ਸਮੱਗਰੀ 'ਤੇ ਜਾਓ

ਮਚਾਕੀ ਮੱਲ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਚਾਕੀ ਮੱਲ ਸਿੰਘ ਵਾਲਾ ਤੋਂ ਮੋੜਿਆ ਗਿਆ)
ਮਚਾਕੀ ਮੱਲ ਸਿੰਘ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਬਲਾਕਕੋਟਕਪੂਰਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
151209
ਨੇੜੇ ਦਾ ਸ਼ਹਿਰਫ਼ਰੀਦਕੋਟ

ਮਚਾਕੀ ਮੱਲ ਸਿੰਘ ਜ਼ਿਲਾ ਫ਼ਰੀਦਕੋਟ (ਪੰਜਾਬ) ਦਾ ਇੱਕ ਪਿੰਡ ਹੈ। ਇਸ ਦੇ ਨਾਲ ਫ਼ਰੀਦਕੋਟ, ਜਲਾਲੇਆਣਾ, ਢੀਮਾਂਵਾਲੀ ਦੀਆਂ ਹੱਦਾਂ ਲਗਦੀਆਂ ਹਨ। ਮਚਾਕੀ ਮੱਲ ਸਿੰਘ ਦੇ ਨੇੜਦੀ ਸਰਹਿੰਦ ਨਹਿਰ ਅਤੇ ਰਾਜਸਥਾਨ ਨਹਿਰਾਂ ਵੱਗਦੀਆਂ ਹਨ।

ਇਤਿਹਾਸ

[ਸੋਧੋ]

