ਨੈਣੀ ਨੀਂਦ ਨਾ ਆਵੇ
ਲੇਖਕ | ਸੁਖਦੇਵ ਮਾਦਪੁਰੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬ ਦੀ ਲੋਕ ਧਾਰਾ,,ਪੰਜਾਬ ਦੇ ਲੋਕ ਗੀਤ ਅਤੇ ਕਾਵਿ ਵੰਨਗੀਆਂ |
ਪ੍ਰਕਾਸ਼ਕ | ਲਾਹ਼ੋਰ ਬੁੱਕ ਸ਼ਾਪ,ਲੁਧਿਆਣਾ |
ਪ੍ਰਕਾਸ਼ਨ ਦੀ ਮਿਤੀ | 2004 |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 192 |
'ਨੈਣੀ ਨੀਂਦ ਨਾ ਆਵੇ' ਲੋਕਧਾਰਾ ਦੇ ਖੇਤਰ ਵਿੱਚ ਵੱਖਰੀ ਸਖ਼ਸੀਅਤ ਵਾਲ਼ੇ ਸੁਖਦੇਵ ਮਾਦਪੁਰੀ ਸੰਗ੍ਰਹਿ ਰਚਨਾ ਹੈ। ਉਸਨੇ ਲੋਕ ਗੀਤ, ਲੋਕ-ਕਹਾਣੀਆਂ, ਲੋਕ ਬੁਝਾਰਤਾਂ, ਪੰਜਾਬੀ ਸੱਭਿਆਚਾਰ, ਨਾਟਕ, ਬਾਲ ਸਾਹਿਤ ਸੰਪਾਦਨਾ ਤੇ ਅਨੁਵਾਦ ਦੇ ਖੇਤਰ ਵਿੱਚ ਆਪਣਾ ਕੰਮ ਕੀਤਾ। ਲੋਕਧਾਰਾ ਨਾਲ ਉਹਨਾਂ ਦਾ ਸੰਬੰਧ 1956 ਵਿੱਚ ਹੀ ਜੁੜ ਗਿਆ ਸੀ,ਜਦੋਂ ਉਹਨਾਂ ਦੀ ਪਹਿਲੀ ਪੁਸਤਕ ਲੋਕ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕਈ ਪੁਸਤਕਾਂ ਦੀ ਰਚਨਾ ਕੀਤੀ ਜਿਵੇਂ-ਪੰਜਾਬ ਦੀਆਂ ਲੋਕ ਖੇਡਾਂ, ਨੈਣਾਂ ਦੇ ਵਣਜਾਰੇ, ਪੰਜਾਬ ਦੇ ਮੇਲੇ ਅਤੇ ਤਿਉਹਾਰ, ਆਉ ਨੱਚੀਏ, ਪੰਜਾਬੀ ਬੁਝਾਰਤਾਂ, ਫੁੱਲਾਂ ਭਰੀ ਚਗੇਰ ਅਤੇ ਭਾਰਤੀ ਲੋਕ ਕਹਾਣੀਆਂ ਹਨ। ਸੰਪਾਦਿਤ ਅਤੇ ਅਨੁਵਾਦਕ ਪੁਸਤਕਾਂ ਵਿੱਚ ਬਾਲ ਕਹਾਣੀਆਂ, ਆਉ ਨੱਚੀਏ, ਮਹਾਂਵਲੀ ਰਣਜੀਤ ਸਿੰਘ, ਵਰਖਾ ਦੀ ਉਡੀਕ ਆਦਿ ਹਨ। ਲੇਖਕ ਦੀ ਘਾਲਣਾ ਨੂੰ ਮੁੱਖ ਰੱਖ ਕੇ ਭਾਸ਼ਾ ਵਿਭਾਗ ਪੰਜਾਬ ਨੇ ਦੋ ਵਾਰੀ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। 