ਸਮੱਗਰੀ 'ਤੇ ਜਾਓ

ਪੰਜਾਬੀ ਸੱਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜਾਬੀ ਸੱਭਿਆਚਾਰ‍ ਤੋਂ ਮੋੜਿਆ ਗਿਆ)

ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।

ਅਸਲ ਵਿੱਚ ਕੋਈ ਵੀ ਕੌਮ ਜਾਂ ਕੋਈ ਵੀ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸੱਖਣਾ ਨਹੀ ਹੁੰਦਾ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।[1]

ਪੰਜਾਬ ਦਾ ਨਾਮਕਰਣ

[ਸੋਧੋ]

ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਮਿਲਕੇ ਬਣਿਆ ਹੈ- 'ਪੰਜ'- ਭਾਵ ਕਿ ਗਿਣਤੀ ਦੇ ਪੰਜ ਅਤੇ 'ਆਬ'- ਭਾਵ ਕਿ ਪਾਣੀ। ਇਸ ਤਰ੍ਹਾਂ ਪੰਜਾਬ ਸ਼ਬਦ ਦਾ ਅਰਥ ਹੈ 'ਪੰਜ ਦਰਿਆਵਾਂ ਦੀ ਧਰਤੀ।'

ਪੁਰਾਤਨ ਸੱਭਿਆਚਾਰਕ ਸੋਮਿਆਂ ਵਿਚ ਇਕ ਸ਼ਬਦ 'ਪੰਚਨਦ' ਵੀ ਸੀ, ਜਿਹੜਾ ਪੰਜਾਬ ਦਾ ਹੀ ਪਰਿਆਵਾਚੀ (ਸਮਾਨਾਰਥਕ) ਸੀ ਅਤੇ ਉਸ ਖਿੱਤੇ ਲਈ ਵਰਤਿਆ ਜਾਂਦਾ ਸੀ, ਜਿਹੜਾ ਸਿੰਧ ਅਤੇ ਸਰਸਵਤੀ ਨੂੰ ਮਿਲਾ ਕੇ ਕੁਝ ਵਡੇਰੇ ਖਿੱਤੇ ਦਾ ਸੂਚਕ ਸੀ।

[2]ਭੂਗੋਲਿਕ ਚੌਖਟਾ ਅਤੇ ਇਤਿਹਾਸ
[ਸੋਧੋ]

ਨਿਸਚਿਤ ਭੂਗੋਲਿਕ ਖਿੱਤਾ, ਵਿਸ਼ੇਸ਼ ਜੀਵਨ-ਢੰਗ ਅਤੇ ਭਾਸ਼ਾ ਮਿਲ ਕੇ ਹੀ ਕਿਸੇ ਸਭਿਆਚਾਰ ਨੂੰ ਪਰਿਭਾਸ਼ਿਤ ਕਰਦੇ ਹਨ । ਇਹਨਾਂ ਵਿਚੋਂ ਕੋਈ ਇਕ ਵੱਖਰੇ ਤੌਰ ਉੱਤੇ ਸਭਿਆਚਾਰ ਲਈ ਨਿਸਚਿਤਕਾਰੀ ਮਹੱਤਤਾ ਨਹੀਂ ਰੱਖਦਾ ਅਤੇ ਨਾ ਹੀ ਇਹਨਾਂ ਵਿਚੋਂ ਕਿਸੇ ਇਕ ਨੂੰ ਕੱਢ ਕੇ ਸਭਿਆਚਾਰ ਦੀ ਕਲਪਨਾ ਕੀਤੀ ਜਾ ਸਕਦੀ ਹੈ।

          ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਵੀ ਪੰਜਾਬੀ ਸਭਿਆਚਾਰ ਲਈ ਉਦੋਂ ਤੱਕ ਹੀ ਸਾਪੇਖਤਾ ਰਖਦੇ ਹਨ, ਜਦੋਂ ਤੱਕ ਉਹ ਪਿੱਛੇ ਆਪਣੀ ਮਿੱਟੀ ਦੀ ਮਹਿਕ ਲਈ, ਆਪਣੀ ਭਾਸ਼ਾ ਲਈ ਅਤੇ ਆਪਣੇ ਜੀਵਨ-ਢੰਗ ਵਿਚ ਵਾਪਸ ਪਰਤਣ ਲਈ ਲੱਛਦੇ ਹਨ । ਜਦੋਂ ਇਹ ਸਿੱਕ ਨਾ ਰਹੀ, ਉਦੋਂ ਪੰਜਾਬੀ ਸਭਿਆਚਾਰ ਉਹਨਾਂ ਲਈ ਕੋਈ ਅਰਥ ਨਹੀਂ ਰੱਖੇਗਾ, ਅਤੇ ਪੰਜਾਬੀ ਸਭਿਆਚਾਰ ਲਈ ਉਹ ਕੋਈ ਅਰਥ ਨਹੀਂ ਰੱਖਣਗੇ ।

            ਵੈਸੇ ਵੀ ਜਦੋਂ ਕੋਈ ਆਪਣੇ ਸਭਿਆਚਾਰ ਦੇ ਭੂਗੋਲਿਕ ਚੌਖਟੇ ਨੂੰ ਛੱਡ ਕੇ ਕਿਸੇ ਦੂਜੇ ਸਭਿਆਚਾਰ ਦੇ ਭੂਗੋਲਿਕ ਚੌਖਟੇ ਵਿਚ ਚਲਾ ਜਾਂਦਾ ਹੈ, ਤਾਂ ਉਸ ਦਾ ਸਭਿਆਚਾਰਕ ਲੈਣ-ਦੇਣ, ਕਰਮ-ਪ੍ਰਤਿਕਰਮ ਉੱਥੋਂ ਦੇ ਸਭਿਆਚਾਰ ਨਾਲ ਸ਼ੁਰੂ ਹੋ ਜਾਂਦਾ ਹੈ । ਇਸ ਤਰ੍ਹਾਂ ਸ਼ੁਰੂ ਹੋਇਆ ਸਭਿਆਚਾਰੀਕਰਨ ਦਾ ਅਮਲ ਅਤੇ ਇਸ ਦੇ ਸਿੱਟੇ ਉਸ ਦੇ ਨਵੇਂ ਅਪਣਾਏ ਸਭਿਆਚਾਰ ਲਈ ਅਤੇ ਉਸ ਸਭਿਆਚਾਰਕ ਮਾਹੌਲ ਦੇ ਅੰਦਰ ਉਸ ਦੀ ਆਪਣੀ ਹੋਂਦ ਲਈ ਮਹੱਤਾ ਰਖਦੇ ਹਨ, ਨਾ ਕਿ ਉਸ ਦੇ ਪਿੱਛੇ ਰਹਿ ਗਏ ਮੂਲ ਸਭਿਆਚਾਰ ਲਈ, ਜਿੰਨਾ ਚਿਰ ਤੱਕ ਉਹ ਉਸ ਵਿਚ ਵਾਪਸ ਨਹੀਂ ਪਰਤ ਆਉਂਦਾ।

               ਸੰਖੇਪ ਵਿਚ : ਨਿਸਚਿਤ ਭੂਗੋਲਿਕ ਚੌਖਟ ਤੋਂ ਬਿਨਾਂ ਅਸੀਂ ਸਭਿਆਚਾਰ ਦੀ ਕਲਪਣਾ ਨਹੀਂ ਕਰ ਸਕਦੇ । ਅਤੇ ਭੂਗੋਲਿਕ ਚੌਖਟਾ ਨਿਸ਼ਚਿਤ ਕਰਨ ਵੇਲੇ ਅਸੀਂ ਸਮਕਾਲੀ ਯਥਾਰਥ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ। ਇਸ ਲਈ, ਅੱਜ ਦੀਆਂ ਹਾਲਤਾਂ ਵਿਚ ਅਸੀਂ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਉਹੀ ਮੰਨਾਗੋ,ਜੋ ਇਸ ਵੇਲੇ ਭਾਰਤੀ ਪੰਜਾਬ ਦਾ ਹੈ। ਬਾਕੀ ਸਾਰਾ ਇਸ ਦਾ ਇਥੋਂ ਤੱਕ ਪੁੱਜਣ ਦਾ ਇਤਿਹਾਸ ਹੈ।

          ਪਰ ਇਹ ਇਤਿਹਾਸ ਵੀ ਆਦਿ ਕਾਲ ਤੋਂ ਸ਼ੁਰੂ ਨਹੀਂ ਹੋਵੇਗਾ ਅਸੀਂ ਪਹਿਲਾ ਦੇਖ ਆਏ ਹਾਂ ਕਿ ਸਭਿਆਚਾਰ, ਕੋਈ ਸਰਬ-ਕਾਲੀ, ਪਰਾ-ਸਮਾਜਕ, ਭਾਵਵਾਚੀ ਸੰਕਲਪ ਨਹੀਂ, ਸਗੋਂ ਸਮੇਂ ਅਤੇ ਸਥਾਨ ਦੀਆਂ ਸੀਮਾ ਵਿਚ ਹੀ ਅਰਥ ਰੱਖਦਾ ਹੈ ਇਤਿਹਾਸ ਦੇ ਦੌਰਾਨ ਇੱਕ ਖਿੱਤੇ ਵਿਚ ਇਕ ਦੂਜੇ ਦੀ ਥਾਂ ਲੈਂਦੇ ਹੋਏ ਵੱਖ ਵੱਖਰ ਸਭਿਆਚਾਰ ਹੋ ਸਕਦੇ ਹਨ। ਮੁੱਢਲੀਆਂ ਹਾਲਤਾਂ ਵਿਚ ਵੱਖਰੇ ਸੱਭਿਆਚਾਰ ਇਕ ਵੇਲੇ ਨਾਲ ਨਾਲ ਵੀ ਰਹਿ ਸਕਦੇ ਸਨ। ਭਾਰਤ ਵਿਚ ਕਾਫ਼ੀ ਦੇਰ ਤੱਕ ਪਿੰਡ ਇਕ ਖ਼ੁਦ-ਇਖ਼ਤਿਆਰ ਇਕਾਈ ਵਜੋਂ ਕਾਇਮ ਰਹੇ ਹਨ, ਕਰਕੇ ਇਥੇ ਇਸ ਤਰ੍ਹਾਂ ਦੀ ਸੰਭਾਵਨਾ ਹੋਰ ਵੀ ਜਿਆਦਾ ਸੀ । ਬਿਲਕੁਲ ਨਾਲ ਲੱਗਦੇ ਪਿੰਡ ਦੇ ਵੱਖ ਵੱਖ ਸਭਿਆਚਾਰਾਂ ਨਾਲ ਸੰਬੰਧਤ ਵੀ ਹੋ ਸਕਦੇ ਸਨ । ਸਭਿਆਚਾਰ ਦੇ ਅਧਿਐਨ ਵਿਚ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ।

           ਇਸ ਦੇ ਨਾਲ ਹੀ ਇਥੋਂ ਦੇ ਪ੍ਰਵਰਗਾਂ ਬਾਰੇ ਸਪਸ਼ਟਤਾ ਜ਼ਰੂਰੀ ਹੈ । ਅਸੀਂ ਆਮ ਹੀ ਸੰਯੁਕਤ (composi1) ਸਭਿਆਚਾਰ ਦੀ ਗੱਲ ਕਰਦੇ ਹਾਂ । ਪਰ ਸੰਯੁਕਤ ਸੱਭਿਆਚਾਰ ਦਾ ਮਤਲਬ 'ਕ' ਸਭਿਆਚਾਰ - ਖ ਸਭਿਆਚਾਰ + ‘ਗ' ਸਭਿਆਚਾਰ ਆਦਿ ਨਹੀਂ ਹੁੰਦਾ ਇਸ ਦਾ ਮਤਲਬ ਇਹ ਹੁੰਦਾ ਹੈ ਕਿ 'ਕ', 'ਖ', 'ਗ' ਸਭਿਆਚਾਰ ਜਾਂ ਤਾਂ ਇਸ ਦੇ ਉਪ-ਸਭਿਆਚਾਰ ਹਨ, ਜਾਂ ਇਹਨਾਂ ਦੇ ਅੱਜ ਭਰਪੂਰ ਮਾਤਰਾ ਵਿਚ ਸੰਯੁਕਤ ਸਭਿਆਚਾਰ ਵਿਚ ਮਿਲਦੇ ਹਨ, ਜੋ ਕਿ ਇਹਨਾਂ ਦਾ ਮੁੱਖ ਸਭਿਆਚਾਰ ਹੋਵੇਗਾ, ਅਤੇ ਇਕਜੁੱਟ ਸਿਸਟਮ ਵਜੋਂ ਹੋਂਦ ਰਖੇਗਾ । ਜੋ ਇਹ ਇਕਜੁੱਟ ਸਿਸਟਮ ਵਜੋਂ ਹੋਂਦ ਰਖਦੇ, ਸਗੋਂ ਵਖਰੇ ਵਖਰੇ ਆਜ਼ਾਦ (ਭਾਵੇਂ ਇਕ ਦੂਜੇ ਉੱਤੇ ਪ੍ਰਭਾਵ ਪਾ ਰਹੇ ਸਿਸਟਮ ਵਜੋਂ ਪਛਾਣੇ ਜਾ ਸਕਦੇ ਹਨ, ਤਾਂ ਇਹ ਇੱਕ ਸਮੇਂ ਅਤੇ ਇਕੋ ਸਥਾਨ ਉੱਪਰ ਹੋਂਦ ਰੱਖ ਰਹੇ ਵੱਖ ਵੱਖ ਸੱਭਿਆਚਾਰਕ ਸਿਸਟਮ ਹਨ ।

            ਦੂਜੀ ਗੱਲ, 'ਪੰਜਾਬੀ ਸਭਿਆਚਾਰ ਅਤੇ ਪੰਜਾਬ ਦੇ ਸੱਭਿਆਚਾਰ ਇੱਕ ਚੀਜ਼ ਨਹੀਂ, ਬਿਲਕੁਲ ਜਿਸ ਤਰ੍ਹਾਂ 'ਪੰਜਾਬੀ ਸਾਹਿਤ' ਅਤੇ ਪੰਜਾਬ ਦਾ ਸਾਹਿਤ ਦੇ ਵੱਖੋ ਵੱਖਰੀਆਂ ਚੀਜ਼ਾਂ ਹਨ । ਪੰਜਾਬ ਦੇ ਸਾਹਿਤ ਦੀ ਗੱਲ ਅਸੀਂ ਬਸ਼ਕ ਰਿਗਵੇਦ ਤੋਂ ਵੀ ਸਭ ਕਰ ਸਕਦੇ ਹਾਂ, ਅਤੇ ਇਸ ਵਿਚ ਅੱਜ ਦੇ ਉਹ ਸਾਹਿਤ ਵੀ ਸ਼ਾਮਲ ਕਰ ਸਕਦੇ ਹਾਂ, ਜਿਹੜੇ ਪੰਜਾਬੀ ਵਿਚ ਨਹੀਂ ਪਰ ਪੰਜਾਬ ਵਿਚ ਜਾਂ ਪੰਜਾਬੀਆਂ ਵਲੋਂ ਰਚੇ ਗਏ ਹਨ ।[3] ਪਰ ਪੰਜਾਬੀ ਸਾਹਿਤ ਭਾਸ਼ਾ-ਆਧਾਰਿਤ ਸਨਾਖਤ ਉੱਪਰ ਨਿਰਭਰ ਕਰੇਗਾ, ਅਤੇ ਇਸ ਦਾ ਆਰੰਭ ਉਦੋਂ ਤੋਂ ਹੀ ਹੋਇਆ ਮੰਨਿਆ ਜਾਵੇਗਾ, ਜਦੋਂ ਤੋਂ ਪੰਜਾਬੀ ਭਾਸ਼ਾ ਦਾ ਅਤੇ ਇਸ ਵਿਚ ਮਿਲਦੇ ਸਾਹਿਤ ਦਾ

         ਪੰਜਾਬੀ ਸੱਭਿਆਚਾਰ ਦੇ ਰੂਪ ਧਾਰਨਾ ਸ਼ੁਰੂ ਕਰਨ ਦਾ ਸਮਾਂ ਲੱਗਪਗ ਉਹੀ ਹੈ, ਜਦੋਂ ਪੰਜਾਬੀ ਭਾਸ਼ਾ ਨੇ ਰੂਪ ਧਾਰਨਾ ਸ਼ੁਰੂ ਕੀਤਾ । ਇਹ ਨੌਵੀਂ ਤੋਂ ਬਾਰ੍ਹਵੀਂ ਸਦੀ ਈਸਵੀ ਦਾ ਸਮਾਂ ਦੱਸਿਆ ਜਾਂਦਾ ਹੈ । ਇਹੀ ਸਮਾਂ ਸੀ ਜਦੋਂ ਇਸ ਦੇ ਸਮਾਜੀ-ਆਰਥਕ ਜੀਵਨ ਵਿਚ ਮਹੱਤਵਪੂਰਨ ਤਬਦੀਲੀਆਂ ਵਾਪਰਨੀਆਂ ਸ਼ੁਰੂ ਹੋਈਆਂ। ਇਹਨਾਂ ਤਬਦੀਲੀਆਂ ਦੇ ਪ੍ਰਗਟਾਅ ਦਾ ਇਕ ਰੂਪ ਇਹ ਸੀ ਕਿ ਇਥੋਂ ਦੇ ਜਨ-ਸਮੂਹ ਦੀ ਸ਼ਨਾਖਤ ਕਿਸੇ ਵਿਅਕਤੀ, ਕੁਟੰਬ, ਕਬੀਲੇ, ਸਮਾਜੀ-ਆਰਥਕ ਸੰਗਠਨ ਦੀ ਥਾਂ ਇਥੋਂ ਦੀ ਭੂਗੋਲਿਕ ਇਕਾਈ ਦੇ ਹਵਾਲੇ ਨਾਲ ਹੋਣੀ ਸ਼ੁਰੂ ਹੋਈ । ਦੂਜੇ ਸ਼ਬਦਾਂ ਵਿਚ, ਪੰਜਾਬੀ ਕੌਮੀਅਤ ਨੇ ਰੂਪ ਧਾਰਨਾ ਸ਼ੁਰੂ ਕੀਤਾ । ਇਸ ਤੋਂ ਮਗਰੋਂ ਅੱਜ ਤੱਕ ਦਾ ਰਾਜਨੀਤਕ ਅਤੇ ਸਭਿਆਚਾਰਕ ਇਤਿਹਾਸ ਇਸੇ ਕੌਮੀਅਤ ਦੇ ਰੂਪ ਧਾਰਨ ਵਿਚ ਹੁੰਦੀ ਪ੍ਰਗਤੀ ਜਾਂ ਆਓ ਦੀਆਂ ਕਠਿਨਾਈਆਂ ਦਾ ਇਤਿਹਾਸ ਹੈ ।[4]

                ਰਾਜਨੀਤਕ ਖੇਤਰ ਵਿਚ ਇਸ ਸਮੇਂ ਦੀ ਸਭ ਤੋਂ ਮਹੱਤਵਪੂਰਣ ਘਟਨਾ ਉੱਤਰ ਪੱਛਮ ਵਲੋਂ ਮੁਸਲਮਾਨਾਂ ਦੇ ਹਮਲੇ ਸਨ, ਜਿਨ੍ਹਾਂ ਨੇ ਪਹਿਲਾਂ ਹੀ ਜਰਜਰੀ ਹੋਈ ਹੋਈ ਭਾਰਤ ਦੀ ਰਾਜਕੀ ਬਣਤਰ ਨੂੰ ਢਾਹ ਢੇਰੀ ਕੀਤਾ । ਪੁਰਾਣੀ ਸਮਾਜਕ ਬਣਤਰ ਨੂੰ ਤੋੜਨ ਵਿਚ ਅਤੇ ਨਵੇਂ ਅੰਸ਼ਾਂ ਨੂੰ ਜਨਮ ਦੇਣ ਵਿਚ ਵੀ ਇਹਨਾਂ ਨੇ ਕਈ ਤਰ੍ਹਾਂ ਨਾਲ ਹਿੱਸਾ ਪਾਇਆ । ਸੰਨ 1000 ਈ. ਤੋਂ ਮਗਰੋਂ ਇਸਲਾਮੀ ਹਮਲੇ ਏਨੀ ਤੇਜ਼ੀ ਨਾਲ ਹੋਣੇ ਸ਼ੁਰੂ ਹੋਏ ਕਿ ਸਥਾਨਕ ਨਜ਼ਾਮ ਨੂੰ ਉਹ ਸੰਭਲਣ ਦਾ ਮੌਕਾ ਹੀ ਨਹੀਂ ਸਨ ਦਿੰਦੇ। ਇਸ ਤੋਂ ਛੂਟ, ਇਹ ਹਮਲੇ ਕਾਫ਼ਰਾਂ ਨੂੰ ਸੋਧਣ ਦੇ ਨਾਅਰੇ ਹੇਠ ਕੀਤੇ ਗਏ । ਹਮਲਾਵਰਾਂ ਲਈ ਸਾਰੇ ਹਿੰਦੁਸਤਾਨੀ ਕਾਫ਼ਰ ਸਨ, ਭਾਵੇਂ ਉਹ ਕਿਸੇ ਕੁਟੰਬ, ਕਬੀਲੇ, ਜਾਤ, ਵਰਣ ਜਾਂ ਸਮੂਹ ਨਾਲ ਸੰਬੰਧਤ ਹੋਣ। ਇਸ ਲਈ ਉਹਨਾਂ ਸਾਹਮਣੇ ਦੋ ਹੀ ਰਾਹ ਹੁੰਦੇ ਸਨ ਜਾਂ ਇਸਲਾਮ ਧਾਰਨ ਕਰਨ, ਜਾਂ ਮੌਤ ਦੇ ਘਾਟ ਉਤਾਰ ਦਿੱਤੇ ਜਾਣ । ਮਹਿਮੂਦ ਗਜ਼ਨਵੀ ਨੇ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾ ਲਿਆ, ਅਤੇ ਉਸ ਦੇ ਉੱਤਰਾਧਿਕਾਰੀ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਇਸ ਤਰ੍ਹਾਂ, ਹਮਲਾਵਰ ਬਣ ਕੇ ਆਏ ਮੁਸਲਮਾਨ ਇਥੇ ਆ ਕੇ ਰਾਜ ਕਰਨ ਲੱਗੇ ਅਤੇ ਇਸ ਥਾਂ ਨੂੰ ਆਪਣਾ ਘਰ ਬਣਾ ਕਹਿਣ ਲੱਗੇ । ਇਸ ਤਰ੍ਹਾਂ ਸਥਾਨਕ ਵਸੋਂ ਨਾਲ ਉਹਨਾਂ ਦਾ ਸਭਿਆਚੱਕਿਕਨ ਦਾ ਲੰਮਾ ਅਮਲ ਸ਼ੁਰੂ ਹੋਇਆ, ਜਿਸ ਦੇ ਪੰਜਾਬੀ ਜੀਵਨ ਅਤੇ ਪੰਜਾਬੀ ਸਭਿਆਚਾਰ ਲਈ ਦੂਰ-ਰਸ ਨਤੀਜੇ ਨਿਕਲੇ ।

