ਸਮੱਗਰੀ 'ਤੇ ਜਾਓ

ਭਰੂਣ ਹੱਤਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਰੂਣ ਹੱਤਿਆ ਜਾਂ ਗਰਭ ਹੱਤਿਆ ਗ਼ੈਰ-ਕੁਦਰਤੀ ਤੌਰ 'ਤੇ ਭਰੂਣ ਨੂੰ ਮਾਰਨ ਦੀ ਕਿਰਿਆ ਨੂੰ ਆਖਦੇ ਹਨ।[1]

ਮਾਦਾ ਭਰੂਣ ਹੱਤਿਆ

[ਸੋਧੋ]

ਵਿਸ਼ਵ ਸਿਹਤ ਸੰਗਠਨ ਮੁਤਾਬਕ 2005 ਤੱਕ 50 ਮਿਲੀਅਨ ਚੀਨੀ ਕੁੜੀਆਂ ਦਾ ਸਫ਼ਾਇਆ ਹੋ ਚੁੱਕਿਆ ਸੀ। ਜੋਜ਼ਫ ਫਾਰਾ ਮੁਤਾਬਕ ਇਸ ਨੂੰ ਇਨਸਾਨੀ ਇਤਿਹਾਸ ਵਿੱਚ ਸਭ ਤੋਂ ਵੱਡਾ ਘੱਲੂਘਾਰਾ ਕਰਾਰ ਦੇਣਾ ਚਾਹੀਦਾ ਹੈ। ਪਾਕਿਸਤਾਨ ਵਿੱਚ ਵੀ ਕੁੜੀਆਂ ਮਾਰਨ ਦਾ ਰੁਝਾਨ ਵਧ ਰਿਹਾ ਹੈ। ਪਾਕਿਸਤਾਨ ਚੈਰਿਟੀ ਆਰਗੇਨਾਈਜ਼ੇਸ਼ਨ ਨੇ ਸੰਨ 2009 ਵਿੱਚ ਇਹ ਖੁਲਾਸਾ ਕੀਤਾ। ਭਰੂਣ ਹੱਤਿਆ ਰੋਕਣ ਲਈ ਦੁਨੀਆ ਭਰ ਵਿੱਚ ਕਾਨੂੰਨ ਬਣੇ ਹੋਣ ਦੇ ਬਾਵਜੂਦ ਕਿਤੇ ਕੋਈ ਠੱਲ ਪਈ ਨਹੀਂ ਦਿਸਦੀ ਕਿਉਂਕਿ ਅੰਦਰਖਾਤੇ ਸਭ ਪਹਿਲਾਂ ਵੀ ਚੱਲਦਾ ਸੀ ਤੇ ਹੁਣ ਵੀ ਚਾਲੂ ਹੈ। ਦੁਨੀਆ ਭਰ ਦੇ ਬੁੱਧੀਜੀਵੀਆਂ ਮੁਤਾਬਕ ਮਾਦਾ ਭਰੂਣ ਹੱਤਿਆ ਨੂੰ ਉਕਸਾਉਣ ਵਾਲੇ ਕਾਰਨਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਔਰਤ ਨੂੰ ਮਰਦ ਨਾਲ ਬਰਾਬਰੀ ਦਾ ਦਰਜਾ ਦੇਣਾ ਚਾਹੀਦਾ ਹੈ। ਜਦੋਂ ਤਕ ਔਰਤ ਘਰੇਲੂ ਹਿੰਸਾ, ਆਪਸੀ ਦੁਸ਼ਮਣੀ, ਜਿਸਮਾਨੀ ਵਧੀਕੀਆਂ ਦਾ ਸ਼ਿਕਾਰ ਹੁੰਦੀ ਰਹੇਗੀ, ਉਦੋਂ ਤਕ ਉਸਨੂੰ ਬਰਾਬਰੀ ਦਾ ਦਰਜਾ ਮਿਲਣ ਬਾਰੇ ਗੱਲ ਕਰਨਾ ਮਜ਼ਾਕ ਲੱਗਦਾ ਹੈ।

ਭਾਰਤ ਵਿੱਚ ਭਰੂਣ ਹੱਤਿਆਵਾਂ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਉੱਤੇ ਪਾਬੰਦੀ ਹੈ ਪਰ ਯੂਨੀਸੈਫ਼ ਮੁਤਾਬਕ ਹੁਣ ਤੱਕ 50 ਮਿਲੀਅਨ ਭਾਰਤੀ ਕੁੜੀਆਂ ਮਾਰੀਆਂ ਜਾ ਚੁੱਕੀਆਂ ਹਨ। ਗੁਜਰਾਤ, ਜੈਪੁਰ, ਮੁੰਬਈ, ਉੱਤਰ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਜੰਮੂ-ਕਸ਼ਮੀਰ ਅਤੇ ਪੰਜਾਬ ਨਾਲ ਸਬੰਧਤ ਬਹੁਤ ਸਾਰੀਆਂ ਖ਼ਬਰਾਂ ਅੰਤਰਰਾਸ਼ਟਰੀ ਪਧੱਰ ਉੱਤੇ ਛਪ ਚੁੱਕੀਆਂ ਹਨ ਕਿ ਕਿਵੇਂ ਉੱਥੇ ਧੀਆਂ ਨੂੰ ਕੁੱਖ ਵਿੱਚ ਕਤਲ ਕੀਤਾ ਜਾ ਰਿਹਾ ਹੈ।
ਜੇ ਪੰਜਾਬ ਵੱਲ ਝਾਤ ਮਾਰੀਏ ਤਾਂ ਪਿਛਲੇ ਸਾਲ ਦੀਆਂ ਭਰੂਣ ਹੱਤਿਆਵਾਂ ਦੀ ਗਿਣਤੀ ਹੁਣ ਤਕ ਹੋਏ ਕਤਲਾਂ ਨੂੰ ਸਪਸ਼ਟ ਕਰ ਦੇਵੇਗੀ। ਸੰਨ 2010 ਵਿੱਚ ਜਿੰਨੀਆਂ ਕੁ ਗਰਭਵਤੀ ਔਰਤਾਂ ਰਜਿਸਟਰ ਹੋਈਆਂ, ਉਹਨਾਂ ਵਿੱਚੋਂ 75,000 ਮਾਦਾ ਭਰੂਣ ਗ਼ਾਇਬ ਹੋ ਗਏ ਸਨ। ਜਿਹੜੀਆਂ ਗਰਭਵਤੀ ਔਰਤਾਂ ਰਜਿਸਟਰ ਨਹੀਂ ਹੋਈਆਂ ਉਹਨਾਂ ਬਾਰੇ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅੰਮ੍ਰਿਤਸਰ ਵਿੱਚ 8320,ਫਿਰੋਜ਼ਪੁਰ ਵਿੱਚ 7652, ਲੁਧਿਆਣਾਵਿੱਚ 6550 ਅਤੇ ਸਭ ਤੋਂ ਵੱਧ ਪਟਿਆਲਾ ਵਿੱਚ 10,650 ਮਾਦਾ ਭਰੂਣ ਕਤਲ ਦਰਜ ਕੀਤੇ ਗਏ। ਯੂਨੀਸੈਫ਼ ਰਿਪੋਰਟ ਮੁਤਾਬਕ 15 ਸਾਲਾਂ ਬਾਅਦ ਸੱਠ ਲੱਖ ਪੰਜਾਬੀ ਮੁੰਡੇ ਕੁਆਰੇ ਰਹਿਣਗੇ। ਹਸਪਤਾਲਾਂ ਵਿੱਚ ਟੀਕਾਕਰਣ ਵਾਸਤੇ ਵੀ ਕੁੜੀਆਂ ਘੱਟ ਆ ਰਹੀਆਂ ਹਨ।