1995 ਵਿੱਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਸੁਖਦੇਵ ਮਾਦਪੁਰੀ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਇਕੱਤਰ ਕਰਕੇ ਸਾਂਭਣ ਦਾ ਮਹੱਤਵਪੂਰਨ ਇਤਿਹਾਸਕ ਕਾਰਜ ਨਿਭਾਇਆ। ਉਹਨਾਂ ਨੇ ਇਸ ਕੰਮ ਨੂੰ ਉਹਨਾਂ ਹਾਲਾਤਾਂ ਵਿੱਚ ਨਿਭਾਇਆ ਜਦੋਂ ਅਜੇ ਤਕਨੀਕੀ ਸਹੂਲਤਾਂ ਅਤੇ ਯੰਤਰ ਨਹੀਂ ਸਨ। ਉਸ ਨੇ ਲੋਕ ਸਾਹਿਤ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿੱਚ ਹੀ ਇਕੱਤਰ ਕਰਕੇ ਛਪਵਾਇਆ ਹੈ। ਉਸ ਦੀ ਪੁਸਤਕ ਖੰਡ ਮਿਸ਼ਰੀ ਦੀਆਂ ਡਲੀਆਂ ਵਿੱਚ ਗਿੱਧੇ ਨਾਲ ਸੰਬੰਧਿਤ ਲੋਕ ਗੀਤ ਸ਼ਾਮਲ ਹਨ।
ਹੱਥਲੀ ਕਿਤਾਬ
[ਸੋਧੋ]'ਨੈਣੀ ਨੀਂਦ ਨਾ ਆਵੇ' ਕਿਤਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਮੁਹਾਬਤਾਂ ਦੀ ਖੁਸ਼ਬੋ ਹੈ,ਜਿਸ ਵਿੱਚ ਕਈ ਲੋਕ ਕਾਵਿ ਵੰਨਗੀਆਂ ਜਿਵੇਂ-ਦੋਹੇ, ਮਾਹੀਆ, ਪ੍ਰੀਤ ਗਾਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਗ ਦੂਜਾ ਸ਼ਗਨਾ ਦੇ ਗੀਤ ਜਿਸ ਵਿੱਚ ਸੁਹਾਗ, ਘੋੜੀਆਂ ਅਤੇ ਹੇਅਰੇ ਸ਼ਾਮਲ ਹਨ।ਇਸ ਵਿੱਚ ਸ਼ਾਮਲ ਕਾਵਿ ਰੂਪਾਂ ਦਾ ਵਿਸਤਿਰਤ ਵਰਣਨ ਹੇਠਾ ਦਿੱਤਾ ਗਿਆ ਹੈ।
ਦੋਹੇ
[ਸੋਧੋ]ਦੋਹਾ ਪੰਜਾਬੀ ਲੋਕ ਕਾਵਿ ਦਾ ਬਹੁਤ ਪੁਰਾਣਾ ਕਾਵਿ ਰੂਪ ਹੈ। ਜਿਸ ਰਾਹੀਂ ਅਧਿਆਤਮਕ ਅਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿੱਚ ਹੋਇਆ। ਇਹਨਾਂ ਵਿਚਾਰਾਂ ਦੇ ਪ੍ਰਗਟਾ ਲਈ ਇਸ ਕਾਵਿ ਰੂਪ ਦੀ ਵਰਤੋਂ ਪੁਰਾਤਨ ਸਮੇਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਅਧਿਆਤਮਕ ਖੇਤਰ ਦੇ ਵਿੱਚ ਇਸ ਕਾਵਿ ਰੂਪ ਦੀ ਵਰਤੋਂ ਕਬੀਰ, ਬਾਬਾ ਫ਼ਰੀਦ ਅਤੇ ਗੁਰੂ ਸਹਿਬਾਨ ਦੀ ਬਾਣੀ ਵਿੱਚ ਕੀਤੀ ਗਈ। ਮੱਧਕਾਲੀਨ ਕਿੱਸਾਕਾਰਾਂ ਅਤੇ ਕਵੀਸ਼ਰਾਂ ਨੇ ਵੀ ਇਸਨੂੰ ਆਪਣੀਆਂ ਕਾਵਿ ਰਚਨਾਵਾਂ ਵਿੱਚ ਵਰਤਿਆ ਹੈ। ਦੋਹਰਾ ਇੱਕ ਮਾਤ੍ਰਿਕ ਛੰਦ ਹੈ। ਜਿਸਦੇ ਦੋ ਚਰਣ ਅਤੇ 24 ਮਾਤ੍ਰਾਂ ਹੁੰਦੀਆਂ ਹਨ। ਪਹਿਲਾ ਵਿਸ਼੍ਰਾਮ 11 ਅਤੇ ਦੂਜਾ 11 ਤੇ। ਪਰ ਅੰਤ ਤੇ ਲਘੂ ਗੁਰੂ ਹੁੰਦਾ ਹੈ। ਸੁਖਦੇਵ ਮਾਦਪੁਰੀ ਨੇ ਪੰਜਾਬ ਦੇ ਲੋਕ ਮਾਨਸ ਦੁਆਰਾ ਆਪਣੇ ਮਨੇਭਾਵ ਦੇ ਪ੍ਰਗਟਾਵੇ ਲਈ ਇਸ ਦੀ ਵਰਤੋਂ ਹੋਈ ਦੱਸੀ ਹੈ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਉਸਨੇ ਇਸਨੂੰ ਜਨ ਸਮੂਹ ਦੀ ਦੇਣ ਕਿਹਾ। ਆਪਣੇ ਖੇਤਰ ਵਿੱਚ ਵਿਚਰਦਿਆਂ ਅਤੇ ਇਹਨਾਂ ਕਾਵਿ ਰੂਪਾਂ ਨੂੰ ਮਾਣਦੇ ਹੋਏ ਉਸਨੇ ਕਿਹਾ ਕਿ ਦੋਹੇ ਆਮ ਤੌਰ 'ਤੇ ਟਿਕੀ ਹੋਈ ਰਾਤ ਦੇ ਵਿੱਚ ਲਾਏ ਜਾਂਦੇ ਹਨ। ਬਲ਼ਦਾਂ ਅਤੇ ਬੋਤਿਆਂ ਦੀਆਂ ਘੁਗਰਾਲਾਂ ਦੀ ਛਣਕਾਰ ਨਾਲ ਇੱਕ ਅਨੋਖਾ ਰਾਗ ਉਤਪੰਨ ਹੋ ਜਾਣਾਂ ਅਤੇ ਘੁਗਰੂਆਂ, ਟੱਲੀਆਂ ਅਤੇ ਹਲਟ(ਖੂਹ) ਦੇ ਉੱਤੇ ਦੀ ਟਕ-ਟਕ ਨਾਲ ਤਾਲ ਦਿੰਦੇ ਹਾਲੀ ਨਾਕੀ ਵਜਦ ਵਿੱਚ ਆ ਕੇ ਦੋਹੇ ਗਾਉਦੇਂ ਹਨ। ਮਸ਼ੀਨੀ ਸਭਿਅਤਾ ਦੇ ਆਉਣ ਕਾਰਣ ਇਸ ਦੀ ਤੁਲਨਾ ਪੁਰਾਤਨ ਸਮੇਂ ਨਾਲ ਕੀਤੀ ਕਿ ਹੁਣ ਖੇਤਾਂ ਵਿੱਚ ਨਾ ਬਲ਼ਦਾਂ ਦੀਆਂ ਟੱਲੀਆਂ ਨਾ ਦੋਹੇ ਲਾਉਣ ਦੀ ਪਰੰਪਰਾ ਹੈ। ਇਸ ਦੀ ਥਾਂ ਟ੍ਰੈਕਟਰਾਂ ਅਤੇ ਟਿਊਬਵੈੱਲਾਂ ਨੇ ਲੈ ਲਈ ਹੈ। ਇਸ ਨੂੰ ਸਾਂਭਲਣ ਅਤੇ ਚੇਤਨ ਹੋਣ ਬਾਰੇ ਕਿਹਾ ਕਿਉਂਕਿ ਵਿਰਾਸਤ ਦਾ ਵਡਮੁੱਲਾ ਸੋਮਾ ਹਨ। ਮਾਦਪੁਰੀ ਦੇ ਦੁਆਰਾ ਇਸਨੂੰ ਛੇ ਗੀਤਾਂ ਵਿੱਚ ਅਲੱਗ ਅਲੱਗ ਦੋਹਿਆਂ ਦਾ ਵਿਸ਼ਾ ਲਿਆ ਗਿਆ ਹੈ।[1]
- ਦੋਹਾ ਗੀਤ ਗਿਆਨ ਦਾ 1-9 ਤੱਕ
- ਮੁੱਹਬਤਾਂ ਦੀ ਮਹਿਕ 10-97 ਤੱਕ
- ਸੁਣ ਮਿੱਟੀ ਦਿਆ ਦੀਵਿਆ 98-137 ਤੱਕ
- ਫੁੱਲਾ ਤੇਰੀ ਵੇਲ ਵਧੇ 138-156 ਤੱਕ
- ਮਾਲਾ ਤੇਰੀ ਕਾਠ ਦੀ 157-171 ਤੱਕ
- ਮਾਣਕ ਮੋਤੀ 172- 193 ਤੱਕ
ਮਾਹੀਆ
[ਸੋਧੋ]ਮਾਹੀਆ ਪੰਜਾਬੀਆਂ ਦਾ ਹਰਮਨ ਪਿਆਰਾ ਛੋਟੇ ਆਕਾਰ ਦਾ ਕਾਵਿ ਰੂਪ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪਭਾਸ਼ਾਵਾਂ ਵਿੱਚ ਰਚਿਆ ਮਿਲਦਾ ਹੈ ਲੇਖਕ ਅਨੁਸਾਰ ਮਾਹੀ ਦੇ ਸ਼ਾਬਦਿਕ ਅਰਥ ਮੱਝਾਂ ਚਰਾਉਣ ਵਾਲਾ ਹਨ। ਹੀਰ ਵੀ ਆਪਣੇ ਰਾਂਝੇ ਨੂੰ ਮਾਹੀ ਕਹਿ ਕੇ ਬਲਾਉਦੀਂ ਹੈ। ਇਸ ਨੂੰ ਲੇਖਕ ਨੇ ਟੱਪੇ ਦਾ ਪੁਰਾਣਾ ਰੂਪ ਦੱਸਿਆ ਹੈ। ਇਸ ਵਿੱਚ ਪੰਜਾਬ ਦੀ ਮੁਟਿਆਰ ਦੇ ਪਿਆਰ ਦਾ ਝਲਕਾਰਾ ਮਿਲਦਾ ਹੈ। ਉਹ ਆਪਣੀ ਬੇਪਨਾਹ ਮੁੱਹਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਨਹੋਰਿਆਂ ਤੇ ਵਿਛੋੜਿਆਂ ਦੇ ਸੱਲਾਂ ਦਾ ਵੀ ਜ਼ਿਕਰ ਹੈ। ਮੈਂ ਤੇਰੀ ਖ਼ੁਸ਼ਬੂ ਮਾਹੀਆ ਸਿਰਲੇਖ ਹੇਠ ਉਸ ਨੇ 1 ਤੋਂ 95 ਤੱਕ ਮਾਹੀਏ ਕੀਤੇ ਹਨ।ਇਹਨਾਂ ਦੀਆਂ ਸਤਰਾਂ ਘੱਟੋ ਘੱਟ ਤਿੰਨ ਹਨ।ਟੱਪੇ ਦਾ ਰੂਪ ਹੀ ਉਸ ਨੇ ਮਾਹੀਆ ਦੱਸਿਆ ਹੈ। ਜਿਵੇ-
