ਸਮੱਗਰੀ 'ਤੇ ਜਾਓ

ਪੰਜਾਬੀ ਕਿੱਸਾ ਕਾਵਿ (1850-1950)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿੱਸਾ ਕਾਵਿ ਮੱਧਕਾਲੀਨ ਪੰਜਾਬੀ ਸਾਹਿਤ ਜਗਤ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਣੀ ਹੈ। ਵਿਚਾਰਧੀਨ ਕਾਲਖੰਡ ਬਰਤਾਨਵੀਂ ਰਾਜ ਦੀ ਸਥਾਪਤੀ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੱਕ ਪਸਰਿਆ ਹੋਇਆ ਹੈ। ਇਸ ਸਮੇਂ ਦੌਰਾਨ ਹੀ ਪੰਜਾਬੀ ਸਾਹਿਤ ਪਰੰਪਰਕ ਸਾਹਿਤ ਰੂਪਾਕਾਰਾਂ ਨਾਲੋਂ ਆਪਣਾ ਨਾਤਾ ਤੋੜ ਕੇ ਨਵੀਨ ਸਾਹਿਤ ਰੂਪਾਕਾਰਾਂ ਅਤੇ ਚਿੰਤਨ ਤੇ ਚੇਤਨਾ ਦੇ ਨਵੇਂ ਸਰੋਕਾਰਾਂ ਨਾਲ ਜੁੜਦਾ ਹੈ। ਕਿੱਸਾ ਕਾਵਿ ਸਾਹਿਤ ਦੀ ਇੱਕ ਅਜਿਹੀ ਕਾਵਿ ਵਿਧਾ ਹੈ ਜੋ ਦੂਸਰੇ ਸਾਹਿਤ ਰੂਪਾਕਾਰਾਂ ਨਾਲੋਂ ਭਿੰਨ ਤੇ ਵਿਲੱਖਣ ਹੈ। ਇਸ ਸਮੁੱਚੇ ਕਾਲ ਦਾ ਕਿੱਸਾ ਕਾਵਿ ਬਹੁਪੱਖੀ ਅਧਿਐਨ ਦੀ ਮੰਗ ਕਰਦਾ ਹੈ। ਹੱਥਲੇ ਖੋਜ ਪੱਤਰ ਵਿੱਚ ਸਾਡਾ ਮੁੱਖ ਉਦੇਸ਼ ਅਧਿਐਨ ਕਾਲ ਦੇ ਕਿੱਸਾ ਕਾਵਿ ਦਾ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਅਧਿਐਨ ਕਰਨਾ ਹੈ ਅਤੇ ਇਹ ਵਾਚਨ ਹੈ ਕਿ ਇਸ ਸਮੂੱਚੇ ਸਮੇਂ ਵਿੱਚ ਬਹੁਪਾਸਾਰੀ ਵਿਸ਼ਿਆਂ ਦੀ ਧਾਰਣੀ ਇਹ ਕਾਵਿ ਪਰੰਪਰਾ ਕਿੰਨਾ ਨਵੇਂ ਵਿਸ਼ਿਆ ਨਾਲ ਆਪਣਾ ਸਰੋਕਾਰ ਜੋੜਦੀ ਹੈ।

ਪਿਛੋਕੜ

[ਸੋਧੋ]

