ਸੱਭਿਆਚਾਰ ਤੇ ਮੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਭਿਆਚਾਰ ਤੇ ਮੀਡੀਆ ਤੋਂ ਰੀਡਿਰੈਕਟ)

ਸਭਿਆਚਾਰ ਤੇ ਮੀਡੀਆ ਨੂੰ ਵਾਚੀਏ ਤਾਂ ਸੂਚਨਾ ਤੇ ਸੰਚਾਰ ਨਾਲ ਸੰਬੰਧਿਤ ਅਜਿਹੀਆਂ ਸੰਸਥਾਵਾਂ ਤੋਂ ਲਿਆ ਜਾਂਦਾ ਹੈ, ਜਿਹੜੀਆਂ ਵੱਡੇ ਪੱਧਰ ਉਪਰ ਸੂਚਨਾ ਤੇ ਹੋਰ ਸੰਬੰਧਿਤ ਸਮੱਗਰੀ ਨੂੰ ਦ੍ਰਿਸ਼-ਬਿੰਬਾਂ ਤੇ ਧੁਨੀ-ਬਿੰਬਾਂ ਰਾਹੀਂਂ ਪੈਦਾ ਤੇ ਪ੍ਰਸਾਰਿਤ ਕਰਦੀਆਂ ਹਨ। ਇਤਹਾਸਿਕ ਪੱਖੋਂ ਨਜ਼ਰ ਮਾਰੀਏ ਤਾਂ ਇਸਦਾ ਆਰੰਭ ਪ੍ਰਿਟਿੰਗ ਪ੍ਰੈਸ ਦੀ ਖੋਜ ਨਾਲ 1450 ਦੇ ਨੇੜੇ-ਤੇੜੇ ਹੋਇਆ ਮੰਨਿਆ ਜਾ ਸਕਦਾ ਹੈ। ਸ਼ੁਰੂ ਸ਼ੁਰੂ ਵਿੱਚ ਧਾਰਮਿਕ-ਸਾਹਿਤ, ਚਕਿਤਸਾ, ਕਾਨੂੰਨ ਤੇ ਸਾਹਿਤ ਨਾਲ ਸੰਬੰਧਿਤ ਸਮੱਗਰੀ ਸਾਹਮਣੇ ਆਈ। ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਵਿੱਚ ਰਸਾਲੇ ਤੇ ਅਖ਼ਬਾਰ ਛਪਣੇ ਸ਼ੁਰੂ ਹੋਏ ਤੇ ਬਾਅਦ ਵਿੱਚ ਉੱਨੀਵੀਂਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਨੇ ਪੁਸਤਕਾਂ, ਅਖਬਾਰਾਂ ਤੇ ਮੈਗਜ਼ੀਨ ਨਾਲ ਸੰਬੰਧਿਤ ਇਸ ਉਦਯੋਗ ਦੀ ਸ਼ਕਤੀ ਵਿੱਚ ਹੋਰ ਵਾਧਾ ਕਰ ਦਿੱਤਾ, ਪਰ ਜਿਸ ਮੀਡੀਆ ਉਦਯੋਗ ਦਾ ਵਿਸਫੋਟ ਅੱਜ ਦਿਸਦਾ ਹੈ, ਇਹ ਵੀਹਵੀਂ ਸਦੀ ਦੀ ਦੇਣ ਹੈ, ਜਿਸ ਵਿੱਚ ਸਿਨੇਮਾ, ਰੇਡੀਓ, ਟੀ.ਵੀ., ਕੰਪਿਊਟਰ, ਮੋਬਾਇਲ ਤੇ ਇਹਨਾਂ ਵੱਲੋਂ ਸਿਰਜਿਤ ਪਾਠਾਂ ਦੀ ਮੁੱਖ ਭੂਮਿਕਾ ਹੈ।[1]

ਪਰਿਭਾਸ਼ਾ[ਸੋਧੋ]

