ਬਲਦੇਵ ਸਿੰਘ ਸੜਕਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਦੇਵ ਸਿੰਘ ਸੜਕਨਾਮਾ
ਬਲਦੇਵ ਸਿੰਘ ਸੜਕਨਾਮਾ
ਬਲਦੇਵ ਸਿੰਘ ਸੜਕਨਾਮਾ
ਜਨਮਬਲਦੇਵ ਸਿੰਘ ਸੜਕਨਾਮਾ
(1942-12-11) 11 ਦਸੰਬਰ 1942 (ਉਮਰ 81)
ਚੰਦ ਨਵਾ,ਮੋਗਾ, ਪੰਜਾਬ
ਕਿੱਤਾਕਵੀ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਵਲ
ਵਿਸ਼ਾਸਮਾਜਿਕ ਜੀਵਨ
ਪ੍ਰਮੁੱਖ ਕੰਮਢਾਹਵਾ ਦਿਲੀ ਦੇ ਕਿੰਗਰੇ

ਬਲਦੇਵ ਸਿੰਘ ਸੜਕਨਾਮਾ (ਜਨਮ 11 ਦਸੰਬਰ 1942) ਇੱਕ ਕਵੀ, ਨਾਟਕਕਾਰ ਅਤੇ ਨਾਵਲਕਾਰ ਹੈ। ਉਹ ਕੁਝ ਸਮਾਂ ਸਰਕਾਰੀ ਅਧਿਆਪਕ ਵੀ ਰਿਹਾ ਹੈ। ਉਸ ਨੇ ਐਮ.ਏ.ਬੀ.ਐੱਡ. ਹਾਸਲ ਕੀਤੀ। ਲੰਮਾ ਸਮਾਂ ਟਰੱਕ ਡਰਾਇਵਰੀ ਕੀਤੀ ਅਤੇ ਫਿਰ ਟਰਾਂਸਪੋਰਟਰ ਬਣ ਗਿਆ। ਉਸਨੂੰ ਉਸਦੇ ਨਾਵਲ ਢਾਹਵਾਂ ਦਿਲੀ ਦੇ ਕਿੰਗਰੇ ​​ਲਈ ਸਾਹਿਤ ਅਕਾਦਮੀ ਅਵਾਰਡ 2011 ਨੂੰ ਮਿਲਿਆ।

ਸੜਕਨਾਮਾ[ਸੋਧੋ]

ਬਲਦੇਵ ਸਿੰਘ ਮਹਿਜ਼ ਬਲਦੇਵ ਸਿੰਘ ਨਹੀਂ, ਉਹ ਸੜਕਨਾਮਾ ਵੀ ਹੈ, ਲਾਲ ਬੱਤੀ ਵੀ, ਅੰਨਦਾਤਾ ਵੀ ਹੈ। ਹਰ ਰਚਨਾ ਉਸ ਦੇ ਨਾਮ ਨਾਲ ਜੁੜ ਜਾਂਦੀ ਹੈ। ਬਲਦੇਵ ਸਿੰਘ ਇੱਕ ਬਲਸ਼ਾਲੀ ਗਲਪਕਾਰ ਹੈ। ਬਲਦੇਵ ਸਿੰਘ ਦੇ ਪਾਠਕ ਵਰਗ ਦਾ ਘੇਰਾ ਬਹੁਤ ਵਿਸ਼ਾਲਤਰ ਹੈ। ਉਸ ਦੀ ਹਰ ਰਚਨਾ ਬਲਸ਼ਾਲੀ ਕਿਉਂ ਹੁੰਦੀ ਹੈ? ਸਪਸ਼ਟ ਹੈ ਕਿ ਬਲਦੇਵ ਸਿੰਘ ਕੋਲ ਨਿੱਜੀ ਅਨੁਭਵ, ਜੀਵਨ ਤਜਰਬੇ ਅਤੇ ਗਿਆਨ ਬੋਧ ਬਹੁਤ ਜ਼ਿਆਦਾ ਹੈ। ਦੂਜਾ ਉਸ ਕੋਲ ਜੀਵਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਹੈ। ਉਸ ਦੀ ਨਿਮਨ, ਦਲਿਤ ਅਤੇ ਦਮਿਤ ਜਮਾਤ ਨਾਲ ਪ੍ਰਤੀਬੱਧਤਾ ਹੈ। ਉਸ ਦੀ ਹਰ ਰਚਨਾ ਸਿੱਧੇ ਜਾਂ ਅਸਿੱਧੇ ਚੇਤਨਤਾ ਦਿੰਦੀ ਹੈ। ਉਹ ਆਪਣੇ ਸਾਹਿਤਕ ਅਤੇ ਸਮਾਜਕ ਕਰਤਵ ‘ਤੇ ਖ਼ਰਾ ਉਤਰਦਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰ ਕੇ ਹੀ ਬਲਦੇਵ ਸਿੰਘ ਦੀ ਹਰ ਰਚਨਾ ਹੀ ਬਲਸ਼ਾਲੀ ਹੁੰਦੀ ਹੈ। ਉਸ ਦੀ ਮਕਬੂਲੀਅਤ ਦੇ ਕਾਰਨ ਵੀ ਇਹੋ ਹਨ।

ਸਾਹਿਤ ਸਿਰਜਣਾ[ਸੋਧੋ]

