ਪੰਜਾਬ (ਖੇਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬ
پنجاب
Punjab
पंजाब
British Punjab 1909.svg
ਵੱਡੇ ਸ਼ਹਿਰ ਦਿੱਲੀ
ਲਾਹੌਰ
ਫੈਸਲਾਬਾਦ
ਦੇਸ਼
ਸਰਕਾਰੀ ਭਾਸ਼ਾਵਾਂ
ਖੇਤਰ 445,007 km2 (171,818 sq mi)
ਆਬਾਦੀ (2011) ~200 ਮਿਲੀਅਨ
ਘਣਤਾ 449/ਕਿਲੋਮੀਟਰ2
ਧਰਮ
ਸੂਚਕ ਪੰਜਾਬੀ
ਦੁਨੀਆਂ ਦੇ ਨਕਸ਼ੇ ਵਿੱਚ ਖ਼ਿੱਤਾ ਪੰਜਾਬ
ਪੰਜਾਬ ਖੇਤਰ ਦਾ ਹਿੱਸਾ ਜਿੱਥੇ ਜ਼ਿਆਦਾਤਰ ਪੰਜਾਬੀ ਬੋਲੀ ਜਾਂਦੀ ਹੈ

ਪੰਜਾਬ (ਗੁਰਮੁਖੀ: ਪੰਜਾਬ; ਸ਼ਾਹਮੁਖੀ: پنجاب; ਅੰਗਰੇਜ਼ੀ: Punjab) ਦੱਖਣੀ ਏਸ਼ੀਆ ਦਾ ਇੱਕ ਭੂਗੋਲਿਕ ਖ਼ਿੱਤਾ ਹੈ, ਜੋ ਉੱਤਰ-ਪੂਰਬੀ ਭਾਰਤ ਤੋਂ ਲੈ ਕੇ ਉੱਤਰ-ਪੱਛਮੀ ਪਾਕਿਸਤਾਨ ਤੱਕ ਫੈਲਿਆ ਹੋਇਆ ਹੈ। 1947 ਦੀ ਤਕਸੀਮ ਦੌਰਾਨ ਇਹ ਖ਼ਿੱਤਾ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ ਜਿਹਨਾਂ ਨੂੰ ਹੁਣ ਚੜ੍ਹਦਾ ਪੰਜਾਬ (ਭਾਰਤ ਵਿਚਲਾ ਪੂਰਬੀ ਹਿੱਸਾ) ਅਤੇ ਲਹਿੰਦਾ ਪੰਜਾਬ (ਪਾਕਿਸਤਾਨ ਵਿਚਲਾ ਪੱਛਮੀ ਹਿੱਸਾ) ਦੇ ਨਾਂਵਾਂ ਨਾਲ਼ ਵੀ ਜਾਣਿਆ ਜਾਂਦਾ ਹੈ।

ਵੱਡੇ ਪੰਜਾਬ ਖ਼ਿੱਤੇ ਵਿੱਚ ਹਾਲੀਆ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਦਿੱਲੀ ਦਾ ਇਲਾਕਾ ਆਉਂਦਾ ਹੈ।

ਇੱਥੋਂ ਦੇ ਰਹਿਣ ਵਾਲ਼ਿਆਂ ਅਤੇ ਓਹਨਾਂ ਦੀ ਬੋਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ।

ਨਾਂ[ਸੋਧੋ]