ਵਰਤਮਾਨ ਯੁੱਗ ਸਭ ਤੋਂ ਜ਼ਿਆਦਾ ਮੀਡੀਏ ਤੋਂ ਪ੍ਰਭਾਵਿਤ ਹੈ। ਇਸ ਵਿਚਾਰ ਦੀ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਮੀਡੀਆ ਹੀ ਮੁੱਖ ਰੂਪ ਵਿੱਚ ਸੱਚ-ਝੂਠ ਅਤੇ ਗਲਤ ਠੀਕ ਨਿਰਧਾਰਕ ਬਣਿਆ ਹੋਇਆ ਹੈ। ਇਸੇ ਲਿਹਾਜ਼ ਨਾਲ ਸਮਕਾਲੀ ਪੰਜਾਬੀ ਬੰਦੇ ਦੇ ਅਸਤਿਤਵ ਦੀ ਨਿਰਮਾਣ ਪ੍ਰੀਕਿਰਿਆ ਵੀ ਮੀਡੀਆ ਦੀ ਇਸ ਸ਼ਕਤੀ ਦੀ ਤਾਬੇਦਾਰ ਹੈ।[2]

"ਪਰਿਭਾਸ਼ਾਵਾਂ"
(1)ਫ਼ਰੈਂਕ-ਫ਼ਰਟ ਸਕੂਲ ਅਨੁਸਾਰ, " ਮੀਡੀਆ ਇੱਕ ਅਜਿਹਾ ਸ਼ਕਤੀਸ਼ਾਲੀ ਹੈ, ਜਿਹੜਾ ਲੋਕਾਈ ਨੂੰ ਪਤਿਆਉਂਦਾ ਹੈ। ਉਹਨਾਂ ਦੇ ਮਨਾਂ ਵਿੱਚ ਇੱਕ ਅਜਿਹੇ ਸਮੂਹ ਸਭਿਆਚਾਰ ਦਾ ਪਰਿਵੇਸ਼ ਕਰਾਂ ਦਿੰਦਾ ਹੈ, ਜਿਹੜਾ ਉਨ੍ਹਾਂ ਦੀ ਸਮੂਹਿਕ ਅਤੇ ਸਭਿਆਚਾਰਕ ਜ਼ਿੰਦਗੀ ਨੂੰ ਕਾਬੂ ਅਤੇ ਸੇਧਿਤ ਕਰਦਾ ਹੈ ਅਤੇ ਜਿਸਦਾ ਪ੍ਰਮੁੱਖ ਉਦੇਸ਼ ਆਮ ਲੋਕਾਈ ਨੂੰ ਉਹਨਾਂ ਦੀ ਸਧਾਰਨ ਜ਼ਿੰਦਗੀ ਦੀ ਯਥਾਰਥਕਤਾ ਤੋਂ ਪਾਸੇ ਲੈ ਜਾਂਦਾ ਹੈ।'[3]
(2)ਪ੍ਰੋ. ਗੁਰਮੀਤ ਸਿੰਘ ਅੁਨਸਾਰ, "ਮੀਡੀਆ ਸਭਿਆਚਾਰਕ ਬਹੁ-ਰੰਗਤਾਂ ਨੂੰ ਤਾਕਤ ਦੇ ਰਿਹਾ ਹੈ। ਓਨ੍ਹਾਂ ਅਨੁਸਾਰ ਮੀਡੀਆ ਤਾਕਤਵਰ ਹੱਥਾਂ ਦੀ ਖੇਡ ਹੈ ਅਤੇ ਤਕੜੇ ਅਤੇ ਮਾੜੇ ਦਾ ਆਪਸ ਵਿੱਚ ਮੁਕਾਬਲਾ ਸੰਭਵ ਨਹੀਂ ਹੁੰਦਾ। ਤਾਕਤਵਰ ਰਾਸ਼ਟਰ ਤਾਕਤਹੀਣ ਨੂੰ ਸਪੇਸ(ਜਗ੍ਹਾ) ਦੇਣ ਅਜਿਹਾ ਲਗਪਗ ਨਾਮੁਮਕਿਨ ਹੈ। ਉਹਨਾਂ ਅਨੁਸਾਰ ਵਿਸ਼ਵ-ਵਿਆਪੀ ਮੀਡੀਏ ਦੇ ਵਿਸਥਾਰ ਤੇ ਸ਼ਕਤੀਸ਼ਾਲੀ ਉਦਯੋਗ ਨੇ ਸਭਿਆਚਾਰ ਦੀ ਪਰਿਭਾਸ਼ਾ ਤੇ ਇਸਦੇ ਨਿਰਮਾਣ ਢੰਗਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਆਪਣੇ ਕਾਬੂ ਵਿੱਚ ਕਰ ਲਿਆ ਹੈ।''