ਸਿੱਖ ਗੁਰੂ

[ਸੋਧੋ]

ਗੁਰੂ ਨਾਨਕ ਦੇਵ ਜੀ ਵੱਲੋਂ ਔਰਤ ਜ਼ਾਤ ਦੇ ਹੱਕ ਵਿੱਚ ਅਵਾਜ਼ ਚੁੱਕਣ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤ ਜ਼ਾਤ ਨੂੰ ਉਸ ਸਮੇਂ ਬਹੁਤ ਨੀਵਾਂ ਸਮਝਿਆ ਜਾਂਦਾ ਸੀ। ਰਹਿਤਨਾਮਿਆਂ ਵਿੱਚ ਇਹ ਲਿਖਿਆ ਮਿਲਣਾ ਕਿ ਕੁੜੀਮਾਰਾਂ ਨਾਲ ਰਿਸ਼ਤਾ ਨਹੀਂ ਰੱਖਣਾ, ਵੀ ਸਾਬਿਤ ਕਰਦਾ ਹੈ ਕਿ ਕੁੜੀਆਂ ਨੂੰ ਜੰਮਣ ਤੋਂ ਬਾਅਦ ਮਾਰਨ ਦਾ ਸਿਲਸਿਲਾ ਇੰਨੇ ਵੱਡੇ ਪਧੱਰ ਉੱਤੇ ਜਾਰੀ ਸੀ ਕਿ ਇਸ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਚੁੱਕਣ ਦੀ ਲੋੜ ਪਈ।

