ਸਮੱਗਰੀ 'ਤੇ ਜਾਓ

ਸ਼ੇਰ ਸ਼ਾਹ ਸੂਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੇਰ ਸ਼ਾਹ ਸੂਰੀ
ਸੂਰੀ ਸਲਤਨਤ ਦਾ ਸੁਲਤਾਨ
ਸ਼ਾਸਨ ਕਾਲ17 ਮਈ 1540 – 22 ਮਈ 1545
ਤਾਜਪੋਸ਼ੀ1540
ਪੂਰਵ-ਅਧਿਕਾਰੀਹਿਮਾਯੂੰ
ਵਾਰਸਇਸਲਾਮ ਸ਼ਾਹ ਸੂਰੀ
ਜਨਮ1472
ਸਾਸਾਰਾਮ, ਜ਼ਿਲ੍ਹਾ ਰੋਹਤਾਸ (ਭਾਰਤ)
ਮੌਤ22 ਮਈ 1545
ਕਾਲਿੰਜਰ, ਬੁੰਦੇਲਖੰਡ
ਦਫ਼ਨ
ਮਲਿਕਾ ਬੀਬੀ
ਔਲਾਦਜਲਾਲ ਖ਼ਾਨ
ਘਰਾਣਾਸੂਰ ਵੰਸ਼
ਰਾਜਵੰਸ਼ਸੂਰ ਵੰਸ਼
ਪਿਤਾਮੀਆਂ ਹਸਨ ਖ਼ਾਨ ਸੂਰ
ਧਰਮਇਸਲਾਮ

ਸ਼ੇਰ ਸ਼ਾਹ ਸੂਰੀ (1486 – 22 ਮਈ,1545) (ਫ਼ਾਰਸੀ/ਪਸ਼ਤੋ: Lua error in package.lua at line 80: module 'Module:Lang/data/iana scripts' not found.‎ – ਫ਼ਰੀਦ ਖ਼ਾਨ ਸ਼ੇਰ ਸ਼ਾਹ ਸੂਰੀ, ਜਨਮ ਸਮੇਂ ਨਾਮ ਫ਼ਰੀਦ ਖ਼ਾਨ, ਸ਼ੇਰ ਸ਼ਾਹ ਵੀ ਕਹਿੰਦੇ ਸਨ) ਉੱਤਰੀ ਭਾਰਤ ਵਿੱਚ ਸੂਰ ਵੰਸ਼ ਦਾ ਬਾਨੀ ਸੀ।[1] ਭਾਰਤੀ ਇਤਿਹਾਸ ਵਿੱਚ ਲੋਹਪੁਰਸ਼, ਦਾਨਵੀਰ, ਪ੍ਰਬੁੱਧ ਯੋਧੇ ਵਜੋਂ ਉਸਦੀ ਵਡਿਆਈ ਕੀਤੀ ਜਾਂਦੀ ਹੈ।

ਸ਼ੇਰ ਸ਼ਾਹ ਸੂਰੀ ਉਹਨਾਂ ਗਿਣੇ-ਚੁਣੇ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ, ਤੀਬਰ ਇੱਛਾ, ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ।

ਪਰਿਵਾਰਿਕ ਪਿਛੋਕੜ

[ਸੋਧੋ]

ਜਦੋਂ ਅਫ਼ਗਾਨਾਂ ਦੇ ਸਾਹੂ ਖੇਲ ਕਬੀਲੇ ਦੇ ਸਰਦਾਰ ਸੁਲਤਾਨ ਬਹਿਲੋਲ ਨੇ ਦਿੱਲੀ ’ਤੇ ਆਪਣਾ ਰਾਜ ਕਾਇਮ ਕੀਤਾ ਉਸ ਸਮੇਂ ਦੇਸ਼ ਦੀ ਹਾਲਤ ਬੜੀ ਡਾਵਾਂਡੋਲ ਸੀ। ਇਸੇ ਕਰਕੇ ਬਹਿਲੋਲ ਦੀ ਇੱਛਾ ਸੀ ਕਿ ਅਫ਼ਗਾਨਿਸਤਾਨ ਤੋਂ ਵੱਧ ਤੋਂ ਵੱਧ ਲੋਕ ਹਿੰਦੋਸਤਾਨ ਮੰਗਵਾਏ ਜਾਣ। ਸੁਲਤਾਨ ਬਹਿਲੋਲ ਦੀ ਇੱਛਾ ਤੇ ਦਰਿਆਦਿਲੀ ਦਾ ਫ਼ਾਇਦਾ ਉਠਾਉਂਦਿਆਂ ਅਨੇਕਾਂ ਅਫ਼ਗਾਨ ਪਰਿਵਾਰ ਭਾਰਤ ਵੱਲ ਚੱਲ ਪਏ। ਇਨ੍ਹਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹਿਮ ਖ਼ਾਨ ਸੂਰੀ ਵੀ ਸ਼ਾਮਲ ਸੀ ਜੋ ਆਪਣੇ ਪੁੱਤਰ ਹਸਨ ਖ਼ਾਨ ਸੂਰੀ ਸਮੇਤ ਹਿੰਦੋਸਤਾਨ ਪਹੁੰਚਿਆ। ਇਬਰਾਹਿਮ ਖ਼ਾਨ ਆਪਣੇ ਪਰਿਵਾਰ ਸਮੇਤ ਬਜਵਾੜੇ ਪਰਗਨੇ ਵਿੱਚ ਰਹਿਣ ਲੱਗਿਆ। ਸ਼ੇਰ ਸ਼ਾਹ ਦਾ ਜਨਮ ਹਿਸਾਰ ਫਿਰੋਜ਼ਾ ਵਿੱਚ ਸੁਲਤਾਨ ਬਹਿਲੋਲ ਦੇ ਰਾਜ ’ਚ ਹੋਇਆ। ਉਹਦਾ ਨਾਂ ਫ਼ਰੀਦ ਖ਼ਾਨ ਰੱਖਿਆ ਗਿਆ। ਸ਼ੇਰ ਸ਼ਾਹ ਅਫ਼ਗਾਨਿਸਤਾਨ ਦੇ ਰੋਹ ਇਲਾਕੇ ਦੇ ਸੂਰ ਕਬੀਲੇ ਵਿਚੋਂ ਸੀ। ਬਚਪਨ ਵਿੱਚ ਉਸ ਦਾ ਨਾਂਅ ਫਰੀਦ ਸੀ। ਇੱਕ ਸ਼ੇਰ ਦਾ ਇਕੱਲੇ ਨੇ ਸ਼ਿਕਾਰ ਕੀਤਾ ਤੇ ਬਿਹਾਰ ਦੇ ਗਵਰਨਰ ਨੇ ਉਸ ਨੂੰ ਸ਼ੇਰ ਸ਼ਾਹ ਦਾ ਖਿਤਾਬ ਬਖਸ਼ਿਆ। ਉਸ ਦੇ ਪਿਤਾ ਨੂੰ ਬਿਹਾਰ ਵਿੱਚ ਸਹਿਸਰਾਮ ਦਾ ਇਲਾਕਾ ਜਾਗੀਰ ਵਿੱਚ ਮਿਲਿਆ ਹੋਇਆ ਸੀ।

ਇਬਰਾਹਿਮ ਖ਼ਾਨ ਨੇ ਮੁਹੰਮਦ ਖ਼ਾਨ ਦੀ ਨੌਕਰੀ ਛੱਡ ਕੇ ਹਿਸਾਰ ਫਿਰੋਜ਼ਾ ਦੇ ਸਰਦਾਰ ਜਮਾਲ ਖ਼ਾਨ ਸਾਰੰਗਖਾਨੀ ਦੀ ਨੌਕਰੀ ਕਰ ਲਈ। ਇਸ ਸਰਦਾਰ ਨੇ ਨਾਰਨੌਲ ਦੇ ਪਰਗਨੇ ਵਿੱਚ ਇੱਕ ਪਿੰਡ ਦੇ ਕੇ ਉਹਨੂੰ ਚਾਲੀ ਘੋੜਿਆਂ ਦਾ ਦਸਤਾ ਰੱਖਣ ਦੇ ਯੋਗ ਬਣਾਇਆ। ਸ਼ੇਰ ਸ਼ਾਹ ਦੇ ਅੱਬਾ ਹਸਨ ਖ਼ਾਨ ਨੇ ਮਸਨਦੇ ਅਲੀ ਉਮਰ ਖਾਨ ਸਰਵਾਨੀ ਕਾਲਕਾਪੁਰ ਦੀ ਨੌਕਰੀ ਕਰ ਲਈ। ਮਸਨਦੇ ਅਲੀ ਨੂੰ ਖਾਨ-ਏ-ਆਜ਼ਮ ਦੀ ਉਪਾਧੀ ਮਿਲੀ ਹੋਈ ਸੀ ਤੇ ਉਹ ਸੁਲਤਾਨ ਬਹਿਲੋਲ ਦਾ ਮੰਤਰੀ ਅਤੇ ਵਿਸ਼ਵਾਸਪਾਤਰ ਦਰਬਾਰੀ ਸੀ। ਲਾਹੌਰ ਸੂਬੇ ਦਾ ਸੁਲਤਾਨ ਵੀ ਉਮਰ ਖ਼ਾਨ ਸੀ ਜਿਸ ਨੇ ਸ਼ਾਹਬਾਦ ਪਰਗਨੇ ਦੇ ਕਈ ਪਿੰਡ ਹਸਨ ਖ਼ਾਨ ਨੂੰ ਜਗੀਰ ਵਜੋਂ ਦੇ ਦਿੱਤੇ।

ਮੁਢਲਾ ਜੀਵਨ ਅਤੇ ਸੰਘਰਸ਼

[ਸੋਧੋ]