ਸੋ, ਇਸ ਤਰ੍ਹਾਂ 21ਵੀਂ ਸਦੀ ਸਭਿਆਚਾਰ ਦਾ ਨਿਰਮਾਣ ਪਰੰਪਰਾਗਤ ਤਰੀਕੇ ਨਾਲ ਨਹੀਂ ਸਗੋਂ ਮੀਡੀਆ ਉਦਯੋਗ ਰਾਹੀਂ ਹੋ ਰਿਹਾ ਹੈ। ਕਿਹੜੇ ਅਰਥਾਂ ਤੇ ਕਿੰਨ੍ਹਾਂ ਕਦਰਾਂ-ਕੀਮਤਾਂ ਦਾ ਨਿਰਮਾਣ ਕਿਸ ਤਰ੍ਹਾਂ ਕਰਨਾ ਹੈ, ਸਭ ਮੀਡੀਆ ਅਤੇ ਉਸਦੇ ਪਿਛੇ ਕਾਰਜਸ਼ੀਲ ਕਾਰਪੋਰੇਟ ਧਿਰ ਦੇ ਦਾਬੇ ਹੇਠ ਹੈ। ਇਸ ਪ੍ਰਕਿਰਿਆ ਤੇ ਚਲਦਿਆ ਸਭਿਆਚਾਰ ਨੂੰ ਉਦਯੋਗ ਦਾ ਰੂਪ ਦੇ ਦਿੱਤਾ ਗਿਆ। ਜਿਸ ਵਿੱਚ ਓਹੀ ਸਿਰਜਣਾ ਸਪੇਸ ਹਾਸਲ ਕਰਦੀ ਹੈ, ਜਿਸ ਦੀ ਕੋਈ ਵਿਕਣਯੋਗਤਾ ਹੁੰਦੀ ਹੈ। ਸਭਿਆਚਾਰ ਦੇ ਨਾਲ-ਨਾਲ ਕਲਾ ਅਤੇ ਹੋਰ ਸਿਰਜਣਾਵਾਂ ਦਾ ਸੰਸਾਰ ਵੀ ਮੰਡੀ ਵਿੱਚ ਤਬਦੀਲ ਹੋ ਗਿਆ ਹੈ।[4]

ਪਰੰਪਰਾਗਤ ਕਲਚਰ ਤੇ ਮਾਸ ਕਲਚਰ 'ਚ ਕਲਾ ਸਿਰਜਣਾ[ਸੋਧੋ]

 "ਮਾਡਲ"
-ਪਰੰਪਰਾਗਤ ਸਭਿਆਚਾਰ ਵਿੱਚ ਕਲਾ ਸਿਰਜਣਾ
ਕਲਾਕਾਰ-->ਕਰਤਾ-->ਵਿਅਕਤੀਗਤ ਪ੍ਰਤਿਭਾ-->ਕਲਾਕ੍ਰਿਤ
-ਮਾਸ ਕਲਚਰ/ਪਾਪੂਲਰ ਕਲਚਰ 'ਚ ਕਲਾ ਸਿਰਜਣਾ
ਉਤਪਾਦਕ/ਵਪਾਰੀ-->ਫ਼ਾਰਮੂਲਾ, ਮਸ਼ੀਨ, ਤਕ਼ਨੀਕ,
ਕਿਰਤੀ-->ਵਸਤੂ/ਪਾਠ[5]'

ਵਿਸ਼ਵ-ਪਸਾਰ[ਸੋਧੋ]

