ਸਮੱਗਰੀ 'ਤੇ ਜਾਓ

ਸਤਾਲਿਨਗਰਾਦ ਦੀ ਲੜਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਟੈਲਿੰਗਰਾਡ ਦੀ ਲੜਾਈ ਤੋਂ ਮੋੜਿਆ ਗਿਆ)
ਸੋਵੀਅਤ ਸੰਘ ਦੇ ਮਰੀਨ ਦਰਿਆ ਵੋਲਗਾ ਦੇ ਪੱਛਮੀ ਕਿਨਾਰੇ ’ਤੇ ਉੱਤਰਦੇ ਹੋਏ

ਸਤਾਲਿਨਗਾਰਾਦ ਦਾ ਯੁੱਧ (23 ਅਗਸਤ 1942 – 2 ਫਰਵਰੀ 1943) ਦੂਜਾ ਵਿਸ਼ਵ ਯੁੱਧ ਦੀ ਇੱਕ ਵੱਡਾ ਅਤੇ ਅਹਿਮ ਯੁੱਧ ਸੀ। ਇਸ ਵਿੱਚ ਜਰਮਨੀ ਦੇ ਨਾਜੀ ਸੋਵੀਅਤ ਸੰਘ ਦੇ ਦੱਖਣ-ਪੱਛਮ ਵਿੱਚ ਇਸਦੇ ਸ਼ਹਿਰ ਸਤਾਲਿਨਗਾਰਾਦ (ਹੁਣ ਵੋਲਗਾਗਰੈਡ) ’ਤੇ ਕਬਜ਼ਾ ਕਰਨ ਲਈ ਸੋਵੀਅਤ ਸੰਘ ਦੀ ਲਾਲ ਸੈਨਾ ਨਾਲ ਲੜੇ ਸਨ। ਇਹ ਯੁੱਧ ਪੰਜ ਮਹੀਨੇ, ਇੱਕ ਹਫਤਾ ਅਤੇ ਤਿੰਨ ਦਿਨ ਚੱਲੀ ਅਤੇ ਇਸ ਵਿੱਚ ਨਾਜੀਆਂ ਦੀ ਹਾਰ ਅਤੇ ਲਾਲ ਸੈਨਾ ਦੀ ਜਿੱਤ ਹੋਈ।

ਸਤਾਲਿਨਗਾਰਾਦ ਵਿੱਚ ਸਭ ਤੋਂ ਮਸ਼ਹੂਰ ਨਿਸ਼ਾਨਚੀ ਵਸਿਲੀ ਜ਼ਾਇਤਸੇਵ ਸੀ ਜਿਸ ਨੇ 10 ਨਵੰਬਰ ਤੋਂ 17 ਦਿਸੰਬਰ 1942 ਤੱਕ, ਪੰਜ ਹਫ਼ਤਿਆਂ ਵਿੱਚ, 225 ਦੁਸ਼ਮਣ ਸਿਪਾਹੀ ਅਤੇ ਅਫ਼ਸਰ ਮਾਰੇ ਜਿੰਨ੍ਹਾਂ ਵਿੱਚ 11 ਦੁਸ਼ਮਣ ਨਿਸ਼ਾਨਚੀ ਵੀ ਸ਼ਾਮਲ ਸਨ.

ਸਥਾਨ

[ਸੋਧੋ]

ਇਹ ਲੜਾਈ ਦੂਜੀ ਸੰਸਾਰ ਜੰਗ ਦੌਰਾਨ 17 ਜੁਲਾਈ 1942 ਤੋਂ 2 ਫਰਵਰੀ 1943 ਤਕ ਸੋਵੀਅਤ ਰੂਸ (ਹੁਣ ਰੂਸ) ਦੇ ਪ੍ਰਸਿੱਧ ਵੋਲਗਾ ਦਰਿਆ ਕੰਢੇ ਵੱਸੇ ਸ਼ਹਿਰ ਸਤਾਲਿਨਗਰਾਦ ਵਿੱਚ ਲੜੀ ਗਈ ਸੀ। ਦੂਜੀ ਸੰਸਾਰ ਜੰਗ ਦੌਰਾਨ ਲੜੀ ਗਈ ਸਤਾਲਿਨਗਰਾਦ ਦੀ ਲੜਾਈ ਦੁਨੀਆ ਦੇ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦੀ ਹੈ। ਫ਼ੌਜੀ ਪੱਖ ਤੋਂ ਦੁਨੀਆ ਦੀ ਇਸ ਸਭ ਤੋਂ ਵਧੇਰੇ ਖੂੰਖਾਰ ਤੇ ਖ਼ੂਨੀ ਲੜਾਈ ਨੇ ਨਾਜ਼ੀਵਾਦ ਦੀ ਹਾਰ ਦਾ ਮੁੱਢ ਬੰਨ੍ਹਣ ਦੇ ਨਾਲ-ਨਾਲ ਸੋਵੀਅਤ ਯੂਨੀਅਨ ਨੂੰ ਵੀ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ।

ਹਿਟਲਰ ਦਾ ਨਿਸ਼ਾਨਾ

[ਸੋਧੋ]