ਸ਼ੇਰ ਸ਼ਾਹ ਬਚਪਨ ਵਿੱਚ ਹੀ ਬੜੇ ਬੁਲੰਦ ਹੌਂਸਲੇ ਵਾਲਾ ਸੀ। ਸ਼ੇਰ ਸ਼ਾਹ ਦਾ ਦਾਦਾ ਇਬਰਾਹਿਮ ਖ਼ਾਨ ਨਾਸੌਲ ਵਿੱਚ ਫੌਤ ਹੋ ਜਾਣ ਤੇ ਉਮਰ ਖ਼ਾਨ ਨੇ ਜਮਾਲ ਖ਼ਾਨ ਨੂੰ ਬੁਲਾ ਕੇ ਕਿਹਾ ਕਿ ਹਸਨ ਖ਼ਾਨ ਨੂੰ ਉਹਦੇ ਅੱਬਾ ਦੀ ਜਗੀਰ ਅਤੇ ਕੁਝ ਹੋਰ ਪਿੰਡ ਸੌਂਪ ਦੇਵੇ। ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਸਿਕੰਦਰ ਲੋਧੀ ਦਿੱਲੀ ਦੇ ਤਖ਼ਤ ’ਤੇ ਬੈਠਾ। ਜਮਾਲ ਖ਼ਾਨ, ਹਸਨ ਖ਼ਾਨ ਨੂੰ ਪਸੰਦ ਕਰਦਾ ਸੀ ਤੇ ਉਹ ਉਹਦਾ ਵਿਸ਼ਵਾਸਪਾਤਰ ਵੀ ਸੀ। ਹਸਨ ਖ਼ਾਨ ਦੇ ਛੇ ਮੁੰਡੇ ਸਨ। ਸ਼ੇਰ ਸ਼ਾਹ ਅਤੇ ਨਿਜ਼ਾਮ ਖ਼ਾਨ ਇੱਕ ਹੀ ਮਾਂ ਦੇ ਪੇਟੋਂ ਸਨ। ਹਸਨ ਖ਼ਾਨ ਦੀ ਚਹੇਤੀ ਦਾਸੀ ਸ਼ੇਰ ਸ਼ਾਹ ਤੇ ਉਹਦੇ ਭਰਾ ਤੋਂ ਖਾਰ ਖਾਂਦੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਵੱਡਾ ਹੋਣ ਕਰਕੇ ਸ਼ੇਰ ਸ਼ਾਹ ਜਗੀਰ ਦਾ ਮਾਲਕ ਬਣੇਗਾ। ਉਹਨੇ ਹਸਨ ਖ਼ਾਨ ਨੂੰ ਭੜਕਾਇਆ, ਜਿਸ ਕਰਕੇ ਪਿਓ-ਪੁੱਤ ਵਿੱਚ ਇੱਕ-ਦੂਜੇ ਪ੍ਰਤੀ ਸ਼ੱਕ ਪੈਦਾ ਹੋ ਗਿਆ। ਪਿਤਾ ਨਾਲ ਰੁੱਸ ਕੇ ਉਹ ਜੋਨਪੁਰ ਚਲਾ ਗਿਆ ਤੇ ਜਮਾਲ ਖ਼ਾਨ ਦੀ ਹਜ਼ੂਰੀ ਵਿੱਚ ਸੇਵਕ ਲੱਗ ਗਿਆ। ਜੋਨਪੁਰ ਵਿੱਚ ਸ਼ੇਰ ਸ਼ਾਹ ਨੇ ਕਾਜ਼ੀ ਸਾਹਬੂਦੀਨ ਕੋਲ ਅਰਬੀ ਭਾਸ਼ਾ ਦੇ ਨਾਲ-ਨਾਲ ਕਈ ਜੀਵਨੀਆਂ ਅਤੇ ਦਾਰਸ਼ਨਿਕ ਗ੍ਰੰਥਾਂ ਦਾ ਅਧਿਐਨ ਕੀਤਾ। ਪਿਤਾ ਪੁੱਤਰ ਦੇ ਝਗੜੇ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੇ ਸ਼ੁਭ-ਚਿੰਤਕਾਂ ਨੇ ਯਤਨ ਕੀਤੇ ਤੇ ਸ਼ੇਰ ਸ਼ਾਹ ਨੂੰ ਸਮਝਾਇਆ ਤੇ ਪਿਤਾ ਨੇ ਉਹਨੂੰ ਦੋ ਪਰਗਨਿਆਂ ਦਾ ਕੰਮ-ਕਾਰ ਸੰਭਾਲ ਦਿੱਤਾ ਤੇ ਉਹਨੇ ਵਚਨ ਦਿੱਤਾ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣੇ ਫ਼ਰਜ਼ਾਂ ਦਾ ਪਾਲਣ ਕਰੇਗਾ।

ਪਰਗਨੇ ਦਾ ਪ੍ਰਬੰਧ

[ਸੋਧੋ]

ਪਿਤਾ ਨੇ ਉਹਨੂੰ ਪੂਰਨ ਅਧਿਕਾਰ ਦੇ ਦਿੱਤੇ। ਭਾਵੇਂ ਫ਼ੌਜੀ ਹੋਣ ਤੇ ਭਾਵੇਂ ਅਹਿਲਕਾਰ ਸਭਨਾਂ ਕੋਲੋਂ ਉਹਨੂੰ ਜਗੀਰਾਂ ਖੋਹਣ ਅਤੇ ਦੇਣ ਬਾਰੇ ਮੁਕੰਮਲ ਅਧਿਕਾਰ ਦੇ ਦਿੱਤੇ ਗਏ ਤੇ ਉਸ ਨੂੰ ਵਚਨ ਦਿੱਤਾ ਗਿਆ ਕਿ ਕੋਈ ਵੀ ਉਹਦੇ ਕੰਮਾਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕਰੇਗਾ। ਸ਼ੇਰ ਸ਼ਾਹ ਨੂੰ ਆਪਣੇ ਪਿਤਾ ਕੋਲੋਂ ਦੋ ਪਰਗਨੇ ਸਹਸਰਾਮ ਅਤੇ ਖਵਾਸਪੁਰ ਮਿਲੇ, ਜਿਨ੍ਹਾਂ ਦਾ ਉਹਨੇ ਵਿਸਥਾਰ ਕੀਤਾ। ਉੱਤਰੀ ਭਾਰਤ ਵਿੱਚ ਇਹ ਸਮਾਂ ਉਥਲ-ਪੁਥਲ ਅਤੇ ਜੁਗਗਰਦੀ ਦਾ ਸੀ। ਉਧਰ ਉਹਦੇ ਭਰਾ ਈਰਖਾਵੱਸ ਸਾਜ਼ਿਸ਼ਾਂ ਕਰਨ ਲੱਗੇ ਹੋਏ ਸਨ। ਅਜਿਹੀ ਸਥਿਤੀ ਵਿੱਚ ਉਹਨੇ ਪਰਗਨੇ ਤਿਆਗਣ ਦਾ ਫ਼ੈਸਲਾ ਕਰ ਲਿਆ ਤੇ ਪਰਗਨਿਆਂ ਦੀ ਕਮਾਨ ਆਪਣੇ ਭਰਾ ਨੂੰ ਸੌਂਪ ਕੇ ਕਾਨਪੁਰ ਦੇ ਰਸਤਿਓਂ ਆਗਰੇ ਵੱਲ ਕੂਚ ਕਰ ਦਿੱਤਾ। ਉਸ ਸਮੇਂ ਭਾਰਤ ਦਾ ਰਾਜਨੀਤਕ ਕੇਂਦਰ ਆਗਰਾ ਸੀ। ਸੁਲਤਾਨ ਸਿਕੰਦਰ ਦੇ ਸਮੇਂ ਤੋਂ ਹੀ ਇਹ ਰਾਜਧਾਨੀ ਬਣਿਆ ਆ ਰਿਹਾ ਸੀ। ਸ਼ੇਰ ਸ਼ਾਹ ਨੇ ਆਗਰੇ ਪਹੁੰਚ ਕੇ ਸੁਲਤਾਨ ਇਬਰਾਹਿਮ ਦੇ ਮੁੱਖ ਸਲਾਹਕਾਰ ਅਤੇ ਤਾਕਤਵਰ ਅਮੀਰ ਦੌਲਤ ਖ਼ਾਨ ਦੀ ਨੌਕਰੀ ਕਰ ਲਈ। ਸ਼ੇਰ ਸ਼ਾਹ ਦੀ ਲਿਆਕਤ ਤੇ ਗੁਣਾਂ ਤੋਂ ਉਹ ਬੜਾ ਪ੍ਰਭਾਵਿਤ ਹੋਇਆ। ਇਨ੍ਹਾਂ ਦਿਨਾਂ ਵਿੱਚ ਉਹਦੇ ਅੱਬਾ ਹਸਨ ਖ਼ਾਨ ਦੀ ਮੌਤ ਹੋ ਗਈ।