         ਸਥਾਨਕ ਵਸੋਂ ਵਿਚ ਲੋਕਾਂ ਵਲੋਂ ਭਾਰੀ ਗਿਣਤੀ ਵਿਚ ਇਸਲਾਮ ਗ੍ਰਹਿਣ ਕੀਤਾ ਜਾਣਾ, ਵਰਣ-ਵੰਡ ਉੱਤੇ ਖੜੀ ਸਮਾਜਕ ਬਣਤਰ ਨੂੰ ਢਾਹ ਲੱਗਣਾ, ਬਹੁਦੇਵਵਾਦ ਤੋਂ ਇਕ ਪ੍ਰਮਾਤਮਾ ਵਿਚ ਵਿਸ਼ਵਾਸ ਦਾ ਜ਼ੋਰ ਫੜਨਾ ,ਇਹਨਾਂ ਸਾਰੀਆਂ ਗੱਲਾਂ ਉਪਰ ਇਸਲਾਮ ਨਾਲ ਸੰਪਰਕ ਦਾ ਅਸਰ ਨਿਸ਼ਚੇ ਹੀ ਹੋਵੇਗਾ । ਪਰ ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਸੂਫੀਵਾਦ ਦੀ ਮਹੱਤਤਾ ਸਭ ਤੋਂ ਵਧ ਹੈ । ਇਸ ਦੇ ਰੂਪ ਵਿਚ ਇਸਲਾਮ ਨੇ ਸਥਾਨਕ ਹਾਲਤਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲਣ ਦਾ ਯਤਨ ਕੀਤਾ । ਸੂਫ਼ੀਵਾਦ ਪੰਜਾਬੀ ਸਭਿਆਚਾਰ ਦਾ ਓਨਾ ਹੀ ਪ੍ਰਤਿਨਿਧ ਅੰਗ ਹੈ, ਜਿੰਨੀ ਇਥੋਂ ਦੀ ਕੋਈ ਹੋਰ ਲਹਿਰ । ਗੁਰੂ ਗਰੰਥ ਸਾਹਿਬ ਵਿਚ ਫ਼ਰੀਦ-ਬਾਣੀ ਨੂੰ ਥਾਂ ਦੇ ਕੇ ਸੂਫ਼ੀਵਾਦ ਨੂੰ ਵੀ ਭਗਤੀ-ਧਾਰਾ ਦਾ ਇਕ ਅੰਗ ਸਵੀਕਾਰ ਕਰ ਲਿਆ ਗਿਆ । ਸਮਾਂ ਬੀਤਣ ਨਾਲ ਪੰਜਾਬ ਵਿਚਲੇ ਸੂਫ਼ੀਆਂ ਉਤੇ ਪੰਜਾਬੀ ਸਭਿਆਚਾਰ ਦੀ ਰੰਗਤ ਹੋਰ ਵੀ ਗੂਹੜੀ ਹੁੰਦੀ ਗਈ ।[5]

         ਆਧੁਨਿਕ ਭਾਰਤੀ ਭਾਸ਼ਾਵਾਂ ਦੇ ਸਾਹਿਤਾਂ ਦੇ ਰੂਪ ਧਾਰਨ ਦਾ ਸਮਾਂ ਲੱਗਭਗ ਇਹੀ ਹੈ, ਜਿਹੜਾ ਇਸਲਾਮ ਨਾਲ ਪੰਜਾਬ ਅਤੇ ਭਾਰਤ ਦੇ ਸੰਪਰਕ ਦਾ ਸਮਾਂ ਹੈ । ਬਹੁਤੀਆਂ ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਰਚਿਆ ਗਿਆ ਪਹਿਲਾ ਸਾਹਿਤ ਨੌਵੀਂ ਤੋਂ ਬਾਰ੍ਹਵੀਂ ਸਦੀ ਦਾ ਹੀ ਹੈ । ਇਸ ਸਾਹਿਤ ਵਿਚ ਪ੍ਰਗਟ ਹੁੰਦੀਆਂ ਕੀਮਤਾਂ ਪਹਿਲੇ ਸਾਹਿਤ ਨਾਲੋਂ ਵੱਖ ਹਨ। ਅਠਵੀਂ ਨੌਵੀਂ ਸਦੀ ਵਿਚ ਸ਼ੰਕਰ ਤੋਂ ਸ਼ੁਰੂ ਕਰ ਕੇ ਇਕ ਨਵੀਂ ਵਿਚਾਰਧਾਰਾ ਜਨਮ ਲੈਂਦੀ ਹੈ, ਜਿਸ ਵਿਚ ਪਹਿਲੀ ਥਾਂ ਉਤੇ ਪ੍ਰਮਾਤਮਾ ਨੂੰ ਇੱਕੋ ਇਕ ਹਕੀਕਤ ਵਜੋਂ ਪ੍ਰਵਾਨ ਕਰਨਾ, ਬਾਕੀ ਸਭ ਕੁਝ ਨੂੰ ਮਾਇਆ ਸਮਝਦਿਆਂ, ਇਸ ਦੇ ਜੰਜਾਲ ਵਿਚੋਂ ਛੁਟਕਾਰਾ ਪਾ ਕੇ ਉਸ ਇੱਕੋ ਹਕੀਕਤ ਵਿਚ ਲੀਨ ਹੋਣਾ ਦੱਸਿਆ ਗਿਆ ਹੈ ਰਾਮਾਨੁਜ ਇਸੇ ਵਿਚਾਰਧਾਰਾ ਨੂੰ ਜਨ-ਸਾਧਾਰਨ ਵਿਚ ਲੈ ਜਾਂਦਾ ਹੈ । ਪ੍ਰਮਾਤਮਾਤਮਾ ਨੂੰ ਪ੍ਰੇਮ ਕਰਨ ਰਾਹੀਂ ਮੁਕਤੀ ਉਤੇ ਜ਼ੋਰ ਦੇਂਦਾ ਹੈ । ਇਸ ਸਾਰੇ ਅਮਲ ਵਿਚ ਜਾਤ-ਪਾਤ ਦੇ ਵਿਸ਼ੇਸ਼ ਸਥਾਨ ਨੂੰ ਰੱਦ ਕੀਤਾ ਗਿਆ ਹੈ। ਪ੍ਰੇਮ ਅਤੇ ਭਗਤੀ ਰਾਹੀਂ ਕੋਈ ਵੀ ਪ੍ਰਮਾਤਮਾ ਨੂੰ ਪਾ ਸਕਦਾ ਹੈ, ਭਾਵੇਂ ਕੋਈ ਕਿਸੇ ਵੀ ਵਰਨ ਨਾਲ ਸੰਬੰਧ ਰਖਦਾ ਹੋਵੇ । ਗੁਰੂ ਨਾਨਕ ਦੇਵ ਜੀ ਵਲੋਂ ਪੰਥੀ ਸਭਿਆਚਾਰ ਨੂੰ ਰੱਦ ਕਰਨਾ, ਅਸਲ ਵਿਚ, ਭਗਤੀ ਲਹਿਰ ਦਾ ਹੀ ਇਕ ਪ੍ਰਗਟਾਅ ਹੈ ਰਾਮਾਨੁਜ ਅਨੁਸਾਰ ਵੀ ਪ੍ਰਮਾਤਮਾ ਨੂੰ ਪਾਉਣ ਲਈ ਧਾਰਮਿਕ ਗ੍ਰੰਥਾਂ ਦਾ ਗਿਆਨ ਕੋਈ ਜ਼ਰੂਰੀ ਨਹੀਂ । ਇਕ ਪ੍ਰੇਮਾ-ਭਗਤੀ ਰਾਹੀਂ ਉਸ ਨੂੰ ਪਾਇਆ ਜਾ ਸਕਦਾ ਹੈ ਇਸ ਤੋਂ ਹੀ ਪ੍ਰਮਾਤਮਾ ਦਾ ਇਕ ਵਿਸ਼ੇਸ਼ ਸਰੂਪ ਜਨਮ ਲੈਂਦਾ ਹੈ , ਐਸਾ ਸਰੂਪ ਜਿਹੜਾ ਆਪਣੀ ਰਚਨਾ ਨੂੰ ਪਿਆਰ ਕਰਦਾ ਹੈ, ਅਤੇ ਕਿਸੇ ਵੀ ਜੀਵ ਦੀ ਹੋਣੀ ਤੋਂ ਬੇ-ਪ੍ਰਵਾਹ ਨਹੀਂ

           ਭਗਤੀ ਲਹਿਰ ਦੇ ਰੂਪ ਵਿਚ ਭਾਰਤ-ਵਿਆਪੀ ਪੱਧਰ ਉਤੇ ਵਿਚਾਰਾਂ ਦਾ ਅਤੇਊਹਾਨੀ ਕੀਮਤਾ ਦਾ ਲੈਣ-ਦੇਣ ਹੁੰਦਾ ਹੈ, ਜਿਹੜਾ ਕਿਸੇ ਤਰ੍ਹਾਂ ਦੀਆਂ ਵੀ ਰਾਜਸੀ ਹਿੱਤਾਂ ਨਾਲੋਂ ਵਧੇਰੇ ਡੂੰਘਾ ਜਾਂਦਾ ਹੈ । ਇਹੀ ਲੈਣ-ਦੇਣ ਇਕ ਕੰਮ ਦੇ ਸੰਕਲਪ ਨੂੰ ਰੂਪ ਦੇਣ ਵੱਲ ਨੂੰ ਇਕ ਕਦਮ ਹੈ । ਇਸ ਲਹਿਰ ਦੇ ਰੂਪ ਵਿਚ ਹੇਠਲੀਆਂ ਸ਼੍ਰੇਣੀਆਂ ਪ੍ਰਭਾਵ ਵੜਦੀਆਂ ਹਨ। ਭਗਤੀ ਲਹਿਰ ਵਿਚਲੇ ਖੱਤਰੀ' ਵੀ ਪੁਰਾਣੀ ਵਰਨ-ਵੰਡ ਵਾਲੇ 'ਕਸ਼ੱਤੀ ਨਹੀਂ, ਜਦੋਂ ਐਸਾ ਸਮਾਜਕ ਵਰਗ ਹਨ, ਜਿਹੜਾ ਖੇਤੀ ਵੀ ਕਰਦਾ ਹੈ, ਵਪਾਰ ਵੀ ਕਰਦਾ ਹੈ, ਝੰਗ ਵੀ ਚਾਰਦਾ ਹੈ, ਬੋਧਕ ਅਤੇ ਪ੍ਰਬੰਧਕੀ ਜ਼ਿਮੇਵਾਰੀਆਂ ਵੀ ਨਿਭਾਉਂਦਾ ਹੈ । ਬ੍ਰਾਹਮਣੀ ਗਿਆਨ-ਵਿਸ਼ੇਸਗੜਾ ਅਤੇ ਰੂਹਾਨੀ ਅਜਾਰੇਦਾਰੀ ਦੇ ਜਵਾਬ ਵਿਚ ਇਸ ਤਰ੍ਹਾਂ ਦੇ ਮਿਸ਼ਰਤ ਸਮਾਜਕ ਜ਼ਿਮੇਵਾਰੀਆਂ ਵਾਲੇ ਵਰਗ ਨੇ ਰੂਪ ਧਾਰਿਆ ਲੱਗਦਾ ਹੈ ।

         ਭਾਰਤ-ਵਿਆਪੀ ਸਾਂਝ ਉਤਰਣ ਦੇ ਨਾਲ ਨਾਲ ਸਥਾਨਕ ਹਾਲਤਾਂ ਉਪਰ ਆਧਾਰਤ ਵੱਖਰੇ ਲੱਛਣ ਵੀ ਜੋਰ ਫੜਨ ਲੱਗਦੇ ਹਨ । ਕੌਮੀਅਤਾਂ ਦਾ ਰੂਪ ਉੱਭਰਣ ਲੱਗਦਾ ਹੈ, ਜਿਹੜਾ ਦੱਖਣੀ ਭਾਸ਼ਾਈ ਸਮੂਹਾਂ ਤੋਂ ਇਲਾਵਾ ਬੰਗਾਲ ਅਤੇ ਮਹਾਰਾਸ਼ਟਰ ਵਿਚ ਸਭ ਤੋਂ ਵਧ ਸਪੱਸ਼ਟ ਤਰ੍ਹਾਂ ਸਾਹਮਣੇ ਆਉਂਦਾ ਹੈ ।

          ਪੰਜਾਬ ਦੀਆਂ ਵਿਸ਼ੇਸ਼ ਹਾਲਤਾਂ ਕਾਰਨ ਇਥੇ ਕੌਮੀਅਤ ਦਾ ਸੰਕਲਪ ਵਧੇਰੇ ਧੀਮੀ ਤਰ੍ਹਾਂ ਵਿਕਾਸ ਕਰਦਾ ਹੈ । ਸਿੱਖ ਮੱਤ ਸਮੁੱਚੀ ਭਗਤੀ ਲਹਿਰ ਦਾ ਵਾਰਸ ਹੈ । ਇਸ ਲਈ ਇਹ ਪੰਜਾਬ-ਮੁਖੀ ਏਨਾ ਨਹੀਂ, ਜਿੰਨਾ ਭਾਰਤ-ਮੁਖੀ ਹੈ । ਗੁਰੂ ਨਾਨਕ ਇਕ ਪਾਸੇ ਤਾਂ ਆਪਣੀ ਜਨਮ-ਭੂਮੀ ਨਾਲ ਏਨਾ ਲਗਾਓ ਰਖਦੇ ਹਨ ਕਿ ਜੀਵਨ ਦੇ ਪਿੱਛਲੇ ਸਾਲਾਂ ਵਿਚ ਉਸ ਦੀ ਇਕ ਇਕ ਚੀਜ਼ ਦਾ ਭਾਵਕ ਚਿਣ ਕਰਦੇ ਹਨ । ਪਰ ਉਨ੍ਹਾਂ ਦੇ ਜੀਵਨ ਅਨੁਭਵ ਦੀ ਸੀਮਾ ਸਮੁੱਚੇ ਦੇਸ਼ ਤੱਕ ਅਤੇ ਇਸ ਦੀਆਂ ਸਰਹੱਦਾਂ ਤੋਂ ਵੀ ਪਾਰ ਤੱਕ ਫੈਲੀ ਹੋਈ ਹੈ । ਉਹ 'ਹਿੰਦੁਸਤਾਨ' ਦੇ ਪ੍ਰਸੰਗ ਵਿਚ ਸੋਚਦੇ ਹਨ । ਗੁਰੂ ਅਰਜਨ ਨੇ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਵਿਚ ਸਿੱਖ ਮੱਤ ਦੇ ਭਾਰਤ-ਮੁਖੀ ਹੋਣ ਦੇ ਲੱਛਣ ਨੂੰ ਹੀ ਸਾਕਾਰ ਕੀਤਾ। ਗੁਰੂ ਗੋਬਿੰਦ ਸਿੰਘ ਵਲੋਂ ਆਪਣੀ ਰਚਨਾ ਲਈ ਪੰਜਾਬੀ ਤੋਂ ਇਲਾਵਾ ਕਿਸੇ ਹੋਰ ਬੋਲੀ ਨੂੰ ਅਪਣਾਏ ਜਾਣ ਦਾ ਕਾਰਨ ਸ਼ਾਇਦ ਸਿਰਫ਼ ਇਹ ਨਹੀਂ ਸੀ ਕਿ ਉਨ੍ਹਾਂ ਦੀ ਮਾਤਭਾਸ਼ਾ ਪੰਜਾਬੀ ਨਹੀਂ ਸੀ, ਸਗੋਂ ਇਸੇ ਭਾਰਤ-ਮੁਖੀ ਹੋਣ ਦੀ ਪਰੰਪਰਾ ਨੂੰ ਅੱਗੇ ਤੋੜਨਾ ਸੀ। ਉਨ੍ਹਾਂ ਦੇ ਵੱਖ ਵੱਖ ਭਾਸ਼ਾਵਾਂ ਦੇ 52 ਕਵੀ, ਉਹਨਾਂ ਵਲੋਂ ਭਾਰਤੀ ਸੰਸਕ੍ਰਿਤੀ ਦੀ ਪੁਨਰ-ਸੁਰਜੀਤੀ ਦਾ ਯਤਨ, ਭਾਰਤੀ ਕਲਾਸਕੀ ਰਚਨਾਵਾਂ ਨੂੰ ਨਵਾਂ ਰੂਪ ਦੇਣਾ ਆਦਿ ਇਸੇ ਪਾਸੇ ਵੱਲ ਸੰਕੇਤ ਕਰਦੇ ਹਨ ।

         ਸਿੱਖ ਮੱਤ ਦੀ ਸਰਗਰਮੀ ਦਾ ਕੇਂਦਰ ਪੰਜਾਬ ਸੀ, ਪਰ ਇਸ ਦੀ ਦ੍ਰਿਸ਼ਟੀ ਦੀ ਸੀਮਾ ਹਿੰਦੁਸਤਾਨ ਸੀ। ਗੁਰੂ ਗੋਬਿੰਦ ਸਿੰਘ ਤੱਕ ਪਹੁੰਚਦਿਆਂ ਇਸ ਨੇ ਵਧੇਰੇ ਰੇਡੀਕਲ ਰੂਪ ਧਾਰਨ ਕਰ ਲਿਆ ਅਤੇ ਇਸ ਰੂਪ ਨੂੰ ਅਮਲੀ ਜਾਮਾ ਪੁਆਉਣ ਲਈ ਇਕ ਲੋਕਤੰਤਰੀ ਰਾਜਸੀ ਸੰਗਠਨ ਵੀ ਵਿਕਸਤ ਕਰ ਲਿਆ। ਇਹ ਗੱਲ ਅਜੇ ਵੀ ਪਰਖਣ ਵਾਲੀ ਹੈ ਕਿ ਸਿੱਖ ਮੱਤ ਵਲੋਂ ਸਮੁੱਚੀ ਕੌਮ ਦਾ ਬੰਧਕ ਪ੍ਰਤਿਨਿਧ ਬਣਦਿਆਂ ਬਣਦਿਆਂ ਇਕ ਸੂਬੇ ਦੀ- ਸੀਮਾ ਵਿੱਚ ਸਿਮਟ ਜਾਣ ਅਤੇ ਇਕ ਰੂਪ ਧਾਰ ਰਹੀ ਕੌਮੀਅਤ ਦਾ ਅੰਗ ਬਣ ਕੇ ਰਹਿ ਜਾਣ ਦੇ ਪਿੱਛੇ ਇਸ ਵਿਚ ਸਮੇਂ ਤੋਂ ਪਹਿਲਾਂ ਆਈ ਇਸ ਸਰਬੰਗੀ ਰੇਡੀਕਲ ਚੇਤਨਾ ਦਾ ਤਾਂ ਹੱਥ ਨਹੀਂ ਸੀ ? ਇਸ ਦਾ ਸਮੇਂ ਦੀਆਂ ਹਾਕਮ ਸ਼੍ਰੇਣੀਆਂ ਵਲੋਂ ਵਿਰੋਧ ਹੋਣਾ ਤਾਂ ਕੁਦਰਤੀ ਸੀ ਹੀ, ਪਰ ਇਸ ਚੰਡੀਕਲ ਚੇਤਨਾ ਦੀ ਬਾਹ ਉਹ ਲੋਕ ਵੀ ਨਾ ਪਾ ਸਕੇ ਜਿਹੜੇ  ਇਸ ਚੇਤਨਾ ਦੇ ਵਾਹਕ ਸਨ। ਵਿਆਪਕ ਹਾਲਤਾਂ ਵਿਚ ਸ਼ਾਇਦ ਇਹ ਸੰਭਵ ਵੀ ਨਹੀਂ ਸੀ, ਨਹੀਂ ਤਾਂ ਉਸ ਨੂੰ ਅਸੀਂ ਸਮੇਂ ਤੋਂ ਪਹਿਲਾਂ ਆਉਣਾ ਨਾ ਕਹਿੰਦੇ । ਇਸ ਰੇਡੀਕਲ ਵਿਚਾਰਧਾਰਾ ਦੇ ਵਾਹਕ ਸਮੂਹ ਦਾ ਮੁੜ ਮੁੜ ਕੇ ਸਾਮੰਡੀਕਰਨ ਵੱਲ ਪਰਤਣਾ, ਸਭ ਦੀ ਬਰਾਬਰੀ ਅਤੇ ਸਰਬੱਤ ਦਾ ਭਲਾ ਚਾਹੁਣ ਦੇ ਬਾਵਜੂਦ ਵਰਨ-ਵੰਡ, ਜਾਤ-ਪਾਤ, ਊਚ ਨੀਚ ਦੇ ਭੇਦ ਕਾਇਮ ਰਹਿਣਾ, ਸਗੋਂ ਸਮੇਂ ਸਮੇਂ ਫਿਰ ਜ਼ੋਰ ਫੜ ਜਾਣਾ, ਕੀ ਇਸ ਗੱਲ ਵੱਲ ਸੰਕੇਤ ਨਹੀਂ ਕਿ ਇਸ ਸਮੂਹ ਦੀ ਭਾਰੀ ਬਹੁ-ਗਿਣਤੀ ਅੱਜ ਆਪਣੀ ਵਿਚਾਰਧਾਰਾ ਦੀ ਇਤਿਹਾਸਕ ਮਹੱਤਾ ਨਹੀਂ ਸੀ ਪਛਾਣਦੀ, ਭਾਵੇਂ ਕਿ ਇਹ ਉਸ ਬਹੁ-ਗਿਣਤੀ ਦੇ ਹਿੱਤ ਹੀ ਪੂਰਦੀ ਸੀ ?