ਦੇਸ਼ ਦੀ ਰਾਜਧਾਨੀ ਮਾਸਕੋ ਦੇ ਮੋਰਚੇ ‘ਤੇ ਹਿਟਲਰ[1] ਦੀਆਂ ਫ਼ੌਜਾਂ ਨੂੰ ਸੋਵੀਅਤ ਰੂਸ ਦੀ ਲਾਲ ਫ਼ੌਜ ਵੱਲੋਂ ਰੋਕਣ ਤੋਂ ਬਾਅਦ ਉਸ ਨੇ 1942 ਵਿੱਚ ਨਵੇਂ ਹਮਲੇ ਦੀ ਯੋਜਨਾ ਬਣਾਈ। ਉਸ ਦਾ ਨਿਸ਼ਾਨਾ ਕਾਕੇਸ਼ਸ ਵਿੱਚ ਬਾਕੂ ਅਤੇ ਅਜਰਬਾਈਜਾਨ ਖੇਤਰਾਂ ਉੱਤੇ ਕਬਜ਼ਾ ਕਰਨਾ ਸੀ। ਉਸ ਨੇ 28 ਜੂਨ 1942 ਨੂੰ ‘ਆਪਰੇਸ਼ਨ ਬਲਿਊ’ ਕੋਡ ਨਾਂ ਅਧੀਨ ਇੱਕ ਫ਼ੌਜੀ ਮੁਹਿੰਮ ਸ਼ੁਰੂ ਕੀਤੀ। ਸੋਵੀਅਤ ਰੂਸ ਨੂੰ ਆਸ ਸੀ ਕਿ ਹਿਟਲਰ ਅਤੇ ਉਸ ਦੀਆਂ ਸਹਿਯੋਗੀ ਫ਼ੌਜਾਂ ਮਾਸਕੋ ਉੱਤੇ ਮੁੜ ਹਮਲਾ ਕਰਨਗੀਆਂ। ਅੱਗੇ ਵਧ ਰਹੀਆਂ ਜਰਮਨ ਫ਼ੌਜਾਂ ਦਾ ਲਾਲ ਫ਼ੌਜ ਨੇ ਵੋਰੋਨੇਝ ਦੇ ਮੋਰਚੇ ਉੱਤੇ ਡਟਕੇ ਟਾਕਰਾ ਕਰਦਿਆਂ ਉਨ੍ਹਾਂ ਨੂੰ ਉੱਥੇ ਉਲਝਾ ਲਿਆ। ਲਾਲ ਫ਼ੌਜ ਦੀਆਂ ਟੁਕੜੀਆਂ ਨੂੰ ਸਫ਼ਲਤਾਪੂਰਵਕ ਦੱਖਣ ਵੱਲ ਭੇਜ ਦਿੱਤਾ ਗਿਆ।

ਬਲਾਓ ਅਪਰੇਸ਼ਨ: ਜਰਮਨ 7 ਮਈ 1942 ਤੋਂ 18 ਨਵੰਬਰ 1942 ਤੱਕ ਅੱਗੇ ਵਧਦੇ ਹੋਏ      7 ਜੁਲਾਈ 1942 ਤੱਕ      22 ਜੁਲਾਈ 1942 ਤੱਕ      1 ਅਗਸਤ 1942 ਤੱਕ      18 ਨਵੰਬਰ 1942

ਹਿਟਲਰ ਦੀ ਰਣਨੀਤੀ

[ਸੋਧੋ]

ਹਿਟਲਰ ਸੋਵੀਅਤ ਰੂਸ[2] ਦੀ ਇਸ ਸਫ਼ਲਤਾ ਤੋਂ ਬਹੁਤ ਹੀ ਖਫ਼ਾ ਹੋ ਗਿਆ ਅਤੇ ਉਸ ਨੇ ਦੱਖਣ ਵੱਲ ਵਧ ਰਹੀਆਂ ਆਪਣੀਆਂ ਫ਼ੌਜਾਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਹੁਕਮ ਦਿੱਤਾ।

  • ਗਰੁੱਪ-ਏ ਨੂੰ ਤੇਲ ਖੇਤਰਾਂ ਵੱਲ ਵਧਣ ਅਤੇ
  • ਗਰੁੱਪ-ਬੀ; ਜਿਸ ਵਿੱਚ ਜਰਮਨ ਫ਼ੌਜ ਦੀ ਸਭ ਤੋਂ ਵਧੇਰੇ ਪ੍ਰਸਿੱਧ ਤੇ ਘਾਤਕ ਛੇਵੀਂ ਫ਼ੌਜ, ਜਿਸ ਦੀ ਅਗਵਾਈ ਜਨਰਲ ਫ੍ਰੈਡਰਿਕ ਪੋਲੁਸ ਕਰ ਰਿਹਾ ਸੀ ਅਤੇ ਚੌਥੀ ਪੇਨਜ਼ਰ ਫ਼ੌਜ, ਜਿਸ ਦੀ ਅਗਵਾਈ ਜਨਰਲ ਹਰਮਾਨ ਹੋਥ ਕਰ ਰਿਹਾ ਸੀ; ਨੂੰ ਸਤਾਲਿਨਗਰਾਦ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ।

ਸ਼ਹਿਰ ਦਾ ਨਾਮ

[ਸੋਧੋ]

ਇਸ ਸ਼ਹਿਰ ਦਾ ਨਾਂ ਸੋਵੀਅਤ ਇਨਕਲਾਬ ਦੇ ਕੱਦਾਵਰ ਆਗੂ ਜੋਸਫ ਸਤਾਲਿਨ ਦੇ ਨਾਂ ਉੱਤੇ 1925 ਵਿੱਚ ਉਨ੍ਹਾਂ ਵੱਲੋਂ ਇਨਕਲਾਬ ਮਗਰੋਂ ਹੋਈ ਅੰਦਰੂਨੀ ਜੰਗ ਵਿੱਚ ਨਿਭਾਈ ਸ਼ਾਨਦਾਰ ਭੂਮਿਕਾ ਕਰਕੇ ਹੀ ਸਤਾਲਿਨਗਰਾਦ ਰੱਖਿਆ ਗਿਆ ਸੀ। 1925 ਤੋਂ ਪਹਿਲਾਂ ਅਤੇ 1961 ਤੋਂ ਬਾਅਦ ਇਹ ਮੁੜ ਵੋਲਗੋਗਰਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਰੂਸ ਦੀ ਰਣਨੀਤੀ

[ਸੋਧੋ]

