ਪਦਾਰਥਕ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਦਾਰਥਕ ਸੱਭਿਆਚਾਰ ਦਾ ਸੰਬੰਧ ਸੱਭਿਆਚਾਰ ਦੇ ਮੁੱਢਲੇ ਪੈਮਾਨਿਆਂ ਨਾਲ਼ ਹੈ। ਉਂਝ ਸੱਭਿਆਚਾਰ ਇੱਕ ਜਟਿਲ ਅਤੇ ਜੁੱਟ ਸਿਸਟਮ ਹੈ। ਇਸ ਦੇ ਅੰਗਾਂ ਦਾ ਆਪਸ ਵਿੱਚ ਪ੍ਰਸਪਰ ਸੰਬੰਧ ਹੈ। ਇੱਕ ਅੰਗ ਵਿੱਚ ਆਈ ਤਬਦੀਲੀ ਦੂਜੇ ਅੰਗੇ ਨੂੰ ਪ੍ਰਭਾਵਿਤ ਕਰਦੀ ਹੈ। ਸੰਸਾਰ ਦੇ ਵੱਖੋ-ਵੱਖ ਸੱਭਿਆਚਾਰਾਂ ਦੇ ਮੁੱਖ ਅੰਗ ਲਗਭਗ ਇਕੋ ਜਿਹੇ ਹੀ ਹੁੰਦੇ ਹਨ। ਮਨੁੱਖ ਕਿਸੇ ਥਾਂ ਵੀ ਰਹਿੰਦਾ ਹੋਵੇ ਉਸ ਦੀਆਂ ਮੂਲ ਲੋੜਾਂ ਸਾਂਝੀਆਂ ਹੁੰਦੀਆਂ ਹਨ।

ਭੂਮਿਕਾ[ਸੋਧੋ]

ਪਦਾਰਥਕ ਸੱਭਿਆਚਾਰ ਦਾ ਸੰਬੰਧ ਸਭਿਆਚਾਤ ਵਿੱਚ ਵਿਚਰਦੇ ਮਨੁੱਖ ਨਾਲ਼ ਹੈ। ਪ੍ਰੋ. ਜੀਤ ਸਿੰਘ ਜੋਸ਼ੀ ਅਨੁਸਾਰ- “ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ।"[1] ਹਰ ਮਨੁੱਖ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਪਣੇ ਸੱਭਿਆਚਾਰਾਂ ਅਨੁਸਾਰ ਇਨ੍ਹਾਂ ਲੋੜਾਂ ਦੀ ਪੂਰਤੀ ਕਰਦਾ ਹੈ। ਸੱਭਿਆਚਾਰ ਦੇ ਮੁੱਖ ਅੰਗ ਮੰਨੇ ਜਾਂਦੇ ਹਨ:-

 1. ਪਦਾਰਥਕ ਸੱਭਿਆਚਾਰ
 2. ਪ੍ਰਤਿਮਾਨਿਕ ਸੱਭਿਆਚਾਰ
 3. ਬੋਧਾਤਮਿਕ ਸੱਭਿਆਚਾਰ

ਪਦਾਰਥਕ ਸੱਭਿਆਚਾਰ[ਸੋਧੋ]

ਪਦਾਰਥਕ ਸੱਭਿਆਚਾਰ ਵਿੱਚ ਉਹ ਸਾਰੀਆਂ ਵਸਤਾਂ ਆਉਂਦੀਆਂ ਹਨ, ਜਿਹੜੀਆਂ ਮਨੁੱਖ ਨੇ ਸਿਰਜੀਆਂ ਹਨ, ਜਾਂ ਜਿਹਨਾਂ ਨੂੰ ਮਨੁੱਖ ਵਰਤਦਾ ਹੈ, ਭਾਵੇਂ ਉਹ ਪ੍ਰਕਿਰਤੀ ਵਿੱਚ ਹੀ ਬਣੀਆਂ ਬਣਾਈਆਂ ਕਿਉਂ ਨਾ ਮਿਲਦੀਆਂ ਹੋਣ।ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ ਅਨੁਸਾਰ - ‘ਫੁੱਲ ਪ੍ਰਕਿਰਤੀ ਵਿੱਚ ਮਿਲਦੀ ਵਸਤੂ ਹੈ, ਪਰ ਮਨੁੱਖੀ ਯਤਨ ਨਾਲ ਵਿਹੜੇ ਵਿੱਚ ਲੱਗੀ ਜਾਂ ਵਿਹੜੇ ਦਾ ਸ਼ਿੰਗਾਰ ਬਣੀ ਇਹ ਪ੍ਰਕਿਰਤਕ ਵਸਤੂ ਸੱਭਿਆਚਾਰ ਦਾ ਅੰਗ ਬਣ ਜਾਂਦੀ ਹੈ। ਪ੍ਰਕਿਰਤੀ ਵਿੱਚ ਮਿਲਦਾ ਫੁੱਲ ਵੀ ਜਦੋਂ ਖ਼ਾਸ ਮੌਕੇ ਉੱਤੇ ਖ਼ਾਸ ਆਸ਼ੇ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਇਹ ਪਦਾਰਥਕ ਸੱਭਿਆਚਾਰ ਦਾ ਅੰਸ਼ ਬਣ ਜਾਂਦਾ ਹੈ।[2] ਸੱਭਿਆਚਾਰ ਦੇ ਪਦਾਰਥਕ ਅੰਗ ਨੂੰ ਪਦਾਰਥਕ ਸੱਭਿਆਚਾਰ ਵੀ ਕਿਹਾ ਜਾਂਦਾ ਹੈ।