          ਰਣਜੀਤ ਸਿੰਘ ਨੇ ਭਾਵੇਂ ਪੰਜਾਬੀ ਨੂੰ ਆਪਣੀ ਰਾਜਭਾਸ਼ਾ ਨਹੀਂ ਸੀ ਐਲਾਨਿਆ, ਅਤੇ ਨਾ ਹੀ ਪੰਜਾਬੀ ਸਭਿਆਚਾਰ ਲਈ ਕੋਈ ਉਚੇਚੇ ਯਤਨ ਕੀਤੇ ਸਨ, ਤਾਂ ਵੀ ਉਸ ਦੇ ਰਾਜ ਦੇ ਖਾਸੇ ਕਾਰਨ ਅਤੇ ਇਸ ਸਮੇਂ ਵਾਪਰੀਆਂ ਤਬਦੀਲੀਆਂ ਕਾਰਨ ਪੰਜਾਬੀਅਤ ਦੇ ਅਹਿਸਾਸ ਨੂੰ ਜੋ ਪਕਿਆਈ ਅਤੇ ਤਰੱਕੀ ਮਿਲੀ, ਉਹ ਇਸ ਤੋਂ ਪਹਿਲਾਂ ਹੋਰ ਕਿਸੇ ਵਲੋਂ ਨਹੀਂ ਸੀ ਮਿਲੀ। ਨਿੱਕੇ ਮੋਟੇ ਸਾਮੰਤਾਂ ਆਪਣੀ ਮਰਜ਼ੀ ਨਾਲ ਢਾਹ ਉਸਾਰ ਕੇ ਉਹਨਾਂ ਨੂੰ ਆਪਣੀਆਂ ਸੜਕਾਂ ਦੁਆਲੇ ਨਚਾ ਕੇ ਤਾਕਤ ਜਾਂ ਸਿਆਸਤ ਰਾਹੀਂ ਉਹਨਾਂ ਦੀ ਹੋਂਦ ਨੂੰ ਨਿਗੂਣਿਆਂ ਕਰ ਕੇ, ਧਨ ਇਕ ਕਰਨ ਲਈ ਉਹਨਾਂ ਨੂੰ ਸਾਧਨ ਬਣਾ ਕੇ, ਉਸ ਨੇ ਪੰਜਾਬ ਵਿਚ ਸਾਮੰਤਵਾਦ ਦੀਆਂ ਜੜ੍ਹਾਂ ਨੂੰ ਖਲਿਆਂ ਕੀਤਾ; ਖ਼ੁਦ ਧਾਰਮਿਕ ਹੋਣ ਦੇ ਬਾਵਜੂਦ ਉਸ ਨੇ ਰਾਜ ਦੇ ਮਾਮਲਿਆਂ ਵਿਚ ਧਰਮ ਦੇ ਦਖ਼ਲ ਨੂੰ ਰੋਕ ਕੇ ਰਾਜ ਨੂੰ ਸਰਬ-ਸਾਂਝੇ ਹੋਣ ਦੀ ਦਿੱਖ ਦਿੱਤੀ; ਪੱਛਮ ਨਾਲ ਪੰਜਾਬ ਦਾ ਪਹਿਲਾ ਵਾਹ ਉਸੇ ਦੇ ਰਾਜ ਵਿਚ ਪਿਆ, ਜਿਸ ਨਾਲ ਜ਼ਿੰਦਗੀ ਦੇ ਕੁਝ ਖੇਤਰਾਂ ਵਿਚ ਆਧੁਨਿਕੀਕਰਨ ਦਾ ਆਰੰਭ ਹੋਇਆ; ਉਸ ਨੇ ਪੂਰਬ ਦੀ ਦੀ ਪੱਛੜੀ ਸਿਆਸਤ ਨੂੰ ਏਨਾ ਕੁ ਉੱਚਾ ਚੁੱਕ ਦਿੱਤਾ ਕਿ ਉਹ ਪੱਛਮ ਦੀ ਉੱਨਤ ਸਿਆਸਤ ਨਾਲ ਬਰ ਮੋਚਦੇ ਹੋਣ ਦਾ ਪ੍ਰਭਾਵ ਦੇ ਸਕੇ। ਰਾਜ ਨੂੰ ਸੈਕੂਲਰ ਆਧਾਰ ਦੇ ਦੇਣਾ ਸ਼ਾਇਦ ਉਸ ਦੀ ਸਭ ਤੋਂ ਵੱਡੀ ਦੇਣ ਸੀ, ਜਿਸ ਤੋਂ ਪੈਦਾ ਹੁੰਦੀ ਸਾਂਝ ਸਮਾਂ ਪਾ ਕੇ ਪੰਜਾਬੀ ਸਭਿਆਚਾਰ ਵਿਚ ਵੀ ਬੇਮੇਲ ਉਭਾਰ ਲਿਆ ਸਕਦੀ ਸੀ। ਪਰ ਉਸ ਦੀ ਮੌਤ ਤੋਂ ਮਗਰੋਂ ਆਏ ਪੁੱਠੇ ਗੇੜ ਨੇ ਇਹਨਾਂ ਪ੍ਰਾਪਤੀਆਂ ਨੂੰ ਪੱਕੇ ਪੈਰੀਂ ਨਾ ਹੋਣ ਦਿੱਤਾ ।

         ਅੰਗਰੇਜ਼ਾਂ ਨੇ ਪੰਜਾਬ ਹਥਿਆਉਣ ਤੋਂ ਮਗਰੋਂ ਚੇਤੰਨ ਤੌਰ ਉੱਤੇ ਸਮੁੱਚੇ ਵਿਕਾਸ ਨੂੰ ਪੁੱਠਾ ਗੇੜਾ ਦਿੱਤਾ। ਸਭ ਤੋਂ ਵੱਡੀ ਗੱਲ, ਸਾਂਝੀ ਕੌਮੀਅਤ ਦੇ ਵਿਕਸ ਰਹੇ ਅਹਿਸਾਸ ਨੂੰਨਸ਼ਟ ਕੀਤਾ । ਮਜਹੀ ਵਖਵਿਆਂ ਨੂੰ ਹਵਾ ਦੇ ਕੇ ਲੋਕਾਂ ਨੂੰ ਇਕ ਦੂਜੇ ਦੇ ਵਿਰੁੱਧ ਖੜਾ ਕੀਤਾ। ਅੰਗਰੇਜ਼ਾਂ ਦੇ ਰਾਜਸੀ ਗ਼ਲਬੇ ਹੇਠ ਸਭ ਤੋਂ ਮਗਰੋਂ ਆਉਣ ਨੇ ਵੀ ਪੰਜਾਬ ਉੱਤੇ ਆਪਣੀ ਤਰ੍ਹਾਂ ਦਾ ਪ੍ਰਭਾਵ ਪਾਇਆ ਲੱਗਦਾ ਹੈ । ਦੂਜੇ ਸੂਬਿਆਂ ਵਿਚ ਅੰਗਰਜ਼ਾ ਰਾਹੀਂ ਕਿ ਪੱਛਮੀ ਪ੍ਰਭਾਵ ਪਹਿਲਾਂ ਆਇਆ, ਜਿਸ ਹੇਠ ਸ਼ੁਰੂ ਹੋਈਆਂ ਪ੍ਰਬੁੱਧਤਾਂ ਦੀਆਂ ਲਹਿਰਾਂ ਨੇ ਛਮੀਅਤਾਂ ਦੇ ਵਿਕਾਸ ਨੂੰ ਅੱਗੇ ਤੋਰਿਆ। ਪਰ ਪੰਜਾਬ ਵਿਚ ਇਹਨਾਂ ਹੀ ਅਖਾਉਤੀ ਪ੍ਰਬੁੱਧਤਾ ਦੀਆਂ ਲਹਿਰਾਂ ਸਿੰਘ ਸਭਾ, ਆਰੀਆ ਸਮਾਜ ਆਦਿ) ਨੇ ਸਾਂਝੀ ਕੌਮੀਅਤ ਦਾ ਅਹਿਸਾਸ ਜਿੰਨਾ ਕੁ ਸੀ . ਉਸ ਨੂੰ ਖ਼ਤਮ ਕੀਤਾ । ਕੌਮੀ ਆਜ਼ਾਦੀ ਦੀ ਲਹਿਰ ਕੌਮੀਅਤਾਂ ਦੇ ਅਹਿਸਾਸ ਨੂੰ (ਜਿੱਥੇ ਇਹ ਵਿਕਸਤ ਹੋ ਚੁੱਕਾ ਸੀ) ਸੱਟ ਲਾਏ ਤੋਂ ਬਿਨਾਂ ਸਾਰਿਆਂ ਨੂੰ ਇਕ ਕੌਮੀ ਮੁੱਖ ਧਾਰਾ ਵਿਚ ਇਕਮੁੱਠ ਕਰਦੀ ਸੀ, ਪਰ ਮਜ਼੍ਹਬੀ ਸੰਗਠਨ ਕੰਮ ਅਤੇ ਕੌਮੀਅਤ ਦੇ ਸੰਕਲਪ ਨੂੰ ਮਜਬ ਨਾਲ ਜੋੜ ਕੇ, ਇਸ ਕੌਮੀ ਭਾਵਨਾ ਨੂੰ ਮੁੜ ਮੁੜ ਕੇ ਤਾਰਪੀਡਂ ਕਰਦੇ ਅਤੇ ਸਾਮਰਾਜੀ ਹੱਥਾਂ ਵਿਚ ਖੇਡਦੇ ਸਨ ਤਾਂ ਵੀ, ਜਿੱਥੇ ਕੌਮੀਅਤ ਦੀ ਭਾਵਨਾ ਵਿਕਾਸ ਕਰ ਚੁੱਕੀ ਹੁੰਦੀ, ਉੱਥੇ ਇਹ ਬਹੁਤਾ ਨੁਕਸਾਨ ਨਹੀਂ ਸਨ ਪਚਾ ਸਕਦੇ, ਸਗੋਂ ਸਾਮਰਾਜੀਆ ਨੂੰ ਆਪਣੇ ਚੁੱਕੇ ਕਦਮ ਵਾਪਸ ਲੈਣ ਲਈ ਮਜਬੂਰ ਕਰ ਦੇਂਦੇ ਸਨ, ਜਿਵੇਂ ਕਿ ਬੰਗਾਲ ਵਿਚ । ਪਰ ਪੰਜਾਬ ਵਰਗੀ ਥਾਂ ਇਹ ਤਬਾਹੀ ਮਚਾ ਸਕਦੇ ਸਨ।

            ਧਰਮਾ, ਕੌਮੀਅਤਾਂ ਅਤੇ ਸੱਭਿਆਚਾਰਾਂ ਦੀ ਅਨੇਕਤਾ ਵਾਲੇ ਕਿਸੇ ਵੀ ਆਜ਼ਾਦ ਦੇਸ਼ ਵਿਚ ਕੌਮੀ ਅਤੇ ਕੌਮੀਅਤਾਂ ਦੇ ਸਵਾਲ ਨੂੰ ਕੌਮੀ ਸਭਿਆਚਾਰ ਅਤੇ ਕੌਮੀਅਤਾਂ ਦੇ ਸੱਭਿਆਚਾਰਾਂ ਵਿਚਲੇ ਸੰਬੰਧਾਂ ਦੇ ਸਵਾਲ ਨੂੰ ਨਜਿੱਠਣ ਦੇ ਦੋ ਹੀ ਤਰੀਕੇ ਹੋ ਸਕਦੇ ਹਨ । ਇਕ ਲੋਕਤੰਤਰੀ ਤਰੀਕਾ, ਜਿਸ ਵਿਚ ਹਰ ਕੌਮੀਅਤ ਨੂੰ ਆਪਣੇ ਸੱਭਿਆਚਾਰ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਅਤੇ ਇੰਜ ਕਰਦਿਆਂ ਦੂਜੀਆਂ ਕੌਮੀਅਤਾਂ ਨੂੰ ਵੀ ਅਤੇ ਕੌਮੀ ਸਭਿਆਚਾਰ ਨੂੰ ਵੀ ਇਸ ਦੀਆਂ ਅਤੇ ਚੰਗੀਆਂ ਪ੍ਰਾਪਤੀਆਂ ਨਾਲ ਅਮੀਰ ਬਣਾਇਆ ਜਾਂਦਾ ਹੈ, ਜਦ ਕਿ ਦੂਜੇ ਸਭਿਆਚਾਰਾਂ ਦੀਆਂ ਪ੍ਰਾਪਤੀਆਂ ਨਾਲ ਇਹ ਆਪਣਾ ਖਜਾਨਾ ਵੀ ਭਰਪੂਰ ਕਰਦੀ ਹੈ । ਧਰਮ-ਨਿਰਪੱਖਤਾ ਅਤੇ ਬਿਨਾਂ ਕਿਸੇ ਤੋਦ-ਭਾਵ ਦੇ ਨਿੱਕੀਆਂ ਵੱਡੀਆਂ ਸਭ ਕੌਮੀਅਤਾਂ ਵਿਚਕਾਰ ਭਰਪੂਰ ਸੰਪਰਕ ਅਤੇ ਸੱਭਿਆਚਾਰਕ ਲੈਣ-ਦੇਣ ਇਸ ਤਰੀਕੇ ਦੀਆਂ ਲਾਜ਼ਮੀ ਸ਼ਰਤਾਂ ਹਨ । ਇਸ ਤਰ੍ਹਾਂ ਹੋਂਦ ਵਿਚ ਆਇਆ ਕੌਮੀ ਸਭਿਆਚਾਰ ਸਮੁੱਚੀ ਕੌਮ ਦੀਆਂ ਲੋਕਤੰਤਰੀ ਭਾਵਨਾਵਾਂ ਅਤੇ ਪ੍ਰਾਪਤੀਆਂ ਦਾ ਪ੍ਰਤਿਬਿੰਬ ਹੁੰਦਾ ਹੈ ।

          ਦੂਜਾ ਤਰੀਕਾ ਇਹ ਹੈ ਕਿ ਕੌਮੀ ਏਕਤਾ ਅਤੇ ਇਕ ਕੌਮੀ ਸਭਿਆਚਾਰ ਦੇ ਨਾਂ ਉੱਤੇ ਕੌਮੀਅਤਾਂ ਦੇ ਸੱਭਿਆਚਾਰਾਂ ਨੂੰ ਖ਼ਤਮ ਕੀਤਾ ਜਾਏ । ਇਹ ਤਰੀਕਾ ਵੀ ਲੋਕਤੰਤਰੀ ਦਿੱਖ ਦੇ ਸਕਦਾ ਹੈ : ਭਾਰੀ ਬਹੁ-ਗਿਣਤੀ ਦੇ ਸਭਿਆਚਾਰ ਨੂੰ ਸਭ ਵਲੋਂ ਪ੍ਰਵਾਨ ਕੀਤਾ ਜਾਏ । ਪਰ ਇਸ ਤਰੀਕੇ ਵਿਚ ਲੋਕਤੰਤਰ ਸੜਕਾਂ ਪੱਧਰੀਆਂ ਕਰਨ ਵਾਲੇ ਇੰਜਨ ਦਾ ਕੰਮ ਦੇਂਦਾ ਹੈ, ਜਿਹੜਾ ਅੱਗੇ ਆਉਂਦੀ ਹਰ ਚੀਜ਼ ਨੂੰ ਦਰੜ ਕੇ ਪੱਧਰਾ ਦਿੰਦਾ ਹੈ ।ਤਾਕਤ ਦੀ ਵਰਤੋਂ ਇਸ ਤਰੀਕੇ ਦਾ ਲਾਜ਼ਮੀ ਅੰਸ਼ ਹੈ ।

        ਕਿਸੇ ਥਾਂ ਉੱਤੇ ਕਿਹੜਾ ਤਰੀਕਾ ਅਪਣਾਇਆ ਜਾਏਗਾ, ਇਹ ਗੱਲ ਇਸ ਤੱਥ ਉੱਪਰ ਨਿਰਭਰ ਕਰਦੀ ਹੈ ਕਿ ਹਕੂਮਤ ਕਿਸ ਸ਼ਰੇਣੀ ਦੇ ਹੱਥਾਂ ਵਿਚ ਹੈ ਅਤੇ ਇਸ ਦਾ ਖਾਸਾ ਕੀ ਹੈ। ਨਵ-ਆਜ਼ਾਦ ਦੇਸਾਂ ਵਿਚ ਹਕੂਮਤਾਂ ਵਧੇਰੋ ਕਰਕੇ ਸਰਮਾਏਦਾਰ ਜਮਾਤ ਨੇ ਸੰਭਾਲੀਆਂ ਹਨ । ਇਹ ਹਕੂਮਤਾਂ ਵਚਨਬੱਧਤਾ ਪਹਿਲੇ ਢੰਗ ਵੱਲ ਦਰਸਾਉਂਦੀਆਂ ਹਨ, ਪਰ ਕਮਜ਼ੋਰੀ ਦੂਜੇ ਢੰਗ ਲਈ ਰੱਖਦੀਆਂ ਹਨ ।

            ਭਾਰਤ ਵਿਚ ਵੀ ਇਹ ਦੋਵੇਂ ਰੁਝਾਣ ਨਾਲ ਨਾਲ ਚੱਲਦੇ ਦੇਖੇ ਜਾ ਸਕਦੇ ਹਨ।ਜਿੱਥੇ ਜਿੱਥੇ ਆਪਣੇ ਆਪਣੇ ਸਭਿਆਚਾਰ ਪ੍ਰਤਿ ਚੇਤਨਾ ਅਤੇ ਇਸ ਚੇਤਨਾ ਦੇ ਆਧਾਰ ਉੱਤੇ ਏਕਤਾ ਮਿਲਦੀ ਹੈ, ਉੱਥੇ ਤਾਂ ਸਭਿਆਚਾਰਕ ਖਿੱਤੇ ਹੱਦ ਵਿਚ ਜਲਦੀ ਆ ਗਏ। ਪਰ ਜਿੱਥੇ ਇਹ ਚੇਤਨਾ ਧੁੰਦਲੀ ਸੀ ਅਤੇ ਸੱਭਿਆਚਾਰਕ ਪਛਾਣ ਵੱਲੋਂ ਮੂੰਹ ਮੋੜਨ ਵਾਲੇ ਰੁਝਣ ਮਿਲਦੇ ਸਨ, ਉੱਥੇ ਭਾਸ਼ਾ-ਸਭਿਆਚਾਰ ਦੇ ਆਧਾਰ ਉੱਤੇ ਖਿੱਤੇ ਕਾਇਮ ਕਰਨ ਨੂੰ ਪਿੱਛੇ ਪਾਇਆ ਗਿਆ। ਪਰ ਜਿੱਥੇ ਵੀ ਕਿਤੇ ਅਤੇ ਜਦੋਂ ਵੀ ਕਿਤੇ ਇਸ ਸਮੱਸਿਆ ਨੂੰ ਹੱਲ ਕੀਤਾ ਗਿਆ, ਤਾਂ ਇਸ ਤਰ੍ਹਾਂ ਕਿ ਰੜਕਾਂ ਕਾਇਮ ਰਹਿਣ, ਤਾਂ ਕਿ ਉਹਨਾਂ ਨੂੰ ਆਧਾਰ ਬਣਾ ਕੇ ਕਦੀ ਵੀ ਪੁੱਠਾ ਗੇੜਾ ਦਿੱਤਾ ਜਾ ਸਕੇ ਅਤੇ ਇਕ ਕੌਮ, ਇਕ ਭਾਸ਼ਾ, ਇਕ ਸਭਿਆਚਾਰ ਦੇ ਆਧਾਰ ਉੱਤੇ ਏਕੀਕਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ।

       ਇਸ ਸਾਰੇ ਅਮਲ ਦੋ ਸਿੱਟਿਆਂ ਦੀ ਭੈੜੀ ਮਿਸਾਲ ਪੰਜਾਬ ਹੈ, ਜਿਸ ਵਿਚ ਬਸਤੀਵਾਦੀ ਦੌਰ ਵਿਚ ਪੈਦਾ ਹੋਏ ਰੁਝਾਣਾਂ ਨੂੰ ਸਰਕਾਰ ਸਮੇਤ ਵੱਖ ਵੱਖ ਤਾਕਤਾਂ ਵੱਲੋਂ ਕਾਇਮ ਰੱਖਿਆ ਗਿਆ, ਉਕਸਾਇਆ ਗਿਆ, ਅਤੇ ਵਧਾਇਆ ਗਿਆ। ਜਦੋਂ ਤੱਕ ਸਾਂਝੀ ਸਭਿਆਚਾਰਕ ਪਛਾਣ ਦੇ ਆਧਾਰ ਉੱਤੇ ਏਕਤਾ ਨਹੀਂ ਹੁੰਦੀ, ਉਦੋਂ ਤੱਕ ਪੰਜਾਬ ਦੀਆਂ ਭੂਗੋਲਿਕ ਹੱਦਾਂ ਤਾਂ ਕੀ, ਪੰਜਾਬ ਦੀ ਹੋਂਦ ਵੀ ਅਨਿਸ਼ਚਿਤ ਹੀ ਮੰਨੀ ਜਾਣੀ ਚਾਹੀਦੀ ਹੈ ।

            ਇਸ ਸਾਰੀ ਵਿਚਾਰ ਵਿੱਚੋਂ ਜਿਹੜੇ ਨੁਕਤੇ ਉਭਰਦੇ ਹਨ, ਉਹਨਾਂ ਨੂੰ ਇਸ ਪ੍ਰਕਾਰ ਮੁੜ ਪੇਸ਼ ਕੀਤਾ ਜਾ ਸਕਦਾ ਹੈ :

1. ਅੱਜ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਨਿਸ਼ਚਿਤ ਕਰਦਿਆਂ ਅਸੀਂ ਅੱਜ ਦੀਆਂ ਹਾਲਤਾਂ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ ਅਤੇ ਇਹ ਹਾਲਤਾਂ ਇਸ

ਨਿਰਣੇ ਦੀ ਆਧਾਰ-ਦਲੀਲ ਬਣਦੀਆਂ ਹਨ ਕਿ ਅੱਜ ਦੇ ਭਾਰਤੀ ਪੰਜਾਬੀ ਨੂੰ ਹੀ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਮੰਨਿਆ ਜਾਏ ।

2. ਇਸ ਤੋਂ ਪਹਿਲਾਂ ਦੀਆਂ ਭੂਗੋਲਿਕ ਤਬਦੀਲੀਆਂ ਅਤੇ ਬਾਕੀ ਸਮਾਜਕ-ਰਾਜਸੀ ਵਰਤਾਰੇ ਪੰਜਾਬੀ ਸਭਿਆਚਾਰ ਦੇ ਇਥੋਂ ਤੱਕ ਪੁੱਜਣ ਦੇ ਇਤਿਹਾਸ ਦਾ ਅੰਗ ਹਨ।