ਫੁੱਲਾਂ ਦੀ ਫੁਲਾਈ ਮਾਹੀਨਾ ਇੱਕ ਤੇਰੀ ਜਿੰਦ ਬਦਲੇ ਜਿੰਦ ਕੰਡਿਆ ਤੇ ਪਾਈ ਮਾਹੀਆ
ਪ੍ਰੀਤ ਗਾਥਾਵਾਂ
[ਸੋਧੋ]ਲੇਖਕ ਨੇ ਇਸ ਵਿੱਚ ਪੁਰਾਤਨ ਸਮੇਂ ਦੀਆਂ ਗਾਥਾਵਾਂ ਜੋ ਲੋਕਾਂ ਹਰਮਨ ਪਿਆਰੀਆਂ ਹੋਣ ਕਰਕੇ ਗਾਈਆਂ ਜਾਂਦੀਆਂ ਹਨ, ਨੂੰ ਸ਼ਾਮਲ ਕੀਤਾ ਹੈ। ਇਹਨਾਂ ਪ੍ਰੀਤ ਗਾਥਾਵਾਂ ਨੇ ਪੰਜਾਬੀਆਂ ਦੇ ਮਨਾਂ ਨੂੰ ਬਹੁਤ ਟੁੰਬਿਆ ਹੈ। ਅਜੋਕੇ ਸਮੇਂ ਦੇ ਹਾਲਾਤਾਂ ਨੂੰ ਦੇਖਕੇ ਵੀ ਪੁਰਾਤਨ ਸਮੇਂ ਦੇ ਪਿਆਰ ਨਾਇਕਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਨੂੰ ਕਈ ਲੇਖਕਾਂ ਨੇ ਵਿਸ਼ਿਸਟ ਸਾਹਿਤ ਵਜੋਂ ਵੀ ਲਿਆ ਹੈ।[2]
- ਹੀਰ ਰਾਂਝਾ-24 ਕਾਵਿ ਬੰਦਾਂ ਵਿੱਚ
- ਸੱਸੀ ਪੁਨੂੰ – 17 ਕਾਵਿ ਬੰਦਾਂ ਵਿੱਚ
- ਸੋਹਣੀ ਮਹੀਵਾਲ – 10 ਕਾਵਿ ਬੰਦਾਂ ਵਿੱਚ
- ਮਿਰਜਾ ਸਾਹਿਬਾਂ – 8 ਕਾਵਿ ਬੰਦਾਂ ਵਿੱਚ
- ਰੋਡਾ ਜਲਾਲੀ – 2 ਕਾਵਿ ਬੰਦਾਂ ਵਿੱਚ
ਸੁਹਾਗ ਤੇ ਘੋੜੀਆਂ
[ਸੋਧੋ]ਘੋੜੀਆਂ ਮੁੰਡੇ ਦੇ ਵਿਆਹ ਸਮੇਂ ਗਾਇਆ ਜਾਣ ਵਾਲਾ ਕਾਵਿ ਰੂਪ ਹੈ। ਇਸ ਪੁਸਤਕ ਵਿੱਚ ਲੇਖਕ ਨੇ 34 ਕਾਵਿ ਬੰਦ ਸ਼ਾਮਲ ਕੀਤੇ ਹਨ।ਜਿਵੇਂ-
ਪਾਣੀ ਵਾਰ ਬੰਨੇ ਦੀਏ ਮਾਂਏ। ਬੰਨਾ ਬੰਨੀ ਬਾਹਰ ਖੜੇ।
ਸੁਹਾਗ ਵਿੱਚ ਵਿੱਚ ਬਾਬਾ, ਬਾਬਲ, ਮਾਮਾ ਨੂੰ ਸੰਬੋਧਿਤ ਹੋ ਕੇ ਗੀਤ ਕਹੇ ਗਏ ਹਨ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਧੀ ਵੱਲੋਂ ਇੱਕ ਚੰਗੇ ਘਰ ਦੀ ਲੋਚਾ ਕੀਤੀ ਗਈ ਹੈ ਅਤੇ ਰੱਜਦੇ-ਪੁੱਜਦੇ ਪਰਿਵਾਰ, ਪੁੱਤਾਂ ਵਾਲਾ, ਸਹੁਰਾ ਠਾਣੇਦਾਰ ਤੇ ਸੱਸ ਭਲੀ ਪ੍ਰਧਾਨ ਦੀ ਗੱਲ ਕੀਤੀ ਗਈ ਹੈ। 29 ਤੱਕ ਕਾਵਿ ਬੰਦ ਇਸ ਸਿਰਲੇਖ ਹੇਠ ਦਿੱਤੇ ਗਏ ਹਨ।
