ਕਲਾਡੀਅਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੇਸਲੀ ਵਾਲਟਰ ਕਲਾਡੀਅਸ
ਨਿਜੀ ਜਾਣਕਾਰੀ
ਜਨਮ (1927-03-25)25 ਮਾਰਚ 1927
ਬਿਲਾਸਪੁਰ, ਬ੍ਰਿਟਿਸ਼ ਭਾਰਤ
ਮੌਤ 20 ਦਸੰਬਰ 2012(2012-12-20) (ਉਮਰ 85)
ਕੋਲਕਾਤਾ, ਭਾਰਤ
ਲੰਬਾਈ 5'4" (162 cm)
ਖੇਡ ਪੁਜੀਸ਼ਨ ਹਾਕੀ
ਸੀਨੀਅਰ ਕੈਰੀਅਰ
ਸਾਲ ਟੀਮ Apps (Gls)
ਬੰਗਾਲ ਨਾਗਪੁਰ ਰੇਲਵੇ
ਨੈਸ਼ਨਲ ਟੀਮ
1948–1960 ਅੰਤਰਰਾਸ਼ਟਰੀ ਹਾਕੀ ਭਾਰਤੀ ਟੀਮ 100+

ਲੇਸਲੀ ਵਾਲਟਰ ਕਲਾਡੀਅਸ (25 ਮਾਰਚ 1927[1] - 20 ਦਸੰਬਰ 2012[2]) ਦਾ ਜਨਮ ਮੱਧ ਪ੍ਰਦੇਸ਼ ਦੇ ਸ਼ਹਿਰ ਬਿਲਾਸਪੁਰ ਵਿਖੇ ਹੋਇਆ। ਲੇਸਲੀ ਵਾਲਟਰ ਕਲਾਡੀਅਸ ਨੂੰ ਭਾਰਤੀ ਹਾਕੀ ਦਾ ਧਰੂ ਤਾਰਾ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਲਾਡੀਅਸ ਨੇ ਨਾ ਕੇਵਲ ਭਾਰਤ ਸਗੋਂ ਓਲੰਪਿਕ ਹਾਕੀ ਦੇ ਇਤਿਹਾਸ ‘ਤੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ।

ਦੁਰਲੱਭ ਛੇ ਪ੍ਰਾਪਤੀਆਂ[ਸੋਧੋ]

ਹਾਕੀ ਨਾਲ ਕੀਤੇ ਪਿਆਰ ਨੇ ਉਹਨਾਂ ਨੂੰ ਅਤਿ ਦੁਰਲੱਭ ਛੇ ਪ੍ਰਾਪਤੀਆਂ ਤੋਹਫ਼ੇ ਵਜੋਂ ਪ੍ਰਦਾਨ ਕੀਤੀਆਂ;

  1. 1948 ਤੋਂ 1960 ਤਕ ਲਗਾਤਾਰ ਚਾਰ ਓਲੰਪਿਕ ਟੂਰਨਾਮੈਂਟ ਖੇਡਣਾ।
  2. ਇੱਕ ਮਿਡਫੀਲਡਰ ਹੋ ਕੇ ਵਿਰੋਧੀ ਟੀਮਾਂ ਸਿਰ ਗੋਲ ਕਰਨ ਵਿੱਚ ਸਫ਼ਲ ਹੋਣਾ।
  3. 1960 ਰੋਮ ਓਲੰਪਿਕ ਖੇਡਾਂ ਸਮੇਂ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਨਾ।
  4. ਉਸ ਸਮੇਂ ਤਕ ਅੰਤਰਰਾਸ਼ਟਰੀ ਪੱਧਰ ‘ਤੇ 100 ਮੈਚ ਖੇਡਣਾ।
  5. ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿੱਚ ਨਾਂ ਦਰਜ ਹੋਣਾ।

ਹਾਕੀ 'ਚ ਦਾਖਲ[ਸੋਧੋ]