3. ਇਹ ਇਤਿਹਾਸ ਆਦਿ ਕਾਲ ਤੋਂ ਸ਼ੁਰੂ ਨਹੀਂ ਹੁੰਦਾ, ਸਗੋਂ ਉਦੋਂ ਤੋਂ ਸ਼ੁਰੂ ਹੁੰਦਾ ਹੈ, ਜਦੋਂ ਤੋਂ ਅੱਜ ਦੇ ਪੰਜਾਬੀ ਸਭਿਆਚਾਰ ਨੇ ਰੂਪ ਧਾਰਨਾ ਸ਼ੁਰੂ ਕੀਤਾ। ਅਤੇ ਇਹ ਸਮਾਂ ਨੌਵੀਂ ਤੋਂ ਬਾਰ੍ਹਵੀਂ ਸਦੀ ਦਾ ਸਮਾਂ ਹੈ, ਜਦੋਂ ਕਿ ਨਾ ਸਿਰਫ਼

ੳ.ਪੰਜਾਬੀ ਭਾਸ਼ਾ ਨੇ ਰੂਪ ਧਾਰਨਾ ਸ਼ੁਰੂ ਕੀਤਾ,

ਅ. ਪੰਜਾਬੀ ਸਾਹਿਤ ਨੇ ਰੂਪ ਧਾਰਨਾ ਸ਼ੁਰੂ ਕੀਤਾ,ਸਗੋਂ

ੲ.ਇਥੋਂ ਦੇ ਰਾਜਨੀਤਕ, ਸਮਾਜਕ ਅਤੇ ਬੋਧਕ ਖੇਤਰ ਵਿਚ ਐਸੋ ਡੂੰਘੇ ਜਾਂਦੇ ਪਰਿਵਰਤਨ ਸ਼ੁਰੂ ਹੋਏ ਜਿਨ੍ਹਾਂ ਨੇ ਪੁਰਾਤਨ ਸਭਿਆਚਾਰ ਨਾਲੋਂ ਨਿਖੇੜ ਕਰਦਿਆਂ, ਆਧੁਨਿਕ ਕੌਮੀਅਤਾਂ ਦੇ ਵਿਲੱਖਣ ਸਭਿਆਚਾਰਾਂ ਨੂੰ ਸਿਰ ਜਣ ਵਿਚ ਹਿੱਸਾ ਪਾਇਆ।

4. ਪੰਜਾਬੀ ਸਭਿਆਚਾਰਕ ਚੇਤਨਾ ਦੀ ਮੌਜੂਦਾ ਸਥਿਤੀ ਬਾਰੇ ਜਾਨਣ ਲਈ ਜ਼ਰੂਰੀ

ਉ. ਕੌਮੀ ਅਤੇ ਕੌਮੀਅਤੀ ਸਭਿਆਚਾਰਾਂ ਦੀ ਸੰਬਾਦਕਤਾ ਨੂੰ ਸਮਝਿਆ ਜਾਏ ; ਹੈ ਕਿ

ਅ. ਇਹ ਵੀ ਸਮਝਿਆ ਜਾਏ ਕਿ ਇਤਿਹਾਸਕ ਵਿਕਾਸ ਦੇ ਦੌਰਾਨ ਕਿਹੜੀਆਂ ਕਿਹੜੀਆਂ ਘਟਨਾਵਾਂ, ਲਹਿਰਾਂ ਅਤੇ ਵਿਚਾਰਧਾਰਾਵਾਂ ਨੇ ਕਿਸ ਕਿਸ ਤਰ੍ਹਾਂ ਦਾ ਰੋਲ ਅਦਾ ਕੀਤਾ;

ੲ. ਅੱਜ ਦੀ ਸਥਿਤੀ ਪਿੱਛੇ ਕਿਹੜੀਆਂ ਕਿਹੜੀਆਂ ਤਾਕਤਾਂ ਅਤੇ ਰੁਚੀਆਂ ਕਿਰਿਆਸ਼ੀਲ ਹਨ;

ਸ. ਇਹ ਸਾਰਾ ਕੁਝ ਸਮਝਦਿਆਂ, ਇਸ ਤੋਂ ਭਵਿੱਖ ਬਾਰੇ ਜੋ ਸੰਕੇਤ ਮਿਲਦੇ ਹਨ ਹਨ, ਉਹਨਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾਏ ।


ਯੁੱਗਾਂ ਮੁਤਾਬਿਕ 'ਪੰਜਾਬੀ ਸਭਿਆਚਾਰ'

[ਸੋਧੋ]

ਆਦਿ ਕਾਲੀਨ ਯੁੱਗ

[ਸੋਧੋ]

ਪੰਜਾਬੀ ਸੱਭਿਆਚਾਰ ਦੇ ਰੂਪ ਧਾਰਨ ਸ਼ੁਰੂ ਕਰਨ ਦਾ ਸਮਾਂ ਲਗਪਗ ਉਹੀ ਹੈ, ਜੋ ਪੰਜਾਬੀ ਭਾਸ਼ਾ ਨੇ ਰੂਪ ਧਾਰਨਾ ਸ਼ੁਰੂ ਕੀਤਾ। ਇਹ ਨੌਵੀ ਤੋਂ ਬਾਰ੍ਹਵੀਂ ਈਸਵੀ ਦਾ ਸਮਾਂ ਦੱਸਿਆ ਜਾਂਦਾ ਹੈ। ਸਪਤ ਸਿੰਧੂ ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਤ ਸ਼ਹਿਰੀ ਸੱਭਿਅਤਾ ਵੀ ਇਸ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਦੇ ਪ੍ਰਾਚੀਨ ਨਮੂਨੇ ਮੋਹਿੰਜੋਦੜੋ, ਹੜੱਪਾ, ਸੰਘਰ, ਅਤੇ ਢੋਲਬਾਹਾ ਆਦਿ ਥਾਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਆਰੀਆ ਲੋਕਾਂ ਨੇ ਲਗਭਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਟੋਲਿਆਂ ਦੇ ਰੂਪ ਵਿਚ ਆਏ। ਇਸ ਦੌਰ ਵਿੱਚ ਪੰਜਾਬ ਦੇ ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ ਸੱਭਿਆਚਾਰਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ ਹੈ।

ਮੱਧਕਾਲੀਨ ਯੁੱਗ

[ਸੋਧੋ]

ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ, ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ-ਬਿਨ-ਕਾਸਿਮ ਦੇ ਹਮਲੇ ਨੇ ਕੀਤਾ। ਸੱਤ ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗ਼ਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ।

ਮੱਧ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।

ਆਧੁਨਿਕ ਯੁੱਗ

[ਸੋਧੋ]

ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਾਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਅਹਿਸਾਸ ਕਰਵਾਇਆ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਸੰਪਰਕ ਨੇ ਨਵੇਂ ਗਿਆਨ-ਵਿਗਿਆਨ ਤੱਕ ਸਾਡੀ ਰਸਾਈ ਕਰਵਾਈ। ਇਸ ਟਾਕਰਵੇਂ ਸੱਭਿਆਚਾਰ ਨਾਲ ਮੁਕਾਬਲੇ ਅਤੇ ਸਾਂਝ ਦੇ ਨਵੇਂ ਪਹਿਲੂ ਉੱਭਰੇ। ਰੇਲ, ਡਾਕ-ਤਾਰ ਅਤੇ ਹੋਰ ਨਵੀਨ ਵਸੀਲਿਆਂ ਨੇ ਸਾਡੀ ਜੀਵਨ ਗਤੀ ਵਿੱਚ ਤੇਜ਼ੀ ਲਿਆਂਦੀ। ਇਸ ਤਰ੍ਹਾਂ ਅੰਗਰੇਜ਼ੀ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਵਿੱਚ ਮੂਲ ਨਵੇਂ ਪਰਿਵਰਤਨ ਲਿਆਂਦੇ।[6] ਇਸ ਤੋਂ ਬਾਅਦ ਪੰਜਾਬ ਨੂੰ 1947 ਵਿੱਚ ਭਾਰਤ ਦੀ ਵੰਡ ਸਮੇਂ ਦੋ ਹਿੱਸਿਆ ਪੰਜਾਬ, ਭਾਰਤ ਅਤੇ ਪੰਜਾਬ, ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ।

ਪੰਜਾਬੀ ਚਰਿੱਤਰ ਦੇ ਪਛਾਣ-ਚਿੰਨ੍ਹ

[ਸੋਧੋ]

ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ।

ਸ੍ਵੈਧੀਨਤਾ

[ਸੋਧੋ]

ਉਪਜਾਊ ਭੂਮੀ ਕਾਰਨ ਭੁੱਖੇ ਮਰਨਾਂ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ ਪਰ ਨਾਲ ਹੀ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖ਼ਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਹੈ।ਲਗਾਤਾਰ ਜੰਗਾਂ, ਯੁਧਾਂ ਦਾ ਅਖਾੜਾ ਬਣੇ ਰਹਿਣ ਕਾਰਨ ਪੰਜਾਬੀ ਉੱਜੜਦੇ ਰਹਿਣ ਤੇ ਵੀ ਫੇਰ ਵੱਸਣ ਦੀ ਅਨੋਖੀ ਜੀਵਨ-ਤਾਂਘ ਨਾਲ ਓਤਪੋਤ ਹਨ। ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਉੱਤੇ ਉਹੀ ਲੋਕ ਟਿਕੇ ਜੋ ਨਾ ਯੁਧ ਤੋਂ ਡਰਦੇ ਸਨ, ਨਾ ਮੌਤ ਤੋਂ ਅਤੇ ਨਾ ਲੁੱਟੇ-ਪੁੱਟੇ ਜਾਣ ਤੋਂ, ਸਗੋਂ ਹਾਲਤ ਅਨੁਸਾਰ ਹਮੇਸ਼ਾਂ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਸਨ। ਪੰਜਾਬੀ ਪਹਿਲ-ਕਦਮੀ ਕਰਨ ਵਾਲੇ ਹਨ। ਇਹ ਖੜੋਤ ਵਿੱਚ ਯਕੀਨ ਨਹੀਂ ਰੱਖਦੇ। ਇਹ ਕੁਝ ਨਾ ਕੁਝ ਕਰਨ ਦੇ ਆਹਰ ਵਿੱਚ ਰਹਿੰਦੇ ਹਨ, ਜੋਰ ਨਹੀਂ ਤਾਂ ਆਪੋ ਵਿੱਚ ਲੜਨ-ਮਰਨ ਦੇ।

ਇਸ ਨਿਰੰਤਰ ਉਥਲ-ਪੁਥਲ ਨੇ ਪੰਜਾਬੀ ਸੁਭਾਅ ਵਿੱਚ ਦੋ ਮੁੰਹ ਜ਼ੋਰ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ। ਪਹਿਲੀ ਇਹ ਕਿ ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ, ਸੁਭਾਅ ਵੱਜੋਂ ਹੀ, ਟਿਕਾਓ ਵਾਲਾ ਜੀਵਨ ਬਤੀਤ ਕਰਨੋ ਇਨਕਾਰੀ ਬਣ ਗਿਆਂ ਹੈ। ਦੂਸਰੀ ਪ੍ਰਵਿਰਤੀ ਉੱਚੀ ਬੋਲਣ ਅਤੇ ਲੋੜੋਂ ਵਧੇਰੇ ਤੀਂਘੜਨ ਦੀ ਹੈ। ਉਸਦੀ ਗੱਲ-ਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ। ਇਸੇ ਕਰਕੇ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ ਅਤੇ ਧੁੱਪ ਛੱਡਣ ਦਾ ਬੋਲ ਬੇਖੌਫ਼ ਹੋ ਬੋਲਦੇ ਹਨ, ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ-ਨਾਇਕ ਮੰਨਿਆ ਹੈ।

ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। ‘ਖਾਧਾ ਪੀਤਾ ਲਾਹੇ ਦਾ’ ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ।

ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।

ਸ਼ਖਸ਼ੀਅਤ

[ਸੋਧੋ]

ਪੰਜਾਬ ਦਾ ਸਰਹੱਦੀ ਇਲਾਕਾ ਹੋਣਾ ਪੰਜਾਬੀਆਂ ਦੀ ਸ਼ਖਸ਼ੀਅਤ ਦੇ ਕਈ ਵਿਲੱਖਣ ਲੱਛਣਾਂ ਦਾ ਕਾਰਨ ਬਣਿਆ। ਨਿੱਤ ਮੁਹਿੰਮਾਂ ਰਹਿਣ ਰਣ-ਜੂਝਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿਣਾ ਪੈਂਦਾ ਸੀ। ਸਿੱਟੇ ਵਜੋਂ, ਜ਼ਿੰਦਗੀ ਨੂੰ ਮਾਨਣ ਲਈ ਜੋਸ਼ ਅਤੇ ਉਮਾਹ ਵੀ ਓਨਾ ਹੀ ਤੀਬਰ ਹੁੰਦਾ ਸੀ, ਜਿੰਨਾ ਰਣ-ਜੂਝਣ ਵੇਲੇ ਲੜਨ ਮਰਨ ਲਈ ਹੁੰਦਾ ਸੀ। ਕੱਲ ਦਾ ਭਰੋਸਾ ਨਹੀਂ ਸੀ ਹੁੰਦਾ, ਇਸ ਲਈ ਖਾਦਾ ਪੀਤਾ ਹੀ ਲਾਹੇ ਹੁੰਦਾ ਸੀ। 'ਖਾ ਗਏ, ਰੰਗ ਲਾ ਗਏ, ਜੋੜ ਗਏ ਸੋ ਰੋਹੜ ਗਏ ਦਾ ਅਖਾਣ ਇਹੋ ਜਿਹੀਆਂ ਹਾਲਤਾ ਦੀ ਹੀ ਉਪਜ ਹੈ।[7]

ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਣਾ

[ਸੋਧੋ]

ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ।

ਪੰਜਾਬੀ ਨਾਇਕ ਦਾ ਮੁਹਾਂਦਰਾ

[ਸੋਧੋ]

ਪੰਜਾਬੀ ਸੱਭਿਆਚਾਰ ਵਿਚ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ।

ਤਿਆਗਵਾਦੀ ਜੀਵਨ ਫ਼ਲਸਫ਼ਾ

[ਸੋਧੋ]

ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। 'ਖਾਧਾ ਪੀਤਾ ਲਾਹੇ ਦਾ' ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ। ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।[8]

ਜਾਤ ਪ੍ਰਬੰਧ ਅਤੇ ਪੰਜਾਬੀ ਸਭਿਆਚਾਰ

[ਸੋਧੋ]

ਭਾਰਤ ਵਿਚ ਜਾਤ-ਪਾਤ ਦੀ ਤਕਸੀਮ ਸਦੀਆ ਤੋਂ ਚੱਲੀ ਆ ਰਹੀ ਹੈ। ਇਹ ਅਦਾਰਾ ਆਪਣੀ ਸਮਾਜੀ ਜਕੜ ਵਿਚ ਇਕ ਕਰੜਾ ਸ਼ਕਤੀਸ਼ਾਲੀ ਅਬਦਲ ਨਾਮ ਹੈ, ਜਿਸਦਾ ਆਪਣਾ ਹੀ ਸੰਭਵ ਕਾਨੂੰਨ ਹੈ ਅਤੇ ਦੁਨੀਆ ਭਰ ਵਿਚ ਕਿਸੇ ਵੀ ਸਮਾਜ ਦਾ ਆਧਾਰ ਅਜਿਹਾ ਵਿਖਾਈ ਨਹੀਂ ਦਿੰਦਾ। ਜਾਤ- ਪਾਤ ਸਿਧਾਂਤ ਦਾ ਕੀ ਪਿਛੋਕੜ ਹੈ ਅਤੇ ਇਹ ਕਿਵੇ ਹੋਂਦ ਵਿੱਚ ਆਇਆ ਇਸਦਾ ਕੋਈ ਤਸੱਲੀਬਖਸ਼ ਉੱਤਰ ਨਹੀਂ ਹੈ। ਇਤਿਹਾਸਿਕ ਪੱਖੋਂ ਆਰੀਆ ਅਤੇ ਧਾਰਮਿਕ ਪੱਖੋਂ ਬ੍ਰਾਹਮਣ ਲੋਕ ਇਸ ਨਿਜਾਮ ਦੇ ਜਨਮਦਾਤਾ ਹਨ। ਜਿਨ੍ਹਾਂ ਰੰਗ ਅਤੇ ਨਸਲੀ ਆਧਾਰ ਤੇ ਸਮਾਜ ਦੀ ਵੰਡ ਕੀਤੀ ਅਤੇ ਆਪਣੇ ਆਪ ਨੂੰ ਭਾਰਤ ਦੇ ਅਸਲ ਵਸਨੀਕਾ ਤੋਂ ਅਲੱਗ ਅਤੇ ਉੱਚਾ ਰੱਖਣ ਦੀ ਅਜਿਹੀ ਬੁਨਿਆਦ ਰੱਖੀ। ਕਈ ਸਿਆਣੇ ਕਹਿੰਦੇ ਹਨ ਕਿ ਜਾਤ ਪਾਤ ਦੀ ਆਧਾਰਸ਼ਿਲਾ ਪੇਸ਼ਾ ਹੈ। ਜਾਤ-ਪਾਤ ਦੇ ਨਿਜਾਮ ਨੂੰ ਪੱਕੀ ਆਧਾਰਸ਼ਿਲਾ ਦੇਣ ਲਈ ਹਿੰਦੂ ਸਮਾਜ ਦੇ ਮੁਖੀ ਬ੍ਰਾਹਮਣ ਨੇ ਜਾਤ- ਪਾਤ ਦੇ ਕਾਨੂੰਨ ਨੂੰ ਧਾਰਮਿਕ ਰੰਗ ਦੇ ਦਿੱਤਾ। ਚੰਗੇ ਤੇ ਬੁਰੇ ਕੰਮ ਹੁਣ ਚੰਗੀ ਤੇ ਮਾੜੀ ਜਾਤ ਦੇ ਕਰਤਾ ਧਰਤਾ ਬਣਨ ਲੱਗੇ। ਸਿੱਖ ਧਰਮ ਅਤੇ ਇਸਲਾਮ ਦੇ ਆਉਣ ਨਾਲ ਜਾਤ-ਪਾਤ ਦੇ ਨਿਜਾਮ ਨੂੰ ਵੱਡੀ ਸੱਟ ਲੱਗੀ।[9] ਪੰਜਾਬ ਸ਼ਬਦ ਪੰਜਾਬੀ ਦੇ ਪੰਜ ਅਤੇ ਫਾਰਸੀ ਦੇ ਸ਼ਬਦ ਆਬ ਭਾਵ ਪਾਣੀ ਦੇ ਮੇਲ ਤੋਂ ਬਣਿਆ ਹੈ। ਇਹ ਪੂਰਬ ਵਿਚ ਸਤਲੁਜ ਤੋਂ ਲੈ ਕੇ ਪੱਛਮ ਵਿਚ ਜਿਹਲਮ ਨਦੀ ਵਿਚਲੀ ਧਰਤੀ ਵੱਲ ਸੰਕੇਤ ਕਰਦਾ ਹੈ। ਇਸੇ ਤਰਾਂ ਪੰਜਾਬ ਦੇ ਵਿਚ ਭਿੰਨ-ਭਿੰਨ ਜਾਤਾਂ ਸੰਬੰਧੀ ਅਖੌਤਾ ਹਨ। ਜਿਵੇਂ ਕਿ :1)ਜੱਟ ਭਾਵੇਂ ਅੱਟੀ ਤਾਂ ਕਿਰਾੜ ਚੜ੍ਹਾਵੇ ਵੱਟੀ। 2)ਬਾਣੀਏ ਦੀ ਮੁੱਛ ਦਾ ਕੁਝ ਨਾ ਗਿਆ, ਪਰ ਪਠਾਨ ਨੇ ਸਾਰਾ ਟੱਬਰ ਮਾਰ ਲਿਆ।[10] ਹਿੰਦੁਸਤਾਨੀ ਸਮਾਜ ਨੂੰ ਸਮਝਣ ਦਾ ਤਰੀਕਾ ਇਸਦੀ ਜਾਤ ਪ੍ਰਣਾਲੀ ਹੈ।

ਪੰਜਾਬ ਵਿਚ ਹੋਰ ਸਮਾਜਿਕ ਪ੍ਰਣਾਲੀਆਂ ਵਾਂਗ ਜਾਤ ਪ੍ਰਣਾਲੀ ਇੰਨੀ ਜਟਿਲ ਨਹੀ ਜਿੰਨੀ ਕਿ ਹੋਰ ਭਾਗਾਂ ਵਿੱਚ ਹੈ। ਏਥੇ ਬ੍ਰਾਹਮਣਾ ਦੀ ਥਾਂ ਸਭ ਤੋਂ ਉੱਚੀ ਨਹੀਂ। ਇਹ ਦਰਜਾਬੰਦੀ ਜਮੀਨ, ਧਨ, ਦੌਲਤ, ਗਿਣਤੀ, ਸਰੀਰਿਕ ਅਤੇ ਰਾਜਨੀਤਿਕ ਸੱਤਾ ਆਦਿ ਵਰਗੀਆਂ ਇਸ ਦੁਨੀਆ ਦੀਆਂ ਦੀਆਂ ਦੌਲਤਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ। ਇਸੇ ਕਾਰਨ ਸਮਕਾਲੀਨ ਪੰਜਾਬ ਵਿਚ ਜੱਟਾਂ ਦੀ ਥਾਂ ਉੱਚੀ ਮੰਨੀ ਗਈ ਹੈ। ਜਾਤਾਂ ਵਿਚ ਵਿਆਹ ਦੀ ਪ੍ਰਥਾ ਇੰਨੀ ਪੱਕੀ ਨਹੀਂ। ਜਾਤਾਂ ਵਿਚ ਹੱਦਾਂ ਕਮਜ਼ੋਰ ਹੋਣ, ਸਿੱਖ ਮਤ ਦੁਆਰਾ ਸੁਚੇਤ ਤੌਰ ਤੇ ਜਾਤ ਪ੍ਰਣਾਲੀ ਖਤਮ ਕਰਨ ਦੇ ਯਤਨਾਂ ਅਤੇ ਇਸ ਖੇਤਰ ਵਿੱਚ ਮਰਦਾਂ ਮੁਕਾਬਲੇ ਇਸਤਰੀਆਂ ਦੀ ਗਿਣਤੀ ਨਾਲੋਂ ਘੱਟ ਹੋਣ ਕਾਰਨ ਅੰਤਰਜਾਤ ਵਿਆਹ ਨਹੀਂ ਹੁੰਦੇ ਸਗੋਂ ਹਿਮਾਚਲ, ਯੂਰਪੀ, ਉੜੀਸਾ ਤੋਂ ਇਸਤਰੀਆਂ ਵਿਆਹ ਕਰਵਾ ਕੇ ਲਿਆਂਦੀਆਂ ਦਾ ਰਹੀਆ ਹਨ। ਜਾਤ ਪ੍ਰਣਾਲੀ ਹੋਰਨਾਂ ਖੇਤਰਾਂ ਤੋਂ ਘੱਟ ਹੋਣ ਦੇ ਕਾਰਨ ਵੀ ਮਿਲਦੇ ਹਨ ਵੱਖ-ਵੱਖ ਧਾੜਾਂ ਦਾ ਦਾਖਲਾ, ਸਿੱਖ ਮਤਲਬ ਦਾ ਭਾਈਚਾਰਕ ਰਵੱਈਆ, ਸਰਮਾਏਦਾਰੀ ਦਾ ਤੇਜ ਵਿਕਾਸ ਆਦਿ ਹੋਰ ਵੀ ਜਾਤ ਪ੍ਰਣਾਲੀਆਂ ਹਨ। ਜਿਵੇਂ 1)ਪੁਜਾਰੀ ਜਾਤਾਂ-ਬਰਾਮਣ 2) ਕਿਰਸਾਨੀ-ਜੱਟ, ਰਾਜਪੂਤ, 3) ਵਪਾਰੀ-ਅਰੋੜੇ, ਖੱਤਰੀ, ਬਾਣੀਏ 4) ਦਮਤਗਾਰ-ਰਾਮਗੜੀਏ, ਅਨੁਸੂਚਿਤ-ਚਾਰ, ਚੂਹੜੇ।[11]