ਅੱਜ ਮੀਡੀਏ ਦਾ ਵਿਸਥਾਰ ਵਿਸ਼ਵ ਵਿਆਪੀ ਹੈ। ਇਸ ਵਿਸ਼ਵ ਵਿਆਪੀ ਮੀਡੀਆ ਨੈੱਟਵਰਕ ਨੇ ਪੂਰੀ ਦੁਨੀਆ ਨੂੰ ਇੱਕ ਅਜਿਹੇ ਗਤੀਸ਼ੀਲ ਦੁਵੱਲੀ ਪ੍ਰਕਿਰਿਆ ਵਾਲੇ ਵਰਤਾਰੇ ਵਿੱਚ ਬਦਲ ਦਿੱਤਾ ਹੈ, ਜੋ ਕੇਵਲ ਸੂਚਨਾ ਦਾ ਪ੍ਰਸਾਰਨ ਹੀ ਨਹੀਂ ਕਰਦਾ ਸਗੋਂ ਨਵੇਂ ਅਰਥਾਂ ਅਤੇ ਮੁੱਲਾਂ ਨੂੰ ਵੀ ਪੈਦਾ ਕਰਦਾ ਹੈ। ਮੀਡੀਆ ਨੇ ਸਮਾਜਾਂ ਵਿੱਚ ਸਭਿਆਚਾਰਾਂ ਦੀ ਸਿਰਜਨਾ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਹੀ ਨਹੀਂ ਕੀਤਾ ਇਨ੍ਹਾਂ ਸਮਾਜਾਂ ਨੂੰ ਆਪਣੇ ਦੁਆਰਾ ਪੈਦਾ ਕੀਤੀ ਟੈਕਸਟ ਰਾਹੀਂ ਨਵਾਂ ਸਰੂਪ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਸਰੋਤਾ/ਦਰਸ਼ਕਾਂ ਤੇ ਟੈਕਸਟ ਪੈਦਾ ਕਰਨ ਵਾਲੇ ਉਤਪਾਦਕਾਂ ਵਿੱਚ ਵਾਪਰਨ ਵਾਲਾ ਦੁਵੱਲਾ ਕਾਰਜ ਹੋ ਨਿਬੜਿਆ ਹੈ।

"ਲੇਖਕ "ਟੈਰੀ ਈਗਲਟਨ" ਇਸ ਗੱਲ ਵੱਲ ਸਪਸ਼ਟ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਕਿ “ ਸਭਿਆਚਾਰ ਵਿੱਚ ਆਪਸੀ ਟਕਰਾਅ ਹਨ। ਇਹ ਇੱਕ ਸਾਧਾਰਨ ਗੱਲ ਨਹੀਂ ਰਹਿ ਕੇ ਸਗੋਂ ਇੱਕ ਵਿਸ਼ਵ ਵਿਆਪੀ ਟਕਰਾਓ ਦਾ ਰੂਪ ਧਾਰਨ ਕਰ ਗਈ ਹੈ। ਇਹ ਅਕਾਦਮਿਕ ਨਾਲੋਂ ਇੱਕ ਰਾਜਨੀਤਿਕ ਮੁੱਦਾ ਵਧੇਰੇ ਹੋ ਗਿਆ ਹੈ।"

ਅਮਰੀਕਾ ਵਿੱਚ ਇਹ ਗੱਲ 'ਪਹਿਲੇ ਵਿਸ਼ਵ ਯੁੱਧ' ਸਮੇਂ ਹੀ ਸਾਹਮਣੇ ਆ ਗਈ ਸੀ ਕਿ ਮੀਡੀਆ ਦੇ ਜ਼ੋਰ ਨਾਲ ਕੋਈ ਵੀ ਗੱਲ ਮੰਨਵਾਈ ਜਾ ਸਕਦੀ ਹੈ ਅਤੇ ਕਿਸੇ ਵੀ ਨੀਤੀ ਜਾਂ ਲੋੜ ਨੂੰ ਮੀਡੀਏ ਰਾਹੀਂ ਉਚਿੱਤ ਤੇ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਭਾਵੇਂ ਉਸ ਲੋੜ ਦੀ ਹੋਂਦ ਹੋਵੇ ਜਾਂ ਨਾ ਹੋਵੇ।[6]

ਸਭਿਆਚਾਰ 'ਤੇ ਪ੍ਰਭਾਵ[ਸੋਧੋ]