ਉਹਨਾਂ ਜੂਨੀਅਰ ਕੈਂਬਰਿਜ ਦੀ ਪ੍ਰੀਖਿਆ ਪਾਸ ਕਰਨ ਉੱਪਰੰਤ ਹਾਕੀ ਖੇਡਣ ਨੂੰ ਹੀ ਤਰਜੀਹ ਦਿੱਤੀ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਲਾਡੀਅਸ ਬਿਲਾਸਪੁਰ ਨੂੰ ਛੱਡ ਕੇ ਖੜਗਪੁਰ (ਬੰਗਾਲ) ਵਿਖੇ ਰਹਿਣ ਲੱਗੇ। ਉਹਨਾਂ ਦਿਨਾਂ ਵਿੱਚ ਖੜਗਪੁਰ ਵਿਖੇ ਬੰਗਾਲ-ਨਾਗਪੁਰ ਰੇਲਵੇ (ਬੀ.ਐਨ.ਆਰ.) ਦੀ ਹਾਕੀ ਟੀਮ ਦੀ ਬੜੀ ਚੜ੍ਹਤ ਸੀ। ਇੱਕ ਦਿਨ ਉਹ ਇਸ ਟੀਮ ਦਾ ਅਭਿਆਸੀ ਮੈਚ ਦੇਖ ਰਹੇ ਸਨ। ਇਤਫਾਕੀਆ ਇਸ ਟੀਮ ਨੂੰ ਇੱਕ ਖਿਡਾਰੀ ਦੀ ਲੋੜ ਪੈ ਗਈ। ਟੀਮ ਦੇ ਕਪਤਾਨ ਦੇ ਕਹਿਣ ‘ਤੇ 19 ਵਰ੍ਹਿਆਂ ਦੇ ਕਲਾਡੀਅਸ ਨੇ ਮੈਦਾਨ ਵਿੱਚ ਖੇਡਣਾ ਸ਼ੁਰੂ ਕੀਤਾ। ‘ਸੀ। ਤਾਪਸੈਲ’, ‘ਗਾਲੀਬਾਰਡੀ’ ਅਤੇ ‘ਡਿੱਕੀ ਕਾਰ’ ਵਰਗੇ ਵਿਸ਼ਵ ਪ੍ਰਸਿੱਧ ਖਿਡਾਰੀਆਂ ਦੇ ਸੰਪਰਕ ਵਿੱਚ ਆਏ। ਉਹਨਾਂ ਸਾਰਿਆਂ ਨੇ ਆਪੋ-ਆਪਣੇ ਤਜਰਬੇ ਅਨੁਸਾਰ ਕਲਾਡੀਅਸ ਦੀ ਖੇਡ ਨੂੰ ਤਰਾਸ਼ਿਆ। ਉਹ ਛੇਤੀ ਹੀ ਬੀਐਨਆਰ ਦੀ ਟੀਮ ਦੇ ਪੱਕੇ ਮੈਂਬਰ ਬਣ ਗਏ। 1946 ਵਿੱਚ ਉਹਨਾਂ ਬੀਐਨਆਰ ਵੱਲੋਂ ਬੇਟਨ ਕੱਪ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲਿਆ। ਉਹਨਾਂ ਦੀ ਟੀਮ ਫਾਈਨਲ ਤਕ ਪੁੱਜੀ ਅਤੇ ਕਲਕੱਤਾ ਪੋਰਟ ਕਮਿਸ਼ਨਰਜ਼ ਤੋਂ ਹਾਰੀ। ਇਸ ਹਾਰ ਦੇ ਬਾਵਜੂਦ ਇੱਥੇ ਖੇਡਣ ਨਾਲ ਕਲਾਡੀਅਸ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਇਆ।

ਓਲੰਪਿਕ[ਸੋਧੋ]