ਸੱਭਿਆਚਾਰ ਦੇ ਪਦਾਰਥਕ ਪੱਖ ਵਿੱਚ ਉਹ ਸਾਰੀਆਂ ਸਥੂਲ ਵਸਤਾਂ ਜਾਂ ਉਹਨਾਂ ਦੇ ਚਿਹਨ ਸ਼ਾਮਿਲ ਹੁੰਦੇ ਹਨ ਜਿਹਨਾਂ ਨੂੰ ਮਨੁੱਖੀ ਸਮਾਜ ਨੇ ਅਪਣਾ ਲਿਆ ਹੈ। ਪੱਥਰ ਦਾ ਇੱਕ ਸਾਧਾਰਨ ਟੁਕੜਾ ਚਿਹਨ ਨਹੀਂ ਹੈ। ਕਿਉਂਕਿ ਉਸ ਵਿੱਚ ਚਿਹਨਕ ਅਤੇ ਚਿਹਨਤ ਦੀ ਸੰਯੁਕਤੀ ਨਹੀਂ ਹੈ। ਇਸ ਟੁਕੜੇ ਨੂੰ ਜਦੋਂ ਮਨੁੱਖ ਪੂਜਾ ਸਮੱਗਰੀ ਜਾਂ ਕਿਸੇ ਹੋਰ ਮਨੁੱਖੀ ਲੋੜ ਦੀ ਪੂਰਤੀ ਵਜੋਂ ਵਰਤਦਾ ਹੈ ਤਾਂ ਇਹ ਚਿਹਨ ਦੇ ਗੁਣ ਗ੍ਰਹਿਣ ਕਰ ਲੈਂਦਾ ਹੈ। ਚਿਹਨ ਵਿੱਚ ਅਰਥ ਅਤੇ ਉਸਦੇ ਬਾਹਰੀ ਪ੍ਗਟਾਅ ਦਾ ਹੋਣਾ ਲਾਜ਼ਮੀ ਸ਼ਰਤ ਹੈ। ਖਾਣ-ਪੀਣ ਦੀ ਸਮੱਗਰੀ, ਪਹਿਰਾਵਾ,ਹਾਰ-ਸਿੰਗਾਰ,ਆਵਾਜਾਈ ਅਤੇ ਢੋਆ ਢੋਆਈ ਦੇ ਸਾਧਨ,ਸੰਚਾਰ ਸਾਧਨ ਤੇ ਵਿਭਿੰਨ ਤਰ੍ਹਾਂ ਦੇ ਮਾਪ ਯੰਤਰ,ਇਮਾਰਤਾਂ,ਪੂਜਾ,ਸਮੱਗਰੀ,ਸੰਦ ਅਤੇ ਹਥਿਆਰ ਆਦਿ ਮਨੁੱਖ ਸਿਰਜਤ ਪਦਾਰਥਕ ਕਦਰਾਂ ਦੇ ਚਿਹਨ ਹਨ।

ਪ੍ਰੋ. ਸ਼ੈਰੀ ਸਿੰਘ ਅਨੁਸਾਰ- “ਸੱਭਿਆਚਾਰ ਦੇ ਪਦਾਰਥਕ ਅੰਗ ਸੱਭਿਆਚਾਰ ਦੀ ਪਹਿਚਾਣ ਲਈ ਬਹੁਤ ਹੀ ਮਹੱਤਵਪੂਰਨ ਮਾਧਿਅਮ ਹਨ।"[3]