ਭਰਾ ਨਾਲ ਸਬੰਧ

[ਸੋਧੋ]

ਦੌਲਤ ਖਾਨ ਨੇ ਸੁਲਤਾਨ ਕੋਲ ਸਿਫ਼ਾਰਿਸ਼ ਕਰ ਦਿੱਤੀ ਕਿ ਹਸਨ ਖ਼ਾਨ ਦੀ ਜਗੀਰ ਸ਼ੇਰ ਸ਼ਾਹ ਦੇ ਨਾਂ ਕਰ ਦਿੱਤੀ ਜਾਵੇ। ਸੁਲਤਾਨ ਨੇ ਸਿਫ਼ਾਰਿਸ਼ ਮੰਨ ਕੇ ਸੰਨ 1520 ਵਿੱਚ ਉਹਦੇ ਨਾਂ ਜਗੀਰ ਦਾ ਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ। ਉਧਰ ਉਹਦਾ ਭਰਾ ਸੁਲੇਮਾਨ ਚੌਂਟ ਪਰਗਨੇ ਦੇ ਗਵਰਨਰ ਮੁਹੰਮਦ ਖ਼ਾਨ ਸੂਰ ਦੀ ਸ਼ਰਨ ਵਿੱਚ ਚਲਾ ਗਿਆ ਤੇ ਸ਼ੇਰ ਸ਼ਾਹ ਨੂੰ ਧਮਕਾਉਣ ਲੱਗਿਆ ਕਿ ਉਹ ਪਿਤਾ ਦੀ ਜਗੀਰ ਛੱਡ ਦੇਵੇ। ਇਸੇ ਸਮੇਂ ਸੁਲਤਾਨ ਇਬਰਾਹਿਮ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੇ ਹੱਥੋਂ ਮਾਰਿਆ ਗਿਆ। ਬਾਬਰ ਉਦੋਂ ਤਕ ਦਿੱਲੀ ਦੇ ਤਖ਼ਤ ’ਤੇ ਬੈਠ ਚੁੱਕਿਆ ਸੀ। ਬਹਿਰ ਖ਼ਾਨ ਏਨਾ ਪ੍ਰਭਾਵਿਤ ਹੋਇਆ ਕਿ ਉਹਨੇ ਸ਼ੇਰ ਖ਼ਾਨ ਦੀ ਉਪਾਧੀ ਦਿੱਤੀ ਤੇ ਉਹਨੂੰ ਆਪਣੇ ਬੇਟੇ ਜਲਾਲ ਖ਼ਾਨ ਦਾ ਅਧਿਆਪਕ ਤੇ ਸਰਵੇ-ਸਰਵਾ ਨਿਯੁਕਤ ਕਰ ਦਿੱਤਾ।

ਮੁਗਲ ਫ਼ੌਜ ਵਿੱਚ ਨੌਕਰੀ

[ਸੋਧੋ]

"ਸ਼ੇਰ ਸ਼ਾਹ ਦੇ ਕੰਮਾਂ-ਕਾਰਾਂ ’ਤੇ ਨਜ਼ਰ ਰੱਖੋ। ਇਹ ਬੜਾ ਚਲਾਕ ਬੰਦਾ ਜਾਪਦਾ ਏ। ਉਹਦੇ ਮੱਥੇ ’ਤੇ ਰਾਜ ਦੇ ਪ੍ਰਭੂਤਵ ਦਾ ਚਿੰਨ੍ਹ ਹੈ। ਮੈਂ ਅਨੇਕਾਂ ਅਫ਼ਗਾਨ ਯੋਧੇ ਦੇਖੇ ਨੇ ਪਰ ਕਿਸੇ ਨੇ ਮੈਨੂੰ ਪਹਿਲੀ ਮੁਲਾਕਾਤ ਵਿੱਚ ਏਨਾ ਪ੍ਰਭਾਵਤ ਨਹੀਂ ਕੀਤਾ। ਇਹਨੂੰ ਕੈਦ ਕਰ ਕੇ ਬੰਦੀ ਬਣਾ ਲੈਣਾ ਚਾਹੀਦਾ ਹੈ। ਇਹਦੇ ਵਡੱਪਣ ਅਤੇ ਪ੍ਰਭੂਤਵ ਦੇ ਚਿੰਨ੍ਹ ਸਾਡੇ ਲਈ ਖ਼ਤਰਨਾਕ ਹਨ।"

