ਸਮੱਗਰੀ 'ਤੇ ਜਾਓ

ਬੁੱਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੁੱਟਰ; (ਉਰਦੂ: ‎ﺑﭩﺮ‎) ਪੰਜਾਬ ਦੇ ਜੱਟ ਭਾਈਚਾਰੇ ਦਾ ਇੱਕ ਗੋਤ ਹੈ।[1] ਇਸ ਗੋਤ ਦੇ ਜੱਟ ਖ਼ਾਸ ਕਰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਿੱਚ ਵਸਦੇ ਨੇ, ਇਸ ਤੋਂ ਬਿਨਾਂ ਭਾਰਤ ਦੇ ਹੋਰ ਸੂਬਿਆਂ- ਰਾਜਸਥਾਨ, ਹਰਿਆਣਾ, ਬਾਹਰਲੇ ਮੁਲਕਾਂ- ਕਨੇਡਾ, ਅਮਰੀਕਾ, ਇੰਗਲੈਂਡ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਵੀ ਕੁਝ ਕੁ ਬੁੱਟਰ ਵਸਦੇ ਨੇ।

ਮਸ਼ਰਕੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਨੇ ’ਤੇ ਮਗ਼ਰਬੀ ਪੰਜਾਬ ਵਿੱਚ ਬੁੱਟਰ ਮੁਸਲਮਾਨ ਬਣ ਗਏ। ਸਾਰੇ ਹੀ ਬੁੱਟਰਾਂ ਦੀ ਮਾਂ ਬੋਲੀ ਪੰਜਾਬੀ ਐ।

ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦੇ ਪਿੰਡ ‘ਵਾਂ’ ਦੇ ਬੁੱਟਰ ਜੱਟ ਸਨ।

ਬੁੱਟਰਾਂ ਦੀ ਤਵਾਰੀਖ਼/ਇਤਿਹਾਸ

[ਸੋਧੋ]

ਇਹ ਜੱਗਦੇਉਬੰਸੀ ‘ਪੱਵਾਰ’ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਐ। ਅਸਲ ਵਿੱਚ ਬੁੱਟਰ ਗੋਤ ਦਾ ਮੁੱਢ ਲੱਖੀ ਜੰਗਲ ਦਾ ਇਲਾਕਾ ਏ। ਦਰਿਆ-ਏ-ਸਤਲੁਜ ’ਤੇ ਘੱਗਰ ਦੇ ਦਰਮਿਆਨ ਵਾਲ਼ੇ ਇਲਾਕੇ ਨੂੰ ਲੱਖੀ ਜੰਗਲ ਕਹਿੰਦੇ ਸਨ। ਲੱਖੀ ਜੰਗਲ ਫ਼ਿਰੋਜ਼ਪੁਰ ਦੇ ਸਤਲੁਜ ਦੇ ਕਿਨਾਰੇ ਤੋਂ ਲੈ ਕੇ ਬਠਿੰਡੇ ਦੇ ਰੋਹੀ-ਬੀਆਬਾਨ ਤੱਕ 80 (80) ਕਿਲੋਮੀਟਰ ਲੰਬੇ ਅਤੇ 25 (25) ਕਿਲੋਮੀਟਰ ਚੌੜੇ ਇਲਾਕੇ ਵਿੱਚ ਫੈਲਿਆ ਹੋਇਆ ਸੀ। ਉਸ ਵਕਤ ਇਸ ਜੰਗਲ ਵਿੱਚ ਇੱਕ ਲੱਖ ਦੇ ਕਰੀਬ ਦਰਖ਼ਤ ਸਨ। ਇਸ ਕਰ ਕੇ ਇਸ ਜੰਗਲ ਨੂੰ ਲੱਖੀ ਜੰਗਲ ਕਹਿੰਦੇ ਸਨ। ਇਸ ਵਿੱਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮੋਗਾ, ਫ਼ਰੀਦਕੋਟ ਇਤਿਆਦਿ ਇਲਾਕੇ ਸ਼ਾਮਲ ਸਨ।

ਸੰਨ 1881 (1881) ਦੇ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਸਿਰਫ਼ 10833 (10833) ਹੀ ਸੀ।[1]