ਮੀਡੀਏ ਦੀ ਸ਼ਕਤੀ ਨੇ ਆਮ ਆਦਮੀ ਨੂੰ ਇੱਕ ਉਪਯੋਗੀ ਕਠਪੁਤਲੀ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਇਸ ਕਠਪੁਤਲੀ ਨੇ ਸ਼ਕਤੀਸ਼ਾਲੀ ਸਭਿਆਚਾਰਕ ਉਦਯੋਗ ਦੀ ਹਰ ਵਸਤੂ ਨੂੰ ਇੱਕ ਗ਼ੁਲਾਮ ਦੀ ਤਰ੍ਹਾਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਨੂੰ 'ਨੋਮ ਚੌਮਸਕੀ' ਆਪਣੀ ਪੁਸਤਕ ‘ਮੀਡੀਆ ਕੰਟਰੋਲ’ ਵਿੱਚ ਹੋਰ ਵਿਸਥਾਰ ਦਿੰਦਾ ਹੋਇਆ ਲਿਖਦਾ ਹੈ ਕਿ “ਮੀਡੀਏ ਰਾਹੀਂ ਆਮ ਸਹਿਮਤੀ ਘੜਨੀ ਬਹੁਤ ਆਸਾਨ ਹੋ ਗਈ ਹੈ। ਮੀਡੀਆ ਵੱਲੋਂ ਫ਼ੈਸਲੇ ਕਰਵਾਏ ਜਾਂਦੇ ਹਨ, ਮੰਨਵਾਏ ਜਾਂਦੇ ਹਨ ਅਤੇ ਇਸ ਰਾਹੀਂ ਹੀ ਰਾਜਨੀਤਿਕ, ਆਰਥਿਕ ਤੇ ਵਿਚਾਰਧਾਰਕ ਸਿਸਟਮ ਨੂੰ ਘੜਿਆ ਤੇ ਲਾਗੂ ਕੀਤਾ ਜਾ ਸਕਦਾ ਹੈ।[7] ਵਿਸ਼ਵ ਵਿਆਪੀ ਮੀਡੀਏ ਦੇ ਵਿਸਥਾਰ ਤੇ ਸ਼ਕਤੀਸ਼ਾਲੀ ਉਦਯੋਗ ਨੇ ਸਭਿਆਚਾਰ ਦੀ ਪਰਿਭਾਸ਼ਾ ਅਤੇ ਇਸਦੇ ਨਿਰਮਾਣਾਂ ਦੇ ਢੰਗ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਜੇ ਇਹ ਬਦਲਾਓ ਕੁਝ ਵਿਆਕਤੀਆਂ ਨੂੰ ਨਾ ਵੀ ਦਿਸੇ ਤਾਂ ਆਉਣ ਵਾਲੇ ਥੋੜ੍ਹੇ ਸਮੇਂ ਵਿੱਚ ਹੀ ਇਹ ਦਿਸਣਾ ਸ਼ੁਰੂ ਹੋ ਜਾਵੇਗਾ। ਮੀਡੀਏ ਨੇ ਕਿਸ ਟੈਕਸਟ ਦਾ ਨਿਰਮਾਣ ਕਰਨਾ ਹੈ, ਕਿਹੜੇ ਅਰਥਾਂ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨਾ ਹੈ ਤੇ ਕਿਵੇਂ ਓਹਨਾਂ ਦਾ ਸੰਚਾਰ ਕਰਨਾ ਹੈ, ਆਪਣੀਆਂ ਤੇ ਕਾਰਪੋਰੇਟ ਸੈਕਟਰ ਦੀਆਂ ਲੋੜਾਂ ਤੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾਂਦਾ ਹੈ।[8]

