਐਮੀ ਵਿਰਕ ਅਤੇ ਮੰਨਤ ਨੂਰ
11. ਕਾਲਾ ਸ਼ੂਟ ਐਮੀ ਵਿਰਕ ਅਤੇ ਮੰਨਤ ਨੂਰ
12. ਗੁਲਾਬੀ ਪਾਣੀ ਐਮੀ ਵਿਰਕ ਅਤੇ ਮੰਨਤ ਨੂਰ
13. ਸੁਖਮਨ-ਸੁਖਮਨ ਮਨਪ੍ਰੀਤ ਸਿੰਘ
14. ਦਰਸ਼ਨ ਮਹਿੰਗੇ ਅਮਰਿੰਦਰ ਗਿੱਲ ਸੱਜਣ ਅਦੀਬ

ਕਾਵਿ ਵੰਨਗੀ[ਸੋਧੋ]

1.

ਸਖੀਏ ਸਰਬੱਤ ਨੀਂ ਬੀਬੀ
ਇਹ 'ਰਾਣੀ ਤੱਤ' ਨੀਂ ਬੀਬੀ
ਟਿੱਬਿਆਂ ਦਾ ਰੇਤਾ ਹੈ
ਲੋਕਾਂ ਨੂੰ ਭੁੱਲ ਗਿਆ ਹੋਣਾ
ਸਾਨੂੰ ਤਾਂ ਚੇਤਾ ਹੈ

2.

ਮੇਰੀ ਧੌਣ ਨੂੰ ਪਸੰਦ ਕੋਈ ਗਾਨੀ ਆਉਣ ਵੇਲੇ
ਭੱਜੀ ਫਿਰਦੀ ਹੁੰਦੀ ਸੀ ਮੈਂ ਜਵਾਨੀ ਆਉਣ ਵੇਲੇ
ਓਦੋਂ ਤਾਰਿਆਂ ਦੀ ਵੇਲ ਨੂੰ ਮੈਂ ਤੱਕਦੀ ਹੁੰਦੀ ਸੀ
ਲੈਂਦੀ ਗੁੱਤ ਨਾਲ ਮੇਚਾ ਨਾਲੇ ਹੱਸਦੀ ਹੁੰਦੀ ਸੀ
ਨੀਂ ਮੈਂ ਬੈਠ ਕੇ ਝਲਾਨੀ ਦੀਆਂ ਮੋਰੀਆਂ ਦੇ ਨੇੜੇ
ਆਟਾ ਗੁੰਨ੍ਹਦੀ ਸੀ ਜਦੋਂ ਨਾਲੇ ਕਰਦੀ ਸੀ ਪੇੜੇ
ਮੈਂਨੂੰ ਆਪਣੇ ਹੀ ਆਪ 'ਚ ਫ਼ਰਕ ਆਇਆ ਲੱਗੇ
ਮੈਂਨੂੰ ਮੇਰੇ ਕਣੀਂ ਅੰਬਰ ਸਰਕ ਆਇਆ ਲੱਗੇ
ਜਦੋਂ ਬਣ ਕੇ ਸੰਧੂਰ ਕੁੜੇ ਰੇਤਾ ਉੱਡਦਾ ਸੀ
ਨਾਲੇ ਪੈਰਾਂ ਵਿੱਚੋਂ ਮਾੜਾ-ਮਾੜਾ ਸੇਕਾ ਉੱਡਦਾ ਸੀ
ਨੀਂ ੳਹ ਮਲ੍ਹਿਆਂ ਦੇ ਝਾੜ, ਨੀਂ ਉਹ ਜੰਡ ਤੇ ਕਰੀਰ
ਫੁੱਲ ਅੱਕ ਦਾ ਸੀ ਮੈਂਨੂੰ, ਜਮਾਂ ਲਗਦਾ ਫ਼ਕੀਰ
ਜ਼ਹਿਰ ਮੋਰੀਏ 'ਜੇ ਰੰਗ ਦਾ ਮੈਂ ਸੂਟ ਸੀ ਸੰਵਾਇਆ
ਮੈਂਨੂੰ ਹਵਾ ਦਿਆਂ ਬੁੱਲਿਆਂ ਨੇ ਨਾਗ-ਵਲ ਪਾਇਆ
ਜਦੋਂ ਮੱਚਿਆ ਭੜੀਂ ਦੇ ਉਹਲੇ ਸ਼ਮਲੇ ਦਾ ਰੰਗ
ਮੇਰੀ ਸਰ੍ਹੋਂ ਫੁੱਲੀ ਚੁੰਨੀ ਉੱਤੇ ਡਿੱਗ ਪਿਆ ਚੰਦ
ਮੇਰੇ ਹੁਸਨਾਂ ਦਾ ਫੁੱਲ ਮਾਲਾਮਾਲ ਹੋਈ ਜਾਂਦਾ
ਕੋਰਾ-ਕੋਰਾ ਕੁੱਜਾ ਤਪ-ਤਪ ਲਾਲ ਹੋਈ ਜਾਂਦਾ
ਮੇਰੀ ਹਿੱਕ ਵਿੱਚ ਨਦੀਆਂ ਦੀ ਧਾਰ ਜਿਵੇਂ ਵੱਗੇ
ਮੈਂਨੂੰ ਕੁੱਲ ਸਨਸਾਰ ਮਿੱਠੀ ਖਿੱਲ ਜਿਹਾ ਲੱਗੇ
ਜਦੋਂ ਮੇਲੇ ਉਤੋਂ ਮੁੜਦੇ ਨੇ ਜੋੜਿਆ ਕਬਿੱਤ
ਉਹਨੇ ਅੱਖਰਾਂ 'ਚ ਮੈਂਨੂੰ ਕਰ ਦਿੱਤਾ ਸੀਗਾ ਫਿੱਟ
ਮੈਂਨੂੰ ਮਿੱਠੀ ਮਿੱਠੀ ਚੜ੍ਹੀ ਪਰੇਸ਼ਾਨੀ ਆਉਣ ਵੇਲੇ
ਭੱਜੀ ਫਿਰਦੀ ਹੁੰਦੀ ਸੀ ਮੈਂ ਜਵਾਨੀ ਆਉਣ ਵੇਲੇ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-06-11. Retrieved 2016-07-15. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2016-06-07. Retrieved 2016-07-15. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ[ਸੋਧੋ]