ਬਲਦੇਵ ਸਿੰਘ ਤੀਹ-ਬੱਤੀ ਸਾਲਾਂ ਤੋਂ ਸਾਹਿਤ ਸਿਰਜਣ ਕਰ ਰਿਹਾ ਹੈ। ਨਿਰੰਤਰ ਲਿਖਣਾ ਇੱਕ ਕਠਿਨ ਕਾਰਜ ਹੈ, ਪ੍ਰੰਤੂ ਬਲਦੇਵ ਆਪਣੀ ਪ੍ਰਤੀਬੱਧਤਾ ਕਾਰਨ ਅਜਿਹੇ ਕਠਿਨ ਕਾਰਜ ਨੂੰ ਕਰ ਰਿਹਾ ਹੈ। ਬਲਦੇਵ ਤਾਂ ਪੰਜਾਬ ਦੇ ਕਾਲੇ ਦੌਰ ਵਿੱਚ ਵੀ ਥਿੜਕਿਆ ਨਹੀਂ, ਉਸ ਨੂੰ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਵੀ ਲਿਖਣ ਤੋਂ ਰੋਕ ਨਹੀਂ ਸਕੀਆਂ। ਬਲਦੇਵ ਸਿੰਘ ਇੱਕ ਸੰਘਰਸ਼ਸ਼ੀਲ ਲੇਖਕ (ਕਾਮਾ) ਹੈ। ਉਸ ਨੇ ਜਿੱਥੇ ਕਥਾ-ਖੇਤਰ ਵਿੱਚ ਆਪਣੇ ਨਾਮ ਦੀ ਮੋਹਰਛਾਪ ਲਾਈ ਹੈ, ਉੱਥੇ ਉਸ ਨੇ ਨਾਟਕ-ਖੇਤਰ ਵਿੱਚ ਵੀ ਜ਼ਿਕਰਯੋਗ ਅਤੇ ਮਹਿਮਾਯੋਗ ਰਚਨਾਵਾਂ ਸਾਹਿਤਕ-ਪਿੜ ਨੂੰ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਖੇਤਰਾਂ ਤੋਂ ਇਲਾਵਾ ਉਹ ਨਾਵਲੀ-ਖੇਤਰ ਵਿੱਚ ਸਾਡੇ ਸਮਿਆਂ ‘ਚ ਸਭ ਤੋਂ ਵੱਧ ਚਰਚਿਤ ਹੈ। ਕਥਾ, ਨਾਟਕ ਅਤੇ ਨਾਵਲ ਤਿੰਨਾਂ ਖੇਤਰਾਂ ਵਿੱਚ ਹੀ ਉਸ ਦੇ ਨਾਮ ਦੀ ਤੂਤੀ ਬਰਾਬਰ ਬੋਲਦੀ ਹੈ। ਇਹ ਅਪਵਾਦ ਹੀ ਹੈ ਕਿ ਕੋਈ ਇਕੋ ਬੰਦਾ ਕਈ ਖੇਤਰਾਂ ਵਿੱਚ ਨਾਮਵਰ ਹੋਵੇ।

ਕਹਾਣੀ ਸੰਗ੍ਰਹਿ[ਸੋਧੋ]

  • ਗਿੱਲੀਆਂ ਛਿਟੀਆਂ ਦੀ ਅੱਗ
  • ਚਿੜੀਆਂ ਖਾਨਾ
  • ਹਵੇਲੀ ਛਾਵੇਂ ਖੜ੍ਹਾ ਰੱਬ
  • ਸਵੇਰੇ ਦੀ ਲੋਅ
  • ਝੱਖੜ ਤੇ ਪਰਿੰਦੇ
  • ਸ਼੍ਰੇਸ਼ਟ ਕਹਾਣੀਆਂ (ਟੀ. ਆਰ. ਵਿਨੋਦ)
  • ਪਲੇਟਫਾਰਮ ਨੰ: 11 (ਹਿੰਦੀ)
  • ਮਿੱਟੀ ਰੁਦਨ ਕਰੇ
  • ਨਾਗਵਲ (ਸੰਪਾ: ਵਿਰਸਾ ਸਿੰਘ)
  • ਹਨੇਰੇ ਸਵੇਰੇ
  • ਦਿਸਹੱਦਿਆਂ ਤੋਂ ਪਾਰ
  • ਜ਼ਿੰਦਗੀ ਦੇ ਰੰਗ (ਚੋਣਵੀਆਂ ਕਹਾਣੀਆਂ)

ਬਾਲ ਸਾਹਿਤ[ਸੋਧੋ]

  • ਕਲਕੱਤਾ ਦੀ ਸੈਰ
  • ਇੱਕ ਸੀ ਪਰੀ
  • ਰੇਲ ਗੱਡੀ
  • ਤਾਏ ਦੀਆਂ ਭੂਤਾਂ
  • ਮੋਠੂ ਦੇ ਘੁੰਗਰੂ (ਨਾਵਲ)

ਨਾਟਕ[ਸੋਧੋ]

  • ਸੋਨੇ ਦਾ ਹਿਰਨ
  • ਧੀਆਂ ਵਾਲੇ ਪੁੱਤਾਂ ਵਾਲੇ
  • ਮਿੱਟੀ ਰੁਦਨ ਕਰੇ
  • ਇਹ ਸਿਲਸਿਲਾ ਚੱਲਦਾ ਰਹੇਗਾ
  • ਬਿਨਸੈੈ ਉਪਜੈ ਤੇਰਾ ਭਾਣਾ
  • ਕੀ ਕੀ ਰੰਗ ਵਿਖਾਵੇ ਮਿੱਟੀ
  • ਕੱਠਪੁਤਲੀਆਂ
  • ਸਾਵਧਾਨ! ਅੱਗੇ ਖਤਰਾ ਹੈ
  • ਪਰਖ ਦੀ ਘੜੀ

ਰਚਨਾਵਾਂ ਬਾਰੇ[ਸੋਧੋ]

ਉਸ ਨੇ ਕਾਫੀ ਗਿਣਤੀ ਵਿੱਚ ਕਹਾਣੀਆਂ, ਨਾਟਕਾਂ ਅਤੇ ਨਾਵਲਾਂ ਦੀ ਰਚਨਾ ਕੀਤੀ ਹੈ, ਪ੍ਰੰਤੂ ਉਸ ਦੀ ਹਰ ਰਚਨਾ ਵਸਤੂ-ਸਥਿਤੀ ਅਤੇ ਕਲਾ ਪੱਖੋਂ ਭਿੰਨ ਅਤੇ ਵੱਖਰੀ ਹੈ। ਕਮਾਲ ਦੀ ਗੱਲ ਇਹ ਹੈ ਕਿ ਵਿਸ਼ੇ-ਵਸਤੂ ਦਾ ਕਿਸੇ ਵੀ ਰਚਨਾ ਵਿੱਚ ਦੁਹਰਾਓ ਨਹੀਂ। ਉਸ ਦੀ ਕੋਈ ਰਚਨਾ ਭਾਸ਼ਾ ਅਤੇ ਬੋਲੀ ਪੱਖੋਂ ਮਾਰ ਨਹੀਂ ਖਾਂਦੀ। ਹਰ ਰਚਨਾ ਦੀ ਆਪਣੀ ਸ਼ੈਲੀ ਅਤੇ ਆਪਣਾ ਅੰਦਾਜ਼ ਹੈ। ਉਸ ਦੀ ਹਰ ਰਚਨਾ ਰੌਚਕ ਹੈ, ਇਸ ਤੋਂ ਬਿਨਾਂ ਉਸ ਦੀ ਹਰ ਰਚਨਾ ਕੋਈ ਨਾ ਕੋਈ ਪ੍ਰਸ਼ਨ ਛੱਡਦੀ ਹੈ, ਕੋਈ ਨਾ ਕੋਈ ਸੰਕੇਤ ਦਿੰਦੀ ਹੈ, ਕੋਈ ਨਾ ਕੋਈ ਰਾਹ ਵਿਖਾਉਂਦੀ ਹੈ, ਚੇਤਨਾ ਪ੍ਰਦਾਨ ਕਰਦੀ ਹੈ। ਬਲਦੇਵ ਸ਼ਾਂਤੀ, ਪਰਿਵਰਤਨ ਅਤੇ ਸਮਾਜਵਾਦ ਚਾਹੁੰਦਾ ਹੈ, ਪ੍ਰੰਤੂ ਉਸ ਦੀ ਕੋਈ ਰਚਨਾ ਮਾਅਰਕੇਬਾਜ਼ੀ ਜਾਂ ਨਾਅਰੇਬਾਜ਼ੀ ਦੀ ਲਖ਼ਾਇਕ ਨਹੀਂ। ਉਹ ਆਪਣੀ ਗੱਲ, ਆਪਣਾ ਪੱਖ, ਆਪਣੇ ਵਿਚਾਰ ਅਸਿੱਧੇ ਢੰਗ (ਸੁਹਜਮਈ ਢੰਗ ਨਾਲ) ਨਾਲ ਕਹਿਣ ‘ਚ ਵਿਸ਼ਵਾਸ ਰੱਖਦਾ ਹੈ। ਬਲਦੇਵ ਸਿੰਘ ਦੀ ਕਿਸੇ ਕਲਾ-ਕ੍ਰਿਤੀ ‘ਚ ਫੋਕਾ ਆਦਰਸ਼ਵਾਦ ਨਹੀਂ, ਤਲਖ਼ ਜ਼ਮੀਨੀ ਹਕੀਕਤਾਂ ਅਤੇ ਤਾਰਕਿਕ ਵਿਚਾਰਧਾਰਾ ਨੂੰ ਹੀ ਉਹ ਆਪਣੀਆਂ ਰਚਨਾਵਾਂ ਦੇ ਕੇਂਦਰ ਵਿੱਚ ਰੱਖਦਾ ਹੈ। ਬਲਦੇਵ ਦੀ ਕਿਸੇ ਕਥਾ, ਨਾਟਕ ਜਾਂ ਨਾਵਲ ‘ਚ ਫੋਟੋਗ੍ਰਾਫਕ ਯਥਾਰਥ ਨਹੀਂ, ਉਸ ਦੀਆਂ ਰਚਨਾਵਾਂ ਗਤੀਸ਼ੀਲ-ਯਥਾਰਥ, ਇੱਛਤ-ਯਥਾਰਥ ਅਤੇ ਨਵ-ਯਥਾਰਥ ਦੀਆਂ ਵਾਹਕ ਹੁੰਦੀਆਂ ਹਨ। ਗ਼ੌਰਤਲਬ ਪੱਖ ਇਹ ਹੈ ਕਿ ਜਦ ਉਹ ਨਵ-ਯਥਾਰਥ ਦੀ ਅਭਿਵਿਅਕਤੀ ਕਰ ਰਿਹਾ ਹੁੰਦਾ ਹੈ ਤਾਂ ਉਹ ਇਸ ਯਥਾਰਥ ‘ਚੋਂ ਉਸ ਪੱਖ, ਪਹਿਲੂ, ਜ਼ੁਜ ਜਾਂ ਵਰਤਾਰੇ ਨੂੰ ਉਭਾਰ ਰਿਹਾ ਹੁੰਦਾ ਹੈ, ਜੋ ਅਗਾਂਹਵਧੂ, ਹਾਂਦਰੂ, ਸਿਹਤਮੰਦ ਅਤੇ ਤਾਰਕਿਕ ਹੁੰਦਾ ਹੈ। ਬਲਦੇਵ ਹਰ ਰਚਨਾ ਸਹਿਜ-ਮਤੇ ਲਿਖਦਾ ਹੈ, ਇਸ ਦੇ ਬਾਵਜੂਦ ਉਹ ਸੁਚੇਤ ਵੀ ਰਹਿੰਦਾ ਹੈ ਕਿ ਕਿਧਰੇ ਕੋਈ ਗ਼ਲਤੀ ਨਾ ਹੋ ਜਾਵੇ, ਜਿਹੜੀ ਉਸ ਦੀ ਕੀਤੀ ਮਿਹਨਤ ਨੂੰ ਹੀ ਮਿੱਟੀ ‘ਚ ਮਿਲਾ ਦੇਵੇ। ਲਿਖਣ ਵੇਲੇ ਅਤੇ ਛਾਪਣ ਵੇਲੇ ਉਹ ਕਾਹਲ ਨਹੀਂ ਕਰਦਾ। ਉਹ ਖ਼ੁਦ ਵੀ ਕਿਸੇ ਪੱਖ, ਪਹਿਲੂ, ਜ਼ੁਜ ਜਾਂ ਵਰਤਾਰੇ ਨੂੰ ਪ੍ਰਸਤੁਤ ਕਰਨ ਸਮੇਂ ਸੌ ਵਾਰ ਸੋਚਦਾ ਹੈ। ਉਹ ਆਲੋਚਕਾਂ ਅਤੇ ਬੁੱਧੀਜੀਵੀਆਂ ਨਾਲ ਵੀ ਸਲਾਹ-ਮਸ਼ਵਰਾ ਕਰਨ ‘ਚ ਆਪਣੀ ਕਦੇ ਹੇਠੀ ਨਹੀਂ ਸਮਝਦਾ। ਮੇਰੇ ਵਰਗੇ ਆਲੋਚਕਾਂ ਤੋਂ ਵੀ ਉਹ ਸਲਾਹ ਲੈ ਲੈਂਦਾ ਹੈ। ਬਲਦੇਵ ਇੱਕ ਨਿਮਰ ਸ਼ਖ਼ਸੀਅਤ ਹੈ। ਹਉਮੈ ਨੂੰ ਉਹ ਨੇੜ ਨਹੀਂ ਫ਼ਟਕਣ ਦਿੰਦਾ। ਆਮ ਕਰ ਕੇ ਸਾਡੇ ਲੇਖਕ ਆਪਣੇ ਆਪ ਨੂੰ ਸ਼ਾਹਕਾਰ ਲੇਖਕ ਕਹਾ ਕੇ ਖੁਸ਼ ਹੁੰਦੇ ਹਨ। ਅਜਿਹੇ ਲੇਖਕ ਹਰ ਸਮੇਂ ਆਪਣੀ ਹਉਮੈਵਾਦੀ ਧਾਰਨਾ ਨੂੰ ਹਿੱਕ ਨਾਲ ਲਾਈ ਫਿਰਦੇ ਰਹਿੰਦੇ ਹਨ। ਬਲਦੇਵ ਬਤੌਰ ਲੇਖਕ ਮਹਾਨ ਹੈ, ਪ੍ਰੰਤੂ ਉਹ ਆਪਣੇ ਆਪ ਨੂੰ ਨਾ ਮਹਾਨ ਕਹਾਉਂਦਾ ਹੈ, ਨਾ ਕਹਿੰਦਾ ਹੈ। ਇਸ ਕਰ ਕੇ ਕਿਹਾ ਜਾ ਸਕਦਾ ਹੈ ਕਿ ਬਲਦੇਵ ਸਿੰਘ ‘ਬਲਦੇਵ ਸਿੰਘ’ ਹੀ ਹੈ। ਉਸ ਦੀਆਂ ਰਚਨਾਵਾਂ ‘ਰਚਨਾਵਾਂ’ ਹੀ ਹਨ।