ਭਰੂਣ ਹੱਤਿਆ ਦਾ ਪੈਰਾ

[ਸੋਧੋ]
  • ਲੈਲਾ ਵਿਲਿਅਮਸਨ ਤੇ ਜੋਜ਼ਫ ਬਰਡਸੈੱਲ ਨੇ ਪੱਥਰ ਯੁੱਗ ਵਿੱਚ ਬਹੁਤ ਸਾਰੇ ਨਿੱਕੇ ਨਿੱਕੇ ਬੱਚਿਆਂ ਦੇ ਵੱਢੇ ਹੋਏ ਸਿਰ ਮਿਲਣ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਉਸ ਸਮੇਂ ਦੀਆਂ ਔਰਤਾਂ ਦੀ ਔਸਤ ਲੰਬਾਈ ਮਰਦਾਂ ਨਾਲੋਂ ਕਾਫ਼ੀ ਘੱਟ ਦੱਸੀ ਹੈ। ਉਸ ਸਮੇਂ ਦੀਆਂ ਔਰਤਾਂ ਵਿੱਚ ਭੁੱਖਮਰੀ ਦੀਆਂ ਨਿਸ਼ਾਨੀਆਂ ਵੀ ਸਨ। ਖੋਜਾਂ ਰਾਹੀਂ ਸਾਹਮਣੇ ਲਿਆਂਦੇ ਗਏ ਤੱਥਾਂ ਮੁਤਾਬਕ ਪਥੱਰ ਯੁੱਗ ਵਿੱਚ ਜਦ ਤੱਕ ਆਦਮ ਜ਼ਾਤ ਨੂੰ ਖੇਤੀ ਬਾੜੀ ਦਾ ਤਰੀਕਾ ਨਹੀਂ ਸੀ ਆਇਆ ਭੁੱਖਮਰੀ ਸਮੇਂ ਘਰ ਵਿਚਲੇ ਬੱਚਿਆਂ ਨੂੰ ਹੀ ਵੱਢ ਕੇ ਖਾ ਲਿਆ ਜਾਂਦਾ ਸੀ।
  • ਪੰਜਾਹ ਫ਼ੀਸਦੀ ਨਵਜੰਮੀਆਂ ਕੁੜੀਆਂ ਨੂੰ ਉਹਨਾਂ ਦੇ ਮਾਪੇ ਹੀ ਮਾਰ ਦਿੰਦੇ ਸਨ ਤਾਂ ਜੋ ਖ਼ੁਰਾਕ ਦਾ ਘਾਟਾ ਪੂਰਾ ਕੀਤਾ ਜਾ ਸਕੇ। ਉਸ ਸਮੇਂ ਵੀ ਨਰ ਬੱਚੇ ਨੂੰ ਤਰਜੀਹ ਦਿੱਤੀ ਜਾਂਦੀ ਸੀ ਕਿਉਂਕਿ ਉਸਨੇ ਸ਼ਿਕਾਰ ਕਰ ਕੇ ਟੱਬਰ ਦਾ ਢਿੱਡ ਭਰਨ ਲਈ ਜੰਗਲਾਂ ਵਿੱਚ ਜਾਣਾ ਹੁੰਦਾ ਸੀ। ਔਰਤਾਂ ਨੂੰ ਉਸ ਸਮੇਂ ਵੀ ਘੱਟ ਖਾਣ ਨੂੰ ਦਿੱਤਾ ਜਾਂਦਾ ਸੀ। ਜਿਹੜੀਆਂ ਨਿੱਕੀਆਂ ਮਾਰੀਆਂ ਗਈਆਂ ਬੱਚੀਆਂ ਦੇ ਪਥੱਰਾਂ ਉੱਤੇ ਛਾਪੇ ਮਿਲੇ ਹਨ, ਉਹ ਆਪਣੀ ਉਮਰ ਦੇ ਨਰ ਬੱਚਿਆਂ ਨਾਲੋਂ ਲੰਬਾਈ ਵਿੱਚ ਅੱਧ ਤੋਂ ਵੀ ਛੋਟੀਆਂ ਸਨ। ਉਸ ਸਮੇਂ ਮਰਦਾਂ ਦੀ ਗਿਣਤੀ ਔਰਤਾਂ ਦੀ ਗਿਣਤੀ ਨਾਲੋਂ ਤਿੰਨ ਗੁਣਾਂ ਵੱਧ ਸੀ।
  • ਕੁਦਰਤੀ ਮੌਤ ਮਰਨ ਲਈ ਕਬੀਲੇ ਦੇ ਲੋਕ ਨਿੱਕੀਆਂ ਕੁੜੀਆਂ ਨੂੰ ਛੱਡ ਕੇ ਅਗਾਂਹ ਤੁਰ ਜਾਂਦੇ ਸਨ ਕਿ ਇਹ ‘ਭਾਰ’ ਆਪੇ ਹੀ ਜਾਨਵਰਾਂ ਹੱਥੋਂ ਜਾਂ ਮੀਂਹ ਹਨ੍ਹੇਰੀ ਵਿੱਚ ਤਬਾਹ ਹੋ ਜਾਏਗਾ।
  • ਸੋਕੇ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਅਤੇ ਦੇਵਤੇ ਨੂੰ ਖੁਸ਼ ਕਰਨ ਲਈ ਨਿੱਕੇ ਬੱਚਿਆਂ ਦੀ ਹੀ ਬਲੀ ਦਿੱਤੀ ਜਾਂਦੀ ਸੀ। ਉਹਨਾਂ ਵਿੱਚ ਵੀ ਨਿੱਕੀਆਂ ਕੁੜੀਆਂ ਵੱਧ ਵਰਤੋਂ ਵਿੱਚ ਲਿਆਈਆਂ ਜਾਂਦੀਆਂ ਸਨ।
  • ਗੀਜ਼ਰ ਵਿਚਲੀ ਖੁਦਾਈ ਤੋਂ ਪਤਾ ਲੱਗਿਆ ਕਿ ਬੇਬੀਲੋਨੀਅਨ ਰੱਬੀ ਅਵਤਾਰ ਨੂੰ ਖੁਸ਼ ਕਰਨ ਲਈ ਨਿੱਕੇ ਬੱਚੇ ਵੱਡੀ ਮਾਤਰਾ ਵਿੱਚ ਵੱਢੇ ਗਏ ਸਨ। ਤਿੰਨ ਹਜ਼ਾਰ ਨਿੱਕੇ ਬੱਚਿਆਂ ਦੀਆਂ ਵੱਢੀਆਂ ਗਈਆਂ ਹੱਡੀਆਂ ਮਿਲੀਆਂ ਸਨ ਜਿਹਨਾਂ ਵਿੱਚੋਂ ਬਹੁਤੀਆਂ ਕੁੜੀਆਂ ਦੀਆਂ ਸਨ।