ਜਦੋਂ ਅਸੀਂ ਅਧਿਐਨ ਕਾਲ ਦੇ ਕਿੱਸਾ ਕਾਵਿ ਦਾ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਅਧਿਐਨ ਕਰਦੇ ਹਾਂ ਤਾਂ ਇਹ ਤੱਥ ਸਾਡੇ ਸਾਹਮਣੇ ਆਉਂਦਾ ਹੈ ਕਿ ਪੂਰਵ ਅਧਿਐਨ ਕਾਲ ਵਾਂਗ ਇਸ ਕਾਲ ਵਿੱਚ ਵੀ ਕਿੱਸੇ ਦੀ ਸਿਰਜਣਾਤਮਕ ਪ੍ਰਤੀਕ੍ਰਿਆਂ ਪਿੱਛੇ ਭਾਰਤੀ ਚਿੰਤਨ, ਸਾਮੀ ਚਿੰਤਨ ਅਤੇ ਪੰਜਾਬ ਦਾ ਲੋਕ ਸਾਹਿਤ ਕਾਰਜਸ਼ੀਲ ਹੈ ਜਿਸ ਬਾਰੇ ਆਈ. ਸੇਰੋਬੀਰੀਆਕੋਵ ਇਸ ਤਰ੍ਹਾਂ ਲਿਖਦੇ ਹਨ ਕਿ, “ ਪੰਜਾਬੀ ਸਾਹਿਤ ਆਪਣੇ ਸਾਰੇਹੀ ਇਤਿਹਾਸ ਵਿੱਚ ਲੋਕ ਕਥਾਵਾਂ ਦੇ ਜੀਵਨ ਸ੍ਰੋਤ ਤੇ ਆਧਾਰਿਤ ਹੈ ਅਤੇ ਇਹੀ ਸਰੋਤ ਹੈ ਜਿਹੜਾ ਕਿ ਸਾਹਿਤ ਨੂੰ ਲੋਕ ਸਿਰਜਣਾ ਵਿੱਚ ਬਦਲਦਾ ਹੈ।” ਤਤਕਾਲੀਨ ਸਾਹਿਤਿਕ ਵਿਚਾਰਧਾਰਕ ਵਿਕਾਸ ਪ੍ਰਕਿਆਂ ਉੱਪਰ ਝਾਤ ਮਾਰਦਿਆ ਇਸ ਸਮੇਂ ਦੀ ਕਿੱਸਾ ਰਚਨਾ ਦੀ ਰਚਨਾਤਮਕ ਪ੍ਰਤਿਕ੍ਰਿਆ ਦੇ ਮੂਲ ਵਿੱਚ ਇਹ ਤੱਥ ਨਿਹਿਤ ਹੈ। ਕਿੱਸਾ ਕਾਵਿ ਦੇ ਦੇ ਆਰੰਭ ਤੋਂ ਲੈ ਕੇ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਤੱਕ ਕਿੱਸਾ ਸਿਰਜਣਾ ਲਈ ਪ੍ਰੀਤ ਕਥਾਵਾਂ ਹੀ ਵਾਰ-ਵਾਰ ਦਹਰਾਈਆਂ ਜਾਦੀਆਂ ਰਹੀਆਂ ਹਨ ਜਿਹਨਾਂ ਬਾਰੇ ਡਾ. ਅਮਰਜੀਤ ਸਿੰਘ ਕਾਂਗ ਆਪਣੇ ਵਿਚਾਰ ਇਸ ਤਰ੍ਹਾਂ ਰਖੱਦੇ ਹਨ, “ ਪੰਜਾਬੀ ਕਿੱਸਾ ਕਾਵਿ ਵਿੱਚ ਜਾਣੀਆਂ ਪਛਾਣੀਆਂ ਕਥਾਵਾਂ ਦਾ ਇੱਕ ਲੰਮੇ ਅਰਸੇ ਤੱਕ ਦੁਹਰਾਉ ਹੁੰਦਾ ਹੈ ਅਤੇ ਇਹ ਦਹਰਾਉ ਇਸ ਤਰ੍ਹਾਂ ਨਾਲ ਵਿਚਾਰਧਾਰਾਈ ਗਤੀਯੋਗਤਾ ” ਦਾ ਸੂਚਕ ਜਾਪਦਾ ਹੈ। ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਅਧਿਐਨ ਕਾਲ ਤੱਕ ਦਾ ਕਿੱਸਾ ਕਾਵਿ ਕਥਾ ਦੇ ਪੱਖੋਂ ਦਹਰਾਉ ਵਿੱਚ ਹੀ ਵਿਸਥਾਰ ਕਰਦਾ ਹੈ ਅਤੇ ਚਿੰਤਨ ਤੇ ਚੇਤਨਾ ਪੱਖੋਂ ਇਸ ਵਿੱਚ ਠਹਿਰਾਵ ਨਜ਼ਰ ਆਉਂਦਾ ਹੈ। ਜਦੋਂ ਅਸੀਂ ਅਧਿਐਨ ਕਾਲ ਦੇ ਕਿੱਸਾ ਕਾਵਿ ਦਾ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਅਧਿਐਨ ਕਰਨ ਵੱਲ ਰੁਚਿਤ ਹੁੰਦੇ ਹਾਂ ਤਾਂ ਇਹ ਇੱਕ ਜਟਿਲ ਸਮੱਸਿਆ ਬਣ ਜਾਦੀ ਹੈ ਕਿਉਂਕਿ ਕਈ ਕਿੱਸਿਆਂ ਵਿੱਚ ਇੱਕ ਤੋਂ ਵਧੀਕ ਵਿਸ਼ੇ ਰਲਗੱਡ ਹੋਏ ਮਿਲਦੇ ਹਨ। ਪਰ ਅਸੀਂ ਇਸ ਕਾਲ ਦੇ ਕਿੱਸਾ ਕਾਵਿ ਨੂੰ ਇਨ੍ਹਾਂ ਦੀਆਂ ਕਥਾਵਾਂ ਦੇ ਆਧਾਰ ਤੇ ਵਿਭਿੰਨ ਵਿਸ਼ਿਆਂ ਦੇ ਪ੍ਰਸੰਗ ਵਿੱਚ ਵਿਚਾਰਾਂਗੇ। ਵਿਚਾਰਧੀਨ ਕਾਲ ਦੀਆਂ ਕਿੱਸਾ ਕਥਾਵਾਂ ਦੀ ਰਚਨਾਤਮਕ ਪ੍ਰਤਿਕ੍ਰਿਆ ਦੇ ਮੂਲ ਵਿਚੋਂ ਨਵੇਂ ਵਿਸ਼ੇ ਜਿਵੇਂ ਰੁਮਾਂਚਕ, ਸਦਾਚਾਰਕ, ਬੀਰਰਸੀ ਅਤੇ ਇਤਿਹਾਸਕ,, ਸਮਾਜ ਸੁਧਾਰਕ ਅਤੇ ਫੁਟਕਲ ਸਾਡੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਨਵੇਂ ਵਿਸ਼ਿਆਂ ਨਾਲ ਸੰਬੰਧਿਤ ਕਥਾਵਾਂ ਦਾ ਪੰਜਾਬੀ ਕਿੱਸਾ ਕਾਵਿ ਵਿੱਚ ਪ੍ਰਵੇਸ਼ ਦਾ ਮੁੱਖ ਕਾਰਨ ਨਵੀਂ ਚੇਤਨਾਂ ਹੈ। ਇਸ ਨਵੀਨ ਚੇਤਨਾਂ ਸਦਕਾ ਪੰਜਾਬੀ ਸਮਾਜ ਅਤੇ ਅੰਗਰੇਜ਼ੀ ਸਮਾਜ ਵਿੱਚ ਪਰਸਪਰ ਵਿਚਾਰਧਾਰਰਕ ਤੇ ਸੱਭਿਆਚਾਰਕ ਵਿਰੋਧ ਪੈਦਾ ਹੁੰਦਾ ਹੈ ਕਿਉਂਕਿ ਪੰਜਾਬੀ ਸਮਾਜ ਸਥਾਪਿਤ ਸੱਭਿਆਚਾਰਕ ਵਰਤਾਰੇ ਨੂੰ ਪਸੰਦ ਨਹੀਂ ਕਰਦਾ। ਇਨ੍ਹਾਂ ਕਥਾਵਾਂ ਵਿੱਚ ਵਿਰੋਧ ਸਥਾਪਤ ਹਾਕਮ ਜਮਾਤ ਦੇ ਵਰਤਾਰੇ ਦੀਆਂ ਦਮਨਕਾਰੀ ਨੀਤੀਆਂ, ਜ਼ੁਲਮ ਅਤੇ ਅਨਿਆਂ ਦੇ ਰੂਪ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਇਸ ਪ੍ਰਕਾਰ ਪ੍ਰਚਲਿਤ ਵਰਤਾਰੇ ਪ੍ਰਤੀ ਬੁਨਿਆਦੀ ਵਿਰੋਧ ਇਸ ਸਮੇਂ ਦੀ ਕਿੱਸਾਕਾਰੀ ਵਿੱਚ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਸਾਡੇ ਸਨਮੁਖ ਹੁੰਦਾ ਹੈ ਜੋ ਸਥਾਪਿਤ ਹਾਕਮ ਸਮਾਜ ਦੀਆਂ ਪ੍ਰਚਲਿਤ- ਕਦਰਾਂ-ਕੀਮਤਾਂ ਨੂੰ ਰੱਦ ਕਰ ਕੇ ਨਵਾਂ ਸਮਾਜਿਕ ਪ੍ਰਬੰਧ ਸਿਰਜਣ ਵਲ ਰੁਚਿਤ ਹੁੰਦਾ ਹੈ। ਇੱਥੇ ਅਸੀਂ ਅਧਿਐਨ ਕਾਲ ਦੀਆਂ ਵਿਭਿੰਨ ਕਥਾਵਾਂ ਦਾ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਅਧਿਐਨ ਕਰਾਂਗੇ ਤਾਂ ਕਿ ਇਸ ਸਮੁੱਚੇ ਕਾਲਖੰਡ ਵਿੱਚ ਪੰਜਾਬੀ ਸਮਾਜ ਦੀ ਜੀਵਨ ਦ੍ਰਿਸ਼ਟੀ ਅਤੇ ਪ੍ਰਚਲਿਤ ਹਾਕਮ ਦੀਆਂ ਦਮਨਕਾਰੀ ਨੀਤੀਆਂ ਨੂੰ ਇਸ ਦੇ ਸਮਾਜਕ ਸੱਭਿਆਚਾਰਕ ਸੰਦਰਭਾਂ ਵਿੱਚ ਸਮਝਿਆ ਜਾ ਸਕੇ।