-ਪ੍ਰਭਾਵ

  • ਮਨੁੱਖ ਦੀ ਸ਼ਖ਼ਸ਼ੀਅਤ ਵਿੱਚੋਂ ਸਭ ਤੋਂ ਅਹਿਮ ਮਸਲਾ ਸਭਿਆਚਾਰਕ 'ਮੈਂ' ਦਾ ਹੈ। ਇਸ ਦੀ ਸਿਰਜਣਾ ਸਭਿਆਚਾਰਕ ਚੌਗਿਰਦੇ ਵਿੱਚ ਹੁੰਦੀ ਹੈ ਪਰ ਅੱਜ ਸਾਡੀ 'ਮੈਂ' ਦੀ ਸਿਰਜਣਾ ਦਾ ਕੰਮ ਮੀਡੀਆ ਕਰ ਰਿਹਾ ਹੈ। ਅੱਜ ਦਾ ਮਨੁੱਖ ਸੰਘਰਸ਼ ਨਹੀਂ ਬਲਕਿ ਆਤਮ-ਹੱਤਿਆ ਕਰ ਰਿਹਾ ਹੈ। ਅੱਜ ਦੇ ਮੀਡੀਆ ਦੁਆਰਾ ਮਨੁੱਖ ਨੰ ਸੰਘਰਸ਼ ਕਰਨਾ ਨਹੀਂ ਸਿਖਾਇਆ ਜਾ ਸਕਦਾ ਬਲਕਿ ਮੰਡੀ ਤੇ ਮੁਨਾਫ਼ੇ ਦੇ ਸੰਦਰਭ ਵਿੱਚ ਮੁਨਾਫ਼ਾ ਕਰਨਾ ਸਿਖਾਇਆ ਜਾ ਰਿਹਾ ਹੈ।[9]
  • ਜਦੋਂ ਅਸੀਂ ਸਭਿਆਚਾਰ ਦੇ ਹਵਾਲੇ ਨਾਲ਼ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਭਾਸ਼ਾ ਹੀ ਸਭਿਆਚਾਰ ਹੈ। ਭਾਸ਼ਾ ਰਾਹੀਂ ਸਭਿਆਚਾਰ ਨੂੰ ਬਹੁਤ ਸੰਘਣੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਪਰ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਭਾਸ਼ਾ ਨੂੰ ਪਰਿਭਾਸ਼ਿਤ ਕਰਦੇ ਹਾਂ ਤਾਂ ਭਾਸ਼ਾ ਦਾ ਬਹੁਤ ਹੀ ਸਰਲ ਜਿਹਾ ਰੂਪ ਸਾਡੇ ਸਾਹਮਣੇ ਆਉਂਦਾ ਹੈ। ਮੀਡੀਆ ਉੱਤੇ ਬਹੁਤ ਹੀ ਹਲਕਰ ਕਿਸਮ ਦੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਜੋ ਦਰਸ਼ਕ/ਸਰੋਤੇ ਨੂੰ ਸਮਝਣ ਲਈ ਅਕਲ ਦੀ ਵਰਤੋਂ ਨਾ ਕਰਨੀ ਪਵੇ।[10]
  • ਸਾਡੇ ਅੱਜ ਦੇ ਨਾਇਕ ਕਿਹੋ ਜਿਹੇ ਹੋਣਗੇ ਇਹ ਸਾਡਾ ਸਮਕਾਲੀ ਮੀਡੀਆ ਤਹਿ ਕਰ ਰਿਹਾ ਹੈ। ਨਾਇਕ ਭਾਵੇਂ ਕਿਹੋ ਜਿਹਾ ਵੀ ਹੋਵਰ ਉਸ ਵਿੱਚ ਕੋਈ ਹੁਨਰ ਹੋਵੇ ਜਾਂ ਨਹੀਂ, ਪਰ ਜੇ ਉਸਨੂੰ ਮੀਡੀਆ ਨਾਇਕ ਵੱਜੋਂ ਪੇਸ਼ ਕਰ ਰਿਹਾ ਹੈ ਤਾਂ ਉਹ ਲੋਕਾਂ ਦਾ ਨਾਇਕ ਬਣ ਜਾਂਦਾ ਹੈ। ਇਸ ਲਈ ਨਾਇਕ ਸਭਿਆਚਾਰਕ ਰਹਿਤਲ ਵਿੱਚੋਂ ਨਹੀਂ ਬਲਕਿ ਮੀਡੀਆ ਦੁਆਰਾ ਪੈਦਾ ਕੀਤੇ ਜਾ ਰਹੇ ਹਨ।[11]

ਪੰਜਾਬੀ ਸਭਿਆਚਾਰ ਤੇ ਮੀਡੀਆ[ਸੋਧੋ]