ਬਾਬਲ ਤੇਰੀ ਲਾਲਡੀ ਵੇ ਆਲੇ ਛੋਡੀਆਂ ਗੁੱਡੀਆਂ। ਮੇਰਾ ਤ੍ਰਿੰਝਣਾਂ ਛੱਡਿਆ ਛੋਪ ਬਾਬਲ......................।
ਸਿੱਠਣੀਆਂ
[ਸੋਧੋ]ਸਿੱਠਣੀਆਂ ਦਾ ਸੰਬੰਧ ਮਨੋਰੰਜਨ ਦੇ ਮਨੋਰਥ ਨਾਲ਼ ਹੈ। ਇੱਕ ਧੀਰ ਦੂਜੀ ਧੀਰ ਦਾ ਵਿਅੰਗ ਰਾਹੀਂ ਮਖੌਲ ਉਡਾਉਦੀਂ ਹੈ। ਲੇਖਕ ਨੇ ਵਿਆਹ ਦੇ ਸਮੇਂ ਨੂੰ ਹੁਲਾਸ ਮੰਨਿਆ ਹੈ ਅਤੇ ਦੱਸਿਆ ਹੈ ਕਿ ਪੰਜਾਬੀਆਂ ਦਾ ਖੁੱਲਾ ਡੁੱਲਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉੱਘੜਵੇਂ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਹਨਾਂ ਰਾਹੀਂ ਔਰਤਾਂ ਆਪਣੇ ਮਨਾਂ ਦਾ ਗੁਭਾਰ ਕੱਢਦੀਆਂ ਹਨ। ਪੁਰਾਣੇ ਸਮੇਂ ਤੋਂ ਹੀ ਮਰਦ ਦਾ ਔਰਤ ਤੇ ਸਰੀਰਕ ਤੇ ਮਾਨਸਿਕ ਪੱਖੋਂ ਦਾਬਾ ਰਿਹਾ ਹੈ। ਭਾਵੇਂ ਹਾਲਾਤ ਬਦਲ ਗਏ ਹਨ, ਪਰ ਉਸ ਸਮੇਂ ਵਿਆਹ ਹੀ ਉਹ ਸਾਧਨ ਸੀ, ਜਦੋਂ ਉਹ ਇਹਨਾਂ ਨੂੰ ਭਾਵਾਂ ਰਾਹੀਂ ਪ੍ਰਗਟ ਕਰਦੀਆਂ ਹਨ। ਲੇਖਕ ਨੇ ਇਸ ਦੀ ਵਰਗਵੰਡ ਇਸ ਪ੍ਰਕਾਰ ਕੀਤੀ ਹੈ।[3]
- ਨਾਨਕਿਆ ਦਾ ਮੇਲ ਆਇਆ – 6 ਤੱਕ ਕਾਵਿ ਬੰਦ
- ਜੰਨ ਦਾ ਸੁਆਗਤ – 7 ਤੋਂ 54 ਤੱਕ ਕਾਵਿ ਬੰਦ
- ਕੁੜਮ ਬੈਟਰੀ ਵਰਗਾ – 55 ਤੋਂ 66 ਤੱਕ ਕਾਵਿ ਬੰਦ
- ਕੁੜਮਾ ਜੋਰ ਸਾਡੇ ਆਈ – 67 ਤੋਂ 82 ਤੱਕ ਕਾਵਿ ਬੰਦ
- ਸਤਨਾਜਾ – 83 ਤੋਂ 92 ਤੱਕ ਕਾਵਿ ਬੰਦ