1947 ਦੌਰਾਨ ਕਲਾਡੀਅਸ ਨੇ ਬੀ.ਐਨ.ਆਰ. ਦਾ ਰੁਜ਼ਗਾਰ ਛੱਡ ਦੇ ਪੋਰਟ ਕਮਿਸ਼ਨਰਜ਼ ਕਲਕੱਤਾ ਵਿੱਚ ਨੌਕਰੀ ਕਰ ਲਈ। ਇੱਥੇ ਉਹਨਾਂ ਨੂੰ ‘ਕਲਕੱਤਾ ਲੀਗ’ ਵਿੱਚ ਖੇਡਣ ਦਾ ਮੌਕਾ ਮਿਲਿਆ। ਇਸ ਸਮੇਂ ਦੌਰਾਨ ਉਹਨਾਂ ਦੇ ਮਨ ਵਿੱਚ ਓਲੰਪਿਕ ਖੇਡਣ ਦੀ ਇੱਛਾ ਜਾਗੀ। 1948 ਵਿੱਚ ਕਲਾਡੀਅਸ ਪੋਰਟ ਕਮਿਸ਼ਨਰਜ਼ ਕਲਕੱਤਾ ਵੱਲੋਂ ਬੰਬਈ ਵਿਖੇ ‘ਆਗਾ ਖਾਂ ਕੱਪ ਹਾਕੀ ਟੂਰਨਾਮੈਂਟ’ ਵਿੱਚ ਖੇਡੇ। ਦਰਸ਼ਕਾਂ ਨੇ ਉਹਨਾਂ ਦੀ ਚਮਤਕਾਰੀ ਖੇਡ ਦੀ ਬੜੀ ਪ੍ਰਸ਼ੰਸਾ ਕੀਤੀ। ਇਸ ਟੂਰਨਾਮੈਂਟ ਤੋਂ ਬਾਅਦ ਉਹਨਾਂ ਦੀ ਟੀਮ ਨੇ ‘ਕਲਕੱਤਾ ਲੀਗ’ ਜਿੱਤ ਕੇ ਆਪਣੇ ਹਾਕੀ ਹੁਨਰ ਦਾ ਵੱਡਾ ਸਬੂਤ ਦਿੱਤਾ। ਉਹਨਾਂ 1948 ਦੇ ਬੇਟਨ ਕੱਪ ਹਾਕੀ ਟੂਰਨਾਮੈਂਟ ਵਿੱਚ ਵੀ ਸ਼ਾਨਦਾਰ ਖੇਡ ਦਿਖਾਈ ਪਰ ਇੱਥੇ ਉਹਨਾਂ ਦੀਆਂ ਉਂਗਲੀਆਂ ‘ਤੇ ਗੰਭੀਰ ਸੱਟ ਆਈ। 1948 ਦੀਆਂ ਲੰਡਨ ਓਲੰਪਿਕ ਖੇਡਾਂ ਤੋਂ ਪਹਿਲਾਂ ਕਲਾਡੀਅਸ ਨੂੰ ਚੋਣ ਟਰਾਇਲਾਂ ਲਈ ਬੁਲਾਇਆ ਗਿਆ। ਉਹ ਉਂਗਲੀਆਂ ‘ਤੇ ਪਲਸਤਰ ਬੱਝਿਆ ਹੋਣ ਕਾਰਨ ਸ਼ੁਰੂਆਤ ਦੀਆਂ ਟਰਾਇਲਾਂ ਵਿੱਚ ਹਿੱਸਾ ਨਾ ਲੈ ਸਕੇ, ਜਿਸ ਵੇਲੇ ਆਖ਼ਰੀ ਟਰਾਇਲ ਲਈ ਮੈਚ ਹੋਣ ਲੱਗਾ ਤਾਂ ਉਹਨਾਂ ਨੂੰ ਓਲੰਪਿਕ ਖੇਡਣ ਦੇ ਸੁਪਨੇ ਨੂੰ ਸੱਚ ਕਰਨ ਦੀ ਗੱਲ ਯਾਦ ਆਈ। ਉਹਨਾਂ ਹਿੰਮਤ ਕਰ ਕੇ ਪਲਸਤਰ ਉਤਾਰਿਆ ਅਤੇ ਖੇਡਣਾ ਸ਼ੁਰੂ ਕੀਤਾ। ਕਹਿਰ ਦੇ ਦਰਦ ਦੇ ਬਾਵਜੂਦ ਉਹਨਾਂ ਕਮਾਲ ਦੀ ਖੇਡ ਦਿਖਾਈ। ਖ਼ੁਸ਼ਕਿਸਮਤੀ ਨਾਲ ਉਹਨਾਂ ਦੀ ਮਿਹਨਤ ਰਾਸ ਆਈ ਅਤੇ ਉਹ 1948 ਦੀ ਭਾਰਤੀ ਹਾਕੀ ਟੀਮ ਵਿੱਚ ਚੁਣੇ ਗਏ। 1948 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਫਾਈਨਲ ਵਿੱਚ ਬਰਤਾਨੀਆ ਨੂੰ 4-0 ਗੋਲਾਂ ‘ਤੇ ਹਰਾ ਕੇ ਗੋਲਡ ਮੈਡਲ ਜਿੱਤਿਆ। ਲੰਡਨ ਜੇਤੂ ਕਲਾਡੀਅਸ ਨੇ 1952 ਵਿੱਚ ਪੂਰਬੀ-ਅਫਰੀਕੀ ਦੇਸ਼ਾਂ ਦਾ ਦੌਰਾ ਕੀਤਾ। ਆਪਣੀ ‘ਬਾਲ-ਟੈਕਲੰਗ’ ਅਤੇ ‘ਬਾਲ ਡਿਸਟਰੀਬਿਊਸ਼ਨ’ ਕਲਾ ਦੇ ਆਧਾਰ ‘ਤੇ ਉਹ 1952 ਹੈਲਸਿੰਕੀ ਓਲੰਪਿਕ ਖੇਡਣ ਲਈ ਮੁੜ ਭਾਰਤੀ ਟੀਮ ਵਿੱਚ ਚੁਣੇ ਗਏ। ਇਸ ਵਾਰੀ ਉਹ ਫਾਈਨਲ ਵਿੱਚ ਹਾਲੈਂਡ ਵਿਰੁੱਧ ਖੇਡੇ ਅਤੇ ਭਾਰਤ ਨੇ ਹਾਲੈਂਡ ਨੂੰ 6-1 ਗੋਲਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਦੂਜਾ ਗੋਲਡ ਮੈਡਲ ਜਿੱਤਿਆ। ਫਿਨਲੈਂਡ ਨੂੰ ਫਤਹਿ ਕਰਨ ਉੱਪਰੰਤ ਕਲਾਡੀਅਸ ਨੇ 1954 ਵਿੱਚ ਮਲੇਸ਼ੀਆ ਅਤੇ 1955 ਵਿੱਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ ਕੀਤਾ। ਇਸ ਤੋਂ ਉੱਪਰੰਤ 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿੱਚ ਉਹਨਾਂ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਲਿਆਂਦਾ।

ਓਲੰਪਿਕ ਖੇਡ[ਸੋਧੋ]

ਉਹਨਾਂ ਲੰਡਨ, ਹੈਲਸਿੰਕੀ, ਮੈਲਬਰਨ ਅਤੇ ਰੋਮ ਚਾਰ ਓਲੰਪਿਕ ਖੇਡੀਆਂ। ਇਨ੍ਹਾਂ ਚਾਰਾਂ ‘ਚੋਂ ਪਹਿਲੇ ਲਗਾਤਾਰ ਤਿੰਨ ਓਲੰਪਿਕ ਵਿੱਚ ਗੋਲਡ ਮੈਡਲ ਜਿੱਤੇ। ਰੋਮ ਓਲੰਪਿਕ ਖੇਡਾਂ ਵਿੱਚ ਉਹ ਗੋਲਡ ਮੈਡਲ ਤੋਂ ਵਾਂਝੇ ਰਹੇ। ਇੱਥੇ ਖੇਡੇ ਫਾਈਨਲ ਵਿੱਚ ਬਦਕਿਸਮਤੀ ਨਾਲ ਭਾਰਤ ਪਹਿਲੀ ਵਾਰ ਪਾਕਿਸਤਾਨ ਹੱਥੋਂ ਹਾਰ ਗਿਆ ਅਤੇ ਦੂਜੇ ਨੰਬਰ ‘ਤੇ ਆ ਕੇ ਚਾਂਦੀ ਦਾ ਮੈਡਲ ਹੀ ਜਿੱਤ ਸਕਿਆ। 1948 ਤੋਂ 1960 ਤਕ ਦੇ ਵਿਸ਼ਵ ਦੇ ਬਿਹਤਰੀਨ ਰਾਈਟ-ਹਾਫ ਲੇਸਲੀ ਕਲਾਡੀਅਸ ਸਨ।

ਭਾਰਤੀ ਟੀਮ ਦਾ ਕਪਤਾਨ[ਸੋਧੋ]

1960 ਦੀਆਂ ਰੋਮ ਓਲੰਪਿਕ ਖੇਡਾਂ ਸਮੇਂ ਕਲਾਡੀਅਸ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਇੱਥੇ ਭਾਵੇਂ ਭਾਰਤ ਬਹੁਤ ਵਧੀਆ ਖੇਡਿਆ ਪਰ ਫਾਈਨਲ ਵਿੱਚ ਪਾਕਿਸਤਾਨ ਹੱਥੋਂ ਇੱਕ ਗੋਲ ਨਾਲ ਹਾਰ ਗਿਆ। ਇੱਥੇ ਉਹਨਾਂ ਚਾਂਦੀ ਦਾ ਮੈਡਲ ਜਿੱਤਿਆ। ਉਹਨਾਂ 1965 ਵਿੱਚ ਸਰਗਰਮ ਹਾਕੀ ਤੋਂ ਸੰਨਿਆਸ ਲੈ ਲਿਆ।

‘ਪਦਮਸ਼੍ਰੀ’[ਸੋਧੋ]

ਉਹਨਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 1971 ਵਿੱਚ ਕਲਾਡੀਅਸ ਨੂੰ ‘ਪਦਮਸ਼੍ਰੀ’ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।

ਅਲਵਿਦਾ[ਸੋਧੋ]

ਭਾਰਤੀ ਹਾਕੀ ਦੇ ਧਰੂ ਤਾਰੇ, ਲੇਸਲੀ ਵਾਲਟਰ ਕਲਾਡੀਅਸ ਨੇ ਲੰਮੀ ਬਿਮਾਰੀ ਤੋਂ ਬਾਅਦ 20 ਦਸੰਬਰ 2012 ਨੂੰ ਦੁਪਹਿਰ ਤੋਂ ਬਾਅਦ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।

ਹਵਾਲੇ[ਸੋਧੋ]

  1. "Olympics". sports-reference. Archived from the original on 16 ਫ਼ਰਵਰੀ 2009. Retrieved 20 December 2012.  Check date values in: |archive-date= (help)
  2. "Hockey legend Leslie Claudius passes away". DNA India. PTI. 20 Dec 2012. Retrieved 2012-12-20.