ਚਿੰਤਾ
ਵਲਵਲੇ |
---|
ਮੋਹ · ਗ਼ੁੱਸਾ · ਧੁਕਧੁਕੀ · ਪੀੜ · ਖਿਝ · ਤੌਖ਼ਲਾ · ਨਿਰਲੇਪਤਾ · ਉਕਸਾਹਟ · ਰੋਹਬ · ਅਕੇਵਾਂ · ਭਰੋਸਾ · ਅਨਾਦਰ · ਜੇਰਾ · ਜਗਿਆਸਾ · ਬੇਦਿਲੀ · ਲੋਚਾ · ਮਾਯੂਸੀ · ਨਿਰਾਸਾ · ਗਿਲਾਨੀ · ਬੇਵਸਾਹੀ · ਸਹਿਮ · ਵਿਸਮਾਦ · ਪਸ਼ੇਮਾਨੀ · ਰੀਸ · ਚੜ੍ਹਦੀ ਕਲਾ · ਖਲਬਲੀ · ਡਰ · ਢਹਿੰਦੀ ਕਲਾ · ਸ਼ੁਕਰ · ਗ਼ਮ · ਕਸੂਰ · ਖ਼ੁਸ਼ੀ · ਨਫ਼ਰਤ · ਆਸ · ਦਹਿਸ਼ਤ · ਵੈਰ · ਦਰਦ · ਝੱਲ · ਬੇਪਰਵਾਹੀ · ਦਿਲਚਸਪੀ · ਈਰਖਾ · ਹੁਲਾਸ · ਘਿਰਨਾ · ਇਕਲਾਪਾ · ਪਿਆਰ · ਕਾਮ · ਹੱਤਕ · ਚੀਣਾ · ਜੋਸ਼ · ਤਰਸ · ਅਨੰਦ · ਸ਼ੇਖ਼ੀ · ਰੋਹ · ਅਫ਼ਸੋਸ · ਰਾਹਤ · ਪਛਤਾਵਾ · ਉਦਾਸੀ · ਸੰਤੋਖ · Schadenfreude · ਸਵੈ-ਭਰੋਸਾ · ਲਾਜ · ਸਦਮਾ · ਸੰਗ · ਸੋਗ · ਸੰਤਾਪ · ਹੈਰਾਨੀ · ਖ਼ੌਫ਼ · ਵਿਸ਼ਵਾਸ · ਅਚੰਭਾ · ਚਿੰਤਾ · ਘਾਲ · ਰੀਝ |
ਚਿੰਤਾ ਜਾਂ ਫ਼ਿਕਰ ਅੰਦਰੂਨੀ ਗੜਬੜ ਵਾਲੀ ਇੱਕ ਦੁਖਦਾਈ ਮਾਨਸਿਕ ਅਵਸਥਾ ਹੁੰਦੀ ਹੈ, ਜੋ ਅਕਸਰ ਘਬਰਾਹਟ ਵਾਲੇ ਵਿਵਹਾਰ ਰਾਹੀਂ ਪ੍ਰਗਟ ਹੁੰਦੀ ਹੈ। ਇਹ ਆਮ ਤੌਰ 'ਤੇ ਬੇਚੈਨੀ, ਸੰਦੇਹ, ਡਰ ਅਤੇ ਕਲੇਸ਼ ਨਾਲ ਸੰਬੰਧਿਤ ਹਾਵ ਭਾਵ ਵਾਲੀ ਮਨੋਦਸ਼ਾ ਹੈ ਜੋ ਕਿ ਅਕਸਰ ਕਿਸੇ ਅਗਿਆਤ ਕਾਰਕ ਕਰ ਕੇ ਪੈਦਾ ਹੋ ਸਕਦੀ ਹੈ।ਚਿੰਤਾ ਦੀ ਉਤਪਤੀ ਮਾਨਸਿਕ ਦਬਾਅ ਤੇ ਤਣਾਅ ਤੋਂ ਹੁੰਦੀ ਹੈ। ਚਿੰਤਾ ਵਿਅਕਤੀ ਦੀ ਆਸਾਧਾਰਨ ਬੇਚੈਨੀ ਹੈ ਜਿਸ ਵਿੱਚ ਉਹ ਹਮੇਸ਼ਾ ਅਤੇ ਲਗਾਤਾਰ ਫ਼ਿਕਰ ਦੀ ਸਥਿਤੀ ਵਿੱਚ ਰਹਿੰਦਾ ਹੈ।
