ਸਮੱਗਰੀ 'ਤੇ ਜਾਓ

ਸ਼ਿਖੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਿਖੰਡੀ (ਸੰਸਕ੍ਰਿਤ: शिखंडी, Śikhaṇḍī; ਇੰਡੋਨੇਸ਼ੀਆਯੇ, ਸ੍ਰੀਕੰਡੀ) ਸੰਸਕ੍ਰਿਤ ਮਹਾਕਵਿ, ਮਹਾਭਾਰਤ ਵਿੱਚ ਇੱਕ ਪਾਤਰ ਹੈ। ਉਹਦਾ ਜਨਮ ਪੰਚਾਲ ਦੇ ਰਾਜਾ ਦਰੁਪਦ ਦੀ ਧੀ ਵਜੋਂ ਹੋਇਆ ਸੀ ਜਿਸ ਦਾ ਨਾਮ 'ਸ਼ਿਖੰਡਿਨੀ' ਸੀ। ਸ਼ਿਖੰਡੀ ਨੇ ਕੁਰੂਕਸ਼ੇਤਰ ਜੰਗ ਆਪਣੇ ਪਿਤਾ ਦਰੁਪਦ ਅਤੇ ਭਰਾ ਦ੍ਰਿਸਟਾਦਮਨਾ ਸ਼ਹਿਰ ਪਾਂਡਵਾਂ ਦੀ ਤਰਫੋਂ ਲੜੀ। ਉਸਦੇ ਪੁੱਤਰ ਦਾ ਨਾਮ ਕਸ਼ਤਰਦੇਵ ਸੀ।[1]

ਅਤੀਤ

[ਸੋਧੋ]

ਮਹਾਭਾਰਤ’ ਦੀ ਕਥਾ ਦੇ ਅਨੁਸਾਰ ਅੰਬਾ ਨਾਂਅ ਦੀ ਇੱਕ ਰਾਜਕੁਮਾਰੀ ਨੇ ਸ਼ਾਲਵ ਨਾਂਅ ਦੇ ਇੱਕ ਨੌਜਵਾਨ ਨੂੰ ਮਨ ਹੀ ਮਨ ਆਪਣਾ ਪਤੀ ਮੰਨ ਲਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਜਿਸ ਦਿਨ ਉਸਨੇ ਆਪਣੇ ਵਰ ਦੇ ਰੂਪ ਵਿੱਚ ਉਸ ਨੌਜਵਾਨ ਦਾ ਵਰਨ (ਚੋਣ) ਕਰਨਾ ਸੀ, ਉਸੇ ਦਿਨ ਭੀਸ਼ਮ ਨਾਂਅ ਦਾ ਇੱਕ ਯੋਧਾ ਅੰਬਾ ਅਤੇ ਉਸ ਦੀਆਂ ਭੈਣਾਂ ਨੂੰ ਅਗਵਾ ਕਰਕੇ ਆਪਣੇ ਰਾਜ ਹਸਤਿਨਾਪੁਰ ਲੈ ਆਇਆ। ਭੀਸ਼ਮ ਨੇ ਅੰਬਾ ਨੂੰ ਆਪਣੇ ਮਤਰੇਏ ਭਰਾ ਵਿਚਿਤਰਵੀਰਯ ਨਾਲ ਵਿਆਹ ਕਰਨ ਲਈ ਕਿਹਾ। ਵਿਚਿਤਰਵੀਰਯ ਉਮਰ ਵਿੱਚ ਭੀਸ਼ਮ ਤੋਂ ਕਾਫੀ ਛੋਟਾ ਅਤੇ ਕਮਜ਼ੋਰ ਸੀ।