  • ਕਾਰਥਾਜੀਨੀਅਨ, ਫੋਨੀਸ਼ੀਅਨ, ਕਾਨਾਈਟਸ, ਮੋਬਾਈਟਸ ਵੀ ਆਪੋ ਆਪਣੇ ਸਮੇਂ ਨਵਜੰਮੇਂ ਬੱਚੇ ਵੱਢਦੇ ਟੁਕਦੇ ਰਹੇ ਸਨ। ਈਸਾ ਮਸੀਹ ਤੋਂ 950 ਸਾਲ ਪਹਿਲਾਂ ਮਿਸਰ ਵਿੱਚ ਨਿੱਕੇ ਬੱਚਿਆਂ ਨੂੰ ਵੱਢਣ ਟੁੱਕਣ ਦਾ ਕੰਮ ਸਿਖ਼ਰ ਉੱਤੇ ਸੀ।
  • ਪੁਰਾਤਨ ਮਿਸਰ ਵਿੱਚ ਕਈ ਲੋਕਾਂ ਵੱਲੋਂ ਕੂੜੇ ਦੇ ਢੇਰ ਉੱਤੇ ਸੁੱਟੇ ਨਵਜੰਮੇਂ ਬੱਚੇ, ਜਿਹਨਾਂ ਵਿੱਚੋਂ ਬਹੁਤੀਆਂ ਕੁੜੀਆਂ ਹੁੰਦੀਆਂ ਸਨ,ਬਚਾ ਕੇ ਗੁਲਾਮ ਬਣਾ ਲਏ ਜਾਂਦੇ ਸਨ। ਉਹਨਾਂ ਨੂੰ ‘ਕੌਰਪੋ ’ ਦਾ ਨਾਂ ਦਿੱਤਾ ਜਾਂਦਾ ਸੀ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਇਨ੍ਹਾਂ ਨੂੰ ਕੂੜੇ ਦੇ ਢੇਰ ਉੱਤੋਂ ਬਚਾਇਆ ਗਿਆ ਸੀ।
  • ਪੁਰਾਤਨ ਮਿਸਰ ਵਿੱਚ ਵੀ ਭੁੱਖਮਰੀ ਸਮੇਂ ਕੁਝ ਨਵਜੰਮੀਆਂ ਬੱਚੀਆਂ ਨੂੰ ਵੱਢ ਕੇ ਖਾਣ ਦੇ ਸਬੂਤ ਮਿਲੇ ਹਨ। ਬੀਟਰਿਕਸ ਰੇਨ ਅਨੁਸਾਰ ਈਸਾ ਮਸੀਹ ਤੋਂ 2150 ਸਾਲ ਪਹਿਲਾਂ ਵੀ ਅਜਿਹਾ ਕੁਝ ਹੁੰਦਾ ਸੀ।
  • ਕਾਰਥਾਜੀਨੀਅਨ ਰੱਬ ਨੂੰ ਖੁਸ਼ ਕਰਨ ਲਈ ਉਸਦੀ ਮੂਰਤੀ ਅੱਗੇ ਆਪਣੇ ਨਿੱਕੇ ਬੱਚੇ ਅੱਗ ਦੀਆਂ ਭੱਠੀਆਂ ਵਿੱਚ ਸੁੱਟ ਦਿਆ ਕਰਦੇ ਸਨ ਤੇ ਇਨ੍ਹਾਂ ਵਿੱਚੋਂ ਵੀ ਬਹੁਤਾਤ ਕੁੜੀਆਂ ਦੀ ਹੁੰਦੀ ਸੀ। ਸ਼ੈਲਬੇ ਬਰਾਊਨ ਨੇ ਖੁਦਾਈ ਵਿੱਚ ਅਜਿਹੀਆਂ 20,000 ਭੱਠੀਆਂ ਦਾ ਜ਼ਿਕਰ ਕੀਤਾ ਹੈ ਜਿੱਥੇ ਬੱਚਿਆਂ ਦੀਆਂ ਸੜੀਆਂ ਹੱਡੀਆਂ ਦਾ ਢੇਰ ਮਿਲਿਆ ਸੀ।
  • ਡਿਓਡੋਰਸ ਸਿਕੁਲਸ ਮੁਤਾਰਕ ‘ਬਾਲ ਹੈਮਨ ਦੇਵਤੇ’ ਸਾਹਮਣੇ ਬਾਲੇ ਅਗਨ ਕੁੰਡ ਵਿੱਚ ਵੀ ਅਜਿਹਾ ਹੀ ਵਾਪਰਦਾ ਰਿਹਾ ਸੀ।
  • ਪੁਰਾਣੇ ਸਮੇਂ ਦੇ ਯੂਨਾਨ ਵਿੱਚ ਨਵਜੰਮੀਂ ਬੱਚੀ ਪਿਓ ਦੇ ਰਹਿਮੋ ਕਰਮ ਉੱਤੇ ਹੋਇਆ ਕਰਦੀ ਸੀ। ਉਸੇ ਦੀ ਇੱਛਾ ਦੇ ਆਧਾਰ ਉੱਤੇ ਨਵਜੰਮੀ ਬੱਚੀ ਨੂੰ ਘਰੋਂ ਬਾਹਰ ਕੁਦਰਤੀ ਮੌਤ ਮਰਨ ਲਈ ਸੁੱਟ ਦਿੱਤਾ ਜਾਂਦਾ ਸੀ। ਸਪਾਰਟਾ ਵਿੱਚ ਇਹ ਫੈਸਲਾ ਘਰ ਵਿਚਲੇ ਵੱਡੇ ਵਡੇਰੇ ਮਰਦਾਂ ਉੱਤੇ ਛੱਡਿਆ ਜਾਂਦਾ ਸੀ। ਇਸ ਤਰ੍ਹਾਂ ਕੁੜੀ ਨੂੰ ਬਾਹਰ ਸੁੱਟ ਦੇਣਾ ਜੁਰਮ ਨਹੀਂ ਸੀ ਗਿਣਿਆ ਜਾਂਦਾ। ਉਸ ਨੂੰ ਰੱਬ ਦੀ ਮਰਜ਼ੀ ਉੱਤੇ ਛੱਡਣਾ ਗਿਣਿਆ ਜਾਂਦਾ ਸੀ ਕਿ ਜੇ ਰੱਬ ਚਾਹੇ ਤਾਂ ਉਸ ਨੂੰ ਚੁੱਕ ਕੇ ਬਚਾ ਲਵੇਗਾ ਨਹੀਂ ਤਾਂ ਸਮਝੋ ਕਿ ਉਸ ਦੀ ਮੌਤ ਰੱਬ ਵੀ ਚਾਹੁੰਦਾ ਹੈ।
  • ਯੂਨਾਨ ਦੇ ਕੁਝ ਹਿੱਸਿਆਂ ਵਿੱਚ ਨਵਜੰਮਿਆ ਬੱਚਾ ਮਾਂ ਵੱਲੋਂ ਪਿਓ ਨੂੰ ਵਿਖਾਇਆ ਜਾਂਦਾ ਸੀ। ਪਿਓ ਨੂੰ ਸ਼ਕਲ ਪਸੰਦ ਆਉਂਦੀ ਤਾਂ ਬੱਚਾ ਰੱਖਿਆ ਜਾਂਦਾ ਸੀ, ਨਹੀਂ ਤਾਂ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਵਿੱਚ ਵੀ ਟਾਵਾਂ ਹੀ ਬੱਚਾ ਨਰ ਹੁੰਦਾ ਸੀ। ਇਹ ਸਿਰਫ਼ ਆਪਣੇ ਮਨ ਉੱਤੇ ਬੋਝ ਪਾਏ ਬਗ਼ੈਰ ਕੁੜੀ ਨੂੰ ਪਾਸੇ ਕਰਨ ਦਾ ਇੱਕ ਤਰੀਕਾ ਸੀ।