ਬਲਦੇਵ ਸਿੰਘ ਨੇ ਕਲਕੱਤੇ ਰਹਿੰਦਿਆਂ, ਡਰਾਇਵਰੀ ਕਰਦਿਆਂ ਜਦ ਲਿਖਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਕਹਾਣੀ ਰਚੀ। ਹੌਲੀ-ਹੌਲੀ ਉਸ ਨੇ ਕਹਾਣੀ-ਖੇਤਰ ਵਿੱਚ ਆਪਣਾ ਵਿਸ਼ੇਸ਼ ਸਥਾਨ ਗ੍ਰਹਿਣ ਕਰ ਲਿਆ। ਬਲਦੇਵ ਸਿੰਘ ਨੇ ਆਪਣੀਆਂ ਕਹਾਣੀਆਂ ‘ਚ ਸਭ ਤੋਂ ਵੱਧ ਸਮਾਜ ਦੇ ਆਰਥਿਕ ਨੁਕਤੇ ਨੂੰ ਕੇਂਦਰ ਵਿੱਚ ਰੱਖਿਆ ਹੈ, ਕਿਉਂਕਿ ਬਲਦੇਵ ਸਿੰਘ ਲਈ ਇੱਕ ਸਮਾਜ ਦੀ ਆਰਥਿਕਤਾ ਹੀ ਪ੍ਰਮੁੱਖ ਆਧਾਰ ਹੈ। ਇਸ ਟੁੱਟ-ਭੱਜ ਰਹੀ ਆਰਥਿਕਤਾ ਕਾਰਨ ਹੀ ਕਿਸੇ ਸਮਾਜ ਦੇ ਪ੍ਰਮੁੱਖ ਉਸਾਰ ਸੱਭਿਆਚਾਰ ਦੀ ਵਿਆਪਕ ਟੁੱਟ-ਭੱਜ ਹੁੰਦੀ ਹੈ। ਬਲਦੇਵ ਸਿੰਘ ਨੇ ਖੰਡਿਤ ਹੋ ਰਹੇ ਭਾਈਚਾਰੇ, ਸਾਂਝ, ਮਿਲਵਰਤਣ ਅਤੇ ਪਿਆਰ ਨੂੰ ਵੀ ਵਿਸ਼ਾ-ਵਸਤੂ ਬਣਾਇਆ ਹੈ। ਬਲਦੇਵ ਸਿੰਘ ਦੀਆਂ ਬਹੁਤੀਆਂ ਕਥਾਵਾਂ ਰਿਸ਼ਤਿਆਂ ‘ਚ ਪੈਦਾ ਹੋ ਰਹੇ ਦਵੰਦਾਂ, ਤਣਾਵਾਂ ਅਤੇ ਟਕਰਾਵਾਂ ‘ਤੇ ਹੀ ਕੇਂਦਰਿਤ ਹਨ। ਸਮਾਜਕ, ਸੱਭਿਆਚਾਰਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਵਿਸ਼ਿਆਂ ਤੋਂ ਬਿਨਾਂ ਬਲਦੇਵ ਨੇ ਸਾਡੇ ਸਮਾਜ ਦੀ ਮਨੋਸਰੰਚਨਾ ਅਤੇ ਮਨੋ-ਸਥਿਤੀ ਨੂੰ ਵੀ ਆਪਣੀਆਂ ਕਹਾਣੀਆਂ ‘ਚ ਦਰਜ ਕੀਤਾ ਹੈ। ਬਲਦੇਵ ਦੀਆਂ ਕਹਾਣੀਆਂ ਵਿਸ਼ਾ-ਵਸਤੂ ਪੱਖੋਂ ਹੀ ਨਹੀਂ, ਕਲਾ ਅਤੇ ਸੁਹਜ ਪੱਖੋਂ ਵੀ ਬੇਸ਼ਕੀਮਤੀ ਹਨ।

ਨਾਵਲ[ਸੋਧੋ]

ਬਲਦੇਵ ਸਿੰਘ ਦੇ ਨਾਵਲਾਂ ਦੀ ਲਿਸਟ ਵੀ ਕਾਫੀ ਲੰਬੀ ਹੋ ਚੁੱਕੀ ਹੈ। ਦੂਸਰਾ ਹੀਰੋਸ਼ੀਮਾ, ਸੂਲੀ ਟੰਗੇ ਪਹਿਰ, ਕੱਲਰੀ ਧਰਤੀ, ਜੀ.ਟੀ. ਰੋਡ, ਕੱਚੀਆਂ ਕੰਧਾਂ ਆਦਿ ਨਾਵਲ ਟਰਾਂਸਪੋਰਟ ਕਿੱਤੇ, ਡਰਾਇਵਰੀ ਕਿੱਤੇ, ਨਕਸਲੀ ਮਸਲੇ ਅਤੇ ਸੀਮਾਂਤ ਕਿਸਾਨੀ ਨਾਲ ਸਬੰਧਤ ਹਨ।

