ਮਾਸਟਰ ਗੁਰਬੰਤਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਸਟਰ ਗੁਰਬੰਤਾ ਸਿੰਘ (4 ਅਗਸਤ 1904 – 5 ਫਰਵਰੀ 1980) ਪੰਜਾਬ, ਭਾਰਤ ਤੋਂ ਇੱਕ ਭਾਰਤੀ ਸਿਆਸਤਦਾਨ, ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਕਾਰਕੁਨ ਸੀ।

ਉਹ ਯੂਨੀਅਨਿਸਟ ਪਾਰਟੀ ਅਤੇ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਰਿਹਾ। [1] ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਸਭ ਤੋਂ ਵੱਡੇ ਦਲਿਤ ਨੇਤਾਵਾਂ ਵਿੱਚੋਂ ਇੱਕ ਸਨ। [2]

ਅਰੰਭਕ ਜੀਵਨ[ਸੋਧੋ]

ਮਾਸਟਰ ਗੁਰਬੰਤਾ ਸਿੰਘ ਦਾ ਜਨਮ ਧਾਲੀਵਾਲ ਪਿੰਡ, ਜਲੰਧਰ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ। ਉਸਨੇ ਜਲੰਧਰ ਵਿਖੇ ਆਪਣੀ ਪੜ੍ਹਾਈ ਕੀਤੀ ਅਤੇ ਸੈਣ ਦਾਸ ਏ ਐਸ ਸੀਨੀਅਰ ਸੈਕੰਡਰੀ ਸਕੂਲ (ਜਲੰਧਰ) ਵਿਖੇ ਸਕੂਲ ਮਾਸਟਰ ਲੱਗ ਗਿਆ।

ਉਸ ਦਾ ਸਿਆਸੀ ਜੀਵਨ ਪਿੰਡ ਦੇ ਸਰਪੰਚ ਬਣਨ ਤੋਂ ਸ਼ੁਰੂ ਹੋਇਆ। ਆਦਿ ਧਰਮ ਲਹਿਰ ਦੇ ਪ੍ਰਭਾਵ ਤੋਂ ਬਾਅਦ, ਉਸਨੇ 1931 ਦੀ ਮਰਦਮਸ਼ੁਮਾਰੀ ਵਿੱਚ ਪੰਜਾਬ ਦੇ ਹੋਰ ਦਲਿਤਾਂ ਦੇ ਨਾਲ, ਖ਼ਾਸ ਕਰਕੇ ਦੁਆਬੇ ਵਿੱਚ ਆਪਣੇ ਆਪ ਨੂੰ ਆਦਿ ਧਰਮੀ ਰਜਿਸਟਰ ਕਰਵਾਇਆ। [3]

ਆਦਿ-ਧਰਮ ਲਹਿਰ[ਸੋਧੋ]

1920 ਦੇ ਦਹਾਕੇ ਦੇ ਅੱਧ ਵਿੱਚ, ਗੁਰਬੰਤਾ ਸਿੰਘ ਮੰਗੂ ਰਾਮ ਮੁਗੋਵਾਲੀਆ ਦੇ ਸੰਪਰਕ ਵਿੱਚ ਆਇਆ, ਜੋ ਉਸਦਾ ਜਾਤੀ ਭਾਈ ਅਤੇ ਗਦਰ ਪਾਰਟੀ ਦਾ ਇੱਕ ਬਾਨੀ ਮੈਂਬਰ ਵੀ ਸੀ। ਮੰਗੂ ਰਾਮ ਨੇ ਆਦਿ-ਧਰਮ ਲਹਿਰ ਸ਼ੁਰੂ ਕੀਤੀ ਸੀ ਅਤੇ ਪੰਜਾਬ ਦੇ ਦੋਆਬਾ ਖੇਤਰ ਵਿੱਚ ਬਹੁਤ ਸਾਰੇ ਮੰਡਲਾਂ ਦੀ ਸਥਾਪਨਾ ਕੀਤੀ ਸੀ, ਜਿੱਥੇ ਦਲਿਤ ਆਬਾਦੀ ਦਾ ਇੱਕ ਵੱਡਾ ਹਿੱਸਾ ਸੀ। ਭਾਵੇਂ ਸ਼ੁਰੂਆਤੀ ਸਾਲਾਂ ਵਿੱਚ, ਸਿੰਘ ਦੀ ਇਸ ਲਹਿਰ ਨਾਲ ਨੇੜਤਾ ਪੰਜਾਬ ਦੇ ਦਲਿਤਾਂ ਵਿੱਚ ਜ਼ੁਲਮ ਅਤੇ ਅਨਪੜ੍ਹਤਾ ਕਾਰਨ ਸੀ, ਬਾਅਦ ਵਿੱਚ, ਉਹ ਇਸ ਸਮਾਜਿਕ ਅੰਦੋਲਨ ਵਿੱਚ ਪੂਰੀ ਤਰ੍ਹਾਂ ਕੁੱਦ ਪਿਆ ਅਤੇ ਜਲੰਧਰ ਦੇ ਆਦਿ-ਧਰਮ ਮੰਡਲ ਦਾ ਜਨਰਲ ਸਕੱਤਰ ਬਣ ਗਿਆ। [4] ਮੰਗੂ ਰਾਮ ਅਤੇ ਗੁਰਬੰਤਾ ਸਿੰਘ ਦੋਵਾਂ ਨੇ ਆਦਿ-ਧਰਮ ਲਹਿਰ ਨੂੰ ਸਿਖਰ 'ਤੇ ਪਹੁੰਚਾਇਆ, ਅਤੇ ਇਹ ਉੱਤਰੀ ਭਾਰਤ ਵਿੱਚ ਸਭ ਤੋਂ ਸਫਲ ਦਲਿਤ ਸੁਧਾਰ ਅੰਦੋਲਨ ਬਣ ਗਿਆ। ਇਸ ਦੇ ਨਾਲ ਹੀ ਉਹ ਯੂਨੀਅਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਚੋਣ ਲੜਿਆ ਪਰ ਅਸਫਲ ਰਿਹਾ। [5]