ਵਸੀਹ ਸੇਖੋਂ ਪਰਿਵਾਰ ਦੇ ਮੁਹਤਬਰਾਂ ਅਤੇ ਵਡੇਰੇ ਸੱਜਣਾਂ ਤੋਂ ਸੀਨਾ-ਬ-ਬਸੀਨਾ ਤੁਰੀ ਆਉਂਦੀ ਜਾਣਕਾਰੀ ਅਨੁਸਾਰ 'ਸੇਖੋਂ' ਰਾਜਪੂਤਾਂ ਦੀ ਅੰਸ਼ ਵਿੱਚੋਂ ਇੱਕ ਯੋਧੇ ਦਾ ਨਾਂ ਸੀ। ਉਹ ਤੇ ਉਹਦਾ ਪਰਿਵਾਰ ਪਹਿਲਾਂ ਲੁਧਿਆਣੇ ਨੇੜਲੇ ਪਿੰਡ ਛਪਾਰ ਕੋਲ਼ ਬੈਠੇ। ਅੱਜ ਦਾ ਪ੍ਰਸਿੱਧ 'ਛਪਾਰ ਦਾ ਮੇਲਾ' ਪਹਿਲਾਂ 'ਸੇਖੋਂਆਂ ਦਾ ਮੇਲਾ' ਹੀ ਕਹਾਉਂਦਾ ਸੀ। ਸੇਖੋਂਆਂ ਦੇ ਬਜ਼ੁਰਗ ਬਾਜਾ, ਦਲਪਤ ਤੇ ਦੁਲਚੀ ਸਨ। ਬਾਜੇ ਦਾ ਪੁੱਤਰ ਜੋਗਾ ਅਤੇ ਜੋਗੇ ਦਾ ਕਾਬਲ ਸੀ। ਕੁਝ ਸੇਖੋਂਆਂ ਨੇ ਅੰਮ੍ਰਿਤ ਪਾਨ ਕਰ ਲਿਆ ਤੇ ਸਿੰਘ ਸਜ ਗਏ। ਜਿਹਨਾਂ ਵਿੱਚ ਭਗਵਾਨ ਸਿੰਘ ਅਤੇ ਤੇਜਾ ਸਿੰਘ ਸ਼ਾਮਲ ਸਨ। ਮੱਲ ਸਿੰਘ ਸੇਖੋਂ ਦੇ ਨਾਂ 'ਤੇ ਪਿੰਡ ਮਚਾਕੀ ਮੱਲ ਸਿੰਘ ਬੱਝਾ, ਜੋ ਕਿ ਅੱਜ ਦੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਹੀ ਸ਼ਾਮਲ ਹੈ ਅਤੇ ਫ਼ਰੀਦਕੋਟ ਸ਼ਹਿਰ ਤੋਂ ਕੋਈ ਸੱਤ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸੇਖੋਂ ਦੀ ਔਲ਼ਾਦ ਵਿੱਚੋਂ ਹੀ ਕਿਸੇ ਨੇ ਅਜੋਕੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਸੇਖਵਾਂ ਦੀ ਮੋਹੜੀ ਗੱਡੀ। ਪਿੱਛੋਂ ਸੇਖੋਆਂ ਦੇ ਕੁਝ ਪਰਵਾਰ ਹੀ ਅੱਜ ਦੇ ਪਿੰਡ ਮਚਾਕੀ ਕਲਾਂ ਵਾਲ਼ੀ ਥਾਂ 'ਤੇ ਆ ਟਿਕੇ। ਇਸੇ ਪਿੰਡ ਵਿੱਚੋਂ ਹੀ ਮਚਾਕੀ ਖ਼ੁਰਦ ਹੋਂਦ ਵਿੱਚ ਆਇਆ। ਜਦੋਂ ਪਿੰਡ 'ਮਚਾਕੀ ਮੱਲ ਸਿੰਘ' ਵਿੱਚ ਜਾ ਕੇ ਇਸਦੇ ਪਿਛੋਕੜ ਬਾਰੇ ਪਤਾ ਕੀਤਾ ਤਾਂ ਇੱਕ ਨਵੀਂ ਗੱਲ ਸਾਹਮਣੇ ਆਈ। 75 ਸਾਲਾ ਬੀਬੋ ਕੌਰ ਏਸੇ ਪਿੰਡ ਦੀ ਧੀ ਹੈ, ਤੇ ਪੁਰਾਤਨ ਰਸਮਾਂ ਸਬੰਧੀ ਉਹ ਤੁਰਦੀ-ਫ਼ਿਰਦੀ ਕਿਤਾਬ ਹੈ। ਉਸਨੇ ਦੱਸਿਆ ਕਿ 'ਮਚਾਕੀ' ਨਾਂ ਦੀ ਕੋਈ ਔਰਤ ਫ਼ਰੀਦਕੋਟ ਰਿਆਸਤ ਦੇ ਰਾਜ ਘਰਾਣੇ ਨਾਲ਼ ਸਬੰਧਤ ਸੀ। ਸ਼ਾਇਦ ਉਸ ਔਰਤ ਦੀ ਜ਼ਮੀਨ 'ਤੇ ਹੀ ਮੱਲ ਸਿੰਘ ਸੇਖੋਂ ਨੇ ਪਿੰਡ ਦੀ ਮੋਹੜੀ ਗੱਡੀ ਜਿਸ ਕਰਕੇ ਪਿੰਡ ਦਾ ਨਾਂ 'ਮਚਾਕੀ ਮੱਲ ਸਿੰਘ' ਪੈ ਗਿਆ। ਪੰਜਾਬ ਦੇ ਸੁਪ੍ਰਸਿੱਧ ਖੋਜੀ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਦਾ ਵੀ ਵਿਚਾਰ ਹੈ ਕਿ ਔਰਤ ਵਾਲ਼ੀ ਗੱਲ ਦੀ ਇਤਹਾਸਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਹਾਂ ਸੀਨਾ-ਬ-ਬਸੀਨਾ ਤੁਰੀ ਆਉਂਦੀ ਗੱਲ ਵਿੱਚ ਸ਼ਾਇਦ ਕੋਈ ਸਚਾਈ ਹੋਵੇ। ਜੇ ਅਜਿਹਾ ਹੈ ਤਾਂ ਇਹ ਵੀ ਸੰਭਵ ਹੈ ਕਿ ਮਚਾਕੀ ਕਲਾਂ, ਮਚਾਕੀ ਖੁਰਦ ਅਤੇ ਮਚਾਕੀ ਮੱਲ ਸਿੰਘ ਸਾਰੇ ਹੀ ਉਸ ਔਰਤ 'ਮਚਾਕੀ' ਦੀ ਜ਼ਮੀਨ 'ਤੇ ਹੀ ਹੋਂਦ ਵਿੱਚ ਆਏ ਹੋਣ। ਇਸ ਪਿੰਡ ਦੀ ਆਬਾਦੀ ਲਗਭਗ 5000 ਤੇ ਵੋਟ 2400 ਦੇ ਕਰੀਬ ਹੈ।