ਪਦਾਰਥਵਾਦੀ ਫਲਸਫਾ[ਸੋਧੋ]

ਵਿਗਿਆਨਕ ਭੌਤਿਕਵਾਦ ਅਨੁਸਾਰ ਪ੍ਕਿਰਤੀ ਦੇ ਨਿਰੰਤਰ ਗਤੀਸ਼ੀਲ ਅਮਲ ਦੌਰਾਨ ਹੀ ਮਨੁੱਖ ਅਤੇ ਉਸ ਦੀਆਂ ਸਰੀਰਿਕ ਅਤੇ ਸਮਾਜਿਕ ਖਾਸੀਅਤਾਂ ਹੋਂਦ ਵਿੱਚ ਆਈਆਂ ਹਨ। ਇਹਨਾਂ ਖਾਸੀਅਤਾਂ ਕਾਰਨ ਹੀ ਮਨੁੱਖ ਬੋਲਣ, ਸੋਚਣ ਅਤੇ ਉਤਪਾਦਨ ਕਰਨ ਵਰਗੇ ਗੁਣ ਲੈ ਸਕਿਆ ਹੈ। ਇਹਨਾਂ ਖਾਸੀਅਤਾਂ ਦਾ ਵਿਸ਼ੇਸ਼ ਕਰਕੇ ਗਿਆਨ ਇੰਦਰੀਆਂ ਦੇ ਪਦਾਰਥਕ ਜਗਤ ਨਾਲ ਸੰਪਰਕ ਦੌਰਾਨ ਮਨੁੱਖੀ ਚੇਤਨਾ ਦਾ ਉਦੈ ਹੋਇਆ ਹੈ। ਇਸ ਚੇਤਨਾ ਦੇ ਸਹਾਰੇ ਜਿਵੇਂ ਮਨੁੱਖ ਪਦਾਰਥਕ ਜਗਤ ਦੇ ਵਿਵਹਾਰਿਕ ਖੇਤਰ ਵਿੱਚ ਅੱਗੇ ਵੱਧਦਾ ਗਿਆ ਹੈ, ਤਿਵੇਂ ਤਿਵੇਂ ਉਸਦੇ ਗਿਆਨ ਦਾ ਖੇਤਰ ਮੋਕਲਾ ਹੁੰਦਾ ਗਿਆ ਹੈ। ਇਸ ਗਿਆਨ ਦੇ ਸਹਾਰੇ ਹੀ ਮਨੁੱਖ ਪ੍ਕਿਰਤੀ ਨੂੰ ਸਮਝਣ, ਇਸ ਉੱਤੇ ਵਿਜੈ ਹਾਸਿਲ ਕਰਨ ਜਾਂ ਇਸਨੂੰ ਆਪਣੇ ਅਨੁਕੂਲ ਢਾਲਣ ਲਈ ਯਤਨਸ਼ੀਲ ਰਿਹਾ ਹੈ। ਪ੍ਕਿਰਤੀ ਅਤੇ ਮਨੁੱਖ ਦੇ ਪਰਸਪਰ ਘੋਲ ਵਿੱਚੋਂ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਪੱਖ ਉਤਪੰਨ ਹੁੰਦਾ ਹੈ। ਇਹ ਜੀਵਨ ਦਾ ਪਦਾਰਥਕ ਪੱਖ ਹੈ।

ਕੰਮ ਧੰਦੇ[ਸੋਧੋ]

ਕਿਸੇ ਸਮਾਜ ਦੇ ਕੰਮ ਧੰਦੇ ਸੱਭਿਆਚਾਰ ਦਾ ਅਨਿਖੜ ਅੰਗ ਹੁੰਦੇ ਹਨ। ਕੰਮ ਧੰਦੇ ਸਮਾਜ ਦੀ ਆਰਥਕਤਾ ਸਮੇਤ ਸੁਮੱਚੇ ਪਦਾਰਥਕ ਸੱਭਿਆਚਾਰ ਨੂੰ ਨਿਰਧਾਰਤ ਕਰਦੇ ਹਨ। ਮਨੁੱਖ ਦੀ ਮੁੱਢਲੀ ਲੋੜ ਰੋਟੀ ਹੈ, ਇਸ ਦੀ ਪ੍ਰਾਪਤੀ ਲਈ ਉਹ ਵੱਖ-ਵੱਖ ਕੰਮ ਧੰਦੇ ਅਪਣਾਉਂਦਾ ਹੈ।