ਸਭਿਆਚਾਰ ਦਾ ਸਬੰਧ ਸੰਸਕਾਰਾਂ ਨਾਲ ਹੈ। ਸੰਤ ਵਿਚਾਰਕ, ਲੋਕਗੀਤ, ਲੋਕ-ਨਾਟਕਾਂ ਦੀ ਗਤੀਵਿਧੀਆਂ ਨੂੰ ਹੀ ਸੰਸਕਾਰ ਆਖਦੇ ਹਨ। ਸੰਸਕਾਰਾਂ ਤੋਂ ਹੀ ਸਭਿਆਚਾਰ ਜਨਮ ਲੈਂਦਾ ਹੈ। ਸਭਿਆਚਾਰ ਜੀਵਨ ਦੀ ਪੂਰਨ ਇਕਾਈ ਹੈ। ਚੇਤਨਾ, ਚਿੰਨਤ, ਕਰਮ, ਧਰਮ ਸੰਸਕਾਰ ਦੇ ਚਾਰ ਬੀਜ ਤੱਤ ਹਨ। ਤੀਜ-ਤਿਓੁਹਾਰ, ਰੀਤੀ-ਰਿਵਾਜ, ਪਹਿਰਾਵਾ, ਮੰਤਰ-ਤੰਤਰ, ਦਾਨ-ਪੁੰਨ, ਰਿਸ਼ਤੇ-ਨਾਤੇ ਆਦਿ ਸਾਰੇ ਸੰਸਕਾਰਾਂ ਦੇ ਤੱਤ ਹਨ ਅਤੇ ਮੀਡੀਆ ਪ੍ਰਚਾਰ ਦੇ ਸਾਧਨ ਹਨ।[12] ਮੀਡੀਆ ਬਾਜ਼ਾਰ ਦਾ ਪ੍ਰਚਾਰ ਕਰਦਾ ਹੈ, ਕਿਉਂਕਿ ਮੀਡੀਆ ਦੇ ਸਰੋਕਾਰ ਬਾਜ਼ਾਰ ਦੀ ਜ਼ਰੂਰਤਾਂ ਨਾਲ ਜੁੜੇ ਹੁੰਦੇ ਹਨ। ਇਸ ਲਈ ਇਨ੍ਹਾਂ ਦੇ ਆਪਸੀ ਰਿਸ਼ਤੇ ਸਭਿਆਚਾਰ ਦੇ ਬਜ਼ਾਰੀਕਰਨ ਦਾ ਮੁੱਖ ਕਾਰਨ ਬਣ ਗਏ ਹਨ।[13] ਇਲੈਕਟ੍ਰੋਨਿਕ ਮੀਡੀਆ ਇੱਕ ਦੇਸ਼ ਦਾ ਦੂਸਰੇ ਦੇਸ਼ਾਂ ਨਾਲ, ਇੱਕ ਰਾਜ ਦੀ ਦੂਸਰੇ ਰਾਜਾਂ ਨਾਲ ਅਤੇ ਇੱਕ ਸਮਾਜ ਦਾ ਦੂਸਰੇ ਸਮਾਜ ਦੇ ਸਭਿਆਚਾਰ ਨਾਲ ਪਛਾਣ ਕਰਵਾਉਂਦਾ ਹੈ। ਇਲੈਕਟ੍ਰੋਨਿਕ ਮੀਡੀਆ ਨੇ ਸਾਨੂੰ ਇੰਗਲੈਂਡ, ਅਮਰੀਕਾ, ਜਾਪਾਨ ਆਦਿ ਦੇਸ਼ਾਂ ਦੇ ਸਭਿਆਚਾਰ ਨੂੰ ਘਰ ਬੈਠੇ ਦਿਖਇਆ ਹੈ।[14]

ਪ੍ਰਭਾਵ[ਸੋਧੋ]

