ਧੋਲਾਵੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਧੋਲਾਵੀਰਾ
ਅਤੀਤ
ਕਾਲ ਹੜੱਪਾ 2 ਤੋਂ ਹੜੱਪਾ 5
ਸੱਭਿਆਚਾਰ ਸਿੰਧੂ ਘਾਟੀ ਸੱਭਿਅਤਾ
ਵਾਕਿਆ gcy
ਜਗ੍ਹਾ ਬਾਰੇ
ਖੁਦਾਈ ਦੀ ਮਿਤੀ 1990 ਤੋਂ ਹੁਣ ਤੱਕ
ਹਾਲਤ ਖੰਡਰ
ਮਲਕੀਅਤ ਜਨਤਕ
ਲੋਕਾਂ ਦੀ ਪਹੁੰਚ ਹਾਂ
ਧੋਲਾਵੀਰਾ ਵਿੱਚ ਪਾਣੀ ਦੇ ਭੰਡਾਰ ਲਈ ਉਸਾਰਿਆ ਪੌੜ੍ਹੀਦਾਰ ਤਲਾਅ

ਧੋਲਾਵੀਰਾ (ਗੁਜਰਾਤੀ : ધોળાવીરા) ਭਾਰਤ ਦੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭਚਾਊ ਵਿੱਚ ਹੜੱਪਾ ਸੱਭਿਅਤਾ ਨਾਲ ਜੁੜਿਆ ਇੱਕ ਪੁਰਾਤਤਵ ਟਿਕਾਣਾ ਹੈ,ਜਿਥੋਂ ਦੁਨੀਆਂ ਦਾ ਸਭ ਤੋਂ ਪੁਰਾਣਾ ਸਟੇਡੀਅਮ ਮਿਲਿਆ ਹੈ। ਇਸਦਾ ਨਾਂ ਅੱਜਕੱਲ੍ਹ ਦੇ ਪਿੰਡ ਤੋਂ ਹੀ ਲਿਆ ਗਿਆ ਹੈ, ਜਿਹੜਾ ਉੱਥੋਂ 1 kilometre (0.62 mi) ਦੂਰੀ ਤੇ ਦੱਖਣ ਵਿੱਚ ਹੈ। ਇਹ ਪਿੰਡ ਰਧਨਪੁਰ ਤੋਂ 165 km (103 mi) ਦੂਰੀ ਤੇ ਹੈ। ਇਸਨੂੰ ਦੇਸੀ ਭਾਸ਼ਾ ਵਿੱਚ ਕੋਟੜਾ ਟਿੰਬਾ ਵੀ ਕਿਹਾ ਜਾਂਦਾ ਹੈ। ਇਸ ਟਿਕਾਣੇ ਉੱਤੇ ਹੜੱਪਾ ਸੱਭਿਅਤਾ ਦੇ ਬਹੁਤ ਸਾਰੇ ਖੰਡਰ ਮਿਲਦੇ ਹਨ।[1] ਧੋਲਾਵੀਰਾ ਦੀ ਸਥਿਤੀ ਕਰਕ ਰੇਖਾ ਦੇ ਉੱਪਰ ਹੈ। ਧੋਲਾਵੀਰਾ ਹੜੱਪਾ ਸੱਭਿਅਤਾ ਦੇ ਪੰਜ ਸਭ ਤੋਂ ਵੱਡੇ ਟਿਕਾਣਿਆਂ ਵਿੱਚੋਂ ਇੱਕ ਹੈ।[2] ਅਤੇ ਭਾਰਤ ਵਿੱਚ ਮਿਲਣ ਵਾਲੇ ਹੜੱਪਾ ਸੱਭਿਅਤਾ ਦੇ ਟਿਕਾਣਿਆਂ ਵਿੱਚੋਂ ਸਭ ਤੋਂ ਪ੍ਰਸਿੱਧ ਹੈ।[3] ਇਸਨੂੰ ਆਪਣੇ ਸਮੇਂ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[4] ਇਹ ਕੱਛ ਦੇ ਰਣ ਵਿੱਚ ਕੱਛ ਮਾਰੂਥਲ ਜੰਗਲੀਜੀਵ ਪਨਾਹ ਦੇ ਖਾਦਿਰ ਬੇਟ ਦੀਪ ਵਿੱਚ ਸਥਿਤ ਹੈ। ਇਹ 47 ਹੈਕਟੇਅਰ ਦਾ ਰਕਬਾ ਦੋ ਮੌਸਮੀ ਨਾਲਿਆਂ, ਉੱਤਰ ਵਿੱਚ ਮਨਸਾਰ ਅਤੇ ਦੱਖਣ ਵਿੱਚ ਮਨਹਾਰ ਦੇ ਵਿਚਾਲੇ ਹੈ।[5] ਇਹ ਸ਼ਹਿਰ c.2650 BCE ਤੋਂ ਪੂਰੀ ਤਰ੍ਹਾਂ ਅਬਾਦੀ ਨਾਲ ਵਸਿਆ ਹੋਇਆ ਸੀ, ਜਿਹੜਾ ਕਿ ਲਗਭਗ 2100 BCE ਤੋਂ ਹੌਲੀ-ਹੌਲੀ ਖ਼ਤਮ ਹੋਣਾ ਸ਼ੁਰੂ ਹੋ ਗਿਆ। ਇਹ ਸ਼ਹਿਰ c.1450 BCE ਤੱਕ ਪੂਰੀ ਤਰ੍ਹਾਂ ਛੱਡ ਦਿੱਤਾ ਗਿਆ ਅਤੇ ਫਿਰ ਇਸ ਸਮੇਂ ਤੋਂ ਇੱਥੇ ਦੋਬਾਰਾ ਵਸੇਬਾ ਸ਼ੁਰੂ ਹੋਇਆ।[6]