ਅੰਦੋਲਨ ਵਿੱਚ ਸਾਲਾਂ ਬੱਧੀ ਲੰਬੇ ਯੋਗਦਾਨ ਤੋਂ ਬਾਅਦ ਪਰ ਆਦਿ-ਧਰਮ ਲਹਿਰ ਦੇ ਇੱਕ ਹੋਰ ਪ੍ਰਮੁੱਖ ਨੇਤਾ ਸੇਠ ਕਿਸ਼ਨ ਦਾਸ ਨਾਲ ਮਤਭੇਦ ਹੋ ਜਾਣ ਕਾਰਨ, ਉਸਨੇ ਮੰਡਲ ਛੱਡ ਦਿੱਤਾ ਅਤੇ ਰਾਜਨੀਤੀ ਵਿੱਚ ਸਰਗਰਮ ਹੋ ਗਿਆ।

ਰਾਜਨੀਤੀ[ਸੋਧੋ]

ਮਾਸਟਰ ਗੁਰਬੰਤਾ ਸਿੰਘ ਮੁੜ ਜਲੰਧਰ (ਰਿਜ਼ਰਵ ਸੀਟ) ਤੋਂ ਚੋਣ ਲੜਿਆ ਅਤੇ ਜਿੱਤ ਗਿਆ। ਉਸ ਨੂੰ ਮਲਿਕ ਖਿਜ਼ਰ ਹਯਾਤ ਟਿਵਾਣਾ (ਪੰਜਾਬ ਦੇ ਪ੍ਰਧਾਨ ਮੰਤਰੀ) ਦੀ ਵਜ਼ਾਰਤ ਵਿੱਚ ਸੰਸਦੀ ਸਕੱਤਰ ਬਣਾਇਆ ਗਿਆ ਸੀ। [6]

1947 ਵਿੱਚ, ਭਾਰਤ ਨੂੰ ਆਜ਼ਾਦੀ ਮਿਲੀ, ਅਤੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਹ 1952 ਅਤੇ 1957 ਵਿਚ ਵੀ ਚੋਣ ਲੜਿਆ ਪਰ ਹਾਰ ਗਿਆ। 1962 ਵਿੱਚ, ਉਹ ਕਰਤਾਰਪੁਰ ਹਲਕੇ ਤੋਂ ਜਿੱਤਿਆ ਅਤੇ 1956 ਤੋਂ 1964 ਤੱਕ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਕੈਬਨਿਟ ਵਿੱਚ ਮੰਤਰੀ ਰਿਹਾ। [7]

ਉਹ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਿਆ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਲੁਧਿਆਣਾ) ਦੀ ਸਥਾਪਨਾ ਵਿੱਚ ਉਸਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨੇ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਰਾਹ ਪੱਧਰਾ ਕੀਤਾ ਅਤੇ ਭਾਖੜਾ ਡੈਮ ਦੇ ਨਿਰਮਾਣ ਵਿੱਚ ਵੀ ਉਸਦੀ ਪ੍ਰਮੁੱਖ ਭੂਮਿਕਾ ਸੀ। [8]