ਰੁਮਾਂਚਕ ਕਿੱਸੇ:

[ਸੋਧੋ]

ਰੁਮਾਂਚਕ ਕਿੱਸਿਆ ਦੀ ਰਚਨਾਂ ਵਿਚਾਰਧੀਨ ਕਾਲ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਇਸ ਸੰਦਰਭ ਵਿੱਚ ਅਹਿਮਦਯਾਰ ਰਚਿਤ ਕਿੱਸਾ ‘ਕਾਮਰੂਪ ਵ ਕਾਮ ਲਿਟਾਂ` ਵਿਚਾਰਿਆ ਜਾ ਸਕਦਾ ਹੈ। ਇਨ੍ਹਾਂ ਕਿੱਸਿਆ ਵਿੱਚ ਪ੍ਰੇਮ ਦੀ ਥਾਂ ਰੁਮਾਂਚ ਵਧੇਰੇ ਹੁੰਦਾ ਹੈੇ।ਇਸ ਵਿੱਚ ਪਾਰਾਸਰੀਰਕ ਅੰਸ਼, ਕਰਾਮਾਤਾਂ, ਮਨੁੱਖ ਤੇ ਅਮਾਨਵੀ ਪਾਤਰ ਹੁੰਦੇ ਹਨ। ਰੁਮਾਚਕ ਵਿੱਚ ਸਿੰਗਾਰ ਰਸ ਦੀ ਥਾਂ ਅਦਭੁੱਤ ਰਸ ਵਧੇਰੇ ਹੁੰਦਾ ਹੈ ਜਿਸ ਵਿੱਚ ਅਸਚਰਜ਼ ਤੇ ਹਿਰਦੇ ਨੂੰ ਡਰਾਉਣ ਵਾਲੇ ਦ੍ਰਿਸ਼ ਵਰਣਨ ਹੁੰਦੇ ਹਨ। ਅਧਿਐਨ ਕਾਲ ਵਿੱਚ ਰੁਮਾਂਚਕ ਕਿੱਸਿਆਂ ਵਿੱਚ ਕਈ ਨਵੀਆਂ ਰੋਮਾਂਚਕ ਕਥਾਵਾਂ ਜਿਵੇਂ ‘ਰੂਪ ਬਸੰਤ`, ‘ਸੈਫੁਲ ਮਲੂਕ`, ‘ਦਹੂਦ ਬਾਦਸ਼ਾਹ`, ‘ਦਿਲ ਖੁਰਸ਼ੈਦ`, ‘ਬਦੀਹ ਜਮਾਲ`, ‘ਸ਼ਾਹ ਬਹਿਰਾਮ`, ‘ਜਾਨੀ ਚੋਰ`, ‘ਦਿਲਬਰ ਚੋਰ`, ‘ਦਰਿਆਈ ਪਰੀ`, ‘ਰਾਣੀ ਪਦਮਾਵਤੀ`, ‘ਹੁਸਨ ਬੇਗੀ`, ‘ਕੇਸਰਾਂ ਬਾਦਸ਼ਾਹਜ਼ਾਦੀ` ਤੇ ‘ਰਾਜਾ ਇੰਦਰ ਸੈਨ` ਆਦਿ ਪ੍ਰਵੇਸ਼ ਕਰ ਗਈਆਂ ਸਨ। ਪੂਰਵ ਅਧਿਐਨ ਕਾਲ ਵਿੱਚ ਜ਼ੋ ਪ੍ਰਸਿੱਧਤਾ ਪ੍ਰੀਤ ਕਿੱਸਿਆਂ ਨੂੰ ਪ੍ਰਾਪਤ ਹੋਈ ਬਿਲਕੁਲ ਉਹੀ ਪ੍ਰਸਿੱਧੀ ਇਸ ਕਾਲ ਦੇ ਰੁਮਾਚਕ ਕਿੱਸਿਆ ਨੂੰ ਪ੍ਰਾਪਤ ਹੋਇਆ ਮੀਆਂ ਮੁਹੰਮਦ ਬਖਸ਼ ਰਚਿਤ ਸੈਫੂਲ ਮਲੂਕ, ਪੰਡਤ ਕਿਸ਼ੋਰ ਚੰਦ, ਰਚਿਤ, ਜਾਨੀ ਚੋਰ, ਦੌਲਤ ਰਾਮ ਰਚਿਤ, ‘ਰੂਪ ਬਸੰਤ`, ਰੌਸ਼ਨ ਦੀਨ ਰਚਿਤ ‘ਦਹੂਦ ਬਾਦਸ਼ਾਹ` ਆਦਿ ਇਸ ਕਾਲ ਦੀਆਂ ਹਸਤਾਖਰੀ ਕਿਰਤਾਂ ਕਹੀਆਂ ਜਾ ਸਕਦੀਆਂ ਹਨ। ਉਨ੍ਹੀਵੀਂ ਸਦੀ ਦੇ ਦੂਸਰੇ ਅੱਧ ਵਿੱਚ ਪੰਜਾਬ ਦੇ ਰਾਜਸੀ ਸੱਭਿਆਚਾਰਕ ਇਤਿਹਾਸ ਵਿੱਚ ਤਬਦੀਲੀ ਵਾਪਰਦੀ ਹੈੈ ਅਤੇ ਅੰਗਰੇਜ਼ੀ ਰਾਜ ਦੀ ਸਥਾਪਤੀ ਉੱਪਰੰਤ ਜਾਗੀਰਦਾਰੀ ਪ੍ਰਬੰਧ ਦੀ ਥਾਂ ਪੂੰਜੀਵਾਦੀ ਪ੍ਰਬੰਧ ਲਾਗੂ ਹੁੰਦਾ ਹੈ। ਇਸ ਨਵੇਂ ਪ੍ਰਬੰਧ ਅਧੀਨ ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਅਧੀਨ ਨਵੀਂ ਚੇਤਨਾਂ ਆਪਣੇ ਪੈਰ ਪਸਾਰਦੀ ਹੈ ਅਤੇ ਪੰਜਾਬੀ ਸਮਾਜ ਦੀ ਪੱਛਮੀ ਸਮਾਜ ਅਤੇ ਸੱਭਿਆਚਾਰ ਵਿੱਚ ਦਿਲਚਸਪੀ ਵਧਦੀ ਹੈ ਜਿਸ ਦੇ ਭਿਆਨਕ ਸਿੱਟੇ ਵਜੋਂ ਲੋਕਾਂ ਦਾ ਈਸਾਈ ਧਰਮ ਨੂੰ ਅਪਣਾਉਣ ਵਿੱਚ ਰੁਝਾਨ ਵੱਧਦਾ ਹੈ। ਇਸ ਸਮੇਂ ਪੰਜਬੀ ਸਮਾਜ ਨੂੰ ਭਵਿੱਖਕਾਲੀਨ ਗੰਭੀਰ ਨਤੀਜਿਆਂ ਤੋਂ ਬਚਾਉਣ ਲਈ ਸਮਕਾਲੀਨ ਸਾਹਿਤਕਾਰਾਂ ਵਿੱਚ ਚੇਤਨਾ ਆਉਂਦੀ ਹੈ ਜਿਸ ਬਾਰੇ ਡਾ. ਅਜਮੇਰ ਸਿੰਘ ਦੱਸਦੇ ਹਨ, “ਪੰਜਾਬ ਦੇ ਇਸ ਸੰਕਲਪ ਵਿੱਚ ਪੰਜਾਬ ਦੇ ਇਤਿਹਾਸ ਮਿਥਿਹਾਸ ਦੇ ਗੌਰਵ ਦੀ ਪੁਨਰ-ਸੁਰਜੀਤੀ ਲਾਜ਼ਮੀ ਸੀ। ਇਸ ਕਾਲ ਦੇ ਕਿੱਸਾਾਕਾਰ ਨਵੀਆਂ ਵੰਨਗੀਆਂ ਦੇ ਕਿੱਸੇ ਲਿਖਣ ਢੁੰਡਣੇ ਵਿੱਚ ਸਰਗਰਮ ਸਨ।" ਪੰਜਾਬੀ ਕਿੱਸਾ ਕਵੀਆਂ ਨੇ ਇਸ ਸਮੇਂ ਪੰਜਾਬੀ ਸਮਾਜ ਨੂੰ ਆਪਣੇ ਧਰਮ ਅਤੇ ਪਰੰਪਰਕ ਆਦਰਸ਼ਾਂ ਨੂੰ ਈਸਾਈ ਲਹਿਰ ਦੇ ਪ੍ਰਭਾਵ ਤੋਂ ਬਚਾਉਣ ਲਈ ਸਦਾਚਾਰਕ ਕਿੱਸਾ ਰਚਨਾ ਆਰੰਭ ਕੀਤੀ ਜਿਸ ਬਾਰੇ ਡਾ. ਮੋਹਨ ਸਿੰਘ ਦੀਵਾਨਾ ਇਸ ਤਰ੍ਹਾਂ ਲਿਖਦੇ ਹਨ ਕਿ “ਆਦਰਸ਼ਕ ਜ਼ਿੰਦਗੀ ਜਿਉਣ ਲਈ ਜੋਗੀ, ਨਾਥ ਨਾਇਕ ਪ੍ਰੇਰਨਾਂ ਦਿੰਦੇ ਹਨ।”