ਪੰਜਾਬੀ ਸਭਿਆਚਾਰ ਦਾ ਨਸਲੀ ਪਿਛੋਕੜ

[ਸੋਧੋ]

ਪੰਜਾਬੀ ਸਭਿਆਚਾਰ ਦੀ ਪਛਾਣ ਦਾ ਇਕ ਮਹੱਤਵਪੂਰਨ ਪਾਸਾਰ ਇਸਦੇ ਨਸਲੀ ਪਿਛੋਕੜ, ਬਣਤਰ ਅਤੇ ਸਰੂਪ ਦਾ ਹੈ। ਪੰਜਾਬੀ ਸਭਿਆਚਾਰ ਦੇ ਹੋਂਦਮੂਲਕ ਪੰਜਾਬੀ ਸ਼ਖ਼ਸੀਅਤ ਦੇ ਖਾਸੇ ਮੂਲ ਮਾਨਸਿਕ ਸਰੰਚਨਾ ਤੇ ਪੰਜਾਬੀ ਨਕਸ਼ ਇਸ ਨਸਲੀ ਸੰਗਮ ਦੇ ਅਹਮ ਵਰਤਾਰੇ ਹਨ।[12]

ਪੰਜਾਬ ਦੇ ਪ੍ਰਾਚੀਨ ਰਾਜਸੀ ਇਤਿਹਾਸ ਖਾਸਕਰ ਪੂਰਵ ਦਰਾਵੜ ਦੌਰ ਸੰਬੰਧੀ ਸਾਡੇ ਸ੍ਰੋਤ ਸਿਰਫ ਆਵਸ਼ੇਸ਼ਾਂ ਤੇ ਆਧਾਰਿਤ ਹੋਣ ਕਾਰਨ ਇਸਦੇ ਨਸਲੀ ਪਿਛੋਕੜ ਬਾਰੇ ਪ੍ਰਮਾਣਿਕ ਨਿਰਣਾ ਕਰਨਾ ਕਾਫ਼ੀ ਔਖਾ ਹੈ। ਪਹਿਲੇ ਬਾਸ਼ਿੰਦੇ ਆਦਿ, ਆਸਟਰਿਕ, ਫਿਰ ਦਰਾਵੜੀ ਨਸਲ ਦੇ ਹੀ ਮੰਨੇ ਜਾਂਦੇ ਹਨ।[13]

ਦਰਾਵੜਾਂਂ ਦੀ ਸਿੰਧ ਘਾਟੀ ਸਭਿਅਤਾ ਆਪਣੇ ਸਮੇਂ ਦੀ ਇਸ ਵਿਕਸਿਤ ਨਗਰ ਸਭਿਅਤਾ ਸੀ। ਸਿੰਧ ਘਾਟੀ ਦੀ ਸਭਿਅਤਾ ਦੀ ਉਚਿਤ ਪਛਾਣ ਅਤੇ ਪ੍ਰਮਾਣਿਕ ਰੂਪ ਤਾਂਂ ਸਿਰਫ ਖੁਦਾਈ ਉਪਰੰਤ ਪ੍ਰਾਪਤ ਪੁਰਾਣੀਆਂ ਲੱਭਤਾਂ ਤੋਂ ਪ੍ਰਾਪਤ ਹੋਈ ਹੈ। ਜਿਸਤੋਂ ਇਸਦੇ ਅਤਿ ਵਿਕਸਿਤ ਨਗਰੀ ਚੰਗੇਰੀਆਂ ਸਹੂਲਤਾਂ ਵਾਲੇ, ਸੁਨਿਯਮਿਤ ਵਿਉਂਤ ਅਤੇ ਵਡੇਰੇ ਖੇਤਰਾਂ ਵਿਚ ਪਸਰੇ ਹੋਣ ਦੇ ਪ੍ਰਮਾਣ ਉਪਲਬਧ ਹਨ।[14]

ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿਚ ਮਹੱਤਵਪੂਰਨ ਤੱਥ ਇਹ ਹੈ ਕਿ ਬ੍ਰਾਹਮਣੀ ਸਭਿਆਚਾਰ ਬਣਤਰ ਵਿਚ ਨਿਮਨ ਸ਼੍ਰੇਣੀਆਂ ਨਾਲ ਇਨ੍ਹਾਂ ਦੇ ਮਿਲਣ ਦੀ ਪ੍ਰਕਿਰਿਆ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਦਾਸ ਬਣਾ ਕੇ ਰੱਖੇ ਉਪਵਰਗਾਂ ਨੂੰ ਹੀ ਸਹਿਜੇ ਸਹਿਜੇ ਅਤਿ ਨੀਵਾਂ ਰੁਤਬਾ, ਜ਼ਾਲਮਾਨਾ ਵਹਿਸ਼ਤ ਭਰਿਆ ਵਿਹਾਰ ਕਠੋਰ ਬੰਧਨਮਈ ਜੀਵਨ ਵਿਚ ਨਰੜਿਆ ਗਿਆ ਹੈ।[15]

ਪੰਜਾਬੀ ਸਭਿਆਚਾਰ ਦਾ ਕੇਂਦਰੀ ਪ੍ਰੇਰਣਾ ਸਰੋਤ ਰਿਗਵੈਦਿਕ ਆਰਿਆਈ ਪਰੰਪਰਾ ਹੈ। ਪੰਜਾਬੀ ਸਭਿਆਚਾਰ ਪ੍ਰਤੀ ਸਹੀ ਇਤਿਹਾਸਿਕ ਦ੍ਰਿਸ਼ਟੀ ਦਾ ਪ੍ਰਮਾਣ ਨਹੀਂ। ਪੰਜਾਬੀ ਸਭਿਆਚਾਰ ਦਾ ਉਦੈ ਉੱਤਰ-ਹੜੱਪਾ ਯੁਗ ਵਿਚ ਪੰਜਾਬ ਦੇ ਆਰਿਆਈਕਰਣ ਤੋਂ ਸ਼ੁਰੂ ਹੁੰਦਾ, ਇਹ ਧਾਰਨਾ ਪੰਜਾਬੀ ਸਭਿਆਚਾਰ ਦੇ ਇਤਿਹਾਸਕ ਵਿਕਾਸ, ਮੂਲ ਖਾਸੇ, ਬਣਤਰ ਅਤੇ ਕੀਮਤ-ਪ੍ਰਬੰਧ ਦੀ ਦ੍ਰਿਸ਼ਟੀ ਤੋਂ ਤਰਕਸੰਗਤ ਅਤੇ ਉਚਿਤ ਨਹੀਂ।[16]

ਭਾਰਤੀ ਸਭਿਆਚਾਰ ਬਣਤਰ ਵਿਚੋਂ ਹੀ ਜਨਮਿਆਂ ਵਿਕਸਿਆ ਹੈ, ਪਰ ਇਹ ਪੁਰਾਣੀ ਸਭਿਆਚਾਰਕ ਬਣਤਰ ਨਾਲ ਬੁਨਿਆਦੀ ਟਾਕਰਾ, ਕਠੋਰ ਸੰਘਰਸ਼ ਤੇ ਰੱਦਣ ਦੇ ਅਮਲ ਵਿਚੋਂ ਹੀ ਨਵਾਂ ਮੁਹਾਂਦਰਾ ਘੜਦਾ ਹੈ।

ਪੰਜਾਬੀ ਸਭਿਆਚਾਰ ਅਤੇ ਸੰਪਰਦਾਇਕਤਾ

[ਸੋਧੋ]

ਮਨੁੱਖ ਨਸਲ ਦੀਆਂ ਹਰ ਤਰ੍ਹਾਂ ਦੀਆਂ ਘਾੜਤਾਂ, ਪ੍ਰਾਪਤੀਆਂ, ਅਪ੍ਰਾਪਤੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਹਰ ਹਾਲਤ ਵਿੱਚ ਉਸ ਸਭਿਆਚਾਰ ਦੀ ਹੀ ਪੈਦਾਵਾਰ ਹੁੰਦੇ ਹਨ। ਮਨੁੱਖ ਆਪਣੀ ਸਮਾਜਿਕ ਹੋਂਦ ਸਦਕੇ ਹੀ ਸ੍ਰਿਸ਼ਟੀ ਦੇ ਚੁਰਾਸੀ ਲੱਖ ਕਿਸਮ ਦੇ ਜੀਵ ਜੰਤੂਆਂ, ਪਸ਼ੂ ਪੰਛੀਆਂ ਅਤੇ ਹੋਰ ਜਾਨਦਾਰ ਜਾਤੀਆਂ ਨਾਲੋਂ ਵੱਖਰਾ ਸਰੂਪ ਧਾਰਨ ਕਰ ਸਕਿਆ ਹੈ। ਮਨੁੱਖੀ ਨਸਲ ਨੂੰ ਇਹ 'ਵਿਲੱਖਣਤਾ' ਅਤੇ 'ਸ਼੍ਰੇਸਟਤਾ' ਪ੍ਰਦਾਨ ਕਰਨ ਵਾਲਾ ਗੁਣ ਨਿਰਸੰਦੇਹ, ਉਸਦਾ ਸਭਿਆਚਾਰ ਹੀ ਹੈ। ਭਾਰਤੀ ਸਭਿਆਚਾਰ ਦੀ 'ਵਿਚਿੱਤਰਤਾ', 'ਵਿਲੱਖਣਤਾ' ਅਤੇ 'ਸ੍ਰੇਸ਼ਟਤਾ' ਉਂਜ ਤਾਂ ਅਨੇਕਾਂ ਗੁਣ ਲੱਛਣਾਂ ਸਦਕਾ ਮੰਨੀ ਜਾਂਦੀ ਹੈ, ਪਰੰਤੂ ਭਾਰਤੀ ਸਭਿਆਚਾਰ ਨੇ ਕੌਮਾਂਤਰੀ ਪੱਧਰ ਉਤੇ ਜਿਸ ਵਿਸ਼ੇਸ਼ਤਾ ਕਾਰਨ, ਵਧੇਰੇ ਮਾਣ ਵਡਿਆਈ ਪ੍ਰਾਪਤ ਕੀਤੀ ਹੈ। ਉਹ ਗੁਣ ਹੈ, ਇਸਦਾ 'ਅਨੇਕਤਾ'ਵਿੱਚ'ਏਕਤਾ'ਦਾ ਸਰੂਪ। ਪ੍ਰਾਚੀਨ ਕਾਲ ਤੋਂ ਹੀ ਭਾਰਤ ਅਨੇਕ 'ਜਨਪਦਾਂ', ਗਣਾਂ, ਭੂ-ਖੰਡਾਂ, ਭਾਸ਼ਾਵਾਂ, ਧਰਮਾਂ ਜਾਤਾਂ, ਉਪਜਾਤਾਂ, ਮੂੰਹੀਆਂ, ਗੋਤਾਂ, ਫ਼ਿਰਕਿਆਂ, ਕਬੀਲਿਆਂ, ਨਦੀਆਂ, ਦਰਿਆਵਾਂ, ਸਮਾਜਿਕ ਸਮੂਹਾਂ, ਉਪ-ਸਮੂਹ ਅਤੇ ਰਾਜਨੀਤਕ ਸੰਗਠਨਾਂ ਦਾ ਇਕ ਅਜਿਹਾ ਸਮੁੱਚਾ ਰਿਹਾ ਹੈ, ਜਿਹੜਾ ਵਿਸ਼ਵ ਦੇ ਸੂਝਵਾਨ ਲੋਕਾਂ ਲਈ ਸਦਾ ਹੀ ਹੈਰਾਨੀ ਦਾ ਕਾਰਨ ਬਣਿਆ ਹੈ। ਭਾਰਤੀ ਸਭਿਆਚਾਰ ਇੰਨਾ ਬਲਵਾਨ ਰਿਹਾ ਹੈ ਕਿ ਇਹ ਕਿਸੇ ਵੀ ਵਿਰੋਧੀ ਸਭਿਆਚਾਰ ਨੂੰ ਗਲਵਕੜੀ ਵਿੱਚ ਲੈ ਕੇ ਖ਼ਤਮ ਕਰ ਦੇਣ ਦੀ ਸਮਰੱਥਾ ਰਿਹਾ ਹੈ। ਪੰਜਾਬ, ਇਸੇ ਵਿਸ਼ਾਲ ਸਭਿਆਚਾਰ ਦਾ ਉਪ-ਸਭਿਆਚਾਰ ਖਿੱਤਾ ਹੋਣ ਦਾ ਮਾਣ ਰੱਖਦਾ ਹੈ। ਆਰੀਆ ਜਾਤੀ ਤੋਂ ਬਾਅਦ ਲੰਬੇ ਸਮੇਂ ਤੱਕ ਕੋਈ ਵੀ ਅਜਿਹੀ ਹਮਲਾਵਰ ਜਾਤੀ ਇੱਥੇ ਪ੍ਰਵੇਸ਼ ਨਹੀਂ ਕਰ ਸਕੀ, ਪ੍ਰਾਚੀਨ ਭਾਰਤੀ ਸਭਿਆਚਾਰ ਅੰਦਰ ਕਿਤੇ ਵੀ ਫ਼ਿਰਕੂ ਜਾਂ ਸੰਪਰਦਾਇਕ ਰੰਗਤ ਨਜ਼ਰ ਨਹੀਂ ਆਉਂਦੀ। ਇਸਲਾਮੀ ਕੱਟੜਤਾ ਦਾ ਪ੍ਰਤਿਕਰਮ ਇਹ ਹੋਇਆ ਕਿ ਹਿੰਦੁਸਤਾਨ ਦੇ ਲੋਕਾਂ ਨੇ ਵੀ ਮੁਸਲਮਾਨਾਂ ਨੂੰ 'ਮਲੇਛ'ਜਾਂ 'ਯਵਨ'ਕਹਿ ਕੇ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਸਭਿਆਚਾਰ ਅੰਦਰ ਹਿੰਦੂਆ ਨੇ ਵੀ ਮੁਸਲਮਾਨਾਂ ਨੂੰ ਉਹੀ ਦਰਜਾ ਦਿੱਤਾ, ਜਿਹੜਾ ਉਹ ਅਛੂਤਾਂ ਨੂੰ ਦੇ ਰਹੇ ਸਨ। ਜਿਸ ਭਾਂਡੇ ਵਿੱਚ ਮੁਸਲਮਾਨ ਖਾਣਾ ਖਾ ਲੈਂਦਾ ਸੀ ਉਹ ਤੋੜ ਦਿੱਤਾ ਜਾਂਦਾ ਸੀ। ਮੁਸਲਮਾਨ ਜਾਤੀ ਦੀ ਆਮਦ ਨੇ ਸਭਿਆਚਾਰ ਦਾ ਸਭ ਤੋਂ ਵੱਡਾ ਨੁਕਸਾਨ ਇਹ ਕੀਤਾ ਕਿ ਇਹਨਾਂ ਨੇ ਹਿੰਦੁਸਤਾਨੀਆ ਦੇ ਮਨਾਂ ਅੰਦਰ ਸੰਪਰਦਾਇਕਤਾ ਦੀ ਕੁੜੱਤਣ ਪੈਦਾ ਕਰ ਦਿੱਤੀ। ਨਿਸ਼ਚੇ ਹੀ ਧਾਰਮਿਕ ਦਵੈਸ਼ ਅਤੇ ਫਿਰਕੂ ਸੋਚ ਸੱਭਿਆਚਾਰ ਦੀ ਖਾਸੀਅਤ ਕਦੇ ਵੀ ਨਹੀਂ ਬਣੀ ਸਗੋਂ ਇਹ ਮੁਸਲਿਮ ਸੰਪਰਦਾਇਕਤਾ ਦੀ ਦੇਣ ਰਹੀ ਹੈ। ਕਬੀਰ ਜੀ ਨੇ ਕਿਹਾ ਸੀ:-

                              ਹਿੰਦੂ ਕਹਤ ਹੈ ਰਾਮ ਹਮਾਰਾ, ਮੁਸਲਮਾਨ ਰਹਿਮਾਨਾ।
                              ਆਪਸ ਮੇਂ ਦੋਊ ਲੜੇ ਮਰਤ ਹੈਂ, ਭੇਦ ਨਾ ਕੋਈ ਜਾਨਾ।

ਮੁਸਲਮਾਨ ਜਨਤਾ ਨੇ ਭਾਰਤ ਨੂੰ ਪੂਰੀ ਤਰ੍ਹਾਂ ਆਪਣਾ ਦੇਸ਼ ਮੰਨ ਲਿਆ ਅਤੇ ਇਸ ਧਰਤੀ ਨੂੰ ਆਪਣੀ ਜਨਮਭੂਮੀ ਮੰਨ ਕੇ ਇਸਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਅੰਗਰੇਜ਼ ਸਾਮਰਾਜ ਨੇ ਹਮਲਾ ਕੀਤਾ ਤਾਂ ਇੱਕ ਮੁਸਲਮਾਨ ਕਵੀ ਕੁਰਲਾ ਉੱਠਿਆ ਸੀ। ਉਹ ਹਿੰਦੂ-ਮੁਸਲਮਾਨਾਂ ਨੂੰ 'ਸਾਂਝੇ ਵਿਰਸੇ'ਦੀ ਪੈਦਾਵਾਰ ਮੰਨਦਾ ਤੇ ਅੰਗਰੇਜਾਂ ਨੂੰ 'ਤੀਸਰੀ ਜਾਤ'ਆਖ ਕੇ ਲਿਖਦਾ ਹੈ:-

   
                             ਸ਼ਾਹ ਮੁਹੰਮਦਾ, ਵਿਚ ਪੰਜਾਬ ਦੇ ਜੀ,
                             ਕਦੇ ਨਹੀਂ ਸੀ ਤੀਸਰੀ ਜਾਤ ਆਈ।

'ਤੀਜਾ ਰਲਿਆ ਕੰਮ ਗਲਿਆ'ਦੀ ਲੋਕ ਉਕਤੀ ਅਨੁਸਾਰ ਅੰਗਰੇਜ਼ਾ ਦੀ ਆਦਮ ਨਾਲ ਫ਼ਿਰਕੂ ਕੁੜੱਤਣ ਫਿਰ ਤੋਂ ਵਧੇਰੇ ਖ਼ਤਰਨਾਕ ਰੂਪ ਵਿੱਚ ਪਨਪਣ ਲੱਗ ਪਈ। ਬਰਤਾਨਵੀ ਸ਼ਾਸਕਾਂ ਦੀ 'ਪਾੜੋ ਤੇ ਰਾਜ ਕਰੋ 'ਦੀ ਕੁਟਿਲ ਨੀਤੀ ਦੇ ਅੰਤਰਗਤ ਸਭਿਆਚਾਰ ਅੰਦਰ ਫ਼ਿਰਕੂ ਸੋਚ ਫਿਰ ਤੋਂ ਜ਼ੋਰ-ਸ਼ੋਰ ਨਾਲ ਉਭਰਨੀ ਸ਼ੁਰੂ ਹੋ ਗਈ। ਇਸ ਸਮੇਂ ਦੀ ਫ਼ਿਰਕੂ ਸੋਚ 'ਨਫ਼ਰਤ 'ਜਾਂ 'ਸਾੜੇ'ਤੱਕ ਸੀਮਿਤ ਨਾ ਰਹਿ ਕੇ ਭਿਆਨਕ, ਜਾਨ ਲੇਵਾ ਦੁਸ਼ਮਣੀ ਤੱਕ ਖ਼ਤਰਨਾਕ ਰੂਪ ਅਖ਼ਤਿਆਰ ਕਰ ਗਈ ਸੀ। ਸਭਿਆਚਾਰ ਨੂੰ ਖੋਰਾ ਲਾਉਣ ਦਾ ਹਰ ਸੰਭਵ, ਅਸੰਭਵ ਯਤਨ ਕੀਤਾ। ਅੰਗਰੇਜ਼ੀ ਪੜ੍ਹੇ-ਲਿਖੇ ਹਿੰਦੂ-ਸਿੱਖ ਨੌਜਵਾਨ ਸਾਰੀਆਂ ਦਿਸ਼ਾਵਾਂ ਤੋਂ ਮੁੜ ਕੇ ਪੱਛਮ ਵੱਲ ਆਕਰਸ਼ਿਤ ਹੋਣ ਲੱਗ ਪਏ ਸਨ। ਭਾਰਤ ਦਾ ਨਵਾਂ ਪੜ੍ਹਿਆ-ਲਿਖਿਆ ਵਰਗ ਪਾਂਡੇ, ਪ੍ਰੋਹਤਾਂ ਦੇ ਅੰਧ-ਵਿਸ਼ਵਾਸ ਭਰੇ ਕਰਮਕਾਂਡ ਤੋਂ ਉਕਤਾ ਚੁੱਕਿਆ ਸੀ। ਘੋਰ ਨਿਰਾਸ਼ ਦੀ ਇਸ ਹਾਲਤ ਵਿੱਚ ਬ੍ਰਹਮੋ ਸਮਾਜ ਦੇ ਰੂਪ ਵਿੱਚ ਜਾਗ੍ਰਿਤੀ ਦੀ ਇਕ ਨਵੀਂ ਕਿਰਨ ਉਭਰਦੀ ਸ਼ੁਰੂ ਹੋਈ।

