ਜਗਜੀਤ ਸਿੰਘ ਅਰੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਜੀਤ ਸਿੰਘ ਅਰੋੜਾ

'ਜਨਰਲ ਜਗਜੀਤ ਸਿੰਘ ਅਰੋੜਾ' (13 ਫਰਵਰੀ 1917-3 ਮਈ 2005) ਦਾ ਜਨਮ ਜੇਹਲਮ ਜ਼ਿਲ੍ਹੇ ਦੇ ਪਿੰਡ ਕਾਲਾ ਗੁੱਜਰਾਂ ਵਿਖੇ ਹੋਇਆ ਸੀ। ਉਹਨਾਂ ਨੇ 1939 ਵਿੱਚ ਦੂਜੀ ਪੰਜਾਬ ਰੈਜਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਕਮਿਸ਼ਨ ਲਿਆ ਸੀ।

ਫੌਜ਼ੀ ਅਪਰੇਸ਼ਨ 'ਚ ਭਾਗ ਲੇਣਾ[ਸੋਧੋ]

1947-48 ਵਿੱਚ ਉਹਨਾਂ ਨੂੰ ਲੜਾਈ ਵਿੱਚ ਹਿੱਸਾ ਲੈਣਾ ਪਿਆ। ਉਹਨਾਂ 1948 ਦੇ ਕਸ਼ਮੀਰ ਅਪਰੇਸ਼ਨਾਂ ਵਿੱਚ ਵੀ ਹਿੱਸਾ ਲਿਆ ਅਤੇ ਰਜੌਰੀ ਜ਼ਿਲ੍ਹੇ ਦੇ ਪੀਰ ਕਾਲੇਵਾ ਖੇਤਰ ਵਿੱਚ ਇਸੇ ਬਟਾਲੀਅਨ ਦੀ ਅਗਵਾਈ ਕੀਤੀ ਸੀ। ਉਹਨਾਂ ਦੂਜੀ ਸੰਸਾਰ ਜੰਗ ਵੇਲੇ ਬਰਮਾ ਜੰਗ ਵਿੱਚ ਵੀ ਹਿੱਸਾ ਲਿਆ ਸੀ।

ਅਹੁਦੇ[ਸੋਧੋ]

ਉਹ ਜਨਰਲ ਵਜੋਂ ਤਰੱਕੀ ਪਾਉਣ ਤੋਂ ਪਹਿਲਾਂ ਕਈ ਅਹਿਮ ਅਹੁਦਿਆਂ ’ਤੇ ਬਿਰਾਜਮਾਨ ਵੀ ਰਹੇ। ਇਨਫੈਂਟਰੀ ਸਕੂਲ ਵਿੱਚ ਡਿਪਟੀ ਕਮਾਂਡੈਂਟ ਵਜੋਂ ਵੀ ਉਹਨਾਂ ਨੇ ਸੇਵਾ ਨਿਭਾਈ। ਫਰਵਰੀ 1957 ਵਿੱਚ ਉਹਨਾਂ ਨੇ ਇੱਕ ਬ੍ਰਿਗੇਡ ਦੀ ਕਮਾਨ ਸੰਭਾਲੀ। 1960 ਵਿੱਚ ਨੈਸ਼ਨਲ ਡਿਫੈਂਸ ਕਾਲਜ ਵਿੱਚ ਇੱਕ ਕੋਰਸ ਕਰਨ ਤੋਂ ਬਾਅਦ ਉਹਨਾਂ ਨੂੰ ਪੂਰਬੀ ਖੇਤਰ ਵਿੱਚ ਕੋਰ ਹੈੱਡਕੁਆਰਟਰ ਦਾ ਬ੍ਰਿਗੇਡੀਅਰ ਥਾਪਿਆ ਗਿਆ ਅਤੇ 1963 ਵਿੱਚ ਤਰੱਕੀ ਦੇ ਕੇ ਮੇਜਰ ਜਨਰਲ ਬਣਾਇਆ ਗਿਆ।

ਬੰਗਲਾਦੇਸ਼ ਦਾ ਜਨਮ[ਸੋਧੋ]