ਉਸਦੇ ਰਚਿਤ ਲਾਲ ਬੱਤੀ ਨਾਵਲ ਦੀ ਚਰਚਾ ਬਹੁਤ ਜ਼ਿਆਦਾ ਹੋਈ। ਇਹ ਨਾਵਲ ਵੇਸਵਾਗਮਨੀ ਦਾ ਕਰੂਰ ਯਥਾਰਥ ਹੈ। ਇਸ ਤੋਂ ਬਾਅਦ ਉਸ ਦਾ ਨਾਵਲ ਅੰਨਦਾਤਾ ਬਹੁਤ ਚਰਚਿਤ ਹੋਇਆ, ਜੋ ਪੰਜਾਬ ਦੀ ਸੀਮਾਂਤ ਕਿਸਾਨੀ (ਜੋ ਨਿਰੰਤਰ ਕੰਗਾਲ ਹੋ ਰਹੀ ਹੈ) ਦੇ ਸੰਕਟ ਦਾ ਕੜਵਾ ਅਤੇ ਕਰੂਰ ਯਥਾਰਥ ਹੈ। ਇਸ ਤੋਂ ਬਾਅਦ ਬਲਦੇਵ ਸਿੰਘ, ਡਾ. ਟੀ.ਆਰ. ਵਿਨੋਦ ਦੇ ਕਹਿਣ ‘ਤੇ ਇਤਿਹਾਸਕ ਨਾਵਲ ਲਿਖਣ ਲਈ ਪਰੇਰਿਤ ਹੋਇਆ। ਪੰਜਵਾਂ ਸਾਹਿਬਜ਼ਾਦਾ (ਸਿੱਖ ਇਤਿਹਾਸ ‘ਚ ਅਣਗੌਲੇ ਮਹਾਨਾਇਕ ਭਾਈ ਜੈਤਾ ਸਿੰਘ ਨਾਲ ਸਬੰਧਿਤ), ਸਤਲੁਜ ਵਹਿੰਦਾ ਰਿਹਾ (ਸ਼ਹੀਦ ਭਗਤ ਸਿੰਘ ਦੇ ਜੀਵਨ ‘ਤੇ ਆਧਾਰਤ), ਢਾਹਵਾਂ ਦਿੱਲੀ ਦੇ ਕਿੰਗਰੇ(ਲੋਕ ਨਾਇਕ ਦੁੱਲਾ ਭੱਟੀ ਦੇ ਜੀਵਨ ‘ਤੇ ਆਧਾਰਤ), ਸੂਰਜ ਦੀ ਅੱਖ(ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਅਧਾਰਿਤ), ਮਹਾਬਲੀ ਸੂਰਾ (ਬੰਦਾ ਸਿੰਘ ਬਹਾਦਰ ਦੀ ਜੀਵਨੀ) ਆਦਿ ਉਸ ਦੇ ਗ਼ੌਰਤਲਬ ਇਤਿਹਾਸਕ ਨਾਵਲ ਹਨ। ਪੰਜਾਬੀ ਇਤਿਹਾਸ ਦੇ ਚਾਰ ਮਹਾਨਾਇਕਾਂ ਬਾਰੇ ਲਿਖਣਾ ਸੌਖਾ ਕੰਮ ਨਹੀਂ ਸੀ। ਇਨ੍ਹਾਂ ਮਹਾਨਾਇਕਾਂ ਦੇ ਜੀਵਨ ਨਾਲ ਬਹੁਤ ਸਾਰੀਆਂ ਮਿੱਥਾਂ ਜੁੜੀਆਂ ਹੋਈਆਂ ਸਨ ਅਤੇ ਇਨ੍ਹਾਂ ਦੇ ਜੀਵਨ ‘ਚ ਬਹੁਤ ਸਾਰੀਆਂ ਭਰਾਂਤੀਆਂ ਪਈਆਂ ਸਨ। ਬਲਦੇਵ ਨੇ ਇਨ੍ਹਾਂ ਮਿੱਥਾਂ ਅਤੇ ਭਰਾਂਤੀਆਂ ਨੂੰ ਖ਼ਾਰਜ ਵੀ ਕੀਤਾ ਅਤੇ ਜੋ ਸੱਚ ਸੀ, ਉਸ ਨੂੰ ਸਾਡੇ ਸਨਮੁੱਖ ਰੱਖਿਆ। ਬਲਦੇਵ ਸਿੰਘ ਨੇ ਇਤਿਹਾਸ ਨੂੰ ਤਾਰਕਿਕ ਢੰਗ ਨਾਲ ਵਾਚਣ ਲਈ ਸਾਨੂੰ ਇੱਕ ਦ੍ਰਿਸ਼ਟੀ ਦਿੱਤੀ ਹੈ। ਬਲਦੇਵ ਸਿੰਘ ਦਾ ਇੱਕ ਹੋਰ ਨਾਵਲ ਕਾਮਰੇਡ ਰੁਲਦੂ ਖ਼ਾਂ ਦੇ ਜੀਵਨ ਉੱਪਰ ਆਧਾਰਤ ਛਪ ਚੁੱਕਾ ਹੈ, ਜਿਸ ਦਾ ਸਿਰਲੇਖ ਹੈ—ਮੈਂ ਪਾਕਿਸਤਾਨ ਨਹੀਂ ਜਾਣਾਅੰਨਦਾਤਾ ਨਾਵਲ ਦਾ ਦੂਜਾ ਭਾਗ ਵੀ ਖਾਕੂ ਜੇਡੁ ਨ ਕੋਇ ਸਿਰਲੇਖ ਅਧੀਨ ਛਪ ਚੁੱਕਾ ਹੈ। ਸਾਡੇ ਲਈ ਇੱਕ ਖੁਸ਼ਦਾਇਕ ਗੱਲ ਹੈ ਕਿ ਬਲਦੇਵ ਸਿੰਘ ਇਸ ਤੋਂ ਬਾਅਦ ਇੱਕ ਚੜ੍ਹਦਾ ਨਾਵਲ ਰਚ ਰਿਹਾ ਹੈ।

ਦੂਸਰਾ ਹੀਰੋਸੀਮਾ(1977)[ਸੋਧੋ]

ਦੂਸਰਾ ਹੀਰੋਸੀਮਾ 1977 ਵਿੱਚ ਬਲਦੇਵ ਸਿੰਘ ਦਾ ਪਹਿਲਾ ਨਾਵਲ ਹੈ। ਇਸ ਨਾਵਲ ਵਿੱਚ ਸਾਡੇ ਪੰਜਾਬੀ ਪੇਂਡੂ ਭਾਈਚਾਰੇ ਜਿਥੇ ਪੁਰਾਣੇ ਜਾਗੀਰਦਾਰੀ ਪੈਦਾਵਾਰੀ ਸਾਧਨ ਨਵੇਂ ਪੂੰਜੀਵਾਦੀ ਸਾਧਨਾਂ ਚ ਬਦਲ ਰਹੇ ਹਨ। ਪੁਰਾਣੇ ਸੰਧਾਂ ਦੀ ਥਾਂ ਨਵੀਆਂ ਆਧੁਨਿਕ ਮਸ਼ੀਨਾਂ ਦੀ ਬਦਲ ਦਿਖਾਈ ਦਿੰਦੀ ਹੈ। ਨਾਵਲ ਵਿੱਚ ਜੱਟ ਕਿਸਾਨੀ ਦੀਆਂ ਜੱਦੀ ਪੁਸ਼ਤੀ ਦੁਸ਼ਮਣੀਆ ਦੇ ਦੁਖਾਂਤ ਦੀ ਕਹਾਣੀ ਪੇਸ਼ ਹੈ। ਜਿਸ ਚ ਦੁਸ਼ਮਣੀ ਦਾ ਮੁੱਢ ਸਰਪੰਚ ਦੀ ਚੋਣ ਤੋਂ ਬੱਝਦਾ ਹੈ। ਦੂਸਰੇ ਮਹਾਂਯੁੱਧ ਵਿੱਚ ਹੋਇਆ ਹੀਰੋਸ਼ੀਮਾ ਦਾ ਉਜਾੜਾ ਨਿੱਜੀ ਜਾਇਦਾਦ ਦੀ ਸੰਸਥਾ ਤੇ ਅਧਾਰਿਤ ਸਾਮਰਾਜੀ ਭੇੜ ਦਾ ਸਿੱਟਾ ਹੈ। ਪਹਿਲੇ ਹੀਰੋਸ਼ੀਮਾ ਸਾਮਰਾਜੀ ਹਵਸ ਪੂੰਜੀਵਾਦ ਦੇ ਨਿਗਾਰ ਦਾ ਸਿਖਰ ਸੀ।[1]