ਭਾਰਤ ਅੰਦਰ ਬ੍ਰਹਮੋ ਸਮਾਜ, ਆਰੀਆਂ ਸਮਾਜ, ਮੁਸਲਿਮ ਲੀਗ, ਅਤੇ ਸਿੰਘ ਲਹਿਰ ਵਰਗੇ ਸੰਗਠਿਨ ਅਸਲ ਵਿੱਚ ਈਸਾਈ ਮਿਸ਼ਨਰੀਆਂ ਦੇ ਵਿਰੋਧ ਲਈ ਹੀ ਹੋਂਦ ਵਿੱਚ ਆਏ ਸਨ ਇਸ ਵਿਰੋਧ ਦਾ ਅਸਰ ਸਭਿਆਚਾਰ ਉਪਰ ਵੀ ਹੋਇਆ ਜਿਵੇਂ ਭਾਈ ਵੀਰ ਸਿੰਘ ਨੇ ਆਪਣੇ ਨਾਵਲਾਂ(ਸੁੰਦਰੀ, ਵਿਜੈ ਸਿੰਘ, ਆਦਿ)ਵਿੱਚ ਸਿੱਖ ਭਾਈਚਾਰੇ ਨੂੰ ਬਾਕੀ ਲੋਕਾਂ ਦੇ ਮੁਕਾਬਲੇ ਵਧੇਰੇ ਉੱਚੇ-ਸੁੱਚੇ ਕਿਰਦਾਰਾਂ ਦੇ ਧਾਰਨੀ ਬਣਾ ਕੇ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਨਾ ਮਿਲਵਰਤਨ ਅੰਦੋਲਨ ਤੋ ਮਗਰੋਂ ਭਾਰਤ ਅੰਦਰ ਫਿਰਕੂ ਫਸਾਦਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਇਸ ਤਰ੍ਹਾਂ ਸਮੇਂ ਸਮੇਂ ਉੱਪਰ ਬਣੀਆਂ ਵੱਖ ਵੱਖ ਸੰਪਰਦਾਵਾਂ ਨੇ ਸਭਿਆਚਾਰ ਉੱਪਰ ਆਪਣਾ ਪ੍ਰਭਾਵ ਛੱਡਿਆ[17]

ਸੱਭਿਆਚਾਰ ਅਤੇ ਦਰਸ਼ਨ

[ਸੋਧੋ]

ਦਰਸ਼ਨ ਜਾਂ ਫਿਲਾਸਫੀ ਅਜਿਹਾ ਅਨੁਸਾਸ਼ਨ ਹੈ, ਜਿਸ ਵਿੱਚ ਜੀਵਨ ਦੇ ਗਹਿਰਾ ਗੰਭੀਰ ਮਸਲੇ ਵਿਚਾਰੇ ਜਾਂਦੇ ਹਨ ਜਿਵੇਂ, ਬ੍ਰਹਮ, ਸ਼੍ਰਿਸਟੀ, ਆਤਮਾ, ਜੀਵ ਆਦਿ। ਇਹ ਜੀਵਨ ਦੇ ਅਜਿਹੇ ਪੱਖ ਹਨ ਜਿਨ੍ਹਾ ਬਾਰੇ ਦਰਸ਼ਨ-ਸ਼ਾਸਤਰ ਵਿਸਥਾਰਪੂਰਵਕ ਚਰਚਾ ਕਰਦਾ ਹੈ। ਬ੍ਰਹਮ ਅਤੇ ਸ੍ਰਿਸ਼ਟੀ ਦਾ ਪਰਸਪਰ ਸਬੰਧ ਦੋਵਾਂ ਦੀ ਵਿਲੱਖਣ ਹੋਂਦ ਦਾ ਮਸਲਾ ਜਾਂ ਇਨ੍ਹਾਂ ਦੀ ਉੱਤਪਤੀ ਦਾ ਸਵਾਲ, ਦਰਸ਼ਨ ਸ਼ਾਸਤਰ ਲਈ ਸਦਾ ਹੀ ਚੁਣੌਤੀ ਬਣਿਆ ਰਿਹਾ ਹੈ। ਰੱਬ ਨੇ ਮਨੁੱਖ ਦੀ ਸਿਰਜਨਾ ਕੀਤੀ ਹੈ? ਜਾਂ ਮਨੁੱਖ ਨੇ ਰੱਬ ਦੀ? ਦਰਸ਼ਨ ਇਸ ਗੱਲ ਤੇ ਸਦਾ ਸਵਾਲ ਉਠਾਉਂਦਾ ਰਿਹਾ ਹੈ। ਭਾਰਤੀ ਦਰਸ਼ਨ, ਧਰਮ, ਅਰਥ, ਕਾਮ ਅਤੇ ਮੋਕਸ਼ ਨੂੰ ਦੁਰਲੱਭ ਪਦਾਰਥ ਵਜੋਂ ਪੇਸ਼ ਕਰਦਾ ਰਿਹਾ ਹੈ, ਜਦਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਵਿਨਾਸ਼ਕਾਰੀ ਭਾਵ ਕਿਹਾ ਗਿਆ ਹੈ। 'ਕਾਮ' ਦੋਵਾਂ ਵਿੱਚ ਸਾਂਝਾ ਸੂਤਰ ਹੈ। 'ਕਾਮ' ਕਿਸ ਹਾਲਤ ਵਿੱਚ ਦੁਰਲੱਭ ਪਦਾਰਥ ਹੈ ਤੇ ਕਦੋਂ ਵਿਨਾਸ਼ਕਾਰੀ? ਇਸ ਸਵਾਲ ਦਾ ਜਵਾਬ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜਿਆ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਨਾਲ ਜੁੜਿਆ ਹੋਇਆ ਹੈ। ਗੁਰਮਤਿ ਦਰਸ਼ਨ ਦਾ ਪ੍ਰਭਾਵ ਸਮੁੱਚੇ ਪੰਜਾਬੀ ਸੱਭਿਆਚਾਰ ਉੱਤੇ ਪਿਆ। ਸੱਭਿਆਚਾਰ ਦੇ ਅਨੁਕੂਲ ਹੀ ਸਮੁੱਚਾ ਗੁਰਮਤਿ ਦਰਸ਼ਨ ਕਿਰਿਆਸ਼ੀਲ ਹੁੰਦਾ ਹੈ। ਪੰਜਾਬੀ ਸੁਭਾਅ ਕਿਸੇ ਦੀ ਈਨ ਮੰਨਣ ਲਈ ਤਿਆਰ ਨਹੀਂ। ਪੰਜਾਬ ਨਾਲ ਸੰਬੰਧਿਤ ਇੱਕ ਵੀ ਭਗਤ ਜਾਂ ਸੂਰਮਾ ਅਜਿਹਾ ਨਹੀਂ ਜਿਸ ਨੇ ਪੰਜਾਬੀ ਸੱਭਿਆਚਾਰ ਦੀ ਇਸ ਕੇਂਦਰੀ ਕਦਰ ਦਾ ਪਾਲਣ ਨਾ ਕੀਤਾ ਹੋਵੇ। ਸੱਭਿਆਚਾਰ ਅਤੇ ਦਰਸ਼ਨ ਇੱਕ ਦੂਜੇ ਤੋਂ ਲਗਾਤਾਰ ਪ੍ਰਭਾਵਿਤ ਵੀ ਹੁੰਦੇ ਹਨ ਅਤੇ ਮੋੜਵੇ ਰੂਪ ਵਿੱਚ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਭਾਵੇਂ ਇੱਕ ਅਨੁਸਾਸ਼ਨ ਦੇ ਤੌਰ ਤੇ ਦੋਵਾਂ ਦੀ ਵੱਖਰੀ ਵੱਖਰੀ ਪਛਾਣ ਬਣੀ ਰਹਿੰਦੀ ਹੈ।[18]

ਸੱਭਿਆਚਾਰ ਰੂਪਾਂਤਰਨ

[ਸੋਧੋ]

ਆਰਥਕ, ਰਾਜਸੀ ਜਾਂ ਵਿਗਿਆਨਿਕ ਤਬਦੀਲੀਆਂ ਸੱਭਿਆਚਾਰ ਨੂੰ ਸਿੱਧੇ-ਅਸਿੱਧੇ ਢੰਗ ਨਾਲ ਬਦਲਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇੱਕ ਸਦੀ ਤੋਂ ਬਹੁਤ ਤੇਜ਼ੀ ਨਾਲ ਪਰਿਵਰਤਨ ਵਾਪਰੇ ਹਨ। ਇਹਨਾਂ ਤਬਦੀਲੀਆਂ ਨੇ ਨਾ ਸਿਰਫ਼ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਲੋੜਾਂ ਨੂੰ ਬਦਲਿਆ ਹੈ ਸਗੋਂ ਸਾਡੇ ਮਨੋਰਥਾਂ ਅਤੇ ਸਾਡੀ ਮਨੋਬਣਤਰ ਨੂੰ ਵੀ ਬਦਲਿਆ ਹੈ ਅਤੇ ਹੋਰ ਬਦਲਣਾ ਹੈ। ਹੁਣ ਪੰਜਾਬਣ ਆਪਣੇ ਮਾਹੀ ਨੂੰ ਨਹੀਂ ਕਹੇਗੀ ਕਿ, ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਸਗੋਂ ਹੁਣ ਸੁਖ ਸਹੂਲਤਾਂ ਦੇ ਨਵੇਂ ਸਾਧਨ ਆਉਣ ਲੱਗੇ ਹਨ ਅਤੇ ਸੰਚਾਰ ਸਾਧਨ ਮਨੁੱਖ ਨੂੰ ਬਾਹਰਲੀ ਦੁਨੀਆ ਨਾਲ ਇਸ ਤਰ੍ਹਾਂ ਜੋੜ ਰਹੇ ਹਨ ਕਿ ਨਾ ਕੇਵਲ ਮਨ ਉੱਤੇ ਸਗੋਂ ਜੀਵਨ ਉੱਤੇ ਸੰਸਾਰ ਵਿਆਪੀ ਹਾਲਤਾਂ ਅਸਰ ਕਰਦੀਆਂ ਹਨ। ਇਹਨਾਂ ਤਬਦੀਲੀਆਂ ਨੇ ਪੰਜਾਬੀਆਂ ਨੂੰ ਨਵੀਆਂ ਵੰਗਾਰਾਂ ਪੇਸ਼ ਕੀਤੀਆਂ ਹਨ।

ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਨਕਸ਼ ਨੁਹਾਰ ਘੜਨ ਅਤੇ ਇਹਨਾਂ ਨੂੰ ਇਤਿਹਾਸ ਦੇ ਪੁੱਠੇ-ਸਿੱਧੇ ਦਬਾਵਾਂ ਦੇ ਬਾਵਜੂਦ ਹੋਰ ਹੁਸੀਨ ਬਣਾਉਣ ਵਿੱਚ ਅਸਾਧਾਰਨ ਦ੍ਰਿੜਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਇਹ ਆਸ ਬੱਝਦੀ ਹੈ ਕਿ ਇਸ ਦਾ ਭਵਿੱਖ ਸ਼ਾਨਦਾਰ ਹੋਵੇ।

ਸਭਿਆਚਾਰ ਰੁਪਾਂਤਰਣ ਇੱਕ ਅਹਿਮ, ਅਟੱਲ ਪਰ ਸੁਖ਼ਮ ਪਰ ਗੁੰਝਲਦਾਰ ਪ੍ਰਕਿਰਿਆ ਹੈ। ਹਰ ਸੱਭਿਆਚਾਰ ਦਵੰਦਵਾਦ, ਭੌਤਿਕਵਾਦ ਦੇ ਮੂਲ ਨਿਯਮਾਂ ਅਨੁਸਾਰ ਆਪਣੀ ਵਿਸ਼ੇਸ਼ ਪ੍ਰਕਿਰਤਕ ਪ੍ਰਕਿਰਿਆ ਅਨੁਸਾਰ ਨਿਰੰਤਰ ਰੁਪਾਂਤਰਿਤ ਹੁੰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਹੋਰ ਸੱਭਿਆਚਾਰਕ ਉਪ-ਅੰਗ 'ਚ ਪਰਿਵਰਤਨ ਹੁੰਦਾ ਹੈ। ਸਭਿਆਚਾਰ ਰੁਪਾਂਤਰਣ ਇਕ-ਦਮ ਤੱਟ, ਫੌਰੀ ਵਰਤਾਰਾ ਨਹੀਂ ਹੈ, ਸਗੋਂ ਸਭਿਆਚਾਰ ਰੁਪਾਂਤਰਣ ਇੱਕ ਅਤਿਅੰਤ ਪੇਚੀਦਾ, ਸੂਖ਼ਮ, ਬਹੁ-ਪਰਤੀ ਅਤੇ ਮੱਧਮ ਰਫ਼ਤਾਰ ਨਾਲ ਵਾਪਰਦਾ ਵਰਤਾਰਾ ਹੈ। ਸੱਭਿਆਚਾਰ ਰੂਪਾਂਤਰਣ ਦੀ ਪ੍ਰਕਿਰਿਆ ਦਾ ਮੂਲ ਆਧਾਰ ਆਰਥਿਕ ਪ੍ਰਬੰਧ ਅਤੇ ਇਸ ਪ੍ਰਬੰਧ ਵਿਚ ਆਏ ਪਰਿਵਰਤਨਾਂ ਦਾ ਅਨੁਕੂਲ ਹੁੰਦਾ ਹੈ।[19]

ਸਭਿਆਚਾਰਿਕ ਗਤੀਵਿਧੀਆਂ

[ਸੋਧੋ]

ਹੁਣ ਤੋਂ ਪਹਿਲਾਂ ਕਦੇ ਵੀ ਪੰਜਾਬੀ ਸਭਿਆਚਾਰ ਨੂੰ ਗੰਭੀਰ ਅਧਿਅਨ ਦਾ ਮਜਮੂਨ ਨਹੀਂ ਬਣਾਇਆ ਗਿਆ ਜਿਹੜੀਆਂ ਮਾੜੀਆਂ ਮੋਟੀਆਂ ਕੋਸ਼ਿਸ਼ਾਂ ਹੋਈਆਂ ਵੀ ਹਨ ਉਹ ਸਤਹੀ ਪਧਰ ਉੱਤੇ ਪੰਜਾਬੀ ਸਭਿਆਚਾਰ ਬਾਰੇ ਬਾਰ ਬਾਰ ਦੁਹਰਾਈਆਂ ਗਈਆਂ ਚਲੰਤ ਟਿੱੱਪਣੀਆਂ ਤਕ ਹੀ ਮਹਿਦੂਦ ਰਹੀਆਂ ਹਨ। ਅੱਜ ਦੀ ਸਭ ਤੋਂ ਵੱਡੀ ਤੇ ਗੰਭੀਰ ਲੋੜ ਪੰਜਾਬੀ ਸਭਿਆਚਾਰ ਵਿਗਿਆਨ ਤਿਆਰ ਕਰਨ ਦੀ ਹੈ। ਪੰਜਾਬੀ ਸਭਿਆਚਾਰ ਦੀ ਉਸਾਰੀ ਲਈ ਪੁਰਾਤਨ ਕਾਲ ਤੋ ਲੈ ਕੇ ਹੁਣ ਤਕ ਸਭਿਆਚਾਰ ਦੇ ਲਗਾਤਾਰ ਬਦਲਦੇ ਰਹੇ ਰੂਪਾਂ ਦੇ ਇਤਿਹਾਸ ਅਤੇ ਉਹਨਾਂ ਦੇ ਪਾਠਾਂ ਨੂੰ ਲਭਣਾ ਜਰੂਰੀ ਹੈ। ਇਸਦੇ ਨਾਲ ਨਾਲ ਪੰਜਾਬੀ ਸਭਿਆਚਾਰ ਨਾਲ ਜੁੜੇ ਸਾਹਿਤ, ਚਿਤਰਕਲਾ, ਬੁੱੱਤਕਲਾ ਤੇ ਸੰਗੀਤ-ਕਲਾ ਆਦਿ ਸੁਹਜ ਪ੍ਰਗਟਾ ਰੂਪਾਂ ਦਾ ਇਕ ਸੰਯੁਕਤ ਪਾਠ ਦੇ ਤੌਰ'ਤੇ ਅਧਿਅਨ ਕਰਨਾ ਵੀ ਲਾਜ਼ਮੀ ਹੈ। ਦੁਖਦਾਇਕ ਗੱਲ ਇਹ ਹੈ ਹੈ ਕਿ ਪੰਜਾਬੀ ਲੋਕ ਕਲਾਵਾਂ ਦੇ ਮੋਖਿਕ ਪਾਠ ਬੜੀ ਤੇਜੀ ਨਾਲ ਇਸ ਕਰਕੇ ਅਲੋਪ ਹੁੰਦੇ ਜਾ ਰਹੇ ਹਨ ਕਿਉਕਿ ਕਿਸੇ ਵੀ ਸਰਕਾਰੀ ਅਦਾਰੇ ਜਾਂ ਸੰਸਥਾ ਵੱਲੋਂ ਇਹਨਾਂ ਦੀ ਸੰਭਾਲ ਤੇ ਸਰਵੇਖਣ ਦਾ ਕੰਮ ਨਹੀਂ ਛੋਹਿਆ ਗਿਆ। ਡਾ ਰਵਿੰਦਰ ਸਿੰਘ ਰਵੀ ਨੇ ਆਪਣੇ ਖੋਜ-ਪੱਤਰ "ਪੰਜਾਬੀ ਸਭਿਆਚਾਰ ਦਾ ਸੁਹਜ ਸ਼ਾਸ਼ਤਰ" ਵਿਚ ਇਸ ਬਾਰੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਪੰਜਾਬੀ ਸਭਿਆਚਾਰ ਵਿਗਿਆਨ ਤਿਆਰ ਕਰਨ ਨਾਲ ਇਹ ਕੰਮ ਨੇਪਰੇ ਚੜ੍ਹ ਸਕਦਾ ਹੈ। ਦੂਜਾ ਅਹਿਮ ਨੁਕਤਾ ਜਿਸ ਵੱਲ ਪੰਜਾਬੀਆਂ ਦਾ ਧਿਆਨ ਖਿੱੱਚਣਾ ਵਕਤ ਦੀ ਬਹੁਤ ਵੱਡੀ ਲੋੜ ਹੈ ਉਹ ਪੰਜਾਬੀ ਸਭਿਆਚਾਰ ਪਛਾਣ ਦਾ ਮਸਲਾ ਹੈ। ਪੰਜਾਬੀ ਸਭਿਆਚਾਰਕ ਪਛਾਣ ਦੇ ਇਸ ਸੰਕਟ ਦਾ ਇਕ ਫੌਰੀ ਸਿੱਟਾ ਇਹ ਨਿਕਲਿਆ ਹੈ ਕਿ ਅਜੋਕੇ ਪੰਜਾਬੀ ਭਾਵੇਂ ਹਿੰਦੂ ਹਨ ਭਾਵੇਂ ਸਿੱੱਖ ਹਨ ਆਪਣੇ ਸਭਿਆਚਾਰ ਨਾਲੋਂ ਦਿਨ ਬ ਦਿਨ ਟੁਟਦੇ ਜਾ ਰਹੇ ਹਨ। ਧਾਰਮਿਕ ਵੈਰ ਵਿਰੋਧ ਅਤੇ ਵਿਤਕਰੇ ਨੇ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਅਜਿਹਾ ਗਲਬਾ ਪਾ ਲਿਆ ਹੈ ਕਿ ਪੰਜਾਬੀ ਸਭਿਆਚਾਰ ਪਛਾਣ ਮਿਟਣ ਦੇ ਅਸਾਰ ਦਿਖਾਈ ਦੇਣ ਲੱਗ ਪਏ ਹਨ। ਇਸ ਸਭਿਆਚਾਰ ਪਛਾਣ ਨੂੰ ਪੁਨਰ ਸੁਰਜੀਤ ਕਰਨਾ ਅਤੇ ਪੰਜਾਬੀਆਂ ਵਿਚ ਸਹਿਹੋਂਦ ਤੇ ਪ੍ਰਸਪਰ ਪ੍ਰੇਮ ਭਾਵਨਾ ਨੂੰ ਜਗਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਤੀਜਾ ਮਸਲਾ ਪੰਜਾਬੀਆਂ ਦੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਦੂਰ ਦਰਾਜ ਮੁਲਕਾਂ ਵਿਚ ਵਸਣ ਕਾਰਨ ਪੈਦਾ ਹੋਇਆ ਹੈ। ਨਸਲਵਾਦ, ਟੈਕਨਾਲੋਜੀ, ਹਿੱੱਪੀਵਾਦ, ਪੱੱਛਮੀ ਸਭਿਆਚਾਰ ਦੇ ਪ੍ਰਭਾਵਾਂ ਅਤੇ ਉਸ ਨਾਲ ਪੰਜਾਬੀ ਸਭਿਆਚਾਰ ਦੇ ਟਕਰਾਓ ਨਾਲ ਪੈਦਾ ਹੋਏ ਤਨਾਓ ਸਦਕਾ ਪ੍ਰਦੇਸਾ ਵਿਚ ਵਸਦੇ ਪੰਜਾਬੀਆਂ ਦੇ ਸਭਿਆਚਾਰ ਦੀ ਇਕ ਨਵੀਂ ਨੁਹਾਰ ਉਘੜ ਕੇ ਸਾਹਮਣੇ ਆਈ ਹੈ। ਸ਼ਰਾਬਨੋਸ਼ੀ ਦੀ ਅਤਿ, ਘਰੇਲੂ ਤੇ ਧਰਮ ਸਥਾਨਕ ਝਗੜੇ, ਤਲਾਕਾਂ ਦੀ ਬਹੁਤਾਤ ਮਸ਼ੀਨੀ ਜਿੰਦਗੀ ਪੌਪ ਸੰਗੀਤ ਤੇ ਘੁਟਵੇਂ ਸਮਾਜਿਕ ਮਾਹੌਲ ਨੇ ਪ੍ਰਵਾਸੀ ਪੰਜਾਬੀਆਂ ਵਿਚ ਅਜੀਬ ਕਿਸਮ ਦੀ ਤਲਖੀ ਪੈਦਾ ਕਰ ਦਿੱਤੀ ਹੈ। ਇਕ ਵਿਯੋਗੇ ਹੋਏ ਮਨੁਖ ਵਾਂਗ ਅਜਨਬੀਅਤ ਦੇ ਅਹਿਸਾਸ ਨੂੰ ਹੰਢਾ ਰਹੇ ਹਨ। ਚੌਥਾ ਮਸਲਾ ਪੰਜਾਬੀ ਭਾਸ਼ਾ ਦੇ ਮਸਲੇ ਨਾਲ ਸਬੰਧ ਰਖਦਾ ਹੈ। ਪੰਜਾਬ ਦੇ ਲਗਾਤਾਰ ਬਦਲਦੇ ਜੁਗਰਾਫੀਏ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬੀ ਭਾਸ਼ਾ ਦੀ ਹਾਲਤ ਕਾਫੀ ਡਾਂਵਾਂ ਡੋਲ ਰਹੀ ਹੈ ਇਸ ਰੋਲ ਕਚੋਲੇ ਦੇ ਕਾਰਨ ਪੰਜਾਬੀ ਭਾਸ਼ਾ ਦੇ ਤਿੰਨ ਰੂਪ ਉਭਰ ਕੇ ਸਾਹਮਣੇ ਆਏ ਹਨ। ਪ੍ਰੋ ਪ੍ਰੇਮ ਪ੍ਰਕਾਸ਼ ਦੇ ਖਿਆਲ ਵਿਚ ਪਾਕਿ-ਪੰਜਾਬੀ ਵਿਚ ਫ਼ਾਰਸੀ, ਅਰਬੀ ਦਾ ਤਤਸਮੀਕਰਨ ਅਤੇ ਹਿੰਦੀ ਸੰਸਕ੍ਰਿਤ ਦਾ ਤਦਭਵੀਕਰਨ ਹੋ ਰਿਹਾ ਹੈ ਇਸਦੇ ਉਲਟ ਭਾਰਤੀ ਪੰਜਾਬੀ ਵਿਚ ਫ਼ਾਰਸੀ ਅਰਬੀ ਦਾ ਤਦਭਵੀਕਰਨ ਅਤੇ ਹਿੰਦੀ ਦਾ ਤਤਸਮੀਕਰਨ ਹੋ ਰਿਹਾ ਹੈ। ਇਸ ਤਰਾਂ ਵਸਤੂ ਸਥਿਤੀ ਇਹ ਬਣ ਗਈ ਹੈ ਕਿ ਪਾਕਿਸਤਾਨੀ ਪੰਜਾਬੀਆਂ ਅਤੇ ਭਾਰਤੀ ਪੰਜਾਬੀਆਂ ਵਿਚ ਸੰਚਾਰ ਦਾ ਮਸਲਾ ਵੀ ਗੰਭੀਰ ਰੂਪ ਅਖਤਿਆਰ ਕਰ ਗਿਆ ਹੈ। ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਿਚ ਪੰਜਾਬੀ ਤੇ ਅੰਗ੍ਰੇਜ਼ੀ ਭਾਸ਼ਾ ਦਾ ਇਕ ਖਿਚੜੀ ਨੁਮਾ ਭਾਸ਼ਾਈ ਰੂਪ ਪ੍ਰਚਲਿਤ ਹੋ ਗਿਆ ਹੈ। ਜਿਸ ਵਿਚ ਅੰਗ੍ਰੇਜ਼ੀ ਭਾਸ਼ਾ ਦੇ ਵਿਆਕਰਨ ਦਾ ਕਾਫੀ ਦਖਲ ਹੈ। ਭਾਰਤੀ ਪੰਜਾਬੀਆਂ ਦੀ ਨਵੀਂ ਪੀੜੀ ਲਈ ਪਾਕਿਸਤਾਨੀ ਪੰਜਾਬੀ ਭਾਸ਼ਾ ਨੂੰ ਸਮਝਨਾ ਔਖਾ ਹੈ ਪੰਜਾਬੀ ਸਭਿਆਚਾਰ ਦਾ ਪ੍ਰਮਾਣਿਕ ਰੂਪ ਪੰਜਾਬੀ ਭਾਸ਼ਾ ਦੇ ਇਹਨਾਂ ਦੋਹਾਂ ਰੂਪਾਂ ਦੇ ਵਿਗਿਆਨਕ ਵਿਸ਼ਲੇਸ਼ਣ ਮਗਰੋਂ ਹੀ ਹੋਂਦ ਵਿਚ ਆ ਸਕੇਗਾ।[20]