ਜਦੋਂ ਦਸੰਬਰ 1971 ਨੂੰ ਢਾਕਾ ਵਿੱਚ ਜਨਰਲ ਏ.ਕੇ. ਨਿਆਜੀ ਦੀ ਅਗਵਾਈ ਹੇਠ 93000 ਪਾਕਿਸਤਾਨੀ ਸੈਨਿਕਾਂ ਨੇ ਉਹਨਾਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਸਨ ਤਾਂ ਜਨਰਲ ਜਗਜੀਤ ਸਿੰਘ ਅਰੋੜਾ ਉਦੋਂ ਪੂਰਬੀ ਕਮਾਨ ਦੇ ਜੇ.ਓ.ਸੀ. ਸਨ। ਜਨਰਲ ਨਿਆਜੀ ਨੇ ਆਪਣਾ ਨਿੱਜੀ ਪਿਸਤੌਲ ਜਨਰਲ ਅਰੋੜਾ ਦੇ ਸਪੁਰਦ ਕਰ ਦਿੱਤਾ ਸੀ ਅਤੇ ਆਪਣੀਆਂ ਫੀਤੀਆਂ ਉਤਾਰ ਦਿੱਤੀਆਂ ਸਨ। ਪਾਕਿਸਤਾਨ ਨੇ 3 ਦਸੰਬਰ 1971 ਨੂੰ ਉੱਤਰੀ ਭਾਰਤ ਦੇ ਕਈ ਫ਼ੌਜੀ ਹਵਾਈ ਅੱਡਿਆਂ ਉੱਤੇ ਇਕੋ ਰਾਤ ਬੰਬਾਰੀ ਕਰ ਕੇ ਭਾਰਤ ਨਾਲ ਸਿੱਧੀ ਜੰਗ ਛੇੜੀ ਸੀ[1]। ਥਲ ਸੈਨਾ ਮੁਖੀ ਜਨਰਲ ਸੈਮ ਮਾਣਿਕ ਸ਼ਾਅ ਨੇ ਜਨਰਲ ਅਰੋੜਾ ਨੂੰ ਇਸ ਦੀ ਸੂਚਨਾ ਦਿੱਤੀ। ਜਨਰਲ ਅਰੋੜਾ ਨੂੰ ਪਤਾ ਸੀ ਕਿ ਇਹ ਲੜਾਈ ਲੰਮਾ ਸਮਾਂ ਨਹੀਂ ਚੱਲੇਗੀ ਅਤੇ ਜਿੱਤ ਵੀ ਸਾਡੀ ਯਕੀਨੀ ਹੋਵੇਗੀ। ਭਾਰਤ ਨੇ 12 ਦਸੰਬਰ 1971 ਨੂੰ ਮੇਘਨਾ ਦਰਿਆ ਪਾਰ ਕਰ ਲਿਆ ਸੀ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਕਰ ਦਿੱਤਾ ਸੀ। ਲੜਾਈ ਦੌਰਾਨ ਪਾਕਿਸਤਾਨ ਨੇ ਮੇਘਨਾ ਦਾ ਇੱਕ ਅਹਿਮ ਪੁਲ ਨਸ਼ਟ ਕਰ ਦਿੱਤਾ ਸੀ। ਭਾਰਤੀ ਜਨਰਲ ਨੂੰ ਪਤਾ ਸੀ ਕਿ ਸਾਡੇ ਹਮਲਿਆਂ ਨੂੰ ਰੋਕਣ ਲਈ ਪਾਕਿਸਤਾਨ ਪੁਲਾਂ ਨੂੰ ਨਸ਼ਟ ਕਰ ਦੇਵੇਗਾ। ਭਾਰਤੀ ਫ਼ੌਜ ਕੋਲ ਅਜਿਹਾ ਸਾਜ਼ੋ-ਸਾਮਾਨ ਨਹੀਂ ਸੀ ਕਿ ਆਰਜ਼ੀ ਪੁਲ ਤਿਆਰ ਹੋ ਸਕੇ ਪਰ ਭਾਰਤੀ ਫ਼ੌਜ ਨੂੰ ਆਮ ਲੋਕਾਂ ਦੀ ਹਮਾਇਤ ਹਾਸਲ ਸੀ। ਆਮ ਲੋਕਾਂ ਨਾਲ ਮਿਲ ਕੇ ਭਾਰਤੀ ਫ਼ੌਜ ਨੇ ਮੇਘਨਾ ਦਰਿਆ ਪਾਰ ਕਰ ਕੇ ਪਾਕਿਸਤਾਨ ਨੂੰ ਹੈਰਾਨ ਕਰ ਦਿੱਤਾ। ਪਾਕਿਸਤਾਨੀਫ਼ੌਜੀ ਆਪਣੇ ਮੋਰਚੇ ਛੱਡ ਕੇ ਢਾਕਾ ਵੱਲ ਭੱਜ ਨਿਕਲੇ ਅਤੇ ਉਹਨਾਂ ਦੇ ਹੌਸਲੇ ਪਸਤ ਹੋ ਗਏ। ਭਾਰਤੀ ਫ਼ੌਜ ਦੋ ਮਹੀਨੇ ਦੀ ਲੜਾਈ ਲਈ ਤਿਆਰ ਸੀ ਪਰ ਲੜਾਈ ਦੋ ਹਫ਼ਤਿਆਂ ਵਿੱਚ ਮੁੱਕ ਗਈ ਸੀ। ਭਾਰਤੀ ਫ਼ੌਜ ਨੇ ਸਮੁੰਦਰ ਦੇ ਰਸਤੇ ਪੂਰਬੀ ਪਾਕਿਸਤਾਨ ਵਿੱਚ ਕੋਈ ਫ਼ੌਜੀ ਮਦਦ ਨਾ ਪਹੁੰਚਣ ਦਿੱਤੀ[2]। ਬਾਕੀ ਤਿੰਨ ਪਾਸੇ ਥਲ ਸੈਨਾ ਨੇ ਸੀਲ ਕਰ ਦਿੱਤੇ ਸਨ। ਪਾਕਿਸਤਾਨ ਫ਼ੌਜ ਕੋਲ ਹਥਿਆਰ ਸੁੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਪਾਕਿਸਤਾਨ ਨੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਪੇਸ਼ਕਸ਼ ਕੀਤੀ ਅਤੇ 93000 ਦੁਸ਼ਮਣ ਸੈਨਿਕਾਂ ਨੇ ਭਾਰਤੀ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰ ਦਿੱਤਾ। ਭਾਰਤੀ ਫ਼ੌਜ ਦੇ ਜੰਗੀ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਜਿੱਤ ਸੀ। 16 ਦਸੰਬਰ 1971 ਨੂੰ ਢਾਕਾ ਵਿੱਚ ਖਿੱਚੀ ਗਈ ਉਹ ਤਸਵੀਰ ਜਿਸ ਵਿੱਚ ਪਾਕਿਸਤਾਨੀ ਥਲ ਸੈਨਾ ਦੀ ਪੂਰਬੀ ਕਮਾਨ ਦਾ ਸੈਨਾਪਤੀ ਜਨਰਲ ਨਿਆਜੀ ਆਤਮ-ਸਮਰਪਣ ਸਬੰਧੀ ਦਸਤਾਵੇਜ਼ਾਂ ਉਪਰ ਦਸਤਖ਼ਤ ਕਰ ਰਿਹਾ ਹੈ ਅਤੇ ਜਨਰਲ ਅਰੋੜਾ ਉਹਨਾਂ ਦੇ ਨਾਲ ਬੈਠੇ ਹਨ, ਜਨਰਲ ਅਰੋੜਾ ਲਈ ਅਤੇ ਭਾਰਤੀ ਫ਼ੌਜੀ ਸ਼ਕਤੀ ਲਈ ਤਕੜਾ ਨਜ਼ਾਰਾ ਪੇਸ਼ ਕਰਦੀ ਹੈ। ਜਨਰਲ ਅਰੋੜਾ ਕਦੇ ਵੀ ਇਹ ਦਾਅਵਾ ਨਹੀਂ ਕਰਦੇ ਸਨ ਕਿ ਪਾਕਿਸਤਾਨ ਉਪਰ ਜਿੱਤ ਉਹਨਾਂ ਕਰਕੇ ਹੋਈ ਹੈ, ਉਹ ਹਮੇਸ਼ਾ ਇਹੀ ਕਹਿੰਦੇ ਸਨ ਕਿ ਲੋਕ ਸਾਡੇ ਨਾਲ ਸਨ।