— ਬਾਬਰ ਮੁਗਲ ਬਾਦਸ਼ਾਹ

ਮਾਰਚ 1527 ਵਿੱਚ ਕਨਵਾ ਯੁੱਧ ਤੋਂ ਬਾਅਦ ਸੁਲਤਾਨ ਜੁਨੈਦ ਬਾਰਲਸ, ਬਾਬਰ ਨੂੰ ਮਿਲਣ ਆਗਰੇ ਗਿਆ। ਸ਼ੇਰ ਸ਼ਾਹ ਉਹਦੇ ਨਾਲ ਸੀ। ਉੱਥੇ ਸੁਲਤਾਨ ਨੇ ਆਪਣੇ ਭਰਾ ਤੇ ਬਾਬਰ ਦੇ ਮੰਤਰੀ ਮੀਰ ਖ਼ਲੀਫ਼ਾ ਨੂੰ ਕਹਿ ਕੇ ਸ਼ੇਰ ਸ਼ਾਹ ਨੂੰ ਬਾਬਰ ਦੀ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ। ਸ਼ੇਰ ਸ਼ਾਹ ਸਵਾ ਵਰ੍ਹਾ ਬਾਬਰ ਦੀ ਫ਼ੌਜ ਵਿੱਚ ਰਿਹਾ। ਸੰਨ 1528 ਵਿੱਚ ਪੂਰਬੀ ਸੂਬਿਆਂ ’ਤੇ ਹਮਲੇ ਸਮੇਂ ਸ਼ੇਰ ਸ਼ਾਹ, ਬਾਬਰ ਦੇ ਨਾਲ ਸੀ। ਇਨ੍ਹਾਂ ਹਮਲਿਆਂ ਕਰਕੇ ਸ਼ੇਰ ਸ਼ਾਹ ਨੂੰ ਉਹਦੀ ਤਿਆਗੀ ਜਗੀਰ ਵਾਪਸ ਮਿਲ ਗਈ। ਆਪਣੀ ਲਿਆਕਤ ਅਤੇ ਕੁਸ਼ਲਤਾ ਕਰਕੇ ਮੁਗ਼ਲ ਦਰਬਾਰ ਵਿੱਚ ਸ਼ੇਰ ਸ਼ਾਹ ਦੀ ਧਾਂਕ ਜੰਮ ਗਈ। ਉੱਥੇ ਰਹਿ ਕੇ ਉਹਨੇ ਮੁਗ਼ਲਾਂ ਦੇ ਫ਼ੌਜੀ ਪ੍ਰਬੰਧ, ਸ਼ਾਸਨ, ਅਚਾਰ-ਵਿਹਾਰ ਅਤੇ ਸਲੀਕੇ ਦਾ ਗਿਆਨ ਹਾਸਲ ਕੀਤਾ ਪਰ ਉਹ ਮੁਗ਼ਲਾਂ ਤੋਂ ਵਧੇਰੇ ਪ੍ਰਭਾਵਿਤ ਨਾ ਹੋਇਆ। ਬਾਬਰ ਨੂੰ ਉਹਦੇ ’ਤੇ ਸ਼ੱਕ ਹੋ ਗਿਆ ਅਤੇ ਦਰਬਾਰੀ ਨੂੰ ਕਿਹਾ ਕਿ ਸ਼ੇਰ ਸ਼ਾਹ ਨੂਮ ਕੈਦ ਕਰ ਕੇ ਬੰਦੀ ਬਣਾ ਲੈਣਾ ਚਾਹੀਦਾ ਹੈ। ਇਹਦੇ ਵਡੱਪਣ ਅਤੇ ਪ੍ਰਭੂਤਵ ਦੇ ਚਿੰਨ੍ਹ ਸਾਡੇ ਲਈ ਖ਼ਤਰਨਾਕ ਹਨ। ਪਰ ਮੁੱਖ ਦਰਬਾਰੀ ਦੇ ਕਹਿਣ ’ਤੇ ਬਾਬਰ ਨੇ ਉਹਨੂੰ ਕੈਦ ਕਰਨ ਦਾ ਵਿਚਾਰ ਛੱਡ ਦਿੱਤਾ।

ਪਹਿਲਾ ਯੁੱਧ

[ਸੋਧੋ]