ਭੁਪਿੰਦਰ ਸਿੰਘ ਖਹਿਰਾ ਅਨੁਸਾਰ - “ਮਨੁੱਖ ਆਪਣੇ ਭੋਜਨ ਦੀ ਪ੍ਰਾਪਤੀ ਕਿਵੇਂ ਕਰਦਾ ਹੈ, ਇਹ ਉਤਰ ਹੀ ਮਨੁੱਖ ਦੀ ਆਰਥਿਕਤਾ ਅਤੇ ਉਸ ਦੇ ਭੋਜਨ ਦੀ ਅਵਸਥਾ ਪ੍ਰਗਟ ਕਰਦਾ ਹੈ।"[4]

ਉਦਾਹਰਨ ਲਈ ਜੇਕਰ ਮਨੁੱਖ ਭੋਜਨ ਲਈ ਪਾਲਤੂ ਪੌਦਿਆਂ (ਫ਼ਸਲਾਂ) ਤੇ ਨਿਰਭਰ ਕਰਦਾ ਹੈ ਤਾਂ ਉਸ ਦਾ ਧੰਦਾ ਖੇਤੀਬਾੜੀ ਹੋਵੇਗਾ।

ਸਾਜ਼ੋ ਸਮਾਨ[ਸੋਧੋ]

ਕੰਮ ਧੰਦੇ ਨਾਲ ਸਬੰਧਤ ਮਨੁੱਖ ਆਪਣਾ ਸੰਦਾ ਵਲੇਵਾਂ ਜਾਂ ਸਾਜ਼ੋ ਸਮਾਨ ਤਿਆਰ ਕਰਦਾ ਹੈ। ਜੇਕਰ ਮਨੁੱਖ ਸ਼ਿਕਾਰੀ ਹੈ ਤਾਂ ਉਹ ਗੰਡਾਸਾ, ਬਰਛਾ, ਭਾਲਾ, ਕੁਹਾੜੀ, ਤੀਰ-ਕਮਾਨ ਆਦਿ ਸੰਦਾਂ ਦੀ ਤਿਆਰੀ ਕਰਦਾ ਹੈ। ਇਹ ਸੰਦ ਸਮਾਜ ਪ੍ਰਬੰਧ ਅਤੇ ਲੋਕਧਾਰਾ ਵਿੱਚ ਹਰਮਨ ਪਿਆਰੇ ਹੁੰਦੇ ਹਨ। ਖੇਤੀ ਪ੍ਰਧਾਨ, ਸਮਾਜ ਖੇਤੀ ਨਾਲ ਸਬੰਧਤ ਸੰਦ ਤਿਆਰ ਕਰਦਾ ਹੈ। ਹਲ, ਸੁਹਾਗਾ, ਕਹੀ, ਰੰਬਾ ਆਦਿ ਅਨੇਕ ਵੰਨਗੀ ਦੇ ਸੰਦ ਉਸ ਦੇ ਸੱਭਿਆਚਾਰ ਦਾ ਅੰਗ ਬਣਦੇ ਹਨ।

ਪਹਿਰਾਵਾ[ਸੋਧੋ]

ਪਦਾਰਥਕ ਸੱਭਿਆਚਾਰਕ ਨਾਲ ਸਬੰਧਤ ਪਹਿਰਾਵਾ ਵੀ ਇੱਕ ਮਹੱਤਵਪੂਰਨ ਅੰਗ ਹੈ।

ਡਾ. ਜਸਵਿੰਦਰ ਸਿੰਘ ਅਨੁਸਾਰ “ ਪਹਿਰਾਵਾ ਮਨੁੱਖ ਨੂੰ ਜੀਵਾਂ ਨਾਲੋਂ ਨਿਖੇੜਨ ਵਾਲਾ ਪ੍ਰਮੁੱਖ ਬਾਹਰੀ ਪਛਾਣ ਚਿੰਨ੍ਹ ਵੀ ਹੈ ਅਤੇ ਮਨੁੱਖੀ ਵਿਕਾਸ ਅਤੇ ਸੁਹਜ ਬਿਰਤੀ ਦਾ ਠੋਸ ਪ੍ਰਮਾਣ ਵੀ ਹੈ। ਪਹਿਰਾਵਾ ਮਨੁੱਖ ਦੇ ਜੀਵ ਸੰਸਾਰ ਨਾਲੋਂ ਨਿਖੇੜੇ ਤੋਂ ਸ਼ੁਰੂ ਹੋ ਕੇ ਲਿੰਗ, ਉਮਰ, ਰੁਤਬੇ, ਮੌਕੇ ਤੇ ਰਿਸ਼ਤਿਆਂ ਦੇ ਨਿਖੇੜੇ ਤੱਕ ਵਿਭਿੰਨ ਪੜਾ ਤੇ ਪਰਤਾਂ ਗ੍ਰਹਿਣ ਕਰਦਾ ਹੈ।"[5] 