ਜੱਟਾਂ ਦੇ ‘ਬੁੱਟਰ’ ‘ਦਿਉਲ’ ‘ਦੁਹੇਲ’ ਅਤੇ ‘ਸੇਖੋਂ’ ਗੋਤ ‘ਪੱਵਾਰਾਂ’ ਦੀ ‘ਭੁੱਟੇ’ ਸ਼ਾਖਾ ਵਿਚੋਂ ਨੇ; ਇਸ ਬਾਰੇ ਇੱਕ ਲੋਕ-ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ‘ਜਰਗ’ ’ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਪੱਵਾਰਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਅਤੇ (ਨਵੇਂ) ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਇਤਿਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ‘ਭੁੱਟੇ’ ਗੋਤ ਵਾਲ਼ਿਆਂ ਦਾ ਹੋਇਆ।

ਇਸ ਵਕਤ ਛੋਟਾ ਹੋਣ ਕਾਰਨ ‘ਬੁੱਟਰ’ ਆਪਣੇ ਨਾਨਕੇ ਰਹਿ ਰਿਹਾ ਸੀ। ਉਸ ਘਟਨਾ ਤੋਂ ਬਾਅਦ ‘ਬੁੱਟਰ’ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ‘ਬੁੱਟਰ’ ਹੀ ਪ੍ਰਚੱਲਤ ਕਰ ਲਿਆ। ਪਿੰਡ ‘ਬੁੱਟਰ ਬਖੂਆ’ ਦੇ ਲੋਕ ਹੁਣ ਵੀ ‘ਦਲਿਉ’ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਨੇ ਇਸ ਲਈ ਅਜੇ ਵੀ ਇਕ-ਦੂਜੇ ਦੇ ਮੁੰਡੇ-ਕੁੜੀਆਂ ਦੇ ਆਪਸ ਵਿੱਚ ਵਿਆਹ-ਸ਼ਾਦੀ ਨਹੀਂ ਕਰਦੇ।

ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ, ‘ਬੁੱਟਰਾਂ’ ਨੂੰ ‘ਸੂਰਜਬੰਸੀ’ ਰਾਜਪੂਤ ਮੰਨਦਾ ਹੈ।

ਬੁੱਟਰਾਂ ਦੇ ਪਿੰਡ

[ਸੋਧੋ]

ਪੰਜਾਬ ਵਿੱਚ ਬੁੱਟਰਾਂ ਦੇ ਅਹਿਮ ਪਿੰਡ ਨੇ, ਬਹੁਤੇ ਤਾਂ ਖ਼ਾਸ ‘ਬੁੱਟਰਾਂ’ ਹੀ ਦੇ ਨੇ।

ਲਹਿੰਦੇ ਪੰਜਾਬ ਵਿਚ:

ਲੱਖੀ ਜੰਗਲ ਤੋਂ ਉਠ ਕੇ ਇਹ ਦੂਰ ਗੁਜਰਾਂਵਾਲਾ ’ਤੇ ਮਿੰਟਗੁੰਮਰੀ ਤੱਕ ਚਲੇ ਗਏ ਨੇ। ਕੁਝ ਅਹਿਮ ਪਿੰਡ:

’ਤੇ ਇਹਨਾਂ ਇਲਾਕਿਆਂ ਦੇ ਹੋਰ ਕਾਫ਼ੀ ਪਿੰਡਾਂ ਵਿੱਚ ਬੁੱਟਰ ਵੱਡੀ ਗਿਣਤੀ ਵਿੱਚ ਵਸਦੇ ਨੇ। ਸਾਂਦਲਬਾਰ ਵਿੱਚ ਬੁੱਟਰ ਭਾਈਚਾਰੇ ਦਾ ਇੱਕ ਮਸ਼ਹੂਰ ਪਿੰਡ ‘ਬੁੱਟਰ’ ਵੀ ਹੈ। ਸਿਆਲਕੋਟ ’ਤੇ ਲਾਹੌਰ ਦੇ ਇਲਾਕਿਆਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਨੇ।

ਚੜ੍ਹਦੇ ਪੰਜਾਬ ਵਿਚ:

ਮਾਲਵੇ ਵਿੱਚ ਬੁੱਟਰਾਂ ਦੇ ਬਹੁਤ ਪਿੰਡ ਹਨ। ਮਾਝੇ ਵਿੱਚ ਵੀ ਬੁੱਟਰ ਵੱਡੀ ਗਿਣਤੀ ਵਿੱਚ ਵਸਦੇ ਨੇ, ਪਰ ਦੁਆਬੇ ਵਿੱਚ ਇਹਨਾਂ ਦੀ ਗਿਣਤੀ ਘੱਟ ਐ।