ਵੱਖ-ਵੱਖ ਸਮਿਆਂ ਵਿੱਚ ਇਸ ਖ਼ਿੱਤੇ ਦੇ ਵੱਖ-ਵੱਖ ਨਾਂ ਰਹੇ ਹਨ, ਜਿਵੇਂ ਕਿ ਸਪਤਸਿੰਧੂ ਅਤੇ ਪੰਚਨਦ, ਪਰ ਇਸ ਦਾ ਹਾਲੀਆ ਨਾਂ ਫ਼ਾਰਸੀ ਬੋਲੀ ਦੇ ਦੋ ਲਫ਼ਜ਼ਾਂ ਪੰਜ ਅਤੇ ਆਬ ਤੋਂ ਪਿਆ ਜਿੰਨ੍ਹਾਂ ਦਾ ਮਤਲਬ ਤਰਤੀਬਵਾਰ 5 ਅਤੇ ਪਾਣੀ ਹੈ। ਇਸ ਤਰ੍ਹਾਂ ਇਸ ਦਾ ਮਤਲਬ ਹੈ ਪੰਜ ਪਾਣੀਆਂ ਦੀ ਧਰਤੀ। ਇਹ ਪੰਜ ਪਾਣੀ ਜਾਂ ਦਰਿਆ ਹਨ,[1]ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਸਿੰਧ ਦਰਿਆ ਦੇ ਇਹਨਾਂ ਸਾਰੇ ਸਹਾਇਕ ਦਰਿਆਵਾਂ ਵਿਚੋਂ ਜੇਹਲਮ ਦਰਿਆ ਸਭ ਤੋਂ ਵੱਡਾ ਹੈ।

ਇਤਿਹਾਸ[ਸੋਧੋ]

ਪੰਜਾਬ ਇਤਿਹਾਸਿਕ ਅਤੇ ਸੱਭਿਆਚਾਰਕ ਤੌਰ ਤੇ ਹਿੰਦ-ਇਰਾਨੀ (ਆਰਿਆਈ) ਵਿਰਾਸਤ ਨਾਲ਼ ਜੁੜਿਆ ਹੋਇਆ ਹੈ। ਪਹਿਲਾਂ ਤੋਂ ਹੀ ਇਹ ਖ਼ਿੱਤਾ ਪੱਛਮੀ ਹਮਲਾਵਰਾਂ ਲਈ ਭਾਰਤੀ ਉਪਮਹਾਂਦੀਪ ਦਾ ਦਰਵਾਜ਼ਾ ਰਿਹਾ ਹੈ। ਇਹਨਾਂ ਹਮਲਿਆਂ ਦੇ ਸਿੱਟੇ ਵੱਜੋਂ ਹੀ ਇੱਥੇ ਕਈ ਜਾਤ-ਬਰਾਦਰੀਆਂ, ਧਰਮਾਂ ਅਤੇ ਸੱਭਿਆਚਾਰ ਵਿਰਾਸਤਾਂ ਦਾ ਜਨਮ ਹੋਇਆ। ਪਰਿ-ਇਤਿਹਾਸਿਕ ਸਮੇਂ ਦੱਖਣੀ ਏਸ਼ੀਆ ਦੇ ਸਭ ਤੋਂ ਪਹਿਲੇ ਸੱਭਿਆਚਾਰਾਂ ’ਚੋਂ ਇੱਕ ਹੜੱਪਾ ਸੱਭਿਆਚਾਰ ਪੰਜਾਬ ਵਿੱਚ ਸੀ।

ਇੱਥੋਂ ਦੇ ਰਹਿਣ ਵਾਲ਼ੇ ਹਿੰਦ-ਆਰੀਆਈ ਬੋਲੀ ਬੋਲਦੇ ਹਨ, ਜਿਸ ਨੂੰ ਪੰਜਾਬੀ ਆਖਦੇ ਹਨ। ਇੱਥੇ ਯੂਨਾਨੀ, ਅਰਬ, ਤੁਰਕ, ਮੁਗ਼ਲ, ਅਫ਼ਗ਼ਾਨ, ਬਲੌਚੀ ਅਤੇ ਅੰਗਰੇਜ਼ ਵੀ ਰਹੇ।