  • ਰੋਮ ਵਿੱਚ ਤਾਂ ਹਾਲੇ ਤੱਕ ਪੁਰਾਤਨ ਚਿੱਠੀਆਂ ਸਾਂਭੀਆਂ ਪਈਆਂ ਹਨ ਜਿਹਨਾਂ ਵਿੱਚ ਈਸਾ ਮਸੀਹ ਤੋਂ ਇੱਕ ਵਰ੍ਹਾ ਪਹਿਲਾਂ ਇੱਕ ਪਤੀ ਨੇ ਆਪਣੀ ਪਤਨੀ ਨੂੰ ਚਿੱਠੀ ਭੇਜੀ ਕਿ ਉਹ ਹਾਲੇ ਅਲੈਗਜ਼ਾਂਡਰੀਆ ਵਿੱਚ ਹੈ। ਜੇ ਮੁੰਡਾ ਪੈਦਾ ਹੋਇਆ ਤਾਂ ਖ਼ੁਸ਼ੀ ਮਨਾਉਣਗੇ ਪਰ ਕੁੜੀ ਪੈਦਾ ਹੋਈ ਤਾਂ ਉਸ ਦੇ ਆਉਣ ਤੋਂ ਪਹਿਲਾਂ ਹੀ ਬਾਹਰ ਸੁੱਟ ਆਵੇ। ਇਤਿਹਾਸਕਾਰਾਂ ਅਨੁਸਾਰ ਫਿਲੋ ਹੀ ਪਹਿਲਾ ਫ਼ਿਲਾਸਫ਼ਰ ਸੀ ਜਿਸਨੇ ਰੋਮ ਵਿੱਚ ਭਾਰੀ ਗਿਣਤੀ ਵਿੱਚ ਹੋ ਰਹੇ ਕੁੜੀਆਂ ਦੇ ਕਤਲਾਂ ਵਿਰੁੱਧ ਬੋਲਣ ਦੀ ਹਿੰਮਤ ਕੀਤੀ। ਸੰਨ 374 ਵਿੱਚ ਰੋਮ ਵਿੱਚ ਨਵਜੰਮੀਆਂ ਕੁੜੀਆਂ ਨੂੰ ਮਾਰਨ ਤੋਂ ਰੋਕਣ ਲਈ ਕਾਨੂੰਨ ਬਣਾਇਆ ਗਿਆ ਪਰ ਇਤਿਹਾਸ ਵਿੱਚ ਇੱਕ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ ਜਿੱਥੇ ਅਜਿਹਾ ਕਾਰਾ ਕਰਦੇ ਮਾਪਿਆਂ ਨੂੰ ਸਜ਼ਾ ਮਿਲੀ ਹੋਵੇ। ਇਸ ਲਈ ਉਸ ਸਮੇਂ ਤਿੱਬਰ ਨਦੀ ਵਿੱਚ ਨਵਜੰਮੀਆਂ ਕੁੜੀਆਂ ਨੂੰ ਸੁੱਟਣ ਦਾ ਕੰਮ ਜਾਰੀ ਰਿਹਾ ਸੀ।
  • ਪੁਰਾਣੇ ਸਮਿਆਂ ਵਿੱਚ ਹਿਬਰਿਊ ਵੀ ਨਵਜੰਮੇ ਬੱਚੇ ਰੱਬ ਅੱਗੇ ਅਰਪਣ ਕਰਨ ਦੇ ਨਾਂ ’ਤੇ ਉਹਨਾਂ ਨੂੰ ਵੱਢ ਟੁੱਕ ਦਿੰਦੇ ਸਨ।
  • ਟੈਕੀਟਸ ਨੇ ਆਪਣੀ ਕਿਤਾਬ ਜਰਮੇਨੀਆ ਵਿੱਚ ਵੀ ਨਵਜੰਮੀਆਂ ਕੁੜੀਆਂ ਨੂੰ ਮਾਰਨ ਉੱਤੇ ਪਾਬੰਦੀ ਦਾ ਜ਼ਿਕਰ ਕੀਤਾ ਹੈ ਕਿਉਂਕਿ ਉਸ ਸਮੇਂ ਇਹ ਪ੍ਰਥਾ ਉੱਥੇ ਵੀ ਵੱਡੀ ਪੱਧਰ ਉÎੱਤੇ ਸੀ। ਸਵੀਡਨ ਵਿੱਚ ਵੀ ਅਜਿਹਾ ਹੋਣ ਦਾ ਜ਼ਿਕਰ ਹੈ। ਅਰਬ ਵਿੱਚ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਇਹ ਤਰੀਕਾ ਲੱਭਿਆ ਗਿਆ ਸੀ ਕਿ ਜੇ ਨਵਜੰਮੀਆਂ ਬੱਚੀਆਂ ਨੂੰ ਮਾਰ ਦਿੱਤਾ ਜਾਵੇ ਤਾਂ ਕੁੱਖਾਂ ਆਪੇ ਹੀ ਘੱਟ ਹੋ ਜਾਣਗੀਆਂ ਤੇ ਭੁੱਖੇ ਮਰਨ ਦੀ ਨੌਬਤ ਵੀ ਨਹੀਂ ਆਏਗੀ।
  • ਮੁੱਢਲੇ ਸਮਿਆਂ ਵਿੱਚ ਅਰਬ ਮੁਲਕਾਂ ਵਿੱਚ ਨਵਜੰਮੀ ਬੱਚੀ ਨੂੰ ਜ਼ਮੀਨ ਵਿੱਚ ਦੱਬ ਕੇ ਮਾਰਿਆ ਜਾਂਦਾ ਸੀ।
  • ਰੂਸ ਵਿੱਚ ਪਿੰਡਾਂ ਵਿੱਚ ਵਸਦੇ ਲੋਕ ਆਪ ਹੀ ਪਗਾਨ ਦੇਵਤੇ ਅੱਗੇ ਆਪਣੇ ਬੱਚੇ ਅਰਪਣ ਕਰ ਦਿੰਦੇ ਸਨ। ਉਹਨਾਂ ਨੂੰ ਵੱਢ ਕੇ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ। ਉਹ ਵਗਦੇ ਪਾਣੀ ਵਿੱਚ ਨਵਜੰਮੀ ਬੱਚੀ ਸੁੱਟ ਦਿੰਦੇ ਸਨ। ਉਸ ਸਮੇਂ ਗਿਰਜਾਘਰ ਵੱਲੋਂ ਇਸ ਦੀ ਮਨਾਹੀ ਕੀਤੀ ਗਈ ਪਰ ਲੋਕਾਂ ਨੇ ਇਹ ਹੁਕਮ ਨਾ ਮੰਨਿਆ।