ਹੇਅਰੇ
[ਸੋਧੋ]ਹੇਅਰੇ ਆਮ ਕਰਕੇ ਲੰਬੀ ਹੇਕ ਨਾਲ ਸੰਬੰਧਿਤ ਗੀਤ ਹਨ। ਇਸ ਦਾ ਸੁਭਾਅ ਦੋਹੇ ਨਾਲ਼ ਮਿਲਦਾ ਹੈ। ਇਹ ਸ਼ਗਨਾਂ ਦਾ ਗੀਤ ਹੈ ਜਿਸ ਨੂੰ ਲੇਖਕ ਨੇ ਵੱਖ ਵੱਖ ਨਿਭਾਈਆਂ ਜਾਂਦੀਆਂ ਰਸਮਾਂ ਨਾਲ ਸੰਬੰਧਿਤ ਕਿਹਾ ਹੈ। ਡੋਲੀ ਦੀ ਵਿਦਾਇਗੀ ਸਮੇਂ ਭੈਣਾਂ ਵੱਲੋਂ ਭੈਣ ਨੂੰ ਅਤੇ ਭਰਜਾਈਆਂ ਵੱਲੋਂ ਵੈਰਾਗਮਈ ਹੇਰੇ ਵਾਤਾਵਰਣ ਵਿੱਚ ਸੋਗੀ ਪ੍ਰਭਾਵ ਪੈਦਾ ਕਰਦੇ ਹਨ। ਡੋਲੀ ਦੇ ਸੁਆਗਤ ਸਮੇਂ ਵੀ ਇਹਨਾਂ ਨੂੰ ਗਾਇਆ ਜਾਂਦਾ ਹੈ, ਪਰ ਅਜੋਕੇ ਸਮੇਂ ਲੇਖਕ ਨੇ ਵਿਆਹ ਪੈਲੇਸਾਂ ਵਿੱਚ ਹੁੰਦੇ ਕਰਕੇ ਇਹਨਾਂ ਦੀ ਅਣਹੋਂਦ ਦਰਸਾਈ ਹੈ। ਵੱਖ ਵੱਖ ਹੇਅਰਿਆਂ ਦਾ ਵਰਣਨ ਕੀਤਾ ਹੈ
- ਤੇਰੇ ਨਾਲ਼ ਹੇਰਾ ਕੀ ਲਾਵਾਂ -15
- ਵੀਰਜ ਫੁੱਲ ਗੁਲਾਬ ਦਾ – 43
- ਪੈਸਾ ਵੀ ਕਲੀ ਬਾਬਾ ਠੀਕਰੀ – 50
- ਭੈਣ ਕਸੀਦੇਦਾਰ – 51 ਤੋਂ 60
- ਉੱਤਰ ਭਾਬੋ ਡੋਲਿਉ – 61 ਤੋਂ 67
- ਲਾਲਾਂ ਮੈਂ ਲਾਲੜੀ – 78 ਤੋਂ 74
- ਰੁੱਸਿਆ ਹੈ ਭਗਵਾਨ – 74 ਤੋਂ 80
ਸਿੱਟਾ
[ਸੋਧੋ]ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਸੁਖਦੇਵ ਮਾਦਪੁਰੀ ਨੇ ਲੋਕਧਾਰਾ ਦੀ ਸਮੱਗਰੀ ਨੂੰ ਸਾਂਭ ਕੇ ਇੱਕ ਮਹੱਤਵਪੂਰਨ ਕੰਮ ਕੀਤਾ। ਉਹ ਵੀ ਉਸ ਸਮੇਂ ਜਦੋਂ ਅਧੁਨਿਕ ਸਾਧਨ ਉਪਲਬਧ ਨਹੀਂ ਹਨ। ਉਸ ਦੀ ਪੁਸਤਕ ਨੈਣੀ ਨੀਂਦ ਨਾ ਆਵੇ ਪੁਰਾਤਨ ਲੋਕ ਗੀਤਾਂ ਦਾ ਪ੍ਰਮੁੱਖ ਖਜ਼ਾਨਾ ਹੈ, ਜੋ ਕਿ ਪੰਜਾਬੀਆਂ ਦੀ ਮਾਨਸਿਕਤਾ ਦੀ ਝਲਕ ਵੀ ਪੇਸ਼ ਕਰਦੇ ਹਨ।
ਹਵਾਲੇ
[ਸੋਧੋ]ਲੋਕਧਾਰਾ