ਪੰਜਾਬ ਖੇਤਰ 1903 ਦੌਰਾਨ

ਸ਼ਬਦ ‘ਪੰਜਾਬ’ ਫ਼ਾਰਸੀ ਵਿਚੋਂ ਆਇਆ , "ਪੰਜ ਅਤੇ ਆਬ" ਦੀ ਸੰਧੀ ਨਾਲ। ਕੁਝ ਵਿਦਵਾਨਾਂ ਦਾ ਕਿਆਸ ਹੈ ਕਿ ਇਹ ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਵਰਤਿਆ ਤੇ ਉਨ੍ਹਾਂ ਤੋਂ ਬਾਅਦ ਭਾਈ ਗੁਰਦਾਸ ਅਤੇ ਕਿੱਸਾਕਾਰ ਹਾਫਿਜ਼ ਬਰਖ਼ੁਰਦਾਰ ਨੇ। ਹਾਫਿਜ਼ ਬਰਖ਼ੁਰਦਾਰ ਪਹਿਲਾ ਸ਼ਾਇਰ ਹੈ ਜੋ ਆਪਣੀ ਬੋਲੀ ਨੂੰ ਪੰਜਾਬੀ ਬੋਲੀ ਕਹਿ ਕੇ ਪਛਾਣ ਕਰਵਾਉਂਦਾ ਹੈ। ਉਸ ਤੋਂ ਪਹਿਲਾਂ ਦੇ ਸ਼ਾਇਰ ਆਪਣੀ ਬੋਲੀ ਨੂੰ ਹਿੰਦੀ, ਹਿੰਦਕੀ ਜਾਂ ਹਿੰਦਵੀ ਕਹਿੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਇਸ ਭੂਗੋਲਿਕ ਖ਼ਿੱਤੇ ਦੇ ਲੋਕ-ਸਮੂਹਾਂ ਦੀ ਲੜਾਈ ਨੂੰ ਪੰਜਾਬ ਦੀ ਲੜਾਈ ਬਣਾ ਕੇ ਪੇਸ਼ ਕਰਦੇ ਹਨ ਅਤੇ ਔਰੰਗਜ਼ੇਬ ਨੂੰ ਲਲਕਾਰਦਿਆਂ ਲਿਖਦੇ ਹਨ, ‘‘ਚੁਨਾਂ ਆਤਸ਼ੇ ਜ਼ੀਰ ਨਾਅਲਤ ਨਹਮ/ਜ਼ ਪੰਜਾਬ ਆਬਤ ਨਾ ਖ਼ੁਰਦਨ ਦਹਮ।’’ ਭਾਵ ਮੈਂ ਤੇਰੇ ਘੋੜੇ ਦੀਆਂ ਨਾਲਾਂ ਹੇਠ ਅਜਿਹੀ ਅੱਗ ਬਾਲ ਦਿਆਂਗਾ ਕਿ ਤੈਨੂੰ ਪੰਜਾਬ ਵਿਚ ਪਾਣੀ ਪੀਣਾ ਵੀ ਨਸੀਬ ਨਹੀਂ ਹੋਵੇਗਾ। ਬਾਅਦ ਵਿਚ ਵਾਰਿਸ ਸ਼ਾਹ ਆਪਣੇ ਕਿੱਸੇ ਵਿਚ ਵਾਰ ਵਾਰ ਪੰਜਾਬ ਦਾ ਜ਼ਿਕਰ ਕਰਦਾ ਹੈ। ਉਸ ਦੀ ਸ਼ਾਇਰੀ ਪੰਜਾਬ ਦੀ ਧਰਤੀ ਦਾ ਜਸ਼ਨ ਮਨਾਉਂਦੀ ਸ਼ਾਇਰੀ ਹੈ।[2]