ਮਨੁੱਖ ਆਪਣੇ ਕੰਮ ਧੰਦੇ ਦੇ ਅਧਾਰਤ ਪਹਿਰਾਵੇ ਨੂੰ ਸਿਰਜਦਾ ਹੈ। ਘੱਗਰਾ, ਫੂਤਹੀ, ਸਾੜੀ, ਧੋਤੀ, ਕਛਹਿਰਾ ਆਦਿ ਲੋਕਾਂ ਦੀ ਸੱਭਿਆਚਾਰਕ ਬਣਤਰ ਨਾਲ ਜੁੜੇ ਹੋਏ ਹਨ। ਹਰ ਸੱਭਿਆਚਾਰ ਆਪਣਾ ਵਿਲੱਖਣ ਪਹਿਰਾਵਾ ਸਿਰਜਦਾ ਹੈ।

ਹਾਰ-ਸ਼ਿੰਗਾਰ[ਸੋਧੋ]

ਪਹਿਰਾਵੇ ਵਿੱਚ ਸਰੀਰ ਨੂੰ ਸਜਾਉਣ ਵਾਲੀ ਸਮੱਗਰੀ ਗਹਿਣੇ ਆਦਿ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

ਪ੍ਰੋ. ਜੀਤ ਸਿੰਘ ਜੋਸ਼ੀ ਅਨੁਸਾਰ, ‘ਹਾਰ ਸ਼ਿੰਗਾਰ ਦਾ ਸੰਬੰਧ ਮਨੁੱਖ ਦੀ ਸੁਹਜ ਤ੍ਰਿਪਤੀ ਨਾਲ ਹੈ। ਗਹਿਣਾ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹੈ। ਗਹਿਣਾ ਪਹਿਨਣ ਦਾ ਸ਼ੌਕ ਮਨੁੱਖ ਅੰਦਰ ਢੇਰ ਪੁਰਾਣਾ ਹੈ।'[6]

ਪੰਜਾਬ ਵਿੱਚ ਔਰਤ ਮਰਦ ਦੋਵੇਂ ਹੀ ਗਹਿਣੇ ਪਹਿਨਦੇ ਹਨ। ਵਿਅਕਤੀ ਨੇ ਸਿਰ ਤੋਂ ਪੈਰਾਂ ਤੀਕ ਸਰੀਰ ਦੇ ਹਰ ਅੰਗ ਲਈ ਵੱਖੋ-ਵੱਖਰੇ ਗਹਿਣਿਆਂ ਦੀ ਸਿਰਜਨਾ ਕੀਤੀ ਹੈ। ਮਨੁੱਖ ਆਪਣੀ ਆਰਥਿਕ ਅਵਸਥਾ ਅਨੁਸਾਰ ਗਹਿਣੇ ਪਹਿਨਦਾ ਹੈ।

ਰਹਿਣ-ਸਹਿਣ[ਸੋਧੋ]

ਪਦਾਰਥਕ ਸੱਭਿਆਚਾਰ ਵਿੱਚ ਮਨੁੱਖ ਦਾ ਰਹਿਣ-ਸਹਿਣ ਵੀ ਇੱਕ ਮਹੱਤਵਪੂਰਨ ਅੰਗ ਹੈ। ਵਿਅਕਤੀ ਦੇ ਰਹਿਣ-ਸਹਿਣ ਜਾਂ ਰਿਹਾਇਸ਼ ਦਾ ਪ੍ਰਬੰਧ ਭੂਗੋਲਿਕ ਅਤੇ ਇਤਿਹਾਸਕ ਵਾਤਾਵਰਣ ਅਨੁਸਾਰ ਹੀ ਹੁੰਦਾ ਹੈ।

ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਪੰਜਾਬੀ ਸਮਾਜ ਪਿੰਡਾਂ ਵਿੱਚ ਵਸਿਆ ਹੋਇਆ ਹੈ। ਪੰਜਾਬ ਦਾ ਜਲਵਾਯੂ ਅਜੇਹਾ ਹੈ ਕਿ ਇੱਥੇ ਬਹੁਤੀ ਵਰਖਾ ਨਹੀਂ ਹੁੰਦੀ ਅਤੇ ਨਾ ਹੀ ਇੱਥੇ ਕੁਦਰਤੀ ਆਫ਼ਤ ਭੂਚਾਲ ਆਦਿ ਦਾ ਕੋਈ ਖ਼ਤਰਾ ਹੈ। ਇਸ ਲਈ ਪੰਜਾਬ ਦੇ ਘਰ ਕਿਸੇ ਵਿਸ਼ੇਸ਼ ਤਕਨੀਕ ਨੂੰ ਆਧਾਰ ਨਹੀਂ ਬਣਾਉਂਦੇ।[7]

ਸੋ, ਜਿਸ ਥਾਂ ਬਹੁਤੇ ਭੂਗੋਲਿਕ ਪਰਿਵਰਤਨ ਨਾ ਆਉਣ ਉਥੋਂ ਦੇ ਲੋਕੀਂ ਵਧੇਰੇ ਪੱਕੇ ਮਕਾਨਾਂ ਦੀ ਸਿਰਜਨਾ ਕਰਦੇ ਹਨ। ਜਿੱਥੇ ਮੀਂਹ, ਭੂਚਾਲ ਆਦਿ ਦਾ ਡਰ ਹੁੰਦਾ ਹੈ, ਉਥੇ ਅਸਥਾਈ ਰਿਹਾਇਸ਼ ਜਾਂ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਖਾਣ-ਪੀਣ[ਸੋਧੋ]

ਖਾਣ-ਪੀਣ ਵੀ ਸੱਭਿਆਚਾਰ ਦਾ ਪ੍ਰਮੁੱਖ ਅੰਗ ਮੰਨਿਆ ਗਿਆ ਹੈ। ਵੱਖ-ਵੱਖ ਮੌਕਿਆਂ ਤੇ ਮਨੁੱਖਾਂ ਦੇ ਖਾਣ-ਪੀਣ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ। ਆਮ ਦਿਨਾਂ ਜਾਂ ਸਧਾਰਨ ਦਿਨਾਂ ਵਿੱਚ ਲੋਕ ਸਾਧਾਰਨ ਰੋਟੀ ਖਾਂਦੇ ਹਨ। ਮੇਲੇ, ਤਿਉਹਾਰ ਦੇ ਦਿਨਾਂ ਵਿੱਚ ਲੋਕ ਵਿਸ਼ੇਸ਼ ਪਕਵਾਨ ਪਕਾਉਂਦੇ ਹਨ। ਕੁਝ ਮਹੱਤਵਪੂਰਨ ਦਿਨਾਂ ਤੇ ਉਹ ਦੇਵੀ-ਦੇਵਤਿਆਂ ਜਾਂ ਆਪਣੇ ਇਸ਼ਟ ਅਨੁਸਾਰ ਵੱਡੇ-ਭੋਜ ਵੀ ਕਰਦੇ ਹਨ। ਕੁਝ ਲੋਕ ਖਾਸ ਦਿਨਾਂ ਤੇ ਸ਼ਰਾਬ(ਦਕਸ਼ਿਰਾ) ਦਾ ਪ੍ਰਯੋਗ ਵੀ ਕਰਦੇ ਹਨ।

ਸੰਦਾਂ ਦੀ ਤਿਆਰੀ[ਸੋਧੋ]

ਮਨੁੱਖ ਨੇ ਆਪਣੇ ਕੰਮ ਧੰਦੇ ਨਾਲ ਸਬੰਧਿਤ ਸੰਦਾਂ ਦੀ ਤਿਆਰੀ ਕੀਤੀ। ਸ਼ਿਕਾਰੀ ਮਨੁੱਖ ਨੇ ਬਰਛੇ, ਗੰਡਾਸੇ, ਕੁਹਾੜੀ ਆਦਿ ਤੇਜ਼ ਧਾਰ ਹਥਿਆਰ ਬਣਾਏ। ਚਰਵਾਹੇ ਵਿਅਕਤੀ ਨੇ ਪਾਲਤੂ ਪਸ਼ੂਆਂ ਦੀ ਭਾਲ ਕੀਤੀ। ਖੇਤੀਬਾੜੀ ਦਾ ਧੰਦਾ ਅਪਣਾਉਣ ਵਾਲੇ ਵਿਅਕਤੀ ਨੇ ਚੰਗੀ ਜਮੀਨ ਅਤੇ ਫਸਲਾਂ,ਕਣਕ,ਚੌਲ,ਬਾਜਰੇ ਦੀ ਕਾਸ਼ਤ ਕੀਤੀ। ਇਹਨਾਂ ਸੰਦਾਂ ਦੀ ਤਿਆਰੀ ਤਰਖਾਣ, ਲੁਹਾਰ ਨੇ ਕੀਤੀ। ਜਿਸ ਨਾਲ ਇਹਨਾਂ ਧੰਦਿਆਂ ਦਾ ਹੋਂਦ ਵਿੱਚ ਆਉਣਾ ਜ਼ਰੂਰੀ ਸੀ