ਜਰਮਨ ਫ਼ੌਜਾਂ ਵੱਲੋਂ ਸਤਾਲਿਨਗਰਾਦ ਉੱਤੇ ਹਮਲੇ ਦੀ ਯੋਜਨਾ ਦਾ ਪਤਾ ਲੱਗਦਿਆਂ ਹੀ ਜੋਸਫ ਸਤਾਲਿਨ ਨੇ ਜਨਰਲ ਆਂਦਰੇ ਯੇਰਯੋਮੇਨਕੋ ਨੂੰ ਉੱਤਰ-ਪੂਰਬੀ ਮੋਰਚੇ ਦੀ ਕਮਾਨ ਸੌਂਪ ਦਿੱਤੀ ਸੀ। ਉਸ ਨੇ ਲੈਫ਼ਟੀਨੈਂਟ ਵਾਸੀਲੀ ਚੁਈਕੋਵ ਨੂੰ ਸਤਾਲਿਨਗਰਾਦ ਦਾ ਮੋਰਚਾ ਸੰਭਾਲਣ ਦੇ ਨਿਰਦੇਸ਼ ਦਿੱਤੇ। ਸੋਵੀਅਤ ਫ਼ੌਜਾਂ ਨੇ ਸ਼ਹਿਰ ਵਿੱਚ ਲੜਾਈ ਕਰਨ ਦੀ ਯੋਜਨਾ ਬਣਾਉਂਦਿਆਂ ਇਮਾਰਤਾਂ ਵਿੱਚ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਸੀ ਪਰ ਪਹਿਲੇ ਹੀ ਹੱਲੇ ਵਿੱਚ ਜਰਮਨ ਫ਼ੌਜ ਨੇ ਸ਼ਹਿਰ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ। ਹਜ਼ਾਰਾਂ ਨਾਗਰਿਕ ਮਾਰੇ ਜਾਂ ਜ਼ਖ਼ਮੀ ਹੋ ਗਏ ਸਨ। 13 ਸਤੰਬਰ ਨੂੰ ਪੋਲੁਸ ਦੀ ਅਗਵਾਈ ਵਿੱਚ ਜਰਮਨ ਦੀ ਫ਼ੌਜ ਸ਼ਹਿਰ ਵਿੱਚ ਦਾਖਲ ਹੋ ਗਈ ਸੀ ਅਤੇ ਵੋਲਗਾ ਦਰਿਆ ਨੇੜੇ ਸਥਿਤ ਸ਼ਹਿਰ ਦੀ ਮਹੱਤਵਪੂਰਨ ਪਹਾੜੀ ਮਾਮਾਯੇਵ ਕੁਰਗਾਨ ਉੱਤੇ ਕਬਜ਼ੇ ਲਈ ਹਮਲਾ ਕੀਤਾ। ਸੋਵੀਅਤ ਜਨਰਲ ਯੇਰਯੋਮੇਨਕੋ ਵੱਲੋਂ ਵਾਧੂ ਫ਼ੌਜੀ ਸਹਾਇਤਾ ਮਿਲਣ ਨਾਲ ਲੈਫ਼ਟੀਨੈਂਟ ਚੁਈਕੋਵ ਨੇ ਸ਼ਹਿਰ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ। ਦੁਸ਼ਮਣ ਫ਼ੌਜਾਂ ਭਾਰੂ ਹੁੰਦੀਆਂ ਦੇਖ ਉਸ ਨੇ ਆਪਣੇ ਫ਼ੌਜੀਆਂ ਨੂੰ ਦੁਸ਼ਮਣ ਨੂੰ ਉਲਝਾਈ ਰੱਖਣ ਅਤੇ ਹੌਸਲਾ ਨਾ ਛੱਡਣ ਦੀਆਂ ਹਦਾਇਤਾਂ ਦਿੱਤੀਆਂ। ਅਗਲੇ ਕਈ ਹਫ਼ਤਿਆਂ ਤਕ ਜਰਮਨ ਤੇ ਸੋਵੀਅਤ ਫ਼ੌਜਾਂ ਵਿਚਲੇ ਸ਼ਹਿਰਾਂ ਦੀਆਂ ਗਲੀਆਂ, ਬਾਜ਼ਾਰਾਂ ਅਤੇ ਇਮਾਰਤਾਂ ਵਿੱਚ ਜੰਗ ਚੱਲੀ। 13 ਸਤੰਬਰ ਨੂੰ ਮਾਮਾਯੇਵ ਕੁਰਗਾਨ ਤੇ ਰੇਲਵੇ ਸਟੇਸ਼ਨ ਨੰਬਰ 1 ‘ਤੇ ਮੁੜ ਕਬਜ਼ਾ ਕਰਨ ਦਾ ਜ਼ਿੰਮਾ ਸੋਵੀਅਤ ਫ਼ੌਜ ਦੀ 13ਵੀਂ ਰਾਈਫਲ ਡਿਵੀਜ਼ਨ ਦੇ ਸਿਰ ਲੱਗਾ। ਪਹਿਲੇ 24 ਘੰਟਿਆਂ ਵਿੱਚ ਹੀ ਇਸ ਦੇ 30 ਫ਼ੀਸਦੀ ਜਵਾਨ ਮਾਰੇ ਗਏ। ਲੜਾਈ ਖਤਮ ਹੋਣ ਤਕ 10,000 ਵਿੱਚੋਂ ਸਿਰਫ਼ 320 ਜਵਾਨ ਹੀ ਬਚੇ ਸਨ। ਦੋਵੇਂ ਥਾਵਾਂ ‘ਤੇ ਕਬਜ਼ਾ ਕਰ ਲਿਆ ਗਿਆ ਪਰ ਇਹ ਕੁਝ ਚਿਰ ਹੀ ਰਿਹਾ। ਰੇਲਵੇ ਸਟੇਸ਼ਨ ਉੱਤੇ ਛੇ ਘੰਟਿਆਂ ਦੌਰਾਨ ਜਰਮਨ ਅਤੇ ਸੋਵੀਅਤ ਫ਼ੌਜਾਂ ਨੇ 14 ਵਾਰ ਕਬਜ਼ਾ ਕੀਤਾ ਅਤੇ ਛੱਡਿਆ। ਗਲੀਆਂ-ਬਾਜ਼ਾਰਾਂ ਵਿੱਚ ਹੱਥੋ-ਹੱਥ ਦੀ ਇਹ ਲੜਾਈ ਐਨੀ ਭਿਆਨਕ ਸੀ ਕਿ ਇੱਕ ਸਮੇਂ ਮੋਰਚੇ ਉੱਤੇ ਸੋਵੀਅਤ ਸਿਪਾਹੀ ਦੀ ਔਸਤ ਜਿਉਣ ਦੀ ਉਮਰ ਸਿਰਫ਼ ਇੱਕ ਦਿਨ ਅਤੇ ਅਫ਼ਸਰਾਂ ਦੀ ਤਿੰਨ ਦਿਨ ਹੀ ਸੀ। ਅਕਤੂਬਰ ਦੇ ਅੰਤ ਤਕ ਜਰਮਨੀ ਦੀਆਂ ਫ਼ੌਜਾਂ ਨੇ ਸ਼ਹਿਰ ਦੇ 90 ਫ਼ੀਸਦੀ ਹਿੱਸੇ ‘ਤੇ ਕਬਜ਼ਾ ਕਰ ਲਿਆ। ਇਸ ਲੜਾਈ ਵਿੱਚ ਜਰਮਨੀ ਦੀ ਫ਼ੌਜ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਸੀ।