ਸਥਿਤੀ ਅਤੇ ਖੋਜ[ਸੋਧੋ]

ਇਸ ਜਗ੍ਹਾ ਦੀ ਖੋਜ 1967-1968 ਵਿੱਚ ਜੇ. ਪੀ. ਜੋਸ਼ੀ ਨੇ ਕੀਤੀ। ਇਹ ਹੜੱਪਾ ਦੇ 8 ਮੁੱਖ ਟਿਕਾਣਿਆਂ ਵਿੱਚੋਂ ਇੱਕ ਹੈ। ਇਹ ਜਗ੍ਹਾ 1990 ਤੋਂ ਭਾਰਤੀ ਪੁਰਾਤੱਤ ਵਿਭਾਗ ਵੱਲੋਂ ਫਿਰ ਖੁਦਾਈ ਅਧੀਨ ਹੈ, ਜਿੰਨਾਂ ਦਾ ਮੰਨਣਾ ਹੈ ਕਿ "ਧੋਲਾਵੀਰਾ ਨੇ ਹੜੱਪਾ ਸੱਭਿਅਤਾ ਦੇ ਵਿਹਾਰ ਵਿੱਚ ਨਵੇਂ ਆਯਾਮ ਜੋੜੇ ਹਨ।"[7] ਸਿੰਧੂ ਘਾਟੀ ਦੀਆਂ ਹੋਰ ਖੋਜੀਆਂ ਗਈਆਂ ਥਾਵਾਂ ਹਨ: ਹੜੱਪਾ, ਮੋਹਿਨਜੋਦੜੋ, ਗਨੇਰੀਵਾਲਾ, ਰਾਖੀਗੜ੍ਹੀ, ਕਾਲੀਬੰਗਨ, ਰੂਪਨਗਰ ਅਤੇ ਲੋਧਲ

ਧੋਲਾਵੀਰਾ ਦਾ ਘਟਨਾਕ੍ਰਮ[ਸੋਧੋ]

