ਜੈਤੋ ਦਾ ਮੋਰਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਭਾਰਤ ਵਿੱਚ ਬਰਤਾਨਵੀ ਰਾਜ ਸਮੇਂ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।[1] ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਨ੍ਹਾਂ ਨੂੰ ਜੈਤੋ ਥਾਣੇ ਦੀ ਹਵਾਲਾਤ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਟਿੱਬੀ ਸਾਹਿਬ ਹੈ। ਜੈਤੋ ਦਾ ਮੋਰਚਾ ਸਿੱਖ ਇਤਿਹਾਸ ਦਾ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾ ਸਮਾਂ ਜਾਰੀ ਰਿਹਾ ਇਹ ਲਗਭਗ ਦਸ ਮਹੀਨੇ ਲੰਮਾ ਰਿਹਾ ਅਤੇ ਇਸ ਦਾ ਨਤੀਜਾ ਇਹ ਰਿਹਾ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ‘ਗੁਰਦੁਆਰਾ ਐਕਟ’ ਬਣਾਉਣ ਲਈ ਮਜਬੂਰ ਹੋਣਾ ਪਿਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੈ। ਇਸ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ।

ਇਤਿਹਾਸ[ਸੋਧੋ]

ਜੈਤੋ ਮੋਰਚੇ ਦਾ ਆਰੰਭ 8 ਜੂਨ,1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਸ੍ਰੀ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ 5 ਅਗਸਤ, 1923 ਨੂੰ ਅੰਮ੍ਰਿਤਸਰ ਵਿੱਚ ਦੀ ਬੈਠਕ ਹੋਈ ਜਿਸ ਵਿੱਚ ਮਹਾਰਾਜਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿੱਚ ‘ਨਾਭਾ ਦਿਵਸ’ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਸਿੱਖਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿੱਚ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ। ਜੈਤੋ ਮੰਡੀ ਵਿਚ ਵੀ ਵਿਰੋਧ 'ਚ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਅੰਗਰੇਜ਼ੀ ਹਕੂਮਤ ਨੇ ਵੱਡੀ ਬਗ਼ਾਵਤ ਦੇ ਤੌਰ ’ਤੇ ਲਿਆ ਅਤੇ 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿੱਚ ਦੀਵਾਨ ਸਜਿਆ ਹੋਇਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਗ੍ਰੰਥੀ ਸਿੰਘਾਂ ਨੂੰ ਬਾਹਰ ਖਿੱਚ ਲਿਆ। ਇਸ ਤਰ੍ਹਾਂ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ। ਇਸ ਘਟਨਾ ਨੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਇਸ ਤਰ੍ਹਾਂ ਨਾਲ ਜੈਤੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਖੰਡਤ ਅਖੰਡ ਪਾਠ ਨੂੰ ਮੁੜ ਅਖੰਡਤ ਰੂਪ ਵਿੱਚ ਚਾਲੂ ਕਰਨਾ ਸੀ। ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜਥੇ ਜੈਤੋ ਵੱਲ ਭੇਜਣੇ ਆਰੰਭ ਕਰ ਦਿੱਤੇ। 25 ਸਿੰਘਾਂ ਦਾ ਇਕ ਜਥਾ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ ਵਿੱਚ ਲਿਜਾ ਕੇ ਛੱਡ ਦਿੱਤਾ ਜਾਂਦਾ।


ਦਿੱਲੀ ਵਿੱਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੰਡਤ ਜਵਾਹਰ ਲਾਲ ਨਹਿਰੂ, ਪਿੰਸੀਪਲ ਗਿਡਵਾਨੀ ਤੇ ਮਿਸਟਰ ਕੇ. ਸਨਾਤਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜ ਦਿੱਤਾ ਗਿਆ। ਇਨ੍ਹਾਂ ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ’ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲੇ ਦੀ ਇਕ ਕੋਠੜੀ ਵਿੱਚ ਬੰਦ ਕਰਨ ਮਗਰੋਂ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਹਕੂਮਤ ਦੀ ਦਖ਼ਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਹਰ ਰੋਜ਼ 25-25 ਸਿੰਘਾਂ ਦੇ ਜਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ 500-500 ਸਿੰਘਾਂ ਦਾ ਜਥਾ ਭੇਜਣ ਦਾ ਫੈਸਲਾ ਕੀਤਾ ਗਿਆ।



ਪਹਿਲਾ ਜਥਾ[ਸੋਧੋ]

ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫ਼ਰਵਰੀ, 1924 ਦੇ ਦਿਨ ਚਲਿਆ ਸੀ ਜਿਸ 'ਤੇ 21 ਫ਼ਰਵਰੀ ਨੂੰ ਗੋਲੀ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿਤੇ ਗਏ ਸਨ। ਨਾਭਾ ਰਿਆਸਤ ਵਿਚ ਜੈਤੋ ਵਿਚ ਅਖੰਡ ਪਾਠ ਖੰਡਤ ਕਰਨ ਵਿਰੁਧ ਸਤੰਬਰ 1923 ਤੋਂ ਮੋਰਚਾ ਲੱਗਾ ਹੋਇਆ ਸੀ। ਸਿੱਖ ਜੱਥੇ ਲਗਾਤਾਰ ਗਿ੍ਫ਼ਤਾਰੀਆਂ ਦੇ ਰਹੇ ਸਨ। ਚਾਰ ਮਹੀਨੇ ਤੋਂ ਵੱਧ ਸਮਾਂ ਜਥਿਆਂ ਵਲੋਂ ਜੈਤੋ ਵਲ ਮਾਰਚ ਕੀਤੇ ਜਾਣ ਅਤੇ ਗਿ੍ਫ਼ਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜਦੋ-ਜਹਿਦ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਿਆ ਜਾਏਗਾ। ਇਸ ਜਥੇ ਨੇ 9 ਫ਼ਰਵਰੀ, 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫ਼ਰਵਰੀ ਨੂੰ ਜੈਤੋ ਪੁਜਣਾ ਸੀ। ਇਸ ਨੂੰ ਵਿਦਾਇਗੀ ਦੇਣ ਵਾਸਤੇ 30 ਹਜ਼ਾਰ ਸਿੱਖ ਦਰਬਾਰ ਸਾਹਿਬ ਪੁੱਜੇ। ਇਹ ਵਿਸ਼ਾਲ ਜਥਾ ਨਾਭਾ, ਪਟਿਆਲਾ, ਫਰੀਦਕੋਟ ਅਤੇ ਸੰਗਰੂਰ ਰਾਜਾਂ ਦੇ ਪਿੰਡਾਂ ਵਿਚ ਹੁੰਦਾ ਹੋਇਆ 20 ਫਰਵਰੀ ਨੂੰ ਫਰੀਦਕੋਟ ਜ਼ਿਲਾ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਮਗਰੋਂ ਇਹ ਜਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜਥੇ ਦੇ 500 ਸਿੰਘਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀ ਸੀ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿੱਚ ਸਵਾਰ ਹੋ ਕੇ ਜਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਜਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ਼ ਕੁ ਦੀ ਵਿੱਥ ’ਤੇ ਰੋਕਿਆ ਗਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਗਾਂਹ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਪਰ ਜਥਾ ਸਭ ਕੁੱਝ ਅਣਸੁਣਿਆ ਕਰਕੇ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ ’ਤੇ ਵਿਲਸਨ ਜਾਨਸਟਨ ਨੇ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਘਟਨਾ ਵਿੱਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ। ਜਥੇ ਭੇਜਣ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ। ਇਸ ਮੋਰਚੇ ਵਿੱਚ ਲਗਪਗ 10 ਹਜ਼ਾਰ ਸਿੰਘਾਂ ਨੂੰ ਅੰਗਰੇਜ਼ੀ ਹਕੂਮਤ ਨੇ ਗ੍ਰਿਫਤਾਰ ਕੀਤਾ। ਅੰਤ ਅੰਗਰੇਜ਼ੀ ਸਰਕਾਰ ਨੇ ਹਥਿਆਰ ਸੁੱਟ ਦਿੱਤੇ ਅਤੇ ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ’ਤੇ ਲਾਈ ਪਾਬੰਦੀ 21 ਜੁਲਾਈ 1925 ਨੂੰ ਵਾਪਸ ਲੈ ਲਈ।

ਦੂਜਾ ਜਥਾ[ਸੋਧੋ]

ਜੈਤੋ ਗਏ ਪਹਿਲੇ ਸ਼ਹੀਦੀ ਜਥੇ 'ਤੇ 21 ਫ਼ਰਵਰੀ ਦੇ ਦਿਨ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ਼ ਬਾ-ਦਸਤੂਰ ਕਾਇਮ ਰਹੇ, ਸਗੋਂ ਸਿੱਖਾਂ ਵਿਚ ਰੋਹ ਤੇ ਜੋਸ਼ ਦਾ ਵਾਧਾ ਹੋਇਆ। ਸਿੱਖ ਨੌਜਵਾਨ ਤੇ ਬੱਚੇ ਅਕਸਰ ਇਹ ਗਾਉਂਦੇ ਸੁਣੇ ਜਾਂਦੇ ਸਨ: 'ਨਾਭੇ ਜ਼ਰੂਰ ਜਾਵਾਂਗਾ, ਭਾਵੇਂ ਸਿਰ ਕਟ ਜਾਵੇ ਮੇਰਾ।' ਦੂਜਾ ਪੰਜ ਸੌ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ, 1924 ਨੂੰ ਚਾਲੀ ਹਜ਼ਾਰ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਨੂੰ ਫ਼ਤਿਹ ਬੁਲਾਉਂਦਾ ਹੋਇਆ, ਗੁਰਦਵਾਰਾ ਗੰਗਸਰ ਦੇ ਰਾਹ ਪੈ ਗਿਆ। ਤੁਰਨ ਤੋਂ ਪਹਿਲੋਂ ਕਿੰਨੀਆਂ ਹੀ ਮਾਵਾਂ, ਭੈਣਾਂ ਅਤੇ ਸਰਦਾਰਨੀਆਂ ਨੇ ਅਪਣੇ ਪਿਆਰਿਆਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ।