ਕੱਲਰੀ ਧਰਤੀ(1980)[ਸੋਧੋ]

ਬਲਦੇਵ ਸਿੰਘ ਦਾ ਇਹ ਦੂਜਾ ਨਾਵਲ ਹੈ ਜੋ ਨਾਵਲ ਦੀ ਨਾਇਕਾ ਸੀਬੋਂ ਦੇ ਵਿਆਹ ਦੀ ਸਮੱਸਿਆ ਦੀ ਪੇਸ਼ਕਾਰੀ ਕਰਦਾ ਹੈ। ਨਾਇਕਾ ਦੇ ਵਿਆਹ ਦੀ ਉਮਰ ਪੈਂਤੀਆ ਤੋਂ ਪਾਰ ਹੋ ਗਈ ਹੈ। " ਛੜੇ ਜਿਸ ਨੂੰ ਕਿ ਪੇਂਡੂ ਭਾਈਚਾਰੇ ਵਿੱਚ ਤਿੑਸਕਾਰ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਇਸ ਸਥਿਤੀ ਦੇ ਦੁਖਾਂਤ ਨੂੰ ਲੇਖਕ " ਕੱਲਰੀ ਧਰਤੀ " ਦੇ ਚਿੰਨ੍ਹ ਵਜੋਂ ਵਰਤਦਾ ਹੈ।

ਸੂਲੀ ਟੰਗੇ ਪਹਿਰ(1986)[ਸੋਧੋ]

ਸੂਲੀ ਟੰਗੇ ਪਹਿਰ 1986 ਅਤੇ ਜੀ. ਟੀ. ਰੋਡ 1992 ਬਲਦੇਵ ਸਿੰਘ ਦੇ ਦੋ ਲਘੂ ਆਕਾਰ ਦੇ ਨਾਵਲ ਹਨ ਜਿਹੜੇ ਉਸਦੇ ਸਬੰਧਿਤ ਕਿੱਤੇ ਡਰਾਇਵਰ ਨਾਲ ਜੁੜੇ ਹੋਏ ਹਨ। " ਸੂਲੀ ਟੰਗੇ ਪਹਿਰ " ਨਾਵਲ ਟੈਕਸੀ ਡਰਾਈਵਰ ਦੇ ਪੂਰੇ ਦਿਨ ਦੀ ਕਹਾਣੀ ਹੈ ਜੋ ਲੇਖਕ ਖੁਦ ਵੀ ਦੱਸਦਾ ਹੈ ਕਿ ਇਹ ਉਸਨੇ ਆਪ ਹਢਾਇਆ ਅਨੁਭਵ ਹੈ। ਜਿਸ ਚ ਪਾਤਰ ਸੁਰਜਣ ਸਿੰਘ ਕਲਕੱਤੇ ਸ਼ਹਿਰ ਵਿੱਚ ਡਰਾਈਵਰ ਟੈਕਸੀ ਚਲਾਉਦਾ ਹੈ। ਜਦੋਂ ਕਿ ਜੀ. ਟੀ. ਰੋਡ ਬਲਦੇਵ ਸਿੰਘ ਦੇ ਟਰੱਕ ਡਰਾਇਵਰ ਦੀ ਸਥਿਤੀ ਸਮੱਸਿਆਵਾਂ ਨੂੰ ਪੇਸ਼ ਕਰਦਾ ਨਜ਼ਰ ਆਉਦਾ ਹੈ।

ਕੱਚੀਆਂ ਕੰਧਾਂ (1991)[ਸੋਧੋ]

1991 ਵਿੱਚ ਪੑਕਾਸ਼ਿਤ ਹੋਇਆ ਨਾਵਲ ਹੈ। ਇਸ ਨਾਵਲ ਦਾ ਸੰਬੰਧ ਨਕਸਲਵਾਦੀ ਲਹਿਰ ਨਾਲ ਸਬੰਧਿਤ ਹੈ। ਜਿਸ ਲਹਿਰ ਦੇ ਪਿਛੋਕੜ ਵਿੱਚ ਜੱਦੀ ਜਾਇਦਾਦ ਦੀ ਮਲਕੀਅਤ ਉੱਤੇ ਅਧਾਰਿਤ ਸਮਾਜਿਕ - ਆਰਥਿਕ ਵਿਵਸਥਾ ਮੁਸ਼ਕਿਲਾਂ ਤੇ ਮਜ਼ਬੂਰੀਆ ਚ ਫਸੇ ਉਨ੍ਹਾਂ ਲੋਕਾਂ ਦੀ ਦਰਦ ਕਹਾਣੀ ਹੈ ਜੋ ਟੁੱਟਦੇ ਖਿਲਰਦੇ ਪਰੰਤੂ ਹਾਰ ਨਹੀਂ ਮੰਨਦੇ। ਨਾਵਲ ਦਾ ਆਰੰਭ ਕਲਕੱਤਾ ਦੇ ਮਹਾਨਗਰ ਸ਼ਹਿਰ ਦੇ ਪੑਵੇਸ਼ ਦਿੑਸ਼ ਭੁਗੋਲਿਕ ਸਥਿਤੀ ਨਾਲ ਹੈ।[2]

ਅੰਨਦਾਤਾ (2002)[ਸੋਧੋ]