ਧੋਲਾਵੀਰਾ ਦਾ ਖ਼ਾਕਾ

ਅਾਰ. ਐਸ. ਬਿਸ਼ਤ, ਜਿਹੜੇ ਕਿ ਧੋਲਾਵੀਰਾ ਖੁਦਾਈ ਦੇ ਨਿਰਦੇਸ਼ਕ ਹਨ, ਨੇ ਇਸ ਜਗ੍ਹਾ ਦੇ ਵਸੇਬੇ ਦੇ ਸੱਤ ਪੜਾਅ ਪਰਿਭਾਸ਼ਿਤ ਕੀਤੇ ਹਨ।[8]

ਪੜਾਅ ਤਰੀਕਾਂ
ਪਹਿਲਾ ਪੜਾਅ 2650–2550 BCE ਸ਼ੁਰੂਆਤੀ ਹੜੱਪਾ – ਪੱਕਾ ਹੜੱਪਾ ਬਦਲਾਅ A
ਦੂਜਾ ਪੜਾਅ 2550–2500 BCE ਸ਼ੁਰੂਆਤੀ ਹੜੱਪਾ – ਪੱਕਾ ਹੜੱਪਾ ਬਦਲਾਅ B
ਤੀਜਾ ਪੜਾਅ 2500–2200 BCE ਪੱਕਾ ਹੜੱਪਾ ਬਦਲਾਅ A
ਚੌਥਾ ਪੜਾਅ 2200–2000 BCE ਪੱਕਾ ਹੜੱਪਾ ਬਦਲਾਅ B
ਪੰਜਵਾਂ ਪੜਾਅ 2000–1900 BCE ਪੱਕਾ ਹੜੱਪਾ ਬਦਲਾਅ C
1900–1850 BCE ਛੱਡਣ ਦਾ ਸਮਾਂ
ਛੇਵਾਂ ਪੜਾਅ 1850–1750 BCE ਬਾਅਦ ਦਾ ਹੜੱਪਾ A
1750–1650 BCE ਛੱਡਣ ਦਾ ਸਮਾਂ
ਸੱਤਵਾਂ ਪੜਾਅ 1650–1450 BCE ਬਾਅਦ ਦਾ ਹੜੱਪਾ B

ਖੁਦਾਈਆਂ[ਸੋਧੋ]

ਖੁਦਾਈ ਦਾ ਕੰਮ ਭਾਰਤੀ ਪੁਰਾਤੱਤ ਵਿਭਾਗ ਵੱਲੋਂ 1989 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸਦੇ ਮੁਖੀ ਅਾਰ. ਐਸ. ਬਿਸ਼ਤ ਸਨ। 1990 ਤੋਂ 2005 ਤੱਕ 13 ਵਾਰ ਖੁਦਾਈ ਕੀਤੀ ਗਈ।[2] ਖੁਦਾਈ ਵਿੱਚ ਵਿਗਿਆਨੀਆਂ ਨੂੰ ਹੜੱਪਾ ਸੱਭਿਅਤਾ ਦੀਆਂ ਸ਼ਹਿਰੀ ਯੋਜਨਾਵਾਂ ਅਤੇ ਆਰਕੀਟੈਕਚਰ ਬਾਰੇ ਪਤਾ ਲੱਗਾ। ਇਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਮੋਹਰਾਂ, ਮੋਤੀ, ਪਸ਼ੂਆਂ ਦੀਆਂ ਹੱਡੀਆਂ, ਸੋਨਾ, ਚਾਂਦੀ, ਟੈਰੀਕੋਟਾ ਦੇ ਗਹਿਣੇ, ਪੌਟਰੀ ਅਤੇ ਪਿੱਤਲ ਦੇ ਭਾਂਡੇ ਮਿਲੇ। ਪੁਰਾਤੱਤਵ ਵਿਗਿਆਨੀ ਮੰਨਦੇ ਹਨ[vague] ਕਿ ਧੋਲਾਵੀਰਾ ਦੱਖਣੀ ਗੁਜਰਾਤ, ਸਿੰਧ, ਪੰਜਾਬ ਅਤੇ ਪੱਛਮੀ ਏਸ਼ੀਆ ਦੀਆਂ ਸੱਭਿਆਤਾਵਾਂ ਦਾ ਇੱਕ ਮਹੱਤਵਪੂਰਨ ਵਪਾਰ ਕੇਂਦਰ ਸੀ।[9][10]


ਆਰਕੀਟੈਕਚਰ ਅਤੇ ਆਮ ਵਸਤੂਆਂ[ਸੋਧੋ]

ਇਸ ਸ਼ਹਿਰ ਨੂੰ ਬੰਦਰਗਾਹੀ ਸ਼ਹਿਰ ਲੋਥਲ ਨਾਲੋਂ ਪੁਰਾਣਾ ਦੱਸਿਆ ਗਿਆ ਹੈ,[11] ਇਸ ਸ਼ਹਿਰ ਦੀ ਬਣਤਰ ਆਇਤਾਕਾਰ ਅਤੇ ਇਹ 22 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਖੇਤਰਫਲ ਵਿੱਚ ਲੰਬਾਈ 771.1 m (2,530 ft) ਅਤੇ ਚੌੜਾਈ 616.85 m (2,023.8 ft) ਹੈ।[7] ਇਹ ਸ਼ਹਿਰ ਬਣਤਰ ਵਿੱਚ ਹੜੱਪਾ ਅਤੇ ਮੋਹਿਨਜੋਦੜੋ ਤੋਂ ਅਲੱਗ ਹੈ ਕਿਉਂਕਿ ਪਹਿਲਾਂ ਮਿੱਥੀ ਗਈ ਯੋਜਨਾ ਦੇ ਹਿਸਾਬ ਨਾਲ ਬਣਾਇਆ ਗਿਆ ਸੀ, ਜਿਸ ਵਿੱਚ ਤਿੰਨ ਦਰਜੇ ਸਨ - ਇੱਕ ਗੜ੍ਹੀ, ਇੱਕ ਵਿਚਕਾਰਲਾ ਕਸਬਾ ਅਤੇ ਇੱਕ ਹੇਠਲਾ ਕਸਬਾ ਸਨ।.[12] ਕਿਲ੍ਹੇ ਅਤੇ ਵਿਚਕਾਰਲੇ ਕਸਬੇ ਵਿੱਚ ਆਪਣੀ ਰੱਖਿਆ ਪ੍ਰਣਾਲੀ ਸੀ। ਇਸ ਤੋਂ ਇਲਾਵਾ ਦਰਵਾਜ਼ੇ, ਗਲੀਆਂ, ਖੂਹ ਅਤੇ ਹੋਰ ਖੁੱਲ੍ਹੀਆਂ ਥਾਂਵਾਂ ਸਨ। ਕਿਲ੍ਹੇ ਦੇ ਦੁਆਲੇ ਖ਼ਾਸ ਕਰਕੇ ਚਾਰਦੀਵਾਰੀ ਹੁੰਦੀ ਸੀ।[7] ਮੀਨਾਰਾਂ ਵਾਲੇ ਭਵਨ ਨੂੰ ਦੋਹਰੀਆਂ ਕੰਧਾਂ ਨਾਲ ਸੁਰੱਖਿਅਤ ਕੀਤਾ ਹੋਇਆ ਸੀ।.[13] ਕਿਲ੍ਹੇਬੰਦੀ ਦੇ ਅੰਦਰ ਸ਼ਹਿਰ ਦਾ ਰਕਬਾ 48 ha (120 acres) ਹੈ। ਕਿਲ੍ਹੇਬੰਦੀ ਤੋਂ ਬਾਹਰ ਵੀ ਇਹੋ ਜਿਹੀ ਹੀ ਬਣਤਰ ਵਾਲੀਆਂ ਇਮਾਰਤਾਂ ਮਿਲਦੀਆਂ ਹਨ। ਕੰਧਾਂ ਤੋਂ ਬਾਹਰ ਇੱਕ ਹੋਰ ਵਸੇਬਾ ਵੀ ਮਿਲਿਆ ਹੈ।[7] ਇਸ ਸ਼ਹਿਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸਦੀਆਂ ਸਾਰੀਆਂ ਇਮਾਰਤਾਂ, ਜਿੱਥੋਂ ਤੱਕ ਹੁਣ ਤੱਕ ਸੰਭਾਲੀਆਂ ਹੋਈਆਂ ਇਮਾਰਤਾਂ ਦਾ ਸਵਾਲ ਹੈ, ਪੱਥਰ ਦੀਆਂ ਬਣੀਆਂ ਹੋਈਆਂ ਸਨ, ਜਦਕਿ ਹੜੱਪਾ ਅਤੇ ਇੱਥੋਂ ਤੱਕ ਕਿ ਮੋਹਿਨਜੋਦੜੋ ਵਿੱਚ ਵੀ ਇਮਾਰਤਾਂ ਇੱਟਾਂ ਦੀਆਂ ਬਣੀਆਂ ਹੋਈਆਂ ਸਨ।[14] ਧੋਲਾਵੀਰਾ ਪਾਣੀ ਦੇ ਦੋ ਮੌਸਮੀ ਸੋਮਿਆਂ, ਮਨਸਾਰ ਅਤੇ ਮਨਹਾਰ ਨਾਲ ਘਿਰਿਆ ਹੋਇਆ ਸੀ।