1972 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਗੁਰਬੰਤਾ ਸਿੰਘ ਬਿਨਾਂ ਮੁਕਾਬਲਾ ਚੁਣਿਆ ਗਿਆ ਅਤੇ ਗਿਆਨੀ ਜ਼ੈਲ ਸਿੰਘ (ਪੰਜਾਬ ਦੇ ਸਾਬਕਾ ਮੁੱਖ ਮੰਤਰੀ) ਦੀ ਵਜ਼ਾਰਤ ਵਿੱਚ ਵਜ਼ੀਰ ਰਿਹਾ। ਉਹ ਛੇ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣਿਆ ਅਤੇ ਪੰਜਾਬ ਦੇ ਸਭ ਤੋਂ ਵੱਡੇ ਦਲਿਤ ਨੇਤਾ ਵਜੋਂ ਜਾਣਿਆ ਜਾਣ ਲੱਗਾ। ਉਹਨਾਂ ਸਮਿਆਂ ਵਿੱਚ, ਖੁਦ ਡਾ. ਬੀ.ਆਰ. ਅੰਬੇਡਕਰ ਦੁਆਰਾ ਸਥਾਪਿਤ ਕੀਤੀ ਭਾਰਤੀ ਰਿਪਬਲਿਕਨ ਪਾਰਟੀ ਵੀ ਉਸਦੇ ਕੱਦ ਦੇ ਸਾਹਮਣੇ ਛੋਟੀ ਹੋ ਗਈ ਸੀ।

ਗੁਰਬੰਤਾ ਦਾ ਸਿਆਸੀ ਘਰਾਣਾ[ਸੋਧੋ]

ਮਾਸਟਰ ਗੁਰਬੰਤਾ ਦਾ ਪਰਿਵਾਰ ਪੰਜਾਬ ਦੇ ਸਭ ਤੋਂ ਪ੍ਰਮੁੱਖ ਸਿਆਸੀ ਪਰਿਵਾਰਾਂ ਵਿੱਚੋਂ ਇੱਕ ਜਾਣਿਆ ਜਾਂਦਾ ਹੈ। ਉਸ ਦਾ ਵੱਡਾ ਪੁੱਤਰ, ਚੌਧਰੀ ਜਗਜੀਤ ਸਿੰਘ, ਉਸ ਦਾ ਉੱਤਰਾਧਿਕਾਰੀ ਬਣਿਆ ਜੋ ਜਲੰਧਰ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਿਹਾ ਅਤੇ ਬਾਅਦ ਵਿੱਚ ਕਰਤਾਰਪੁਰ ਹਲਕੇ ਤੋਂ ਪੰਜ ਵਾਰ ਵਿਧਾਇਕ ਬਣਿਆ ਅਤੇ ਫਿਰ ਬੇਅੰਤ ਸਿੰਘ, ਰਜਿੰਦਰ ਕੌਰ ਭੱਠਲ ਅਤੇ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਮੰਤਰੀ ਰਿਹਾ। ਉਸ ਦਾ ਪੁੱਤਰ ਚੌਧਰੀ ਸੁਰਿੰਦਰ ਸਿੰਘ ਵੀ ਵਿਧਾਇਕ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਿਆ। [9]

ਗੁਰਬੰਤਾ ਸਿੰਘ ਦਾ ਸਭ ਤੋਂ ਛੋਟਾ ਪੁੱਤਰ, ਸੰਤੋਖ ਸਿੰਘ ਚੌਧਰੀ, ਬਿਨਾਂ ਕਿਸੇ ਘੋਸ਼ਣਾ ਦੇ ਉਸ ਦਾ ਅਸਲ ਸਿਆਸੀ ਉੱਤਰਾਧਿਕਾਰੀ ਬਣ ਗਿਆ ਅਤੇ ਫਿਲੌਰ ਤੋਂ ਵਿਧਾਇਕ ਅਤੇ ਫਿਰ ਜਲੰਧਰ ਤੋਂ ਸੰਸਦ ਮੈਂਬਰ ਬਣ ਗਿਆ। ਉਹ ਮੁੱਖ ਸੰਸਦੀ ਸਕੱਤਰ, ਪੰਜਾਬ ਕਾਂਗਰਸ ਦਾ ਮੀਤ ਪ੍ਰਧਾਨ, ਪੰਜਾਬ ਸਰਕਾਰ ਵਿੱਚ ਚਾਰ ਵਾਰ ਕੈਬਨਿਟ ਮੰਤਰੀ ਅਤੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦਾ ਮੈਂਬਰ ਵੀ ਰਿਹਾ ਸੀ। [10]