ਅਪਰੇਸ਼ਨ ਯੁਰੇਨਸ

[ਸੋਧੋ]

ਇਸ ਭਿਆਨਕ ਲੜਾਈ ਦੌਰਾਨ ਸਤਾਲਿਨ ਨੇ ਜਰਨਲ ਜੁਕੋਵ[3] ਨੂੰ ਇਸ ਹਮਲੇ ਦਾ ਜੁਆਬ ਦੇਣ ਦੇ ਮਕਸਦ ਨਾਲ ਦੱਖਣ ਵਿੱਚ ਭੇਜਿਆ। ਜਨਰਲ ਜੁਕੋਵ ਨੇ ਜਨਰਲ ਅਲੈਕਸੈਂਡਰ ਵਾਸੀਲੇਵਸਕੀ ਨਾਲ ਰਲਕੇ ਸਤਾਲਿਨਗਰਾਦ ਦੇ ਉੱਤਰ ਤੇ ਦੱਖਣ ਵਿੱਚ ਸਥਿਤ ਮੈਦਾਨਾਂ ‘ਚ ਫ਼ੌਜਾਂ ਇਕੱਠੀਆਂ ਕੀਤੀਆਂ। 19 ਨਵੰਬਰ ਨੂੰ ਸੋਵੀਅਤ ਫ਼ੌਜਾਂ ਨੇ ‘ਆਪਰੇਸ਼ਨ ਯੁਰੇਨਸ’ ਸ਼ੁਰੂ ਕੀਤਾ। ਇਸ ਵਿੱਚ ਉੱਤਰੀ ਬਾਹੀ ਤੋਂ ਤਿੰਨ ਫ਼ੌਜਾਂ ਨੇ ਡਾਨ ਦਰਿਆ ਨੂੰ ਪਾਰ ਕਰਦਿਆਂ ਰੁਮਾਨੀਆ ਦੀ ਤੀਜੀ ਫ਼ੌਜ ਉੱਤੇ ਹਮਲਾ ਕਰ ਦਿੱਤਾ। ਦੱਖਣੀ ਬਾਹੀ ਵੱਲੋਂ 20 ਨਵੰਬਰ ਨੂੰ ਦੋ ਸੋਵੀਅਤ ਫ਼ੌਜਾਂ ਨੇ ਰੁਮਾਨੀਆ ਦੀ ਚੌਥੀ ਫ਼ੌਜ ‘ਤੇ ਹਮਲਾ ਕਰ ਦਿੱਤਾ। ਰੁਮਾਨੀਆ ਦੀਆਂ ਇਹ ਫ਼ੌਜਾਂ ਸੋਵੀਅਤ ਵੱਲੋਂ ਬਾਹਰ ਤੋਂ ਹਮਲਾ ਕਰਨ ਦੀ ਹਾਲਤ ਵਿੱਚ ਉਨ੍ਹਾਂ ਦਾ ਟਾਕਰਾ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਸਨ। ਇਹ ਸੋਵੀਅਤ ਫ਼ੌਜਾਂ ਦਾ ਟਾਕਰਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀਆਂ। ਸੋਵੀਅਤ ਫ਼ੌਜਾਂ ਨੇ ਬੜੀ ਤੇਜ਼ੀ ਨਾਲ ਅੱਗੇ ਵਧਦਿਆਂ 23 ਨਵੰਬਰ ਨੂੰ ਕਾਲਾਚ ਨਾਮੀਂ ਥਾਂ ‘ਤੇ ਜਰਮਨ ਤੇ ਉਸ ਦੀ ਸਹਿਯੋਗੀ 2,50,000 ਫ਼ੌਜ ਨੂੰ ਘੇਰਾ ਪਾ ਲਿਆ। ਉਨ੍ਹਾਂ ਦੀ ਸਪਲਾਈ ਲਾਈਨ, ਜਿਸ ਰਾਹੀਂ ਉਨ੍ਹਾਂ ਨੂੰ ਭੋਜਨ ਅਤੇ ਅਸਲਾ ਮਿਲਣਾ ਸੀ, ਵੀ ਕੱਟੀ ਗਈ। ਦੂਜੇ ਪਾਸੇ ਇਹ ਘੇਰਾ ਤੋੜਨ ਹਿੱਤ ਹੋਰ ਜਰਮਨ ਫ਼ੌਜ ਨੂੰ ਹੋਰ ਥਾਵਾਂ ਤੋਂ ਆਉਣੋਂ ਰੋਕਣ ਲਈ ਪੂਰਬੀ ਖੇਤਰਾਂ ਵਿੱਚ ਵੀ ਹਮਲੇ ਕੀਤੇ ਗਏ। ਜਰਮਨ ਫ਼ੌਜ ਨੂੰ ਉੱਥੇ ਹੀ ਉਲਝਾਈ ਰੱਖਿਆ। ਇਸ ਸਥਿਤੀ ਵਿੱਚ ਜਰਮਨ ਫ਼ੌਜਾਂ ਦੀ ਹਾਈ ਕਮਾਂਡ ਨੇ ਜਨਰਲ ਪੋਲੁਸ ਵੱਲੋਂ ਸਤਾਲਿਨਗਰਾਦ ਦਾ ਮੋਰਚਾ ਛੱਡ ਦੇਣ ਦੀ ਇੱਛਾ ਜਾਹਰ ਕੀਤੀ ਪਰ ਹਿਟਲਰ ਨੇ ਉਨ੍ਹਾਂ ਦੀ ਇਹ ਰਾਇ ਠੁਕਰਾ ਦਿੱਤੀ। ਸੋਵੀਅਤ ਫ਼ੌਜਾਂ ਨੇ ਪੂਰਬ ਵੱਲ ਵਧਦਿਆਂ ਸਤਾਲਿਨਗਰਾਦ ਵਿਖੇ ਜਨਰਲ ਪੋਲੁਸ ਦੁਆਲੇ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਇਹ ਘੇਰਾ ਤੰਗ ਹੁੰਦਾ ਗਿਆ, ਲੜਾਈ ਵਧੇਰੇ ਗਹਿਗੱਚ ਹੁੰਦੀ ਗਈ।