ਸਵ. ਬਾਬਾ ਜੋਗਿੰਦਰ ਸਿੰਘ

[ਸੋਧੋ]

ਸਵ. ਬਾਬਾ ਜੋਗਿੰਦਰ ਸਿੰਘ ਇਸ ਪਿੰਡ ਦੇ ਅਤਿ ਸਤਿਕਾਰਯੋਗ ਵਡੇਰੇ ਹਨ। ਉਹਨਾਂ ਜਿਉਂਦੇ ਜੀਅ ਇਸ ਪਿੰਡ ਦੇ ਸਾਂਝੇ ਕੰਮਾਂ ਲਈ ਬੇਲਾਗ਼ ਸੇਵਾ ਕੀਤੀ ਤੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਪਿੰਡ ਵਾਸੀਆਂ ਵਿੱਚ ਉਹਨਾਂ ਦੇ ਨਾਂ ਪ੍ਰਤੀ ਅਸੀਮ ਸ਼ਰਧਾ ਹੈ। ਪਿੰਡ ਦੀ ਹਰ ਮਹੱਤਵਪੂਰਨ ਜਗ੍ਹਾ ਦਾ ਨਾਂ ਉਹਨਾਂ ਦੇ ਨਾਂ ਨਾਲ਼ ਹੀ ਜੋੜਿਆ ਗਿਆ ਹੈ। ਪਿੰਡ ਦਾ ਵਸੀਹ ਸਟੇਡੀਅਮ, ਜਿੰਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਣੇ 'ਬੋਟੈਨੀਕਲ ਗਾਰਡਨ' ਦਾ ਨਾਂ ਵੀ ਉਹਨਾਂ ਦੇ ਸਤਿਕਾਰਤ ਨਾਂ ਨਾਲ਼ ਹੀ ਜੁੜਿਆ ਹੋਇਆ ਹੈ। ਇੱਕ ਕਲੱਬ ਵੀ ਬਾਬਾ ਜੋਗਿੰਦਰ ਸਿੰਘ ਦੇ ਨਾਂ 'ਤੇ ਬਣੀ ਹੋਈ ਹੈ। ਉਹਨਾਂ ਦੇ ਨਾਂ 'ਤੇ ਪਿੰਡ ਵਾਸੀ ਅੱਜ ਵੀ ਇੱਕ-ਦੂਜੇ ਤੋਂ ਮੂਹਰੇ ਹੋ ਕੇ ਦਾਨ ਦਿੰਦੇ ਹਨ। ਸ਼ਾਇਦ ਬਾਹਰਲੇ ਲੋਕਾਂ ਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਪਿੰਡ ਦੇ ਗੁਰਦੁਆਰਾ ਕਰੀਰ ਸਾਹਿਬ ਦੇ ਨਵ-ਨਿਰਮਾਣ ਲਈ ਹਰ ਪਿੰਡ ਵਾਸੀ ਨੇ ਆਪਣੀ ਇੱਕ ਕਿੱਲਾ ਜ਼ਮੀਨ ਮਗਰ 1000 ਰੁਪੈ ਸਾਲਾਨਾ ਦੇਣ ਦਾ ਵਾਅਦਾ ਕੀਤਾ ਹੋਇਆ ਹੈ ਤੇ ਇਹ ਵਾਅਦਾ ਨਿਭਾਇਆ ਵੀ ਜਾ ਰਿਹਾ ਹੈ।

ਰਾਜਨੀਤਿਕ ਸਥਿਤੀ

[ਸੋਧੋ]