ਪੰਜਾਬੀ ਸੱਭਿਆਚਾਰ ਉਤੇ ਆਧੁਨਿਕ ਪ੍ਰਭਾਵ

[ਸੋਧੋ]

ਜਾਣ ਪਛਾਣ

[ਸੋਧੋ]

ਸਾਡੇ ਸਮਾਜ ਤੇ 18ਵੀਂ ਸਦੀ ਵਿੱਚ ਯੂਰਪੀ ਵਿਚਾਰਧਾਰਾ ਦਾ ਅਸਰ ਹੋਣਾ ਸ਼ੁਰੂ ਹੋਇਆ। ਜਦੋਂ ਅੰਗਰੇਜ਼ਾਂ ਨੇ ਸਾਡੇ ਦੇਸ਼ ਤੇ ਆਪਣੀ ਚੜ੍ਹਤ ਬਣਾ ਲਈ ਸੀ। ਪੰਜਾਬੀ ਸੱਭਿਆਚਾਰ ਵਿਚੋਂ ਵਿਦੇਸ਼ੀ ਪ੍ਰਭਾਵਾਂ ਦੇ ਮੁਹਾਂਦਰੇ ਦੀ ਪਛਾਣ ਲਈ ਜ਼ਰੂਰੀ ਹੈ ਕਿ ਸ਼ਬਦ 'ਸੱਭਿਆਚਾਰ' ਦੀ ਅਰਥ ਸੀਮਾ ਨਿਸ਼ਚਿਤ ਕਰ ਲਈ ਜਾਵੇ। ਅੰਗਰੇਜ਼ੀ ਵਿਚ ਇਸਦਾ ਪਰਿਆਇਵਾਚੀ ਸ਼ਬਦ 'ਕਲਚਰ' ਹੈ ਜੋ ਲਾਤਿਨੀ ਦੇ ਕ੍ਰਿਆ ਰੂਪ 'ਕਾਲੀਅਰ' ਤੋਂ ਵਿਉਤਪਤ ਹੋਇਆ ਹੈ ਜਿਸਦੇ ਅਰਥ ਹਨ ਭੂਮੀ ਨੂੰ ਵਾਹੁਣਾ। ਪਰ ਜਦੋਂ ਅਸੀਂ ਇੱਕ ਸਭਿਆਚਾਰ ਦੇ ਦੂਜੇ ਉੱਤੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਇਸ ਸ਼ਬਦ ਦੇ ਅਰਥ ਘੇਰੇ ਵਿਚ ਲੋਕਾਂ ਦਾ ਵਿਵਹਾਰ ਆ ਜਾਂਦਾ ਹੈ ਜੋ ਲੋਕਾਂ ਦੇ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰਿਵਾਜ਼, ਆਦਤਾਂ, ਅਤੇ ਕਾਰਜ ਆਦਿ ਉੱਤੇ ਆਧਾਰਿਤ ਹੁੰਦਾ ਹੈ।[21]

ਧਰਮ ਤੇ ਵਿਸ਼ਵਾਸ

[ਸੋਧੋ]

ਪੰਜਾਬੀ ਸੱਭਿਆਚਾਰ ਦਾ ਸੁਭਾਅ ਆਰੰਭ ਤੋਂ ਹੀ ਧਰਮ ਮੁੱਖ ਰਿਹਾ ਹੈ ਕਿਉਂਕਿ ਸੰਸਕਾਰ, ਰੀਤੀ-ਰਸਮਾਂ, ਵਿਸ਼ਵਾਸ ਆਦਿ ਸਭ ਪੁਰਾਣੇ ਧਰਮ ਦੀ ਬੁੱਕਲ ਵਿਚ ਆ ਜਾਂਦੇ ਹਨ। ਆਧੁਨਿਕ ਪ੍ਰਭਾਵ ਦੇ ਨਾਲ ਧਰਮ ਲੋਕਾਂ ਦਾ ਅਟੁੱਟ ਅੰਗ ਨਹੀਂ ਰਿਹਾ। ਲੋਕ ਵੱਖ ਵੱਖ ਧਰਮਾਂ ਵਿਚ ਵਿਸ਼ਵਾਸ ਕਰਨ ਲੱਗੇ ਹਨ। ਆਧੁਨਿਕ ਪ੍ਰਭਾਵ ਦੇ ਨਾਲ ਧਰਮ ਦੇ ਸਦਾਚਾਰ, ਕਰਮ ਕਾਂਡੀ ਤੇ ਬਾਹਰੀ ਬਨਾਵਟ ਪੱਖੋਂ ਬੜਾ ਫਰਕ ਪੈ ਚੁੱਕਾ ਹੈ।[22] ਆਧੁਨਿਕ ਵਿਗਿਆਨ ਨੇ ਦਲੀਲ ਵਿਚ ਰੱਬ ਦੀ ਮਹਿਮਾ ਵਾਲਾ ਹਿੱਸਾ ਕੱਢ ਦਿੱਤਾ ਹੈ ਅਤੇ ਮਸ਼ੀਨੀ ਨੀਯਮ ਨੂੰ ਰੱਖ ਲਿਆ ਹੈ। ਅਜੋਕੇ ਮਨੁੱਖ ਦੀ ਮਾਨਸਿਕ ਬਣਤਰ ਬਦਲ ਗਈ ਹੈ।[23]

ਰਿਸ਼ਤਾ ਪ੍ਰਬੰਧ

[ਸੋਧੋ]

ਪੰਜਾਬੀ ਸੱਭਿਆਚਾਰ ਤੇ ਆਧੁਨਿਕ ਪ੍ਰਭਾਵ ਕਾਰਨ ਸਮਾਜਿਕ ਰਿਸ਼ਤਿਆਂ ਤੇ ਪਰਿਵਾਰਿਕ ਸੰਬੰਧਾਂ ਵਿਚ ਪਰਿਵਰਤਨ ਆਏ। ਮਿਸਾਲ ਵਜੋਂ ਚਾਚਾ, ਤਾਇਆ, ਮਾਮਾ, ਫੁੱਫੜ ਰਿਸ਼ਤਿਆਂ ਲਈ ਇੱਕ ਸ਼ਬਦ 'ਅੰਕਲ' ਰਹਿ ਗਿਆ। ਚਾਚੀ, ਤਾਈ, ਮਾਮੀ, ਭੂਆ ਵੀ 'ਆਂਟੀ' ਬਣ ਗਈਆਂ। ਵਿਆਹ ਪ੍ਰਬੰਧ ਵਿਚ ਪਰਿਵਰਤਨ ਆਏ ਹਨ। ਜਿੱਥੇ ਪਹਿਲਾਂ ਮਰਦ ਔਰਤ ਨੂੰ ਵਿਆਹ ਤੋਂ ਪਹਿਲਾਂ ਦੇਖਦੇ ਨਹੀਂ ਸਨ ਅਜੋਕੇ ਸਮੇਂ ਵਿਚ ਪਿਆਰ ਵਿਆਹ ਨੂੰ ਵੀ ਮਾਨਤਾ ਮਿਲ ਗਈ ਹੈ।[24]

ਪਹਿਰਾਵਾ ਅਤੇ ਹਾਰ-ਸ਼ਿੰਗਾਰ

[ਸੋਧੋ]

ਵੱਖ-ਵੱਖ ਇਲਾਕੇ ਅਤੇ ਕੌਮਾਂ ਫਿਰਕਿਆਂ ਦੇ ਪਹਿਰਾਵੇ ਵਿਚ ਭਿੰਨਤਾ ਹੁੰਦੀ ਹੈ ਤੇ ਪੈਰਾਂ ਤੋਂ ਸਿਰ ਤੱਕ ਸਾਂਭਣ ਤੇ ਸਜਾਉਣ ਨੂੰ ਪਹਿਰਾਵੇ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਪਹਿਰਾਵਾ ਸਰੀਰ ਢਕਣ ਦਾ ਸਾਧਨ ਨਹੀਂ ਰਿਹਾ। ਸਗੋਂ ਸਰੀਰ ਦਾ ਕੁਹਜ ਲੁਕਾਉਣ ਅਤੇ ਸੁਹਜ ਵਧਾਉਣ ਦਾ ਸਾਧਨ ਬਣ ਗਿਆ ਹੈ।[25] ਅਜੋਕੇ ਸਮੇਂ ਪੰਜਾਬੀਆਂ ਦਾ ਪਹਿਰਾਵਾ ਪੱਛਮੀ ਦੇਸ਼ਾਂ ਦੇ ਲੋਕਾਂ ਵਰਗਾ ਹੁੰਦਾ ਜਾ ਰਿਹਾ ਹੈ ਅਤੇ ਦਿਨੋ-ਦਿਨ ਇਸ ਵਿੱਚ ਤਬਦੀਲੀ ਆ ਰਹੀ ਹੈ।

ਖਾਣ ਪੀਣ

[ਸੋਧੋ]

ਪੰਜਾਬੀਆਂ ਦੀ ਖੁਰਾਕ ਦਿਨ ਵਿਚ ਚਾਰ ਵਾਰ ਹੁੰਦੀ ਰਹੀ ਹੈ ਤੇ ਉਹ ਵੀ ਪੂਰੀ ਤਰ੍ਹਾਂ ਰੱਜ ਕੇ, ਛਾਹ ਵੇਲਾ, ਦੁਪਹਿਰ ਵੇਲ, ਲੋਢਾ ਵੇਲਾ, ਤ੍ਰਕਾਲਾਂ ਪੁਰਾਣੇ ਸਮੇਂ ਵਿਚ ਆਮ ਪ੍ਰਚੱਲਿਤ ਰਿਹਾ। ਹੁਣ ਤਾਂ ਪੰਜਾਬੀ ਖੁਰਾਕ ਬਦਲ ਕੇ ਸਵੇਰ ਵੇਲੇ ਬਰੈੱਡ ਟੀ ਜਾਂ ਬਰੇਕਫਾਸਟ, ਦੁਪਹਿਰ ਨੂੰ ਲੰਚ ਤੇ ਸ਼ਾਮ ਨੂੰ ਡਿੱਨਰ ਕਹਣਾ ਬਧੇਰੇ ਸ਼ਾਨ ਦੀ ਗੱਲ ਸਮਝਣ ਲੱਗੇ ਹਨ। ਅਜੋਕੇ ਸਮੇਂ ਫਾਸਟ ਫੂਡ ਨੇ ਆਪਣੇ ਪੈਰ ਜਮਾ ਲਏ ਹਨ।[26] ਹੁਣ ਨਾ ਕੋਈ ਸੱਤੂ ਪੀਂਦਾ ਹੈ ਅਤੇ ਨਾ ਹੀ ਸੱਤੂਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ। ਇਸ ਤਰ੍ਹਾਂ ਹੀ ਨਾ ਕੋਈ ਠੰਢਿਆਈ ਪੀਂਦਾ ਹੈ ਅਤੇ ਨਾ ਹੀ ਕਿਸੇ ਨੂੰ ਠੰਢਿਆਈ ਬਾਰੇ ਜਾਣਕਾਰੀ ਹੈ। ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਚਾਹ ਪੀਤੀ ਜਾਂਦੀ ਹੈ। ਚੰਗੀਆਂ ਖੁਰਾਕਾਂ ਤਾਂ ਅਲੋਪ ਹੋ ਰਹੀਆਂ ਹਨ। ਇਹ ਤਾਂ ਹੁਣ ਲੋਕ ਗੀਤਾਂ ਵਿਚ ਹੀ ਮਿਲਦੀਆਂ ਹਨ।

ਕੰਗਣਾ ਵਾਲੀ ਦੁੱਧ ਰਿੜਕੇ
ਵਿਚੋਂ ਮੱਖਣ ਝਾਤੀਆਂ ਮਾਰੇ[27]

ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ

[ਸੋਧੋ]

ਜਾਣ-ਪਛਾਣ

[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਭਾਸ਼ਾ ਮਹੱਤਵਪੂਰਨ ਹੈ ਭਾਸ਼ਾ ਮਨੁੱਖ ਨੂੰ ਪਸ਼ੂਆਂ ਤੋਂ ਨਿਖੇੜਨ ਲਈ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਮਨੁੱਖੀ ਭਾਸ਼ਾ ਤੇ ਸਭਿਆਚਾਰ ਇਕ-ਦੂਜੇ ਨਾਲ ਡੂੰਘੀ ਤਰ੍ਹਾਂ ਸੰਬੰਧਿਤ ਹਨ। ਸਭਿਆਚਾਰ ਮਨੁੱਖ ਦਾ ਸਿੱਖਿਆ ਹੋਇਆ ਵਿਵਹਾਰ ਹੈ ਸੋ ਇਹ ਸੁਭਾਵਿਕ ਹੀ ਹੈ ਕਿ ਸਿੱਖਣ ਦੀ ਪ੍ਰਕਿਰਿਆ ਭਾਸ਼ਾ ਨਾਲ ਸੰਬੰਧਿਤ ਹੈ। ਭਾਸ਼ਾ ਤੇ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਜਾਂਦੇ ਵਰਤਾਰੇ ਹਨ।[28].

ਪੰਜਾਬੀ ਸਭਿਆਚਾਰ ਤੇ ਪੰਜਾਬੀ ਭਾਸ਼ਾ

[ਸੋਧੋ]