ਅਪਰੇਸ਼ਨ ਵਿੰਟਰ ਸਟਾਰਮ

[ਸੋਧੋ]

ਜਰਮਨ ਫੀਲਡ ਮਾਰਸ਼ਲ ਈਰਿਕ ਵਾਨ ਮੈਨਸਟੀਨ ਨੇ 12 ਦਸੰਬਰ ਨੂੰ ਜਰਮਨੀ ਦੀ ਮਦਦ ਲਈ ‘ਆਪਰੇਸ਼ਨ ਵਿੰਟਰ ਸਟਾਰਮ’ ਸ਼ੁਰੂ ਕੀਤਾ ਪਰ ਉਹ ਕੋਈ ਵੀ ਮਦਦ ਪਹੁੰਚਾਉਣ ਵਿੱਚ ਨਾਕਾਮ ਰਿਹਾ।

ਲਿਟਲ ਸੈਟਰਨ

[ਸੋਧੋ]

ਇਸ ਹਮਲੇ ਦੇ ਜਵਾਬ ਵਜੋਂ ਸੋਵੀਅਤ ਨੇ 16 ਦਸੰਬਰ ਨੂੰ ਅਪਰੇਸ਼ਨ ‘ਲਿਟਲ ਸੈਟਰਨ’ ਸ਼ੁਰੂ ਕੀਤਾ ਜਿਸ ਨੇ ਜਰਮਨੀ ਦੀਆਂ ਆਸਾਂ ‘ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ। ਜਰਮਨ ਫ਼ੌਜਾਂ ਸਖ਼ਤ ਸਰਦੀ ਦੇ ਨਾਲ-ਨਾਲ ਭੋਜਨ ਅਤੇ ਅਸਲੇ ਦੀ ਘਾਟ ਨਾਲ ਜੂਝਣ ਲਈ ਮਜਬੂਰ ਹੋ ਗਈਆਂ। ਜਰਮਨ ਫ਼ੌਜ ਨੂੰ ਰੋਜ਼ਾਨਾ 800 ਸ਼ਾਰਟ ਟਨ ਸਪਲਾਈ ਦੀ ਲੋੜ ਸੀ ਪਰ ਨਾਂਹ-ਪੱਖੀ ਮੌਸਮ, ਤਕਨੀਕੀ ਮੁਸ਼ਕਲਾਂ ਅਤੇ ਸੋਵੀਅਤ ਐਂਟੀ ਕਰਾਫਟ ਤੋਪਾਂ ਦੀ ਗੋਲਾਬਾਰੀ ਕਰਕੇ ਜਰਮਨੀ ਦੀ ਹਵਾਈ ਫ਼ੌਜ ਰੋਜ਼ਾਨਾ ਔਸਤ 94 ਸ਼ਾਰਟ ਟਨ ਸਪਲਾਈ ਕਰਨ ਵਿੱਚ ਹੀ ਕਾਮਯਾਬ ਰਹੀ। ਸਤਾਲਿਨਗਰਾਦ ਵਿੱਚ ਘਿਰੀ ਛੇਵੀਂ ਫ਼ੌਜ ਹੌਲੀ-ਹੌਲੀ ਭੁੱਖਮਰੀ ਦਾ ਸ਼ਿਕਾਰ ਹੋਣ ਲੱਗੀ। ਸਪਲਾਈ ਲਿਆਉਣ ਵਾਲੇ ਹਵਾਈ ਜਹਾਜ਼ਾਂ ਦੇ ਪਾਇਲਟਾਂ ਮੁਤਾਬਕ ਫ਼ੌਜੀਆਂ ਵਿੱਚ ਸਾਮਾਨ ਉਤਾਰਨ ਜੋਗੀ ਵੀ ਤਾਕਤ ਨਹੀਂ ਸੀ ਅਤੇ ਉਹ ਰੋਟੀ ਦੇ ਟੁਕੜੇ ਪਿੱਛੇ ਆਪਸ ਵਿੱਚ ਲੜ ਪੈਂਦੇ ਸਨ। ਜਰਮਨ ਫ਼ੌਜ ਦੇ ਹੌਸਲੇ ਪਸਤ ਹੋਣ ਲੱਗ ਪਏ। ਸੋਵੀਅਤ ਲਾਲ ਫ਼ੌਜ ਦੇ ਛੋਟੇ ਅਫ਼ਸਰਾਂ ਦਾ ਇੱਕ ਪ੍ਰਤੀਨਿਧ ਮੰਡਲ ਜਨਰਲ ਪੋਲੁਸ ਕੋਲ ਪੇਸ਼ਕਸ਼ ਲੈ ਕੇ ਗਿਆ ਕਿ ਜੇ ਉਹ 24 ਘੰਟੇ ਵਿੱਚ ਆਤਮ-ਸਮਰਪਣ ਕਰ ਦਿੰਦਾ ਹੈ ਤਾਂ ਉਸ ਦੀ ਫ਼ੌਜ ਨੂੰ ਸੁਰੱਖਿਆ, ਜ਼ਖ਼ਮੀਆਂ ਤੇ ਬੀਮਾਰਾਂ ਦੇ ਇਲਾਜ ਦੀ ਗਾਰੰਟੀ ਦੇ ਨਾਲ-ਨਾਲ ਉਨ੍ਹਾਂ ਨੂੰ ਜਿਸ ਦੇਸ਼ ਵਿੱਚ ਉਹ ਜਾਣਾ ਚਾਹੁਣਗੇ, ਸੌਂਪ ਦਿੱਤਾ ਜਾਵੇਗਾ। ਜਨਰਲ ਪੋਲੁਸ ਨੇ ਹਿਟਲਰ ਦੇ ਹੁਕਮ ਮੁਤਾਬਕ ਆਤਮ-ਸਮਰਪਣ ਤੋਂ ਨਾਂਹ ਕਰ ਦਿੱਤੀ।