ਚਾਰਲਸ ਡਾਰਵਿਨ[ਸੋਧੋ]

ਪ੍ਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੇ ਆਪਣੀ ਕਿਤਾਬ 'Theory of evolution' ਵਿੱਚ ਕੁੱਝ ਇਸ ਤਰਾਂ ਦਾ ਹੀ ਸਿਧਾਂਤ ਦਿੱਤਾ ਹੈ। ਜੇਕਰ ਅਸੀਂ ਪੁਰਾਣੀ ਸੱਭਿਅਤਾ ਦੇ ਸਮੇਂ ਬਣਾਏ ਗਏ ਹਥਿਆਰ, ਔਜਾਰ,ਭਾਂਡੇ,ਫਰਨੀਚਰ ਨੂੰ ਉਸ ਸਮੇਂ ਦਾ ਪਦਾਰਥਕ ਸੱਭਿਆਚਾਰ ਮੰਨਦੇ ਹਾਂ, ਤਾਂ ਅੱਜ ਸਿੰਧੂ ਘਾਟੀ ਦੇ ਸਮੇਂ ਬਣਾਏ ਗਏ ਔਜਾਰ, ਹਥਿਆਰ, ਭਾਂਡਿਆਂ ਦਾ ਮਿਲਣਾ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਸੱਭਿਆਚਾਰ ਬੇਸ਼ੱਕ ਉਸ ਦਾ ਕੋਈ ਵੀ ਰੂਪ ਹੋਵੇ ਅਤੇ ਕਿਸੇ ਵੀ ਸਮਾਜ ਵਿੱਚ ਹੋਵੇ ਕਦੇ ਵੀ ਖ਼ਤਮ ਨਹੀਂ ਹੁੰਦਾ। ਇਸ ਤਰਾਂ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਪ੍ਤੀਮਾਨ ਪਰੰਪਰਾ, ਰੀਤੀ-ਰਿਵਾਜ, ਲੋਕਰੀਤੀਆਂ ਆਦਿ ਦਾ ਪੂਰੀ ਤਰਾਂ ਖ਼ਾਤਮਾ ਨਹੀਂ ਮੰਨਿਆਂ ਜਾ ਸਕਦਾ ਇਹ ਹਮੇਸ਼ਾ ਕਿਸੇ ਰੂਪ ਵਿੱਚ ਸਮੇਂ ਦੀ ਮੰਗ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ।

ਕਾਰਲ ਮਾਰਕਸ[ਸੋਧੋ]

ਕਾਰਲ ਮਾਰਕਸ ਨੇ ਪਦਾਰਥਕ ਸੱਭਿਆਚਾਰ ਬਾਰੇ ਕਿਹਾ ਹੈ ਕਿ ਕਦਰਾਂ ਕੀਮਤਾਂ, ਰੂੜੀਆਂ, ਲੋਕ -ਰੀਤੀਆਂ, ਪ੍ਥਾਂਵਾਂ, ਪਰੰਪਰਾਵਾਂ ਆਦਿ ਵਿੱਚ ਸਮੇਂ ਦੀ ਮੰਗ ਅਨੁਸਾਰ ਪਰਿਵਰਤਨ ਦੀ ਜ਼ਰੂਰਤ ਉਹਨਾਂ ਵਿੱਚ ਟਕਰਾਓ ਪੈਦਾ ਕਰਦੀ ਹੈ ਜਾਂ ਤਾਂ ਪੁਰਾਣੀਆਂ ਰੂੜੀਆਂ, ਪ੍ਥਾਂਵਾਂ, ਪਰੰਪਰਾਵਾਂ ਖਤਮ ਹੋ ਜਾਂਦੀਆਂ ਹਨ ਅਤੇ ਨਵੀਆਂ ਜਨਮ ਲੈਦੀਆਂ ਹਨ ਜਾਂ ਫਿਰ ਉਹਨਾਂ ਵਿੱਚ ਹੋਏ ਪਰਿਵਰਤਨਾਂ ਨਾਲ ਜੋ ਕਿ ਇੱਕ ਕਿਸਮ ਦੀ ਸ਼ੰਸਲੇਸਣ ਅਵਸਥਾ ਮੰਨੀ ਜਾਂਦੀ ਹੈ।

ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਕਹਿ ਸਕਦੇ ਹਾਂ ਕਿ ਹਰ ਸੱਭਿਆਚਾਰ ਵਿਚਲੇ ਚਰਚਾ ਤੋਂ ਬਾਅਦ ਕਹਿ ਸਕਦੇ ਹਾਂ ਕਿ ਹਰ ਸੱਭਿਆਚਾਰ ਵਿਚਲੇ ਪਦਾਰਥਕ ਅੰਸ਼ਾਂ ਦੀ ਲੰਮੀ ਸੂਚੀ ਬਣਾਈ ਜਾ ਸਕਦੀ ਹੈ। ਇਹ ਅੰਸ਼ ਸੱਭਿਆਚਾਰ ਦੀਆਂ ਕਦਰਾਂ ਨੂੰ ਪੇਸ਼ ਕਰਦੇ ਹਨ, ਇਸ ਲਈ ਇਹ ਪਦਾਰਥਕ ਸੱਭਿਆਚਾਰ ਪਦਾਰਥਕ ਦਾ ਅੰਗ ਹੁੰਦੇ ਹਨ। ਮਨੁੱਖੀ ਜੀਵਨ ਦੀਆਂ ਲੋੜਾਂ ਅਤੇ ਸਹੂਲਤਾਂ ਲਈ ਵਰਤੀਆਂ ਜਾਣ ਵਾਲੀਆਂ ਇਹ ਵਸਤਾਂ ਮਨੁੱਖੀ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ਼ ਕਰਦੀਆਂ ਹਨ। ਇਹਨਾਂ ਵਸਤਾਂ ਪਿਛੇ ਕੰਮ ਕਰਦੀਆਂ ਕੁਝ ਪ੍ਰਤਿਮਾਨਿਕ ਅਤੇ ਬੋਧਾਤਮਿਕ ਕੀਮਤਾਂ ਵੀ ਹੋ ਸਕਦੀਆਂ ਹਨ।

ਹਵਾਲੇ[8][9][10][ਸੋਧੋ]

 1. ਜੀਤ ਸਿੰਘ ਜੋਸ਼ੀ (ਪ੍ਰੋ.), ਸੱਭਿਆਚਾਰ ਸਿਧਾਂਤ ਅਤੇ ਵਿਹਾਰ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ, 2012, ਪੰਨਾ-89
 2. ਗੁਰਬਖ਼ਸ਼ ਸਿੰਘ ਫ਼ਰੈਂਕ (ਪ੍ਰੋ.), ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2012, ਪੰਨਾ-27
 3. ਪ੍ਰੋ. ਸ਼ੈਰੀ ਸਿੰਘ (ਸੰਪਾ.), ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 2009, ਪੰਨਾ-19
 4. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਬੁੱਕਸ ਮਾਰਕੀਟ, ਪਟਿਆਲ਼ਾ, 2013, ਪੰਨਾ-165
 5. ਜਸਵਿੰਦਰ ਸਿੰਘ (ਡਾ.), ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ, 2012, ਪੰਨਾ-57
 6. ਜੀਤ ਸਿੰਘ ਜੋਸ਼ੀ (ਪ੍ਰੋ.), ਸੱਭਿਆਚਾਰ ਸਿਧਾਂਤ ਅਤੇ ਵਿਹਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2009, ਪੰਨਾ-98
 7. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਡਿਪੂ, ਬੁੱਕਸ ਮਾਰਕੀਟ, ਪਟਿਆਲ਼ਾ, 2013, ਪੰਨਾ-166
 8. ਜੀਤ ਸਿੰਘ, ਜੋਸ਼ੀ (2004). ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲਾਹੌਰ ਬੁੱਕ ਸ਼ਾਪ. pp. 25,26,27. 
 9. ਸ਼ੈਰੀ ਸਿੰਘ, ਪ੍ਰੋ. (2009). ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ. ਅੰਮ੍ਰਿਤਸਰ: ਰੂਹੀ ਪ੍ਰਕਾਸ਼ਨ. p. 19. 
 10. ਗੁਰਜੀਤ ਸਿੰਘ, ਡਾ . (2009). ਸੱਭਿਆਚਾਰ ਦਾ ਫਲਸਫਾ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ. pp. 98,99.