ਪਾਣੀ ਦੇ ਤਲਾਬ[ਸੋਧੋ]

ਧੋਲਾਵੀਰਾ ਵਿੱਚ ਪਾਣੀ ਦਾ ਤਲਾਬ ਜਿਸ ਵਿੱਚ ਪੌੜੀਆਂ ਵੀ ਹਨ।

ਆਰ. ਐਸ. ਬਿਸ਼ਤ ਦਾ ਕਹਿਣਾ ਹੈ ਕਿ ਅੱਜ ਤੋਂ 5 ਹਜ਼ਾਰ ਪਹਿਲਾਂ ਦੇ ਹਿਸਾਬ ਨਾਲ ਧੋਲਾਵੀਰਾ ਵਿੱਚ ਜਿੰਨੇ ਵਧੀਆ ਤਰੀਕੇ ਨਾਲ ਪਾਣੀ ਦੀ ਸੰਭਾਲ ਅਤੇ ਪ੍ਰਬੰਧ ਕੀਤਾ ਗਿਆ ਹੈ, ਉਸ ਤੋਂ ਉਹਨਾਂ ਦੇ ਗਿਆਨ ਦਾ ਅੰਦਾਜ਼ਾ ਬਾਖ਼ੂਬੀ ਲਾਇਆ ਜਾ ਸਕਦਾ ਹੈ।[2] ਇਸ ਸ਼ਹਿਰ ਦੀ ਸਭ ਤੋਂ ਵੱਡੀ ਖ਼ਾਸੀਅਤ ਪਾਣੀ ਦੀ ਸੰਭਾਲ ਦਾ ਆਧੁਨਿਕ ਅਤੇ ਬਹੁਤ ਬਿਹਤਰ ਤਰੀਕਾ ਸੀ।[15] ਇਸ ਤਰ੍ਹਾਂ ਦੀ ਪ੍ਰਣਾਲੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਇੱਥੇ ਹੀ ਮਿਲੀ ਹੈ।

ਮੋਹਰਾਂ ਬਣਾਉਣਾ[ਸੋਧੋ]

ਧੋਲਾਵੀਰਾ ਵਿੱਚ ਮਿਲੀਆਂ ਕੁਝ ਮੋਹਰਾਂ, ਤੀਜੇ ਪੜਾਅ ਨਾਲ ਸਬੰਧਿਤ ਹਨ, ਜਿਸ ਵਿੱਚ ਸਿਰਫ਼ ਪਸ਼ੂਆਂ ਦੀਆਂ ਆਕ੍ਰਿਤੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਲਿਪੀ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਤੋਂ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਸਿੰਧੂ ਘਾਟੀ ਵਿੱਚ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਮੋਹਰਾਂ ਦਾ ਹੀ ਇਸਤੇਮਾਲ ਕੀਤਾ ਗਿਆ ਸੀ।