ਆਤਮ ਸਮਰਪਣ ਠੁਕਰਾਇਆ

[ਸੋਧੋ]

ਜਨਰਲ ਪੋਲੁਸ ਨੇ 22 ਜਨਵਰੀ ਨੂੰ ਆਤਮ-ਸਮਰਪਣ ਕਰਨ ਦੀ ਇਜਾਜ਼ਤ ਦੇਣ ਲਈ ਬੇਨਤੀ ਕੀਤੀ ਪਰ ਹਿਟਲਰ ਨੇ ਉਸ ਨੂੰ ਠੁਕਰਾ ਦਿੱਤਾ। ਹਿਟਲਰ ਨੇ 24 ਜਨਵਰੀ ਨੂੰ ਛੇਵੀਂ ਫ਼ੌਜ ਨੂੰ ਸੁਨੇਹਾ ਭੇਜਿਆ: ”ਆਤਮ-ਸਮਰਪਣ ਵਰਜਿਤ ਹੈ। ਛੇਵੀਂ ਫ਼ੌਜ ਆਖਰੀ ਬੰਦੇ ਅਤੇ ਆਖਰੀ ਗੋਲੀ ਤਕ ਲੜੇਗੀ ਅਤੇ ਆਪਣੀ ਲਾਮਿਸਾਲ ਬਹਾਦਰੀ ਨਾਲ ਸੁਰੱਖਿਆਤਮਕ ਮੋਰਚੇ ਦੀ ਕਾਇਮੀ ਅਤੇ ਪੱਛਮੀ ਦੁਨੀਆ ਦੀ ਮੁਕਤੀ ਦੀ ਸਥਾਪਨਾ ਵਿੱਚ ਯਾਦਗਾਰੀ ਸਹਿਯੋਗ ਦੇਵੇਗੀ।” ਇਸ ਦੇ ਨਾਲ ਹੀ 30 ਜਨਵਰੀ 1943 ਨੂੰ ਆਪਣੇ ਸੱਤਾ ਹਾਸਲ ਕਰਨ ਦੀ ਦਸਵੀਂ ਵਰ੍ਹੇਗੰਢ ਮੌਕੇ ਜਨਰਲ ਪੋਲੁਸ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਦੇ ਦਿੱਤੀ ਅਤੇ ਕਿਹਾ: ”ਦੇਸ਼ ਦੇ ਕਿਸੇ ਵੀ ਫੀਲਡ ਮਾਰਸ਼ਲ ਨੇ ਅੱਜ ਤਕ ਆਤਮ-ਸਮਰਪਣ ਨਹੀਂ ਕੀਤਾ। ਉਹ ਅੰਤ ਤਕ ਲੜਦਾ ਮਰ ਜਾਵੇ ਜਾਂ ਫਿਰ ਖ਼ੁਦਕੁਸ਼ੀ ਕਰ ਲਵੇ।” ਅਗਲੇ ਹੀ ਦਿਨ 31 ਜਨਵਰੀ ਨੂੰ ਸੋਵੀਅਤ ਫ਼ੌਜ ਨੇ ਜਨਰਲ ਪੋਲੁਸ ਦੇ ਯੂਨੀਵਰਮੈਗ ਡਿਪਾਰਟਮੈਂਟ ਸਟੋਰ ਸਥਿਤ ਹੈੱਡਕੁਆਰਟਰ ਉੱਤੇ ਕਬਜ਼ਾ ਕਰ ਲਿਆ। ਜਨਰਲ ਪੋਲੁਸ ਨੇ ਆਤਮ-ਸਮਰਪਣ ਕਰ ਦਿੱਤਾ। ਬਚੀ-ਖੁਚੀ ਜਰਮਨ ਫ਼ੌਜ ਨੇ 2 ਫਰਵਰੀ ਨੂੰ ਹਥਿਆਰ ਸੁੱਟ ਦਿੱਤੇ। ਇਸ ਦੇ ਨਾਲ ਹੀ ਭੁੱਖ ਅਤੇ ਬਿਮਾਰੀ ਦੇ ਭੰਨੇ ਤੇ ਨਿਰਾਸ਼ 91,000 ਨਾਜ਼ੀ ਫ਼ੌਜੀਆਂ ਨੂੰ ਲਾਲ ਫ਼ੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਨ੍ਹਾਂ ਵਿੱਚ 3000 ਰੁਮਾਨੀਅਨ ਅਤੇ 22 ਜਨਰਲ ਵੀ ਸ਼ਾਮਲ ਸਨ। ਇਸ ਤਰ੍ਹਾਂ ਸਤਾਲਿਨਗਰਾਦ ਦੀ ਲੜਾਈ ਵਿੱਚ ਸੋਵੀਅਤ ਰੂਸ ਦੀ ਲਾਲ ਫ਼ੌਜ ਨੇ ਜਿੱਤ ਹਾਸਲ ਕਰਦੇ ਹੋਏ ਨਾਜ਼ੀ ਫ਼ੌਜਾਂ ਦਾ ਲੱਕ ਤੋੜ ਦਿੱਤਾ।

