ਸਮੱਗਰੀ 'ਤੇ ਜਾਓ

ਗਿਆਨੀ ਕਰਤਾਰ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਿਆਨੀ ਕਰਤਾਰ ਸਿੰਘ

ਬਚਪਨ ਅਤੇ ਜਨਮ

[ਸੋਧੋ]

ਪੰਥ ਦੇ ਦਿਮਾਗ ਵਜੋਂ ਜਾਣੇ ਜਾਂਦੇ ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ ਦਾ ਜਨਮ 12 ਦਸੰਬਰ, 1902 ਨੂੰ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਦੇ ਚੱਕ ਨੰਬਰ 40 ਝੰਗ ਬਰਾਂਚ ਵਿਖੇ ਸਰਦਾਰ ਮੇਜਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਦੇ ਪੁਰਖਿਆਂ ਦਾ ਪਿੰਡ ਨਾਗੋਕੇ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨ ਤਾਰਨ) ਸੀ, ਜੋ ਬਾਰਾਂ ਵਸਾਉਣ ਸਮੇਂ ਲਾਇਲਪੁਰ ਜ਼ਿਲ੍ਹੇ ਵਿੱਚ ਜਾ ਕੇ ਵੱਸ ਗਏ ਸਨ।

ਵਿੱਦਿਆ

[ਸੋਧੋ]

ਉਹਨਾਂ ਨੇ ਮੁਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਵਿਚੋਂ ਹਾਸਲ ਕੀਤੀ ਅਤੇ ਬਾਅਦ ਵਿੱਚ ਖਾਲਸਾ ਹਾਈ ਸਕੂਲ ਚੱਕ ਨੰਬਰ 41 ਤੋਂ 1921 ਵਿੱਚ ਦਸਵੀਂ ਦਾ ਇਮਤਿਹਾਨ ਪਾਸ ਕੀਤਾ।

ਦਰਦਨਾਕ ਸਾਕਿਆਂ

[ਸੋਧੋ]

ਜੱਲ੍ਹਿਆਂਵਾਲਾ ਬਾਗ਼ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰੇ ਦਰਦਨਾਕ ਸਾਕਿਆਂ ਦਾ ਉਹਨਾਂ ਦੇ ਮਨ ਉੱਤੇ ਬਹੁਤ ਗਹਿਰਾ ਅਸਰ ਹੋਇਆ। ਉਹ ਰਾਜਸੀ ਕਾਨਫ਼ਰੰਸਾਂ ਵਿੱਚ ਹਿੱਸਾ ਲੈਣ ਲੱਗ ਪਏ ਅਤੇ ਸਮੇਂ ਦੇ ਪ੍ਰਮੁੱਖ ਨੇਤਾਵਾਂ ਡਾ: ਸੈਫ਼ ਉੱਦੀਨ ਕਿਚਲੂ, ਬਾਬਾ ਖੜਕ ਸਿੰਘ ਅਤੇ ਮਾਸਟਰ ਮੋਤਾ ਸਿੰਘ ਆਦਿ ਦੇ ਸੰਪਰਕ ਵਿੱਚ ਆ ਗਏ।

ਸਿਵਲ ਨਾ-ਫਰਮਾਨੀ ਲਹਿਰ

[ਸੋਧੋ]

1926 ਵਿੱਚ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਹੋਈ ਪਹਿਲੀ ਚੋਣ ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਅਕਤੂਬਰ 1927 ਵਿੱਚ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵਿੱਚ ਲੈ ਲਿਆ ਗਿਆ। ਸਾਈਮਨ ਕਮਿਸ਼ਨ ਦੇ ਭਾਰਤ ਪਹੁੰਚਣ ਉੱਤੇ ਗਿਆਨੀ ਜੀ ਇਸ ਦੇ ਵਿਰੋਧ ਵਿੱਚ ਨਿੱਤਰ ਆਏ। ਉਹ 1930 ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਈ ਸਿਵਲ ਨਾ-ਫਰਮਾਨੀ ਲਹਿਰ ਵਿੱਚ ਸ਼ਾਮਿਲ ਹੋ ਗਏ ਅਤੇ ਇੱਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਮੁਲਤਾਨ ਜੇਲ੍ਹ ਵਿੱਚ ਭੁਗਤੀ।

ਪੰਜਾਬ ਅਸੈਂਬਲੀ

[ਸੋਧੋ]