ਬਲਵਿੰਦਰ ਕੌਰ ਪਿੰਡ ਦੇ ਮੌਜੂਦਾ ਸਰਪੰਚ ਹਨ। ਸਾਬਕ ਸਰਪੰਚਾਂ ਵਿੱਚ ਕੁਲਬੀਰ ਸਿੰਘ ਸੇਖੋਂ ਹਨ। ਪ੍ਰੀਤਮ ਸਿੰਘ ਸੇਖੋਂ 10 ਸਾਲ ਸਰਪੰਚ ਰਹੇ। ਜਸਵੰਤ ਸਿੰਘ ਸੇਖੋਂ ਲਗਾਤਾਰ 11 ਸਾਲ ਸਰਪੰਚ ਰਹੇ। ਤਰਸੇਮ ਕੌਰ ਸਰਪੰਚ ਦੇ ਨਾਲ਼ ਨਾਲ਼ ਬਲਾਕ ਸੰਮਤੀ ਮੈਂਬਰ ਰਹੇ, ਉਹ ਇਸਤ੍ਰੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਸਨ। ਉਹਨਾਂ ਸਕੂਲ ਦੀ ਤਰੱਕੀ ਲਈ ਬੜੀ ਦਿਲਚਸਪੀ ਲਈ। ਗਿੰਦਰਜੀਤ ਸਿੰਘ ਸੇਖੋਂ ਬਲਾਕ ਸੰਮਤੀ ਮੈਂਬਰ ਵੀ ਰਹੇ। ਚਰਨਜੀਤ ਕੌਰ, ਬਲਵਿੰਦਰ ਸਿੰਘ ਸੇਖੋਂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਵ. ਦਲ ਸਿੰਘ ਸੇਖੋਂ ਬਲਾਕ ਸੰਮਤੀ ਮੈਂਬਰ, ਕਪੂਰ ਸਿੰਘ ਸੇਖੋਂ ਅਤੇ ਜ਼ੈਲਦਾਰ ਸੁੱਚਾ ਸਿੰਘ ਸੇਖੋਂ ਵੀ ਪਿੰਡ ਦੇ ਸਰਪੰਚ ਰਹੇ। ਗੁਰਦੁਆਰਾ ਕਰੀਰ ਸਾਹਿਬ ਦੇ ਪ੍ਰਧਾਨ ਹਨ ਕੁਲਵੀਰ ਸਿੰਘ, ਗੁਰਦੁਆਰਾ ਖੂਹੀ ਸਾਹਿਬ ਦੇ ਪ੍ਰਧਾਨ ਹਨ ਜਸਵੀਰ ਸਿੰਘ ਸੇਖੋ। ਦੋ ਮੰਦਰ ਹਨ ਵਾਲਮੀਕ ਅਤੇ ਮਾਤਾ ਵੈਸ਼ਨੋ ਦੇਵੀ। ਇੱਕ ਗੁਰਦੁਆਰਾ ਬਾਬਾ ਜੀਵਨ ਸਿੰਘ ਵੀ ਹੈ। ਸਟੇਡੀਅਮ ਵਿੱਚ ਬਾਬਾ ਜੋਗਿੰਦਰ ਸਿੰਘ ਦੀ ਯਾਦ ਵਿੱਚ ਹਰ ਸਾਲ 21, 22 ਤੇ 23 ਫ਼ਰਵਰੀ ਨੂੰ ਮੇਲਾ ਲਗਦਾ ਹੈ। ਪਿੰਡ ਵਿੱਚ ਇੱਕ ਸਹਿਕਾਰੀ ਸਭਾ ਹੈ ਜਿਸਦੇ ਪ੍ਰਧਾਨ ਜਗਸੀਰ ਸਿੰਘ ਹਨ। ਕੋਈ ਬੈਂਕ ਨਹੀਂ ਹੈ। ਪਿੰਡ ਵਿੱਚ ਦੋ ਪੱਤੀਆਂ ਹਨ ਪੱਤੀ ਹਰੀ ਸਿੰਘ ਅਤੇ ਪੱਤੀ ਸ਼ੇਰ ਸਿੰਘ। ਛੇ ਨੰਬਰਦਾਰ ਹਨ ਮੱਖਣ ਸਿੰਘ ਸੇਖੋਂ, ਗੁਰਚਰਨ ਸਿੰਘ ਸੇਖੋਂ, ਜਸਵੀਰ ਸਿੰਘ ਸੇਖੋਂ, ਜੈ ਸਿੰਘ ਸੇਖੋਂ, ਮਨਪ੍ਰੀਤ ਸਿੰਘ ਅਤੇ ਜਰਨੈਲ ਸਿੰਘ।

ਸਮਾਜ ਸੇਵੀ ਸੰਸਥਾਵਾਂ

[ਸੋਧੋ]