  • ਬੁੱਟਰ ਸਰੀਂਹ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
  • ਆਸਾ ਬੁੱਟਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
  • ਬੁੱਟਰ ਬਖੂਆ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
  • ਗਹਿਰੀ ਬੁੱਟਰ, ਜ਼ਿਲ੍ਹਾ ਬਠਿੰਡਾ
  • ਬੁੱਟਰ ਸ਼ੇਰਾ, ਜ਼ਿਲ੍ਹਾ ਮੋਗਾ
  • ਬੁੱਟਰ ਕਲਾਂ, ਜ਼ਿਲ੍ਹਾ ਮੋਗਾ
  • ਕੋਕਰੀ ਬੁੱਟਰ, ਜ਼ਿਲ੍ਹਾ ਮੋਗਾ
  • ਅਜੀਤਵਾਲ਼, ਜ਼ਿਲ੍ਹਾ ਮੋਗਾ
  • ਚੱਕਵਾਲ਼, ਜ਼ਿਲ੍ਹਾ ਮੋਗਾ
  • ਚੂਹੜਚੱਕ, ਜ਼ਿਲ੍ਹਾ ਮੋਗਾ
  • ਨੱਥੋਵਾਲ਼, ਜ਼ਿਲ੍ਹਾ ਲੁਧਿਆਣਾ
  • ਬੁੱਟਰ, ਜ਼ਿਲ੍ਹਾ ਫ਼ਰੀਦਕੋਟ
  • ਬੁੱਟਰ, ਜ਼ਿਲ੍ਹਾ ਫ਼ਿਰੋਜ਼ਪੁਰ
  • ਵਾਂ, ਜ਼ਿਲ੍ਹਾ ਅੰਮ੍ਰਿਤਸਰ
  • ਬੁੱਟਰ ਸਿਵੀਆਂ, ਜ਼ਿਲ੍ਹਾ ਅੰਮ੍ਰਿਤਸਰ
  • ਦਿਆਲਗੜ੍ਹ, ਜ਼ਿਲ੍ਹਾ ਗੁਰਦਾਸਪੁਰ
  • ਵਡਾਲਾ ਗ੍ਰੰਥੀਆਂ, ਜ਼ਿਲ੍ਹਾ ਗੁਰਦਾਸਪੁਰ
  • ਨੰਗਲ ਬੁੱਟਰ, ਜ਼ਿਲ੍ਹਾ ਗੁਰਦਾਸਪੁਰ
  • ਬੁੱਟਰ ਕਲਾਂ,ਤਹਸੀਲ ਕਾਦੀਆ, ਜ਼ਿਲ੍ਹਾ ਗੁਰਦਾਸਪੁਰ
  • ਬੁੱਟਰਾਂ, ਜ਼ਿਲ੍ਹਾ ਜਲੰਧਰ
  • ਬੁੱਟਰਾਂ, ਜ਼ਿਲ੍ਹਾ ਗੰਗਾਨਗਰ
  • ਬੁੱਟਰਸਰ, ਜ਼ਿਲ੍ਹਾ ਗੰਗਾਨਗਰ

ਪਟਿਆਲੇ ਜ਼ਿਲ੍ਹੇ ਵਿੱਚ ਬੁੱਟਰ (ਲੋਕ) ਮਾਝੇ ਦੇ ਪਿੰਡ ‘ਵਾਂ’ ਤੋਂ ਆ ਕੇ ‘ਮਾਝਾ’ ‘ਮਾਝੀ’ ਅਤੇ ‘ਥੂਹੀ’ ਇਤਿਆਦਿ ਪਿੰਡਾਂ ਵਿੱਚ ਆਬਾਦ ਹੋਏ ਨੇ। ਨਾਭੇ ਦੇ ਇਲਾਕੇ ਵਿੱਚ ਵੀ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ।

ਕੁਝ ਬੁੱਟਰ ਜੱਟ ਰੋਪੜ, ਖਰੜ, ਹਿਸਾਰ, ਸਿਰਸਾ, ’ਤੇ ਅੰਬਾਲਾ ਇਲਾਕਿਆਂ ਵਿੱਚ ਵੀ ਵਸਦੇ ਨੇ।

ਹਵਾਲੇ

[ਸੋਧੋ]
  1. 1.0 1.1 ਇਬੈੱਟਸਨ, ਡੈਨਜ਼ਿਲ (1916). ਪੰਜਾਬ ਕਾਸਟਸ. ਲਾਹੌਰ: ਦ ਸੁਪਰਿਨਟੈਂਡੈਂਟ, ਗੌਰਮਿੰਟ ਪ੍ਰਿਟਿੰਗ, ਪੰਜਾਬ.