  • ਸਾਈਬੇਰੀਆ ਵਿੱਚ ਨਵਜੰਮੀਆਂ ਬੱਚੀਆਂ ਨੂੰ ਕੁੱਤਿਆਂ ਅੱਗੇ ਸੁੱਟ ਦਿੱਤਾ ਜਾਂਦਾ ਸੀ। ਚੀਨ ਵਿੱਚ ਨਵਜੰਮੀਂ ਬੱਚੀ ਨੂੰ ਠੰਡੇ ਪਾਣੀ ਵਿੱਚ ਡੁਬੋ ਦਿੱਤਾ ਜਾਂਦਾ ਸੀ। ਇਸ ਨੂੰ ਪਵਿੱਤਰ ਜਲ ਮੰਨਿਆ ਜਾਂਦਾ ਸੀ। ਇਸ ਨੂੰ ‘ ਬੇਰੀ ਵਾਟਰ ’ ਕਿਹਾ ਜਾਂਦਾ ਸੀ।
  • ਜਪਾਨ ਵਿੱਚ ਨਵਜੰਮੀ ਬੱਚੀ ਨੂੰ ਮਾਰਨ ਦੇ ਕੰਮ ਨੂੰ ‘ਮਬੀਕੀ’ ਕਿਹਾ ਜਾਂਦਾ ਸੀ। ਇਸ ਦਾ ਮਤਲਬ ਸੀ ਕਿ ਬਗ਼ੀਚੇ ਵਿੱਚੋਂ ਫਾਲਤੂ ਜੜ੍ਹੀ ਬੂਟੀ ਨੂੰ ਪੁੱਟ ਸੁੱਟਣਾ! ਵੀਹਵੀਂ ਸਦੀ ਤਕ ਦੇ ਅਜਿਹੇ ਕਈ ਕਿੱਸੇ ਸਾਹਮਣੇ ਆਏ ਸਨ ਜਿੱਥੇ ਨਵਜੰਮੀ ਬੱਚੀ ਦੇ ਗਲੇ ਵਿੱਚ ਗਿੱਲੇ ਕਾਗਜ਼ ਫਸਾ ਕੇ ਉਸਨੂੰ ਮਾਰਿਆ ਜਾਂਦਾ ਸੀ।
  • ਖੋਜੀ ਫਿਰਿਸ਼ਤਾ ਨੇ ਲਿਖਿਆ ਹੈ ਕਿ ਭਾਰਤ ਵਿੱਚ ਸ਼ਾਰਕਾਂ ਹੱਥੋਂ ਮਰਨ ਲਈ ਨਵਜੰਮੀਆਂ ਬੱਚੀਆਂ ਗੰਗਾ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ।
  • ਅਫ਼ਰੀਕਾ ਵਿੱਚ ਵੀ ਦੇਵਤੇ ਨੂੰ ਖ਼ੁਸ਼ ਕਰਨ ਲਈ ਨਵਜੰਮੀਆਂ ਕੁੜੀਆਂ ਦੀ ਬਲੀ ਦਿੱਤੀ ਜਾਂਦੀ ਸੀ।‘ ਹੈਂਡਬੁੱਕ ਆਫ਼ ਨਾਰਥ ਅਮੈਰੀਕਨ ਇੰਡੀਅਨ ’ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਅਲਾਸਕਾ ਵਿੱਚ ਨਵਜੰਮੀ ਬੱਚੀ ਦੇ ਗਲੇ ਵਿੱਚ ਘਾਹ ਫਸਾ ਕੇ ਮਰਨ ਲਈ ਬਾਹਰ ਸੁੱਟ ਦਿੱਤਾ ਜਾਂਦਾ ਸੀ। ਬਰਨਲ ਡਾਇਆਜ਼ ਨੇ ਮੈਕਸੀਕੋ ਬਾਰੇ ਲਿਖਿਆ ਹੈ ਕਿ ਉੱਥੇ ਇੱਕ ਮੰਦਰ ਬਣਿਆ ਹੋਇਆ ਸੀ ਜਿੱਥੇ ਪਹਿਲੇ ਜੰਮੇ ਬੱਚਿਆਂ ਦੀ ਛਾਤੀ ਵਿੱਚੋਂ ਚਾਕੂ ਨਾਲ ਦਿਲ ਕੱਢ ਕੇ ਦੇਵਤੇ ਦੀ ਮੂਰਤੀ ਅੱਗੇ ਅਰਪਣ ਕੀਤਾ ਜਾਂਦਾ ਸੀ ਤੇ ਉਸਨੂੰ ਲਹੂ ਨਾਲ ਨੁਹਾ ਕੇ ਉਸਦੀ ਪੂਜਾ ਕੀਤੀ ਜਾਂਦੀ ਸੀ।
  • ਪੀਰੂ,ਪੈਰਾਗੁਏ,ਬੋਲੀਵੀਆ,ਦੱਖਣੀ ਅਮਰੀਕਾ ਵਿੱਚ ਵੀ ਨਵਜੰਮੀਆਂ ਕੁੜੀਆਂ ਨੂੰ ਮਾਰਿਆ ਜਾਂਦਾ ਸੀ। ਵੀਹਵੀਂ ਸਦੀ ਦੇ ਅਖ਼ੀਰ ਤੱਕ ਇਨ੍ਹਾਂ ਥਾਵਾਂ ਉੱਤੇ ਬੱਚੀਆਂ ਨੂੰ ਜ਼ਮੀਨ ਹੇਠਾਂ ਦੱਬ ਕੇ ਮਾਰਨ ਦੀਆਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ।
  • ਭਰੂਣ ਹੱਤਿਆ ਨੂੰ ਮਾਨਤਾ ਦੇਣ ਲਈ ਦੱਸੇ ਜਾਂਦੇ ਕਾਰਨਾਂ ਨੂੰ ਵੀ ਜਾਣਨਾ ਜ਼ਰੂਰੀ ਹੈ। ‘ਮੇਡੀਆ ਸਿੰਡਰੋਮ’ ਇਬਾਰਤ ਮੁਤਾਬਕ ਰੋਮ ਵਿੱਚ ਇੱਕ ਔਰਤ ਮੇਡੀਆ ਨੂੰ ਜਦੋਂ ਆਪਣੇ ਪਤੀ ਦੇ ਦੂਜੀਆਂ ਔਰਤਾਂ ਨਾਲ ਸਬੰਧਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਬਦਲੇ ਦੀ ਭਾਵਨਾ ਤਹਿਤ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਤਾਂ ਕਿ ਉਸ ਦੇ ਪਤੀ ਦਾ ਅੱਗੋਂ ਕੋਈ ਨਿਸ਼ਾਨ ਨਾ ਰਹੇ। ਬਾਅਦ ਵਿੱਚ ਢੇਰਾਂ ਦੇ ਢੇਰ ਬੱਚੇ ਦੁਸ਼ਮਣੀ ਤਹਿਤ ਕਤਲ ਹੋਣ ਲੱਗੇ।