ਉਨ੍ਹਾਂ ਦੀ ਪਤਨੀ, ਕਰਮਜੀਤ ਕੌਰ ਚੌਧਰੀ, ਪੰਜਾਬ ਸਰਕਾਰ ਵਿੱਚ ਪਬਲਿਕ ਇੰਸਟ੍ਰਕਸ਼ਨ (ਕਾਲਜਾਂ) ਦੀ ਡਾਇਰੈਕਟਰ ਰਹੀ ਅਤੇ ਇਸ ਤੋਂ ਪਹਿਲਾਂ ਗਵਰਨਮੈਂਟ ਸਪੋਰਟਸ ਐਂਡ ਆਰਟਸ ਕਾਲਜ (ਜਲੰਧਰ) ਦੀ ਪ੍ਰਿੰਸੀਪਲ ਸੀ । ਉਨ੍ਹਾਂ ਦਾ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਤੋਂ ਵਿਧਾਇਕ ਸੀ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕਾ ਹੈ। [11] [12]

ਵਿਰਾਸਤ[ਸੋਧੋ]

ਕਰਤਾਰਪੁਰ, ਪੰਜਾਬ (ਭਾਰਤ) ਵਿਖੇ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਦੀ ਸਥਾਪਨਾ ਉਸ ਨੇ ਕੀਤੀ ਸੀ ਅਤੇ ਬਾਅਦ ਵਿੱਚ ਉਸਦਾ ਨਾਮ ਬਦਲ ਕੇ ਉਸਦੀ ਯਾਦ ਵਿੱਚ ਰੱਖਿਆ ਗਿਆ ਸੀ। ਜਲੰਧਰ ਵਿੱਚ ਬਸਤੀ ਬਾਵਾ ਖੇਲ ਵਿਖੇ ਮਾਸਟਰ ਗੁਰਬੰਤਾ ਸਿੰਘ ਮਾਰਗ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। [13]

ਮਾਸਟਰ ਗੁਰਬੰਤਾ ਸਿੰਘ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਦਲਿਤ ਆਗੂ ਮੰਨਿਆ ਜਾਂਦਾ ਹੈ, ਅਤੇ ਅੱਜ, ਦਲਿਤ ਉਹਨਾਂ ਦੇ ਕੰਮਾਂ ਕਰਕੇ ਪੰਜਾਬ ਵਿੱਚ ਰਾਜਨੀਤਿਕ ਤੌਰ 'ਤੇ ਸਭ ਤੋਂ ਮਜ਼ਬੂਤ ਭਾਈਚਾਰਿਆਂ ਵਿੱਚੋਂ ਇੱਕ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Narayan, Badri (2014-04-18). Kanshiram: Leader of the Dalits (in ਅੰਗਰੇਜ਼ੀ). Penguin UK. ISBN 978-93-5118-670-0.
  2. "Dalit icons of Punjab: The all-powerful Chaudharys of Doaba". Hindustan Times (in ਅੰਗਰੇਜ਼ੀ). 2016-12-23. Retrieved 2022-10-02.
  3. "What it means to be a Dalit in Punjab".
  4. "Ad dharm movement and role of master gurbanta singh" (PDF). shodhganga.inflibnet.ac.in.{{cite web}}: CS1 maint: url-status (link)
  5. "Tributes paid to Master Gurbanta Singh Ji on his 38th death anniversary". Tribuneindia News Service (in ਅੰਗਰੇਜ਼ੀ). Retrieved 2020-05-24.[permanent dead link]
  6. "Ex-minister Master Gurbanta remembered". Tribuneindia News Service (in ਅੰਗਰੇਜ਼ੀ). Retrieved 2020-05-24.
  7. Arora, Subhash Chander (1990-01-01). President's Rule in Indian States: A Study of Punjab (in ਅੰਗਰੇਜ਼ੀ). Mittal Publications. ISBN 978-81-7099-234-9.
  8. "Former Punjab Minister Master Gurbanta Singh remembered on his death anniversary". YesPunjab (in ਅੰਗਰੇਜ਼ੀ (ਅਮਰੀਕੀ)). 2020-02-05. Retrieved 2020-05-24.
  9. "Dalit icons of Punjab: The all-powerful Chaudharys of Doaba". Hindustan Times (in ਅੰਗਰੇਜ਼ੀ). 2016-12-23. Retrieved 2020-05-24.
  10. Singh, IP (February 12, 2019). "Second-generation politician looks for second term as Jalandhar MP | Ludhiana News - Times of India". The Times of India (in ਅੰਗਰੇਜ਼ੀ). Retrieved 2020-05-24.
  11. "No 'son'rise yet for Chaudhary family". Tribuneindia News Service (in ਅੰਗਰੇਜ਼ੀ). Retrieved 2020-05-24.[permanent dead link]
  12. "Vikramjit Singh Chaudhary: This golfer has big plans for Punjab's Phillaur". The Indian Express (in ਅੰਗਰੇਜ਼ੀ). 2022-09-21. Retrieved 2022-10-02.
  13. Pawar, Ishwar Das (2015-11-30). My Struggle in Life (in ਅੰਗਰੇਜ਼ੀ). Page Publishing Inc. ISBN 978-1-68213-156-5.