ਪੰਜਾਬ 1907 ਵਿਚ

ਇਹ ਖ਼ਿੱਤਾ ਹੁਣ ਵੱਡੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸਦੀ 1947 ਵਿੱਚ ਹੋਈ ਤਕਸੀਮ ਦੌਰਾਨ ਇਹ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ। ਵੱਡਾ ਹਿੱਸਾ, ਤਕਰੀਬਨ 60 ਫ਼ੀਸਦੀ, ਪਾਕਿਸਤਾਨ ਵਿੱਚ ਆਇਆ ਅਤੇ 40 ਫ਼ੀਸਦੀ ਹਿੰਦੁਸਤਾਨ ਵਿੱਚ ਆਇਆ। ਪੰਜਾਂ ਵਿਚੋਂ ਤਿੰਨ ਦਰਿਆ ਪਾਕਿਸਤਾਨ ਵਿੱਚ ਆਏ। ਭਾਰਤ ਵਿੱਚ ਇਸਨੂੰ ਮੁੜ ਪੰਜਾਬ, ਹਰਿਆਣਾ ਅਤੇ ਹਿਮਾਚਲ ਰਿਆਸਤਾਂ ਵਿੱਚ ਤਕਸੀਮ ਕਰ ਦਿੱਤਾ ਗਿਆ।

ਪੰਜਾਬੀ ਦੋਹਾਂ ਪੰਜਾਬਾਂ ਦੀ ਸਾਂਝੀ ਬੋਲੀ ਹੈ। ਪੰਜਾਬੀ ਲਿਖਣ ਲਈ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਅਤੇ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ।

ਪਾਕਿਸਤਾਨੀ ਪੰਜਾਬ[ਸੋਧੋ]

ਪਾਕਿਸਤਾਨੀ ਪੰਜਾਬ ਨੂੰ ਲਹਿੰਦਾ ਪੰਜਾਬ ਅਤੇ ਪੱਛਮੀ ਪੰਜਾਬ ਵੀ ਆਖਦੇ ਹਨ। ਇਹ ਪਾਕਿਸਤਾਨ ਦਾ ਸਭ ਤੋਂ ਵੱਧ ਅਬਾਦੀ ਵਾਲ਼ਾ ਸੂਬਾ ਹੈ ਜਿਸਦੀ ਅਬਾਦੀ 86,084,000 ਅਤੇ ਇਲਾਕਾ 205,344 ਵਰਗ ਕਿਲੋਮੀਟਰ ਹੈ।

ਭਾਰਤੀ ਪੰਜਾਬ[ਸੋਧੋ]

ਭਾਰਤੀ ਪੰਜਾਬ ਨੂੰ ਆਮ ਤੌਰ ’ਤੇ ਚੜ੍ਹਦਾ ਪੰਜਾਬ ਜਾਂ ਪੂਰਬੀ ਪੰਜਾਬ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਭਾਰਤ ਵਿਚ, ਸਰਕਾਰ ਨੇ ਪੰਜਾਬ ਨੂੰ ਅੱਗੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਸੂਬਿਆਂ ਵਿੱਚ ਤਕਸੀਮ ਕਰ ਦਿੱਤਾ ਸੀ। ਇਸ ਦੀ ਅਬਾਦੀ ਤਕਰੀਬਨ 24,289,296 ਅਤੇ ਇਲਾਕਾ 50,362 ਵਰਗ ਕਿਲੋਮੀਟਰ ਹੈ।

ਧਰਮ[ਸੋਧੋ]

ਸਿੱਖੀ, ਇਸਲਾਮ ਅਤੇ ਹਿੰਦੂ ਪੰਜਾਬ ਦੇ ਮੁੱਖ ਧਰਮ ਹਨ। ਇਨ੍ਹਾਂ ਤੋਂ ਬਿਨਾਂ ਇਸਾਈ, ਜੈਨ ਅਤੇ ਬੌਧ ਇਤਿਆਦਿ ਧਰਮਾਂ ਦੇ ਲੋਕ ਵੀ ਇੱਥੇ ਵਸਦੇ ਹਨ।

ਹਵਾਲੇ[ਸੋਧੋ]

  1. Singh, Pritam (2008). Federalism, Nationalism and Development: India and the Punjab Economy. London; New York: Routledge. p. 3. ISBN 0-415-45666-5. 
  2. ਸਵਰਾਜਵੀਰ (2018-09-15). "ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਕਸ਼ - Tribune Punjabi". Tribune Punjabi. Retrieved 2018-09-16.