ਯੁੱਧ ਸਮੱਗਰੀ

[ਸੋਧੋ]

ਇਸ ਇਤਿਹਾਸਕ ਲੜਾਈ ਵਿੱਚ ਜਰਮਨੀ ਦੀ ਅਗਵਾਈ ਵਿੱਚ 10,11,500 ਫ਼ੌਜੀਆਂ ਨੇ 10290 ਆਰਟੀਲਰੀ ਗੰਨਾਂ, 675 ਟੈਕਾਂ ਅਤੇ 1216 ਹਵਾਈ ਜਹਾਜ਼ਾਂ ਨਾਲ ਹਿੱਸਾ ਲਿਆ। ਜਦੋਂਕਿ ਸੋਵੀਅਤ ਰੂਸ ਦੀ ਲਾਲ ਫ਼ੌਜ ਵੱਲੋਂ 10,00,500 ਜਵਾਨਾਂ ਨੇ 13541 ਆਰਟੀਲਰੀ ਗੰਨਾਂ, 984 ਟੈਂਕਾਂ ਅਤੇ 1115 ਹਵਾਈ ਜਹਾਜ਼ਾਂ ਨਾਲ ਹਿੱਸਾ ਲਿਆ। ਸੋਵੀਅਤ ਰੂਸ ਦੀਆਂ ਔਰਤਾਂ ਅਤੇ ਮਜ਼ਦੂਰਾਂ ਨੇ ਵੀ ਇਸ ਲੜਾਈ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ। ਸਤਾਲਿਨਗਰਾਦ ਦੁਆਲੇ ਤਾਇਨਾਤ ਐਂਟੀ ਕਰਾਫਟ ਗੰਨਾਂ ਦਾ ਸੰਚਾਲਨ ਔਰਤਾਂ ਕਰ ਰਹੀਆਂ ਸਨ। ਘੱਟੋ-ਘੱਟ ਤਿੰਨ ਏਅਰ ਰੈਜੀਮੈਂਟਾਂ ਪੂਰੀ ਤਰ੍ਹਾਂ ਔਰਤਾਂ ਦੀਆਂ ਸਨ। 75000 ਔਰਤਾਂ ਨੇ ਟਰੇਨਿੰਗ ਲੈ ਕੇ ਇਸ ਲੜਾਈ ਵਿੱਚ ਭਾਗ ਲਿਆ ਜਦੋਂਕਿ ਬਹੁਤ ਸਾਰੀਆਂ ਔਰਤਾਂ ਵਲੰਟੀਅਰਾਂ ਵਜੋਂ ਲੜਾਈ ਵਿੱਚ ਸ਼ਾਮਲ ਹੋਈਆਂ।

ਨੁਕਸ਼ਾਨ

[ਸੋਧੋ]

ਇਸ ਲੜਾਈ ਵਿੱਚ ਨਾਜ਼ੀ ਫ਼ੌਜਾਂ ਦੇ ਤਕਰੀਬਨ ਸਾਢੇ ਸੱਤ ਲੱਖ ਫ਼ੌਜੀ ਮਾਰੇ ਗਏ, ਜਖ਼ਮੀ ਜਾਂ ਲਾਪਤਾ ਹੋਏ। ਸੋਵੀਅਤ ਫ਼ੌਜਾਂ ਵੱਲੋਂ ਬੰਦੀ ਬਣਾਏ ਗਏ 91,000 ਫ਼ੌਜੀਆਂ ਵਿੱਚੋਂ 27,000 ਤਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਹੀ ਮਰ ਗਏ। ਸਿਰਫ਼ 6000 ਫ਼ੌਜੀ ਹੀ ਆਪਣੇ ਘਰੀਂ ਵਾਪਸ ਪੁੱਜੇ। ਸੋਵੀਅਤ ਯੂਨੀਅਨ ਦੇ ਸਰਕਾਰੀ ਅੰਕੜਿਆਂ ਮੁਤਾਬਕ ਕੁੱਲ 11,29,619 ਫ਼ੌਜੀ ਇਸ ਲੜਾਈ ਦਾ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ 4,78,741 ਮਾਰੇ ਗਏ ਅਤੇ 6,50,878 ਜ਼ਖ਼ਮੀ ਹੋਏ। ਇਕੱਲੇ ਸਤਾਲਿਨਗਰਾਦ ਸ਼ਹਿਰ ਵਿੱਚ ਹੀ 7,50,000 ਮਾਰੇ, ਜ਼ਖ਼ਮੀ ਜਾਂ ਲਾਪਤਾ ਹੋਏ। ਇਸ ਤੋਂ ਬਿਨਾਂ 40,000 ਦੇ ਕਰੀਬ ਸੋਵੀਅਤ ਨਾਗਰਿਕ ਵੀ ਇਸ ਲੜਾਈ ਵਿੱਚ ਫੌਤ ਹੋਏ।

