ਅਮਲਤਾਸ
'ਅਮਲਤਾਸ' ਇੱਕ ਰੁੱਖ ਹੈ, ਜੋ 'ਸੀਜ਼ਲਪਿਨੀਏਸੀ' ਕੁਲ ਦਾ ਰੁੱਖ ਹੈ। ਇਸ ਦਾ ਵਿਗਿਆਨਕ ਤੇ ਵਪਾਰਕ ਨਾਂ 'ਕੈਸੀ ਫਿਸਟੂਲਾ' ਹੈ। ਫਿਸਟੂਲਾ ਤੋਂ ਭਾਵ ਹੈ-ਆਜੜੀ ਦੀ ਵੰਝਲੀ(ਬੰਸਰੀ)।
ਇਹ ਨਾਂ ਫ਼ਲ ਦੀ ਬਣਤਰ ਦਾ ਸੂਚਕ ਹੈ, ਕਿਓਂਕਿ ਅਮਲਤਾਸ ਦੇ ਫ਼ਲ 'ਫ਼ਲੀ' ਦੇ ਰੂਪ 'ਚ ਤੇ ਲੰਮੇ ਹੁੰਦੇ ਹਨ, ਜੋ ਬੰਸਰੀ ਜਿਹੇ ਦਿਸਦੇ ਹਨ। ਇਸ ਦੀ ਫ਼ਲੀ ਤੋਂ ਹੀ ਬੀਜ ਤਿਆਰ ਹੁੰਦੇ ਹਨ। ਇਸਦੇ ਫੁੱਲ 'ਸੁਨਿਹਰੀ ਪੀਲ਼ੇ' ਤੇ ਸੰਯੁਕਤ ਗੁੱਛਿਆਂ ਦੇ ਰੂਪ 'ਚ ਹੁੰਦੇ ਹਨ।
ਨਾਮ
[ਸੋਧੋ]ਅਮਲਤਾਸ ਦੇ ਵੱਖ-ਵੱਖ ਭਾਸ਼ਾਵਾਂ 'ਚ ਵੱਖ-ਵੱਖ ਨਾਂ ਹਨ। ਇਸ ਨੂੰ ਅੰਗਰੇਜ਼ੀ ਵਿੱਚ 'ਇੰਡੀਅਨ ਲਾਬੂਰਨਮ' ਕਹਿੰਦੇ ਹਨ। ਹੋਰ ਭਾਸ਼ਾਵਾਂ 'ਚ ਜੋ ਨਾਂ ਹਨ, ਹੇਠ ਲਿਖੇ ਅਨੁਸਾਰ ਹਨ, ਜਿਵੇਂ-
- ਪੰਜਾਬੀ- ਅਮਲਤਾਸ
- ਹਿੰਦੀ-ਅਮਲਤਾਸ, ਕਿਤਲਵਲੀ, ਕਿਰਾਲਾ, ਸਿਨਾਰ
- ਅਸਾਮੀ-ਸੋਨਾਰੂ
- ਬੰਗਲਾ-ਬਾਂਦਰਲਤੀ, ਸੋਨਾਲੀ
- ਗੁਜਰਾਤੀ-ਗਰਮਾਲਾ
- ਕੰਨੜ-ਕੱਕੇ, ਕੱਕੇਗੀਦਾ
- ਮਲਿਆਲਮ-ਕਰਿਤਾਮਾਲਮ
- ਮਰਾਠੀ-ਅਮਲਤਾਸ, ਬਹਾਵਾ, ਜੰਬਾ
- ਸੰਸਕ੍ਰਿਤ-ਸੁਵਰਨਕਾ
- ਤਾਮਿਲ-ਕੋਨਾਈ, ਕੋਨਰਾਈ
- ਤੇਲੁਗੂ-ਰੇਲਾ[1]
- ਉਰਦੂ-ਅਮਲਤਾਸ
- ਅਰਬੀ-ਖ਼ਿਆਰ ਸੰਬਰ
- ਚੀਨੀ-ਲਾ ਸ਼ਾਂਗ ਸ਼ੂ
- ਜਪਾਨੀ-ਨਾਨਬਾਨ ਸਾਈਕਾਚੀ
ਬਣਤਰ