1937 ਵਿੱਚ ਪੰਜਾਬ ਅਸੈਂਬਲੀ ਦੀਆਂ ਹੋਈਆਂ ਚੋਣਾਂ ਵਿੱਚ ਗਿਆਨੀ ਜੀ ਪਹਿਲੀ ਵਾਰ ਪੰਜਾਬ ਅਸੈਂਬਲੀ ਲਈ ਚੁਣੇ ਗਏ। 1940 ਅਤੇ 50 ਦੇ ਦਹਾਕਿਆਂ ਦੌਰਾਨ ਗਿਆਨੀ ਜੀ ਇੱਕ ਪ੍ਰਭਾਵਸ਼ਾਲੀ ਸਿੱਖ ਨੇਤਾ ਵਜੋਂ ਉੱਭਰੇ। 1946 ਵਿੱਚ ਉਹਨਾਂ ਕੈਬਨਿਟ ਮਿਸ਼ਨ ਦੀਆਂ ਤਜਵੀਜ਼ਾਂ ਦਾ ਡਟ ਕੇ ਵਿਰੋਧ ਕੀਤਾ। 1946 ਵਿੱਚ ਗਿਆਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। ਦੇਸ਼ ਵੰਡ ਪਿੱਛੋਂ ਮਾਰਚ, 1948 ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਲਏ ਫ਼ੈਸਲੇ ਅਨੁਸਾਰ ਪੰਥਕ ਮੈਂਬਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਤਾਂ ਗਿਆਨੀ ਜੀ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ।

ਵਜ਼ੀਰ

[ਸੋਧੋ]

ਗਿਆਨੀ ਜੀ ਭੀਮ ਸੈਨ ਸੱਚਰ ਦੀ ਵਜ਼ਾਰਤ ਵਿੱਚ ਵਜ਼ੀਰ ਵੀ ਬਣੇ। 1951 ਵਿੱਚ ਕਾਂਗਰਸ ਦੀਆਂ ਨੀਤੀਆਂ ਤੋਂ ਮਾਯੂਸ ਹੋ ਕੇ ਗਿਆਨੀ ਜੀ ਫਿਰ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਪਰ 1957 ਦੀਆਂ ਚੋਣਾਂ ਪਿੱਛੋਂ ਗਿਆਨੀ ਕਰਤਾਰ ਸਿੰਘ, ਸ: ਪ੍ਰਤਾਪ ਸਿੰਘ ਕੈਰੋਂ ਦੀ ਕਾਂਗਰਸੀ ਵਜ਼ਾਰਤ ਵਿੱਚ ਮਾਲ ਅਤੇ ਖੇਤੀਬਾੜੀ ਮੰਤਰੀ ਬਣੇ। ਉਹ 1963 ਤੱਕ ਕੈਰੋਂ ਸਰਕਾਰ ਵਿੱਚ ਵਜ਼ੀਰ ਰਹੇ। ਮਾਰਚ 1970 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਵਾਪਸ ਲੈਣ ਸੰਬੰਧੀ ਕਮਿਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਪਰ ਨਤੀਜਾ ਕੁਝ ਨਾ ਨਿਕਲਿਆ।

ਮਹਾ ਦਾਨੀ

[ਸੋਧੋ]

ਗਿਆਨੀ ਕਰਤਾਰ ਸਿੰਘ 30 ਸਾਲ ਤੋਂ ਵੱਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ, 20 ਸਾਲ ਤੋਂ ਵੱਧ ਵਿਧਾਇਕ ਅਤੇ ਕਈ ਮਹਿਕਮਿਆਂ ਦੇ ਮੰਤਰੀ ਰਹੇ। ਅਕਾਲੀ ਦਲ ਅਤੇ ਕਾਂਗਰਸ ਦੀ ਸਾਂਝੀ ਸਰਕਾਰ ‘ਚ ਵੀ ਮੰਤਰੀ ਰਹੇ । ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਮੰਤਰੀ ਦਾ ਮਿਲਿਆ ਅਹੁਦਾ ਆਪਣੇ ਗਲੋਂ ਹਾਰ ਲਾਹ ਕੇ ਵਿਰੋਧੀ ਨੂੰ ਦੇ ਦਿੱਤਾ। ਸਰਕਾਰੀ ਘਰ ਖਾਲੀ ਕਰਨ ਲੱਗਿਆਂ ਸਮਾਨ ਇੱਕ ਟਰੰਕ ‘ਚ ਹੀ ਪੈਕ ਹੋ ਗਿਆ। ਜ਼ਮੀਨ ਸਾਰੀ ਸਰਕਾਰੀ ਕਾਲਜ ਟਾਂਡਾ ਨੂੰ ਦਾਨ ਕਰ ਦਿੱਤੀ।

ਅੰਤਮ ਸਮਾਂ

[ਸੋਧੋ]

ਅੰਤ ਉਹ 10 ਜੂਨ, 1974 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।


ਹਵਾਲੇ

[ਸੋਧੋ]