ਹਿਟਲਰ ਦਾ ਸੁਪਨਾ ਚਕਨਾਚੂਰ

[ਸੋਧੋ]

ਸਤਾਲਿਨਗਰਾਦ ਦੀ ਇਸ ਲੜਾਈ ਨੇ ਹਿਟਲਰ ਦੇ ਸਮੁੱਚੀ ਦੁਨੀਆ ‘ਤੇ ਨਾਜ਼ੀ ਝੰਡਾ ਝੁਲਾਉਣ ਅਤੇ ਦੁਨੀਆ ਦੇ ਪਹਿਲੇ ਸਮਾਜਵਾਦੀ ਦੇਸ਼ ਸੋਵੀਅਤ ਰੂਸ ਨੂੰ ਨਕਸ਼ੇ ਤੋਂ ਮਿਟਾਉਣ ਦੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ। ਇਸ ਲੜਾਈ ਵਿੱਚ ਹੋਈ ਹਾਰ ਤੋਂ ਬਾਅਦ ਹਿਟਲਰ ਦੀ ਅਗਵਾਈ ਵਾਲੀਆਂ ‘ਐਕਸਿਸ ਫ਼ੌਜਾਂ’ ਕੋਈ ਵੀ ਮਹੱਤਵਪੂਰਨ ਜਿੱਤ ਹਾਸਲ ਨਹੀਂ ਕਰ ਸਕੀਆਂ ਅਤੇ ਅੰਤ ਨੂੰ ਸੋਵੀਅਤ ਫ਼ੌਜਾਂ ਨੇ 1 ਮਈ 1945 ਨੂੰ ਬਰਲਿਨ ‘ਤੇ ਕਬਜ਼ਾ ਕਰ ਲਿਆ ਅਤੇ ਹਿਟਲਰ ਨੇ ਆਤਮ-ਹੱਤਿਆ ਕਰ ਲਈ।

ਹੀਰੋ ਸਿਟੀ ਦਾ ਖਿਤਾਬ ਅਤੇ ਯਾਦਗਾਰ

[ਸੋਧੋ]

1945 ਵਿੱਚ ਸਤਾਲਿਨਗਰਾਦ ਨੂੰ ਆਪਣੀ ਮਾਤ-ਭੂਮੀ ਸੋਵੀਅਤ ਯੂਨੀਅਨ ਦੀ ਰੱਖਿਆ ਕਰਨ ਵਾਲੇ ਸ਼ਹਿਰ ਵਜੋਂ ਸਰਕਾਰੀ ਤੌਰ ‘ਤੇ ‘ਹੀਰੋ ਸਿਟੀ’ ਦਾ ਖਿਤਾਬ ਪ੍ਰਦਾਨ ਕੀਤਾ ਗਿਆ। 1959 ਵਿੱਚ ‘ਸਤਾਲਿਨਗਰਾਦ ਦੀ ਲੜਾਈ ਦੇ ਨਾਇਕਾਂ’ ਦੀ ਯਾਦ ਵਿੱਚ ਮਾਮਾਯੇਵ ਕੁਰਗਨ ਪਹਾੜੀ ਉੱਤੇ ਇੱਕ ਯਾਦਗਾਰੀ ਕੰਪਲੈਕਸ ਦੀ ਉਸਾਰੀ ਸ਼ੁਰੂ ਕੀਤੀ ਗਈ ਜੋ 1967 ਵਿੱਚ ਪੂਰਾ ਹੋਇਆ। ਇਸ ਵਿੱਚ ਪ੍ਰਮੁੱਖ ਹੈ ਇੱਕ ਵਿਸ਼ਾਲ ਮੂਰਤੀ ‘ਮਾਤ-ਭੂਮੀ ਪੁਕਾਰ ਰਹੀ ਹੈ’। ਇਸ 52 ਫੁੱਟ ਉੱਚੀ ਇੱਕ ਮਹਿਲਾ ਦੇ ਹੱਥ ਵਿੱਚ ਇੱਕ ਵਿਸ਼ਾਲ ਤਲਵਾਰ ਹੈ ਜਿਹੜੀ ਹਵਾ ਵਿੱਚ 85 ਫੁੱਟ ਉੱਚੀ ਪੁੱਜਦੀ ਹੈ। ਇੱਥੇ ਜਨਰਲ ਚੁਈਕੋਵ ਦਾ ਮਕਬਰਾ ਹੈ ਅਤੇ ਜੰਗ ਵਿੱਚ ਮਾਰੇ ਗਏ ਸ਼ਹੀਦਾਂ ਦੀ ਯਾਦ ‘ਚ ਬਣਿਆ ਵਿਸ਼ਾਲ ਹਾਲ ਹੈ। ਇੱਕ ਕੰਧ ਉੱਤੇ ਇਸ ਲੜਾਈ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਨਾਂ ਦਰਜ ਹਨ। ਨਾਲ ਹੀ ਇੱਕ ਵਿਸ਼ਾਲ ਲਾਟ ਹਰ ਵੇਲੇ ਜਗਦੀ ਰਹਿੰਦੀ ਹੈ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. German High Command (communique) (12 December 1942). "Text of the Day's War Communiques". New York Times (12 December 1942). Retrieved 27 April 2009. {{cite journal}}: Cite has empty unknown parameters: |laydate=, |quotes=, |laysource=, |laysummary=, |coauthors=, and |month= (help)
  2. TV Novosti. "Crucial WW2 battle remembered". Archived from the original on 2009-03-09. Retrieved 19 February 2009. {{cite web}}: Unknown parameter |deadurl= ignored (|url-status= suggested) (help)
  3. Peirce, Benjamin (1882). Linear Associative Algebra. p. 1.