ਕਿਸਮਾਂ
[ਸੋਧੋ]ਚਿੰਤਾ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਸਥਿਤੀ ਅਨੁਸਾਰ ਹੁੰਦੀ ਹੈ ਜਿਸ ਨੂੰ ‘ਸਟੇਟ ਚਿੰਤਾ’ ਕਿਹਾ ਜਾਂਦਾ ਹੈ, ਜਿਹੜੀ ਕੇਵਲ ਸਥਿਤੀ ਅਨੁਸਾਰ ਕਿਸੇ ਉਤੇਜਨਾ ਰਾਹੀਂ ਉਤਪੰਨ ਹੁੰਦੀ ਹੈ। ਜਦੋਂ ਉਤੇਜਨਾ ਭਰਪੂਰ ਸਥਿਤੀ ਖ਼ਤਮ ਹੋ ਜਾਂਦੀ ਹੈ ਤਾਂ ਚਿੰਤਾ ਵੀ ਖ਼ਤਮ ਹੋ ਜਾਂਦੀ ਹੈ। ਜਿਵੇਂ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਟੈਸਟ-ਚਿੰਤਾ ਹੁੰਦੀ ਹੈ, ਪਰ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਅਜਿਹੀ ਚਿੰਤਾ ਖ਼ਤਮ ਹੋ ਜਾਂਦੀ ਹੈ।
ਦੂਜੀ ਕਿਸਮ ਦੀ ਚਿੰਤਾ ਨੂੰ ‘ਟਰੇਟ ਚਿੰਤਾ’ ਕਹਿੰਦੇ ਹਨ, ਜਦੋਂ ਚਿੰਤਾ ਕਿਸੇ ਵਿਅਕਤੀ ਦਾ ਇੱਕ ਵਿਅਕਤੀਤਵ ਲੱਛਣ ਬਣ ਜਾਂਦਾ ਹੈ। ਕਈ ਵਿਅਕਤੀ ਹਮੇਸ਼ਾ ਹੀ ਚਿੰਤਾ ਵਿੱਚ ਰਹਿੰਦੇ ਹਨ। ਉਹਨਾਂ ਵਿੱਚ ਸਥਿਤੀ ਅਨੁਸਾਰ ਚਿੰਤਾ ਹੋਰ ਵੀ ਵੱਧ ਜਾਂਦੀ ਹੈ। ਇਹ ਚਿੰਤਾ ਅੰਦਰੂਨੀ ਹੀ ਹੁੰਦੀ ਹੈ ਜਿਸ ਨੂੰ ਕਈ ਵਾਰ ‘ਮਨ ਸੰਤਾਪੀ’ ਚਿੰਤਾ ਵੀ ਕਿਹਾ ਜਾਂਦਾ ਹੈ। ਇਸ ਹਾਲਤ ਵਿੱਚ ਚਿੰਤਾ ਸਾਧਾਰਨ ਫ਼ਿਕਰ ਨਾਲੋਂ ਭਿੰਨ ਹੁੰਦੀ ਹੈ ਕਿਉਂਕਿ ਵਿਅਕਤੀ ਨੂੰ ਆਪਣੀ ਚਿੰਤਾ ਦੇ ਕਾਰਨਾਂ ਦਾ ਸੁਚੇਤ ਗਿਆਨ ਨਹੀਂ ਹੁੰਦਾ। ਸਾਧਾਰਨ ਚਿੰਤਾ ਵਿਅਕਤੀ ਦੀਆਂ ਬਾਹਰਲੀਆਂ ਹਾਲਤਾਂ ਵੱਲ ਪ੍ਰਤੀਕਿਰਿਆ ਕਰਕੇ ਹੁੰਦੀ ਹੈ ਜਦੋਂ ਕਿ ‘ਮਨ ਸੰਤਾਪੀ’ ਚਿੰਤਾ ਵਿਅਕਤੀ ਦੇ ਅੰਦਰੂਨੀ ਕਾਰਨਾਂ ਕਰਕੇ ਹੁੰਦੀ ਹੈ।[1]
ਲੱਛਣ
[ਸੋਧੋ]ਚਿੰਤਾ ਦੇ ਕਈ ਚਿੰਨ੍ਹ ਸਰੀਰਿਕ ਅਤੇ ਮਾਨਸਿਕ ਹੁੰਦੇ ਹਨ। ਇਸ ਸਥਿਤੀ ਵਿੱਚ ਨੀਂਦ ਆਮ ਤੌਰ ’ਤੇ ਘੱਟ ਆਉਂਦੀ ਹੈ। ਭੁੱਖ ਮਿਟ ਜਾਂਦੀ ਹੈ। ਕਈ ਅੰਦਰੂਨੀ ਅੰਗਾਂ ਵਿੱਚ ਵਿਗਾੜ ਪੈਦਾ ਹੁੰਦਾ ਹੈ। ਕਈ ਹੋਰ ਚਿੰਨ੍ਹ ਵੀ ਹਨ ਜਿਵੇਂ ਕਿ ਸਿਰਦਰਦ, ਬੇਚੈਨੀ, ਚੱਕਰ ਆਉਣੇ, ਛਾਤੀ ਵਿੱਚ ਭਾਰੀਪਣ, ਕੰਬਣੀ, ਬਹੁਤ ਜ਼ਿਆਦਾ ਪਸੀਨਾ ਆਉਣਾ, ਪਿਸ਼ਾਬ ਕਈ ਵਾਰ ਆਉਣਾ, ਸਾਹ ਮੁਸ਼ਕਲ ਨਾਲ ਆਉਣਾ, ਉਬਕਾਈ ਆਦਿ। ਕਈ ਹਾਲਤਾਂ ਵਿੱਚ ਵਿਅਕਤੀ ਨੂੰ ਕਬਜ਼ ਹੋ ਜਾਂਦੀ ਹੈ ਜਾਂ ਫਿਰ ਦਸਤ ਲੱਗ ਜਾਂਦੇ ਹਨ। ਵਿਅਕਤੀ ਨੂੰ ਹੱਥਾਂ ਪੈਰਾਂ ਦਾ ਕਾਂਬਾ, ਬਦਹਜ਼ਮੀ, ਥਕੇਵਾਂ ਆਦਿ ਹੁੰਦਾ ਹੈ। ਕੁਝ ਹਾਲਤਾਂ ਵਿੱਚ ਵਿਅਕਤੀ ਚਿੜਚਿੜਾ, ਬੇਚੈਨ, ਭੜਕਾਊ ਜਾਂ ਫਿਰ ਇਕਾਗਰਤਾ ਦੇ ਅਯੋਗ ਹੋ ਜਾਂਦਾ ਹੈ। ਉਸ ਦੇ ਮੁੱਖ ਚਿੰਨ੍ਹ ਡਰ, ਸ਼ੰਕਾ, ਭੈਅ, ਉਦਾਸੀਨਤਾ, ਅਸੰਤੁਸ਼ਟਤਾ, ਅਣਸੁਰੱਖਿਅਤਾ ਦੀ ਭਾਵਨਾ ਅਤੇ ਆਮ ਘਬਰਾਹਟ ਰਾਹੀਂ ਪ੍ਰਗਟਾਵਾ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿੱਚ ਨਾ ਕੋਈ ਜੋਸ਼ ਅਤੇ ਨਾ ਹੀ ਅਪਣੱਤ ਜਾਂ ਸਨੇਹ ਹੁੰਦਾ ਹੈ। ਉਹ ਅੰਤਰ-ਮੁਖੀ, ਸਵਾਰਥੀ ਅਤੇ ਨਾ ਖ਼ੁਸ਼ ਹੀ ਰਹਿੰਦੇ ਹਨ। ਫ਼ੈਸਲਾ ਨਾ ਕਰ ਸਕਣਾ, ਬਰਦਾਸ਼ਤ ਨਾ ਕਰ ਸਕਣਾ, ਆਤਮ-ਹੱਤਿਆ ਦੇ ਖ਼ਿਆਲ, ਡਰਾਉਣੀਆਂ ਹਾਲਤਾਂ, ਅੰਦਰੂਨੀ ਵਿਚਾਰ ਵਿਕਾਰ, ਅਜੀਬ ਡਰ ਆਦਿ ਚਿੰਨ੍ਹ ਲਗਪਗ ਆਮ ਪਾਏ ਜਾਂਦੇ ਹਨ। ਚਿੰਤਾ ਵਾਲੇ ਵਿਅਕਤੀ ਆਮ ਰੁਚੀ ਦੀ ਘਾਟ ਅਤੇ ਇਕਸਾਰਤਾ ਦੀ ਅਯੋਗਤਾ ਬਾਰੇ ਸ਼ਿਕਾਇਤ ਕਰਦੇ ਹਨ। ਇਹ ਚਿੰਨ੍ਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਉਤਾਰ-ਚੜ੍ਹਾਅ ਪ੍ਰਗਟ ਕਰਦੇ ਹਨ। ਉਸ ਦੀ ਹਰ ਮਾਮਲੇ ਵਿੱਚ ਦਿਲਚਸਪੀ ਖ਼ਤਮ ਹੋ ਜਾਂਦੀ ਹੈ ਅਤੇ ਉਹ ਧਿਆਨ ਕੇਂਦਰਿਤ ਕਰਨ ਅਤੇ ਸੋਚਣ ਦੇ ਯੋਗ ਨਹੀਂ ਰਹਿੰਦਾ। ਚਿੰਤਾ-ਗ੍ਰਸਤ ਵਿਅਕਤੀਆਂ ਵਿੱਚ ਦਿਲ ਦੀ ਧੜਕਣ, ਸਾਹ-ਕਿਰਿਆ, ਪਾਚਣ ਕਿਰਿਆ, ਗਲੈਂਡ ਰਿਸਾਅ, ਬਲੱਡ-ਪ੍ਰੈਸ਼ਰ ਵਿੱਚ ਤਬਦੀਲੀ, ਤਾਕਤ ਦੀ ਘਾਟ, ਪੱਠਿਆਂ ਵਿੱਚ ਤਣਾਅ ਆਦਿ ਕੁਝ ਸਰੀਰਿਕ ਚਿੰਨ੍ਹ ਹੁੰਦੇ ਹਨ। ਹੱਥ ਤੇ ਬੁੱਲ੍ਹ ਥਰਥਰਾਉਂਦੇ ਹਨ। ਅਜਿਹੇ ਵਿਅਕਤੀ ਵਿੱਚ ਨਾੜੀ ਤੰਤੂ ਦੀਆਂ ਹਰਕਤਾਂ, ਦਾਇਮੀ ਪੇਚਸ਼, ਹਾਜ਼ਮੇ ਦੀ ਤਕਲੀਫ਼, ਸ਼ਰਾਬ ਦੀ ਜ਼ਿਆਦਾ ਵਰਤੋਂ ਆਦਿ ਅਤੇ ਨੀਂਦ ਦੀਆਂ ਗੋਲੀਆਂ ਉਸ ਦੀ ਹਾਲਤ ਨੂੰ ਜ਼ਿਆਦਾ ਖ਼ਰਾਬ ਕਰ ਦਿੰਦੀਆਂ ਹਨ।