ਸ਼ਾਮ ਸਿੰਘ ਅਟਾਰੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਮ ਸਿੰਘ ਅਟਾਰੀ ਇੱਕ ਸਿੱਖ ਫੌਜ ਵਿੱਚ ਜਰਨੈਲ ਸੀ। ਉਹ ਸਭਰਾਵਾਂ ਦੀ ਲੜਾਈ ਵਿੱਚ ਆਪਣੀ ਬਹਾਦਰੀ ਲਈ ਮਸ਼ਹੂਰ ਹੈ।

ਮੁਢਲਾ ਜੀਵਨ[ਸੋਧੋ]

ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿੱਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਵਿੱਚ ਕਾਉਂਕੇ ਵਿੱਚ ਜਾ ਵੱਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇੱਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੋੜ੍ਹੀ ਰਖਵਾਈ ਅਤੇ ਉਂਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਆਪ ਜੀ ਦੇ ਪਿਤਾ ਸ. ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ।

ਫੌਜ ਵਿੱਚ ਭਰਤੀ[ਸੋਧੋ]

ਸ਼ਾਮ ਸਿੰਘ ਅਟਾਰੀ ਵੀ ਚੰਗੇ ਘੋੜ-ਸਵਾਰ, ਤੀਰ-ਅੰਦਾਜ਼ ਤੇ ਤਲਵਾਰਬਾਜ਼ ਸਨ। ਆਪ ਇਮਾਨਦਾਰ, ਨੇਕ, ਸੱਚੇ-ਸੁੱਚੇ, ਪਰਉਪਕਾਰੀ ਅਤੇ ਦਲੇਰ ਆਦਮੀ ਸਨ। ਸ਼ਾਮ ਸਿੰਘ ਅਟਾਰੀ ਵੀ ਸ. ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਚੁੱਕਾ ਸੀ।

ਲੜਾਈ ਵਿੱਚ ਬਹਾਦਰੀ[ਸੋਧੋ]

ਸ਼ਾਮ ਸਿੰਘ ਅਟਾਰੀ ਨੇ ਮੁਲਤਾਨ ਦੀ ਲੜਾਈ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਵਿਖਾਈ। ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਆਪ ਨੂੰ ਇੱਕ ਹੀਰਿਆਂ ਜੜੀ ਕਲਗੀ ਇਨਾਮ ਵਜੋਂ ਦਿੱਤੀ। ਇਸ ਤੋਂ ਬਾਅਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਈ। ਆਪ ਦੀ ਲਾਹੌਰ ਦਰਬਾਰ ਨਾਲ ਸਾਂਝ ਪੈਣ ਕਰਕੇ ਹੋਰ ਸ਼ਾਨੋ-ਸ਼ੌਕਤ ਵਧ ਗਈ। ਆਪ ਫੌਜਾਂ ਦੇ ਕਮਾਂਡਰ ਬਣੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿੱਚ ਵਾਪਰ ਰਹੀਆਂ ਕੁਝ ਗਲਤ ਘਟਨਾਵਾਂ ਨੂੰ ਵੇਖ ਕੇ ਆਪ ਨੌਕਰੀ ਛੱਡ ਕੇ ਅਟਾਰੀ ਆ ਗਏ।[1]

ਗ਼ਦਾਰਾਂ ਕਾਰਨ ਵਾਪਸੀ[ਸੋਧੋ]

ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ-ਹਰਾਮੀ ਵਜ਼ੀਰ ਧਿਆਨ ਸਿੰਹੁ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿੱਚ ਗ਼ਦਾਰੀ ਦਾ ਛੁਰਾ ਮਾਰ ਰਹੀ ਸੀ। ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ, ਮੁੱਦਕੀ ਦੀ ਲੜਾਈ, ਫੇਰੂਸ਼ਹਿਰ ਦੀ ਲੜਾਈ, ਬੱਦੋਵਾਲ ਦੀ ਲੜਾਈ ਅਤੇ ਆਲੀਵਾਲ ਦੀ ਲੜਾਈ ਦੀਆਂ ਲੜਾਈਆਂ ਵਿੱਚ ਸਵਾਰਥੀ ਡੋਗਰਿਆਂ ਦੀ ਗ਼ਦਾਰੀ ਕਾਰਨ ਸਿੱਖਾਂ ਦੀ ਹਾਰ ਹੋਈ। ਅਖੀਰ ਵਿੱਚ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਮਹਾਰਾਣੀ ਜਿੰਦ ਕੌਰ ਨੇ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਵਾਗਡੋਰ ਸਾਂਭੋ। ਚਿੱਠੀ ਵਿੱਚ ਜਦੋਂ ਸਿੱਖਾਂ ਦੀ ਹਾਰ ਅਤੇ ਗ਼ਦਾਰਾਂ ਦੀ ਗ਼ਦਾਰੀ ਬਾਰੇ ਸਰਦਾਰ ਨੇ ਪੜ੍ਹਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ, ਡੌਲ਼ੇ ਫਰਕੇ। ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਕਿ ਜਾਂ ਤਾਂ ਰਣ-ਮੈਦਾਨ ਵਿੱਚ ਜਿੱਤ ਕੇ ਆਵੇਗਾ ਜਾਂ ਸ਼ਹੀਦੀ ਪਾਵੇਗਾ।