ਬਲਦੇਵ ਸਿੰਘ ਦਾ ਇਹ ਵੱਡ ਅਕਾਰੀ ਨਾਵਲ ਹੈ। ਜਿਸ ਵਿੱਚ ਕਿ ਧਨੀ, ਦਰਮਿਆਨੀ, ਨਿਮਨ-ਕਿਸਾਨੀ ਦੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਪੇਂਡੂ ਸਮੱਸਿਆਵਾਂ ਦੇ ਦੁਖਾਂਤ ਦੀ ਪੇਸ਼ਕਾਰੀ ਹੈ। ਨਾਵਲ ਵਿੱਚ ਕਿਸਾਨੀ ਨਾਲ ਸਬੰਧਿਤ ਪੇਂਡੂ ਭਾਈਚਾਰੇ ਦੀ ਭਰਪੂਰ ਝਲਕ ਵਿਖਾਈ ਦਿੰਦੀ ਹੈ। ਨਾਵਲ ਦਾ ਸਿਰਲੇਖ ਕਿਸਾਨ ਜੀਵਨ ਯਥਾਰਥ ਰਾਹੀ ਅੰਨਦਾਤਾ ਵਾਲੀ ਮਿਥ ਨੂੰ ਤੋੜਦਾ ਹੈ। ਡਾ ਨੂਰ ਦੇ ਸ਼ਬਦਾਂ ਤੋਂ ਇਹ ਸਪਸ਼ਟ ਹੈ ਕਿ ਅੰਨਦਾਤਾ ਨਾਵਲ ਪੰਜਾਬ ਦੀ ਕਿਸਾਨੀ ਦੇ ਦੁਖਾਂਤ ਨੂੰ ਪੂਰਨ ਰੂਪ ਚ ਪੇਸ਼ ਕੀਤਾ ਹੈ। ਕਿਸਾਨੀ ਦੁਖਾਂਤ ਬੜੀ ਬਾਖੂਬੀ ਨਾਲ ਨਿਭਾਇਆ ਗਿਆ ਹੈ।

ਪੰਜਵਾ ਸ਼ਾਹਿਬਜ਼ਾਦਾ(2005)[ਸੋਧੋ]

ਬਲਦੇਵ ਸਿੰਘ ਦਾ ਪੰਜਵਾਂ ਸ਼ਾਹਿਬਜਾਂਦਾ ਇਤਿਹਾਸਕ ਨਾਵਲ ਹੈ। ਜਿਸ ਵਿੱਚ ਸਿਖ ਲਹਿਰ ਨਾਲ ਸਬੰਧਿਤ 1675ਈ ਤੋਂ 1705ਈ ਤਕ ਦੇ ਇਤਿਹਾਸ ਨੂੰ ਪੇਸ਼ ਕਰਦੇ ਹੋਏ ਭਾਈ ਜੈਤੇ ਉਰਫ ਬਾਬਾ ਜੀਵਨ ਸਿੰਘ ਦੇ ਜੀਵਨ ਦਾ ਬਿਰਤਾਂਤ ਹੈ। ਜਿਸ ਵਿੱਚ ਸਿਖ ਲਹਿਰ ਨਾਲ ਸਬੰਧਿਤ ਭਾਈ ਜੈਤਾ ਤੇ ਉਸਦਾ ਪਰਿਵਾਰ ਭਾਰਤੀ ਜਾਤੀ ਪ੍ਰਥਾ ਦੀ ਨੀਵੀਂ ਜਾਤ ਨਾਲ ਸਬੰਧਿਤ ਹੈ। ਨਾਵਲ ਦੀ ਆਖਰੀ ਸਥਿਤੀ ਵਿੱਚ ਚਮਕੋਰ ਦੀ ਗੜੀ ਦਾ ਘਟਨਾਕ੍ਰਮ ਹੈ।[3]

ਸਤਲੁਜ ਵਹਿੰਦਾ ਰਿਹਾ (2007)[ਸੋਧੋ]

ਬਲਦੇਵ ਸਿੰਘ ਦਾ ਇਹ ਦੂਸਰਾ ਵੱਡਾ ਇਤਿਹਾਸਕ ਨਾਵਲ ਹੈ। ਜੋ ਕਿ ਸਹੀਦ ਏ ਆਜ਼ਮ ਭਗਤ ਸਿੰਘ ਦੇ ਜੀਵਨ ਤੇ ਅਧਾਰਿਤ ਹੈ। ਪੰਜਾਬੀ ਸਾਹਿਤ ਵਿੱਚ ਕੋਮੀ ਸਹੀਦ ਬਾਰੇ ਗਿ: ਤਿਰ੍ਲੋਕ ਸਿੰਘ ਦਾ ਭਗਤ ਸਿੰਘ ਦਾ 1963 ਤੇ ਦੂਜਾ ਕਰਮ ਸਿੰਘ ਜਖਮੀ ਦਾ ਸਤਲੁਜ ਦੇ ਕੰਡੇ 1965 ਪ੍ਰਾਪਤ ਹਨ। ਪ੍ਰੰਤੂ ਬਲਦੇਵ ਸਿੰਘ ਦਾ ਨਾਵਲ ਜਿਸਨੂੰ ਬਚਪਨ ਤੇ ਜੀਵਨ ਤੋਂ ਲੈ ਕੇ ਸ਼ਹੀਦੀ ਤਕ ਚਿਤਰਿਆ ਹੈ। ਨਾਵਲ ਅੰਦਰ 1919 ਦੇ ਅੰਮ੍ਰਿਤਸਰ ਹੱਤਿਆਕਾਂਡ ਤੋਂ ਬਾਅਦ ਜਿਹੜਾ ਰਾਜਸੀ ਸਮੀਕਰਨ ਬਣਿਆ। ਉਸ ਵਿੱਚ ਇੱਕ ਪਾਸੇ ਕਾਂਗਰਸ ਦੀ ਅਹਿੰਸਕ ਨੀਤੀ ਸੀ 8 ਅਪ੍ਰੈਲ 1929 ਨੂੰ ਦਿਲੀ ਸੈਂਟਰਲ ਅਸੈਬਲੀ ਵਿੱਚ ਬੰਬ ਸੁਟਣਾ ਅਜਿਹੇ ਐਕਸਨ ਲਈ ਫਰਾਸਿਸੀ ਇਨਕਲਾਬੀ ਵੇਲਾ ਅਸੈਬਲੀ ਵਿੱਚ ਬੰਬ ਸੁੱਟ ਕੇ ਆਪਣੀ ਗਲ ਵਿਰੋਧੀ ਲੋਕਾ ਤਕ ਪਹੁੰਚਨਾ ਚਾਹੁੰਦੇ ਸਨ।[4]

ਢਾਹਵਾਂ ਦਿਲੀ ਦੇ ਕਿੰਗਰੇ (2009)[ਸੋਧੋ]