ਚੰਗੇ ਸੰਸਕਾਰ ਸਾਨੂੰ ਮੀਡੀਆ ਦੇ ਸਿਖਲਾਈ ਕੇਂਦਰਾਂ ਵਿੱਚ ਵੀ ਨਹੀਂ ਦਿੱਤੇ ਜਾ ਸਕਦੇ। ਇਸ ਲਈ ਸਭਿਆਚਾਰ ਉੱਪਰ ਸਭ ਤੋਂ ਵੱਡਾ ਪ੍ਰਭਾਵ ਜਾਂ ਬੁਰਾ ਪ੍ਰਭਾਵ ਮੀਡੀਆ ਦਾ ਪਿਆ। ਮੀਡੀਆ ਨੇ ਸਾਡੀ ਭਾਸ਼ਾ ਸਾਡੇ ਖਾਣ-ਪੀਣ, ਪਹਿਰਾਵੇ ਦੇ ਤੌਰ-ਤਰੀਕਿਆਂ ਨੂੰ ਬਦਲਿਆ, ਮੀਡੀਆ ਰਾਹੀਂ ਕਲਾਵਾਂ ਵੀ ਬਦਲੀਆਂ ਕਿਉਂਕਿ ਕਲਾ ਕਿਸੇ ਸਭਿਆਚਾਰ ਦੁਆਰਾ ਹੀ ਜਨਮ ਲੈਂਦੀ ਹੈ।

ਪ੍ਰੋ. ਸੁਦੀਸ਼ ਪਚੌਰੀ ਦੁਆਰਾ ਇਹ ਕਿਹਾ ਗਿਆ ਹੈ ਕਿ, "ਜੋ ਵੀ ਪ੍ਰਕਿਰਤੀ ਹੈ ਉਸਦੇ ਬਾਹਰ ਅਤੇ ਓੁਸਦੇ ਅੰਤਰਗਤ ਕੋਈ ਵੀ ਮਨੁੱਖ ਦੁਆਰਾ ਉਤਪੰਨ ਕੀਤਾ ਗਿਆ ਢਾਂਚਾ ਸਭਿਆਚਾਰ ਕਹਾਉਂਦਾ ਹੈ। ਮੀਡੀਆ ਰਾਹੀਂ ਲੋਕ-ਚੇਤਨਾ ਜਨਮ ਲੈਂਦੀ ਹੈ, ਇੱਛਾ-ਸ਼ਕਤੀ ਵਿੱਚ ਵਾਧਾ ਹੁੰਦਾ ਹੈ।"[15]

ਸਿੱਟਾ[ਸੋਧੋ]

ਮੀਡੀਆ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ। ਇਸਦਾ ਸਮਾਜ 'ਤੇ ਨਕਾਰਾਤਮਕ ਦੀ ਜਗ੍ਹਾ ਸਕਾਰਾਤਮਕ ਪ੍ਰਭਾਵ ਪਵੇ, ਇਹ ਉਦੋਂ ਹੀ ਸਭੰਵ ਹੈ ਜਦੋਂ ਇਲੈਕਟ੍ਰੋਨਿਕ ਮੀਡੀਆ ਦੇ ਅਮਲੇ ਜਾਂ ਕਰਮਚਾਰੀ ਦੀ ਪੇਸ਼ਕਾਰੀ ਦੇ ਤੌਰ-ਤਰੀਕੇ ਬਦਲਣਗੇ।[16]

ਹਵਾਲੇ[ਸੋਧੋ]

  1. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.10
  2. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ,ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭੂਮਿਕਾ:-ਪੰਨਾ ਨੰ.Vii
  3. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.18
  4. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭੂਮਿਕਾ:-ਪੰਨਾ ਨੰ.X
  5. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭੂਮਿਕਾ:-ਪੰਨਾ ਨੰ.-18
  6. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.13
  7. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, |ਪਟਿਆਲਾ, ਪੰਨਾ ਨੰ.14
  8. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.15
  9. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.-IX
  10. ਪੰਜਾਬੀ ਸਮਾਜ ਤੇ ਮੀਡੀਆ, ਸੰਪਾਦਕ-ਜਸਬੀਰ ਕੌਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.-207
  11. ਪੰਜਾਬੀ ਸਮਾਜ ਤੇ ਮੀਡੀਆ, ਸੰਪਾਦਕ-ਜਸਬੀਰ ਕੌਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.-291
  12. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008, ਪੰਨਾ ਨੰ.137
  13. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008, ਪੰਨਾ ਨੰ.-138
  14. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008,ਪੰਨਾ ਨੰ.139
  15. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008,ਪੰਨਾ ਨੰ.140
  16. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008,ਪੰਨਾ ਨੰ.142