ਸਦਾਚਾਰਕ ਕਿੱਸੇ

[ਸੋਧੋ]

ਪੰਜਾਬੀ ਸਮਾਜ ਦੀ ਧਾਰਮਿਕ ਪੁਨਰ ਸੁਰਜੀਤੀ ਲਈ ਇਸ ਕਾਲ ਵਿੱਚ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ‘ਪੂਰਨ ਭਗਤ’, ‘ਰਾਜਾ ਭਰਥਰੀ ਹਰੀ`, ‘ਰਾਜਾ ਹਰੀ ਚੰਦ`, ‘ਰਾਜਾ ਰਸਾਲੂ`, ‘ਰਮਾਇਣ`, ‘ਰਾਜਾ ਗੋਪੀ ਚੰਦ`, ‘ਪ੍ਰਹਿਲਾਦ ਭਗਤ` ਆਦਿ ਕਥਾਵਾਂ ਤੇ ਆਧਾਰਿਤ ਕਿੱਸਾ ਰਚਨਾ ਆਰੰਭ ਹੋਈ ਜੋ ਕਿ ਪੰਜਾਬੀ ਕਿੱਸਾ ਪਰੰਪਰਾ ਵਿੱਚ ਇੱਕ ਨਵਾਂ ਵਾਧਾ ਹੈ। ਇਨ੍ਹਾਂ ਕਿੱਸਿਆਂ ਦਾ ਮੁੱਖ ਉਦੇਸ਼ ਤਤਕਾਲੀਨ ਪੰਜਾਬੀ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਵਿੱਚ ਆ ਚੁੱਕੀ ਗਿਰਾਵਟ ਨੂੰ ਦੁਰ ਕਰਨਾ ਸੀ। ਇਸ ਸਮੇਂ ਦੇ ਕਿੱਸਾ ਕਵੀਆਂ ਨੇ ਸਥਾਪਿਤ ਬਰਤਾਨਵੀਂ ਹਕੂਮਤ ਦੇ ਪੰਜਾਬੀ ਸਮਾਜ ਉੱਪਰ ਪੈ ਰਹੇ ਸਰਬਪੱਖੀ ਪ੍ਰਭਾਵ ਦੀ ਵਿਰੋਧਤਾ ਸਿੱਧੇ ਰੂਪ ਵਿੱਚ ਨਹੀਂ ਸਗੋਂ ਇਸ ਦੀ ਪੇਸ਼ਕਾਰੀ ਵਿਚਾਰਧਾਰਕ ਲੜਾਈ ਦੇ ਰੂਪ ਵਿੱਚ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਕੀਤੀ ਹੈ ਜਿਸ ਬਾਰੇ ਡਾ. ਜ਼ਸਵਿੰਦਰ ਸਿੰਘ ਦਾ ਇਹ ਮੱਤ ਹੈ ਕਿ, “ਸਮਕਾਲੀਨ ਸਮਾਜਿਕ ਪ੍ਰਸੰਗ ਵਿੱਚ ਵਾਪਰ ਰਹੇ ਵਿਚਾਰਧਾਰਕ ਵਿਰੋਧ ਵਿੱਚ ਜਨ-ਸਮੂਹ ਦੀ ਉਭਰ ਰਹੀ ਸੁੰਤਤਰਤਾ ਦੀ ਲਹਿਰ ਦਾ ਸਰਗਰਮ ਅੰਗ ਬਣਨ ਦੀ ਪ੍ਰੇਰਨਾ ਦੇਣ ਦੀ ਥਾਂ ਇਸ ਤੋਂ ਅਲਹਿਦਗੀ ਦਾ ਮਤ ਪੁਸਤੁਤ ਕੀਤਾ ਹੈ।ਪਰ ਇਨ੍ਹਾਂ ਦਾ ਪ੍ਰਸਤੁਤ ਰੂਪ ਪੁਰਾਤਨ ਧਾਰਮਿਕ ਆਦਰਸ਼ਾਂ, ਪਰੰਪਰਾਵਾਂ ਅਤੇ ਕੀਮਤਾਂ ਦੇ ਰੂੜ੍ਹੀਗਤ ਅਨੁਕਰਣ ਰਾਹੀਂ ਇਨ੍ਹਾਂ ਦੀ ਪੁਨਰ-ਸੁਰਜੀਤੀ ਵਾਲਾ ਹੀ ਹੈ।" ਇਸ ਪ੍ਰਕਾਰ ਇਨ੍ਹਾਂ ਨਵੀਆਂ ਕਥਾਵਾਂ ਰਾਹੀਂ ਸਥਾਪਤੀ ਪ੍ਰਤੀ ਅਸੰਤੁਸ਼ਟਤਾ ਪ੍ਰਤੀਬਿੰਬਤ ਹੁੰਦੀ ਹੈ।ਸਥਾਪਿਤ ਅੰਗਰਜ਼ੀ ਸਮਾਜ ਦੀਆਂ ਗੈਰ ਮਾਨਵੀਂ ਕਦਰਾਂ ਕੀਮਤਾਂ ਦਾ ਸਿੱਧਾ ਵਿਰੋਧ ਕਰਨ ਦੀ ਥਾਂ ਇਸ ਦਾ ਸਮਾਧਾਨ ਤਿਆਗੀ ਮਨੁੱਖੀ ਦੇ ਰੂਪ ਵਿੱਚ ਇਨ੍ਹਾਂ ਸਦਾਚਾਰਕ ਕਿੱਸਾ ਰਚਨਾਵਾਂ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ।

ਬੀਰ ਰਸੀ ਅਤੇ ਇਤਿਹਾਸਕ ਕਿੱਸੇ

[ਸੋਧੋ]