ਸ਼ੇਰ ਸ਼ਾਹ ਬਾਬਰ ਦਾ ਇਰਾਦਾ ਭਾਂਪ ਗਿਆ ਤੇ ਉਹ ਭੱਜ ਕੇ ਬਿਹਾਰ ਦੇ ਸੁਲਤਾਨ ਮੁਹੰਮਦ ਦੀ ਸ਼ਰਨ ਵਿੱਚ ਚਲਾ ਗਿਆ। ਸੁਲਤਾਨ ਮੁਹੰਮਦ ਬੜਾ ਖ਼ੁਸ਼ ਹੋਇਆ ਕਿਉਂਕਿ ਸ਼ੇਰ ਸ਼ਾਹ ਬਿਹਾਰ ਦੇ ਆਸੇ-ਪਾਸੇ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਤੇ ਇੱਥੇ ਹੀ ਉਹ ਰਾਜ ਕਰਦਾ ਗਿਆ ਸੀ। ਇੱਥੇ ਸ਼ੇਰ ਸ਼ਾਹ ਨੇ ਆਪਣੀ ਤਾਕਤ ਦਾ ਪਾਸਾਰ ਕੀਤਾ। ਉਹਨੇ ਅਫ਼ਗਾਨਾਂ ਨੂੰ ਚੰਗੀਆਂ ਤਨਖ਼ਾਹਾਂ ਦੇ ਕੇ ਫ਼ੌਜ ਵਿੱਚ ਭਰਤੀ ਕੀਤਾ ਤੇ ਫਿਰ ਬੰਗਾਲ ਦੇ ਰਾਜੇ ’ਤੇ ਹਮਲਾ ਕਰ ਦਿੱਤਾ। ਉਹਨੇ ਬਿਹਾਰ ਦੀ ਸੀਮਾ ’ਤੇ ਪਹੁੰਚ ਕੇ ਮਿੱਟੀ ਅਤੇ ਪੱਥਰਾਂ ਦੀ ਇੱਕ ਵੱਡੀ ਕੰਧ ਖੜੀ ਕਰ ਕੇ ਕਿਲ੍ਹੇਬੰਦੀ ਕਰ ਲਈ। ਇਸ ਨੂੰ ਸ਼ੇਰ ਸ਼ਾਹ ਦੀ ਜ਼ਿੰਦਗੀ ਦਾ ਪਹਿਲਾ ਯੁੱਧ ਕਿਹਾ ਜਾਂਦਾ ਹੈ। ਉਹਨੇ ਕਿਲ੍ਹੇ ਦੇ ਪਿੱਛੇ ਵੱਡੀ ਫ਼ੌਜ ਤਿਆਰ ਰੱਖੀ ਅਤੇ ਥੋੜ੍ਹੇ ਜਿਹੇ ਘੁੜਸਵਾਰਾਂ ਨੂੰ ਅੱਗੇ ਜਾਣ ਦਿੱਤਾ। ਬੰਗਾਲ ਦਾ ਸੈਨਾਪਤੀ ਧੋਖੇ ਵਿੱਚ ਆ ਗਿਆ। ਉਹਨੇ ਉਸ ਦਸਤੇ ਨੂੰ ਕੁੱਲ ਫ਼ੌਜ ਸਮਝ ਕੇ ਉਹਦੇ ’ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸ਼ੇਰ ਸ਼ਾਹ ਦੀ ਇਸ ਦਿਖਾਵੇ ਵਾਲੀ ਫ਼ੌਜ ਨੇ ਪਿੱਠ ਦਿਖਾ ਕੇ ਭੱਜਣ ਦਾ ਸਾਂਗ ਕੀਤਾ। ਜਦੋਂ ਬੰਗਾਲੀ ਫ਼ੌਜ ਇਸ ਨੂੰ ਖਦੇੜਦੀ ਹੋਈ ਕਿਲ੍ਹੇ ਕੋਲ ਪਹੁੰਚੀ ਤਾਂ ਸ਼ੇਰ ਸ਼ਾਹ ਦੀਆਂ ਫ਼ੌਜਾਂ ਉਨ੍ਹਾਂ ’ਤੇ ਟੁੱਟ ਪਈਆਂ। ਬੰਗਾਲੀ ਫ਼ੌਜ ਏਨੀ ਅੱਗੇ ਆ ਚੁੱਕੀ ਸੀ ਕਿ ਉਨ੍ਹਾਂ ਦਾ ਤੋਪਖਾਨੇ ਨਾਲੋਂ ਸੰਪਰਕ ਟੁੱਟ ਗਿਆ। ਉਨ੍ਹਾਂ ਸਾਹਮਣੇ ਦੋ ਹੀ ਰਾਹ ਸਨ ਜਾਂ ਤਾਂ ਪਿੱਠ ਦਿਖਾ ਕੇ ਭੱਜ ਜਾਣ ਜਾਂ ਯੁੱਧ ਵਿੱਚ ਲੜਦੇ ਹੋਏ ਮੌਤ ਦੇ ਮੂੰਹ ’ਚ ਜਾ ਪੈਣ। ਫ਼ੌਜ ਨੇ ਭੱਜਣ ਦਾ ਰਾਹ ਚੁਣਿਆ। ਇੰਜ 1533 ਵਿੱਚ ਸ਼ੇਰ ਸ਼ਾਹ ਨੂੰ ਵੱਡੀ ਜਿੱਤ ਪ੍ਰਾਪਤ ਹੋਈ। ਇਸ ਜਿੱਤ ਤੋਂ ਬਾਅਦ ਸ਼ੇਰ ਸ਼ਾਹ ਨੂੰ ਚੋਖਾ ਧਨ ਮਾਲ, ਅਸਲਾ, ਘੋੜੇ ਤੇ ਹੋਰ ਸਾਮਾਨ ਮਿਲਿਆ। ਉਹਦੇ ਹੌਸਲੇ ਬੁਲੰਦ ਹੋ ਗਏ।

ਇਸ ਤੋਂ ਬਾਅਦ ਉਹ ਹੁਮਾਯੂੰ ਨੂੰ ਸ਼ਿਕਸਤ ਦੇ ਕੇ ਦਿੱਲੀ ਦਾ ਬਾਦਸ਼ਾਹ ਬਣਿਆ। ਹਮਾਯੂੰ ਦਾ ਪਿੱਛਾ ਕਰਦਿਆਂ ਉਹਨੇ ਕਾਲਪੀ ਅਤੇ ਕਨੌਜ ਤਕ ਦੇ ਸਾਰੇ ਖੇਤਰਾਂ ’ਤੇ ਕਬਜ਼ਾ ਕਰ ਲਿਆ। ਸ਼ਾਹੀ ਫ਼ੌਜਾਂ ਨੇ 1543-44 ਤਕ ਨਗੌਰ, ਅਜਮੇਰ ਤੇ ਜੋਧਪੁਰ ਤਕ ਆਪਣਾ ਝੰਡਾ ਝੁਲਾ ਦਿੱਤਾ। ਮਾਲ ਮਹਿਕਮੇ ਦਾ ਉਸ ਦਾ ਵਜ਼ੀਰ ਟੋਡਰ ਮੱਲ ਇੱਕ ਹਿੰਦੂ ਖੱਤਰੀ ਸੀ, ਜਿਸ ਦੀ ਯੋਗਤਾ ਕਾਰਨ ਮਾਲ ਮਹਿਕਮੇ ਦੇ ਕੰਮ ਵਿੱਚ ਬਹੁਤ ਸੁਧਾਰ ਹੋਇਆ। ਟੋਡਰ ਮੱਲ ਸ਼ਾਹੀ ਖਜ਼ਾਨੇ ਦਾ ਇੱਕ ਪੈਸਾ ਵੀ ਨਾਜਾਇਜ਼ ਖਰਚ ਨਾ ਹੋਣ ਦਿੰਦਾ।

ਸ਼ਾਸਨਕਾਲ

[ਸੋਧੋ]

ਸ਼ੇਰ ਸ਼ਾਹ ਨੇ ਪੰਜ ਵਰ੍ਹਿਆਂ ਤਕ ਦਿੱਲੀ ਦੇ ਤਖ਼ਤ ’ਤੇ ਤੇ ਛੇ ਮਹੀਨਿਆਂ ਤਕ ਬੰਗਾਲ ’ਤੇ ਰਾਜ ਕੀਤਾ। ਉਹਨੇ ਆਪਣਾ ਸਾਮਰਾਜ ਅਸਾਮ ਤੋਂ ਲੈ ਕੇ ਮੁਲਤਾਨ ਅਤੇ ਸਿੰਧ ਤਕ ਤੇ ਕਸ਼ਮੀਰ ਤੋਂ ਲੈ ਕੇ ਸਤਪੁੜਾ ਦੀਆਂ ਪਹਾੜੀਆਂ ਤਕ ਕਾਇਮ ਕੀਤਾ।