[ਸੋਧੋ]ਅਮਲਤਾਸ ਸੰਯੁਕਤ ਪੱਤਿਆਂ ਵਾਲ਼ਾ ਛੋਟੇ ਕੱਦ ਦਾ ਤੇਜ਼ ਉੱਗਣ ਵਾਲ਼ਾ ਰੁੱਖ ਹੈ। ਇਸਦੇ ਰੁੱਖ ਬਹੁਤੇ ਉੱਚੇ ਨਹੀਂ ਹੁੰਦੇ। ਇਨ੍ਹਾਂ ਦੀ ਉੱਚਾਈ 10–20 ਮੀਟਰ ਯਾਨੀ 33–66 ਫੁੱਟ ਹੁੰਦੀ ਹੈ। ਪੱਤੇ ਚਮਕੀਲੇ ਗੂੜ੍ਹੇ ਹਰੇ ਰੰਗ, ਵੱਡੇ ਆਕਾਰ (15–60 ਸੈਂਟੀਮੀਟਰ /5.9–23.6 ਇੰਚ) ਲੰਮੇ ਅਤੇ ਪੱਤਝੜੀ ਹੁੰਦੇ ਹਨ।
ਫੁੱਲ ਗੂੜ੍ਹੇ ਪੀਲੇ਼ ਤੇ ਵੱਡੇ-ਵੱਡੇ ਗੁੱਛਿਆਂ ਦੇ ਥੱਲੇ ਰੂਪ ਵਿੱਚ ਲਟਕਦੇ ਹਨ। ਫਲ਼ 50-60 ਸੈਂ.ਮੀ. ਲੰਮਾ, ਕਾਲ਼ੇ ਜਾਂ ਚਮਕਦਾਰ ਗੂੜ੍ਹੇ ਭੂਰੇ ਰੰਗ ਦਾ ਅਤੇ ਲੰਬਾ ਬੇਲਨ-ਆਕਾਰ ਫ਼ਲੀ ਰੂਪ 'ਚ ਹੁੰਦਾ ਹੈ।[2] ਜੋ ਡੰਡੇ ਵਰਗਾ ਦਿੱਸਦਾ ਹੈ। ਅਮਸਤਾਸ ਆਪਣੇ ਖ਼ਾਸ ਰੰਗ ਦੇ ਫੁੱਲ ਤੇ ਫ਼ਲ ਕਰਕੇ ਰੁੱਖ ਜੰਗਲ ਵਿੱਚੋਂ ਦੂਰੋਂ ਹੀ ਪਹਿਚਾਣਿਆ ਜਾ ਸਕਦਾ ਹੈ। ਇਸ ਰੁੱਖ ਦੇ ਪੱਤੇ ਗਰਮੀ ਦੇ ਸ਼ੁਰੂੁ ਭਾਵ ਮਾਰਚ ਤੋਂ ਮਈ ਤੱਕ ਹੀ ਝੜ ਜਾਂਦੇ ਹਨ ਤੇ ਅਮਲਤਾਸ ਬਾਕੀ ਸਮਾਂ ਫੁੱਲਾਂ ਨਾਲ਼ ਲੱਦਿਆ ਰਹਿੰਦਾ ਹੈ।
ਵੰਡ
[ਸੋਧੋ]ਇਹ ਪ੍ਰਜਾਤੀ ਹਿੰਦ ਉਪਮਹਾਂਦੀਪ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਨਾਲ ਲੱਗਦੇ ਖੇਤਰਾਂ ਦੀ ਮੂਲ ਪ੍ਰਜਾਤੀ ਹੈ। ਇਹਦੀ ਰੇਂਜ ਦੱਖਣੀ ਪਾਕਿਸਤਾਨ ਤੋਂ ਪੂਰਬ ਵੱਲ ਭਾਰਤ ਤੋਂ ਮੀਆਂਮਾਰ ਅਤੇ ਥਾਈਲੈਂਡ ਤੱਕ ਦੱਖਣ ਵੱਲ ਸ੍ਰੀ ਲੰਕਾ ਤੱਕ ਹੈ। ਇਹ ਥਾਈਲੈਂਡ ਦਾ 'ਰਾਸ਼ਟਰੀ ਰੁੱਖ' ਹੈ, ਅਤੇ ਇਸਦਾ ਫੁੱਲ ਥਾਈਲੈਂਡ ਦਾ 'ਰਾਸ਼ਟਰੀ ਫੁੱਲ' ਹੈ। ਇਹ ਭਾਰਤ ਵਿੱਚ ਕੇਰਲ ਦਾ ਵੀ 'ਰਾਜਕੀ ਫੁੱਲ' ਹੈ ਅਤੇ ਇਸਨੂੰ ਮਲਿਆਲੀ ਲੋਕ ਬੇਹੱਦ ਅਹਿਮੀਅਤ ਦਿੰਦੇ ਹਨ। ਭਾਰਤ ਵਿੱਚ ਇਸ ਦੇ ਰੁੱਖ ਆਮ ਤੌਰ 'ਤੇ ਸਭ ਪ੍ਰਦੇਸ਼ਾਂ ਵਿੱਚ ਮਿਲਦੇ ਹਨ। ਭਾਰਤ ਵਿੱਚ 1500 ਮੀਟਰ ਦੀ ਉਚਾਈ ਤੱਕ ਮਿਲਦਾ ਹੈ ਅਤੇ ਸਿਲ੍ਹੇ ਤੇ ਸਦਾ-ਬਹਾਰ ਜੰਗਲਾਂ ਵਿੱਚ ਇਹ ਵਧੇਰੇ ਮਿਲਦਾ ਹੈ।