ਮੌਤ[ਸੋਧੋ]

3 ਮਈ 2005 ਨੂੰ ਇਹ ਮਹਾਨ ਨਾਇਕ ਸਾਡੇ ਤੋਂ ਸਦਾ ਲਈ ਵਿਛੜ ਗਿਆ ਸੀ। ਬੰਗਲਾਦੇਸ਼ ਦੀ ਜੰਗ ਦੇ ਨਾਇਕ ਜਨਰਲ ਜਗਜੀਤ ਸਿੰਘ ਅਰੋੜਾ ਨੇ ਭਾਰਤ ਦੇ ਜੰਗੀ ਇਤਿਹਾਸ ਵਿੱਚ ਮਹਾਨ ਕਾਰਨਾਮਾ ਕਰ ਕੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਸੀ। 93000 ਦੁਸ਼ਮਣ ਸੈਨਿਕਾਂ ਤੋਂ ਹਥਿਆਰ ਸੁਟਵਾ ਕੇ ਹੱਥ ਖੜ੍ਹੇ ਕਰਵਾਉਣਾ ਕੋਈ ਛੋਟਾ-ਮੋਟਾ ਕੰਮ ਨਹੀਂ ਸੀ ਜੋ ਜਨਰਲ ਜਗਜੀਤ ਸਿੰਘ ਅਰੋੜਾ ਨੇ ਆਪਣੀ ਸੂਝ-ਬੂਝ ਤੇ ਦੂਰਦ੍ਰਿਸ਼ਟੀ ਵਾਲੀ ਸੋਚ ਨਾਲ ਕਰ ਵਿਖਾਇਆ ਸੀ। ਸੰਸਾਰ ਦੀਆਂ ਜੰਗਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ।

ਹੋਰ ਦੇਖੋ[ਸੋਧੋ]

  1. http://en.wikipedia.org/wiki/Jagjit_Singh_Aurora
  2. http://www.sikhphilosophy.net/sikh-personalities/28435-jagjit-singh-arora-1916-2005-a.html

ਹਵਾਲੇ[ਸੋਧੋ]