  • ਈਸਾ ਮਸੀਹ ਤੋਂ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਜਰਮਨੀ ਦੇ ਇਲਾਕੇ ਵਿੱਚ ਬਹੁਤ ਵੱਡੀ ਖਾਈ ਲੱਭੀ ਗਈ ਜਿਸ ਵਿੱਚ ਨਿੱਕੇ ਬੱਚਿਆਂ ਦੇ ਸਰੀਰਾਂ ਦੇ ਅੰਸ਼ ਮਿਲੇ। ਬਹੁਤ ਵਾਰ ਮੀਂਹ ਦੇ ਦੇਵਤੇ ਨੂੰ ਖ਼ੁਸ਼ ਕਰਨ ਲਈ ਅਜਿਹਾ ਕੀਤਾ ਜਾਂਦਾ ਸੀ। ਸੰਨ 1843 ਤਕ ਲੋਕ ਪਹਿਲੇ ਬੱਚਿਆਂ ਨੂੰ ਕੰਧ ਵਿੱਚ ਚਿਣ ਦਿੰਦੇ ਸਨ ਜਾਂ ਵੱਡੀ ਇਮਾਰਤ ਦੀ ਨੀਂਹ ਵਿੱਚ ਦਫ਼ਨ ਕਰ ਦਿੰਦੇ ਸਨ।
  • ਯੂਨਾਨ ਦੇ ਪੁਰਤਾਨ ਫ਼ਿਲਾਸਫ਼ਰ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਦਾ ਵਧੀਆ ਤਰੀਕਾ ਨਵਜੰਮੀਆਂ ਬੱਚੀਆਂ ਨੂੰ ਜੰਮਦੇ ਸਾਰ ਮਾਰ ਦੇਣਾ ਗਿਣਦੇ ਸਨ। ਵਿਲੀਅਮ ਡਾਈਵੇਲ ਤੇ ਐਮ.ਹੈਰਿਸ ਨੇ 1976 ਵਿੱਚ ਖੁਲਾਸਾ ਕੀਤਾ ਕਿ ਪੁਰਾਣੇ ਸਮਿਆਂ ਵਿੱਚ 393 ਵਿੱਚੋਂ 208 ਜਾਤੀਆਂ ਕਬੀਲਿਆਂ ਦੀ ਗਿਣਤੀ ਕਾਬੂ ਵਿੱਚ ਰੱਖਣ ਲਈ ਆਪਣੀਆਂ ਨਵਜੰਮੀਆਂ ਬੱਚੀਆਂ ਮਾਰਦੇ ਸਨ। ਸਦੀਆਂ ਤੋਂ ਸਮਾਜਿਕ ਸ਼ਰਮ ਤੋਂ ਬਚਣ ਲਈ ਨਾਜਾਇਜ਼ ਪੈਦਾ ਹੋਏ ਬੱਚਿਆਂ ਨੂੰ ਮਾਰਨ ਦਾ ਰੁਝਾਨ ਅੱਜ ਵੀ ਜਾਰੀ ਹੈ। ਮੰਗਲਵਾਰ ਤੇ ਸ਼ਨਿੱਚਰਵਾਰ ਨੂੰ ਜੰਮੇ ਬੱਚੇ ਵੀ ਅਸ਼ੁੱਭ ਹੋਣ ਕਾਰਨ ਕਤਲ ਕਰ ਦਿੱਤੇ ਜਾਂਦੇ ਸਨ।
  • ਨਿਕੋਲਸ ਨੇ 1991 ਵਿੱਚ ਦੱਸਿਆ ਕਿ ਨਵਜੰਮੀਆਂ ਬੱਚੀਆਂ ਨੂੰ ਕਤਲ ਕਰਨ ਵਿੱਚ ਭਾਰਤ-ਚੀਨ ਨੇ ਅਤਿ ਚੁੱਕੀ ਹੋਈ ਹੈ। ਇਸ ਬਿਆਨ ਬਾਰੇ ਬਹੁਤ ਰੌਲਾ ਪੈਣ ’ਤੇ 1998 ਵਿੱਚ ਮਿਲਨਰ ਨੇ ਕੁਝ ਸਬੂਤ ਲਿਆ ਧਰੇ ਕਿ ਮੁੰਬਈ ਦੇ ਇੱਕ ਕਲੀਨਿਕ ਵਿੱਚ ਸਾਲ ਵਿੱਚ 8000 ਭਰੂਣ ਡੇਗੇ ਗਏ ਜਿਹਨਾਂ ਵਿੱਚੋਂ 7999 ਮਾਦਾ ਸਨ। ਪ੍ਰੋਫ਼ੈਸਰ ਰੈਡਿੰਗ ਨੇ 2007 ਵਿੱਚ ਸਪਸ਼ਟ ਲਿਖ ਦਿੱਤਾ ਕਿ 1970 ਤੋਂ 1980 ਦੌਰਾਨ 100 ਮਿਲੀਅਨ ਕੁੜੀਆਂ ਦੁਨੀਆ ਭਰ ਵਿੱਚੋਂ ਖ਼ਤਮ ਹੋ ਗਈਆਂ ਸਨ। ਪਿਛਲੇ 20 ਸਾਲਾਂ ਵਿੱਚ 10 ਮਿਲੀਅਨ ਹੋਰ ਕੁੜੀਆਂ ਮਾਰ ਦਿੱਤੀਆਂ ਗਈਆਂ। ਪ੍ਰੋਫ਼ੈਸਰ ਰੈਡਿੰਗ ਨੇ ਕਿਹਾ ਕਿ ਦੁਨੀਆ ਭਰ ਵਿੱਚ ਸਭ ਤੋਂ ਵੱਧ ਕੁੜੀਆਂ ਭਾਰਤ ਵਿੱਚ ਮਾਰੀਆਂ ਜਾ ਰਹੀਆਂ ਹਨ, ਜਿੱਥੇ ਰੱਬ ਦੀ ਸ਼ਕਲ ਵਿੱਚ ਔਰਤ ਦੀ ਪੂਜਾ ਵੀ ਕੀਤੀ ਜਾਂਦੀ ਹੈ!

ਰੋਕਣਾ

[ਸੋਧੋ]
  • ਇਸ ਲਈ ਸਭ ਤੋਂ ਵਧ ਜ਼ਰੂਰੀ ਹੈ ਔਰਤ ਨੂੰ ਬਰਾਬਰ ਦਾ ਮਾਣ ਦੇਣਾ ਅਤੇ ਅਜਿਹਾ ਮਾਹੌਲ ਸਿਰਜਣਾ, ਜਿੱਥੇ ਔਰਤ ਆਪ ਹੀ ਆਪਣੀ ਬੇਟੀ ਦੇ ਹੱਕਾਂ ਉੱਤੇ ਪਹਿਰਾ ਦੇਵੇ! ਜਦੋਂ ਤਕ ਅਜਿਹਾ ਸੰਭਵ ਨਹੀਂ, ਮਾਦਾ ਭਰੂਣ ਹੱਤਿਆ ਕਦੇ ਨਹੀਂ ਰੁਕ ਸਕਦੀ।
  • ਕੁਦਰਤ ਨੇ ਔਰਤ ਜ਼ਾਤ ਨੂੰ ਇਨਸਾਨੀ ਜੂਨ ਦੀ ਰਚਣਹਾਰ ਬਣਾ ਕੇ ਭੇਜਿਆ ਪਰ ਜ਼ੁਲਮ ਦੀ ਹੱਦ ਵੇਖੋ ਕਿ ਮਰਦ ਵੱਲੋਂ ਉਸੇ ਔਰਤ ਜ਼ਾਤ ਦਾ ਘਾਣ ਕਰਦਿਆਂ ਕਈ ਸਦੀਆਂ ਬੀਤਣ ਦੇ ਬਾਵਜੂਦ ਕਿਤੇ ਬਰਾਬਰੀ ਵਰਗੀ ਗੱਲ ਨਜ਼ਰ ਨਹੀਂ ਆਈ।
  • ਅੱਜ ਤੋਂ ਬਾਅਦ ਇਸ ਅਸਲ ਮੁੱਦੇ ਨੂੰ ਜਾਣੇ ਬਗ਼ੈਰ ਜੇ ਕੋਈ ਸਿਰਫ਼ ਇਸ ਗੱਲ ਉੱਤੇ ´ੇਂÎਦਿਤ ਹੈ ਕਿ ਪੰਜਾਬੀ, ਹਰਿਆਣਵੀ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਵਿੱਚੋਂ ਕੌਣ ਪਹਿਲੇ ਨੰਬਰ ਉੱਤੇ ਕੁੜੀਆਂ ਮਾਰ ਰਹੇ ਹਨ ਜਾਂ ਇਕੱਲੇ ਅੰਕੜੇ ਇਕੱਠੇ ਕਰ ਕੇ ਵਧੀਆ ਸੁਰਖ਼ੀ ਤਿਆਰ ਕਰਨ ਦੇ ਚੱਕਰ ਵਿੱਚ ਹਨ, ਤਾਂ ਅਫ਼ਸੋਸ ਕਿ ਉਹ ਸਿਰਫ਼ ਗੋਗਲੂਆਂ ਉੱਤੋਂ ਮਿੱਟੀ ਹੀ ਝਾੜ ਰਹੇ ਹੋਣਗੇ!
  • ਕੁੜੀਆਂ ਦੀ ਜਨਮ ਦਰ ਰਤਾ ਕੁ ਵਧਣ ਜਾਂ ਘਟਣ ਨਾਲ ਵੱਡੀ ਪਧੱਰ ਉੱਤੇ ਕੋਈ ਖ਼ਾਸ ਫ਼ਾਇਦਾ ਨਹੀਂ ਹੋਣ ਲੱਗਿਆ ਕਿਉਂਕਿ ਜਨਮ ਤੋਂ ਬਾਅਦ ਮਾਰਨ ਦੀਆਂ ਘਟਨਾਵਾਂ ਵਿੱਚ ਕੋਈ ਰੋਕਥਾਮ ਨਹੀਂ ਦਿਸਦੀ ਹੈ!
  • ਮੈਨੂੰ ਤਾਂ ਹੁਣ ਸਿਰਫ਼ ਇਹ ਡਰ ਸਤਾ ਰਿਹਾ ਹੈ ਕਿ ਸਦੀਆਂ ਤੋਂ ਦੱਬੀ ਕੁਚਲੀ ਔਰਤ ਜੇ ਬਗ਼ਾਵਤ ਉੱਤੇ ਉÎੱਤਰ ਆਈ ਤਾਂ ਪੈਪੂਆ ਤੇ ਨਿਊ ਗਿਨੀ ਦੀਆਂ ਔਰਤਾਂ ਵਾਂਗ ਹੁਣ ਆਪਣੇ ਨਵਜੰਮੇ ਮੁੰਡਿਆਂ ਨੂੰ ਆਪਣੇ ਪਤੀ ਦੀਆਂ ਵਧੀਕੀਆਂ ਦਾ ਸ਼ਿਕਾਰ ਨਾ ਬਣਾ ਦੇਵੇ!
  • ਸ਼ੁਕਰ ਹੈ ਰੱਬ ਦਾ ਜਿਸ ਸਦਕਾ ਔਰਤ ਜ਼ਾਤ ਦਾ ਏਨਾ ਘਾਣ ਹੋਣ ਦੇ ਬਾਵਜੂਦ ਉਸਦਾ ਵਜੂਦ ਹਾਲੇ ਵੀ ਧਰਤੀ ਉੱਤੇ ਕਾਇਮ ਹੈ।
  • ਮੈਨੂੰ ਢਹਿੰਦੀ ਕਲਾ ਵਾਲੇ ਵਿਚਾਰ ਪਸੰਦ ਨਹੀਂ। ਇਸ ਲਈ ਭਰੂਣ ਹੱਤਿਆ ਰੋਕਣ ਵਿੱਚ ਲੱਗੇ ਹਰ ਇਨਸਾਨ ਨੂੰ ਮੈਂ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੁੰਦੀ ਹਾਂ ਕਿ ਡਟੇ ਰਹੋ। ਪਤਝੜ੍ਹ ਤੋਂ ਬਾਅਦ ਬਹਾਰ ਆਉਣੀ ਹੀ ਹੁੰਦੀ ਹੈ। ਫੈਸ਼ਨ ਵੀ ਬਦਲ ਕੇ ਦੁਬਾਰਾ ਪੁਰਾਣੇ ਆਉਂਦੇ ਰਹਿੰਦੇ ਹਨ। ਧੀਆਂ ਦੀ ਘਾਟ ਹਰ ਸਦੀ ਵਿੱਚ ਆਉਂਦੀ ਰਹੀ ਹੈ ਤੇ ਉਸ ਸਮੇਂ ਵੀ *ਸੁਹਿਰਦ ਲੋਕਾਂ ਦੀ ਜੱਦੋ-ਜਹਿਦ ਸਦਕਾ ਧੀਆਂ ਜੰਮਦੀਆਂ ਰਹੀਆਂ ਸਨ। ਹੁਣ ਵੀ ਬਦਲਾਓ ਜ਼ਰੂਰ ਆਏਗਾ।
  • ਕੁੜੀਆਂ ਲਈ ਇਹੀ ਸੁਨੇਹਾ ਬਹੁਤ ਹੈ:
ਜੋ ਹੋਣਾ ਸੀ ਹੋ ਚੁੱਕਿਆ
ਹੁਣ ਹੋਰ ਨਾ ਅਨਹੋਣੀਆਂ ਹੋਣਗੀਆਂ
ਹੁਣ ਸ਼ੇਰਨੀਆਂ ਪੰਜਾਬ ਦੀਆਂ
ਗਿੱਦੜਾਂ ਨੂੰ ਰੱਸੇ ਪਾਉਣਗੀਆਂ
ਮਿਸਾਲ ਕੌਮ ਨੂੰ ਦੇਣੀ ਐਸੀ ਕਿ
ਧੀਆਂ ਕੁੱਖ ’ਚ ਨਾ ਕਤਲ ਹੋਣਗੀਆਂ
ਕਰ ਕੇ ਖ਼ਾਤਮਾ ਨਸ਼ਿਆਂ ਦਾ
ਧੀਆਂ ਹੁਣ ਘਰ ਵਸਾਉਣਗੀਆਂ
ਜੋ ਲੁੱਟਦੇ ਪਤ ਏਨ੍ਹਾਂ ਦੇਵੀਆਂ ਦੀ
ਸਬਕ ਉਹਨਾਂ ਨੂੰ ਸਿਖਾਉਣਗੀਆਂ
ਹੁਣ ਸ਼ੇਰਨੀਆਂ ਪੰਜਾਬ ਦੀਆਂ
ਗਿੱਦੜਾਂ ਨੂੰ ਫਾਹੇ ਲਾਉਣਗੀਆਂ। (ਸਿਮਰਨ)

ਪੰਜਾਬ ਵਿੱਚ ਭਰੂਣ ਹੱਤਿਆ

[ਸੋਧੋ]

ਕੁੜੀਮਾਰ’ ਸੂਬੇ ਵਜੋਂ ਬਦਨਾਮ ਹੋਏ ਪੰਜਾਬ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਹੁਣ 907 ਹੋ ਗਈ ਹੈ। ਇਹ ਨਵੇਂ ਅੰਕੜੇ ਸਿਹਤ ਵਿਭਾਗ ਦੇ ਹਨ। ਪਿਛਲੇ ਸਾਲ (2016-17) 1000 ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 892 ਸੀ। 2009 ਵਿੱਚ ਇਹ ਅਨੁਪਾਤ 878 ਤੱਕ ਹੇਠਾਂ ਜਾ ਡਿੱਗਿਆ ਸੀ। ਇਹ, ਬਿਨਾਂ ਸ਼ੱਕ, ਪੁੱਤਰ ਪ੍ਰਾਪਤੀ ਲਈ ਭਰੂਣ ਹੱਤਿਆ ਦੀ ਮਾਰ ਦਾ ਹੀ ਅਸਰ ਹੈ।[2]

ਹਵਾਲੇ

[ਸੋਧੋ]
  1. Definitions of feticide from dictionary.com.
  2. "ਭਰੂਣ ਹੱਤਿਆ ਦਾ ਮੁੱਦਾ ਅਤੇ ਪੰਜਾਬ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-14. Retrieved 2018-09-16.[permanent dead link]