ਵਿਸ਼ੇਸ ਕੰਮ

[ਸੋਧੋ]
  • ਉਹਨੇ ਆਪਣੇ ਰਾਜਕਾਲ ਦੌਰਾਨ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਜੋ ਸਰਦਾਰ ਤੇ ਜਗੀਰਦਾਰ ਧੋਖੇ ਨਾਲ ਸ਼ਾਹੀ ਖ਼ਜ਼ਾਨੇ ਦੀ ਲੁੱਟ ਨਾ ਕਰਨ। ਉਨ੍ਹਾਂ ਦਾ ਨਿਰੀਖਣ ਵੀ ਉਹ ਖ਼ੁਦ ਕਰਦਾ ਸੀ। ਉਹ ਮਾਂ-ਬੋਲੀ ਅਫ਼ਗਾਨੀ ਨੂੰ ਅੰਤਾਂ ਦਾ ਪਿਆਰ ਕਰਦਾ ਸੀ।
  • ਹਰ ਵੱਡੇ ਨਗਰ ਵਿੱਚ ਉਹਨੇ ਨਿਆਂ ਦੇ ਕੇਂਦਰ ਬਣਾਏ।
  • ਕਈ ਵਿਸ਼ਾਲ ਸੜਕਾਂ ਦਾ ਨਿਰਮਾਣ ਕਰਵਾਇਆ। ਪੂਰਬ ਵਿੱਚ ਬੰਗਾਲ ਦੇ ਸਾਗਰ ਤੱਟ ’ਤੇ ਵਸੇ ਪਿੰਡ ਸੋਨਾਰ ਤੋਂ ਲੈ ਕੇ ਪੰਜਾਬ ਦੇ ਰੋਹਤਾਸ ਤਕ ਇੱਕ ਵਿਸ਼ਾਲ ਸੜਕ ਬਣਵਾਈ ਜੋ ਅੱਜ ਵੀ ਸ਼ੇਰ ਸ਼ਾਹ ਸੂਰੀ ਮਾਰਗ[2] ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਤੋਂ ਇਲਾਵਾ ਆਗਰੇ ਵਿੱਚ ਬੁਰਹਾਨਪੁਰ ਤਕ, ਆਗਰੇ ਤੋਂ ਜੋਧਪੁਰ ਅਤੇ ਚਿਤੌੜ ਤਕ, ਲਾਹੌਰ ਤੋਂ ਮੁਲਤਾਨ ਤਕ ਸ਼ਾਹੀ ਸੜਕਾਂ ਦਾ ਨਿਰਮਾਣ ਕੀਤਾ।
  • ਸੜਕਾਂ ’ਤੇ 1700 ਦੇ ਲਗਪਗ ਸਰਾਵਾਂ ਬਣਾਈਆਂ ਜਿੱਥੇ ਠਹਿਰਨ ਤੋਂ ਇਲਾਵਾ ਚੋਰਾਂ, ਡਾਕੂਆਂ ਤੋਂ ਬਚਣ ਲਈ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ। ਸ਼ੇਰਸ਼ਾਹ ਦੇ ਰਾਜ ਦੌਰਾਨ ਉਸ ਦੀ ਸਲਤਨਤ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ ਵਪਾਰੀਆਂ ਵਾਸਤੇ ਸੀ। ਉਹ ਆਪਣੇ ਸਮਾਨ ਦੇ ਕਾਫਲੇ ਲੁੱਟੇ ਜਾਣ ਤੋਂ ਬੇਫਿਕਰ ਰਾਤਾਂ ਨੂੰ ਸਰਾਵਾਂ ਵਿੱਚ ਆਰਾਮ ਕਰਦੇ। ਜੇ ਕੋਈ ਵਪਾਰੀਆਂ ਦੇ ਸਮਾਨ ਦੀ ਚੋਰੀ ਹੋ ਜਾਂਦੀ ਤਾਂ ਉਸ ਇਲਾਕੇ ਦੇ ਪਿੰਡਾਂ ਦੇ ਮੁਖੀਆਂ 'ਤੇ ਇਸ ਦੀ ਜ਼ਿੰਮੇਵਾਰੀ ਪਾਈ ਜਾਂਦੀ ਕਿ ਉਹ ਜਾਂ ਤਾਂ ਚੋਰ ਫੜਾਉਣ ਨਹੀਂ ਤੇ ਨੁਕਸਾਨ ਆਪ ਭਰਨ।
  • ਭਾਰਤੀ ਰੁਪਏ ਨੂੰ ਚਾਲੂ ਕੀਤਾ ਜੋ ਅੱਜ ਕਈ ਦੇਸ਼ਾਂ ਵਿੱਚ ਚਾਲੂ ਹੈ।
  • ਰੋਹਤਾਸ ਦਾ ਪ੍ਰਸਿੱਧ ਕਿਲ੍ਹਾ ਵੀ ਉਹਨੇ ਬਣਾਇਆ ਜੋ ਬਾਲ ਨਾਥ ਜੋਗੀ ਦੀ ਪਹਾੜੀ ਕੋਲ ਬੇਹਤ ਦਰਿਆ ਤੋਂ ਚਾਰ ਕੋਹ ਅਤੇ ਲਾਹੌਰ ਦੇ ਕਿਲ੍ਹੇ ਤੋਂ 60 ਕੋਹ ਦੀ ਦੂਰੀ ’ਤੇ ਹੈ। ਕਸ਼ਮੀਰ ਅਤੇ ਸੱਖਰਾਂ ਦੇ ਖੇਤਰ ਵਿੱਚੋਂ ਹੋਣ ਵਾਲੇ ਵਿਦਰੋਹਾਂ ਦੇ ਦਮਨ ਲਈ ਇਹਨੂੰ ਬੜਾ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਇਆ ਗਿਆ।
  • ਉਹਦੀ ਇੱਛਾ ਸੀ ਕਿ ਹਿੰਦੋਸਤਾਨ ਦੇ ਹਰ ਇਲਾਕੇ ਵਿੱਚ ਅਜਿਹਾ ਕਿਲ੍ਹਾ ਉਸਾਰੇ ਜਿੱਥੇ ਬਾਗੀਆਂ ਕੋਲੋਂ ਆਮ ਲੋਕਾਂ ਦੀ ਸੁਰੱਖਿਆ ਕੀਤੀ ਜਾ ਸਕੇ।
  • ਸਾਰੀਆਂ ਕੱਚੀਆਂ ਸਰਾਵਾਂ ਢਾਹ ਕੇ ਉਨ੍ਹਾਂ ਦੀ ਥਾਂ ਪੱਕੀਆਂ ਅਤੇ ਸਹੂਲਤਾਂ ਵਾਲੀਆਂ ਸਰਾਵਾਂ ਉਸਾਰੇ ਪਰ ਉਹਦੀ ਇਹ ਇੱਛਾ ਪੂਰੀ ਨਾ ਹੋ ਸਕੀ।

ਮੌਤ

[ਸੋਧੋ]
ਸ਼ੇਰ ਸ਼ਾਹ ਸੂਰੀ ਦਾ ਮਕਬਰਾ

ਸੰਨ 952 ਹਿਜਰੀ (22 ਮਈ, 1545) ਨੂੰ ਰੱਬੀ-ਉਲ-ਅੱਵਲ ਦੀ ਦਸਵੀਂ ਤਾਰੀਕ ਨੂੰ ਸ਼ੇਰ ਸ਼ਾਹ ਦਾ ਦੇਹਾਂਤ ਹੋ ਗਿਆ। ਕਲਿੰਜਰ ਕੋਲ ਲਾਲਗੜ੍ਹ ਵਿੱਚ ਉਹਦੇ ਸਰੀਰ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਕੁਝ ਸਮੇਂ ਬਾਅਦ ਉਹਦੀਆਂ ਹੱਡੀਆਂ ਸਹਸਰਾਮ ਲਿਆ ਕੇ ਉਹਦੇ ਪਿਓ ਦੀ ਕਬਰ ਕੋਲ ਉਹਦੀ ਕਬਰ ਤਮੀਰ ਕਰਵਾਈ ਗਈ ਜੋ ਅੱਜ ਵੀ ਮੌਜੂਦ ਹੈ। ਉਹਦੀ ਮੌਤ ਤੋਂ ਬਾਅਦ ਉਹਦਾ ਛੋਟਾ ਪੁੱਤਰ ਜਲਾਲ ਖ਼ਾਨ ਗੱਦੀ ’ਤੇ ਬੈਠਾ।

ਹਵਾਲੇ

[ਸੋਧੋ]
  1. "Sher Shah – The Lion King". Archived from the original on 2006-12-12. Retrieved 2014-03-10. {{cite web}}: Unknown parameter |dead-url= ignored (|url-status= suggested) (help)
  2. Catherine B. Asher (1977). "The mausoleum of Sher Shah Suri". Artibus Asiae. 39 (3/4). Artibus Asiae Publishers: 273–298. doi:10.2307/3250169.