ਪਿੰਡ ਵਿੱਚ ਚਾਰ ਕਲੱਬਾਂ ਹਨ ਹਰ ਕਾ ਦਾਸ ਕਲੱਬ, ਬਾਬਾ ਜੋਗਿੰਦਰ ਸਿੰਘ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਕਲੱਬ ਅਤੇ ਯੁਵਕ ਸੇਵਾਵਾਂ ਕਲੱਬ। ਇਹਨਾਂ ਦੇ ਕ੍ਰਮਵਾਰ ਪ੍ਰਧਾਨ ਹਨ ਅੰਗਰੇਜ਼ ਸਿੰਘ ਸੇਖੋਂ, ਰੂਪ ਸਿੰਘ ਸੇਖੋਂ, ਸਤਨਾਮ ਸਿੰਘ ਅਤੇ ਗਿੰਦਰਜੀਤ ਸਿੰਘ ਸੇਖੋਂ। ਪਿੰਡ ਵਿੱਚ ਮਨੁੱਖਾਂ ਦੇ ਇਲਾਜ ਲਈ ਡਿਸਪੈਂਸਰੀ ਅਤੇ ਪਸ਼ੂਆਂ ਲਈ ਹਸਪਤਾਲ ਹੈ। ਪਿੰਡ ਦੇ 40 ਤੋਂ ਉੱਤੇ ਪਰਵਾਰ ਕੈਨੇਡਾ, ਆਸਟ੍ਰੇਲੀਆ, ਜਰਮਨੀ, ਇਟਲੀ, ਮਨੀਲਾ ਅਤੇ ਹੋਰ ਮੁਲਕਾਂ ਦੇ ਵਾਸੀ ਬਣ ਗਏ ਹਨ। ਬਹਾਦਰ ਮਚਾਕੀ ਦੂਰ-ਦਰਸ਼ਨ, ਜਲੰਧਰ ਦੇ ਪ੍ਰੋਗਰਾਮ ਮੇਲੇ ਪਿੰਡਾਂ ਦੇ ਅਤੇ ਮੇਲਾ ਮੇਲੀਆਂ ਦਾ ਦੀ ਐਡਟਿੰਗ ਕਰਦਾ ਰਿਹੈ। ਫ਼ਰੀਦਕੋਟ ਦੀ ਸੁਖਚੈਨ ਸਾਊਂਡ ਸਰਵਿਸ ਬਹੁਤ ਪੁਰਾਣੀ ਹੈ। ਪਿੰਡ ਦੇ ਬਹੁਤ ਸਾਰੇ ਵਸਨੀਕ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਹਨ ਤੇ ਕੁਝ ਸੇਵਾ-ਮੁਕਤ ਵੀ ਹੋ ਗਏ ਹਨ।

ਸਿੱਖਿਆ ਸੰਸਥਾਵਾਂ

[ਸੋਧੋ]