ਵਿਚਾਰਧੀਨ ਕਾਲਖੰਡ ਦੇ ਕਿੱਸਾ ਕਾਵਿ ਨੂੰ ਨਵੇਂ ਵਿਸ਼ਿਆਂ ਦੇ ਨੁਕਤਾ ਨਜ਼ਰ ਤੋਂ ਵਾਚਦਿਆਂ ਇਸ ਵਿੱਚ ਬੀਰ ਰਸੀ ਅਤੇ ਇਤਿਹਾਸਕ ਕਿੱਸਿਆਂ ਦੀ ਨਵੀਂ ਸ਼ੇ੍ਰਣੀ ਧਿਆਨ ਗੋਚਰੇ ਹੁੰਦੀ ਹੈ ਜਿਸ ਨਾਲ ਕਿੱਸਾ ਕਥਾਵਾਂ ਵਿੱਚ ਹੋਰ ਵਿਸਥਾਰ ਹੁੰਦਾ ਹੈੇ।ਬੀਰ ਰਸ ਨਾਲ ਸੰਬੰਧਤ ਪਸਿੱਧ ਇਤਿਹਾਸਕ ਕਥਾਵਾਂ ਨੂੰ ਅਧਾਰ ਬਣਾ ਕੇ ਕਿੱਸਾ ਰਚਨਾ ਆਰੰਭ ਹੋਈ ਤਾਂ ਕਿ ਮਹਾਨ ਇਤਿਹਾਸਕ ਸਖਸ਼ੀਅਤਾਂ ਦੇ ਗੌਰਵਮਈ ਕਾਰਜਾਂ ਨੂੰ ਦਰਸਾ ਕੇ ਉਸ ਸਮੇਂ ਦੀ ਸਥਾਪਿਤ ਬਰਤਾਨਵੀਂ ਸਰਕਾਰ ਵਿਰੁੱਧ ਜੋਸ਼ ਭਰਿਆ ਜਾ ਸਕੇ। ਇਨ੍ਹਾਂ ਕਿੱਸਿਆ ਬਾਰੇ ਡਾ. ਮੋਹਨ ਸਿੰਘ ਉਬਰਾ ਆਪਣੇ ਵਿਚਾਰ ਇਸ ਤਰ੍ਹਾ ਲਿਖਦੇ ਹਨ, “ਕਿ ਇਹ ਕੇਵਲ ਕਿੱਸੇ ਹੀ ਨਹੀਂ ਸਿਮਰਤੀ ਦੇ ਉਹ ਖਜਾਨੇ ਭਰਪੂਰ ਤੇ ਅਤੁੱਟ ਹਨ। ਜਿਹਨਾਂ ਵਿੱਚ ਜਾਤ ਤੇ ਨਸਲ (ਙ਼ਤਵਕ = ਞ਼ਫਕ) ਦਾ ਸਾਰਾ ਗੌਰਵ, ਧਰਮ ਦੀ ਸਾਰੀ ਸਿੱਖਿਆ, ਜੀਵਨ ਤਜ਼ਰਬਿਆਂ ਦਾ ਪੂਰਨ ਨਿਚੋੜ ਤੇ ਹਿੰਦੂ ਸਭਿਅਤਾ ਤੇ ਇਤਿਹਾਸ ਦਾ ਜਨਤਾ ਦੇ ਪ੍ਰਯੋਗ ਵਾਸਤੇ ਕੁਲ ਜ਼ਰੂਰੀ ਹਿੱਸਾ ਜਮ੍ਹਾਂ ਤੇ ਮਹਿਫੂਜ਼, ਸੁਰੱਖਸ਼ਿਤ ਹੈ।" ਇਸ ਸਮੇਂ ‘ਸਹੀਦੀ ਗੁਰੂ ਅਰਜਨ ਦੇਵ ਜੀ`, ‘ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ`, ‘ਸ਼ਹੀਦ ਬਾਬਾ ਦੀਪ ਸਿੰਘ`, ‘ਰਾਣੀ ਪਦਮਣੀ`, ‘ਦਹੂਦ ਬਾਦਸ਼ਾਹ`, ‘ਭਾਈ ਬਚਿੱਤਰ ਸਿੰਘ`, ‘ਬਾਬਾ ਬੰਦਾ ਸਿੰਘ ਬਹਾਦਰ`, ‘ਸ਼ਹੀਦ ਗੁਰੂ ਤੇਗ ਬਹਾਦਰ`, ‘ਭਾਈ ਬਿਧੀ ਚੰਦ`, ‘ਮਹਾਰਾਣੀ ਜਿੰਦਾਂ`, ‘ਸ਼ਹੀਦ ਸੇਵਾ ਸਿੰਘ ਠੀਕਰੀਵਾਲਾਂ`, ‘ਦੁੱਲਾ ਭੱਟੀ`, ‘ਸੁੱਚਾ ਸਿੰਘ ਸੂਰਮਾ`, ‘ਨਿਰਭੈ ਯੋਧਾ`, ‘ਸ਼ਾਮ ਸਿੰਘ ਅਟਾਰੀਵਾਲਾ`, ‘ਜਿਉਣਾ ਮੋੜ`, ‘ਦਲੇਰ ਖਾਲਸਾ` ਆਦਿ ਬੀਰ ਰਸੀ ਅਤੇ ਇਤਿਹਾਸਕ ਪ੍ਰਸੰਗਾਂ ਨੂੰ ਲੈ ਕੇ ਕਿੱਸਾ ਰਚਨਾ ਆਰੰਭ ਹੋਈ ਜਿਸ ਨੇ ਪੰਜਾਬੀ ਸਮਾਜ ਦੀ ਚੇਤਨਾ ਨੂੰ ਹਲੂਣਿਆ ਅਤੇ ਪਰੰਪਰਕ ਵਿਰਸੇ ਵੱਲ ਮੋੜਨ ਦਾ ਸੰਭਵ ਯਤਨ ਕੀਤਾ।

ਸਮਾਜ ਸੁਧਾਰਕ ਕਿੱਸੇ:-

[ਸੋਧੋ]