ਇਹ ਨਾਵਲ ਬਲਦੇਵ ਸਿੰਘ ਦਾ 2011 ਦਾ ਸਾਹਿਤ ਅਕਾਦਮੀ ਜੇਤੂ ਨਾਵਲ ਹੈ। ਇਹ ਨਾਵਲ 16 ਵੀਂ ਸਦੀ ਵਿਚਲੇ ਸਾਂਦਲ ਬਾਰ ਦੇ ਮਹਾਨ ਨਾਇਕ ਦੁੱਲਾ ਭਾਤੀ ਦੀ ਲੋਕ ਗਾਥਾ ਦੀ ਇਤਿਹਾਸਕ ਪੇਸ਼ਕਾਰੀ ਹੈ। ਨਾਵਲ ਵਿੱਚ ਇਤਿਹਾਸਕਤਾ ਉਦੋਂ ਉਭਰਦੀ ਹੈ। ਜਦ ਅਕਬਰ ਭਰੇ ਦਰਬਾਰ ਵਿੱਚ ਦੁੱਲੇ ਨੂੰ ਮਾਰਨ ਲਈ ਪਾਸਾਂ ਦਾ ਬੀੜਾ ਰਖਦਾ ਹੈ। ਇਹ ਨਾਵਲ ਸਾਂਦਲ ਬਾਰ ਦੇ ਨਾਇਕ ਦਾ ਗਲਪੀ ਵਿਵੇਕ ਵਿੱਚ ਸਿਰਜਨਾ ਕਰਨ ਵਾਲਾ ਪੰਜਾਬੀ ਦਾ ਪਹਿਲਾ ਨਾਵਲ ਹੈ।

ਮਹਾਂਬਲੀ ਸੂਰਾ (2011)[ਸੋਧੋ]

ਬਲਦੇਵ ਸਿੰਘ ਦਾ ਇਹ ਨਾਵਲ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਅਧਾਰਿਤ ਹੈ। ਜਿਸ ਵਿੱਚ ਉਸ ਦਾ ਬਚਪਨ ਤੋਂ ਲੈ ਕੇ ਅੰਤ ਤਕ ਦੇ ਜੀਵਨ ਦੀ ਪੇਸ਼ਕਾਰੀ ਦਿਖਾਈ ਗਈ ਹੈ। ਇਹ ਨਾਵਲ ਮੁਗਲ ਰਜਵਾੜਾ ਸਾਹੀ ਦਾ ਪਰਦਾ ਫਾਸ ਕਰਦਾ ਹੈ। ਨਾਵਲਕਾਰ ਨੇ ਬੰਦੇ ਬਹਾਦਰ ਦੀਆਂ ਸਫਲਤਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ।[5]

ਸੂਰਜ ਦੀ ਅੱਖ(2017)[ਸੋਧੋ]

ਇਹ ਨਾਵਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਿਤ ਹੈ। ਇਸ ਨਾਵਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਿੱਜੀ ਜੀਵਨ ਬਾਰੇ ਵੀ ਟਿਪਣੀਆਂ ਕੀਤੀਆਂ ਗਈਆਂ ਹਨ ਜਿਸ ਨਾਲ ਬਹੁਤੇ ਪੰਜਾਬੀ ਸਾਹਿਤ ਪ੍ਰੇਮੀ ਸਹਿਮਤ ਨਹੀਂ ਹਨ। ਇਹ ਸਾਹਿਤ ਅਤੇ ਸਾਹਿਤਕਾਰਾਂ ਉੱਤੇ ਸੱਚ ਨੂੰ ਆਪਣੀ ਨਜ਼ਰ ਨਾਲ ਦੇਖਣ ਉੱਤੇ ਇੱਕ ਸਮਾਜਿਕ ਜਬਰ ਦਾ ਇੱਕ ਰੂਪ ਹੈ ਜਿਸ ਦੀਆਂ ਦੀਆਂ ਤੰਦਾਂ ਸਾਡੇ ਰਾਜਨੀਤਿਕ ਜੀਵਨ ਵਿੱਚ ਹਨ। ਦੇਸ਼ ਵਿੱਚ ਹੋਰ ਲੇਖਕਾਂ ਨਾਲ ਵੀ ਇੰਝ ਹੀ ਹੋਇਆ ਹੈ।[6] ਪੰਜਾਬ ਦੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਵਲ ‘ਸੂਰਜ ਦੀ ਅੱਖ’ ਨੂੰ ਨੀਝ ਨਾਲ ਪੜ੍ਹਨ ਦੀ ਜ਼ਰੂਰਤ ਹੈ। ਇਹ ਅੱਖਾਂ ਖੋਲ੍ਹਣ ਵਾਲਾ ਨਾਵਲ ਹੈ।[7]

ਗੰਦਲੇ ਪਾਣੀ (ਨਾਵਲ)[ਸੋਧੋ]

ਬਲਦੇਵ ਸਿੰਘ ਦਾ ਨਾਵਲ 'ਗੰਦਲੇ ਪਾਣੀ' ਪੰਜਾਬ ਵਿੱਚ ਲਗਾਤਾਰ ਵਧ ਰਹੇ 'ਵੇਸ਼ਵਾ-ਪ੍ਰਸਤੀ' ਦੇ ਮੁਤੱਲਕ ਹੈ।

ਹਵਾਲੇ[ਸੋਧੋ]

  1. ਡਾ ਅਸਵਨੀ ਸ਼ਰਮਾ,ਬਲਦੇਵ ਸਿੰਘ ਦਾ ਗਲਪ ਸੰਸਾਰ,ਪੰਨਾ 83
  2. ਡਾ ਅਸਵਨੀ ਸ਼ਰਮਾ,ਬਲਦੇਵ ਸਿੰਘ ਦਾ ਗਲਪ ਸੰਸਾਰ,ਪੰਨਾ 95
  3. ਡਾ ਅਸਵਨੀ ਸ਼ਰਮਾ,ਬਲਦੇਵ ਸਿੰਘ ਦਾ ਗਲਪ ਸੰਸਾਰ,ਪੰਨਾ 127
  4. ਡਾ ਅਸਵਨੀ ਸ਼ਰਮਾ,ਬਲਦੇਵ ਸਿੰਘ ਦਾ ਗਲਪ ਸੰਸਾਰ,ਪੰਨਾ 131
  5. ਡਾ ਅਸਵਨੀ ਸ਼ਰਮਾ,ਬਲਦੇਵ ਸਿੰਘ ਦਾ ਗਲਪ ਸੰਸਾਰ,ਪੰਨਾ 142
  6. ਸੁਰਿੰਦਰ ਸਿੰਘ ਤੇਜ (2018-07-28). "ਸਿਰਜਣਸ਼ੀਲਤਾ, ਜ਼ਬਤ ਤੇ ਬੰਧੇਜ". ਪੰਜਾਬੀ ਟ੍ਰਿਬਿਊਨ. Retrieved 2018-08-08. {{cite news}}: Cite has empty unknown parameter: |dead-url= (help)[permanent dead link]
  7. ਪ੍ਰਿੰ. ਸਰਵਣ ਸਿੰਘ (2018-09-15). "'ਸੂਰਜ ਦੀ ਅੱਖ' ਦੀ ਚਮਕ - Tribune Punjabi". Tribune Punjabi. Retrieved 2018-09-18. {{cite news}}: Cite has empty unknown parameter: |dead-url= (help)[permanent dead link]