ਸਾਈਨ ਬੋਰਡ[ਸੋਧੋ]

ਦਸ ਸਿੰਧੂ ਘਾਟੀ ਦੀ ਲਿਪੀ ਦੇ ਅੱਖਰ ਜਿਹੜੇ ਧੋਲਾਵੀਰਾ ਦੇ ਉੱਤਰੀ ਦਰਵਾਜ਼ੇ ਕੋਲ ਮਿਲੇ ਸਨ।

ਧੋਲਾਵੀਰਾ ਦੀਆਂ ਸਭ ਤੋਂ ਮੁੱਖ ਖੋਜਾਂ ਵਿੱਚੋਂ ਇੱਕ ਧੋਲਾਵੀਰਾ ਦਾ ਸਾਈਨਬੋਰਡ ਹੈ, ਜਿਸ ਉੱਤੇ ਇਸ ਲਿਪੀ ਦੇ ਦਸ ਅੱਖਰ ਲਿਖੇ ਮਿਲਦੇ ਹਨ। ਇਹ ਸਾਈਨਬੋਰਡ ਸ਼ਹਿਰ ਦੇ ਉੱਤਰੀ ਦਰਵਾਜ਼ੇ ਕੋਲ ਮਿਲਿਆ ਸੀ। ਹੜੱਪਾ ਵਾਸੀਆਂ ਨੇ ਜਿਪਸਮ ਧਾਤ ਨਾਲ ਦਸ ਅੱਖਰਾਂ ਜਾਂ ਲਿਪੀ ਜਾਂ ਆਕ੍ਰਿਤਿਆਂ ਦੇ ਚਿੰਨ੍ਹ ਬਣਾਏ ਅਤੇ ਇਹਨਾਂ ਨੂੰ ਲੱਕੜ ਦੀ ਤਖਤੀ ਉੱਪਰ ਲਾਇਆ ਸੀ।[16] ਕਿਸੇ ਵੇਲੇ ਇਹ ਬੋਰਡ ਜਾਂ ਤਖਤੀ ਹੇਠਾਂ ਡਿੱਗ ਪਈ ਅਤੇ ਲੱਕੜ ਗਲ ਗਈ, ਪਰ ਅੱਖਰਾਂ ਦੀ ਸ਼ਕਲ ਕਿਸੇ ਤਰ੍ਹਾਂ ਬਚੀ ਰਹਿ ਗਈ। ਇਹ ਅੱਖਰ ਵੱਡੀਆਂ ਇੱਟਾਂ ਜਿੱਡੇ ਹਨ ਜਿਹੜੀਆਂ ਕਿ ਨੇੜਲੀਆਂ ਕੰਧਾਂ ਬਣਾਉਣ ਲਈ ਵਰਤੀਆਂ ਗਈਆਂ ਸਨ। ਹਰੇਕ ਚਿੰਨ੍ਹ ਲਗਭਗ 37 cm (15 in) ਉੱਚਾ ਹੈ ਅਤੇ ਬੋਰਡ ਜਿਸ ਉੱਤੇ ਇਹ ਚਿੰਨ੍ਹ ਬਣੇ ਹੋਏ ਸਨ, 3 ਮੀਟਰ ਲੰਬਾ ਹੈ।[17] ਇਹ ਸ਼ਿਲਾਲੇਖ ਸਿੰਧੂ ਘਾਟੀ ਸੱਭਿਅਤਾ ਵਿੱਚ ਮਿਲਿਆ ਸਭ ਤੋਂ ਲੰਮਾ ਸ਼ਿਲਾਲੇਖ ਹੈ, ਜਿਸ ਵਿੱਚ ਇੱਕ ਚਿੰਨ੍ਹ ਚਾਰ ਵਾਰ ਦੋਹਰਾਇਆ ਗਿਆ ਹੈ। ਇਸਦੀ ਜਨਤਕ ਤੌਰ ਤੇ ਵਰਤੋਂ ਅਤੇ ਇਸਦੇ ਵੱਡੇ ਆਕਾਰ ਕਰਕੇ ਵਿਦਵਾਨ ਇਹ ਅੰਦਾਜ਼ਾ ਲਾਉਂਦੇ ਹਨ ਕਿ ਸਿੰਧੂ ਘਾਟੀ ਦੀ ਲਿਪੀ ਪੂਰਨ ਸੀ ਅਤੇ ਸਾਰੇ ਲੋਕ ਇਸਨੂੰ ਸਮਝ ਸਕਦੇ ਸਨ। ਇੱਕ ਵੱਡੇ ਆਕਾਰ ਦੇ ਚਾਰ ਚਿੰਨ੍ਹਾਂ ਦਾ ਸ਼ਿਲਾਲੇਖ ਜਿਹੜਾ ਕਿ ਇੱਕ ਪੱਥਰ ਉੱਤੇ ਉੱਕਰਿਆ ਹੈ, ਵੀ ਧੋਲਾਵੀਰਾ ਵਿੱਚ ਮਿਲਦਾ ਹੈ, ਜਿਹੜਾ ਕਿ ਰੇਤਲੇ ਪੱਥਰ ਉੱਤੇ ਮਿਲਿਆ ਕਿਸੇ ਵੀ ਹੜੱਪਾ ਸੱਭਿਅਤਾ ਵਿੱਚ, ਸਭ ਤੋਂ ਪਹਿਲਾ ਸ਼ਿਲਾਲੇਖ ਹੈ।[2]