ਉਨ੍ਹੀਵੀਂ ਸਦੀ ਦੇ ਦੂਸਰੇ ਅੱਧ ਵਿੱਚ ਚੱਲੀ ਈਸਾਈ ਮਿਸ਼ਨਰੀ ਲਹਿਰ ਨੇ ਪੱਛਮੀ ਸਾਹਿਤ ਦੇ ਪ੍ਰਚਾਰ ਨਾਲ ਪੰਜਾਬ ਸਮਾਜ ਨੂੰ ਪ੍ਰਭਾਵਿਤ ਕੀਤਾ। ਇਸ ਮਨੋਰਥ ਪ੍ਰਾਪਤੀ ਲਈ ਉਹਨਾਂ ਨੇ ਆਧੁਨਿਕ ਤੇ ਵਿਗਿਆਨਕ ਤਰੀਕਾ ਅਪਨਾਇਆ ਜਿਸ ਤੋਂ ਪੰਜਾਬੀ ਸਮਾਜ ਅਨਜਾਣ ਸੀ। ਇਸ ਸੰਬੰਧੀ ਡਾ. ਹਰਿਭਜਨ ਸਿੰਘ ਇਸ ਤਰ੍ਹਾਂ ਦੱਸਦੇ ਹਨ, “ਕਿ ਈਸਾਈ ਮਿਸ਼ਨਰੀਆਂ ਦਾ ਪੰਜਾਬ ਵਿੱਚ ਆਗਮਨ ਬਹੁਤ ਮਹੱਤਵਸ਼ਾਲੀ ਘਟਨਾ ਹੈ। ਪਹਿਲਾਂ ਉਹਨਾਂ ਪੰਜਾਬੀ ਭਾਸ਼ਾ ਨੂੰ ਵਿਦਿਆਰਥੀਆਂ ਵਾਂਗ ਪੜ੍ਹਿਆ, ਉਹ ਦੀਆਂ ਵਿਆਕਰਨਾਂ, ਕੋਸ਼ ਅਤੇ ਸ਼ਬਦਾਵਲੀ-ਸੰਗ੍ਰਹਿ ਤਿਆਰ ਕੀਤੇ ਅਤੇ ਫੇਰ ਪੰਜਾਬੀਆ ਤੱਕ ਅਪੜਨ ਲਈ ਪੁਸਤਕਾਂ ਛਾਪਣੀਆਂ ਅਤੇ ਵੱਡੇ ਪੈਮਾਨੇ ਤੇ ਵੰਡਣੀਆਂ ਸ਼ੁਰੂ ਕੀਤੀਆਂ।" ਜਿਸ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬੀ ਸਮਾਜ ਪੱਛਮੀ ਵਿੱਦਿਆ ਅਤੇ ਤਕਨਾਲੋਜੀ ਤੋਂ ਪ੍ਰਭਾਵਿਤ ਹੋਇਆ। ਪੇਂਡੂ ਸਮਾਜ ਦਾ ਰੁਝਾਨ ਸ਼ਹਿਰੀਕਰਣ ਵੱਲ ਹੋਇਆ ਅਤੇ ਪੰਜਾਬੀ ਲੋਕਾਂ ਨੇ ਪੱਛਮੀ ਸਮਾਜ ਦੇ ਆਚਾਰ ਵਿਚਾਰ ਨੂੰ ਬੜੀ ਤੇਜ਼ੀ ਨਾਲ ਕਬੂਲਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ਾਂ ਦੀ ਗਿਣੀ ਮਿਥੀ ਸਿੱਖਿਆ ਨੀਤੀ ਅਨੁਸਾਰ ਪੰਜਾਬੀ ਸਮਾਜ ਉੱਪਰ ਇਸ ਦੇ ਪ੍ਰਭਾਵ ਬਾਰੇ ਇਤਿਹਾਸਕਾਰ ਖੁਸ਼ਵੰਤ ਸਿੰਘ ਇਸ ਤਰ੍ਹਾਂ ਲਿਖਦੇ ਹਨ, “ਪੱਛਮੀ ਸਿੱਖਿਆ ਦੇ ਸ਼ੁਰੂ ਹੋਣ ਨਾਲ ਸਿੱਖਾਂ ਵਿੱਚ ਆਰਥਕ, ਸਮਾਜਕ ਤੇ ਰਾਜਸੀ ਤਬਦੀਲੀਆਂ ਆਈਆਂ।" ਇਨ੍ਹਾਂ ਤਬਦੀਲੀਆਂ ਦੇ ਭਵਿੱਖ ਵਿੱਚ ਨਿਕਲਣ ਵਾਲੇ ਭਿਆਨਕ ਸਿੱਟਿਆਂ ਨੂੰ ਰੋਕਣ ਲਈ ਤਤਕਾਲੀਨ ਪੰਜਾਬੀ ਸਮਾਜ ਵਿੱਚ ‘ਨਿਰੰਕਾਰੀ ਲਹਿਰ`, ‘ਨਾਮਧਾਰੀ ਲਹਿਰ`, ‘ਸਿੰਘ ਸਭਾ ਲਹਿਰ`, ‘ਅਕਾਲੀ ਲਹਿਰ`, ਆਦਿ ਸਮਾਜ ਸੁਧਾਰਕ ਲਹਿਰਾਂ ਚੱਲੀਆਂ। ਇਨ੍ਹਾਂ ਲਹਿਰਾਂ ਦਾ ਮੂਲ ਮਨੋਰਥ ਪੰਜਾਬੀ ਸਮਾਜ ਵਿੱਚ ਅੰਗਰੇਜ਼ੀ ਸਮਾਜ ਦੇ ਪ੍ਰਭਾਵ ਅਧੀਨ ਫੈਲੀਆਂ ਕੁਰਹਿਤਾਂ ਨੂੰ ਦੂਰ ਕਰਨਾ ਸੀ। ਆਪਣੇ ਪਰੰਪਰਕ ਗੌਰਵਸ਼ਾਲੀ ਵਿਰਸੇ ਨੂੰ ਬਚਾਉਣ ਲਈ ਪੁਨਰ ਜਾਗ੍ਰਿਤੀ ਦੀਆਂ ਇਨ੍ਹਾਂ ਲਹਿਰਾਂ ਦੇ ਪ੍ਰਭਾਵ ਅਧੀਨ ਇਸ ਸਮੇਂ ਦੇ ਕਿੱਸਾਕਾਰ ਵੀ ਸਮਾਜ ਸੁਧਾਰਕ ਕਿੱਸਿਆ ਵੱਲ ਰੁਚਿਤ ਹੰੁਦੇ ਹਨ। ਇਸ ਸਮੇਂ ‘ਕਲਯੁਗ ਦੇ ਲੱਛਣ`, ‘ਜ਼ਮਾਨੇ ਦੀ ਹਾਲਤ`, ‘ਕਿੱਸਾ ਹੁੱਕੇਬਾਜ਼ਾਂ ਦਾ`, ‘ਦਰਾਣੀਆਂ ਜੇਠਾਣੀਆਂ`, ‘ਘੁੰਡੀ ਵਾਲੀ ਨਾਰ`, ‘ਵਿਧਵਾ ਵਿਚਾਰੀ`, ‘ਇਲਮਦਾਰ ਔਰਤ`, ‘ਅੱਜਕਲ੍ਹ ਦਾ ਜ਼ਮਾਨਾ`, ‘ਅਮਲੀਆਂ ਦੇ ਝਗੜੇ`, ‘ਵਿਧਵਾ ਵਿਚਾਰੀ`, ‘ਦੁਖੀ ਨਾਂਰ ਦੀ ਪੁਕਾਰ`, ‘ਬੁੱਢੇ ਦੀ ਨਾਰ`, ‘ਰੰਡੀਆਂ ਦਾ ਹਾਲ`, ‘ਕਲਯੁਗ ਦੇ ਬ੍ਰਾਹਮਣ ਆਦਿ ਤਤਕਾਲੀਨ ਸਮਾਜ ਸੁਧਾਰਕ ਪ੍ਰਸੰਗਾਂ ਤੇ ਆਧਾਰਿਤ ਕਿੱਸਾ ਰਚਨਾ ਆਰੰਭ ਹੋਈ।

ਫੁੱਟਕਲ ਕਿੱਸੇ:

[ਸੋਧੋ]