ਤੀਜਾ ਜਥਾ[ਸੋਧੋ]

ਜੈਤੋ ਮੋਰਚੇ ਵਾਸਤੇ ਤੀਜਾ ਜੱਥਾ 22 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਸੀ। ਇਹ ਜੱਥਾ 7 ਅਪਰੈਲ, 1924 ਨੂੰ ਜੈਤੋ ਪੁੱਜਾ ਜਿਥੇ ਫ਼ੌਜ ਅਤੇ ਪੁਲਿਸ ਵਲੋਂ ਇਸ ਦੇ ਸਵਾਗਤ ਦੀ ਪਹਿਲਾਂ ਵਾਂਗ ਹੀ ਤਿਆਰੀ ਕੀਤੀ ਗਈ ਹੋਈ ਸੀ। ਇਸ ਸਮੇਂ ਤਾਰਾ ਸਿੰਘ ਮੋਗਾ ਐਮ.ਐਲ.ਸੀ., ਮੀਆਂ ਫ਼ਜ਼ਲ ਹੱਕ, ਕਰਤਾਰ ਸਿੰਘ, ਮੈਂਬਰ ਅਸੈਂਬਲੀ ਵੀ ਪਹੁੰਚੇ ਹੋਏ ਸਨ। ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ ਜੱਥਾ ਨਿਹੱਥਾ ਹੈ। ਇਸ ਉੱਤੇ ਇਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿਤਾ ਗਿਆ। ਇੱਥੇ ਜੱਥੇ ਨੂੰ ਰੋਕ ਕੇ, ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਇਨ੍ਹਾਂ ਨੂੰ ਹਥਕੜੀਆਂ ਅਤੇ ਰੱਸਿਆਂ ਨਾਲ ਜਕੜ ਕੇ, ਕਿਲ੍ਹੇ ਅੰਦਰ ਡੱਕ ਦਿਤਾ ਗਿਆ ਤੇ ਮਗਰੋਂ ਨਾਭਾ ਬੀੜ ਜੇਲ੍ਹ ਵਿੱਚ ਪਹੁੰਚਾਇਆ ਗਿਆ।

ਪੰਜਵਾਂ ਜਥਾ[ਸੋਧੋ]

ਜੈਤੋ ਮੋਰਚੇ ਵਾਸਤੇ ਪੰਜਵਾਂ ਸ਼ਹੀਦੀ ਜੱਥਾ ਲਾਇਲਪੁਰ ਤੋਂ 12 ਅਪਰੈਲ, 1924 ਨੂੰ ਪੈਦਲ ਰਵਾਨਾ ਹੋਇਆ ਤੇ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਮਗਰੋਂ ਜੈਤੋ ਵਲ ਮਾਰਚ ਸ਼ੁਰੂ ਕੀਤਾ।

ਛੇਵਾਂ ਜਥਾ[ਸੋਧੋ]

ਜਥਿਆਂ ਦਾ ਜਾਣਾ ਪੰਜਾਬ ਦੇ ਜ਼ਿਲਿ੍ਹਆਂ ਤਕ ਹੀ ਮਹਿਦੂਦ ਨਹੀਂ ਸੀ ਰਿਹਾ। 29 ਜੂਨ, 1924 ਨੂੰ ਬੰਗਾਲ ਦੇ ਇਕ ਸੌ ਸਿੰਘਾਂ ਦਾ ਜਥਾ ਕਲਕੱਤੇ ਤੋਂ ਚਲਿਆ।

ਵਿਦੇਸ਼ੀ ਜਥਾ[ਸੋਧੋ]

ਜੈਤੋ ਵਿਚ ਵਰਤੇ ਸਾਕੇ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਸੀ ਕਿ ਪ੍ਰਦੇਸੀ ਵਸਦੇ ਸਿੱਖ ਵੀ ਜੈਤੋ ਨੂੰ ਜਾਂਦੇ ਜਥਿਆਂ ਵਿਚ ਸ਼ਾਮਲ ਹੋਣ ਲਈ ਅੰਮਿ੍ਤਸਰ ਪੁੱਜੇ। ਕੈਨੇਡਾ ਤੋਂ 11 ਸਿੱਖਾਂ ਦਾ ਜਥਾ 17 ਜੁਲਾਈ, 1924 ਨੂੰ ਚਲਿਆ ਜੋ 14 ਸਤੰਬਰ ਨੂੰ ਕਲਕੱਤੇ ਜਹਾਜ਼ੋਂ ਉਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ ਅੰਮਿ੍ਤਸਰ ਪੁੱਜਾ ਅਤੇ 2 ਜਨਵਰੀ, 1925 ਨੂੰ ਜੈਤੋ ਵਾਸਤੇ ਚੱਲ ਪਿਆ।


ਹਵਾਲੇ[ਸੋਧੋ]