ਸਭਿਆਚਾਰ ਤੇ ਪੰਜਾਬੀ ਭਾਸ਼ਾ ਦਾ ਗਹਿਰਾ ਸੰਬੰਧ ਹੈ। ਵੱਖੋ ਵੱਖਰੇ ਸਭਿਆਚਾਰ ਦੀ ਵੱਖੋ ਵੱਖਰੀ ਭਾਸ਼ਾ ਹੁੰਦੀ ਹੈ ਉਸ ਸਭਿਆਚਾਰ ਦੀ ਭਾਸ਼ਾ ਹੀ ਉਸ ਸਭਿਆਚਾਰ ਨੂੰ ਪੇਸ਼ ਕਰ ਸਕਦੀ ਹੈ ਪੰਜਾਬੀ ਸਭਿਆਚਾਰ ਦੀ ਭਾਸ਼ਾ ਪੰਜਾਬੀ ਹੈ। ਪੰਜਾਬੀ ਸਭਿਆਚਾਰ ਪੰਜਾਬੀ ਭਾਸ਼ਾ ਵਿੱਚ ਵਧੇਰੇ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜੇਕਰ ਕੋਈ ਪੰਜਾਬੀ ਵਿਅਕਤੀ ਕਿਸੇ ਹੋਰ ਭਾਸ਼ਾ ਰਾਹੀਂ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਨ ਦੀ ਗੱਲ ਕਰੇਗਾ ਤਾਂ ਉਹ ਉਸ ਵਿੱਚ ਅਸਫ਼ਲ ਰਹੇਗਾ। ਹਰ ਕਿਸੇ ਸਭਿਆਚਾਰ ਵਿੱਚ ਪ੍ਰਚਲਿਤ ਰੀਤੀ-ਰਿਵਾਜਾਂ, ਖਾਣ-ਪੀਣ ਦੇ ਢੰਗ ਵੱਖੋ-ਵੱਖਰੇ ਹੁੰਦੇ ਹਨ। ਅਜਿਹੀ ਸਮੱਗਰੀ ਨੂੰ ਪੇਸ਼ ਕਰਨ ਲਈ ਉਸ ਦੀ ਆਪਣੀ ਭਾਸ਼ਾ ਹੀ ਵਧੇਰੇ ਠੀਕ ਰਹਿੰਦੀ ਹੈ। ਪੰਜਾਬੀ ਭਾਸ਼ਾ ਤੇ ਸਭਿਆਚਾਰ ਦੋਵੇਂ ਹੀ ਪਰਿਵਰਤਨਸ਼ੀਲ ਤੇ ਵਿਕਾਸ ਕਰਦੇ ਹਨ। ਸਭਿਆਚਾਰ ਵਿਕਾਸ ਕਰਦਾ ਹੈ ਉਸਦੇ ਨਾਲ ਹੀ ਭਾਸ਼ਾ ਵੀ ਉਸ ਤੋਂ ਪਿੱਛੇ ਨਹੀਂ ਰਹਿੰਦੀ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਜੇਕਰ ਅਸੀਂ ਇਤਿਹਾਸਕ ਕਾਲਕ੍ਰਮ ਨਾਲ ਵੇਖੀਏ ਤਾਂ ਦੋਹਾਂ ਵਿੱਚ ਪਰਿਵਰਤਨ ਅਤੇ ਵਿਕਾਸ ਹੁੰਦਾ ਰਿਹਾ ਹੈ। ਪੰਜਾਬੀ ਸਭਿਆਚਾਰ ਤੇ ਪੰਜਾਬੀ ਭਾਸ਼ਾ ਦਾ ਪਹਿਲੀ ਵਾਰ ਪ੍ਰਗਟਾ ਨਾਥਾ ਜੋਗੀਆਂ ਦੀ ਕਵਿਤਾ ਵਿੱਚ ਹੋਇਆ ਜੋ ਬ੍ਰਾਹਮਣਵਾਦ ਦੀ ਵਿਰੋਧੀ ਸੀ ਤੇ ਜਾਗੀਰਦਾਰੀ ਸਮਾਜ ਦੀ ਸੋਚ ਦੀ ਪ੍ਰਤੀਨਿਧਤਾ ਕਰਦੀ ਸੀ। ਨਾਥਾ ਜੋਗੀਆਂ ਨੇ ਪੰਜਾਬੀ ਭਾਸ਼ਾ ਨੂੰ ਆਪਣੇ ਪ੍ਰਗਟਾ ਦਾ ਮਾਧਿਅਮ ਬਣਾਇਆ ਸਭਿਆਚਾਰ ਪਰਿਵਰਤਨ ਨਾਲ ਭਾਸ਼ਾ ਵਿੱਚ ਵੀ ਪਰਿਵਰਤਨ ਹੁੰਦਾ ਰਿਹਾ ਹੈ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਤੇ ਉਹ ਲਿਪੀ ਸਭਿਆਚਾਰ ਦੀਆ ਲੋੜਾਂ ਅਨੁਸਾਰ ਹੁੰਦੀ ਹੈ। ਇਸ ਕਰਕੇ ਹਰ ਭਾਸ਼ਾ ਨੂੰ ਉਸੇ ਲਿਪੀ ਵਿੱਚ ਲਿਖਣ ਨਾਲ ਹੀ ਸਭਿਆਚਾਰ ਨੂੰ ਠੀਕ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ।[29] ਸਭਿਆਚਾਰ ਪ੍ਰਕਿਰਤਕ ਜਗਤ ਦੇ ਸਮਾਨਤਰ ਮਨੁੱਖ ਸਿਰਜਤ ਵਿਆਪਕ ਸਿਸਟਮ ਹੈ। ਸਭਿਆਚਾਰ ਵਿੱਚ ਮਨੁੱਖ ਦੀਆ ਹੋਰ ਸਭਿਆਚਾਰਕ ਸਿਰਜਨਾਵਾਂ ਜਿਵੇਂ ਰਿਸ਼ਤਾ-ਨਾਤਾ, ਪਰਿਵਾਰ, ਵਿਆਹ ਪ੍ਰਬੰਧ, ਵਿਹਾਰ ਪੈਟਰਨ, ਕੀਮਤ ਪ੍ਰਬੰਧ ਤੋਂ ਇਲਾਵਾ ਵਿਭਿੰਨ ਸੰਚਾਰ ਵਸੀਲੇ ਵੀ ਸ਼ਾਮਿਲ ਹਨ। ਸਭਿਆਚਾਰ ਦਾ ਇਕ ਭਾਸ਼ਾ ਸਿਰਜਤ ਮਨੁੱਖੀ ਜੀਵਨ ਢੰਗ ਦੇ ਵਿਭਿੰਨ ਪਹਿਲੂਆਂ ਦਾ ਹੈ ਤੇ ਦੂਸਰਾ ਇਨ੍ਹਾਂ ਨੂੰ ਸੰਚਾਰਿਤ ਕਰਨ ਦੇ ਵਸੀਲਿਆਂ ਦਾ ਕੁਝ ਸਭਿਆਚਾਰ ਪ੍ਰਵਚਨ ਉਸ ਸਭਿਆਚਾਰ ਦੀ ਭਾਸ਼ਾ ਤੋਂ ਇਲਾਵਾ ਦੂਸਰੇ ਵਿੱਚ ਉਸੇ ਰੂਪ ਵਿੱਚ ਅਨੁਵਾਦ ਕਰਨੇ ਵੀ ਸੰਭਵ ਨਹੀਂ। ਰਿਸ਼ਤਾ-ਨਾਤਾ ਪ੍ਰੰਬੰਧ ਵਿੱਚ ਪੰਜਾਬੀ ਸਭਿਆਚਾਰ ਦੇ ਵਿਲੱਖਣ ਖਾਸੇ ਅਨੁਕੂਲ ਹਰੇਕ ਨਿਕਟ ਜਾਂ ਦੁਰੇਡੇ ਰਿਸ਼ਤੇ ਲਈ ਵੱਖਰੇ ਸ਼ਬਦ ਹਨ। ਜਿਵੇਂ ਚਾਚਾ/ਚਾਚੀ, ਤਾਇਆ/ਤਾਈ, ਮਾਮਾ/ਮਾਮੀ, ਆਦਿ ਹਨ।[30] ਭਾਸ਼ਾ ਦਾ ਮੌਖਿਕ ਰੂਪ ਹੀ ਸਭ ਕੁਝ ਹੈ ਸਭਿਆਚਾਰ ਦੀ ਮੌਖਿਕ ਭਾਸ਼ਾ ਵਾਂਗ ਮੌਖਿਕ ਪ੍ਰਕਿਰਿਆ ਹੈ। ਪੰਜਾਬ ਦੇ ਲੋਕ ਨਾਚਾਂ, ਮੇਲਿਆਂ ਦੀ ਬੋਲੀਆਂ, ਤਿਉਹਾਰਾਂ ਦੇ ਸੱਦਿਆਂ, ਰੀਤੀ-ਰਿਵਾਜਾਂ, ਰਸਮਾਂ, ਗੀਤਾਂ, ਬੁਝਾਰਤਾ, ਅਖੌਤਾਂ ਸਭਨਾਂ ਚ ਮੌਖਿਕਤਾ ਅਵੱਸ਼ ਹੈ।[31] ਭਾਸ਼ਾ ਤੋਂ ਬਿਨਾਂ ਸਭਿਆਚਾਰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਸਭਿਆਚਾਰ ਸਰਬ-ਵਿਆਪਕ ਹੈ, ਹਰ ਮਨੁੱਖੀ ਸਮਾਜ ਦਾ ਆਪਣਾ ਨਿਵੇਕਲਾ ਸਭਿਆਚਾਰ ਹੁੰਦਾ ਹੈ। ਕੁਝ ਛੋਟਾਂ ਨਾਲ ਇਹ ਦੋਵੇਂ ਲੱਛਣ ਭਾਸ਼ਾ ਦੇ ਵੀ ਹਨ, ਅਤੇ ਇਹਨਾਂ ਦੋਹਾਂ ਨੂੰ ਸੰਭਵ ਬਣਾਉਣ ਵਿਚ ਭਾਸ਼ਾ ਦਾ ਆਪਣਾ ਰੋਲ ਹੈ। ਸਭਿਆਚਾਰ ਦੇ ਦੂਜੇ ਮਹੱਤਵਪੂਰਨ ਲੱਛਣ ਇਹ ਹਨ ਕਿ ਇਹ ਸਾਂਝਾ ਕੀਤਾ ਜਾ ਸਕਦਾ ਹੈ, ਸੰਚਿਤ ਹੋ ਸਕਦਾ ਹੈ, ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾ ਸਕਦਾ ਹੈ। ਇਹ ਸਾਰੇ ਲੱਛਣ ਭਾਸ਼ਾ ਰਾਹੀਂ ਹੀ ਸੰਭਵ ਹੋ ਸਕੇ ਹਨ। ਭਾਸ਼ਾ ਉਹ ਕੁਝ ਹੀ ਵਰਣਨ ਕਰਦੀ ਹੈ, ਜੋ ਕੁਝ ਉਸ ਦੇ ਸਭਿਆਚਾਰ ਖੇਤਰ ਵਿਚ ਮਿਲਦਾ ਹੈ। [32]

ਪੰਜਾਬੀ ਭਾਸ਼ਾ ਅਤੇ ਪੰਜਾਬੀਅਤ

[ਸੋਧੋ]

ਬੋਲੀ ਕਿਸੇ ਦੇਸ਼ ਜਾਂ ਜਾਤੀ ਦੇ ਸਭਿਆਚਾਰ ਦੇ ਪੱਧਰ ਦੀ ਪਰਖ ਕਸੋਟੀ ਹੁੰਦੀ ਹੈ। ਜਿੰਨੀ ਕਿਸੇ ਖਿੱਤੇ ਦੇ ਲੋਕਾਂ ਦੀ ਬੋਲੀ ਉੱਨਤ ਹੋਵੇਗੀ, ਉਨ੍ਹਾਂ ਹੀ ਉਸ ਦਾ ਸਭਿਆਚਾਰ ਅਤੇ ਸਭਿਅਤਾ ਉਨੱਤ ਹੋਵੇਗੀ। ਪੰਜਾਬ ਦੀ ਭਾਸ਼ਾ ਪੰਜਾਬੀ ਹੈ। ਇਹ ਬੜੀ ਪੁਰਾਤਨ ਭਾਸ਼ਾ ਹੈ, ਜਦੋਂ ਦਾ ਪੰਜਾਬ ਭੂਗੋਲਿਕ ਤੌਰ 'ਤੇ ਹੋਂਦ ਵਿੱਚ ਆਇਆ ਉਦੋਂ ਤੋਂ ਇਹ ਬੋਲੀ ਅਤੇ ਵਰਤੀ ਜਾਂਦੀ ਰਹੀ ਹੈ। ਭਾਸ਼ਾ ਹੀ ਸਮਾਜਿਕ ਸਾਂਝ ਦਾ ਪਹਿਲਾ ਸਾਧਨ ਹੈ। ਬੱਚਾ ਇਹ ਸਾਂਝ ਪਾ ਕੇ ਆਪਣੇ ਆਪ ਵੱਡਾ ਤੇ ਤਕੜਾ ਮਹਿਸੂਸ ਕਰਦਾ ਹੈ "ਲਾਰਡ ਮਕਾਲੇ ਨੇ ਲਿਖਿਆ ਕਿ ਮਾਤ ਬੋਲੀ ਤੋਂ ਬਿਨ੍ਹਾਂ ਹੋਰ ਕੋਈ ਪ੍ਰਗਟਾਵੇ ਦਾ ਸਾਧਨ ਉਤਮ ਰਚਨਾ ਲਈ ਨਹੀਂ ਹੋ ਸਕਦਾ ਹੈ। ਪੰਜਾਬੀ ਜੀਵਨ ਤੇ ਪੰਜਾਬੀ ਸਭਿਆਚਾਰ ਦਾ ਪ੍ਰਗਟਾ ਪੰਜਾਬੀ ਕੇਵਲ ਆਪਣੀ ਮਾਤਰੀ ਭਾਸ਼ਾ ਪੰਜਾਬੀ ਵਿੱਚ ਹੀ ਕਰ ਸਕਦੇ ਹਨ। ਪੰਜਾਬੀ ਭਾਸ਼ਾ ਦੀਆਂ ਅਨੇਕਾਂ ਆਪਣੀਆਂ ਵਿਲੱਖਣਤਾਵਾਂ ਹਨ। ਇਹ ਸਾਦੀ ਤੇ ਸਰਲ ਭਾਸ਼ਾ ਹੈ, ਜਿਸ ਨੂੰ ਆਮ ਵਿਅਕਤੀ ਬੜੀ ਅਸਾਨੀ ਨਾਲ ਸਿੱਖ ਸਕਦਾ ਹੈ। ਪੰਜਾਬ ਦੀ ਭੂਗੋਲਿਕ ਅਤੇ ਇਤਿਹਾਸਕ ਸਥਿਤੀ ਵਿਲੱਖਣ ਹੋਣ ਕਰਕੇ ਪੰਜਾਬੀ ਲੋਕ ਦੂਜੇ ਪ੍ਰਾਤਾਂ ਨਾਲੋ ਅਨੋਖਾ ਸਥਾਨ ਰੱਖਦੇ ਹਨ। ਪੰਜਾਬ ਵਿੱਚ ਅਨੇਕਾਂ ਹਮਲਾਵਰ ਆਏ ਪੰਜਾਬੀਆਂ ਦਾ ਇਹ ਖਾਸਾ ਰਿਹਾ ਹੈ। ਪੰਜਾਬੀ ਖੁੱਲ੍ਹੇ ਡੁੱਲ੍ਹੇ ਸੁਭਾਅ ਦੇ ਮਾਲਕ ਹਨ ਇਨ੍ਹਾਂ ਨੇ ਆਪਣਾ ਜੀਵਨ ਬਹੁਤ ਬੰਧਨਾਂ ਵਿੱਚ ਨਹੀਂ ਬੰਨਿਆਂ ਰੱਜ ਕੇ ਖਾਣਾ 'ਤੇ ਰੱਜ ਕੇ ਵਾਹੁਣਾ, ਮੌਜ ਮੇਲੇ ਕਰਨੇ ਇਨ੍ਹਾਂ ਦੀ ਰੁਚੀ ਹੈ। ਪੰਜਾਬੀ ਭਾਸ਼ਾ ਪੰਜਾਬੀ ਲੋਕਾਂ ਵਾਂਗ ਸਾਦ ਮੁਰਾਦੀ ਇਸ ਵਿੱਚ ਪੰਜਾਬੀ ਜੀਵਨ ਵਾਂਗ ਬਹੁਤ ਅੜਕ-ਮੜਕ ਨਹੀਂ ਹੈ। ਪੰਜਾਬੀ ਸਾਹਿਤ ਪੰਜਾਬੀ ਲੋਕਾਂ ਦੇ ਸੁਭਾਅ ੳਤੇ ਆਚਰਣ ਅਨੁਸਾਰ ਰਚਿਆ ਗਿਆ ਹੈ। ਪੰਜਾਬੀ ਲੋਕ ਪਿਆਰ ਦੀ ਕਦਰ ਕਰਦੇ ਹਨ। ਪੰਜਾਬੀ ਭਾਸ਼ਾ ਨੇ ਪੰਜਾਬੀਆਂ ਵਿੱਚ ਆਪਣੇ ਗੁਣ ਕੁੱਟ-ਕੁੱਟ ਕੇ ਭਰੇ ਹਨ। ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਹੈ। ਪੰਜਾਬੀ ਪੰਜਾਬੀਆਂ ਦੀ ਜ਼ਿੰਦਗੀ ਹੈ, ਇਸ ਤੋਂ ਬਿਨ੍ਹਾਂ ਉਹ ਆਪਣੇ ਬੀਤ ਗਏ ਸਮੇਂ ਨਾਲੋਂ ਕੱਟੇ ਜਾਣਗੇ।[33]

ਹਵਾਲੇ

[ਸੋਧੋ]
  1. ਗੁਰਬਖਸ਼ ਸਿੰਘ ਫਰੈਂਕ, ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਪੰਨਾ 10-11
  2. {{cite book}}: Empty citation (help)
  3. {{cite book}}: Empty citation (help)
  4. {{cite book}}: Empty citation (help)
  5. {{cite book}}: Empty citation (help)
  6. ਗੁਰਬਖਸ਼ ਸਿੰਘ ਫਰੈਂਕ, ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਪੰਨਾ 101-113
  7. ਗੁਰਬਖ਼ਸ਼ ਸਿੰਘ ਫ਼ਰੇਕ, ਸਭਿਆਚਾਰ ਪੰਜਾਬੀ ਸਭਿਆਚਾਰ, ਵਾਰਿਸਸ਼ਾਹ ਫ਼ਾਉਂਡੇਸ਼ਨ, 2015, ਪੰਨਾ ਨੰ 115-130-31
  8. ਜਸਵਿੰਦਰ ਸਿੰਘ(ਡਾ)|ਪੰਜਾਬੀ ਸਭਿਆਚਾਰ ਦੇ ਪਹਿਚਾਣ ਚਿੰਨ੍ਹ|ਗ੍ਰੇਸ਼ੀਅਸ਼, ਪਟਿਆਲਾ|ਪੰਨਾ ਨੰ 179-81
  9. ਗੁਰਦਿਆਲ ਸਿੰਘ ਕੋਟ ਭਾਈ, ਪੰਜਾਬ ਵਿਚ ਜਾਤ ਤੇ ਪੇਸ਼ਾ : ਬਦਲਦੇ ਰੁਝਾਣ, ਪੰਨਾ :125
  10. ਡਾ. ਰਾਏਜਸਬੀਰ ਸਿੰਘ, ਮਹਾਨ ਪੰਜਾਬ ਦੇ ਜੱਟਾਂ ਦੀਆਂ ਜਾਤਾਂ ਅਤੇ ਲੋਕਧਾਰਾ, ਪੰਨਾ ਨੰ:40
  11. ਪ੍ਰਕਾਸ਼ ਸਿੰਘ ਜੰਮੂ, ਜਾਤ ਪ੍ਰਣਾਲੀ ਅਤੇ ਪੰਜਾਬੀ ਸਮਾਜ
  12. ਡਾ. ਜਸਵਿੰਦਰ ਸਿੰਿੰਘ, ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਗਰੇਸੀਅਸ ਪ੍ਰਕਾਸ਼ਨ, ਪੰਨਾ ਨੰਬਰ 167
  13. ਭਾਗਵਤ ਸਰਣ ਉਪਾਧਿਆਇ, ਭਾਰਤੀਯ ਸੰਸਕ੍ਰਿਤੀ ਕੇ ਸ੍ਰੋਤ, ਪੰਨਾ ਨੰਬਰ 13
  14. History of the Punjab, Vol 1, Page num. 65
  15. ਡਾ. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਗਰੇਸ਼ੀਅਸ ਪ੍ਰਕਾਸ਼ਨ, ਪੰਨਾ ਨੰਬਰ 168
  16. ਪ੍ਰੇਮ ਪ੍ਰਕਾਸ਼ ਸਿੰਘ, ਪੰਜਾਬੀ ਸਭਿਆਚਾਰ ਦਾ ਆਦਿ ਬਿੰਦੂ, ਪੰਜਾਬੀ ਸਭਿਆਚਾਰ ਅਤੇ ਰੰਗਮੰਚ, ਡਾ. ਗੁਰਚਰਨ ਸਿੰਘ ਅਰਸ਼ੀ, ਪੰਨਾ ਨੰਬਰ 35
  17. ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਡਾ ਜੀਤ ਸਿੰਘ ਜੋਸ਼ੀ ਪੰਨਾ ਨੰ169ਤੋ174
  18. ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਡਾ ਜੀਤ ਸਿੰਘ ਜੋਸ਼ੀ ਪੰਨਾ ਨੰ 69 ਤੋਂ 70
  19. ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ,ਡਾ.ਜਸਵਿੰਦਰ ਸਿੰਘ ,ਪੰਨਾ 188
  20. ਅਰਸ਼ੀ, ਗੁਰਚਰਨ ਸਿੰਘ, ਸਭਿਆਚਾਰ-ਵਿਗਿਆਨ ਅਤੇ ਪੰਜਾਬੀ ਸਭਿਆਚਾਰ, ਨੈਸ਼ਨਲ ਬੁਕ ਟਰੱਸਟ, ਇੰਡੀਆ, 2009, ਪੰਨੇ 49-54
  21. ਸੰਪਾਦਕ ਤੀਰਥ ਸਿੰਘ ਸਵਤੰਤ੍ਰ, ਪੰਜਾਬੀ ਸੱਭਿਆਚਾਰ, ਪੰਜਾਬੀ ਸੱਭਿਆਚਾਰਕ ਕੇਂਦਰ ਪ੍ਰਕਾਸ਼ਕ, ਪੰਨਾ ਨੰਬਰ 56
  22. ਜਸਵੀਰ ਸਿੰਘ ਜਸ, ਪੰਜਾਬੀ ਸਭਿਆਚਾਰ ਉੱਤੇ ਬਦੇਸ਼ੀ ਪ੍ਰਭਾਵ, ਦੀ ਪੰਜਾਬੀ ਰਾਈਟਰਜ ਕੋਆਪਰੇਟਿਵ ਸੁਸਾਇਟੀ, ਲੁਧਿਆਣਾ, ਪੰਨਾ ਨੰਬਰ 44 ਅਤੇ 50
  23. ਸੰਪਾਦਕ ਅਮਰਜੀਤ ਸਿੰਘ, ਪੰਜਾਬੀ ਸਭਿਆਚਾਰ ਇਕ ਵਿਸ਼ਲੇਸ਼ਣ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰਬਰ 127
  24. ਸੰਪਾਦਕ ਤੀਰਥ ਸਿੰਘ ਸਵਤੰਤ੍ਰ, ਪੰਜਾਬੀ ਸੱਭਿਆਚਾਰ, ਪ੍ਰਕਾਸ਼ਨ ਪੰਜਾਬੀ ਸੱਭਿਆਚਾਰਕ ਕੇਂਦਰ, ਪੰਨਾ ਨਂਬਰ 60
  25. ਜਸਵੀਰ ਸਿੰਘ ਜਸ, ਪੰਜਾਬੀ ਸਭਿਆਚਾਰ ਅਤੇ ਵਿਦੇਸ਼ੀ ਪ੍ਰਭਾਵ, ਦ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਿਟਡ, ਲੁਧਿਆਣਾ, ਪੰਨਾ ਨੰਬਰ 69 ਅਤੇ 70
  26. ਜਸਵੀਰ ਸਿੰਘ ਜਸ, ਪੰਜਾਬੀ ਸਭਿਆਚਾਰ ਤੇ ਵਿਦੇਸ਼ੀ ਪ੍ਰਭਾਵ, ਦੀ ਪੰਜਾਬੀ ਰਾਈਟਰਜ਼ ਕੋਆਪਰੇਟਿਵ ਲਿਮਿਟਡ, ਲੁਧਿਆਣਾ, ਪੰਨਾ ਨੰਬਰ 66 ਅਤੇ 68
  27. ਹਰਕੇਸ਼ ਸਿੰਘ ਕਹਿਲ, ਅਲੋਪ ਹੋ ਰਿਹਾ ਪੰਜਾਬੀ ਵਿਰਸਾ, ਲੋਕਗੀਤ ਪ੍ਰਕਾਸ਼ਨ Sco 26, 27 sec- 34A ਚੰਡੀਗੜ੍ਹ ਪੰਨਾ ਨੰਬਰ 105 ਅਤੇ 114
  28. ਸਭਿਆਚਾਰ ਦਾ ਫਲਸਫਾ, ਡਾ. ਗੁਰਜੀਤ ਸਿੰਘ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ ਨੰ.21
  29. ਪੰਜਾਬੀ ਸਭਿਆਚਾਰ ਵਿਭਿੰਨ ਪਰਿਪੇਖ, ਸੰਪਾਦਕ ਪ੍ਰੋ. ਸ਼ੈਰੀ ਸਿੰਘ ਰੂਹੀ ਪ੍ਰਕਾਸ਼ਨ ਅੰਮ੍ਰਿਤਸਰ, ਪੰਨਾ ਨੰ.34, 35, 36.
  30. ਪੰਜਾਬੀ ਸਭਆਿਚਾਰ ਪਛਾਣ-ਚਿੰਨ੍ਹ. ਡਾ. ਜਸਵਿੰਦਰ ਸਿੰਘ ਪੰਜਾਬੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਸਵਿੰਦਰ ਸਿੰਘ, ਪੁਨੀਤ ਪ੍ਰਕਾਸ਼ਨ ਪਟਿਆਲਾ ਪੰਨਾ ਨੰ. 77, 78, 79.
  31. ਭਾਸ਼ਾ, ਸਾਹਤਿ ਤੇ ਸਭਿਆਚਾਰ, ਪ੍ਰੋ. ਬਲਦੇਵ ਸਿੰਘ ਰਾਜ ਗੁਪਤਾ ਪੰਨਾ ਨੰ.35, 36, 37, 38, 42
  32. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪ੍ਰੋ ਗੁਰਬਖ਼ਸ਼ ਸਿੰਘ ਫਰੈਂਕ, ਪੰਨਾ 82, 83, ਵਾਰਿਸ਼ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ
  33. ਪੰਜਾਬੀ ਸਭਿਆਚਾਰ ਵਿਭਿੰਨ ਪਰਿਪੇਖ, ਸੰਪਾਦਕ ਪ੍ਰੋ. ਸ਼ੈਰੀ ਸਿੰਘ ਰੂਹੀ ਪ੍ਰਕਾਸ਼ਨ ਅੰਮ੍ਰਿਤਸਰ ਪੰਨਾ ਨੰ. 76, 77, 78