ਵਿਚਾਰਧੀਨ ਕਾਲਖੰਡ ਦਾ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਅਧਿਐਨ ਕਰਦਿਆਂ ਕੁਝ ਅਜਿਹੇ ਕਿੱਸੇ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਹਨਾਂ ਵਿੱਚ ਸਥਾਨਕ ਘਟਨਾਵਾਂ ਤੇ ਪ੍ਰੀਤ ਕਥਾਵਾਂ ਨੁੂੰ ਰਚਨਾ ਦਾ ਵਿਸ਼ਾ ਬਣਾਇਆ ਗਿਆ ਹੈ। ਇਨ੍ਹਾਂ ਕਿੱਸਿਆ ਦੀ ਸਾਹਿਤਿਕ ਤੇ ਸਮਾਜ ਸੱਭਿਆਚਾਰਕ ਸੰਦਰਭ ਵਿੱਚ ਕੋਈ ਵੀ ਮਹਾਨਤਾ ਨਹੀਂ ਹੈ ਜਿਸ ਕਰ ਕੇ ਇਹ ਕਿੱਸਾ ਕਾਵਿ ਦੀ ਕਿਸੇ ਵੀ ਸ਼ੇ੍ਰਣੀ ਨਾਲ ਸੰਬੰਧਤ ਨਹੀਂ ਹਨ। ਇਸ ਲਈ ਇਨ੍ਹਾਂ ਰਚਨਾਵਾਂ ਨੂੰ ਫੁੱਟਕਲ ਕਿੱਸਿਆਂ ਦੇ ਸਿਰਲੇਖ ਹੇਠ ਵਿਚਾਰਿਆ ਜਾ ਰਿਹਾ ਹੈ। ਇਸ ਸਮੇਂ ਰਚਿਤ ‘ਸ਼ਾਮ ਕੌਰ`, ‘ਤੇਜ਼ ਕੌਰ`, ‘ਕਿਹਰ ਸਿੰਘ ਦੀ ਮੌਤ`, ‘ਲਾਲ ਸਿੰਘ ਸੂਰਮਾ`, ‘ਜੈਕੁਰ ਬਿਸ਼ਨ ਸਿੰਘ`, ‘ਕਰਤਾਰੋ ਜਮੀਤਾ`, ‘ਨੋਟੰਕੀ ਸ਼ਹਿਜਾਦੀ ਅਤੇ ਰੂਪਕਲਾ ਜਾਦੂਗਰਨੀ`, ‘ਕਿੱਸਾ ਪਰਤਾਪੀ ਦਾ`, ‘ਬੇਗੋਨਾਰ`, ‘ਇੰਦਰ ਬਾਣੀਆ ਤੇ ਬੇਗੋਨਾਰ`, ‘ਰਤਨੀ ਸੁਨਿਆਰੀ`, ‘ਕਿੱਸਾ ਰੇਲ ਦਾ`, ‘ਚਾਹ ਤੇ ਲੱਸੀ ਦਾ ਝਗੜਾ`, ਆਦਿ ਫੁੱਟਕਲ ਕਿੱਸਾ ਰਚਨਾਵਾਂ ਪ੍ਰਾਪਤ ਹੁੰਦੀਆਂ ਹਨ ਵਿਚਾਰਧੀਨ ਕਾਲਖੰਡ ਦੇ ਕਿੱਸਾ ਕਾਵਿ ਬਾਰੇ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਉੱਪਰੋਕਤ ਵਿਸ਼ਲੇਸ਼ਣ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਇਸ ਸਮੇਂ ਦਾ ਕਿੱਸਾ ਕਾਵਿ ਇੱਕ ਪਾਸੇ ਪਰੰਪਰਾ ਨਾਲ ਜੁੜਿਆ ਹੋਇਆ ਹੈ ਅਤੇ ਦੂਸਰੇ ਪਾਸੇ ਇਹ ਸਮਕਾਲੀਨ ਯਥਾਰਥ ਦਾ ਪ੍ਰਭਾਵ ਕਬੂਲਦਾ ਹੋਇਆ ਨਵੀਆਂ ਕਥਾਵਾਂ ਦੀ ਸਿਰਜਣਾ ਕਰਨ ਦੇ ਆਹਰ ਵਿੱਚ ਜੁਟਦਾ ਹੈ। ਇਸ ਸਮੁੱਚੇ ਸਮੇਂ ਦਾ ਕਿੱਸਾ ਕਾਵਿ ਤਤਕਾਲੀਨ ਰਾਜਨੀਤਿਕ, ਆਰਥਿਕ ਸਮਾਜਿਕ ਤੇ ਸੱਭਿਆਚਾਰਕ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਆਪਣਾ ਸਾਹਿਤਿਕ ਪ੍ਰਵਚਨ ਉਸਾਰਦਾ ਨਜਰ ਆਉਂਦਾ ਹੈ ਅਤੇ ਪੰਜਾਬੀ ਸਮਾਜ ਦੀ ਮਾਨਸਿਕਤਾ ਵਿੱਚ ਆ ਰਹੇ ਪਰਿਵਰਤਨ ਦੀ ਪੇੇਸ਼ਕਾਰੀ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਕਰਦਾ ਹੈ। ਮਿਸਾਲ ਵਜੋਂ ਇਸ ਕਾਲ ਵਿੱਚ ਫ਼ਜ਼ਲ ਸ਼ਾਹ, ਮੀਆਂ ਮੁਹੰਮਦ ਬਖ਼ਸ਼ ਜਿਹਲਮੀ, ਮੀਆਂ ਮੁਹੰਮਦ ਬੂਟਾ, ਮੌਲਵੀ ਗੁਲਾਮ ਰਸੂਲ, ਕ੍ਰਿਸ਼ਨ ਸਿੰਘ ਆਰਿਫ, ਭਗਵਾਨ ਸਿੰਘ, ਦੌਲਤ ਰਾਮ, ਪੰਡਤ ਮਾਨ ਸਿੰਘ ਕਾਲੀਦਾਸ, ਕਰਤਾਰ ਸਿੰਘ ਕਲਾਸਵਾਲੀਆ, ਧਨੀ ਰਾਮ ਚਾਤ੍ਰਿਕ, ਪੰਡਤ ਕਿਸ਼ੋਰ ਚੰਦ, ਬਾਬੂ ਰਜ਼ਬ ਅਲੀ ਅਤੇ ਵਿਧਾਤਾ ਸਿੰਘ ਤੀਰ ਸ਼ਿਰੋਮਣੀ ਕਿੱਸਾਕਾਰ ਹੋਏ ਹਨ ਜਿੰਨ੍ਹਾਂ ਨੇ ਆਪਣੀਆਂ ਹਸਤਾਖਰੀ ਲਿਖਤਾਂ ਰਾਹੀ ਪੰਜਾਬੀ ਕਿੱਸਾ ਕਾਵਿ ਜਗਤ ਨੂੰ ਨਵੇਂ ਵਿਸ਼ਿਆਂ ਦੇ ਪ੍ਰਸੰਗ ਵਿੱਚ ਵਿਸਥਾਰ ਦੇਣ ਦਾ ਮਹੱਤਵਪੂਰਨ ਯਤਨ ਕੀਤਾ ਹੈ। ਨਿਸ਼ਚੇ ਹੀ ਅਧਿਐਨ ਕਾਲ ਦਾ ਕਿੱਸਾ ਕਾਵਿ ਨਵੀਆਂ ਸੰਭਾਵਨਾਵਾਂ ਵਲ ਵਧਦਾ ਨਜਰ ਆਉਂਦਾ ਹੈ।