[3] ਬਾਗ਼ਾਂ ਤੇ ਸੜਕਾਂ ਦੇ ਕਿਨਾਰੇ ਉੱਤੇ ਇਹ ਖ਼ਾਸ ਤੌਰ 'ਤੇ ਚੰਗਾ ਮੰਨ ਕੇ ਲਗਾਇਆ ਜਾਂਦਾ ਹੈ।
ਦਵਾਈ ਤੇ ਇਸਦੇ ਗੁਣ
[ਸੋਧੋ]ਅਮਲਤਾਸ ਦੇ ਸਾਰੇ ਹਿੱਸਿਆਂ 'ਚ ਕੋਈ ਨਾ ਕੋਈ ਦਵਾਈ ਵਾਲ਼ਾ ਗੁਣ ਜ਼ਰੂਰ ਮੌਜੂਦ ਹੈ, ਪਰ ਇਸ ਦੇ ਫ਼ਲ ਸਭ ਤੋਂ ਵੱਧ ਮਹੱਤਵਪੂਰਨ ਹਨ ਅਤੇ ਇਹ ਰੁੱਖ 'ਇੰਡੀਅਨ ਫ਼ਾਰਮੇਸਿਊਟੀਕਲ ਕੋਡੈਕਸ' 'ਚ ਸ਼ਾਮਿਲ ਹੈ। ਫ਼ਲ ਵਿੱਚੋਂ ਨਿਕਲਣ ਵਾਲ਼ੇ ਗੁੱਦੇ ਨੂੰ "ਕੈਸੀਆ ਪਲਪ" ਕਹਿੌਦੇ ਹਨ ਤੇ ਇਹ ਇੱਕ ਜਾਣਿਆ ਪਛਾਣਿਆ ਕਬਜ਼-ਕੁਸ਼ਾ ਹੈ। ਜ਼ਿਆਦਾ ਮਾਤਰਾ ਨਾਲ਼ ਇਹ 'ਜੁਲਾਬ' ਲਗਾ ਦਿੰਦਾ ਹੈ। ਇਸ ਨਾਲ਼ ਜੀਅ ਮਤਲਾਉਂਦਾ ਹੈ ਤੇ ਪੇਟ ਵਿੱਚ ਮਰੋੜ ਉੱਠਦੇ ਹਨ। ਇਹ ਗੁੱਦਾ ਇਕੱਲਾ ਨਹੀਂ ਵਰਤਿਆ ਜਾਂਦਾ, ਸਗੋਂ ਸਰਨੈ(ਕੈਸੀਆ-ਅੰਗਸਟੀਫ਼ੋਲੀਆ) ਦੇ ਪੱਤਿਆਂ ਨਾਲ਼ ਮਿਲਾ ਕੇ ਵਰਤਿਆਂ ਜਾਂਦਾ ਹੈ।[4]
ਹੋਰ ਵਰਤੋਂ
[ਸੋਧੋ]ਅਮਲਤਾਸ ਦੇ ਤਣੇ ਦੀ ਛਿਲੜ ਨੂੰ 'ਸੁਮਾਰੀ' ਕਹਿੰਦੇ ਹਨ ਅਤੇ ਇਸ ਵਿੱਚ ਟੈਨਿਨਜ਼ ਬਹੁਤ ਹੁੰਦੀਆਂ ਹਨ। ਇਸ ਤੋਂ ਘਰਾਂ ਦੀਆਂ ਛੱਤਾਂ ਪੁਲ ਅਤੇ ਖੇਤੀ ਦੇ ਸੰਦਾਂ ਤੋਂ ਬਿਨਾਂ "ਐਡਮਜ਼ ਪੀਕ", ਸ਼੍ਰੀ ਲੰਕਾ ਵਿੱਚ ਇੱਕ ਜਗ੍ਹਾ "Ahala Kanuwa" ਦੀ ਉਸਾਰੀ ਕਰਨ ਲਈ ਇਸਨੂੰ ਵਰਤਿਆ ਗਿਆ ਹੈ।[5])
ਹੋਰ ਜਾਤੀਆਂ