ਉਹਦੀ ਦਸਤਾਰ ਸੋਹਣੀ, ਗ਼ੁਫ਼ਤਾਰ ਸੋਹਣੀ, ਰਫ਼ਤਾਰ ਸੋਹਣੀ, ਕੀ ਕਹੀਏ ਕੁਝ ਨਹੀਂ ਕਹਿਣ ਵਾਲਾ। ਕਾਦਰ ਯਾਰ ਜੱਗ ’ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ।

— ਕਵੀ ਕਾਦਰ ਯਾਰ

[[[2]]][ਸੋਧੋ]

ਕਹਿਣੀ ਤੇ ਕਰਨੀ ਦਾ ਧਨੀ ਸੂਰਮਾ 9 ਫਰਵਰੀ, 1846 ਨੂੰ ਸਭਰਾਵਾਂ ਦੀ ਲੜਾਈ ਦੇ ਮੈਦਾਨ ਵਿੱਚ ਆ ਪੁੱਜਾ। ਸਤਲੁਜ ਦਰਿਆ ਪਾਰ ਕਰ ਕੇ 10 ਫਰਵਰੀ ਨੂੰ ਲੜਾਈ ਆਰੰਭ ਹੋ ਗਈ। ਪਰ ਫਿਰ ਗ਼ਦਾਰ ਤੇਜਾ ਸਿੰਹੁ ਤੇ ਲਾਲ ਸਿੰਹੁ ਨੇ ਐਨ ਉਸ ਵੇਲੇ ਗ਼ਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ਾਂ ਦੀ ਫੌਜ ਨੂੰ ਮੋਰਚਿਆਂ ਵਿੱਚੋਂ ਭਜਾ ਦਿੱਤਾ ਸੀ। ਸਿੱਖ ਫੌਜਾਂ ਦੀ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗ਼ਦਾਰਾਂ ਨੇ ਸਿੱਖ ਫੌਜਾਂ ਦਾ ਬਰੂਦ ਅਸਲਾ ਬੰਦ ਕਰ ਦਿੱਤਾ ਅਤੇ ਸਤਲੁਜ ਦਰਿਆ ’ਤੇ ਬਣਿਆ ਬੇੜੀਆਂ ਦਾ ਪੁਲ ਤੋੜ ਦਿੱਤਾ। ਅਖੀਰ ਵਿੱਚ ਸਰਦਾਰ ਸ਼ਾਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਉਂਤੇ ਹਮਲਾ ਕੀਤਾ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸਰਦਾਰ ਸ਼ਾਮ ਸਿੰਘ ਨੇ ਖ਼ਾਲਸਾ ਫ਼ੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫ਼ਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨ-ਏ-ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫ਼ੌਜਾਂ ਦਰਮਿਆਨ ਆਰ ਤੇ ਪਾਰ ਦੀ ਜੰਗ ਸ਼ੁਰੂ ਹੋ ਗਈ। ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਦੋਵਾਂ ਧਿਰਾਂ ਦਰਮਿਆਨ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰੱਖਦਿਆਂ ਇੱਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਹਾਂ ਪਾਸਿਉਂ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।...... ......:ਸ਼ਾਹ ਮੁਹੰਮਦਾ ਸਿਰਾਂ ਦੀ ਲਾ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ।

ਸ਼ਾਹ ਮੁਹੰਮਦ

ਹਵਾਲੇ[ਸੋਧੋ]

  1. ਬਾਈ ਬਲਵਿੰਦਰ ਸਿੰਘ "ਗੁਰਮਤ ਪ੍ਰਕਾਸ਼ ਵਿਚੌਂ"
  2. ਅੰਗਰੇਜ ਸਿੰਘ ਹੁੰਦਲ (09 ਫ਼ਰਵਰੀ 2016). "ਸਭਰਾਵਾਂ ਦੀ ਲੜਾਈ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. {{cite web}}: Check date values in: |date= (help)