ਪ੍ਰਾਚੀਨਤਾ[ਸੋਧੋ]

ਧੋਲਾਵੀਰਾ ਪਹਿਲੀ ਵਾਰ 2650 ਈ.ਪੂ. ਨੂੰ ਵਸਾਇਆ ਗਿਆ ਤੇ ਹੌਲੀ ਹੌਲੀ 2100 ਈ.ਪੂ. ਤੋਂ ਬਾਅਦ ਨਿਘਾਰ ਵਲ ਜਾਂਦਾ ਗਿਆ। ਕੁਝ ਸਮੇਂ ਲਈ ਵਿਰਾਨ ਰਹਿਣ ਦੇ ਬਾਅਦ ਇਹ ਫੇਰ ਵਸਿਆ ਤੇ 1450 ਈ.ਪੂ. ਤੱਕ ਵਸਿਆ ਰਿਹਾ।

ਅਹਿਮੀਅਤ ਦਾ ਕਾਰਣ[ਸੋਧੋ]

ਧੋਲਾਵੀਰਾ ਦੀ ਕਿਲੇਬੰਦੀ ਦੇ ਉੱਤਰ ਦਿਸ਼ਾ ਵਿੱਚ ਮੌਜੂਦ ਦੁਆਰ ਨੇੜੇ ਮਿਲੀ ਲਿਖਤ ।

1.ਇਹ ਪ੍ਰਾਚੀਨ ਸ਼ਹਿਰ ਹਡੱਪਾ ਕਾਲ ਦਾ ਚੌਥਾ ਵੱਡਾ ਸ਼ਹਿਰ ਹੈ।
2.ਇਥੇ ਦੁਨੀਆ ਦਾ ਸਭ ਤੋਂ ਪੁਰਾਣਾ ਸਟੇਡੀਅਮ ਮਿਲਿਆ ਹੈ।
3.ਇਥੇ ਆਮ ਸ਼ਹਿਰੀਆਂ ਦੀ ਜਾਣਕਾਰੀ ਲਈ ਇੱਕ ਸੂਚਨਾ ਬੋਰਡ ਵੀ ਮਿਲਿਆ ਹੈ,ਇਸ ਨੂੰ ਪੜ੍ਹਨ ਵਿੱਚ ਅਜੇ ਕਾਮਯਾਬੀ ਨਹੀਂ ਮਿਲੀ ਹੈ।

ਬਾਹਰੀ ਲਿੰਕ[ਸੋਧੋ]