[ਸੋਧੋ]ਕੈਸੀਆ ਅੰਗਸਟੀਫ਼ੋਲੀਆ ਵਾਹਲ (ਭਾਰਤੀ ਸੇਨਾ, ਤਿੰਨੇਵਲੀ ਸੇਨਾ) ਜਿਸਨੂੰ ਹਿੰਦੀ ਵਿੱਚ 'ਸਨਾਏ', ਸੰਸਕ੍ਰਿਤ ਵਿੱਚ 'ਭੂਪਦਮਾ' ਅਤੇ 'ਮਲਿਆਲਮ' ਵਿੱਚ 'ਨੀਲਾਵਕਾ' ਆਖਦੇ ਹਨ, ਅਰਬ ਅਤੇ ਸੋਮਾਲੀਲੈਂਡ ਦੇਸ਼ ਦੀ ਇੱਕ ਛੋਟੀ ਜਿਹੀ ਝਾੜੀ ਹੈ। ਦੱਖਣੀ ਭਾਰਤ(ਸਾਊਥ) ਵੱਲ ਇਸ ਦੀ ਖੇਤੀਬਾੜੀ ਸਫ਼ਲਤਾ ਨਾਲ਼ ਕੀਤੀ ਜਾਂਦੀ ਹੈ।[4] ਇਸ ਬੂਟੇ ਦੇ ਫ਼ਲ ਤੇ ਫੁੱਲ ਬੜੇ ਕਬਜ਼-ਕੂਸਾ ਹਨ ਅਤੇ ਇਹ ਸੁਭਾਵਿਕ ਕਬਜ਼ ਵਿੱਚ ਫ਼ਾਇਦੇਮੰਦ ਹਨ। ਇਹ ਵੀ ਪਤਾ ਲੱਗਾ ਹੈ ਕਿ ਜੇ ਇਹ ਦੁੱਧ ਚੰਘਾ ਰਹੀਂ ਮਾਂ ਇਹ ਦਵਾਈ ਖਾ ਲਵੇ ਤਾਂ ਉਸਦਾ ਦੁੱਧ ਵੀ ਜੁਲਾਬ ਲਿਆਉਣ ਵਾਲ਼ਾ ਬਣ ਜਾਂਦਾ ਹੈ। ਕੈਸੀਆ ਦੀਆਂ ਹੋਰ ਬਹੁਤ ਸਾਰੀਆਂ ਜਾਤੀਆਂ ਥੋੜ੍ਹੇ-ਬਹੁਤ ਦਵਾਈ ਦੇ ਗੁਣਾਂ ਵਾਲ਼ੀਆਂ ਹੁੰਦੀਆਂ ਹਨ।
ਗੈਲਰੀ
-
ਅਮਲਤਾਸ ਦੇ ਫੁੱਲ
ਹਵਾਲਾ
[ਸੋਧੋ]ਵਿਕਿਸਪੀਸ਼ੀਜ਼ ਦੇ ਉਪਰ Cassia fistula ਦੇ ਸਬੰਧਤ ਜਾਣਕਾਰੀ ਹੈ। |
- ↑ ਦਵਾਈਆਂ ਵਾਲੇ ਪੌਦੇ, ਲੇਖਕ-ਸੁਧਾਂਸ਼ੂ ਕੁਮਾਰ ਜੈਨ, ਅਨੁਵਾਦਕ-ਗਿਆਨ ਸਿੰਘ, ਪਬਲਿਸ਼ਰ-ਨੈਸ਼ਨਲ ਬੁੱਕ ਟਰੱਸਟ, ਇੰਡੀਆ(ਨਵੀਂ ਦਿੱਲੀ), ਸੰਨ੍ਹ-2001 ਤੇ ਮੂਲ ਸੰਨ੍ਹ1968, ਪੰਨਾ-43
- ↑ ਉਹੀ-ਪੰਨਾ-43।
- ↑ ਦਵਾਈਆਂ ਵਾਲੇ ਪੌਦੇ, ਲੇਖਕ-ਸੁਧਾਂਸ਼ੂ ਕੁਮਾਰ ਜੈਨ, ਅਨੁਵਾਦਕ-ਗਿਆਨ ਸਿੰਘ, ਪਬਲਿਸ਼ਰ-ਨੈਸ਼ਨਲ ਬੁੱਕ ਟਰੱਸਟ, ਇੰਡੀਆ(ਨਵੀਂ ਦਿੱਲੀ), ਸੰਨ੍ਹ-2001 ਤੇ ਮੂਲ ਸੰਨ੍ਹ1968, ਪੰਨਾ-45
- ↑ 4.0 4.1 ਉਹੀ-ਪੰਨਾ-45
- ↑ sinhala botany website