ਅੰਬਾ ਨੇ ਬੇਨਤੀ ਕੀਤੀ ਕਿ ਉਸ ਨੂੰ ਆਪਣੀ ਪਸੰਦ ਦੇ ਮਰਦ ਸ਼ਾਲਵ ਨਾਲ ਵਿਆਹ ਕਰਨ ਦੀ ਆਗਿਆ ਦਿੱਤੀ ਜਾਵੇ। ਉਸ ਦੀ ਬੇਨਤੀ ਸੁਣ ਕੇ ਵਿਚਿਤਰਵੀਰਯ ਨੇ ਉਸ ਨੂੰ ਜਾਣ ਦਿੱਤਾ, ਕਿਉਂਕਿ ਦੋ ਪਤਨੀਆਂ ਨੂੰ ਸੰਤੁਸ਼ਟ ਰੱਖ ਸਕਣ ਦਾ ਵਿਚਾਰ ਕਾਫੀ ਦੁਖਦਾਇਕ ਸੀ। ਬਦਕਿਸਮਤੀ ਨਾਲ, ਅੰਬਾ ਨੂੰ ਸ਼ਾਲਵ ਨੇ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੂੰ ਇੱਕ ਪਰਾਏ ਮਰਦ ਨੇ ਛੂਹ ਲਿਆ ਸੀ ਅਤੇ ਉਹ ਕਲੰਕਿਤ ਹੋ ਚੁੱਕੀ ਸੀ। ਇਸ ਲਈ ਅੰਬਾ ਵਿਚਿਤਰਵਰੀਯ ਕੋਲ ਵਾਪਸ ਆ ਗਈ। ਇੱਧਰ, ਵਿਚਿਤਰਵੀਰਯ ਨੇ ਵੀ ਅੰਬਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਕਹਿਣਾ ਸੀ, “ਦਿੱਤਾ ਗਿਆ ‘ਤੋਹਫਾ’ ਵਾਪਸ ਨਹੀਂ ਲਿਆ ਜਾ ਸਕਦਾ।” ਉਸ ਤੋਂ ਬਾਅਦ ਅੰਬਾ ਭੀਸ਼ਮ ਦੇ ਕੋਲ ਗਈ ਅਤੇ ਉਸ ਦੇ ਅੱਗੇ ਬੇਨਤੀ ਕੀਤੀ ਕਿ ਕਿਉਂਕਿ ਉਨ੍ਹਾਂ ਨੇ ਉਸ ਨੂੰ ਅਗਵਾ ਕੀਤਾ ਇਸ ਲਈ ਉਹ ਉਸ ਨਾਲ ਵਿਆਹ ਕਰ ਲੈਣ। ਭੀਸ਼ਮ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਹਮਚਾਰ ਦਾ ਵਰਤ ਲਿਆ ਹੋਇਆ ਹੈ, ਇਸ ਲਈ ਉਸ ਦੇ ਇਸ ਅਨੁਰੋਧ (ਬੇਨਤੀ) ਨੂੰ ਸਵੀਕਾਰ ਨਹੀਂ ਕਰ ਸਕਦੇ। ਉਨ੍ਹਾਂ ਅੰਬਾ ਨੂੰ ਕਿਹਾ, “ਤੁਸੀਂ ਆਪਣੇ ਪਿਤਾ ਕੋਲ ਵਾਪਸ ਚਲੇ ਜਾਓ ਜਾਂ ਇਸ ਮਹਿਲ ਵਿੱਚ ਇੱਕ ਦਾਸੀ ਬਣ ਕੇ ਰਹੋ।” ਐਨਾ ਸੁਣਦੇ ਹੀ ਅੰਬਾ ਆਪੇ ਤੋਂ ਬਾਹਰ ਹੋ ਗਈ ਅਤੇ ਉਸ ਨੇ ਯੁੱਧ ਦੇ ਦੇਵਤਾ ਅਤੇ ਮਾਨਵਹਨਤਾ, ਕਾਰਤੀਕੇਯ ਦਾ ਸਮਰਨ ਕੀਤਾ, ਜਿਨ੍ਹਾਂ ਨੇ ਉਸ ਨੂੰ ਕਮਲ ਦੇ ਫੁੱਲਾਂ ਦੀ ਇੱਕ ਮਾਲਾ ਦਿੱਤੀ। ਉਸ ਮਾਲਾ ਨਾਲ ਇਹ ਵਰਦਾਨ ਜੁੜਿਆ ਹੋਇਆ ਸੀ ਕਿ ਜੋ ਵੀ ਵਿਅਕਤੀ ਉਸ ਮਾਲਾ ਨੂੰ ਸਵੀਕਾਰ ਕਰੇਗਾ, ਉਸੇ ਦੇ ਹੱਥੋਂ ਭੀਸ਼ਮ ਦੀ ਹੱਤਿਆ ਹੋ ਸਕੇਗੀ। ਬਦਕਿਸਮਤੀ ਨਾਲ ਉਸ ਦੈਵੀ ਵਰਦਾਨ ਦੇ ਬਾਵਜੂਦ ਧਰਤੀ ਤੇ ਉਸ ਮਾਲਾ ਨੂੰ ਕਿਸੇ ਨੇ ਸਵੀਕਾਰ ਨਾ ਕੀਤਾ। ਜਦ ਪਾਂਚਾਲ ਦੇ ਸ਼ਕਤੀਸ਼ਾਲੀ ਨਰੇਸ਼ ਨੇ ਵੀ ਅੰਬਾ ਦੇ ਵੱਲੋਂ ਮੂੰਹ ਮੋੜ ਲਿਆ ਤਾਂ ਨਿਰਾਸ਼ ਹੋ ਕੇ ਅੰਬਾ ਨੇ ਉਹ ਮਾਲਾ ਸੁੱਟ ਦਿੱਤੀ ਅਤੇ ਉਹ ਮਾਲਾ ਦਰੁਪਦ ਦੇ ਮਹਿਲ ਦੇ ਇੱਕ ਥਮਲੇ ਉੱਤੇ ਜਾ ਗਿਰੀ ਅਤੇ ਉਸੇ ਤੇ ਲਟਕ ਗਈ। ਫਿਰ ਅੰਬਾ ਰਿਸ਼ੀ ਪਰਸ਼ੂਰਾਮ ਦੇ ਕੋਲ ਗਈ, ਜੋ ਯੁੱਧ ਕਲਾ ਵਿੱਚ ਮਾਹਿਰ ਸਨ। ਉਨ੍ਹਾਂ ਦੇ ਬਾਰੇ ਇਹ ਵੀ ਪ੍ਰਸਿੱਧ ਸੀ ਕਿ ਉਨ੍ਹਾਂ ਨੂੰ ਯੋਧਿਆਂ ਨਾਲ ਨਫਰਤ ਸੀ। ਅੰਬਾ ਨੇ ਪਰਸ਼ੂਰਾਮ ਨੂੰ ਆਪਣਾ ਦੁੱਖ ਸੁਣਾ ਕੇ ਉਨ੍ਹਾਂ ਦਾ ਸਹਿਯੋਗ ਮੰਗਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਭੀਸ਼ਮ ਨੂੰ ਸਜ਼ਾ ਦੇਣ, ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਸੀ। ਪਰਸ਼ੂਰਾਮ ਨੇ ਆਪਣੀ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਉਨ੍ਹਾਂ ਨੇ ਅੰਬਾ ਨੂੰ ਕਿਹਾ, “ਭੀਸ਼ਮ ਨੂੰ ਬ੍ਰਹਮਚਾਰ ਦੇ ਵਰਤ ਨਾਲ ਇਹ ਸ਼ਕਤੀ ਹਾਸਲ ਹੈ ਕਿ ਉਹ ਆਪਣੀ ਮੌਤ ਦਾ ਸਮਾਂ ਆਪ ਨਿਸ਼ਚਿਤ ਕਰ ਸਕਦੇ ਹਨ, ਇਸ ਲਈ ਮੈਂ ਉਨ੍ਹਾਂ ਨੂੰ ਹਰਾਉਣ ਵਿੱਚ ਅਸਮਰੱਥ ਹਾਂ। ਨਿਰਾਸ਼ ਹੋ ਕੇ ਅੰਬਾ ਨੇ ਸ਼ਿਵ ਦਾ ਸਮਰਨ ਕੀਤਾ ਜੋ ਵਿਨਾਸ਼ਕ ਮੰਨੇ ਜਾਂਦੇ ਹਨ। ਅੰਬਾ ਦੀ ਕਠੋਰ ਤਪੱਸਿਆ ਤੋਂ ਖੁਸ਼ ਹੋ ਕੇ ਸ਼ਿਵ ਪ੍ਰਗਟ ਹੋਏ ਅਤੇ ਉਸ ਨੂੰ ਵਰ ਦਿੰਦੇ ਹੋਏ ਸੰਕੇਤ ਵਿੱਚ ਦੱਸਿਆ ਕਿ ਉਹ ਭੀਸ਼ਮ ਦੀ ਮੌਤ ਦਾ ਕਾਰਨ ਬਣੇਗੀ, ਪਰ ਇਸ ਜਨਮ ਵਿੱਚ ਨਹੀਂ, ਬਲਕਿ ਅਗਲੇ ਜਨਮ ਵਿੱਚ। ਜਲਦੀ ਨਾਲ ਦੂਸਰਾ ਜਨਮ ਲੈਣ ਲਈ ਅੰਬਾ ਨੇ ਅਗਨੀ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਦੀ ਲੀਲਾ ਨੂੰ ਸਮਾਪਤ ਕਰ ਲਿਆ। ਅਗਲੇ ਜਨਮ ਵਿੱਚ ਅੰਬਾ ਨੇ ਰਾਜਾ ਦਰੁਪਦ ਦੀ ਧੀ ਦੇ ਰੂਪ ਵਿੱਚ ਜਨਮ ਲਿਆ। ਪਰ ਦਰੁਪਦ ਨੂੰ ਪੁੱਤਰ ਦੀ ਚਾਹ ਸੀ ਅਤੇ ਸ਼ਿਵ ਨੇ ਉਨ੍ਹਾਂ ਨੂੰ ਅਜਿਹਾ ਵਰ ਵੀ ਦਿੱਤਾ ਸੀ। ਦਰੁਪਦ ਦਾ ਵਿਸ਼ਵਾਸ ਸੀ ਕਿ ਭਗਵਾਨ ਸ਼ਿਵ ਦਾ ਵਚਨ ਕਦੇ ਝੂਠਾ ਨਹੀਂ ਹੋ ਸਕਦਾ ਇਸ ਲਈ ਦਰੁਪਦ ਨੇ ਦ੍ਰਿੜ੍ਹਤਾਪੂਰਵਕ ਕਿਹਾ ਕਿ ਇਹ ਕੰਨਿਆ ਉਨ੍ਹਾਂ ਦਾ ਪੁੱਤਰ ਹੀ ਹੈ ਅਤੇ ਉਨ੍ਹਾਂ ਨੇ ਆਦੇਸ਼ ਦਿੱਤਾ ਕਿ ਉਸ ਦਾ ਪਾਲਣ-ਪੋਸ਼ਣ ਪੁੱਤਰ ਵਾਂਗ ਹੀ ਕੀਤਾ ਜਾਵੇ। ਉਸ ਕੰਨਿਆ ਦਾ ਨਾਮ ਸ਼ਿਖੰਡੀ ਰੱਖਿਆ ਗਿਆ ਅਤੇ ਉਸ ਨੂੰ ਮਰਦਾਂ ਵਾਲੇ ਸਾਰੇ ਕੌਸ਼ਲ ਸਿਖਾਏ ਗਏ। ਉਹ ਇਸੇ ਵਿਸ਼ਵਾਸ ਨਾਲ ਬੜੀ ਹੋਈ। ਉਹ ਇੱਕ ਯੋਧਾ ਸੀ। ਉਸ ਦਾ ਵਿਆਹ ਵੀ ਕਰਵਾ ਦਿੱਤਾ ਗਿਆ। ਪਰ ਵਿਆਹ ਦੀ ਰਾਤ, ਜਦ ਨਵਵਿਆਹੁਤਾ ਨੂੰ ਇਹ ਪਤਾ ਲੱਗਾ ਕਿ ਉਸ ਦਾ ਪਤੀ ਮਰਦ ਨਹੀਂ, ਔਰਤ ਹੈ, ਸ਼ਿਖੰਡੀ ਨਾ ਹੋ ਕੇ ਸ਼ਿਖੰਡਨੀ ਹੈ, ਤਾਂ ਉਹ ਗੁੱਸੇ ਹੋ ਕੇ ਆਪਣੇ ਪਿਤਾ ਦੇ ਘਰ ਮੁੜ ਆਈ। ਜਦ ਕੰਨਿਆ ਦੇ ਪਿਤਾ ਦਸ਼ਾਰਣ ਦੇ ਰਾਜੇ ਹਿਰਨਯਵਰਣ ਨੂੰ ਇਸ ਰਹੱਸ ਦਾ ਪਤਾ ਲੱਗਾ, ਤਾਂ ਉਨ੍ਹਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਦ੍ਰਿੜ੍ਹ ਸੰਕਲਪ ਕਰ ਲਿਆ ਅਤੇ ਆਪਣੀ ਸੈਨਾ ਲੈ ਕੇ ਪਾਂਚਾਲ ਉੱਤੇ ਹਮਲਾ ਕਰਨ ਦੀ ਘੋਸ਼ਣਾ ਕਰ ਦਿੱਤੀ। ਦਰੁਪਦ ਜਾਣਦੇ ਸਨ ਕਿ ਆਪਣਾ ਰਾਜ ਬਚਾਉਣ ਦਾ ਇੱਕ ਹੀ ਰਸਤਾ ਸੀ ਕਿ ਉਹ ਪ੍ਰਮਾਣਿਤ ਕਰ ਦੇਣ ਕਿ ਉਨ੍ਹਾਂ ਦਾ ਪੁੱਤਰ ਅਸਲ ਵਿੱਚ ਔਰਤ ਨਹੀਂ ਬਲਕਿ ਮਰਦ ਸੀ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਇਹ ਪ੍ਰਮਾਣਿਤ ਕਰਨਾ ਅਸੰਭਵ ਸੀ। ਜੀਵਨ ਵਿੱਚ ਪਹਿਲੀ ਵਾਰ ਆਪਣੇ ਇਸਤਰੀਤਵ ਦਾ ਸਾਹਮਣਾ ਕਰਨ ਤੇ ਸ਼ਿਖੰਡੀ ਇਸ ਮੁਸੀਬਤ ਲਈ ਖੁਦ ਨੂੰ ਜ਼ਿੰਮੇਦਾਰ ਨਹੀਂ ਠਹਿਰਾ ਰਹੀ ਸੀ। ਆਪਣੇ-ਆਪ ਨੂੰ ਸਮਾਪਤ ਕਰਨ ਦਾ ਸੰਕਲਪ ਕਰਕੇ, ਉਹ ਜੰਗਲ ਵਿੱਚ ਚਲੀ ਗਈ। ਪਰ ਉੱਥੇ ਸਥੂਣ ਨਾਂਅ ਦੇ ਇੱਕ ਯਕਸ਼(ਦੇਵਤਾ) ਨੇ ਉਸ ਨੂੰ ਬਚਾ ਲਿਆ। ਪ੍ਰੰਤੂ ਜਿਸ ਨੂੰ ਉਸ ਨੇ ਬਚਾਇਆ, ਉਹ ਮਰਦ ਸੀ ਜਾਂ ਔਰਤ? ਹਾਲਾਂਕਿ ਉਸ ਦੇ ਵਿਚਾਰ ਮਰਦਾਂ ਵਰਗੇ ਸਨ ਅਤੇ ਉਹ ਆਪਣੇ-ਆਪ ਨੂੰ ਮਰਦ ਵਾਂਗ ਹੀ ਮਹਿਸੂਸ ਕਰਦੀ ਸੀ ਅਤੇ ਉਸ ਨਾਲ ਮਰਦ ਵਰਗਾ ਹੀ ਵਿਵਹਾਰ ਕੀਤਾ ਜਾਂਦਾ ਸੀ, ਪਰ ਉਸ ਦਾ ਸਰੀਰ ਨਿਸ਼ਚਿਤ ਰੂਪ ਨਾਲ ਮਰਦ ਵਾਲਾ ਨਹੀਂ ਸੀ। ਸ਼ਿਖੰਡੀ ਦੀ ਕਥਾ ਸੁਣ ਕੇ ਉਸ ਯਕਸ਼ ਦੇਵਤਾ ਨੇ ਉਸ ਨੂੰ ਰਾਤ ਲਈ ਆਪਣਾ ਪੁਰਸ਼ਤਵ ਉਧਾਰ ਦੇ ਦਿੱਤਾ। ਇਸ ਯੋਗਤਾ ਸਦਕਾ ਸ਼ਿਖੰਡੀ ਕਿਸੇ ਨੂੰ ਵੀ, ਜੋ ਪਰਖਣਾ ਚਾਹੁੰਦਾ ਉਸ ਨੂੰ ਆਪਣਾ ਪੁਰਸ਼ਤਵ ਪ੍ਰਮਾਣਿਤ ਕਰਕੇ ਦਿਖਾ ਸਕਦੀ ਸੀ। ਰਾਜਾ ਹਿਰਨਯਵਰਨ ਨੇ ਉਸ ਨੂੰ ਪਰਖਣ ਲਈ ਆਪਣੇ ਰਾਜ ਦੀਆਂ ਵੇਸਵਾਵਾਂ ਨੂੰ ਉਸ ਦੇ ਕੋਲ ਭੇਜਿਆ ਜਿਨ੍ਹਾਂ ਨੇ ਆ ਕੇ ਸੰਤੋਸ਼ਜਨਕ ਜਾਣਕਾਰੀ ਦਿੱਤੀ ਕਿ ਸ਼ਿਖੰਡੀ ਮਰਦ ਸੀ। ਤਦ ਰਾਜਾ ਹਿਰਨਯਵਰਨ ਨੇ ਇਹ ਨਿਰਣਾ ਕੱਢਿਆ ਕਿ ਸ਼ਾਇਦ ਉਨ੍ਹਾਂ ਦੀ ਧੀ ਤੋਂ ਭੁੱਲ ਹੋ ਗਈ। ਉਨ੍ਹਾਂ ਨੇ ਰਾਜਾ ਦਰੁਪਦ ਤੋਂ ਮਾਫੀ ਮੰਗੀ ਅਤੇ ਆਪਣੀ ਕੰਨਿਆ ਨੂੰ ਵਾਪਸ ਭੇਜ ਦਿੱਤਾ। ਹੁਣ ਸ਼ਿਖੰਡੀ ਨੇ ਆਪਣੇ ਪਤੀ ਧਰਮ ਦਾ ਪਾਲਣ ਕਰਦੇ ਹੋਏ ਆਪਣੀ ਨਵਵਿਆਹੁਤਾ ਪਤਨੀ ਨੂੰ ਸੰਤੁਸ਼ਟ ਕੀਤਾ। ਯਕਸ਼ਾਂ) ਦੇਵਤਿਆਂ( ਦੇ ਰਾਜਾ ਕੁਬੇਰ, ਸਥੂਣ ਨਾਲ ਬਹੁਤ ਨਾਰਾਜ਼ ਸਨ ਕਿ ਉਸ ਨੇ ਆਪਣਾ ਪੁਰਸ਼ਤਵ ਸ਼ਿਖੰਡੀ ਨੂੰ ਉਧਾਰ ਦੇ ਦਿੱਤਾ ਸੀ। ਉਨ੍ਹਾਂ ਦੇ ਅਨੁਸਾਰ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਜਦ ਸ਼ਿਖੰਡੀ ਆਪਣੇ ਵਚਨ ਨੂੰ ਨਿਭਾਉਂਦੇ ਹੋਏ, ਯਕਸ਼ ਤੋਂ ਉਧਾਰ ਲਏ ਅੰਗ ਨੂੰ ਵਾਪਸ ਕਰਨ ਲਈ ਗਿਆ ਤਾਂ ਕੁਬੇਰ ਉਸ ਦੀ ਨਿਸ਼ਠਾ ਨਾਲ ਇੰਨਾ ਖੁਸ਼ ਹੋਏ ਕਿ ਉਨ੍ਹਾਂ ਨੇ ਸ਼ਿਖੰਡੀ ਨੂੰ ਉਮਰ ਭਰ ਲਈ ਯਕਸ਼ ਦਾ ਪੁਰਸ਼ਤਵ ਆਪਣੇ ਕੋਲ ਰੱਖਣ ਦੀ ਇਜਾਜ਼ਤ ਦੇ ਦਿੱਤੀ। ਇਹ ਸ਼ਕਤੀ ਹੁਣ ਸ਼ਿਖੰਡੀ ਦੀ ਮੌਤ ਤੋਂ ਬਾਅਦ ਹੀ ਸਥੂਣ ਨੂੰ ਵਾਪਸ ਮਿਲ ਸਕਦੀ ਸੀ।


ਹਵਾਲੇ

[ਸੋਧੋ]