ਇਸ ਪਿੰਡ ਦੇ ਨਾਂ ਦੀ ਖ਼ੁਸ਼ਬੋ ਇਸਦੇ ਸਰਕਾਰੀ ਪ੍ਰਾਇਮਰੀ ਸਕੂਲ ਕਰਕੇ ਹੀ ਪੰਜਾਬ ਭਰ ਵਿੱਚ ਫ਼ੈਲੀ ਹੋਈ ਹੈ। ਇਸ ਸਕੂਲ ਦੇ ਮੁਖ਼ੀ ਹਰਮਿੰਦਰ ਕੌਰ ਹਨ ਤੇ ਸਕੂਲ ਸਰਗਰਮੀਆਂ ਦੇ ਰੂਹੇ-ਰਵਾਂ ਹਨ ਵਰਿੰਦਰ ਕੁਮਾਰ ਸ਼ਰਮਾ। ਜਗਤਾਰ ਸਿੰਘ ਬਰਾੜ ਸਕੂਲ ਕਮੇਟੀ ਦੇ ਚੇਅਰਮੈਨ ਹਨ। ਸਮੁੱਚਾ ਅਧਿਆਪਨ ਸਟਾਫ਼ ਅਤੇ ਸੇਵਾਦਾਰ ਸੁਖਮੰਦਰ ਸਿੰਘ, ਮਹਿੰਦਰ ਕੌਰ ਅਤੇ ਸੁਖਪ੍ਰੀਤ ਕੌਰ ਸਕੂਲ ਪ੍ਰਤੀ ਬੇਹੱਦ ਵਫ਼ਾਦਾਰ ਤੇ ਵਧੀਆ ਕੰਮ ਕਰਨ ਵਾਲ਼ੇ ਹਨ। ਅਧਿਆਪਨ ਸਟਾਫ਼ ਵਿੱਚ ਸੁਖਪਾਲ ਕੌਰ, ਮੀਨਾਕਸ਼ੀ, ਰਮੇਸ਼ ਕੁਮਾਰੀ, ਅਮਰਜੀਤ ਕੌਰ, ਕਿਰਨਜੀਤ ਕੌਰ ਅਤੇ ਬਲਜੀਤ ਕੌਰ ਸ਼ਾਮਲ ਹਨ। ਪਿੰਡ ਵਾਸੀਆਂ ਵੱਲੋਂ ਸਕੂਲ ਦੀ ਹਰ ਸਰਗਰਮੀ ਵਿੱਚ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ। ਜਸਵੰਤ ਸਿੰਘ ਸੇਖੋਂ ਸਕੂਲ ਦੀ ਉਸਾਰੀ ਦੇ ਮੋਢੀ ਸਰਪੰਚ ਸਨ। ਜਸਵਿੰਦਰ ਸਿੰਘ ਸੇਖੋਂ ਦਾ ਵੀ ਸਕੂਲ ਪ੍ਰਤੀ ਵਰਨਣਯੋਗ ਯੋਗਦਾਨ ਹੈ। ਇਹ ਸਕੂਲ ਵਾਤਾਵਰਣ, ਸੱਭਿਆਚਾਰਕ ਸਰਗਰਮੀਆਂ ਅਤੇ ਵਿਰਸੇ ਪ੍ਰਤੀ ਵਿਸ਼ੇਸ਼ ਤੌਰ 'ਤੇ ਸਰਗਰਮ ਹੈ। ਸ਼ਾਇਦ ਪੰਜਾਬ ਦਾ ਵੀ ਹੋਵੇ ਪਰ ਜ਼ਿਲ੍ਹੇ ਦਾ ਪੱਕੇ ਤੌਰ 'ਤੇ ਇਹ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸਨੇ ਪੰਜਾਬ ਸਕੂਲ ਸਿਖਿਆ ਬੋਰਡ ਤੋਂ ਸਕੂਲ ਦਾ ਝੰਡਾ (ਫ਼ਲੈਗ) ਮਨਜ਼ੂਰ ਕਰਵਾਇਆ ਹੈ। ਸਕੂਲ ਦੀ ਗੁਲਮੋਹਰ ਈਕੋ ਕਲੱਬ ਰਾਹੀਂ ਵਾਤਾਵਰਨ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਵਾਤਾਵਰਨ ਸੇਵਾ ਕਰਨ ਪ੍ਰਤੀ ਕਲੱਬ ਵੱਲੋਂ ਭਗਤ ਪੂਰਨ ਸਿੰਘ ਵਾਤਾਵਰਨ ਪ੍ਰੇਮੀ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਜਾਂਦਾ ਹੈ। ਇਸ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਰਚਾਏ ਜਾਂਦੇ ਹਨ। ਜਿਹਨਾਂ ਸ਼ਖ਼ਸੀਅਤਾਂ ਨੂੰ ਸਕੂਲ ਬੁਲਾ ਕੇ ਇਹ ਸਨਮਾਨ ਚਿੰਨ੍ਹ ਦਿੱਤਾ ਗਿਆ ਹੈ ਉਹਨਾਂ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ਼, ਪਿੰਗਲਵਾੜਾ ਅੰਮ੍ਰਿਤਸਰ ਦੇ ਡਾ. ਇੰਦਰਜੀਤ ਕੌਰ ਅਤੇ ਬਾਬਾ ਫ਼ਰੀਦ ਸੰਸਥਾਵਾਂ, ਫ਼ਰੀਦਕੋਟ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਤੋਂ ਇਲਾਵਾ ਫ਼ਰੀਦਕੋਟ ਦੇ ਪੰਛੀ ਪ੍ਰੇਮੀ ਗੁਰਪ੍ਰੀਤ ਸਿੰਘ ਸਰਾਂ ਅਤੇ ਪੀਪਲਜ਼ ਫੋਰਮ ਬਰਗਾੜੀ ਦੇ ਖੁਸ਼ਵੰਤ ਬਰਗਾੜੀ ਵੀ ਸ਼ਾਮਲ ਹਨ।

ਹਵਾਲੇ

[ਸੋਧੋ]